DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੱਗੋਂ ਸੀਰ ਮੁਕਾ ਗਈ...

ਡਾ. ਨਵਨਿੰਦਰਾ ਬਹਿਲ ਨੂੰ ਯਾਦ ਕਰਦਿਆਂ ਰੰਗਮੰਚ, ਟੈਲੀਵਿਜ਼ਨ, ਰੇਡੀਓ ਅਤੇ ਸਿਨੇਮਾ ਦੀ ਅਜ਼ੀਮ ਹਸਤੀ ਡਾ. ਨਵਨਿੰਦਰਾ ਬਹਿਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ ਹੈ। ਉਸ ਨੇ 16 ਮਾਰਚ 2026 ਨੂੰ ਮੁੰਬਈ ਵਿੱਚ ਆਪਣਾ ਆਖਰੀ ਸਾਹ ਲਿਆ। 30 ਅਕਤੂਬਰ 1949...

  • fb
  • twitter
  • whatsapp
  • whatsapp
Advertisement

ਡਾ. ਨਵਨਿੰਦਰਾ ਬਹਿਲ ਨੂੰ ਯਾਦ ਕਰਦਿਆਂ

ਰੰਗਮੰਚ, ਟੈਲੀਵਿਜ਼ਨ, ਰੇਡੀਓ ਅਤੇ ਸਿਨੇਮਾ ਦੀ ਅਜ਼ੀਮ ਹਸਤੀ ਡਾ. ਨਵਨਿੰਦਰਾ ਬਹਿਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ ਹੈ। ਉਸ ਨੇ 16 ਮਾਰਚ 2026 ਨੂੰ ਮੁੰਬਈ ਵਿੱਚ ਆਪਣਾ ਆਖਰੀ ਸਾਹ ਲਿਆ। 30 ਅਕਤੂਬਰ 1949 ਨੂੰ ਜਨਮੀ ਨਵਨਿੰਦਰਜੀਤ ਕੌਰ ਘੁੰਮਣ ਉਰਫ਼ ਨਵਨਿੰਦਰਾ ਬਹਿਲ ਬਾਲ ਵਰੇਸ ਵਿੱਚ ਨਾਟਕਕਾਰ ਆਈ.ਸੀ. ਨੰਦਾ ਦੀ ਗੋਦੀ ਚੜ੍ਹ ਕੇ ਮੰਚ ’ਤੇ ਚੜ੍ਹੀ। ਉਹ ਆਪਣੇ ਪਿਤਾ ਕਪੂਰ ਸਿੰਘ ਘੁੰਮਣ ਦੀ ਨਿਰਦੇਸ਼ਨਾ ਵਿੱਚ ‘ਆਲ੍ਹਣਾ’ ਨਾਟਕ ਰਾਹੀਂ ਬਾਲ ਕਲਾਕਾਰ ਵਜੋਂ ਆਪਣੀ ਪੁਖਤਾ ਹਾਜ਼ਰੀ ਲਗਵਾਉਂਦੀ ਹੈ। ਆਪਣੇ ਪਿਤਾ ਦੀ ਨਿਰਦੇਸ਼ਨਾ ਵਿੱਚ ਉਹ ਰੂਪਕ ਕਲਾ ਸੰਗਮ ਪਟਿਆਲਾ ਦੇ ਬੈਨਰ ਹੇਠ ‘ਅਤੀਤ ਦੇ ਪਰਛਾਵੇਂ’, ‘ਮੂਕ ਸੰਸਾਰ’, ‘ਬੰਦ ਗਲੀ’, ‘ਜੋੜੀਆਂ ਜੱਗ ਥੋੜ੍ਹੀਆਂ’ ਆਦਿ ਨਾਟਕਾਂ ਰਾਹੀਂ ਇੱਕ ਸੰਭਾਵਨਾ ਭਰਪੂਰ ਅਦਾਕਾਰ ਹੋਣ ਕਰਕੇ ਪੰਜਾਬੀ ਕਲਾ ਜਗਤ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ।

Advertisement

ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮ.ਏ. ਕਰਨ ਉਪਰੰਤ ਉਹ ਯੂਨੀਵਰਸਿਟੀ ਦੇ ਰੰਗਮੰਚ ਵਿਭਾਗ ਵਿੱਚ ਬਤੌਰ ਲੈਕਚਰਾਰ ਆਪਣੀਆਂ ਸੇਵਾਵਾਂ ਸ਼ੁਰੂ ਕਰਦੀ ਹੈ। ਇੱਥੇ ਉਹ 37 ਸਾਲ ਆਪਣੀਆਂ ਸੇਵਾਵਾਂ ਨਿਭਾਉਂਦੀ ਹੈ। ਇੱਥੇ ਉਹ ‘ਪੰਜਾਬੀ ਨਾਟਕ ਦੀਆਂ ਨਵੀਨ ਪ੍ਰਵਿਰਤੀਆਂ’ ਵਿਸ਼ੇ ’ਤੇ ਐੱਮ.ਫਿਲ. ਅਤੇ ‘ਪ੍ਰੋਡਕਸ਼ਨ ਸਟਾਇਲ ਮਾਡਰਨ ਪੰਜਾਬੀ ਐਂਡ ਹਿੰਦੀ ਥੀਏਟਰ’ ਵਿਸ਼ੇ ’ਤੇ ਪੀਐੱਚ.ਡੀ. ਕਰਦੀ ਹੈ। ਇਸ ਅਰਸੇ ਦੌਰਾਨ ਜਿੱਥੇ ਉਹ ਉੱਚ ਅਹੁਦਿਆਂ ਦੀਆਂ ਬੁਲੰਦੀਆਂ ਨੂੰ ਛੂੰਹਦੀ ਹੈ, ਉੱਥੇ ਕਲਾਤਮਿਕ ਤਜਰਬੇਕਾਰੀ ਵਿੱਚ ਵੀ ਆਪਣੇ ਹੁਨਰ ਦਾ ਵਿਕਾਸ ਕਰਦੀ ਹੈ। ਨਵਨਿੰਦਰਾ ਬਹਿਲ ਨੇ ਰੰਗਮੰਚ, ਰੇਡੀਓ, ਟੈਲੀਵਿਜ਼ਨ, ਸਿਨੇਮਾ, ਨਾਟ-ਅਨੁਵਾਦ, ਨਾਟ-ਰੂਪਾਂਤਰਣ, ਕਹਾਣੀ ਦਾ ਰੰਗਮੰਚ, ਟੀ.ਵੀ. ਆਲੇਖ, ਰੇਡੀਓ ਆਲੇਖ, ਦਸਤਾਵੇਜ਼ੀ ਫਿਲਮ ਆਲੇਖ, ਨਾਟ ਆਲੋਚਨਾ ਆਦਿ ਖੇਤਰਾਂ ਵਿੱਚ ਆਪਣੀ ਉਮਦਾ ਪਛਾਣ ਬਣਾਈ ਹੈ।

Advertisement

ਰੰਗਮੰਚ ਵਿੱਚ ਬਤੌਰ ਅਦਾਕਾਰਾ ‘ਅੱਗ ਦੇ ਕਲੀਰੇ’, ‘ਚੇਅਰਜ਼’, ‘ਨਾ ਜਾਈਂ ਬਰੂਹੋਂ ਪਾਰ’, ‘ਨੋਰਾ’ ਆਦਿ ਨਾਟਕਾਂ ਰਾਹੀਂ ਦਰਸ਼ਕਾਂ ਨੇ ਉਸ ਦੀ ਅਦਾਕਾਰੀ ਦੇ ਸਿਖਰ ਨੂੰ ਦੇਖਿਆ ਹੈ। ਨਾਟ ਨਿਰਦੇਸ਼ਨਾ ਦੇ ਖੇਤਰ ‘ਭਾਬੀ ਮੈਨਾ’, ‘ਰਜਾਈ’, ‘ਬੈਂਡ ਮਾਸਟਰ’, ‘ਨੌਂ ਬਾਰਾਂ ਦਸ’, ‘ਦਲਦਲ’, ‘ਬਾਕੀ ਇਤਿਹਾਸ’, ‘ਸਖਾਰਾਮ ਬਾਈਂਡਰ’, ‘ਬਗਲਾ ਭਗਤ’, ‘ਤਪਿਸ਼-ਕਸ਼ਮੀਰ ਡਾਇਰੀ’, ‘ਸਾਡਾ ਜੱਗੋਂ ਸੀਰ ਮੁੱਕਿਆ’ ਆਦਿ ਨਾਟਕ ਉਸ ਦੀ ਉਮਦਾ ਨਿਰਦੇਸ਼ਨਾ ਦੀਆਂ ਮਿਸਾਲਾਂ ਹਨ। ਨਵਨਿੰਦਰਾ ਬਹਿਲ ਦੇ ਨਿਰਦੇਸ਼ਨ ਗੁਣਾ ਕਰਕੇ ਉਸ ਦੇ ਨਾਟਕਾਂ ਨੂੰ ਦੇਖਣ ਦੂਰੋਂ ਨਾਟ ਨਿਰਦੇਸ਼ਕ ਅਤੇ ਕਲਾਕਾਰ ਉਚੇਚੇ ਤੌਰ ’ਤੇ ਆਉਣ ਲੱਗੇ।

ਸਾਲ 1979 ਵਿੱਚ ਉਹ ਆਪਣੇ ਪਤੀ ਲਲਿਤ ਬਹਿਲ ਨਾਲ ਮਿਲ ਕੇ ਕਪੂਰਥਲੇ ਵਿੱਚ ‘ਸੰਡੇ ਥੀਏਟਰ’ ਦੇ ਬੈਨਰ ਹੇਠ ‘ਸੂਰਯ ਕੀ ਅੰਤਿਮ ਕਿਰਨ ਸੇ ਪਹਿਲੀ ਕਿਰਨ ਤੱਕ’, ‘ਸੂਰਯ ਅਸਤ’, ‘ਹਰਾ ਸਮੁੰਦਰ ਗੋਪੀ ਚੰਦਰ’, ‘ਆਖਰੀ ਨਾਟਕ’ ਵਰਗੀਆਂ ਪੰਜਾਬੀ, ਹਿੰਦੀ ਦੀਆਂ ਵੱਡੀਆਂ ਪੇਸ਼ਕਾਰੀਆਂ ਕਰਦੀ ਹੈ। ਇਸੇ ਸਮੇਂ ਦੌਰਾਨ ਉਹ ਕਾਲਜਾਂ ਦੇ ਯੁਵਕ ਮੇਲਿਆਂ ਵੱਲ ਵੀ ਰੁਖ਼ ਕਰਦੀ ਹੈ। ਇਹ ਉਹ ਦੌਰ ਸੀ ਜਦੋਂ ਰੰਗਕਰਮੀ ਨਿਰਦੇਸ਼ਕਾਂ ਨੂੰ ਕਾਲਜ ਵਾਲੇ ਨਾਟਕ ਕਰਵਾਉਣ ਦੇ ਇਵਜ਼ ਵਿੱਚ ਬਹੁਤ ਘੱਟ ਮਿਹਨਤਾਨਾ ਦਿੰਦੇ ਸਨ। ਨਵਨਿੰਦਰਾ ਬਹਿਲ ਨੇ ਯੁਵਕ ਮੇਲਿਆਂ ਵਿੱਚ ਨਾਟ ਨਿਰਦੇਸ਼ਨਾ ਦੀਆਂ ਕੀਮਤਾਂ ਅਤੇ ਗੁਣਾ ਨੂੰ ਬਹੁਤ ਉੱਚਾ ਚੁੱਕਿਆ। ਇਹ ਉਹ ਦੌਰ ਸੀ ਜਦੋਂ ਉਸ ਦਾ ਲਿਖਤ ਨਾਟਕ ‘ਕੁਮਾਰ ਸਵਾਮੀ’ ਨੈਸ਼ਨਲ ਪੱਧਰ ’ਤੇ ਜਿੱਤਦਾ ਹੈ। ਇਸ ਤੋਂ ਪਹਿਲਾਂ ਨਾਟਕ ‘ਕੁਮਾਰ ਸਵਾਮੀ’ ਨੂੰ ਸਾਹਿਤ ਕਲਾ ਪ੍ਰੀਸ਼ਦ ਦਾ ਪੁਰਸਕਾਰ ਮਿਲਦਾ ਹੈ। ਬਾਅਦ ਵਿੱਚ ਇਹ ਨਾਟਕ 14 ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਹੁੰਦਾ ਹੈ ਤੇ ਖੇਡਿਆ ਜਾਂਦਾ ਹੈ। ਇਸ ਤੋਂ ਕਾ਼ਫ਼ੀ ਸਮੇਂ ਬਾਅਦ ਬਲਦੇਵ ਧਾਲੀਵਾਲ ਲਿਖਤ ਕਹਾਣੀ ’ਤੇ ਆਧਾਰਿਤ ਨਾਟਕ ‘ਸਾਡਾ ਜੱਗੋਂ ਸੀਰ ਮੁੱਕਿਆ’ ਨੈਸ਼ਨਲ ਜੇਤੂ ਬਣਦਾ ਹੈ।

ਅੱਸੀਵਿਆਂ ਵਿੱਚ ਉਹ ਦਿੱਲੀ ਨੂੰ ਆਪਣਾ ਘਰ ਤੇ ਕਰਮ ਭੂਮੀ ਬਣਾਉਂਦੀ ਹੈ। ਉਸ ਵੇਲੇ ਦੂਰਦਰਸ਼ਨ ਆਪਣੇ ਅਰੂਜ਼ ’ਤੇ ਸੀ। ਇਸ ’ਤੇ ਪ੍ਰਸਾਰਿਤ ਕਲਾ ਵਿਧਾਵਾ ਦੇਸ਼ ਦੇ ਕੋਨੇ ਕੋਨੇ ’ਤੇ ਪਹੁੰਚਦੀਆਂ ਸਨ। ਕਲਾਕਾਰ ਲਈ ਦੂਰਦਰਸ਼ਨ ਨਾਲੇ ਪੁੰਨ ਨਾਲੇ ਫਲੀਆਂ ਵਰਗਾ ਵਰਦਾਨ ਸੀ। ਨਵਨਿੰਦਰਾ ਬਹਿਲ ਤੇ ਲਲਿਤ ਬਹਿਲ ਜੋੜੀ ਦੂਰਦਰਸ਼ਨ ਪਹੁੰਚ ਗਈ। ਨਵਨਿੰਦਰਾ ਬਹਿਲ ਟੀ.ਵੀ. ਦੀ ਪਟਕਥਾ ਤਿਆਰ ਕਰਦੀ ਸੀ ਅਤੇ ਲਲਿਤ ਬਹਿਲ ਨਿਰਦੇਸ਼ਕ ਵਜੋਂ ਕਾਰਜਸ਼ੀਲ ਸੀ। ਇਨ੍ਹਾਂ ਦੁਆਰਾ ਬਣਾਈਆਂ ਗਈਆਂ ਟੈਲੀਫਿਲਮਾਂ ਅਤੇ ਲੜੀਵਾਰ ‘ਅਫਸਾਨੇ’, ‘ਚਿੜੀਆਂ ਦਾ ਚੰਬਾ’, ‘ਪੀਲੇ ਪੱਤਿਆਂ ਦੀ ਦਾਸਤਾਨ’, ‘ਕਿੱਸਾ ਰੂਪ ਬਸੰਤ’ ਅੱਜ ਵੀ ਲੋਕ ਚੇਤਿਆਂ ਵਿੱਚ ਵਸੇ ਹੋਏ ਹਨ। ਉਸ ਨੇ ਰੇਡੀਓ ਨੂੰ ਵੀ ਆਪਣੀ ਕਰਮ ਭੂਮੀ ਬਣਾਇਆ। ਉਸ ਨੇ ਬਹੁਤ ਸਾਰੀਆਂ ਪਟਕਥਾਵਾਂ ਰੇਡੀਓ ਵਿਧਾ ਲਈ ਲਿਖੀਆਂ ਅਤੇ ਬਰਾਡਕਾਸਟ ਕਰਵਾਈਆਂ। ਬਹਿਲ ਜੋੜੀ ਨੇ ‘ਰੰਗਕਰਮੀ ਕੇ ਤੀਨ ਰੰਗ’ ਅਤੇ ‘ਧੁੰਧ ਹੀਰਾ ਤੇ ਜੁਗਨੂੰ’ ਵਰਗੀਆਂ ਦਸਤਾਵੇਜ਼ੀ ਫਿਲਮਾਂ ਦਾ ਬੜੀ ਮੁਹਾਰਤ ਨਾਲ ਨਿਰਮਾਣ ਕੀਤਾ।

ਦਿੱਲੀ ਰਹਿੰਦਿਆਂ ਨਵਨਿੰਦਰਾ ਬਹਿਲ ਦਾ ਫਿਲਮੀ ਸਫ਼ਰ ਸ਼ੁਰੂ ਹੋਇਆ। ਗੁਲਜ਼ਾਰ ਦੀ ਫਿਲਮ ‘ਮਾਚਿਸ’ ਵਿੱਚ ਉਸ ਦੀ ਆਦਾਕਾਰੀ ਲਈ ਫਿਲਮ ਆਲੋਚਕਾਂ ਵੱਲੋਂ ਸਾਕਾਰਾਤਮਕ ਟਿੱਪਣੀਆਂ ਕਰਨਾ ਉਸ ਦੇ ਇਸ ਸਫ਼ਰ ਦੀ ਪ੍ਰਾਪਤੀ ਹੈ। ਇਸੇ ਤਰ੍ਹਾਂ ਫਿਲਮ ‘ਮੁਕਤੀ ਭਵਨ’ ਨੂੰ ਦਰਸ਼ਕਾਂ ਅਤੇ ਆਲੋਚਕਾਂ ਦੀ ਭਰਵੀਂ ਦਾਦ ਮਿਲੀ। ‘ਕੁਈਨ’, ‘ਓਏ ਲੱਕੀ ਲੱਕੀ ਓਏ’, ‘ਖੁਫ਼ੀਆ’, ‘ਸੁਪਰ ਸਿੰਘ’ ਵਰਗੀਆਂ ਸਫਲ ਵਪਾਰਕ ਫਿਲਮਾਂ ਨੇ ਆਮ ਲੋਕਾਂ ਵਿੱਚ ਉਸ ਦੀ ਪਛਾਣ ਹੋਰ ਗੂੜ੍ਹੀ ਕੀਤੀ। ਫਿਲਮ ਆਲੋਚਕਾਂ ਵੱਲੋਂ ‘ਮੁਕਤੀ ਭਵਨ’ ਉਸ ਸਾਲ ਰਿਲੀਜ਼ ਹੋਈਆਂ 10 ਬਿਹਤਰੀਨ ਫਿਲਮਾਂ ਵਿੱਚ ਸ਼ਾਮਲ ਕੀਤੀ ਗਈ। ਟੀ.ਵੀ ਲੜੀਵਾਰ ‘ਇਸ਼ਕਬਾਜ਼’ ਵਿੱਚ ਨਿਭਾਈ ਭੂਮਿਕਾ ਕਾਰਨ ਉਸ ਦੇ ਅਭਿਨੈ ਦੀ ਚਰਚਾ ਘਰ ਘਰ ਪਹੁੰਚੀ।

ਉਸ ਦੇ ਹਿੱਸੇ ਆਏ ਇਨਾਮਾਂ ਸਨਮਾਨਾਂ ਦੀ ਸੂਚੀ ਬਹੁਤ ਲੰਮੀ ਹੈ। ਇੰਡੋ ਸੋਵੀਅਤ ਰਸ਼ੀਆ ਫਿਲਮ ਫੈਸਟੀਵਲ ਵਿੱਚ 1989-90 ਦਾ ਸਨਮਾਨ ਉਸ ਦੀ ਟੈਲੀਫਿਲਮ ‘ਚਿੜੀਆਂ ਦਾ ਚੰਬਾ’ ਨੂੰ ਦਿੱਤਾ ਗਿਆ। ਉਸ ਦੇ ਨਾਟਕ ‘ਕੁਮਾਰ ਸਵਾਮੀ’ ਲਈ ਸਰਵੋਤਮ ਨਾਟਕਕਾਰ ਦਾ ਖਿਤਾਬ ਸਾਹਿਤ ਕਲਾ ਪ੍ਰੀਸ਼ਦ ਵੱਲੋਂ 1984 ਵਿੱਚ ਦਿੱਤਾ ਗਿਆ। ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਫਿਲਮ ‘ਮਾਚਿਸ’ ਲਈ ਉਸ ਦੇ ਪਾਏ ਯੋਗਦਾਨ ਲਈ ਪੁਰਸਕਾਰ ਦਿੱਤਾ ਗਿਆ। ਫਿਲਮ ਅਤੇ ਟੈਲੀਵਿਜ਼ਨ ਖੇਤਰ ਵਿੱਚ ਪਾਏ ਯੋਗਦਾਨ ਲਈ ਅੰਤਰਰਾਸ਼ਟਰੀ ਫਰੈਂਡਸ਼ਿਪ ਫਾਰਮ ਦਿੱਲੀ ਵੱਲੋਂ ਉਸ ਨੂੰ ‘ਰਾਸ਼ਟਰੀ ਰਤਨ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਰੰਗਮੰਚ ਵਿੱਚ ਨਵਨਿੰਦਰਾ ਬਹਿਲ ਨੇ ਮੌਲਿਕ ਨਾਟਕ, ਰੂਪਾਂਤਰਿਤ ਨਾਟਕ ਅਤੇ ਇੰਪਰੋਵਾਈਜ਼ ਨਾਟਕਾਂ ਰਾਹੀਂ ਆਪਣੀ ਨਾਟ ਲੇਖਣੀ ਅਤੇ ਨਿਰਦੇਸ਼ਨਾ ਦੀਆਂ ਵਿਸ਼ੇਸ਼ ਪੈੜਾਂ ਸਿਰਜੀਆਂ। ਕੁਮਾਰ ਸਵਾਮੀ (ਮੌਲਿਕ ਨਾਟਕ), ‘ਨੌਂ ਬਾਰਾਂ ਦਸ’, ‘ਭਾਬੀ ਮੈਨਾ’, ‘ਰਜਾਈ’ (ਰੂਪਾਂਤਰਿਤ ਨਾਟਕ) ਅਤੇ ‘ਤਪਿਸ਼-ਕਸ਼ਮੀਰ ਡਾਇਰੀ’ (ਇੰਪਰੋਵਾਈਜ਼ ਨਾਟਕ) ਨਾਟਕ ਉਸ ਦੀ ਨਾਟ ਸਿਰਜਣਾ ਦੇ ਉੱਤਮ ਨਮੂਨੇ ਹਨ। ਨਵਨਿੰਦਰਾ ਬਹਿਲ ਦੀ ਨਿਰਦੇਸ਼ਨਾ ਦਾ ਅਹਿਮ ਕਾਰਜ ਸੀ ਕਿ ਉਹ ਅਦਾਕਾਰ ਨੂੰ ਕਿਰਦਾਰ ਦੇ ਅਭਿਨੈ ਦੀਆਂ ਬਾਰੀਕੀਆਂ ਦੱਸਦੀ ਹੋਈ, ਉਸ ਨੂੰ ਕਿਰਦਾਰ ਵਿੱਚ ਪ੍ਰਵੇਸ਼ ਕਰਨ ਵਿੱਚ ਮਦਦ ਕਰਦੀ ਸੀ। ਅਦਾਕਾਰ ਨੂੰ ਕਿਰਦਾਰ ਅੰਦਰ ਪ੍ਰਵੇਸ਼ ਕਰਵਾਉਣਾ ਅਤੇ ਪੇਸ਼ਕਾਰੀ ਤੋਂ ਬਾਅਦ ਉਸ ਨੂੰ ਕਿਰਦਾਰ ਵਿੱਚੋਂ ਨਿਕਲਣ ਦੀ ਜੁਗਤ ਦੱਸਣਾ, ਉਸ ਦਾ ਇਹ ਗੁਣ ਉਸ ਨੂੰ ਬਾਕੀ ਨਿਰਦੇਸ਼ਕਾਂ ਤੋਂ ਵੱਖ ਕਰਦਾ ਸੀ। ਉਸ ਦੀ ਸਕ੍ਰਿਪਟ ਸਿਰਜਣ ਪ੍ਰਕਿਰਿਆ ਬਹੁਤ ਦਿਲਚਸਪ ਸੀ। ਉਹ ਆਪਣੀ ਆਪਣੀ ਨਾਟ, ਫਿਲਮ ਅਤੇ ਰੇਡੀਓ ਸਕ੍ਰਿਪਟ ਦੇ ਕਈ ਡਰਾਫਟ ਬਣਾਉਂਦੀ ਸੀ। ਪੇਸ਼ਕਾਰੀ ਦੇ ਅੰਤਿਮ ਪਲਾਂ ਤੱਕ ਉਸ ਦੀ ਪੁਰਜ਼ੋਰ ਕੋਸ਼ਿਸ਼ ਇਹੀ ਹੁੰਦੀ ਸੀ ਕਿ ਸਕ੍ਰਿਪਟ ਨੂੰ ਹੋਰ ਨਿਖਾਰਿਆ ਜਾਵੇ। ਇਸ ਪ੍ਰਕਿਰਿਆ ਵਿੱਚ ਉਹ ਉਨ੍ਹਾਂ ਵਿਦਿਆਰਥੀ ਕਲਾਕਾਰਾਂ ਨੂੰ ਸ਼ਾਮਲ ਕਰਦੀ ਸੀ।

‘ਤਪਿਸ਼-ਕਸ਼ਮੀਰ ਡਾਇਰੀ’ ਅਤੇ ‘ਸਾਡਾ ਜੱਗੋਂ ਸੀਰ ਮੁੱਕਿਆ’ ਵਰਗੇ ਨਾਟਕਾਂ ਦੀ ਸਿਰਜਣਾ ਸਮੇਂ ਉਸ ਨੇ ਵਿਦਿਆਰਥੀ ਕਲਾਕਾਰਾਂ ਕੋਲੋਂ ਬਹੁਤ ਸਾਰਾ ਖੋਜ ਕਾਰਜ ਕਰਵਾਇਆ। ਉਦਾਹਰਨ ਵਜੋਂ ‘ਤਪਿਸ਼-ਕਸ਼ਮੀਰ ਡਾਇਰੀ’ ਨਾਟਕ ਦੀ ਸਿਰਜਣਾ ਵੇਲੇ ਵਿਦਿਆਰਥੀ ਕਸ਼ਮੀਰ ਭੇਜੇ। ਉਹ ਉੱਥੋਂ ਦੇ ਲੋਕਾਂ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਕ ਹਾਲਾਤ ਤੋਂ ਵਾਕਿਫ ਹੋਏ। ਰੰਗਮੰਚ ਵਿਭਾਗ ਵਿੱਚ ਨਵਨਿੰਦਰਾ ਬਹਿਲ ਨੇ ਵਿਸ਼ੇਸ਼ ਤੌਰ ’ਤੇ ਕੰਬਲ ਵੇਚਣ ਵਾਲੇ ਕਸ਼ਮੀਰੀ ਵਾਸੀਆਂ ਅਤੇ ਪੰਜਾਬ ਪੜ੍ਹਨ ਆਏ ਵਿਦਿਆਰਥੀਆਂ ਨਾਲ ਰੰਗਮੰਚ ਦੇ ਵਿਦਿਆਰਥੀਆਂ ਦਾ ਸੰਵਾਦ ਕਰਵਾਇਆ ਤਾਂ ਜੋ ਵਿਦਿਆਰਥੀ ਕਲਾਕਾਰ ਨਿਭਾਏ ਜਾ ਰਹੇ ਕਿਰਦਾਰ ਦੀ ਮਾਨਸਿਕ ਪੀੜ ਨੂੰ ਸ਼ਿੱਦਤ ਨਾਲ ਸਮਝ ਸਕਣ। ਨਾਟਕ ਦਾ ਤਕਨੀਕੀ ਕਾਰਜ ਕਰ ਰਹੀ ਟੀਮ ਨਾਲ ਵੱਖਰੀ ਵਰਕਸ਼ਾਪ ਕੀਤੀ ਗਈ। ‘ਸਾਡਾ ਜੱਗੋਂ ਸੀਰ ਮੁੱਕਿਆ’ ਕਿਉਂਕਿ ਇਹ ਨਾਟਕ ਕਿਸਾਨੀ ਸੰਕਟ ’ਤੇ ਸੀ, ਇਸ ਲਈ ਵੀ ਉਸ ਨੇ ਵਿਦਿਆਰਥੀਆਂ ਨੂੰ ਖੁਦਕੁਸ਼ੀ ਕਰ ਚੁੱਕੇ ਪਰਿਵਾਰਾਂ ਵਿੱਚ ਭੇਜਿਆ ਤਾਂ ਜੋ ਵਿਦਿਆਰਥੀ ਕਲਾਕਾਰ ਕਿਸਾਨਾਂ ਦੀ ਟੀਸ ਨੂੰ ਵਧੇਰੇ ਮਹਿਸੂਸ ਕਰ ਸਕਣ। ਇਸ ਤਰ੍ਹਾਂ ਦੇ ਨਾਟਕਾਂ ਵਿੱਚ ਉਹ ਵਿਦਿਆਰਥੀ ਦੀ ਖੋਜ ਅਤੇ ਆਪਣੇ ਸਿਰਜੇ ਨਾਟ ਪਲਾਟ ਨੂੰ ਸੰਤੁਲਿਤ ਕਰਕੇ ਲੋਕਾਂ ਸਾਹਮਣੇ ਰੱਖਦੀ ਤਾਂ ਕਿ ਨਾਟ ਸਕ੍ਰਿਪਟ ਜੀਵਨ ਦੀ ਜਿਉਂਦੀ ਜਾਗਦੀ ਪੇਸ਼ਕਾਰੀ ਲੱਗੇ।

ਨਵਨਿੰਦਰਾ ਬਹਿਲ ਨੇ ਆਪਣੀਆਂ ਨਾਟ ਆਲੋਚਨਾ, ਨਾਟ ਖੋਜ ਦੀਆਂ ਪੁਸਤਕਾਂ ਅਤੇ ਅਨੁਵਾਦਤ ਪੁਸਤਕਾਂ ਰਾਹੀਂ ਆਪਣੀ ਸਾਹਿਤਕ ਪਛਾਣ ਹੋਰ ਗੂੜ੍ਹੀ ਕੀਤੀ। ਵਿਦੇਸ਼ੀ ਨਾਟ ਸਾਹਿਤ ਵਿੱਚ ਉਸ ਨੇ ਸਟਰਿੰਡਬਰਗ ਦੇ ਬਹੁਤ ਸਾਰੇ ਨਾਟਕ ਜਿਵੇਂ ‘ਮਿਸ ਜੂਲੀ’, ‘ਮਹਾਂਮਾਰਗ’ ਆਦਿ ਦਾ ਅਨੁਵਾਦ ਕੀਤਾ। ‘ਨਾਟਕੀ ਸਾਹਿਤ’ ਉਸ ਦੀਆਂ ਕਿਤਾਬਾਂ ਵਿੱਚ ਸਭ ਤੋਂ ਜ਼ਿਆਦਾ ਪੜ੍ਹੀ ਜਾਣ ਵਾਲੀ ਕਿਤਾਬ ਹੈ। ‘ਭਾਰਤੀ ਥੀਏਟਰ’, ‘ਪੰਜਾਬੀ ਰੰਗਮੰਚ’, ‘ਕਪੂਰ ਸਿੰਘ ਘੁੰਮਣ ਦਾ ਨਾਟ ਲੋਕ’, ‘ਰੰਗਮੰਚ ਤੇ ਟੈਲੀਵਿਜ਼ਨ ਡਰਾਮਾ’, ‘ਅਦਾਕਾਰੀ’, ‘ਆਖਰੀ ਨਾਟਕ’, ‘ਕੁਮਾਰ ਸਵਾਮੀ’ ਆਦਿ ਕਿਤਾਬਾਂ ਦੇ ਹਵਾਲੇ ਅਕਸਰ ਖੋਜਾਰਥੀ ਆਪਣੇ ਖੋਜ ਕਾਰਜ ਵਿੱਚ ਦਿੰਦੇ ਹਨ। ਚਿਤਰਾ ਮੋਦਗਿਲ ਦੇ ਵੱਡ ਆਕਾਰੀ ਨਾਵਲ ‘ਆਵਾਂ’ ਦਾ ਪੰਜਾਬੀ ਅਨੁਵਾਦ ‘ਆਵਾ’ ਸਿਰਲੇਖ ਹੇਠ ਉਸ ਨੇ ਬੜੀ ਸ਼ਿੱਦਤ ਨਾਲ ਕੀਤਾ।

ਨਵਨਿੰਦਰਾ ਬਹਿਲ ਵਰਗੀ ਹਰਫ਼ਨਮੌਲਾ ਸ਼ਖ਼ਸੀਅਤ ਦੀਆਂ ਜੀਵਨ ਪ੍ਰਾਪਤੀਆਂ ਨੂੰ ਇੱਕ ਆਰਟੀਕਲ ਵਿੱਚ ਨਹੀਂ ਸਮੇਟਿਆ ਜਾ ਸਕਦਾ। ਉਸ ਦੇ ਜੀਵਨ ਸੰਘਰਸ਼ ਤੇ ਪ੍ਰਾਪਤੀਆਂ ਨੇ ਸਾਬਤ ਕਰ ਦਿੱਤਾ ਕਿ ਭਾਵੇਂ ਕਲਾ ਵਿਰਾਸਤੀ ਨਹੀਂ ਹੁੰਦੀ, ਪਰ ਇਸ ਨੂੰ ਸੱਚੀ ਸੁੱਚੀ ਲਗਨ ਨਾਲ ਕਮਾਇਆ ਜਾ ਸਕਦਾ ਹੈ। ਉਸ ਨੇ ਆਪਣੇ ਵਡੇਰਿਆ ਤੋਂ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ। ਉਸ ਨੇ ਅੰਤਿਮ ਸਮਾਂ ਮੁਬੰਈ ਵਿੱਚ ਆਪਣੇ ਫਿਲਮ ਨਿਰਦੇਸ਼ਕ ਬੇਟੇ ਕਨੂ ਬਹਿਲ ਕੋਲ ਰਹਿ ਕੇ ਗੁਜ਼ਾਰਿਆ। ਰਾਣਾ ਰਣਬੀਰ, ਬਿਨੂੰ ਢਿੱਲੋਂ, ਅਨੀਤਾ ਮੀਤ, ਸੰਗੀਤਾ ਗੁਪਤਾ, ਲੱਖਾ ਲਹਿਰੀ ਆਦਿ ਕਲਾਕਾਰ ਨਵਨਿੰਦਰਾ ਬਹਿਲ ਦੀ ਦੇਣ ਹਨ।

ਸੰਪਰਕ: 97806-18505

Advertisement
×