ਤੀਆਂ ਲੱਗੀਆਂ ਪਿੱਪਲ ਦੀ ਛਾਵੇਂ...
ਤੀਆਂ ਸਾਉਣ ਦੇ ਮਹੀਨੇ ਪੰਜਾਬ ਦੀਆਂ ਮੁਟਿਆਰਾ ਵੱਲੋਂ ਮਨਾਇਆ ਜਾਣ ਵਾਲਾ ਸਭ ਤੋਂ ਪ੍ਰਸਿੱਧ ਤਿਉਹਾਰ ਹੈ। ਪੰਜਾਬੀ ਸੱਭਿਆਚਾਰ ਜਿੱਥੇ ਆਪਣੀਆਂ ਅਮੀਰ ਪਰੰਪਰਾਵਾਂ, ਲੋਕ-ਗੀਤਾਂ, ਲੋਕ-ਨਾਚਾਂ ਅਤੇ ਤਿਉਹਾਰਾਂ ਲਈ ਦੁਨੀਆ ਭਰ ਵਿੱਚ ਆਪਣੀ ਵਿਲੱਖਣ ਪਛਾਣ ਰੱਖਦਾ ਹੈ ਉੱਥੇ ਸਾਡੇ ਸੱਭਿਆਚਾਰ ਦਾ ਕੁਦਰਤ...
ਤੀਆਂ ਸਾਉਣ ਦੇ ਮਹੀਨੇ ਪੰਜਾਬ ਦੀਆਂ ਮੁਟਿਆਰਾ ਵੱਲੋਂ ਮਨਾਇਆ ਜਾਣ ਵਾਲਾ ਸਭ ਤੋਂ ਪ੍ਰਸਿੱਧ ਤਿਉਹਾਰ ਹੈ। ਪੰਜਾਬੀ ਸੱਭਿਆਚਾਰ ਜਿੱਥੇ ਆਪਣੀਆਂ ਅਮੀਰ ਪਰੰਪਰਾਵਾਂ, ਲੋਕ-ਗੀਤਾਂ, ਲੋਕ-ਨਾਚਾਂ ਅਤੇ ਤਿਉਹਾਰਾਂ ਲਈ ਦੁਨੀਆ ਭਰ ਵਿੱਚ ਆਪਣੀ ਵਿਲੱਖਣ ਪਛਾਣ ਰੱਖਦਾ ਹੈ ਉੱਥੇ ਸਾਡੇ ਸੱਭਿਆਚਾਰ ਦਾ ਕੁਦਰਤ ਦੀਆਂ ਬਦਲਦੀਆਂ ਰੁੱਤਾਂ ਨਾਲ ਵੀ ਗੂੜ੍ਹਾ ਸਬੰਧ ਹੈ। ਜਦੋਂ ਜੇਠ-ਹਾੜ੍ਹ ਦੀ ਕੜਕਦੀ ਧੁੱਪ ਅਤੇ ਬਲਦੀ ਲੂ ਤੋਂ ਬਾਅਦ ਸਾਉਣ ਮਹੀਨੇ ਦੀਆਂ ਕਾਲੀਆਂ ਘਟਾਵਾਂ ਘਿਰ ਕੇ ਆਉਂਦੀਆਂ ਹਨ ਤਾਂ ਰਿਮਝਿਮ ਵਰਖਾ ਨਾਲ ਧਰਤੀ ਉੱਤੇ ਹਰਿਆਵਲ ਪਸਰ ਜਾਂਦੀ ਹੈ। ਧਰਤੀ ਦੀ ਇਸ ਤ੍ਰਿਪਤੀ ਦੇ ਨਾਲ ਹੀ ਪੰਜਾਬੀ ਮੁਟਿਆਰਾਂ ਦੇ ਦਿਲਾਂ ਵਿੱਚ ਉਮੰਗ, ਚਾਅ ਅਤੇ ਉਤਸ਼ਾਹ ਦੀਆਂ ਨਵੀਆਂ ਤਰੰਗਾਂ ਦੌੜ ਪੈਂਦੀਆ ਹਨ।
ਇਸੇ ਮਨਮੋਹਕ ਅਤੇ ਸੁਹਾਵਣੀ ਰੁੱਤ ਵਿੱਚ ਹੀ ਪੰਜਾਬਣ ਮੁਟਿਆਰਾਂ ਵੱਲੋਂ ਆਪਣਾ ਸਭ ਤੋਂ ਪਸੰਦੀਦਾ ਤੇ ਰੰਗਲਾ ਤਿਉਹਾਰ ‘ਤੀਆਂ’ ਮਨਾਇਆ ਜਾਂਦਾ ਹੈ। ‘ਤੀਆਂ’ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਸਗੋਂ ਪੰਜਾਬੀ ਸੱਭਿਆਚਾਰ, ਲੋਕ-ਸਾਹਿਤ, ਪਰਿਵਾਰਕ ਰਿਸ਼ਤਿਆਂ ਅਤੇ ਨਾਰੀ ਜੀਵਨ ਦੀ ਕਲਾਤਮਕ ਤੇ ਰਚਨਾਤਮਕ ਅਮੀਰੀ ਦਾ ਪ੍ਰਤੀਕ ਹੈ। ਤੀਆਂ ਦਾ ਤਿਉਹਾਰ ਪੰਜਾਬ ਦੀ ਲੋਕ-ਵਿਰਾਸਤ ਦਾ ਅਨਮੋਲ ਗਹਿਣਾ ਹੈ।
ਤੀਆਂ ਸਾਉਣ ਮਹੀਨੇ ਦੇ ਚਾਨਣ ਪੱਖ ਦੀ ਤੀਜ ਵਾਲੇ ਦਿਨ ਸ਼ੁਰੂ ਹੁੰਦੀਆਂ ਹਨ ਅਤੇ ਪੂਰਨਮਾਸ਼ੀ ਨੂੰ ਖ਼ਤਮ ਹੋ ਜਾਂਦੀਆਂ ਹਨ। ਤੀਜ ਵਾਲੇ ਦਿਨ ਭਾਵ ਸਾਉਣ ਮਹੀਨੇ ਦੀ ਤਿੰਨ ਤਾਰੀਕ ਨੂੰ ਇਹ ਰੌਣਕਾਂ ਜੁੜਨ ਕਾਰਨ ਹੀ ਇਸ ਤਿਉਹਾਰ ਦਾ ਨਾਂ ‘ਤੀਆਂ’ ਪਿਆ ਹੈ। ਰਿਵਾਜ ਅਨੁਸਾਰ ਮਾਪੇ ਆਪਣੀਆਂ ਧੀਆਂ ਨੂੰ ਸਾਉਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੇਕੇ ਲੈ ਆਉਂਦੇ ਸਨ। ਅਸਲ ਵਿੱਚ ਤੀਆਂ ਦਾ ਤਿਉਹਾਰ ਧੀਆਂ-ਧਿਆਣੀਆਂ ਨੂੰ ਆਪਣੇ ਪੇਕੇ ਘਰ ਆਉਣ ਦਾ ਸੁਨੇਹਾ ਦਿੰਦਾ ਹੈ। ਵਿਆਹੀਆਂ ਹੋਈਆਂ ਮੁਟਿਆਰਾਂ ਲਈ ਸਾਉਣ ਦਾ ਮਹੀਨਾ ਇੱਕ ਨਵਾਂ ਖੇੜਾ ਲੈ ਕੇ ਆਉਂਦਾ ਹੈ। ਪੁਰਾਣੇ ਸਮਿਆਂ ਵਿੱਚ ਜਦੋਂ ਆਵਾਜਾਈ ਦੇ ਸਾਧਨ ਘੱਟ ਸਨ ਤਾਂ ਮੁਟਿਆਰਾਂ ਸਾਲ-ਸਾਲ ਭਰ ਆਪਣੇ ਪੇਕੇ ਘਰ ਨਹੀਂ ਸਨ ਆ ਸਕਦੀਆਂ। ਸਾਉਣ ਦਾ ਮਹੀਨਾ ਆਉਂਦੇ ਹੀ ਵੀਰ ਆਪਣੀਆਂ ਭੈਣਾਂ ਨੂੰ ਸਹੁਰੇ ਘਰੋਂ ਲੈਣ ਜਾਂਦੇ ਸਨ। ਇਸ ਤਰ੍ਹਾਂ ਪੇਕੇ ਪਿੰਡ ਇਕੱਠੀਆਂ ਹੋਈਆਂ ਮੁਟਿਆਰਾਂ ਤੀਆਂ ਦੇ ਤਿਉਹਾਰ ਮੌਕੇ ਖ਼ੂਬ ਰੌਣਕਾਂ ਲਗਾਉਂਦੀਆਂ ਸਨ ਜਿਸ ਨੂੰ ਲੋਕ ਬੋਲੀਆਂ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ;
ਸਾਉਣ ਮਹੀਨਾ ਦਿਨ ਤੀਆਂ ਦੇ
ਸਭੇ ਸਹੇਲੀਆਂ ਆਈਆਂ
ਨੀਂ ਸੰਤੋਂ ਸ਼ਾਮੋ ਹੋਈਆਂ ’ਕੱਠੀਆਂ
ਵੱਡੇ ਘਰਾਂ ਦੀਆਂ ਜਾਈਆਂ
ਨੀਂ ਕਾਲੀਆਂ ਦੀ ਫਿੰਨੋ ਦਾ ਤਾਂ
ਚਾਅ ਚੁੱਕਿਆ ਨਾ ਜਾਵੇ
ਝੂਟਾ ਦੇ ਦਿਓ ਨੀਂ
ਮੇਰਾ ਲੱਕ ਹੁਲਾਰੇ ਖਾਵੇੇ।
***
ਸਾਉਣ ਮਹੀਨਾ ਦਿਨ ਤੀਆਂ ਦੇ
ਪਿੱਪਲੀ ਪੀਂਘਾਂ ਪਾਈਆਂ।
ਭਿੱਜ ਗਈ ਰੂਹ ਮਿੱਤਰਾ
ਸਾਉਣ ਘਟਾਂ ਚੜ੍ਹ ਆਈਆਂ।
ਇਸ ਮਹੀਨੇ ਸਹੁਰੇ ਪਰਿਵਾਰ ਵੱਲੋਂ ਪੇਕੇ ਗਈ ਵਿਆਹੁਤਾ ਨੂੰ ਸੰਧਾਰੇ ਦੇ ਰੂਪ ਵਿੱਚ ਸ਼ਗਨ ਭੇਜਿਆ ਜਾਂਦਾ ਹੈ। ਪੇਕੇ ਨਾ ਜਾ ਸਕਣ ਵਾਲੀ ਵਿਆਹੁਤਾ ਨੂੰ ਉਸ ਦੇ ਪੇਕੇ ਸੰਧਾਰਾ ਦੇਣ ਸਹੁਰੇ ਘਰ ਆਉਂਦੇ ਹਨ। ਸੰਧਾਰੇ ਵਿੱਚ ਕੱਪੜੇ, ਮਹਿੰਦੀ, ਸ਼ਿੰਗਾਰ ਦਾ ਸਾਮਾਨ ਅਤੇ ਮਠਿਆਈਆਂ ਆਦਿ ਸ਼ਾਮਿਲ ਹੁੰਦੀਆਂ ਹਨ। ਪੁਰਾਣੇ ਸਮੇਂ ਤੋਂ ਆਟੇ ਦੇ ਬਣੇ ਬਿਸਕੁਟ ਅਤੇ ਅਜੋਕੇ ਸਮੇਂ ਘਿਓਰ ਇਸ ਤਿਉਹਾਰ ਦੀ ਵਿਸ਼ੇਸ਼ ਸੌਗਾਤ ਹਨ। ਜਿਸ ਮੁਟਿਆਰ ਦੇ ਸੰਧਾਰੇ ਵਿੱਚ ਪੇਕਿਆਂ ਤੋਂ ਮਹਿੰਗੇ ਤੋਹਫ਼ੇ ਤੇ ਗਹਿਣੇ ਆਉਂਦੇ ਤਾਂ ਉਹ ਇਨ੍ਹਾਂ ਬੋਲੀਆਂ ਨਾਲ ਆਪਣੀ ਸ਼ਾਨ ਦਾ ਪ੍ਰਗਟਾਵਾ ਕਰਦੀ;
ਲੌਂਗ ਪੇਕਿਆਂ ਸੰਧਾਰੇ ਵਿੱਚ ਘੱਲਿਆ
ਸੂਰਜੇ ਦਾ ਨਗ ਜੜਿਆ।
ਪਿੰਡ ਸਹੁਰਿਆਂ ਦੇ ਬੈਠੀ ਜਦੋਂ ਪਾ ਕੇ
ਸ਼ਰੀਕਣੀ ਦੇ ਸੱਪ ਲੜਿਆ।
ਪੇਕਿਆਂ ਤੋਂ ਆਏ ਸੰਧਾਰੇ ਵਿੱਚ ਆਏ ਸਾਮਾਨ ਨੂੰ ਬੋਲੀ ਵਿੱਚ ਹੀ ਮੁਟਿਆਰ ਕੁਝ ਇਸ ਤਰ੍ਹਾਂ ਬਿਆਨ ਕਰਦੀ;
ਸਾਉਣ ਮਹੀਨੇ ਸੰਧਾਰਾ ਆਇਆ
ਭੈਣ ਲਈ ਵੀਰ ਲਿਆਇਆ
ਘਿਓਰ, ਜਲੇਬੀਆਂ, ਸੂਟ ਤੇ ਮਹਿੰਦੀ
ਚਾਅ ਅੰਬਰਾਂ ਤੱਕ ਛਾਇਆ
ਤੀਆਂ ਤੀਜ ਦੀਆਂ
ਵਰ੍ਹੇ ਦਿਨਾਂ ’ਤੇ ਆਈਆਂ।
ਕੋਈ ਸਮਾਂ ਸੀ ਜਦੋਂ ਤੀਆਂ ਦੇ ਦਿਨਾਂ ਵਿੱਚ ਪਿੰਡਾਂ ਦਾ ਮਾਹੌਲ ਬੇਹੱਦ ਖ਼ੂਬਸੂਰਤ ਤੇ ਖੁਸ਼ਨੁਮਾ ਹੋ ਜਾਂਦਾ ਸੀ। ਪਿੰਡ ਤੋਂ ਬਾਹਰ ਕਿਸੇ ਖੁੱਲ੍ਹੇ ਮੈਦਾਨ, ਪਿੱਪਲ ਜਾਂ ਬੋਹੜ ਦੀ ਠੰਢੀ ਛਾਂ ਹੇਠ ਤੀਆਂ ਦਾ ਪਿੜ ਲੱਗਦਾ ਸੀ। ਢਲਦੇ ਸੂਰਜ ਦੀ ਲੋਅ ਵਿੱਚ ਰੰਗ-ਬਰੰਗੇ ਸੂਟ, ਫੁਲਕਾਰੀਆਂ ਅਤੇ ਹੱਥਾਂ ਉੱਤੇ ਮਹਿੰਦੀ ਸਜਾ ਕੇ ਮੁਟਿਆਰਾਂ ਤੀਆਂ ਮਨਾਉਣ ਲਈ ਇਕੱਠੀਆਂ ਹੁੰਦੀਆਂ ਸਨ। ਉੱਚੇ-ਉੱਚੇ ਰੁੱਖਾਂ ਉੱਤੇ ਪੀਂਘਾਂ ਪਾਈਆਂ ਜਾਂਦੀਆਂ ਸਨ। ਪਿੱਪਲ ਦੇ ਦਰੱਖਤ ਦਾ ਤੀਆਂ ਅਤੇ ਪੀਂਘ ਨਾਲ ਮੁੱਢ ਤੋਂ ਹੀ ਡੂੰਘਾ ਰਿਸ਼ਤਾ ਰਿਹਾ ਹੈ।
ਤੀਆਂ ਮੌਕੇ ਇਕੱਠੀਆਂ ਹੋਈਆ ਮੁਟਿਆਰਾਂ ਅੰਬਰਾਂ ਨੂੰ ਛੂਹਣ ਦੀਆਂ ਰੀਝਾਂ ਨਾਲ ਉੱਚੀ ਪੀਂਘ ਚੜ੍ਹਾਉਂਦੀਆਂ ਸਨ। ਪੀਂਘ ਦੇ ਇਹ ਹੁਲਾਰੇ ਪੰਜਾਬੀ ਕੁੜੀਆਂ ਦੇ ਆਜ਼ਾਦ ਤੇ ਬੇਬਾਕ ਸੁਭਾਅ ਨੂੰ ਪ੍ਰਗਟ ਕਰਦੇ ਸਨ। ਮੁਟਿਆਰਾਂ ਤੀਆਂ ਮੌਕੇ ਲੋਕ ਬੋਲੀਆਂ ਤੇ ਲੋਕ-ਨਾਚਾਂ ਰਾਹੀਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਹੀ ਨਹੀਂ ਕਰਦੀਆਂ ਸਗੋਂ ਇਹ ਪੰਜਾਬੀ ਔਰਤ ਦੀ ਜ਼ਿੰਦਾਦਿਲੀ, ਹਾਸੇ-ਮਜ਼ਾਕ, ਸੂਝ-ਬੂਝ ਅਤੇ ਸਮਾਜਿਕ ਚੇਤਨਾ ਦਾ ਪ੍ਰਗਟਾਵਾ ਹੈ। ਬੋਲੀਆਂ ਵਿੱਚ ਸਮਾਜਿਕ ਵਿਅੰਗ, ਪਰਿਵਾਰਕ ਸਬੰਧ, ਪ੍ਰੇਮ ਅਤੇ ਜੀਵਨ ਦੇ ਅਨੇਕ ਪੱਖ ਬੜੀ ਸਾਦਗੀ ਨਾਲ ਪੇਸ਼ ਕੀਤੇ ਜਾਂਦੇ ਹਨ। ਇਨ੍ਹਾਂ ਬੋਲੀਆਂ ਤੇ ਗੀਤਾਂ ਵਿੱਚ ਪੇਕੇ ਘਰ ਦਾ ਪਿਆਰ, ਵੀਰੇ, ਬਾਬਲ, ਸੱਸ-ਨਣਦ ਦੇ ਰਿਸ਼ਤੇ ਅਤੇ ਸਾਉਣ ਦੀ ਰੁੱਤ ਦਾ ਸੁੰਦਰ ਵਰਣਨ ਹੁੰਦਾ ਹੈ।
ਤੀਆਂ ਦੀ ਅਸਲ ਰੂਹ ਲੋਕ ਨਾਚ ਗਿੱਧਾ ਹੁੰਦਾ ਹੈ। ਢੋਲਕੀ ਦੀ ਥਾਪ ਅਤੇ ਤਾਲੀਆਂ ਦੀ ਗੂੰਜ ਵਿੱਚ ਜਦੋਂ ਮੁਟਿਆਰਾਂ ਗਿੱਧੇ ਦੇ ਪਿੜ ਵਿੱਚ ਉਤਰਦੀਆਂ ਤਾਂ ਸਾਰਾ ਮਾਹੌਲ ਸੰਗੀਤਮਈ ਹੋ ਜਾਂਦਾ ਹੈ। ਇਸ ਮੌਕੇ ਪਾਈਆਂ ਜਾਂਦੀਆਂ ਲੋਕ ਬੋਲੀਆਂ ਅਤੇ ਗੀਤਾਂ ਵਿੱਚ ਔਰਤਾਂ ਦੇ ਸੁੱਖ-ਦੁੱਖ, ਸਹੁਰੇ ਘਰ ਦੀਆਂ ਤਲਖ਼ੀਆਂ, ਪੇਕੇ ਪਰਿਵਾਰ ਦਾ ਅਥਾਹ ਮੋਹ, ਸੱਸ ਤੇ ਨਣਦ ਦੇ ਤਾਹਨੇ, ਵੀਰਾਂ ਦਾ ਪਿਆਰ ਅਤੇ ਆਪਣੀਆਂ ਬਚਪਨ ਦੀਆਂ ਸਹੇਲੀਆਂ ਨਾਲ ਸਾਂਝੀਆਂ ਕੀਤੀਆਂ ਯਾਦਾਂ ਸਮਾਈਆਂ ਹੁੰਦੀਆਂ ਹਨ। ਬੋਲੀਆਂ ਰਾਹੀਂ ਉਹ ਆਪਣੇ ਮਨ ਅੰਦਰ ਛੁਪੇ ਹਰ ਰਾਜ਼ ਨੂੰ ਆਸਾਨੀ ਨਾਲ ਬਾਹਰ ਕੱਢ ਲੈਂਦੀਆਂ ਸਨ। ਤੀਆਂ ਦੇ ਤਿਉਹਾਰ ਮੌਕੇ ਜਦੋਂ ਪੇਕਿਆਂ ਤੋਂ ਮੁਟਿਆਰ ਨੂੰ ਕੋਈ ਵੀ ਲੈਣ ਲਈ ਨਹੀਂ ਆਉਂਦਾ ਤਾਂ ਸੱਸ ਕਿਸ ਤਰ੍ਹਾਂ ਮਿਹਣਾ ਮਾਰਦੀ, ਉਸ ਨੂੰ ਇਸ ਬੋਲੀ ਵਿੱਚ ਖ਼ੂਬ ਪ੍ਰਗਟ ਕੀਤਾ ਗਿਆ ਹੈ;
ਬਹੁਤਿਆਂ ਭਰਾਵਾਂ ਵਾਲੀਏ
ਤੈਨੂੰ ਤੀਆਂ ’ਤੇ ਲੈਣ ਨਾ ਆਏ।
ਅੱਗਿਓਂ ਮੁਟਿਆਰ ਆਪਣੀ ਸੱਸ ਦੇ ਇਸ ਮਿਹਣੇ ਦਾ ਜਵਾਬ ਬੋਲੀ ਪਾ ਕੇ ਕੁਝ ਇਸ ਤਰ੍ਹਾਂ ਦਿੰਦੀ;
ਤੈਥੋਂ ਡਰਦੇ ਲੈਣ ਨਹੀਂ ਆਏ
ਸੱਸੇ ਨੀਂ ਵੜੇਵੇਂ ਅੱਖੀਏ।
ਸਮਾਜਿਕ ਅਤੇ ਮਾਨਸਿਕ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਤੀਆਂ ਸਿਰਫ਼ ਇੱਕ ਮਨੋਰੰਜਨ ਦਾ ਸਾਧਨ ਨਹੀਂ ਸਨ ਬਲਕਿ ਇਹ ਔਰਤਾਂ ਦੀ ਕਲਾ ਦੇ ਪ੍ਰਗਟਾਵੇ ਲਈ ਸੁਰੱਖਿਅਤ ਅਤੇ ਖੁੱਲ੍ਹਾ ਮੰਚ ਸੀ। ਪੁਰਾਣੇ ਸਮਿਆਂ ਵਿੱਚ ਔਰਤਾਂ ਉੱਤੇ ਸਮਾਜਿਕ ਪਾਬੰਦੀਆਂ ਬਹੁਤ ਜ਼ਿਆਦਾ ਹੋਣ ਕਾਰਨ ਉਹ ਤੀਆਂ ਮੌਕੇ ਸਾਰੇ ਬੰਧਨਾਂ ਤੋਂ ਮੁਕਤ ਹੋ ਕੇ ਖੁੱਲ੍ਹ ਕੇ ਜਿਊਂਦੀਆਂ ਅਤੇ ਗੀਤਾਂ ਤੇ ਲੋਕ ਬੋਲੀਆਂ ਰਾਹੀਂ ਆਪਣੇ ਮਨ ਦੇ ਵਲਵਲੇ ਪੇਸ਼ ਕਰ ਦਿੰਦੀਆਂ ਸਨ। ਬਚਪਨ ਦੀਆਂ ਸਹੇਲੀਆਂ ਨਾਲ ਮਿਲ ਕੇ ਹੱਸਣਾ-ਗਾਉਣਾ ਅਤੇ ਮਨ ਦਾ ਬੋਝ ਹੌਲਾ ਕਰਨਾ ਉਨ੍ਹਾਂ ਨੂੰ ਮਾਨਸਿਕ ਤਾਜ਼ਗੀ ਦਿੰਦਾ ਸੀ ਜੋ ਸਾਰੇ ਸਾਲ ਦੀਆਂ ਥਕਾਵਟਾਂ ਨੂੰ ਲਾਹ ਦਿੰਦਾ ਸੀ। ਤੀਆਂ ਦੀ ਰੌਣਕ ਦੀ ਸਮਾਪਤੀ ਮੁਟਿਆਰਾਂ ਇਨ੍ਹਾਂ ਬੋਲਾਂ ਨਾਲ ਕਰਦੀਆਂ;
ਤੀਆਂ ਤੀਜ ਦੀਆਂ
ਵਰ੍ਹੇ ਦਿਨਾਂ ਨੂੰ ਫੇਰ
ਤੀਆਂ ਤੀਜ ਦੀਆਂ।
ਅੱਜ ਦੇ ਮਸ਼ੀਨੀ, ਸ਼ਹਿਰੀਕਰਨ ਅਤੇ ਡਿਜੀਟਲ ਯੁੱਗ ਵਿੱਚ ਤੀਆਂ ਦੇ ਤਿਉਹਾਰ ਦਾ ਸਰੂਪ ਕਾਫ਼ੀ ਬਦਲ ਗਿਆ ਹੈ। ਪਿੰਡਾਂ ਵਿੱਚ ਖੁੱਲ੍ਹੇ ਵਿਹੜੇ, ਪਿੱਪਲਾਂ ਦੀਆਂ ਛਾਵਾਂ ਅਤੇ ਪਰੰਪਰਾਗਤ ਪੀਂਘਾਂ ਹੁਣ ਘੱਟ ਹੀ ਦੇਖਣ ਨੂੰ ਮਿਲਦੀਆਂ ਹਨ। ਅੱਜ ਇਹ ਤਿਉਹਾਰ ਸਕੂਲਾਂ, ਕਾਲਜਾਂ, ਹੋਟਲਾਂ ਅਤੇ ਸੱਭਿਆਚਾਰਕ ਮੰਚਾਂ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਲੋਕ-ਗੀਤਾਂ ਅਤੇ ਪਰੰਪਰਾਗਤ ਢੋਲਕੀ ਦੀ ਥਾਂ ਅੱਜ ਡੀ.ਜੇ. ਅਤੇ ਰਿਕਾਰਡ ਕੀਤੇ ਗਾਣਿਆਂ ਨੇ ਲੈ ਲਈ ਹੈ। ਤੀਆਂ ਦੇ ਇਸ ਬਦਲੇ ਸਰੂਪ ਨਾਲ ਇਸ ਤਿਉਹਾਰ ਦੀ ਰੂਹਾਨੀ ਮਹਿਕ ਵਿੱਚ ਕੁਝ ਕਮੀ ਜ਼ਰੂਰ ਆਈ ਹੈ, ਪਰ ਚੰਗੀ ਗੱਲ ਇਹ ਹੈ ਕਿ ਸਮੇਂ ਦੀ ਤਬਦੀਲੀ ਤੇ ਆਧੁਨਿਕਤਾ ਦੇ ਦੌਰ ਵਿੱਚ ਵੀ ਪੰਜਾਬੀ ਸਮਾਜ ਨੇ ਆਪਣੇ ਇਸ ਵਿਰਸੇ ਨੂੰ ਵਿਸਾਰਿਆ ਨਹੀਂ ਹੈ। ਅੱਜ ਵੀ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਸੱਭਿਆਚਾਰਕ ਸੰਸਥਾਵਾਂ ਵੱਲੋਂ ਤੀਆਂ ਦੀਆਂ ਰੌਣਕਾਂ ਜੁੜਦੀਆਂ ਹਨ, ਜਿੱਥੇ ਨਵੀਂ ਪੀੜ੍ਹੀ ਨੂੰ ਪਰੰਪਰਾਗਤ ਪੰਜਾਬੀ ਪਹਿਰਾਵੇ ਅਤੇ ਅਮੀਰ ਵਿਰਸੇ ਨਾਲ ਜੋੜਿਆ ਜਾਂਦਾ ਹੈ। ਇਹੋ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਇਸ ਤਿਉਹਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਤੀਆਂ ਦਾ ਤਿਉਹਾਰ ਪੰਜਾਬੀ ਸੱਭਿਆਚਾਰ ਦੀ ਰੂਹ, ਨਾਰੀ ਸ਼ਕਤੀ ਦੀ ਆਜ਼ਾਦੀ ਅਤੇ ਭਾਈਚਾਰਕ ਸਾਂਝ ਦਾ ਇੱਕ ਜਿਊਂਦਾ-ਜਾਗਦਾ ਨਮੂਨਾ ਹੈ। ਇਹ ਸਾਨੂੰ ਕੁਦਰਤ ਨਾਲ ਜੁੜਨ ਅਤੇ ਆਪਣੀਆਂ ਜੜਾਂ ਨਾਲ ਸਾਂਝ ਪੱਕੀ ਕਰਨ ਦਾ ਸੁਨੇਹਾ ਦਿੰਦਾ ਹੈ। ਅੱਜ ਦੇ ਜ਼ੋਰ-ਸ਼ੋਰ ਨਾਲ ਬਦਲ ਰਹੇ ਸਮੇਂ ਵਿੱਚ ਤੀਆਂ ਵਰਗੇ ਤਿਉਹਾਰਾਂ ਨੂੰ ਰਵਾਇਤੀ ਢੰਗ ਨਾਲ ਮਨਾਉਣ ਦੇ ਯਤਨ ਜਾਰੀ ਰਹਿਣੇ ਚਾਹੀਦੇ ਹਨ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਪੰਜਾਬੀ ਸੱਭਿਆਚਾਰ ਦੀ ਇਸ ਅਮੀਰੀ ਦਾ ਅਨੰਦ ਮਾਣਦੀਆਂ ਰਹਿਣ।
ਸੰਪਰਕ: 98140-44995

