ਭਾਵਨਾਤਮਕ ਬਦਲਾਅ ਦਾ ਅਣਸੁਣਿਆ ਸੱਚ
ਮਨੁੱਖੀ ਜੀਵਨ ਵਿੱਚ ਕਈ ਵਾਰ ਔਕੜਾ ਜਾਂ ਮੁਸੀਬਤਾਂ ਆਉਂਦੀਆਂ ਰਹਿੰਦੀਆਂ ਹਨ। ਇਨ੍ਹਾਂ ਵਿੱਚੋਂ ਕੁਝ ਔਖੇ ਪਲ ਚੁੱਪ-ਚਾਪ ਸਾਡੇ ਜੀਵਨ ਵਿੱਚ ਦਾਖਲ ਹੁੰਦੇ ਹਨ ਅਤੇ ਸਾਡੇ ਲਈ ਅਜਿਹੇ ਅਨੁਭਵ ਛੱਡ ਜਾਂਦੇ ਹਨ, ਜਿਨ੍ਹਾਂ ਨੂੰ ਅਸੀਂ ਸਮੇਂ ਦੇ ਨਾਲ ਹੀ ਸਮਝ ਸਕਦੇ...
ਮਨੁੱਖੀ ਜੀਵਨ ਵਿੱਚ ਕਈ ਵਾਰ ਔਕੜਾ ਜਾਂ ਮੁਸੀਬਤਾਂ ਆਉਂਦੀਆਂ ਰਹਿੰਦੀਆਂ ਹਨ। ਇਨ੍ਹਾਂ ਵਿੱਚੋਂ ਕੁਝ ਔਖੇ ਪਲ ਚੁੱਪ-ਚਾਪ ਸਾਡੇ ਜੀਵਨ ਵਿੱਚ ਦਾਖਲ ਹੁੰਦੇ ਹਨ ਅਤੇ ਸਾਡੇ ਲਈ ਅਜਿਹੇ ਅਨੁਭਵ ਛੱਡ ਜਾਂਦੇ ਹਨ, ਜਿਨ੍ਹਾਂ ਨੂੰ ਅਸੀਂ ਸਮੇਂ ਦੇ ਨਾਲ ਹੀ ਸਮਝ ਸਕਦੇ ਹਾਂ। ਜ਼ਿੰਦਗੀ ਦੀ ਹਰ ਔਕੜ ਸਾਨੂੰ ਤੋੜਦੀ ਤਾਂ ਨਹੀਂ, ਪਰ ਇਨ੍ਹਾਂ ਵਿੱਚੋਂ ਕੁਝ ਤਾਂ ਸਾਡੇ ਜੀਵਨ ਜਿਉਣ ਦਾ ਤਰੀਕਾ ਹੀ ਬਦਲ ਦਿੰਦੀਆਂ ਹਨ। ਮਨੁੱਖ ਜਦੋਂ ਔਖੇ ਸਮੇਂ ਵਿੱਚੋਂ ਲੰਘ ਰਿਹਾ ਹੁੰਦਾ ਹੈ ਤਾਂ ਉਸ ਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਉਸ ਅੰਦਰ ਕੀ ਬਦਲ ਰਿਹਾ ਹੈ, ਸਗੋਂ ਉਹ ਤਾਂ ਹਾਲਾਤ ਨਾਲ ਸਿੱਝਣ ਦੀ ਕੋਸ਼ਿਸ਼ ਹੀ ਕਰ ਰਿਹਾ ਹੁੰਦਾ ਹੈ, ਪਰ ਜਿਵੇਂ-ਜਿਵੇਂ ਸਮਾਂ ਗੁਜ਼ਰਦਾ ਹੈ, ਉਹ ਮਹਿਸੂਸ ਕਰਦਾ ਹੈ ਕਿ ਉਹ ਕਿੰਨਾ ਬਦਲ ਗਿਆ ਹੈ।
ਇਹ ਬਦਲਾਅ ਅਕਸਰ ਉਸੇ ਤਰ੍ਹਾਂ ਦਾ ਹੁੰਦਾ ਹੈ ਜਿਵੇਂ ਹੜ੍ਹਾਂ ਦੇ ਆਉਣ ਸਮੇਂ ਤਬਾਹੀ ਦਾ ਉੱਪਰੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ, ਪਰ ਇਸ ਦਾ ਅਸਲੀ ਅਨੁਮਾਨ ਤਾਂ ਪਾਣੀ ਉਤਰਨ ਤੋਂ ਬਾਅਦ ਲੱਗਦਾ ਹੈ ਕਿ ਤਬਾਹੀ ਕਿੱਥੇ ਹੋਈ ਹੈ ਤੇ ਪਾਣੀ ਕੀ ਕੁਝ ਆਪਣੇ ਨਾਲ ਵਹਾ ਕੇ ਲੈ ਗਿਆ। ਠੀਕ ਉਸੇ ਤਰ੍ਹਾਂ ਜੀਵਨ ਵਿੱਚ ਮੁਸੀਬਤ ਜਾਂ ਦੁੱਖ ਤੋਂ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਨੁਕਸਾਨ ਕਿਸ ਤਰ੍ਹਾ ਦਾ ਤੇ ਕਿੰਨਾ ਹੋਇਆ ਹੈ। ਉਸ ਨੂੰ ਝੱਲਣਾ, ਉਸ ਵਿੱਚੋਂ ਬਾਹਰ ਨਿਕਲਣਾ ਆਦਿ ਵੱਲ ਸਾਨੂੰ ਸਮੇਂ ਦੇ ਨਾਲ ਆਉਂਦਾ ਹੈ। ਜਿਵੇਂ ਕੁਦਰਤੀ ਆਫ਼ਤ ਦੇ ਸਮੇਂ ਸਭ ਸੋਚਦੇ ਹਨ ਕਿਵੇਂ ਇਸ ਵਿੱਚੋਂ ਬਾਹਰ ਨਿਕਲਾਂਗੇ, ਪਰ ਸਮਾਂ ਜੀਵਨ ਨੂੰ ਮੁੜ ਪਟੜੀ ’ਤੇ ਲੈ ਹੀ ਆਉਂਦਾ ਹੈ, ਪਰ ਇਸ ਮੁੜ-ਵਸੇਬੇ ਦੀ ਪ੍ਰਕਿਰਿਆ ਦਾ ਬੋਝ ਝੱਲਣਾ ਉਸ ਨੂੰ ਪੈਂਦਾ ਹੈ ਜੋ ਇਸ ਵਿੱਚੋਂ ਨਿਕਲ ਰਿਹਾ ਹੁੰਦਾ ਹੈ।
ਔਕੜਾਂ ਬੇਸ਼ੱਕ ਸਰੀਰਕ, ਆਰਥਿਕ ਜਾਂ ਮਾਨਸਿਕ ਹੋਣ ਇਨ੍ਹਾਂ ਦਾ ਅਸਰ ਭਾਵਨਾਤਮਕ ਪੱਧਰ ’ਤੇ ਜ਼ਰੂਰ ਪੈਂਦਾ ਹੈ। ਮੁਸੀਬਤ ਦੇ ਸਮੇਂ ਤਾਂ ਏਨਾ ਮਹਿਸੂਸ ਨਹੀਂ ਹੁੰਦਾ, ਪਰ ਬਾਅਦ ਵਿੱਚ ਇਸ ਦਾ ਅਸਰ ਮਨੁੱਖ ਦੀ ਸ਼ਖ਼ਸੀਅਤ, ਸੋਚ, ਵਿਵਹਾਰ ਆਦਿ ਸਭ ਵਿੱਚ ਦਿਖਾਈ ਦੇਣ ਲੱਗਦਾ ਹੈ। ਲਗਾਤਾਰ ਭਾਵਨਾਤਮਕ ਉਤਰਾਅ-ਚੜ੍ਹਾਅ ਮਨੁੱਖ ਨੂੰ ਅੰਦਰੋਂ ਬਦਲ ਕੇ ਰੱਖ ਦਿੰਦੇ ਹਨ। ਉਹ ਪਹਿਲਾਂ ਜਿਹਾ ਨਹੀਂ ਰਹਿੰਦਾ। ਕਈ ਵਾਰ ਤਾਂ ਉਸ ਦੀ ਰੂਹ ਇਸ ਕਦਰ ਜ਼ਖ਼ਮੀ ਹੋ ਜਾਂਦੀ ਹੈ ਕਿ ਉਸ ਵਿੱਚੋਂ ਉੱਭਰਨ ਤੋਂ ਬਾਅਦ ਉਹ ਭੁੱਲ ਜਾਂਦਾ ਹੈ ਕਿ ਉਹ ਪਹਿਲਾਂ ਕਿਸ ਤਰ੍ਹਾਂ ਦਾ ਸੀ।
ਮੇਰਾ ਮੰਨਣਾ ਹੈ ਕਿ ਸਾਡੇ ਸਮਾਜ ਦੀ ਇੱਕ ਕਮੀ ਹੈ ਕਿ ਅਸੀਂ ਭਾਵਨਾਤਮਕ ਬਦਲਾਅ ਨੂੰ ਕਦੇ ਵੀ ਮਹਿਸੂਸ ਨਹੀਂ ਕਰਦੇ। ਸਾਡਾ ਸਮਾਜ ਸਰੀਰਕ ਸੱਟ ਨੂੰ ਤਾਂ ਦੇਖ ਲੈਂਦਾ ਹੈ, ਪਰ ਮਨੁੱਖ ਦੇ ਅੰਦਰ ਆਏ ਮਾਨਸਿਕ ਭੂਚਾਲ ਦਾ ਖ਼ਿਆਲ ਹੀ ਨਹੀਂ ਕਰ ਪਾਉਂਦਾ। ਕਿਹਾ ਜਾਂਦਾ ਹੈ, ‘ਦਰਦ ਮਨੁੱਖ ਨੂੰ ਬਦਲ ਦਿੰਦਾ ਹੈ, ਕੁਝ ਕਠੋਰ ਹੋ ਜਾਂਦੇ ਹਨ ਤੇ ਕੁਝ ਮੌਨ।’ ਸੱਚਮੁੱਚ ਅੰਦਰੂਨੀ ਬਦਲਾਅ ਸ਼ਖ਼ਸੀਅਤ ’ਤੇ ਡੂੰਘਾ ਅਸਰ ਕਰਦੇ ਹਨ। ਸਾਡਾ ਕਿਸੇ ਬਾਰੇ ਇਹ ਕਹਿ ਦੇਣਾ ਆਸਾਨ ਹੁੰਦਾ ਹੈ ਕਿ ਫਲਾਣਾ ਬਦਲ ਗਿਆ ਹੈ, ਪਰ ਇਸ ਨਾਲ ਅਸੀਂ ਉਸ ਅੰਦਰ ਆਏ ਭਾਵਨਾਤਮਕ ਤੂਫਾਨ ਦੇ ਨੁਕਸਾਨ ਨੂੰ ਮੁੱਢੋਂ ਨਕਾਰ ਦਿੰਦੇ ਹਾਂ। ਇਹ ਸੱਚਾਈ ਹੈ ਜੋ ਕਿ ਨਹੀਂ ਹੋਣੀ ਚਾਹੀਦੀ। ਇਨਸਾਨੀ ਕਦਰਾਂ ਕੀਮਤਾਂ ਇਸ ਗੱਲ ਦੀ ਸ਼ਾਹਦੀ ਕਦੇ ਨਹੀਂ ਭਰਦੀਆਂ ਕਿ ਪੀੜ ਨੂੰ ਸਮਝਣ ਦੀ ਥਾਂ ਅਸੀਂ ਨਾਂਹਪੱਖੀ ਰਵੱਈਆ ਅਖ਼ਤਿਆਰ ਕਰ ਲਈਏ।
ਹਾਲਾਤ ਦੇ ਕੌੜੇ-ਖੱਟੇ ਅਨੁਭਵ ਯਕੀਨਨ ਮਨੁੱਖ ਅੰਦਰ ਤਬਦੀਲੀ ਨੂੰ ਜਨਮ ਦਿੰਦੇ ਹਨ। ਮਨੁੱਖ ਦੇ ਅੰਦਰ ਆਈ ਤਬਦੀਲੀ ਕਈ ਵਾਰ ਉਸ ਨੂੰ ਹੋਰ ਸੰਵੇਦਨਸ਼ੀਲ ਬਣਾ ਦਿੰਦੀ ਹੈ ਜਾਂ ਫਿਰ ਸਖ਼ਤ ਕਰ ਦਿੰਦੀ ਹੈ। ਹਰ ਬਦਲਾਅ ਬੁਰਾ ਨਹੀਂ ਹੁੰਦਾ ਕਿ ਉਸ ਪ੍ਰਤੀ ਨਾਕਾਰਾਤਮਕ ਰੁਖ ਅਪਣਾ ਲਿਆ ਜਾਵੇ। ਸਗੋਂ ਬਦਲਾਅ ਵਿਅਕਤੀ ਦੀ ਇੱਕ ਅੰਦਰਲੀ ਲੋੜ ਬਣ ਜਾਂਦੀ ਹੈ ਜਿਸ ਰਾਹੀਂ ਉਹ ਆਪਣੇ ਆਪ ਨੂੰ ਸੰਭਾਲਦਾ ਹੈ ਤੇ ਹਾਲਾਤ ਅਨੁਸਾਰ ਅਨੁਕੂਲ ਹੋ ਕੇ ਜੀਵਨ ਪ੍ਰਤੀ ਨਵੀਂ ਉਮੀਦ ਜਗਾਉਂਦਾ ਹੈ। ਬਸ ਲੋੜ ਹੁੰਦੀ ਹੈ ਉਸ ਤਬਦੀਲੀ ਪ੍ਰਤੀ ਸਕਾਰਾਤਮਕ ਰਵੱਈਆ ਅਪਣਾਉਣ ਦੀ ਅਤੇ ਉਸ ਵਿਅਕਤੀ ਦੀ ਲੁਕਵੀਂ ਪੀੜ ਨੂੰ ਮਹਿਸੂਸ ਕਰਨ ਦੀ।
ਭਾਵਨਾਤਮਕ ਰੂਪ ਵਿੱਚ ਠੀਕ ਹੋਣ ਦੀ ਪ੍ਰਕਿਰਿਆ ਬੇਹੱਦ ਹੌਲੀ ਹੁੰਦੀ ਹੈ ਜਿਵੇਂ ਹੜ੍ਹ ਦਾ ਪਾਣੀ ਲਹਿਣ ਮਗਰੋਂ, ਜ਼ਮੀਨ ਹੌਲੀ-ਹੌਲੀ ਸੁੱਕਦੀ ਹੈ ਤੇ ਜੀਵਨ ਲਈ ਮੁੜ ਆਬਾਦ ਹੋਣ ਲੱਗਦੀ ਹੈ। ਠੀਕ ਉਸੇ ਤਰ੍ਹਾਂ ਮਨੁੱਖ ਵੀ ਚੁੱਪ-ਚਾਪ ਆਪਣਾ ਸੰਤੁਲਨ ਬਣਾਉਣ ਲੱਗਦਾ ਹੈ, ਪਰ ਅਜਿਹਾ ਰਾਤੋ-ਰਾਤ ਨਹੀਂ ਹੁੰਦਾ ਸਗੋਂ ਵਕਤ ਬੀਤਣ ਨਾਲ ਹੁੰਦਾ ਹੈ। ਕਈ ਵਾਰ ਅਜਿਹਾ ਵਿਅਕਤੀ ਪਹਿਲਾਂ ਨਾਲੋਂ ਵਧੇਰੇ ਸੰਭਲਿਆ ਹੋਇਆ ਜਾਂ ਲਾਪਰਵਾਹ ਵੀ ਬਣ ਸਕਦਾ ਹੈ। ਕਈ ਬਦਲਾਅ ਮਨੁੱਖ ਤੂੰ ਵਧੇਰੇ ਸ਼ਹਿਣਸ਼ੀਲ ਬਣਾਉਂਦੇ ਹਨ ਤੇ ਕਈ ਉਸ ਨੂੰ ਚਿੜਚੜਾ। ਸਾਨੂੰ ਚਾਹੀਦਾ ਹੈ ਕਿ ਅਸੀਂ ਉਸ ਦੇ ਨਵੇਂ ਰੂਪ ਨੂੰ ਸਮਝੀਏ ਤੇ ਉਸ ਅਨੁਸਾਰ ਢਲਣ ਦੀ ਕੋਸ਼ਿਸ਼ ਕਰੀਏ ਅਤੇ ਸੰਜਮ ਨਾਲ ਪੇਸ਼ ਆਈਏ।
ਅਸੀਂ ਅਕਸਰ ਅੰਦਰੂਨੀ ਬਦਲਾਅ ਨੂੰ ਨਜ਼ਰਅੰਦਾਜ਼ ਕਰਦੇ ਹਾਂ। ਭਾਵਨਾਤਮਕ ਸੂਝ ਅਤੇ ਸੰਵੇਦਨਸ਼ੀਲਤਾ ਸਾਡੀ ਕਮਜ਼ੋਰੀ ਨਹੀਂ ਸਗੋਂ ਸਿਹਤਮੰਦ ਸਮਾਜ ਦੀ ਨਿਸ਼ਾਨੀ ਹੁੰਦੀ ਹੈ। ਕਈ ਵਾਰ ਸਾਡਾ ਕਿਸੇ ਨੂੰ ਇਮਾਨਦਾਰੀ ਨਾਲ ਸੁਣਨਾ ਹੀ ਬਦਲਾਅ ਦੀ ਪ੍ਰਕਿਰਿਆ ਵਿੱਚੋਂ ਲੰਘ ਰਹੇ ਵਿਅਕਤੀ ਲਈ ਕਾਫ਼ੀ ਹੁੰਦਾ ਹੈ। ਉੱਥੇ ਕਿਸੇ ਸਲਾਹ ਦੀ ਜਾਂ ਰਸਤਾ ਦਿਖਾਉਣ ਦੀ ਲੋੜ ਨਹੀਂ ਹੁੰਦੀ। ਪ੍ਰੇਰਿਤ ਕਰਨ ਵਾਲੇ ਦੋ ਬੋਲ ਉਸ ਵਿਅਕਤੀ ਨੂੰ ਸੰਭਲਣ ਵਿੱਚ ਬਹੁਤ ਮਦਦ ਕਰਦੇ ਹਨ, ਪਰ ਨਾਲ ਹੀ ਲੋੜ ਹੁੰਦੀ ਹੈ ਦਿਆਲਤਾ ਵਿਖਾਉਣ ਦੀ ਜੋ ਅਕਸਰ ਸਾਡਾ ਸਮਾਜ ਭੁੱਲ ਹੀ ਜਾਂਦਾ ਹੈ।
ਹਰ ਮੁਸੀਬਤ ਮਨੁੱਖੀ ਕਹਾਣੀ ਦਾ ਅੰਤ ਨਹੀਂ ਸਗੋਂ ਬਦਲਾਅ ਦੀ ਸ਼ੁਰੂਆਤ ਹੁੰਦੀ ਹੈ। ਜਿਵੇਂ ਕੁਦਰਤੀ ਆਫ਼ਤ ਮਗਰੋਂ ਮੁੜ-ਵਸੇਬੇ ਦੀ ਪ੍ਰਕਿਰਿਆ ਚਾਲੂ ਹੁੰਦੀ ਹੈ। ਇੱਥੇ ਫ਼ਰਕ ਹੁੰਦਾ ਹੈ ਮਾਨਸਿਕ ਟੁੱਟ-ਭੱਜ ਮਗਰੋਂ ਵਸੇਬਾ ਮੁਨੱਖ ਦੇ ਅੰਦਰ ਹੁੰਦਾ ਹੈ ਜੋ ਕਿ ਬਾਹਰੀ ਰੂਪ ਵਿੱਚ ਦਿਖਾਈ ਨਹੀਂ ਦਿੰਦਾ। ਇਸ ਨੂੰ ਮਹਿਸੂਸ ਕਰਨ ਲਈ ਹਾਵ-ਭਾਵ, ਰਵੱਈਆ ਜਾਂ ਗੱਲਬਾਤ ਕਾਫ਼ੀ ਹੁੰਦੀ ਹੈ। ਸਾਨੂੰ ਚਾਹੀਦਾ ਹੈ ਕਿ ਭਾਵਨਾਤਮਕ ਤਬਦੀਲੀਆਂ ਨੂੰ ਸਮਝੀਏ ਤੇ ਉਸ ਪ੍ਰਤੀ ਸੁਹਿਰਦ ਸੋਚ ਅਪਣਾਈਏ ਤਾਂ ਜੋ ਉਸ ਵਿਅਕਤੀ ਦੀ ਜਿਉਣ ਦੀ ਉਮੀਦ ਤੂੰ ਹੋਰ ਵਧਾ ਸਕੀਏ। ਮਨੁੱਖ ਦੇ ਅਸਲੀ ਕਿਰਦਾਰ ਦੀ ਪਛਾਣ ਇਸੇ ਵਿੱਚ ਹੈ ਕਿ ਮੁਸੀਬਤ ਵਿੱਚ ਟੁੱਟਣ ਤੋਂ ਬਾਅਦ ਕਿੰਨੀ ਮਜ਼ਬੂਤੀ ਨਾਲ ਜੀਵਨ ਨਾਲ ਮੁੜ ਜੁੜਦਾ ਹੈ। ਆਓ, ਇਸ ਪ੍ਰਕਿਰਿਆ ਵਿੱਚ ਰੋੜੇ ਅਟਕਾਉਣ ਦੀ ਥਾਂ ਮੁਸੀਬਤ ਨਾਲ ਸਿੱਝ ਰਹੇ ਵਿਅਕਤੀ ਦਾ ਰਾਹ ਸੁਖਾਲਾ ਬਣਾਈਏ।

