ਕਲਮ ਦਾ ਧਨੀ ਗੀਤਕਾਰ ਨੰਦ ਲਾਲ ਨੂਰਪੁਰੀ
ਨੰਦ ਲਾਲ ਨੂਰਪੁਰੀ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਉਸ ਦੁਆਰਾ ਰਚੇ ਗਏ ਗੀਤਾਂ ਨੂੰ ਕੌਣ ਨਹੀਂ ਜਾਣਦਾ? ਉਹ ਕਵੀ, ਲੇਖਕ, ਗੀਤਕਾਰ ਤੇ ਸਭ ਤੋਂ ਵੱਧ ਭਲਾ ਇਨਸਾਨ ਸੀ। ਨੰਦ ਲਾਲ ਨੂਰਪੁਰੀ ਦਾ ਜਨਮ ਸਵਾ ਕੁ ਸੌ ਸਾਲ ਪਹਿਲਾਂ ਯਾਨੀ...
ਨੰਦ ਲਾਲ ਨੂਰਪੁਰੀ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਉਸ ਦੁਆਰਾ ਰਚੇ ਗਏ ਗੀਤਾਂ ਨੂੰ ਕੌਣ ਨਹੀਂ ਜਾਣਦਾ? ਉਹ ਕਵੀ, ਲੇਖਕ, ਗੀਤਕਾਰ ਤੇ ਸਭ ਤੋਂ ਵੱਧ ਭਲਾ ਇਨਸਾਨ ਸੀ। ਨੰਦ ਲਾਲ ਨੂਰਪੁਰੀ ਦਾ ਜਨਮ ਸਵਾ ਕੁ ਸੌ ਸਾਲ ਪਹਿਲਾਂ ਯਾਨੀ ਜੂਨ 1906 ਨੂੰ ਪਿਤਾ ਬਿਸ਼ਨ ਸਿੰਘ ਤੇ ਮਾਤਾ ਹੁਕਮ ਦੇਈ ਦੇ ਘਰ ਪਿੰਡ ਨੂਰਪੁਰ ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿੱਚ ਹੋਇਆ ਸੀ। ਮਾਂ-ਬਾਪ ਨੇ ਬੜੇ ਚਾਵਾਂ ਨਾਲ ਉਸ ਦਾ ਨਾਂ ਨੰਦ ਲਾਲ ਰੱਖਿਆ। ਨੰਦ ਲਾਲ ਨੂਰਪੁਰ ਦੀਆਂ ਗਲੀਆਂ ’ਚ ਖੇਡਦਾ, ਲਾਇਲਪੁਰ ਖਾਲਸਾ ਸਕੂਲ ਵਿੱਚ ਪੜ੍ਹਦਾ ਜਵਾਨ ਹੋਇਆ। ਦਸਵੀਂ ਪਾਸ ਕੀਤੀ ਤੇ ਫਿਰ ਲਾਇਲਪੁਰ ਦੇ ਖਾਲਸਾ ਕਾਲਜ ਵਿੱਚ ਅਗਲੇਰੀ ਪੜ੍ਹਾਈ ਲਈ ਦਾਖਲਾ ਲੈ ਲਿਆ।
ਕਾਲਜ ਪੜ੍ਹਦੇ ਸਮੇਂ ਹੀ ਕਿਸੇ ਸਕੂਲ ਵਿੱਚ ਪੰਜਾਬੀ ਦੇ ਮਾਸਟਰ ਦੀ ਨੌਕਰੀ ਕਰ ਲਈ ਤੇ ਪੜ੍ਹਾਈ ਵਿੱਚੇ ਹੀ ਛੱਡ ਦਿੱਤੀ। ਲਿਖਣ ਦਾ ਸ਼ੌਕ ਉਸ ਨੂੰ ਇਸੇ ਦੌਰਾਨ ਲੱਗਿਆ। ਕਾਪੀਆਂ ’ਤੇ ਕਵਿਤਾ, ਗੀਤ, ਗ਼ਜ਼ਲਾਂ ਲਿਖਣੀਆਂ ਤੇ ਫਿਰ ਯਾਰਾਂ ਦੋਸਤਾਂ ਨੂੰ ਦਿਖਾਉਣੀਆਂ। ਹੱਲਾਸ਼ੇਰੀ ਮਿਲਣੀ ਤੇ ਫਿਰ ਅਗਾਂਹ ਹੋਰ ਨਵਾਂ ਤੇ ਵਧੀਆ ਲਿਖਣ ਦੀ ਹਿੰਮਤ ਕਰਨੀ। ਇਸੇ ਤਰ੍ਹਾਂ ਲਿਖਦਿਆਂ-ਲਿਖਦਿਆਂ ਨੰਦ ਲਾਲ, ਨੰਦ ਲਾਲ ਨੂਰਪੁਰੀ ਬਣ ਗਿਆ। ਨੂਰਪੁਰੀ ਤਖੱਲਸ ਉਸ ਨੇ ਆਪਣੇ ਪਿੰਡ ਦਾ ਨਾਂ ਲਾਇਆ।
ਉਨ੍ਹਾਂ ਦਿਨਾਂ ਵਿੱਚ ਮਨੋਰੰਜਨ ਦਾ ਸਾਧਨ ਕਵੀ ਦਰਬਾਰ ਹੁੰਦੇ ਸਨ। ਨੰਦ ਲਾਲ ਨੂਰਪੁਰੀ ਨੇ ਵੀ ਕਵੀ ਦਰਬਾਰਾਂ ਵਿੱਚ ਹਾਜ਼ਰੀ ਭਰਨੀ ਸ਼ੁਰੂ ਕਰ ਦਿੱਤੀ। ਸਟੇਜ ’ਤੇ ਖਲੋ ਕੇ ਕਵਿਤਾ, ਗੀਤ ਸੁਣਾਉਣ ਸਮੇਂ ਵੱਜਦੀਆਂ ਤਾਲੀਆਂ ਕਰਕੇ ਹੌਸਲੇ ਨੇ ਉਡਾਣ ਭਰੀ ਤੇ ਉਹ ਪੱਕੇ ਪੈਰੀਂ ਹੋ ਤੁਰਿਆ। ਉਦੋਂ ਕਵੀਆਂ ਨੂੰ ਕਵੀ ਦਰਬਾਰਾਂ ਵਿੱਚ ਮਿਹਨਤਾਨਾ ਬਹੁਤ ਘੱਟ ਮਿਲਦਾ ਸੀ। ਘਰ ਦਾ ਗੁਜ਼ਾਰਾ ਚਲਾਉਣ ਲਈ ਪਹਿਲਾਂ ਤਾਂ ਉਸ ਨੇ ਅਧਿਆਪਕ ਦਾ ਕਿੱਤਾ ਚੁਣਿਆ। ਥੋੜ੍ਹਾ ਚਿਰ ਅਧਿਆਪਨ ਦਾ ਕਾਰਜ ਕਰਦਾ ਰਿਹਾ, ਪਰ ਉਸ ਨੂੰ ਮਾਸਟਰ ਦੀ ਨੌਕਰੀ ਰਾਸ ਨਾ ਆਈ ਤਾਂ ਉਸ ਨੇ ਇਹ ਨੌਕਰੀ ਛੱਡ ਦਿੱਤੀ। ਉਸ ਦੀ ਡੀਲ-ਡੌਲ ਚੰਗੀ ਸੀ ਅਤੇ ਸਿਹਤ ਵੀ ਵਧੀਆ ਸੀ। ਉਸ ਨੇ ਪੁਲੀਸ ਦੀ ਨੌਕਰੀ ਲਈ ਕੋਸ਼ਿਸ਼ ਕੀਤੀ ਤਾਂ ਸਿੱਧਾ ਏ.ਐੱਸ.ਆਈ. (ਥਾਣੇਦਾਰ) ਭਰਤੀ ਹੋ ਗਿਆ। ਲੇਖਕ ਬੰਦਾ ਸੀ। ਇਹ ਜਜ਼ਬਾਤੀ ਕਿਸਮ ਦੇ ਇਨਸਾਨ ਹੁੰਦੇ ਹਨ। ਪੁਲੀਸ ਦੀ ਨੌਕਰੀ ਦੌਰਾਨ ਇੱਕ ਹਾਦਸੇ ਨੇ ਉਸ ਦਾ ਮਨ-ਉਚਾਟ ਕਰ ਦਿੱਤਾ ਤੇ ਫਿਰ ਇਸ ਨੌਕਰੀ ਤੋਂ ਵੀ ਅਸਤੀਫ਼ਾ ਦੇ ਦਿੱਤਾ।
ਨੰਦ ਲਾਲ ਨੂਰਪੁਰੀ ਦਾ ਵਿਆਹ ਬੀਕਾਨੇਰ ਦੀ ਸੁਮਿੱਤਰਾ ਦੇਵੀ ਨਾਲ ਹੋਇਆ। ਉਨ੍ਹਾਂ ਦੇ ਅੱਠ ਬੱਚੇ ਹੋਏ। ਜਿਨ੍ਹਾਂ ਵਿੱਚ ਛੇ ਲੜਕੀਆਂ ਤੇ ਦੋ ਲੜਕੇ ਪੈਦਾ ਹੋਏ। ਕਬੀਲਦਾਰੀ ਭਾਰੀ ਹੋ ਗਈ ਤੇ ਗੁਜ਼ਾਰਾ ਕਰਨਾ ਮੁਸ਼ਕਿਲ ਸੀ। ਇਸ ਦੌਰਾਨ ਉਸ ਨੂੰ ਕੋਲੰਬੀਆ ਕੈਸੇਟ ਕੰਪਨੀ ਵਿੱਚ ਗੀਤ ਲਿਖਣ ਦਾ ਕੰਮ ਮਿਲਿਆ। 1942 ’ਚ ਪੰਜਾਬੀ ਫਿਲਮ ‘ਮੰਗਤੀ’ ਰਿਲੀਜ਼ ਹੋਈ ਸੀ। ਇਸ ਫਿਲਮ ਦੇ ਸਾਰੇ ਦੇ ਸਾਰੇੇ 9 ਗੀਤ ਨੰਦ ਲਾਲ ਨੂਰਪੁਰੀ ਨੇ ਲਿਖੇ ਸਨ। ਇੱਕ ਗੀਤ ਖੁਦ ਉਸ ਨੇ ਗਾਇਆ ਵੀ ਸੀ। ਬਾਕੀ ਸਾਰੇ ਗੀਤ ਜ਼ੀਨਤ ਬੇਗਮ ਤੇ ਰਹਿਮਤ ਬਾਈ ਦੀ ਆਵਾਜ਼ ਵਿੱਚ ਸਨ। ਇਨ੍ਹਾਂ ਗੀਤਾਂ ਵਿੱਚ ਸ਼ਾਮਲ ਸਨ ‘ਆਵੀਂ ਚੰਨ ਵੇ ਨਹਿਰ ਦੇ ਕੰਢੇ ਉੱਤੇ’, ‘ਏ ਦੁਨੀਆ ਤਾਂ ਖੁਸ਼ ਹੁੰਦੀ ਏ’, ‘ਮੈਨੂੰ ਸੁੱਤਿਆਂ ਨੀਂਦ ਨਾ ਆਵੇ’, ‘ਬਾਂਕੇ ਨੈਣਾਂ ਵਾਲਿਆ ਨੈਣ ਮਿਲਾਉਂਦਾ ਜਾ’, ‘ਲੁੱਟ ਲਈ ਮਸਤ ਜਵਾਨੀ’, ‘ਐਥੋ ਉੱਡ ਜਾ ਭੋਲਿਆ ਪੰਛੀਆਂ’ (ਇਹ ਗੀਤ ਨੂਰਪੁਰੀ ਤੇ ਜ਼ੀਨਤ ਬੇਗਮ ਨੇ ਗਾਇਆ ਸੀ), ‘ਸੁਪਨੇ ਵਿੱਚ ਮਾਹੀ ਆਇਆ ਹੌਲੇ-ਹੌਲੇ’, ‘ਤੇਰੇ ਦਰਸ ਦੀ ਪਿਆਸੀ’, ‘ਦਿਨ ਚੜ੍ਹਿਆ’ ਤੇ ‘ਬਾਂਕੀਆਂ ਨਾਰਾਂ’ ਆਦਿ ਸਨ। ਇਹ ਫਿਲਮ ਦੇ ਗੀਤ ਬਹੁਤ ਹਿੱਟ ਹੋਏ ਸਨ। ਇਹ ਫਿਲਮ ਗੋਲਡਨ ਜੁਬਲੀ ਫਿਲਮ ਸੀ।
ਸਾਲ 1947 ਵਿੱਚ ਦੇਸ਼ ਆਜ਼ਾਦ ਹੋ ਗਿਆ। ਉਸ ਨੇ ਵੀ ਇਸ ਉਜਾੜੇ ਦੀ ਪੀੜ ਝੱਲੀ। ਨੰਦ ਲਾਲ ਨੂਰਪੁਰੀ ਆਪਣੇ ਪਰਿਵਾਰ ਸਮੇਤ ਦੋ ਕੱਪੜਿਆਂ ਵਿੱਚ ਇੱਧਰ ਜਲੰਧਰ ਆ ਕੇ ਰਹਿਣ ਲੱਗ ਪਿਆ। ਸਭ ਕੁਝ ਉੱਜੜ ਚੁੱਕਾ ਸੀ। ਰੋਟੀ ਦੇ ਲਾਲੇ ਪੈ ਗਏ ਸਨ। ਪਰਿਵਾਰ ਨੇ ਹੱਥ ਪੈਰ ਮਾਰਨੇ ਸ਼ੁਰੂ ਕੀਤੇ ਤਾਂ ਸਰਕਾਰ ਵੱਲੋਂ ਸਾਲ ਦੀ ਪੰਜ ਸੌ ਰੁਪਏ ਪੈਨਸ਼ਨ ਲਾਗੂ ਹੋ ਗਈ। ਉਹ ਪੰਜਾਬੀ ਫਿਲਮ ‘ਮੰਗਤੀ’ ਤੋਂ ਲੈ ਕੇ ਦੇਸ਼ ਵੰਡ ਤੱਕ ਪੰਜ ਫਿਲਮਾਂ ਵਿੱਚ ਗੀਤ ਲਿਖ ਚੁੱਕਾ ਸੀ ਤੇ ਉਸ ਨੂੰ ਮਿਹਨਤਾਨਾ ਮਿਲਿਆ ਸਿਰਫ਼ ਪੈਂਤੀ ਰੁਪਏ।
ਇਸੇ ਦੌਰਾਨ ਭਾਸ਼ਾ ਵਿਭਾਗ ਵਿੱਚ ਨੌਕਰੀ ਮਿਲੀ ਗਈ, ਪਰ ਉਹ ਇਸ ਨੌਕਰੀ ਤੋਂ ਵੀ ਖੁਸ਼ ਨਹੀਂ ਸੀ ਕਿਉਂਕਿ ਉਹ ਕਹਿੰਦਾ ਹੁੰਦਾ ਸੀ ਕਿ ਮੈਂ ਪੜ੍ਹਿਆ ਲਿਖਿਆ ਬੰਦਾ ਹਾਂ ਤੇ ਭਾਸ਼ਾ ਵਿਭਾਗ ਵਾਲਿਆਂ ਨੇ ਮੈਨੂੰ ਦਰਜਾ ਚਾਰ ਦੀ ਨੌਕਰੀ ਦਿੱਤੀ ਹੈ। ਉਸ ਨੇ ਇਹ ਨੌਕਰੀ ਵੀ ਛੱਡ ਦਿੱਤੀ। ਰੇਡੀਓ ’ਤੇ ਆਪਣੀ ਪੇਸ਼ਕਾਰੀ ਦਿੱਤੀ। ਕਵੀ ਦਰਬਾਰਾਂ ਵਿੱਚ ਵੀ ਸ਼ਾਮਲ ਹੋਇਆ। ਉਸ ਦੁਆਰਾ ਰਚੇ ਗੀਤ ਪਿੰਡਾਂ ਦੇ ਬਨੇਰਿਆਂ ’ਤੇ ਸਪੀਕਰਾਂ ਵਿੱਚ, ਰੇਡੀਓ ਤੇ ਫਿਲਮਾਂ ਵਿੱਚ ਬਹੁਤ ਵੱਜਣ ਲੱਗੇ, ਪਰ ਉਸ ਦੀ ਹਾਲਤ ਜਿਉਂ ਦੀ ਤਿਉਂ ਹੀ ਰਹੀ। ਚਿੱਟਾ ਕੁੜਤਾ ਪਜ਼ਾਮਾ, ਸਿਰ ’ਤੇ ਪੱਗ ਤੇ ਟੁੱਟੀਆਂ ਘਸੀਆਂ ਪੈਰੀਂ ਚੱਪਲਾਂ ਤੇ ਪੁਰਾਣਾ ਜਿਹਾ ਸਾਈਕਲ ਹੀ ਉਸ ਦੀ ਜਾਇਦਾਦ ਸਨ।
ਉਸ ਦੁਆਰਾ ਲਿਖੇ ਗੀਤ ਗਾ ਕੇ ਉਸ ਸਮੇਂ ਦੇ ਗਾਇਕ-ਗਾਇਕਾਵਾਂ ਕੋਠੀਆਂ ਕਾਰਾਂ ਦੇ ਮਾਲਕ ਬਣ ਗਏ, ਪਰ ਉਸ ਭਲੇ ਇਨਸਾਨ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਉਸ ਦੇ ਗੀਤ ਪੰਜਾਬੀ ਫਿਲਮਾਂ ਵਿੱਚ ਉਸ ਸਮੇਂ ਦੇ ਮਸ਼ਹੂਰ ਗਾਇਕ ਤੇ ਗਾਇਕਾਵਾਂ ਨੇ ਗਾਏ ਜਿਵੇਂ ਕਿ ਜ਼ੀਨਤ ਬੇਗਮ, ਰਹਿਮਤ ਬਾਈ, ਮੁਹੰਮਦ ਰਫੀ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਆਸਾ ਸਿੰਘ ਮਸਤਾਨਾ, ਹਰਚਰਨ ਗਰੇਵਾਲ, ਨਰਿੰਦਰ ਬੀਬਾ ਆਦਿ। ਨੰਦ ਲਾਲ ਨੂਰਪੁਰੀ ਦੇ ਲਿਖੇ ਗੀਤ ਅੱਜ ਵੀ ਗੁਣਗਣਾਏ ਜਾਂਦੇ ਹਨ;
- ਬੱਲੇ ਜੱਟਾਂ ਬੱਲੇ ਕੱਲ੍ਹ ਕੱਖ ਨਈਂ ਸੀ ਤੇਰੇ ਪੱਲੇ
- ਜੁੱਤੀ ਕਸੂਰੀ ਪੈਰੀਂ ਨਾ ਪੂਰੀ
- ਚੰਨ ਵੇ ਕਿ ਸ਼ੌਕਣ ਮੇਲੇ ਦੀ
- ਕਾਹਨੂੰ ਵੇ ਪਿੱਪਲਾ ਖੜ੍ਹ-ਖੜ੍ਹ ਲਾਈ ਆ
- ਬੱਲੇ ਨੀਂ ਪੰਜਾਬ ਦੀਏ ਸ਼ੇਰ ਬੱਚੀਏ
- ਕੈਂਠੇ ਵਾਲਾ ਆ ਗਿਆ ਪ੍ਰਾਹੁਣਾ
- ਮੈਨੂੰ ਦਿਉਰ ਦੇ ਵਿਆਹ ਦੇ ਵਿੱਚ ਨੱਚ ਲੈਣ ਦੇ
- ਗੱਡੇ ਉੱਤੇ ਆ ਗਿਆ ਸੰਦੂਕ ਮੁਟਿਆਰ ਦਾ
-ਗੋਰੀ ਦੀਆਂ ਝਾਂਜਰਾਂ ਬਲਾਉਂਦੀਆਂ ਪਈਆਂ
- ਘੁੰਡ ਕੱਢ ਲੈ ਪਤਲੀਏ ਨਾਰੇ
- ਭੋਲਿਆ ਪੰਛੀਆਂ
ਇਨ੍ਹਾਂ ਸਮੇਤ ਹੋਰ ਵੀ ਬਹੁਤ ਗੀਤ ਹਨ ਜੋ ਉਸ ਦੀ ਕਲਮ ਰਾਹੀਂ ਰਚੇ ਗਏ ਸਨ। ਉਸ ਨੇ ਕਈ ਧਾਰਮਿਕ ਗੀਤ ਵੀ ਲਿਖੇ;
- ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ
- ਚੁੰਮ-ਚੁੰਮ ਰੱਖੋ ਨੀਂ ਇਹ ਕਲਗੀ ਜੁਝਾਰ ਦੀ
ਇਹ ਉਸ ਦੀ ਤ੍ਰਾਸਦੀ ਸੀ ਕਿ ਇੰਨਾ ਪੰਜਾਬੀ ਸਾਹਿਤ ਲਿਖਣ ਦੇ ਬਾਵਜੂਦ ਗ਼ਰੀਬੀ ਨੇ ਉਸ ਦਾ ਖਹਿੜਾ ਨਹੀਂ ਛੱਡਿਆ। ਬੱਚਿਆਂ ਦੀ ਚਿੰਤਾ ਸਮੇਤ ਹੋਰ ਵੀ ਬਹੁਤ ਸਾਰੀਆਂ ਗੱਲਾਂ ਜੋ ਉਸ ਨੂੰ ਅੰਦਰੋਂ ਅੰਦਰੀ ਖੋਖਲਾ ਕਰੀ ਜਾ ਰਹੀਆਂ ਸਨ। ਇਨ੍ਹਾਂ ਸਭ ਚਿੰਤਾਵਾਂ ਤੇ ਫਿਕਰਾਂ ਤੋਂ ਮੁਕਤੀ ਪਾਉਣ ਲਈ ਉਸ ਨੇ ਸ਼ਰਾਬ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ। ਇਸ ਕਾਰਨ ਉਸ ਦੀ ਸਿਹਤ ਵੀ ਖ਼ਰਾਬ ਰਹਿਣ ਲੱਗ ਪਈ ਸੀ। ਰੋਜ਼ੀ-ਰੋਟੀ, ਦਾਰੂ ਅਤੇ ਫਿਰ ਦਵਾਈ ਲਈ ਵੀ ਉਸ ਨੂੰ ਪੈਸੇ ਚਾਹੀਦੇ ਸਨ ਜੋ ਉਸ ਕੋਲ ਨਹੀਂ ਸਨ।
ਇਸ ਸਭ ਨੇ ਉਸ ਨੂੰ ਇੰਨਾ ਮਜਬੂਰ ਕਰ ਦਿੱਤਾ ਕਿ 13 ਮਈ 1966 ਨੂੰ ਉਹ ਆਪਣੇ ਘਰ ਦੇ ਬਾਹਰ ਖੂਹ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਗਿਆ ਤੇ ਇਨ੍ਹਾਂ ਚਿੰਤਾਵਾਂ, ਫਿਕਰਾਂ ਤੋਂ ਸਦਾ ਲਈ ਮੁਕਤੀ ਪਾ ਗਿਆ। ਨੰਦ ਲਾਲ ਨੂਰਪੁਰੀ ਦੀਆਂ ਲਿਖਤਾਂ ਦੀਆਂ ਕਿਤਾਬਾਂ ਵੀ ਪ੍ਰਕਾਸ਼ਿਤ ਹੋਈਆਂ ਜਿਨ੍ਹਾਂ ਵਿੱਚ ‘ਸੁਗਾਤ’, ‘ਨੂਰਪੁਰੀ ਦੇ ਗੀਤ’, ‘ਵੰਗਾਂ’, ‘ਜਿਊਂਦਾ ਪੰਜਾਬ’, ‘ਚੰਗਿਆੜੇ ਤੇ ਨੂਰਪੁਰੀਆ’ ਆਦਿ ਸ਼ਾਮਲ ਹਨ।
ਉਸ ਦੀਆਂ ਇਨ੍ਹਾਂ ਲਿਖਤਾਂ ਬਦਲੇ ਉਸ ਦਾ ਮਾਨ-ਸਨਮਾਨ ਵੀ ਕੀਤਾ ਗਿਆ। 1960 ਵਿੱਚ ਭਾਸ਼ਾ ਵਿਭਾਗ ਵੱਲੋਂ ‘ਸੁਗਾਤ’ ਲਈ ਸਰਬੋਤਮ ਇਨਾਮ ਮਿਲਿਆ। 1971 ਵਿੱਚ ਉਸ ਦੀਆਂ ਕਵਿਤਾਵਾਂ ਦਾ ਕਾਵਿ-ਸੰਗ੍ਰਹਿ ਛਪਿਆ। 1969 ਵਿੱਚ ਪੰਜਾਬੀ ਯੂਨੀਵਰਸਿਟੀ ਨੇ ਨੰਦ ਲਾਲ ਨੂਰਪੁਰੀ ਦੀਆਂ ਸਾਰੀਆਂ ਲਿਖਤਾਂ ਵਿੱਚ ਕਵਿਤਾਵਾਂ, ਗੀਤ ਅਤੇ ਗ਼ਜ਼ਲਾਂ ‘ਨੰਦ ਲਾਲ ਨੂਰਪੁਰੀ ਕਾਵਿ-ਸੰਗ੍ਰਹਿ’ ਹੇਠ ਪ੍ਰਕਾਸ਼ਿਤ ਕੀਤਾ। ਉਸ ਦੁਆਰਾ ਲਿਖੇ ਗੀਤ ਉਸ ਦੀ ਯਾਦ ਤਾਜ਼ਾ ਕਰਵਾਉਂਦੇ ਰਹਿਣਗੇ।
ਈਮੇਲ: dharmindersinghchabba@gmail.com

