ਕਰੂਆ-ਸਰਘੀ ਦੀ ਮਿੱਠੀ ਖ਼ੁਸ਼ਬੋ

ਕਰੂਆ-ਸਰਘੀ ਦੀ ਮਿੱਠੀ ਖ਼ੁਸ਼ਬੋ

ਪਰਮਜੀਤ ਕੌਰ ਸਰਹਿੰਦ

ਔਰਤਾਂ ਦਾ ਵਿਸ਼ੇਸ਼ ਤਿਉਹਾਰ ਕਰੂਆ-ਸਰਘੀ ਦੁਸਹਿਰੇ ਤੋਂ ਅੱਠ ਦਿਨ ਬਾਅਦ ਆਉਂਦਾ ਹੈ। ਇਹ ਅਕਤੂਬਰ-ਨਵੰਬਰ ਭਾਵ ਅੱਸੂ-ਕੱਤਕ ਦੇ ਮਹੀਨੇ ਹੁੰਦਾ ਹੈ। ਆਮ ਤੌਰ ’ਤੇ ਇਹ ਤਿਉਹਾਰ ਕੱਤਕ ਦੀ ਹਨੇਰ ਪੱਖ ਦੀ ਚੌਥ ਨੂੰ ਹੁੰਦਾ ਹੈ। ਇਸੇ ਲਈ ਇਸ ਨੂੰ ਕਰਵਾ ਚੌਥ ਕਿਹਾ ਜਾਂਦਾ ਹੈ। ਇਸ ਦਿਨ ਸੁਹਾਗਣਾਂ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਦੀਆਂ ਹਨ। ਪਤਾ ਨਹੀਂ ਕਦੋਂ ਕੁ ਤੋਂ ਇਹ ਵਰਤਾਂ ਦਾ ਰਿਵਾਜ ਚੱਲ ਰਿਹਾ ਹੈ। ਇਸ ਵਰਤ ਨਾਲ ਕਈ ਇਤਿਹਾਸਕ ਤੇ ਮਿਥਿਹਾਸਕ ਕਥਾਵਾਂ ਵੀ ਜੁੜੀਆਂ ਹੋਈਆਂ ਹਨ।

ਜਿਨ੍ਹਾਂ ਦਿਨਾਂ ਦੀ ਮੈਂ ਗੱਲ ਕਰ ਰਹੀ ਹਾਂ ਉਦੋਂ ਇਸ ਤਿਉਹਾਰ ਨੂੰ ਕਰਵਾ ਚੌਥ ਕੋਈ ਸ਼ਹਿਰੀ ਹੀ ਕਹਿੰਦਾ ਸੀ। ਇਸ ਨੂੰ ‘ਕਰੂਏ ਦਾ ਵਰਤ’ ਜਾਂ ‘ਸਰਘੀ’ ਕਿਹਾ ਜਾਂਦਾ ਸੀ। ਸਰਘੀ ਤੋਂ ਭਾਵ ਹੈ ਸਵੇਰ। ਕਿਉਂਕਿ ਇਹ ਵਰਤ ਸਰਘੀ ਵੇਲੇ ਤੋਂ ਲੈ ਕੇ ਰਾਤੀਂ ਚੰਦ ਦੇ ਚੜ੍ਹਨ ਤਕ ਦਾ ਹੁੰਦਾ ਹੈ। ਮੇਰਾ ਖਿਆਲ ਹੈ ਕਿ ਤਾਂ ਹੀ ਇਸ ਨੂੰ ‘ਸਰਘੀ’ ਕਿਹਾ ਜਾਂਦਾ ਹੈ। ਤੀਆਂ ਦੇ ਤਿਉਹਾਰ ਵਾਂਗ ਇਹ ਤਿਉਹਾਰ ਵੀ ਸੱਜ ਵਿਆਹੀਆਂ ਲਈ ਬੜਾ ਮਹੱਤਵ ਰੱਖਦਾ ਹੈ। ਤੀਆਂ ਦੇ ਸੰਧਾਰੇ ਵਾਂਗ ਕਰੂਏ ਦਾ ਪਹਿਲਾ ਸੰਧਾਰਾ ਵੀ ਪੇਕੇ ਗਈ ਨੂੰਹ ਨੂੰ ਸਹੁਰਿਆਂ ਵੱਲੋਂ ਘੱਲਿਆ ਜਾਂਦਾ। ਉਸ ਸਮੇਂ ਮਜਬੂਰੀ ਵਸ ਹੀ ਕੋਈ ਨਵੀਂ ਵਿਆਹੀ ਸਹੁਰੇ ਘਰ ਇਹ ਵਰਤ ਰੱਖਦੀ ਸੀ। ਸਰਘੀ ਵਾਲੇ ਦਿਨ ਸਰਘੀ ਵਾਲੀ ਕੁੜੀ ਨੂੰ ਹੀ ਨਹੀਂ ਬਲਕਿ ਸਾਰੇ ਪਰਿਵਾਰ ਗਲੀ-ਮੁਹੱਲੇ ਤੇ ਸ਼ਰੀਕੇ-ਕਬੀਲੇ ਨੂੰ ਵੀ ਚਾਅ ਹੁੰਦਾ। ਜਿਨ੍ਹਾਂ ਸਰਘੀ ਦੇਣੀ ਹੁੰਦੀ ਉਨ੍ਹਾਂ ਦੇ ਘਰ ਵੀ ਬੜੀ ਰੌਣਕ ਹੁੰਦੀ।

ਪਿਛਲੇ ਸਮੇਂ ਵਿਚ ਕਰੂਏ ਜਾਂ ਸਰਘੀ ਦੇ ਸੰਧਾਰੇ ਵਿਚ ਅੱਜ ਵਾਂਗ ਤਰ੍ਹਾਂ-ਤਰ੍ਹਾਂ ਦੀਆਂ ਮਠਿਆਈਆਂ ਨਹੀਂ ਸਨ ਦਿੱਤੀਆਂ ਜਾਂਦੀਆਂ। ਸਗੋਂ ਕੜਾਹ ਤੇ ਪੂੜੀਆਂ ਦਿੱਤੀਆਂ ਜਾਂਦੀਆਂ ਸਨ। ਸ਼ਰੀਕੇ-ਭਾਈਚਾਰੇ ਦੀਆਂ ਦੋ-ਚਾਰ ਔਰਤਾਂ ਰਲ ਕੇ ਹਲਵਾਈ ਦਾ ਕੰਮ ਸਾਰ ਲੈਂਦੀਆਂ ਸਨ। ਇੱਟਾਂ ਦਾ ਵੱਡਾ ਸਾਰਾ ਆਰਜ਼ੀ ਚੁੱਲ੍ਹਾ ਬਣਾ ਕੇ ਲੋਹੇ ਦੀ ਵੱਡੀ ਕੜਾਹੀ ਵਿਚ ਪਹਿਲਾਂ ਪੂੜੀਆਂ ਤਲੀਆਂ ਜਾਂਦੀਆਂ ਫਿਰ ਉਸੇ ਵਿਚ ਸੂਜੀ ਦਾ ਕੜਾਹ ਬਣਾਇਆ ਜਾਂਦਾ। ਸਰਦੇ-ਪੁੱਜਦੇ ਘਰ ਕੜਾਹ ਵਿਚ ਸੌਗੀ-ਬਦਾਮ ਤੇ ਨਾਰੀਅਲ ਵੀ ਪਾਉਂਦੇ। ਫਿਰ ਕਿਸੇ ਵੱਡੀ ਪਿੱਤਲ ਦੀ ਬਾਲਟੀ ਜਾਂ ਗਾਗਰ (ਵਲਟੋਹੀ) ਵਿਚ ਪਹਿਲਾਂ ਕੜਾਹ ਪਾ ਲੈਣਾ ਉੱਤੋਂ ਤੁੰਨ-ਤੁੰਨ ਪੂੜੀਆਂ ਪਾਉਣੀਆਂ। ਵਿਤ ਮੁਤਾਬਿਕ ਕਈ ਵਾਰ ਦੋ-ਦੋ ਭਾਂਡੇ ਵੀ ਭਰ ਕੇ ਭੇਜੇ ਜਾਂਦੇ। ਪਿੱਤਲ ਤੋਂ ਬਾਅਦ ਸਟੀਲ ਦਾ ਯੁੱਗ ਆਇਆ। ਉਦੋਂ ਅੱਜ ਵਾਂਗ ਹੌਟ ਬਾਕਸ ਜਾਂ ਹੌਟ ਕੇਸ ਨਹੀਂ ਸਨ ਹੁੰਦੇ ਕਿ ਗਰਮਾ-ਗਰਮ ਕੜਾਹ ਪੂੜੀਆਂ ਭੇਜੀਆਂ ਜਾਂਦੀਆਂ। ਨਾ ਹੀ ਅੱਜ ਵਾਂਗ ਘਰ-ਘਰ ਕਾਰਾਂ-ਸਕੂਟਰ ਜਾਂ ਮੋਟਰਸਾਈਕਲ ਹੁੰਦੇ ਸਨ। ਇਹ ਸਾਮਾਨ ਜਾਂ ਸੰਧਾਰਾ ਸਾਈਕਲ ਜਾਂ ਕੋਈ ਸ਼ੁਕੀਨ ਗੱਭਰੂ ਖੇਤੀ ਲਈ ਰੱਖੇ ਟਰੈਕਟਰ ਉੱਤੇ ਵੀ ਲੈ ਜਾਂਦਾ। ਉਸ ਦੇ ਨਾਲ ਕੋਈ ਲਾਗੀ-ਤੱਥੀ, ਭੈਣ-ਭਰਾ ਜਾਂ ਕੋਈ ਚਾਅ ਮੱਤਾ ਮਾਂ-ਬਾਪ ਵੀ ਚਲਿਆ ਜਾਂਦਾ।

ਇਹ ਸੰਧਾਰਾ ਪਹਿਲੇ ਦਿਨ ਸ਼ਾਮੀਂ ਪੁੱਜਦਾ। ਆਏ ਮਹਿਮਾਨਾਂ ਦਾ ਬਹੁਤ ਚਾਅ ਅਤੇ ਮਾਣ ਕੀਤਾ ਜਾਂਦਾ। ਸਹੁਰੇ ਪਰਿਵਾਰ ਵੱਲੋਂ ਨੂੰਹ ਲਈ ਕੱਪੜਾ ਲੱਤਾ, ਗਹਿਣਾ, ਚੂੜੀਆਂ ਤੇ ਮਹਿੰਦੀ ਜ਼ਰੂਰ ਦਿੱਤੀ ਜਾਂਦੀ। ਨੂੰਹ ਦੇ ਭੈਣ-ਭਰਾਵਾਂ ਨੂੰ ਵੀ ਕੱਪੜਾ-ਲੀੜਾ ਦਿੱਤਾ ਜਾਂਦਾ। ਨੂੰਹ ਲਈ ਇਕੋ ਗਹਿਣਾ ਹੁੰਦਾ ਕੋਈ ਛਾਪ-ਛੱਲਾ, ਕੋਈ ਡੰਡੀ ਝੁਮਕੀ ਜਾਂ ਵਾਲੀਆਂ-ਕਾਂਟੇ। ਕਰਜ਼ਾ ਚੁੱਕ ਕੇ ਫੋਕੇ ਦਿਖਾਵੇ ਉਦੋਂ ਕੋਈ ਨਹੀਂ ਸੀ ਕਰਦਾ। ਅੱਗੋਂ ਪੇਕੇ ਪਰਿਵਾਰ ਵੱਲੋਂ ਵੀ ਆਏ ਮਹਿਮਾਨਾਂ ਅਤੇ ਸੱਸ ਨੂੰ ਕੱਪੜਾ-ਲੀੜਾ ਦਿੱਤਾ ਜਾਂਦਾ। ਸੱਸ ਲਈ ਇਕ ਪਿੱਤਲ ਦਾ ਭਾਂਡਾ ਜ਼ਰੂਰ ਦਿੱਤਾ ਜਾਂਦਾ ਜਿਸ ਨੂੰ ‘ਜਾਪੇ ਦਾ ਭਾਂਡਾ’ ਕਿਹਾ ਜਾਂਦਾ। ਸਰਘੀ ਵਾਲੀ ਨੂੰਹ-ਧੀ ਦੀਆਂ ਸਹੁਰੇ ਘਰ ਬੈਠੀਆਂ ਨਣਦਾਂ ਤੇ ਦਰਾਣੀਆਂ-ਜਠਾਣੀਆਂ ਦਾ ਵੀ ਮਾਣ ਕੀਤਾ ਜਾਂਦਾ, ਉਨ੍ਹਾਂ ਲਈ ਵੀ ਤੇ ਦਿਓਰਾਂ-ਜੇਠਾਂ ਲਈ ਵੀ ਵਿਤ ਮੁਤਾਬਿਕ ਕੱਪੜੇ ਭੇਜੇ ਜਾਂਦੇ। ਇਹ ਸਿਰਫ਼ ਪਹਿਲੇ ਵਰਤ ਦੇ ਸੰਧਾਰੇ ਉੱਤੇ ਹੀ ਹੁੰਦੇ, ਅੱਗੋਂ ਕੋਈ ਅਜਿਹੇ ਵਿਹਾਰ ਨਾ ਹੁੰਦੇ, ਸਿਰਫ਼ ਕੱਲੀ ਨੂੰਹ-ਧੀ ਨੂੰ ਹੀ ਮੰਨਿਆ ਜਾਂਦਾ ਜਾਂ ਸੱਸ ਸਹੁਰੇ ਨੂੰ। ਦੋਵਾਂ ਪਾਸਿਆਂ ਤੋਂ ਇਹ ਖਰਚਾ ਪਹਿਲੇ ਵਰਤ ਉੱਤੇ ਹੁੰਦਾ, ਕਿਸੇ ਦਬਾਅ ਦਿਖਾਵੇ ਜਾਂ ਮੰਗ ਕਾਰਨ ਨਹੀਂ ਬਲਕਿ ਰੀਤੀ-ਰਿਵਾਜਾਂ ਪੂਰਦੇ ਚਾਵਾਂ ਨਾਲ ਤੇ ਖੁਸ਼ੀਆਂ ਨਾਲ ਕੀਤਾ ਜਾਂਦਾ।

ਵਰਤ ਰੱਖਣ ਵਾਲੀਆਂ ਨੂੰ ਪਹਿਲਾਂ ਹੀ ਪੱਕੀ ਮਿੱਟੀ ਦੇ ਕਰੂਏ ਲਿਆ ਦਿੱਤੇ ਜਾਂਦੇ। ਇਕ ਸਾਦਾ ਗੜਵੀ ਦੀ ਸ਼ਕਲ ਨਾਲ ਮਿਲਦਾ-ਜੁਲਦਾ, ਦੂਜਾ ਚਾਹ ਵਾਲੀ ਕੇਤਲੀ ਨਾਲ ਮਿਲਦੀ-ਜੁਲਦੀ ਸ਼ਕਲ ਵਾਲਾ, ਸਿਰਫ਼ ਉਸ ਨੂੰ ਹੈਂਡਲ ਨਹੀਂ ਸੀ ਹੁੰਦਾ। ਸਵੇਰੇ ਸਰਘੀ ਵੇਲੇ ਤੋਂ ਪਹਿਲਾਂ ਹੀ ਤਾਰਿਆਂ ਦੀ ਛਾਵੇਂ ਉੱਠ ਕੇ ਨਾਹ-ਧੋ ਕੇ ਨੂੰਹਾਂ-ਧੀਆਂ ਕੋਈ ਸੋਹਣਾ ਸੂਟ ਪਾ ਲੈਂਦੀਆਂ ਜੋ ਆਮ ਤੌਰ ’ਤੇ ਪੇਕਿਓਂ  ਜਾਂ ਸਹੁਰਿਓਂ ਵਿਆਹ ਵੇਲੇ ਮਿਲਿਆ ਹੁੰਦਾ। ਅੱਜ ਵਾਂਗ ਹਰ ਤਿਉਹਾਰ ਉੱਤੇ ਨਵੇਂ ਕੱਪੜੇ ਲੈਣ-ਸਿਲਾਉਣ ਦਾ ਉਦੋਂ ਦਿਖਾਵੇ ਵਾਲਾ ਰਿਵਾਜ ਨਹੀਂ ਸੀ ਹੁੰਦਾ। ਮਨ ਦੀ ਮੌਜ ਨਾਲ ਕੁੜੀਆਂ ਕੋਈ ਗਹਿਣਾ-ਗੱਟਾ ਵੀ ਪਾ ਲੈਂਦੀਆਂ। ਮਹਿੰਦੀ ਲੱਗੇ ਸੂਹੇ-ਸੂਹੇ ਹੱਥਾਂ ਜਿਹਾ ਸੂਹਾ ਮੌਲੀ ਦਾ ਧਾਗਾ ਗੁੱਟਾਂ ਉੱਤੇ ਬੰਨ੍ਹ ਲੈਂਦੀਆਂ। ਆਮ ਤੌਰ ’ਤੇ ਪੇਕਿਓਂ-ਸਹੁਰਿਓਂ ਆਈਆਂ ਰਾਤ ਵਾਲੀਆਂ ਕੜਾਹ-ਪੂੜੀਆਂ ਖਾ ਕੇ ਦੁੱਧ-ਚਾਹ ਪੀ ਕੇ ਵਰਤ ਰੱਖ ਲੈਂਦੀਆਂ। ਕਰੂਏ ਦੇ ਗਲ਼ਾਂ ’ਤੇ ਵੀ ਮੌਲੀ ਬੰਨ੍ਹੀ ਜਾਂਦੀ। ਠੂਠੀਆਂ (ਕਰੂਏ ਦੇ ਢੱਕਣ) ਵਿਚ ਥੋੜ੍ਹੇ ਜਿਹੇ ਚੌਲ, ਮਿੱਠਾ ਅਤੇ ਦੁੱਬ ਰੱਖੇ ਜਾਂਦੇ। ਉਸ ਠੂਠੀ ਨਾਲ ਕਰੂਏ ਨੂੰ ਢਕਿਆ ਜਾਂਦਾ, ਠੂਠੀ ਉੱਤੇ ਹੋਰ ਠੂਠੀ ਮੂਧੀ ਰੱਖ ਕੇ ਸਾਮਾਨ ਢਕ ਦਿੱਤਾ ਜਾਂਦਾ। ਇਸ ਤੋਂ ਬਾਅਦ ਧੀਆਂ-ਭੈਣਾਂ ਸਾਰੀਆਂ ਇਕੱਠੀਆਂ ਹੋ ਕੇ ਹੱਸਦੀਆਂ-ਖੇਡਦੀਆਂ ਦਿਨ ਲੰਘਾਉਂਦੀਆਂ। ਉਨ੍ਹਾਂ ਤੋਂ ਘਰ ਦਾ ਕੋਈ ਕੰਮ ਨਾ ਕਰਵਾਇਆ ਜਾਂਦਾ। ਇੱਥੋਂ ਤਕ ਕਿ ਹਲਕਾ-ਫੁਲਕਾ ਸੂਈ-ਸਲਾਈ ਦਾ ਕੰਮ ਵੀ ਮਨ੍ਹਾਂ ਹੁੰਦਾ। ਵਰਤ ਰੱਖਣ ਜਾਂ ਖੋਲ੍ਹਣ ਦੀ ਵਿਧਾ ਦਾ ਮੈਨੂੰ ਆਪ ਨੂੰ ਬਹੁਤਾ ਗਿਆਨ ਨਹੀਂ ਸੀ ਕਿਉਂਕਿ ਪੇਕੇ ਸਹੁਰੇ ਘਰ ਸਾਡੇ ਕੋਈ ਔਰਤ ਵਰਤ ਨਹੀਂ ਰੱਖਦੀ ਸੀ। ਬਸ ਸਭ ਕੁਝ ਬਣਾ ਕੇ ਖਾ-ਪੀ ਲੈਣਾ ਹੀ ਸਾਡੇ ਘਰਾਂ ਦਾ ਕਰੂਏ ਦਾ ਤਿਉਹਾਰ ਸੀ। ਮੈਂ ਵਿਹੜਿਆਂ ਵਿਚ ਲੱਗੀਆਂ ਇਹ ਰੌਣਕਾਂ ਨਿੱਕੀ ਹੁੰਦੀ ਨੇ ਮਾਣੀਆਂ ਹਨ ਜੋ ਮੇਰੇ ਚੇਤਿਆਂ ਵਿਚ ਵਸੀਆਂ ਹੋਈਆਂ ਹਨ। ਕਈ ਕੁਆਰੀਆਂ ਜਾਂ ਮੰਗੀਆਂ ਹੋਈਆਂ ਕੁੜੀਆਂ ਵੀ ਵਰਤ ਰੱਖ ਲੈਂਦੀਆਂ, ਪਰ ਉਨ੍ਹਾਂ ਲਈ ਦੁਪਹਿਰ ਤੋਂ ਬਾਅਦ ਚਾਰ ਕੁ ਵਜੇ ਕੁਝ ਖਾ-ਪੀ ਲੈਣ ਦੀ ਖੁੱਲ੍ਹ ਹੁੰਦੀ। ਉਨ੍ਹਾਂ ਦੇ ਵਰਤ ਨੂੰ ਕਰੂਏ ਦਾ ਵਰਤ ਨਹੀਂ ਸੀ ਕਿਹਾ ਜਾਂਦਾ ਬਲਕਿ ਕਿਹਾ ਜਾਂਦਾ ਕਿ ਕੁੜੀ ਨੇ ‘ਠੂਠੀ’ ਦਾ ਵਰਤ ਰੱਖਿਆ ਹੈ।

ਕਰੂਏ ਵਾਲੇ ਦਿਨ ਦੁਪਹਿਰ ਜਿਹੀ ਨੂੰ ਮੇਰੇ ਸਭ ਤੋਂ ਵੱਧ ਮਨ ਪਸੰਦ ਕੰਮ ਦੀ ਵਾਰੀ ਆਉਂਦੀ, ਉਹ ਕੰਮ ਸੀ ਸਰਘੀ ਵੰਡਣੀ। ਦੋ ਪੂੜੀਆਂ ਦੇ ਵਿਚਕਾਰ ਦਬਾ ਕੇ ਕੜਾਹ ਰੱਖਿਆ ਜਾਂਦਾ। ਮੈਨੂੰ ਅੱਜ ਦੇ ਬਰਗਰ ਉਨ੍ਹਾਂ ਕੜਾਹ-ਪੂੜੀਆਂ ਦੀ ਯਾਦ ਜ਼ਰੂਰ ਦਿਵਾਉਂਦੇ ਹਨ। ਪਰ ਇਨ੍ਹਾਂ ਦੇ ਮੁਕਾਬਲੇ ਉਹ ਠੰਢਾ ਕੜਾਹ ਤੇ ਬੇਹੀਆਂ ਪੂੜੀਆਂ ਕਿਤੇ ਵੱਧ ਸੁਆਦ ਲੱਗਦੇ ਸਨ। ਉਹ ਸਮੇਂ ਤਾਂ ਹੁਣ ਸੁਪਨਾ ਬਣ ਕੇ ਰਹਿ ਗਏ ਹਨ। ਖੈਰ! ਉਹ ਕੜਾਹ-ਪੂੜੀਆਂ ਦੇ ਜੋੜੇ ਕਿਸੇ ਵੱਡੀ ਸਾਰੀ ਪਰਾਤ ਜਾਂ ਬਾਲਟੀ ਵਿਚ ਰੱਖਣੇ ਤੇ ਸਾਫ਼-ਸੁਥਰੇ ਕੱਪੜੇ ਨਾਲ ਢਕ ਕੇ ਲਾਗਣ ਦੇ ਸਿਰ ਉੱਤੇ ਰੱਖ ਦੇਣੇ, ਉਸ ਨਾਲ ਘਰ ਦੀ ਜਾਂ ਸ਼ਰੀਕੇ-ਭਾਈਚਾਰੇ ਦੀ ਕੋਈ ਕੁੜੀ ਤੋਰ ਦੇਣੀ। ਇਹ ਸੰਧਾਰੇ ਵਿਚ ਆਈਆਂ ਕੜਾਹ-ਪੂੜੀਆਂ, ਸ਼ਰੀਕੇ-ਭਾਈਚਾਰੇ ਤੇ ਗਲੀ-ਗੁਆਂਢ ਵਿਚ ਵੰਡੀਆਂ ਜਾਂਦੀਆਂ। ਸਾਰੇ ਘਰਾਂ ਵਿਚ ਇਕ ਜੋੜਾ ਤਾਂ ਜ਼ਰੂਰ ਦਿੱਤਾ, ਪਰ ਜਿਸ ਘਰੋਂ ਜਿੰਨੇ ਆਏ ਹੁੰਦੇ, ਉਸ ਦਾ ਹਿਸਾਬ ਘਰ ਦੀ ਸੁਆਣੀ ਵਾਂਗ ਲਾਗਣ ਨੇ ਵੀ ਆਪ ਰੱਖਿਆ ਹੁੰਦਾ, ਸੋ ਕਈਆਂ ਦੇ ਪੰਜ, ਸੱਤ ਜਾਂ ਨੌਂ ਜੋੜੇ ਵੀ ਦਿੱਤੇ ਜਾਂਦੇ। ਅੱਗੋਂ ਉਹ ਸੁਆਣੀਆਂ ਲਾਗਣ ਨੂੰ ਕਣਕ, ਗੁੜ ਤੇ ਮੱਕੀ ਆਦਿ ਦਿੰਦੀਆਂ, ਸ਼ਾਇਦ ਇਹ ਪਰਾਤ-ਬਾਲਟੀ ਚੁੱਕ ਕੇ ਗਲੀ-ਗਲੀ ਫਿਰਨ ਦਾ ਮਿਹਨਤਾਨਾ ਹੁੰਦਾ। ਕਿੰਨੇ ਸੋਹਣੇ ਰਿਵਾਜ ਸਨ ਆਪੀਂ ਬਣਾਏ ਆਪੇ ਨਿਭਾਏ ਜਾਣ ਵਾਲੇ।

ਸੰਪਰਕ: 98728-98599

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਇਹ ਸਰ ਕਿੰਨੇ ਕੁ ਡੂੰਘੇ ਨੇ...

ਇਹ ਸਰ ਕਿੰਨੇ ਕੁ ਡੂੰਘੇ ਨੇ...

ਮੁੱਖ ਖ਼ਬਰਾਂ

ਸ਼ਹਿਰ

View All