ਕਹਾਣੀ ਨਸੀਬ ਸ਼ੇਖ਼ ਦੀ...

ਕਹਾਣੀ ਨਸੀਬ ਸ਼ੇਖ਼ ਦੀ...

ਸਾਂਵਲ ਧਾਮੀ

ਅੱਜ ਮੈਂ ਬਾਬਾ ਨਸੀਬ ਸੇਖ਼ ਦੀ ਕਹਾਣੀ ਸੁਣਨ ਜਾ ਰਿਹਾ ਹਾਂ। ਹੁਸ਼ਿਆਰਪੁਰ ਦੀ ਤਹਿਸੀਲ ਦਸੂਹਾ ਦਾ ਇਕ ਕਸਬਾ ਹੈ ਤਲਵਾੜਾ। ਇੱਥੋਂ ਇਕ ਸੜਕ ਦੌਲਤਪੁਰ ਵੱਲ ਨੂੰ ਜਾਂਦੀ ਏ।  ਪੰਜ ਕੁ ਕਿਲੋਮੀਟਰ ਦੀ ਦੂਰੀ ਤੋਂ ਮੈਂ ਸੱਜੇ ਹੱਥ ਮੁੜ ਗਿਆ। ਬਾਬੇ ਦਾ ਪਿੰਡ ਰਜਵਾਲ ਇਕ ਨੀਮ ਪਹਾੜੀ ਪਿੰਡ ਹੈ। ਇਸ ਪਿੰਡ ਤਕ ਪਹੁੰਚਣ ਲਈ ਮੈਨੂੰ ਉੱਘੜ-ਦੁੱਘੜ ਰਾਹ ਤੋਂ ਲੰਘਣਾ ਪੈ ਰਿਹਾ ਹੈ।

ਹੁਣ ਮੈਂ ਪੂਰਾ ਪਿੰਡ ਲੰਘ ਗਿਆ ਹਾਂ। ਲਹਿੰਦੀ ਦਿਸ਼ਾ ’ਚ ਇਕ ਦਰਗਾਹ ਦਿਖਾਈ ਦਿੱਤੀ। ਸੱਜੇ ਹੱਥ ਬਾਂਸ ਦੀ ਵਾੜ ’ਚ ਘਿਰਿਆ ਉਹਦਾ ਘਰ ਮੇਰੇ ਸਾਹਮਣੇ ਹੈ। ਮੈਂ ਲੱਕੜ ਦਾ ਗੇਟ ਲੰਘ ਗਿਆ ਹਾਂ। ਅੰਬ ਦੀ ਛਾਵੇਂ ਡੱਠੇ ਅਲ੍ਹਾਣੇ ਮੰਜੇ ’ਤੇ ਅੱਧ ਲੰਮਾ ਲੇਟਿਆ ਉਹ ਹੁੱਕਾ ਪੀ ਰਿਹਾ ਹੈ। ਉਹਦੇ ਕੋਲ ਮੂੜ੍ਹੇ ’ਤੇ ਉਹਦੀ ਪਤਨੀ ਬੈਠੀ ਹੈ।

ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਬਾਅਦ ਮੈਂ ਉਹਨੂੰ ਜੀਵਨ-ਕਹਾਣੀ ਸੁਣਾਉਣ ਲਈ ਅਰਜ਼ ਕੀਤੀ। ਉਹ ਹੁੱਕੇ ਦੇ ਲੰਮੇ-ਲੰਮੇ ਕਸ਼ ਭਰਦਾ, ਹੌਲੀ-ਹੌਲੀ ਖੰਘਦਾ ਹੈ। ਸ਼ਾਇਦ ਇਹ ਉਹਦਾ ਗੱਲ ਸ਼ੁਰੂ ਕਰਨ ਦਾ ਅੰਦਾਜ਼ ਹੈ। 

ਵੰਡ ਦੇ ਦੁੱਖੜੇ

“ਮੇਰਾ ਨਾਂ ਨਸੀਬ ਏ। ਨਸੀਬ ਸ਼ੇਖ਼....” ਉਹਨੇ ਕਹਾਣੀ ਛੋਹ ਲਈ ਏ। 

“...ਸਾਡੇ ਬਜ਼ੁਰਗ ਸਖ਼ੀ ਸਰਵਰ, ਸਖ਼ੀ ਸੁਲਤਾਨ ਨੂੰ ਮੰਨਦੇ ਸਨ। ਉਹ ਢੋਲ ਵਜਾਉਂਦੇ ਸਨ। ਪਿੰਡ ਦੇ ਵਿਚਕਾਰ ਸਾਡਾ ਘਰ ਹੁੰਦਾ ਸੀ। ਬਹੁਤੇ ਘਰ ਹਿੰਦੂਆਂ ਦੇ ਸਨ। ਮੁਸਲਮਾਨਾਂ ’ਚੋਂ ਇਕ ਘਰ ਸਾਡਾ ਸ਼ੇਖ਼-ਭਰਾਈਆਂ ਦਾ ਸੀ ਅਤੇ ਅੱਠ-ਦਸ ਘਰ ਤੇਲੀਆਂ ਦੇ ਹੁੰਦੇ ਸਨ। 

ਸਾਡੇ ਪਹਾੜਾਂ ’ਚ ਗਰਮੀਆਂ ਦੀ ਰੁੱਤੇ ਨਿੱਕੇ-ਨਿੱਕੇ ਮੇਲੇ ਚੱਲਦੇ ਰਹਿੰਦੇ। ਛਿੰਜਾਂ ਪੈਂਦੀਆਂ ਰਹਿੰਦੀਆਂ। ਮੇਰਾ ਅੱਬਾ ਅਤੇ ਚਾਚਾ ਢੋਲ ਚੁੱਕ ਕੇ ਘਰੋਂ ਨਿਕਲ ਜਾਂਦੇ। ਤਿੰਨ-ਚਾਰ ਮਹੀਨਿਆਂ ’ਚ ਉਹ ਸਾਲ ਜੋਗਾ ਅਨਾਜ ਇਕੱਠਾ ਕਰ ਲੈਂਦੇ। 

ਇਕ ਵਾਰ ਉਹ ਛਿੰਜ ’ਤੇ ਗਏ ਤਾਂ ਦਾਣੇ-ਫੱਕੇ ਦੀ ਥਾਂ ਮਨਹੂਸ ਖ਼ਬਰਾਂ ਦੀਆਂ ਝੋਲੀਆਂ ਭਰ ਲਿਆਏ। ਲਹੂ ਨਾਲ ਭਿੱਜੀਆਂ ਖ਼ਬਰਾਂ ਸੁਣ ਕੇ ਅਸੀਂ ਸੁੰਨ ਹੋ ਗਏ। ਮੇਰੇ ਅੱਬਾ ਨੇ ਸੋਚਿਆ ਕਿ ਇਸ ਇਲਾਕੇ ਤੋਂ ਥੋੜ੍ਹਾ ਉੱਪਰ ਵੱਲ ਤੁਰ ਜਾਈਏ ਤਾਂ ਸ਼ਾਇਦ ਬਚ ਜਾਵਾਂਗੇ। ਅਸੀਂ ਨਾਨਕਿਆਂ ਦੇ ਪਿੰਡ ਜਾਣ ਬਾਰੇ ਸੋਚ ਲਿਆ। ਚਾਚਾ-ਚਾਚੀ ਨੇ ਸਾਨੂੰ ਬੜਾ ਰੋਕਿਆ। ਅਸੀਂ ਸਮਾਨ ਦੀਆਂ ਗੱਠੜੀਆਂ ਬੰਨ੍ਹੀਆਂ ਤੇ ਚੜ੍ਹਦੇ ਪਾਸੇ ਵੱਲ ਜਾਂਦੀ ਪਗਡੰਡੀ ’ਤੇ ਤੁਰ ਪਏ। ਸਵੱਖਤੇ ਦੇ ਤੁਰੇ ਅਸੀਂ ਸ਼ਾਮ ਢਲੇ ਨਾਨਕਿਆਂ ਦੇ ਪਿੰਡ ਪਹੁੰਚੇ। ਉਹ ਪਿੰਡ ਬਿਆਸ ਦਰਿਆ ਦੇ ਕੰਢੇ ’ਤੇ ਵੱਸਦਾ ਏ। 

ਉੱਥੇ ਕੋਈ ਰੌਲ਼ਾ ਨਹੀਂ ਸੀ। ਅਸੀਂ ਪੰਦਰਾਂ ਕੁ ਦਿਨ ਤਾਂ ਬੜੇ ਆਰਾਮ ਨਾਲ ਕੱਟੇ। ਫਿਰ ਮੈਦਾਨੀ ਇਲਾਕੇ ਵਾਲੀ ਅੱਗ ਪਹਾੜੀ ਪਗਡੰਡੀਆਂ ’ਤੇ ਤੁਰਦੀ-ਤੁਰਦੀ ਨਾਨਕਿਆਂ ਦੇ ਪਿੰਡ ਵੀ ਪਹੁੰਚ ਗਈ। ਇਕ ਸਵੇਰ ਨਾਨਕਿਆਂ ਦੇ ਪਿੰਡ ਨੂੰ ਘੇਰਾ ਪੈ ਗਿਆ। ਓਸ ਪਿੰਡ ਪੰਦਰਾਂ ਕੁ ਘਰ ਮੁਸਲਮਾਨਾਂ ਦੇ ਸਨ। ਉਨ੍ਹਾਂ ਨੇ ਸਾਰੇ ਮੁਸਲਮਾਨ ਘਰਾਂ ’ਚੋਂ ਕੱਢ ਕੇ ਦਰਿਆ ਕਿਨਾਰੇ ਇਕੱਠੇ ਕਰ ਲਏ। 

ਮੇਰੇ ਮਾਂ, ਪਿਓ, ਭਰਾ, ਭੈਣ, ਨਾਨਾ, ਨਾਨੀ, ਤਿੰਨ ਮਾਮੇ, ਮਾਮੀਆਂ, ਉਨ੍ਹਾਂ ਦੇ ਬੱਚੇ, ਉਨ੍ਹਾਂ ਸਾਰਿਆਂ ਨੂੰ ਚੁਫ਼ੇਰਿਓਂ ਘੇਰ ਲਿਆ। ਬਜ਼ੁਰਗ ਧਾੜਵੀਆਂ ਮੂਹਰੇ ਹੱਥ ਜੋੜ ਕੇ ਮਿੰਨਤਾਂ ਕਰਨ ਲੱਗੇ। ਮੈਂ ਉਦੋਂ ਛੱਬੀ ਵਰ੍ਹਿਆਂ ਦਾ ਸਾਂ। ਦੋ ਸਾਲ ਪਹਿਲਾਂ ਮੇਰਾ ਵਿਆਹ ਹੋਇਆ ਸੀ। ਮੇਰੀ ਪਤਨੀ ਤੇ ਮੈਂ ਇਕ ਦੂਜੇ ਦੇ ਕੰਬਦੇ ਹੱਥ ਫੜ ਕੇ ਖੜੋ ਗਏ। 

ਕੁਝ ਪਲਾਂ ਬਾਅਦ ਚੀਕ-ਚਿਹਾੜਾ ਪੈਣਾ ਸ਼ੁਰੂ ਹੋ ਗਿਆ। ਉਨ੍ਹਾਂ ਸਾਨੂੰ ਵੱਢਣਾ ਸ਼ੁਰੂ ਕਰ ਦਿੱਤਾ। ਮੇਰੀਆਂ ਅੱਖਾਂ ਸਾਹਮਣੇ ਮੇਰਾ ਅੱਬਾ ਕਤਲ ਹੋ ਗਿਆ। ਹੋਰ ਰਿਸ਼ਤੇਦਾਰ ਵੀ ਵੱਢੇ ਗਏ। ਮੇਰੀ ਮਾਂ ਦੇ ਤਲਵਾਰ ਵੱਜੀ ਤਾਂ ਉਹ ਜ਼ਮੀਨ ’ਤੇ ਡਿੱਗ ਪਈ। ਉਹ ਡਿੱਗੀ ਪਈ ਵੀ ਮੈਨੂੰ ਹੱਥ ਨਾਲ ਦੌੜ ਜਾਣ ਦਾ ਇਸ਼ਾਰਾ ਕਰੀ ਜਾ ਰਹੀ ਸੀ। ਮੈਂ ਆਲਾ-ਦੁਆਲਾ ਵੇਖਿਆ ਤਾਂ ਮੇਰੀ ਪਤਨੀ ਵੀ ਜ਼ਮੀਨ ’ਤੇ ਡਿੱਗੀ ਪਈ ਸੀ। ਮੈਂ ਫੁਰਤੀ ਨਾਲ ਇਕ ਧਾੜਵੀ ਦੀਆਂ ਲੱਤਾਂ ਥੱਲੋਂ ਦੀ ਨਿਕਲ ਗਿਆ। ਉਹ ਡਿੱਗ ਪਿਆ। ਉੱਥੇ ‘ਫੜ ਲਓ-ਫੜ ਲਓ’ ਦਾ ਰੌਲਾ ਪੈ ਗਿਆ। ਚਾਣਚੱਕ ਗੋਲੀ ਦੀ ਆਵਾਜ਼ ਆਈ ਤੇ ਮੈਂ ਦੌੜੇ ਜਾਂਦੇ ਨੇ ਮਹਿਸੂਸ ਕੀਤਾ ਕਿ ਮੇਰੀ ਲੱਤ ’ਚ ਕੁਝ ਆਣ ਵੱਜਾ ਏ। ਮੈਂ ਡਿੱਗ ਪਿਆ। ਮੈਂ ਕਾਤਲਾਂ ਨੂੰ ਆਪਣੇ ਵੱਲ ਦੌੜੇ ਆਉਂਦੇ ਵੇਖਿਆ ਤਾਂ ਸੋਚਿਆ-ਇਨ੍ਹਾਂ ਦੇ ਹੱਥ ਨਹੀਂ ਆਉਣਾ। ਮੈਂ ਮਰਨ ਦਾ ਸੋਚ ਕੇ ਦਰਿਆ ’ਚ ਛਾਲ ਮਾਰ ਦਿੱਤੀ। 

ਮੈਨੂੰ ਪਾਣੀ ਨੇ ਵੀ ਨਾ ਫੜਿਆ। ਕੁਝ ਦੂਰੀ ’ਤੇ ਜਾ ਕੇ ਮੈਂ ਕਿਨਾਰੇ ਲੱਗ ਗਿਆ। ਦਰਿਆ ’ਚੋਂ ਨਿਕਲ ਕੇ ਪਹਾੜੀ ’ਤੇ ਚੜ੍ਹਨ ਲੱਗਾ। ਬੜੀ ਮੁਸ਼ਕਲ ਨਾਲ ਮੈਂ ਚੋਟੀ ’ਤੇ ਪਹੁੰਚਿਆ ਤਾਂ ਉੱਥੇ ਦੋ ਮੁਸਲਮਾਨ ਗੁੱਜਰਾਂ ਦੇ ਮੁੰਡੇ ਪਹਿਲਾਂ ਹੀ ਪੰਜ-ਸੱਤ ਮੁੰਡਿਆਂ ਨੇ ਘੇਰੇ ਹੋਏ ਸਨ। ਮੈਨੂੰ ਵੇਖਦਿਆਂ ਉਹ ਕਹਿਣ ਲੱਗੇ- ਤੂੰ ਕੌਣ ਆ ਬਈ?

ਮੈਂ ਝੂਠ ਨਾ ਬੋਲਿਆ। ਉਹ ਆਪਸ ’ਚ ਬਹਿਸਣ ਲੱਗ ਪਏ। ਇਕ ਕਹੇ ਕਤਲ ਮੈਂ ਕਰਨਾ, ਦੂਜਾ ਕਹੇ ਮੈਂ ਕਰਨਾ। ਆਖ਼ਰ ਉਨ੍ਹਾਂ ’ਚੋਂ ਇਕ ਨੇ ਅੱਖ ਦੇ ਫੋਰ ’ਚ ਉਹ ਦੋਵੇਂ ਮੁੰਡੇ ਕਤਲ ਕਰ ਦਿੱਤੇ। ਉਹ ਮੇਰੇ ਵੱਲ ਵਧਿਆ ਤਾਂ ਮੈਂ ਪਹਾੜ ਤੋਂ ਛਲਾਂਗ ਲਗਾ ਦਿੱਤੀ। 

ਮੈਂ ਰਿੜ੍ਹਦਾ-ਰਿੜ੍ਹਦਾ ਥੱਲੇ ਆ ਗਿਆ। ਥੱਲੇ ਆ ਕੇ ਮੈਂ ਦੇਖਿਆ ਕਿ ਉਹ ਹਾਲੇ ਵੀ ਚੋਟੀ ’ਤੇ ਖੜ੍ਹੇ ‘ਫੜ ਲਓ-ਫੜ ਲਓ’ ਦਾ ਰੌਲਾ ਪਾਈ ਜਾ ਰਹੇ ਸਨ। ਮੈਂ ਝਾੜੀਆਂ ’ਚ ਲੁਕ  ਗਿਆ। ਸ਼ਾਮ ਢਲੀ ’ਤੇ ਮੈਂ ਉੱਥੋਂ ਨਿਕਲਿਆ ਤੇ ਪਗਡੰਡੀ ਉੱਤੇ ਪੈ ਗਿਆ। ਨੇੜੇ ਇਕ ਘਰ ਦਿਖਾਈ ਦਿੱਤਾ। ਮੈਂ ਭੁੱਖ ਨਾਲ ਮਰਦਾ ਜਾ ਰਿਹਾ ਸਾਂ। ਮੈਂ ਸੋਚਿਆ ਕਿ ਮੈਂ ਹੁਣ ਮੌਤ ਨੂੰ ਕਬੂਲ ਕਰ ਲੈਣਾ। ਮੈਂ ਉਸ ਘਰ ਦੇ ਅੰਦਰ ਵੜ ਗਿਆ। ਵਿਹੜੇ ’ਚ ਡੱਠੇ ਅਲ੍ਹਾਣੇ ਮੰਜੇ ’ਤੇ ਇਕ ਬੁੱਢੀ ਔਰਤ ਉਦਾਸ ਬੈਠੀ ਸੀ। 

ਮੈਂ ਉਹਨੂੰ ਆਖਿਆ-ਮਾਂ ਮੈਂ ਮੁਸਲਮਾਨ ਹਾਂ। ਮੈਂ ਭੁੱਖ ਨਾਲ ਮਰਦਾ ਜਾ ਰਿਹਾ। 

ਉਹ ਔਰਤ ਦੁਹੱਥੜ ਮਾਰਦਿਆਂ ਬੋਲੀ- ਵੇ ਪੁੱਤਰਾ, ਤੂੰ ਇੱਥੇ ਕਾਹਤੋਂ ਆ ਗਿਆਂ? ਮੇਰੇ ਪੁੱਤਰ ਤਾਂ ਸਵੇਰੇ ਤਲਵਾਰਾਂ ਲੈ ਕੇ ਘਰੋਂ ਨਿਕਲ ਜਾਂਦੇ ਨੇ। ਸਾਰਾ ਦਿਨ ਲੁੱਟਾਂ-ਖੋਹਾਂ ਤੇ ਵੱਢ-ਟੁੱਕ ਕਰਦੇ ਨੇ। ਉਨ੍ਹਾਂ ਦੇ ਮੂੰਹ ਨੂੰ ਲਹੂ ਲੱਗਿਆ ਹੋਇਆ। ਉਹ ਤੈਨੂੰ ਵੀ ਮਾਰ ਦੇਣਗੇ। ਤੂੰ ਲੁਕ ਜਾ।

ਉਸ ਔਰਤ ਨੇ ਮੈਨੂੰ ਡੰਗਰਾਂ ਵਾਲੇ ਢਾਰੇ ਦੀ ਪੜਛੱਤੀ ’ਚ ਲੁਕੋ ਦਿੱਤਾ। ਉਹਦੇ ਪੁੱਤਰ ਆਏ। ਉਨ੍ਹਾਂ ਰੋਟੀ ਖਾਧੀ ਤੇ ਸੌਂ ਗਏ। ਉਹ ਔਰਤ ਮੈਨੂੰ ਵੀ ਰੋਟੀ ਫੜਾ ਗਈ। ਸਵੇਰ ਹੋਈ। ਉਹਦੇ ਪੁੱਤਰ ਰੋਟੀ ਖਾ ਕੇ ਫਿਰ ਘਰੋਂ ਨਿਕਲ ਗਏ। ਉਸ ਔਰਤ ਨੇ ਮੈਨੂੰ ਆਪਣੇ ਪੁੱਤਰ ਦੇ ਕੱਪੜੇ ਦੇ ਦਿੱਤੇ। 

ਮੈਂ ਉਸ ਘਰ ਅੰਦਰ ਨੌਂ ਦਿਨ ਲੁਕਿਆ ਰਿਹਾ। ਫਿਰ ਇਕ ਸਵੇਰ ਮੈਂ ਉੱਥੋਂ ਨਿਕਲਿਆ ਤੇ ਆਪਣੇ ਪਿੰਡ ਵੱਲ ਤੁਰ ਪਿਆ। ਸ਼ਾਮ ਢਲੀ ਮੈਂ ਪਿੰਡ ਪਹੁੰਚਿਆ ਤਾਂ ਚਾਚੇ ਦਾ ਟੱਬਰ ਸਹੀ ਸਲਾਮਤ ਸੀ। ਤੇਲੀ ਪਿੰਡ ਛੱਡ ਕੇ ਜਾ ਚੁੱਕੇ ਸਨ। ਮੈਂ ਚਾਚੇ ਹੋਰਾਂ ਨੂੰ ਆਪਣੀ ਦਰਦ-ਕਹਾਣੀ ਸੁਣਾਈ ਤਾਂ ਉਹ ਸਾਰਾ ਟੱਬਰ ਧਾਹਾਂ ਮਾਰ-ਮਾਰ ਰੋਣ ਲੱਗਾ। ਮੈਂ ਚਾਚੇ ਹੋਰਾਂ ਨਾਲ ਰਹਿਣਾ ਸ਼ੁਰੂ ਕਰ ਦਿੱਤਾ। 

ਜਦੋਂ ਪੌਂਗ ਡੈਮ ਦੀ ਉਸਾਰੀ ਸ਼ੁਰੂ ਹੋਈ ਤਾਂ ਮੈਨੂੰ ਉੱਥੇ ਕੱਚੀ ਨੌਕਰੀ ਮਿਲ ਗਈ। ਉੱਥੇ ਵੀ ਮੇਰੇ ਨਾਲ ਹਾਦਸਾ ਹੋ ਗਿਆ। ਜਿਸ ਸੁਰੰਗ ’ਚ ਮਜ਼ਦੂਰ ਕੰਮ ਕਰ ਰਹੇ ਸਨ, ਉਹ ਸੁਰੰਗ ਬੈਠ ਗਈ। ਮੈਂ ਆਪਣਾਂ ਮੂੰਹ ਇਕ ਪਾਈਪ ’ਚ ਵਾੜ ਦਿੱਤਾ। ਬਾਕੀ ਬਾਰ੍ਹਾਂ ਮਰ ਗਏ ਤੇ ਮੈਨੂੰ ਤੀਜੇ ਦਿਨ ਜਿਊਂਦਾ ਕੱਢ ਲਿਆ ਗਿਆ। ਫਿਰ ਮੈਂ ਉਹ ਨੌਕਰੀ ਛੱਡ ਦਿੱਤੀ। ਆਹ ਦਰਗਾਹ ਬਣਾ ਲਈ। ਦਿਨ-ਰਾਤ ਇੱਥੇ ਸੇਵਾ ਕਰਨ ਲੱਗ ਪਿਆ। ਫਿਰ ਮੇਰਾ ਮੁੜ ਤੋਂ ਵਿਆਹ ਹੋ ਗਿਆ। ਬੱਚੇ ਵੀ ਹੋ ਗਏ। 

ਕੁਝ ਵਰ੍ਹਿਆਂ ਬਾਅਦ ਇਕ ਵਾਰ ਮੈਂ ਆਪਣੇ ਨਾਨਕਿਆਂ ਦੇ ਪਿੰਡ ਗਿਆ। 

ਸਾਨੂੰ ਘੇਰ ਕੇ ਮਾਰਨ ਵਾਲੇ ਬਹੁਤੇ ਬੰਦੇ ਉਦੋਂ ਜਿਉਂਦੇ ਸਨ। ਉਨ੍ਹਾਂ ’ਚੋਂ ਮੈਂ ਇਕ ਨੂੰ ਉਸ ਕਤਲੇਆਮ ਬਾਰੇ ਪੁੱਛਿਆ ਤਾਂ ਉਹ ਬੜੇ ਮਾਣ ਨਾਲ ਬੋਲਿਆ-ਅਸੀਂ ਉਦੋਂ ਇਕ ਸੌਂ ਉਨੱਤੀ ਬੰਦੇ ਇਕੱਠੇ ਕਰਕੇ ਸਾਰੇ ਦੇ ਸਾਰੇ ਕਤਲ ਕਰ ਦਿੱਤੇ ਸਨ। 

ਮੈਂ ਕਿਹਾ- ਉਨ੍ਹਾਂ ’ਚੋਂ ਇਕ ਬਚ ਵੀ ਤਾਂ ਗਿਆ ਸੀ। 

ਉਹ ਹੈਰਾਨ ਹੋ ਕੇ ਬੋਲਿਆ-ਤੈਨੂੰ ਕਿਵੇਂ ਪਤਾ?

ਮੈਂ ਪੁੱਛਿਆ- ਇਕ ਬੰਦੇ ਨੇ ਦਰਿਆ ’ਚ ਛਲਾਂਗ ਨਹੀਂ ਸੀ ਮਾਰ ਦਿੱਤੀ?

ਉਹ ਹੱਸ ਕੇ ਬੋਲਿਆ- ਹਾਂ, ਉਹ ਇਲਮੇ ਢੋਲੀ ਦਾ ਦੋਹਤਾ ਸੀ। ਨਿੱਕੋ ਦਾ ਮੁੰਡਾ। ਉਹ ਮੈਨੂੰ ਸੁੱਟ ਕੇ ਦੌੜ ਗਿਆ ਸੀ। ਚਲੋ ਉਹ ਕਿਹੜਾ ਬਚਿਆ ਹੋਣਾ!

ਮੈਂ ਮੁਸਕਰਾ ਕੇ ਆਖਿਆ- ਉਹ ਬਚ ਗਿਆ ਸੀ। 

ਉਹਨੇ ਹੈਰਾਨ ਹੋ ਕੇ ਪੁੱਛਿਆ-ਹੈਂ! ਉਹ ਕਿਵੇਂ?

ਮੈਂ ਹੱਸ ਕੇ ਆਖਿਆ- ਜਿਹੜੀ ਤੇਜ਼ ਹਨੇਰੀ ਦਰਖੱਤ ਉਖਾੜ ਦਏ, ਉਹ ਵੀ ਕਿਸੇ ਦਰੱਖਤ ਦੇ ਸਾਰੇ ਫ਼ਲ ਨਹੀਂ ਝਾੜ ਸਕਦੀ। ਉਹ ਇਕ ਫ਼ਲ ਕੁਦਰਤ ਨੇ ਬਚਾ ਲਿਆ ਸੀ। 

ਉਹ ਤ੍ਰਭਕ ਕੇ ਬੋਲਿਆ-ਹੈਂਅ! ਹੁਣ ਉਹ ਕਿੱਥੇ ਹੈ?

ਮੈਂ ਹੱਥ ਜੋੜਦਿਆਂ ਮੁਸਕਰਾ ਕੇ ਆਖਿਆ-ਤੁਹਾਡੇ ਸਾਹਮਣੇ ਖੜ੍ਹਾ ਏ, ਮਾਮਾ ਜੀ। 

ਮੇਰੇ ਗੱਲ ਸੁਣਦਿਆਂ ਉਹਨੇ ਨੀਵੀਂ ਪਾ ਲਈ ਤੇ ਉੱਥੋਂ ਤੁਰ ਗਿਆ।”

ਬਾਬੇ ਨਸੀਬ ਦੀ ਕਹਾਣੀ ਮੁੱਕ ਗਈ ਏ ਹੈ ਤੇ ਉਹ ਫਿਰ ਤੋਂ ਹੁੱਕੇ ਦੇ ਲੰਮੇ-ਲੰਮੇ ਕਸ਼ ਭਰਨ ਲੱਗ ਪਿਆ ਏ। 

ਸੰਪਰਕ: 97818-43444

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਇਹ ਸਰ ਕਿੰਨੇ ਕੁ ਡੂੰਘੇ ਨੇ...

ਇਹ ਸਰ ਕਿੰਨੇ ਕੁ ਡੂੰਘੇ ਨੇ...

ਸ਼ਹਿਰ

View All