DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਵਾਜ਼ ਜੋ ਅੱਜ ਵੀ ਗੂੰਜਦੀ ਹੈ...

ਪੰਜਾਬੀ ਲੋਕ ਗਾਇਕੀ ਦੀ ਦੁਨੀਆ ਵਿੱਚ ਕੁਝ ਆਵਾਜ਼ਾਂ ਅਜਿਹੀਆਂ ਹੁੰਦੀਆਂ ਹਨ ਜੋ ਸਮੇਂ ਦੀ ਹੱਦ ਤੋਂ ਪਰੇ ਚਲੀਆਂ ਜਾਂਦੀਆਂ ਹਨ। ਅਜਿਹੀ ਹੀ ਇੱਕ ਬੇਮਿਸਾਲ ਆਵਾਜ਼ ਸੀ ਅਮਰ ਸਿੰਘ ਚਮਕੀਲਾ ਦੀ। ਪਿੰਡਾਂ ਦੀ ਮਿੱਟੀ ਵਿੱਚੋਂ ਉੱਠੀ ਇਸ ਗਾਇਕ ਦੀ ਸਾਦਗੀ, ਤਿੱਖੇ...

  • fb
  • twitter
  • whatsapp
  • whatsapp
Advertisement

ਪੰਜਾਬੀ ਲੋਕ ਗਾਇਕੀ ਦੀ ਦੁਨੀਆ ਵਿੱਚ ਕੁਝ ਆਵਾਜ਼ਾਂ ਅਜਿਹੀਆਂ ਹੁੰਦੀਆਂ ਹਨ ਜੋ ਸਮੇਂ ਦੀ ਹੱਦ ਤੋਂ ਪਰੇ ਚਲੀਆਂ ਜਾਂਦੀਆਂ ਹਨ। ਅਜਿਹੀ ਹੀ ਇੱਕ ਬੇਮਿਸਾਲ ਆਵਾਜ਼ ਸੀ ਅਮਰ ਸਿੰਘ ਚਮਕੀਲਾ ਦੀ। ਪਿੰਡਾਂ ਦੀ ਮਿੱਟੀ ਵਿੱਚੋਂ ਉੱਠੀ ਇਸ ਗਾਇਕ ਦੀ ਸਾਦਗੀ, ਤਿੱਖੇ ਬੋਲ ਅਤੇ ਹਕੀਕਤ ਨੂੰ ਬਿਆਨ ਕਰਨ ਦਾ ਅੰਦਾਜ਼ ਲੋਕਾਂ ਦੇ ਦਿਲਾਂ ਵਿੱਚ ਵੱਸ ਗਿਆ। ਆਪਣੀ ਛੋਟੀ ਜਿਹੀ ਜ਼ਿੰਦਗੀ ਦੇ ਬਾਵਜੂਦ ਚਮਕੀਲੇ ਨੇ ਪੰਜਾਬੀ ਲੋਕ ਸੰਗੀਤ ਨੂੰ ਇੱਕ ਨਵੀਂ ਪਛਾਣ ਦਿੱਤੀ ਅਤੇ ਅੱਜ ਵੀ ਉਸ ਦੇ ਗੀਤ ਪਹਿਲਾਂ ਵਾਂਗ ਹੀ ਮਕਬੂਲ ਹਨ। ਅਮਰਜੋਤ ਦੇ ਸਾਥ ਨੇ ਸੋਨੇ ’ਤੇ ਸੁਹਾਗੇ ਦਾ ਕੰਮ ਕੀਤਾ।

ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਜੋੜੀ ਦੀ ਕਿਸੇ ਸਮੇਂ ਤੂਤੀ ਬੋਲਦੀ ਸੀ। ਇਸ ਨੂੰ 19ਵੀਂ ਸਦੀ ਦੀ ਪ੍ਰਸਿੱਧ ਜੋੜੀ ਕਿਹਾ ਜਾ ਸਕਦਾ ਹੈ। 21 ਜੁਲਾਈ 1960 ਨੂੰ ਜ਼ਿਲ੍ਹਾ ਲੁਧਿਆਣੇ ਦੇ ਪਿੰਡ ਦੁਗਰੀ ਵਿੱਚ ਮਾਤਾ ਕਰਤਾਰ ਕੌਰ ਤੇ ਪਿਤਾ ਹਰੀ ਸਿੰਘ ਦੇ ਘਰ ਬਹੁਤ ਗ਼ਰੀਬ ਪਰਿਵਾਰ ਵਿੱਚ ਅਮਰ ਸਿੰਘ ਚਮਕੀਲੇ ਦਾ ਜਨਮ ਹੋਇਆ। ਮਾਪਿਆਂ ਨੇ ਉਸ ਦਾ ਨਾਮ ਧਨੀ ਰਾਮ ਰੱਖਿਆ ਸੀ। ਗ਼ਰੀਬ ਮਾਪਿਆਂ ਦੇ ਧਨੀ ਨੇ ਆਰਥਿਕ ਮੰਦਹਾਲੀ ਕਾਰਨ ਪੜ੍ਹਾਈ ਵਿੱਚੇ ਛੱਡ ਦਿੱਤੀ। ਉਸ ਨੇ ਕਈ ਕੰਮ ਕੀਤੇ, ਪਰ ਸਭ ਵਿਅਰਥ। ਉਸ ਅੰਦਰ ਤਾਂ ਗਾਇਕੀ ਦੀ ਚਿਣਗ ਲੱਗੀ ਹੋਈ ਸੀ। ਇਹ ਕੁਦਰਤ ਦਾ ਕ੍ਰਿਸ਼ਮਾ ਹੀ ਸੀ ਕਿ ਉਸ ਨੇ ਸੰਗੀਤ ਦੀ ਕੋਈ ਸਿਖਲਾਈ ਵੀ ਨਹੀਂ ਲਈ ਸੀ।

Advertisement

ਉਹ ਤੂੰਬੀ, ਢੋਲਕੀ ਅਤੇ ਹਾਰਮੋਨੀਅਮ ’ਤੇ ਆਪਣੀ ਹੱਥ ਅਜ਼ਮਾਈ ਕਰਦਾ ਰਹਿੰਦਾ ਸੀ, ਜਿਸ ਕਾਰਨ ਉਹ ਇਨ੍ਹਾਂ ਵਿੱਚ ਕਾਫ਼ੀ ਮੁਹਾਰਤ ਵੀ ਹਾਸਲ ਕਰ ਚੁੱਕਿਆ ਸੀ। ਗੀਤਾਂ ਦੀ ਤੁਕਬੰਦੀ ਉਹ ਪਹਿਲਾਂ ਹੀ ਕਰਦਾ ਸੀ। ਉਹ ਇੱਕ ਵਧੀਆ ਗੀਤਕਾਰ ਤੇ ਗਾਇਕ ਹੋਣ ਦੇ ਨਾਲ ਵਧੀਆ ਤਰਜ਼ ਨਿਗਾਰ ਵੀ ਸੀ। ਤੂੰਬੀ ਵਜਾਉਣ ਵਿੱਚ ਉਸ ਦਾ ਕੋਈ ਸਾਨੀ ਨਹੀਂ ਸੀ। ਉਹ ਆਪਣੇ ਗੀਤਾਂ ਦੀ ਕਾਪੀ ਲੈ ਕੇ ਕਈ ਗਾਇਕਾਂ ਕੋਲ ਗਿਆ, ਪਰ ਕਿਸੇ ਨੇ ਉਸ ਦੀ ਬਾਂਹ ਨਾ ਫੜੀ। ਇੱਕ ਦਿਨ ਉਹ ਪ੍ਰਸਿੱਧ ਗਾਇਕ ਸੁਰਿੰਦਰ ਛਿੰਦਾ ਦੇ ਦਫ਼ਤਰ ਗਿਆ। ੰ ਸੁਰਿੰਦਰ ਛਿੰਦਾ ਨੇ ਉਸ ਦੇ ਗੀਤ ਪੜ੍ਹੇ ਅਤੇ ਉਸ ਨੂੰ ਆਪਣਾ ਸ਼ਾਗਿਰਦ ਬਣਾ ਕੇ ਗਰੁੱਪ ਵਿੱਚ ਸ਼ਾਮਲ ਕਰ ਲਿਆ। ਉਸ ਨੇ ਸੁਰਿੰਦਰ ਛਿੰਦਾ ਤੋਂ ਰਾਗਾਂ ਅਤੇ ਗੀਤਕਾਰੀ ਦੀਆਂ ਬਾਰੀਕੀਆਂ ਸਿੱਖੀਆਂ। ਇਸ ਦੌਰਾਨ ਹੀ ਉਸ ਦਾ ਨਾਂ ਧਨੀ ਰਾਮ ਤੋਂ ‘ਅਮਰ ਸਿੰਘ ਚਮਕੀਲਾ’ ਪੈ ਗਿਆ। ਹੋਇਆ ਇਸ ਤਰ੍ਹਾਂ ਕਿ ਗੀਤਕਾਰ ਸਨਮੁਖ ਸਿੰਘ ਆਜ਼ਾਦ ਨੇ ਉਸ ਦੇ ਗਾਇਕੀ ਪ੍ਰਤੀ ਜਨੂੰਨ ਨੂੰ ਦੇਖਦਿਆਂ ਉਸ ਨੂੰ ‘ਅਮਰ ਸਿੰਘ ਚਮਕੀਲਾ’ ਦਾ ਨਾਂ ਦੇ ਕੇ ਅਮਰ ਕਰ ਦਿੱਤਾ।

Advertisement

ਗਾਇਕੀ ਵਿੱਚ ਆਪਣਾ ਨਾਮ ਬਣਾਉਣ ਲਈ ਉਸੇ ਨੇ ਕਾਫ਼ੀ ਸੰਘਰਸ਼ ਕੀਤਾ। ਉਸ ਦੀ ਲੇਖਣੀ ਵਿੱਚ ਪੰਜਾਬੀਅਤ ਦੀ ਝਲਕ ਪੈਂਦੀ ਸੀ। ਚਮਕੀਲੇ ਨੇ ਜਿਸ ਤਰ੍ਹਾਂ ਆਪਣੇ ਗੀਤਾਂ ਵਿੱਚ ਪੰਜਾਬੀ ਮੁਹਾਵਰਿਆਂ, ਵਿਸ਼ੇਸ਼ਣਾਂ ਅਤੇ ਆਖਾਣਾਂ ਦੀ ਵਰਤੋਂ ਕੀਤੀ ਹੈ, ਉਹ ਕਿਸੇ ਹੋਰ ਦੇ ਹਿੱਸੇ ਨਹੀਂ ਆਈ। ਉਸ ਦਾ ਗੀਤ ‘ਨੀਂ ਮੈਂ ਡਿੱਗੀ ਤਿਲ੍ਹਕ ਕੇ...’ ਸੁਰਿੰਦਰ ਛਿੰਦਾ ਅਤੇ ਗੁਲਸ਼ਨ ਕੋਮਲ ਨੇ ਐੱਲਪੀ ਕਰਵਾਇਆ ਤਾਂ ਉਸ ਦੀ ਗੀਤਕਾਰਾਂ ’ਚ ਗਿਣਤੀ ਹੋਣ ਲੱਗ ਪਈ। ਉਸ ਦੇ ਲਿਖੇ ਗੀਤਾਂ ਨੂੰ ਉਸ ਵੇਲੇ ਸਾਰੇ ਮੰਨੇ ਪ੍ਰਮੰਨੇ ਫਨਕਾਰਾਂ ਕੁਲਦੀਪ ਮਾਣਕ, ਮੁਹੰਮਦ ਸਦੀਕ, ਕੇ ਦੀਪ ਆਦਿ ਨੇ ਗਾਇਆ ਹੈ।

ਚਮਕੀਲੇ ਨੇ ਖ਼ੁਦ ਗਾਇਕੀ ਵਿੱਚ ਪੈਰ ਰੱਖਣ ਲਈ ਉਸ ਸਮੇਂ ਦੀ ਮਸ਼ਹੂਰ ਗਾਇਕਾ ਸੁਰਿੰਦਰ ਸੋਨੀਆ ਨਾਲ 1979 ਵਿੱਚ ਦੋ ਐੱਲ ਪੀ ‘ਟਕੂਏ ’ਤੇ ਟਕੂਆ ਖੜਕੇ’, ‘ਹਾਏ ਰੱਬਾ ਵਿੱਚ ਟਰੱਕਾਂ ਦੇ’ ਅਤੇ ‘ਬਾਪੂ ਸਾਡਾ ਗੁੰਮ ਹੋ ਗਿਆ’ ਰਿਕਾਰਡ ਕਰਵਾਏ। ਇਹ ਗੀਤ ਬਹੁਤ ਹਿੱਟ ਹੋਏ ਤੇ ਚਮਕੀਲੇ ਦਾ ਨਾਂ ਗਾਇਕੀ ਵਿੱਚ ਵੀ ਬਣ ਗਿਆ। ਇਸ ਤੋਂ ਬਾਅਦ ਚਮਕੀਲੇ ਦੇ ਅਮਰਜੋਤ ਨਾਲ ਕਈ ਦੋਗਾਣੇ ਮਾਰਕੀਟ ਵਿੱਚ ਆਏ, ਜਿਵੇਂ- ‘ਪਹਿਲੇ ਲਲਕਾਰੇ ਨਾਲ ਮੈਂ ਡਰ ਗਈ, ‘ਕੀ ਜ਼ੋਰ ਗ਼ਰੀਬਾਂ ਦਾ’, ‘ਧੋਖਾ ਨਹੀਂ ਕਮਾਈਦਾ’, ‘ਭੁੱਲ ਗਈ ਮੈਂ ਘੁੰਡ ਕੱਢਣਾ’, ‘ਜੋੜੀ ਤੋਂ ਲੱਡੂ ਵਾਰ’, ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’, ‘ਨੀਂ ਤੂੰ ਨਰਕਾਂ ਨੂੰ ਜਾਵੇ ਸਰਹੰਦ ਦੀ ਦੀਵਾਰੇ’, ‘ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀਏ’, ‘ਤਲਵਾਰ ਮੈਂ ਕਲਗੀਧਰ ਦੀ ਹਾਂ’, ‘ਗੁਰੂ ਗੋਬਿੰਦ ਜੀ ਦੇ ਲਾਲ’, ‘ਪਟਨੇ ਸ਼ਹਿਰ ਵਿੱਚ ਚੰਨ ਚੜਿ੍ਹਆ’ ਅਤੇ ‘ਪਾਣੀ ਦਿਆ ਬੁਲਬੁਲਿਆ’ ਆਦਿ ਗਾਇਕੀ ਦੇ ਖੇਤਰ ਵਿੱਚ ਮੀਲ ਪੱਥਰ ਸਾਬਤ ਹੋਏ। ਚਮਕੀਲੇ ਦੇ ਕਰੀਬ 100 ਗੀਤ ਰਿਕਾਰਡ ਹੋਏ, ਸਾਰੇ ਦੇ ਸਾਰੇ ਸੁਪਰ ਹਿੱਟ ਹੋਏ ਅਤੇ ਸਰੋਤਿਆਂ ਦੇ ਦਿਲਾਂ ’ਤੇ ਅੱਜ ਰਾਜ ਕਰਦੇ ਹਨ। ਆਪਣੇ ਲਿਖੇ ਗੀਤਾਂ ਤੋਂ ਇਲਾਵਾ ਚਮਕੀਲੇ ਨੇ ਗੀਤਕਾਰ ਸਵਰਨ ਸਿਵੀਆ, ਸਨਮੁੱਖ ਸਿੰਘ ਆਜ਼ਾਦ, ਦਲਜੀਤ ਦਰਦੀ, ਗਿੱਲ ਨੱਥੋਹੇੜੀ, ਸੇਵਾ ਸਿੰਘ ਨੌਰਥ, ਦੇਬੀ ਮਖਸੂਸਪੁਰੀ, ਕਰਮ ਸਿੰਘ ਮੱਹਾਲਵੀ, ਹਰਜੀਤ ਗਿੱਲ ਤੇ ਪਾਲੀ ਦੇਤਵਾਲੀਆ ਦੇ ਲਿਖੇ ਗੀਤ ਗਾਏ।

ਚਮਕੀਲੇ ਨੇ ਉਸ ਸਮੇਂ ਦੇ ਪੰਜਾਬੀ ਪੇਂਡੂ ਜਨ ਜੀਵਨ ਨੂੰ ਹੂਬਹੂ ਆਪਣੇ ਗੀਤਾਂ ਵਿੱਚ ਪੇਸ਼ ਕੀਤਾ, ਇਸ ਕਾਰਨ ਉਸ ਨੇ ਜਿੰਨੇ ਵੀ ਗੀਤ ਗਾਏ, ਸਾਰੇ ਪ੍ਰਸਿੱਧੀ ਦੇ ਹੱਦ ਬੰਨੇ ਟੱਪ ਗਏ। ਉਸ ਦੇ ਗਾਏ ਧਾਰਮਿਕ ਗੀਤ ਅੱਜ ਵੀ ਧਾਰਮਿਕ ਸਥਾਨਾਂ ’ਤੇ ਸੁਣਨ ਨੂੰ ਮਿਲਦੇ ਹਨ। ਆਪਣੇ ’ਤੇ ਲੱਗੇ ਅਸ਼ਲੀਲ ਗੀਤ ਗਾਉਣ ਦੇ ਧੱਬੇ ਨੂੰ ਮਿਟਾਉਣ ਲਈ ਉਸਨੇ ‘ਸੋਨੋਟੋਨ’ ਕੰਪਨੀ ਵਿੱਚ ਕੈਸੇਟ ਤੇ ਰਿਕਾਰਡ ‘ਨਾਮ ਜਪ ਲੈ’ ਟਾਈਟਲ ਹੇਠ ਰਿਲੀਜ਼ ਕੀਤੀ। ਹੈਰਾਨੀ ਦੀ ਗੱਲ ਇਹ ਸੀ ਕਿ ਇਹ ਕੈਸੇਟ ਵੀ ਬਲੈਕ ਵਿੱਚ ਵਿੱਕੀ। ਬਾਅਦ ਵਿੱਚ ਐੱਚਐੱਮਟੀ ਕੰਪਨੀ ਨੇ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਕੈਸੇਟ ਰਿਲੀਜ਼ ਕਰਵਾਈ।

ਉਸ ਨੇ ਦੋਗਾਣੇ ਅਤੇ ਧਾਰਮਿਕ ਗੀਤਾਂ ਤੋਂ ਇਲਾਵਾ ਸੋਲੋ ਗੀਤ, ਲੋਕ ਗਥਾਵਾਂ, ਲੋਕ ਤੱਥ, ਲੋਕ ਗੀਤ ਅਤੇ ਕਲੀਆਂ ਵੀ ਗਾਈਆਂ। ਚਮਕੀਲਾ ਨੇ ਆਪਣੇ ਸਮੇਂ ਦੇ ਸਾਰੇ ਗਾਇਕਾਂ ਨੂੰ ਪਿੱਛੇ ਛੱਡ ਦਿੱਤਾ ਸੀ। ਉਸ ਦੀ ਮਕਬੂਲੀਅਤ ਇੰਨੀ ਸੀ ਕਿ ਉਸ ਸਮੇਂ ਉਸ ਦੇ ਇੱਕ ਦਿਨ ਵਿੱਚ ਕਈ ਕਈ ਪ੍ਰੋਗਰਾਮ ਲੱਗ ਜਾਂਦੇ ਸਨ। ਚਮਕੀਲੇ ਦੇ ਹਿੱਟ ਹੋਣ ਪਿੱਛੇ ਅਮਰਜੋਤ ਦਾ ਵੀ ਬਹੁਤ ਵੱਡਾ ਯੋਗਦਾਨ ਸੀ। ਉਸ ਦੀ ਆਵਾਜ਼ ਵਿੱਚ ਮਿਠਾਸ ਅਤੇ ਸੁਰੀਲਾਪਣ ਸੀ ਜੋ ਚਮਕੀਲੇ ਦੀ ਪ੍ਰਸਿੱਧੀ ਲਈ ਸੋਨੇ ’ਤੇ ਸੁਹਾਗਾ ਬਣੀ। ਫਿਰ ਦੋਵਾਂ ਨੇ ਮਿਲ ਕੇ ਪੰਜਾਬੀ ਸੰਗੀਤ ਜਗਤ ’ਤੇ ਰਾਜ ਕੀਤਾ।

ਉਸ ਨੇ ਪੰਜਾਬੀ ਫਿਲਮ ‘ਪਟੋਲਾ’ ਵਿੱਚ ਗੀਤ ‘ਪਹਿਲੇ ਲਲਕਾਰੇ ਨਾਲ ਮੈਂ ਡਰ ਗਈ’ ਗਾਇਆ ਸੀ, ਜਿਸ ਕਰਕੇ ਇਹ ਫਿਲਮ ਹਿੱਟ ਹੋਈ ਸੀ। ਆਲਮ ਇਹ ਸੀ ਕਿ ਜਦੋਂ ਫਿਲਮ ਵਿੱਚ ਇਹ ਗੀਤ ਆਉਂਦਾ ਸੀ ਤਾਂ ਉਸ ਦੇ ਪ੍ਰਸ਼ੰਸਕ ਇੰਨੇ ਉਤਸ਼ਾਹ ਵਿੱਚ ਆ ਜਾਂਦੇ ਸਨ ਕਿ ਸਿਨੇਮਾ ਦੀ ਸਕਰੀਨ ’ਤੇ ਪੈਸੇ ਸੁੱਟਣ ਲੱਗ ਜਾਂਦੇ ਸਨ। ਇਸ ਤੋਂ ਉਸ ਦੀ ਪ੍ਰਸਿੱਧੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਇੱਕ ਸਮਾਂ ਇਹ ਵੀ ਆ ਗਿਆ ਸੀ ਕਿ ਡੀਲਰ ਸੁੱਖਾਂ ਸੁੱਖਦੇ ਸਨ ਕਿ ਚਮਕੀਲੇ ਦਾ ਕੋਈ ਰਿਕਾਰਡ ਜਾਂ ਕੈਸੇਟ ਆਵੇ ਤਾਂ ਉਹ ਚਾਰ ਪੈਸੇ ਕਮਾਉਣ। ਜਿਸ ਢੰਗ ਨਾਲ ਚਮਕੀਲੇ ਦੀ ਆਲੋਚਨਾ ਹੁੰਦੀ ਸੀ, ਇਸ ਦੇ ਬਾਵਜੂਦ ਉਹ ਗਾਇਕਾਂ ਦੀ ਮਾਰਕੀਟ ਵਿੱਚ ਥੱਲੇ ਨਹੀਂ ਲੱਗਿਆ। ਕਈ ਗਾਇਕ ਜੋੜੀਆਂ ਦੇ ਹੌਸਲੇ ਵੀ ਪਸਤ ਹੋਏ ਸਨ ਕਿ ਹੁਣ ਉਹ ਨੇੜੇ ਨਹੀਂ ਲੱਗਣ ਦੇਵੇਗਾ ਤੇ ਕਈਆਂ ਨੇ ਆਪਣੇ ਸਿਰੋਂ ਪੱਗ ਖਿਸਕਦੀ ਦੇਖ ਕੇ ਉਸ ਦੀ ਨਿੰਦਾ ਹੀ ਸਿਰਫ਼ ਇਸ ਕਰਕੇ ਸ਼ੁਰੂ ਕਰ ਦਿੱਤੀ ਸੀ।

ਸਮਾਜ ਦੇ ਅਖੌਤੀ ਰਾਖਿਆਂ ਨੇ ਉਸ ਦੇ ਗੀਤਾਂ ਉੱਤੇ ਲੱਚਰਤਾ ਦਾ ਲੇਬਲ ਲਾ ਕੇ ਉਸ ਨੂੰ ਬਦਨਾਮ ਕਰ ਦਿੱਤਾ। ਉਸ ਨੂੰ ਚੁਫੇਰਿਓਂ ਧਮਕੀਆਂ ਮਿਲਣ ਲੱਗ ਪਈਆਂ ਸਨ। ਇਸ ’ਤੇ ਉਹ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਭੁੱਲ ਬਖ਼ਸ਼ਾ ਕੇ ਆਇਆ ਸੀ। ਸਿੱਟੇ ਵਜੋਂ ਉਸ ਦੇ ਧਾਰਮਿਕ ਗੀਤ ਰਿਕਾਰਡ ਹੋਏ ਸਨ। ਇਸ ਨਾਲ ਕੁਝ ਸਮੇਂ ਧਮਕੀਆਂ ਮਿਲਣੀਆਂ ਬੰਦ ਹੋ ਗਈਆਂ ਸਨ।

ਅੱਠ ਮਾਰਚ 1988 ਦਾ ਉਹ ਚੰਦਰਾ ਦਿਨ ਸੀ ਜਿਸ ਦਿਨ ਜ਼ਿਲ੍ਹਾ ਜਲੰਧਰ ਦੇ ਪਿੰਡ ਮਹਿਸਮਪੁਰ ਵਿੱਚ ਇੱਕ ਵਿਆਹ ਸਮਾਗਮ ਮੌਕੇ ਇਸ ਗਾਇਕ ਜੋੜੀ ਨੂੰ ਆਪਣੇ ਸਾਥੀਆਂ ਸਮੇਤ ਮਾਰ ਦਿੱਤਾ ਸੀ। ਦੋਗਾਣਿਆਂ ਵਿੱਚ ਜਿਸ ਤਰ੍ਹਾਂ ਚਮਕੀਲੇ ਦੀ ਚੜ੍ਹਤ ਸੀ ਉਹਦੇ ਤੋਂ ਆਮ ਗਾਇਕ ਵੀ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਿਆ। ਉਸ ਵੇਲੇ ਚੰਗੀਆਂ ਗਾਇਕ ਜੋੜੀਆਂ ਨੂੰ ਉਹਨੇ ਲੀਹੋ ਲਾ ਦਿੱਤਾ ਸੀ ਤੇ ਕੁਝ ਸਮਾਂ ਉਹ ਗਾਇਕਾਂ ਦੀ ਮਾਰਕੀਟ ਵਿੱਚ ਸਿਖਰ ’ਤੇ ਰਿਹਾ। ਭਾਵੇਂ ਉਹ ਦੋਵੇਂ ਅੱਜ ਸਰੀਰਕ ਤੌਰ ’ਤੇ ਸਾਡੇ ਦਰਮਿਆਨ ਮੌਜੂਦ ਨਹੀਂ ਹਨ, ਪਰ ਉਨ੍ਹਾਂ ਦੀ ਆਵਾਜ਼ ਗੀਤਾਂ ਦੇ ਰੂਪ ’ਚ ਹਮੇਸ਼ਾਂ ਗੂੰਜਦੀ ਰਹੇਗੀ।

ਚਮਕੀਲਾ ਤੇ ਅਮਰਜੋਤ ਦਾ ਪੁੱਤ ਜੈਮਨ ਚਮਕੀਲਾ ਚੰਗਾ ਗਾਇਕ ਹੈ ਜੋ ਆਪਣੇ ਪਿਤਾ ਦੇ ਕਦਮਾਂ ’ਤੇ ਚੱਲ ਰਿਹਾ ਹੈ। ਇਸ ਵੇਲੇ ਚਮਕੀਲੇ ਦੀ ਪਹਿਲੀ ਪਤਨੀ ਗੁਰਮੇਲ ਕੌਰ ਪਿੰਡ ਦੁਗਰੀ ਵਿਖੇ ਰਹਿੰਦੀ ਹੈ। ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਸੱਭਿਆਚਾਰਕ ਕਲੱਬ ਵੱਲੋਂ 8 ਮਾਰਚ ਨੂੰ ਪਿੰਡ ਦੁਗਰੀ (ਲੁਧਿਆਣਾ) ਵਿਖੇ 138ਵੀਂ ਬਰਸੀ ਮੌਕੇ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ।

Advertisement
×