ਚਿੜੀ ਦਾ ਫ਼ੈਸਲਾ
ਬਾਲ ਕਹਾਣੀ ਕੁੱਤਾ ਤਾਂ ਮਾਲਕ ਨੇ ਖ਼ੁਦ ਪਾਲਿਆ ਹੋਇਆ ਸੀ। ਇਸ ਕਰਕੇ ਉਸ ਨੂੰ ਪੀਣ ਲਈ ਪਾਣੀ ਅਤੇ ਖਾਣ ਲਈ ਖ਼ਾਸ ਖਾਣਾ ਪਰੋਸਿਆ ਜਾਂਦਾ ਸੀ। ਮਾਲਕ ਦਾ ਕੁੱਤਾ ਹੋਣ ਕਰਕੇ ਉਹ ਵਿਹੜੇ ’ਤੇ ਆਪਣਾ ਪੂਰਾ ਅਧਿਕਾਰ ਸਮਝਦਾ ਸੀ। ਇਸ ਕਰਕੇ...
ਬਾਲ ਕਹਾਣੀ
ਕੁੱਤਾ ਤਾਂ ਮਾਲਕ ਨੇ ਖ਼ੁਦ ਪਾਲਿਆ ਹੋਇਆ ਸੀ। ਇਸ ਕਰਕੇ ਉਸ ਨੂੰ ਪੀਣ ਲਈ ਪਾਣੀ ਅਤੇ ਖਾਣ ਲਈ ਖ਼ਾਸ ਖਾਣਾ ਪਰੋਸਿਆ ਜਾਂਦਾ ਸੀ। ਮਾਲਕ ਦਾ ਕੁੱਤਾ ਹੋਣ ਕਰਕੇ ਉਹ ਵਿਹੜੇ ’ਤੇ ਆਪਣਾ ਪੂਰਾ ਅਧਿਕਾਰ ਸਮਝਦਾ ਸੀ। ਇਸ ਕਰਕੇ ਉਹ ਕਿਸੇ ਪੰਛੀ ਨੂੰ ਵਿਹੜੇ ’ਚ ਖੰਘਣ ਨਹੀਂ ਸੀ ਦਿੰਦਾ। ਇੱਕ ਚਿੜੀ ਦੇ ਤਾਂ ਉਹ ਬਹੁਤਾ ਹੀ ਪਿੱਛੇ ਪੈਂਦਾ ਸੀ।
ਮਾਲਕ ਦਾ ਦਿਲ ਬੜਾ ਦਿਆਲੂ ਸੀ। ਉਹ ਪੰਛੀਆਂ ਨੂੰ ਹਰ ਰੋਜ਼ ਵਿਹੜੇ ’ਚ ਚੋਗਾ ਪਾਉਂਦਾ ਸੀ। ਜਦੋਂ ਮਾਲਕ ਪਰੇ ਹੋ ਜਾਂਦਾ ਤਾਂ ਕੁੱਤਾ ਪੰਛੀਆਂ ਦੇ ਮਗਰ ਪੈ ਜਾਂਦਾ। ਡਰਦੇ ਮਾਰੇ ਪੰਛੀ ਹੌਲੀ ਹੌਲੀ ਚੋਗਾ ਚੁਗਣਾ ਬੰਦ ਕਰ ਗਏ, ਪਰ ਉਸ ਚਿੜੀ ਨੇ ਹਾਰ ਨਹੀਂ ਸੀ ਮੰਨੀ। ਉਹ ਹਰ ਰੋਜ਼ ਚੋਗਾ ਚੁਗਣ ਲਈ ਆਉਂਦੀ ਰਹਿੰਦੀ ਸੀ।
ਕੁੱਤੇ ਨੂੰ ਲੱਗਿਆ ਕਿ ਚਿੜੀ ਉਸ ਦੀ ਸਰਦਾਰੀ ਨੂੰ ਵੰਗਾਰ ਰਹੀ ਹੈ। ਉਹ ਚਿੜੀ ਦੇ ਮਗਰ ਭੱਜਦਾ। ਚਿੜੀ ਵੀ ਧਰਤੀ ’ਤੇ ਏਨਾ ਕੁ ਹੀ ਉੱਚਾ ਉੱਡਦੀ ਕਿ ਉਹ ਫੜੀ ਨਾ ਜਾ ਸਕੇ। ਕੁੱਤਾ ਚਿੜੀ ਨੂੰ ਹਰ ਹੀਲੇ ਮਾਰਨਾ ਚਾਹੁੰਦਾ ਸੀ, ਪਰ ਚਿੜੀ ਨੇ ਠਾਣੀ ਹੋਈ ਸੀ ਕਿ ਇਸ ਕੁੱਤੇ ਨੂੰ ਸਬਕ ਸਿਖਾ ਕੇ ਹੀ ਦਮ ਲੈਣਾ ਹੈ।
ਮਾਲਕ ਚੋਗਾ ਪਾਉਂਦਾ। ਉਹ ਚੋਗਾ ਚੁਗਣ ਲਈ ਆਉਂਦੀ ਅਤੇ ਕੁੱਤਾ ਉਸ ਦੇ ਮਗਰ ਪੈ ਜਾਂਦਾ, ਪਰ ਸਫਲ ਨਾ ਹੁੰਦਾ। ਅੱਜ ਵੀ ਉਹ ਚੋਗਾ ਚੁਗਣ ਲਈ ਆਈ ਸੀ। ਕੁੱਤਾ ਉਸ ਦੇ ਮਗਰ ਪੈ ਗਿਆ। ਚਿੜੀ ਹਰ ਰੋਜ਼ ਦੀ ਤਰ੍ਹਾਂ ਧਰਤੀ ਤੋਂ ਏਨਾ ਕੁ ਉੱਚੀ ਉੱੰਡੀ ਕਿ ਕੁੱਤਾ ਉਸ ਨੂੰ ਫੜ ਨਾ ਸਕੇ। ਇਸ ਵਾਰ ਉਹ ਉਸ ਪਾਸੇ ਨੂੰ ਉੱਡੀ ਜਿਸ ਦੇ ਰਸਤੇ ’ਚ ਇੱਕ ਡੂੰਘਾ ਟੋਆ ਆਉਂਦਾ ਸੀ। ਕੁੱਤੇ ਦੀ ਨਿਗ੍ਹਾ ਚਿੜੀ ’ਤੇ ਸੀ। ਇਸ ਕਰਕੇ ਉਹ ਡੂੰਘੇ ਟੋਏ ਨੂੰ ਦੇਖ ਨਾ ਸਕਿਆ। ‘ਧੜੰਮ’ ਦੀ ਆਵਾਜ਼ ਆਈ। ਕੁੱਤਾ ਟੋਏ ’ਚ ਡਿੱਗ ਪਿਆ ਤੇ ਕੁੱਤੇ ਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਖੇਤਾਂ ’ਚ ਕੰਮ ਕਰਦੇ ਮਾਲਕ ਨੂੰ ਉਸ ਦੀ ਆਵਾਜ਼ ਸੁਣੀ। ਉਸ ਨੇ ਹੋਰ ਬੰਦਿਆਂ ਨੂੰ ਬੁਲਾ ਕੇ ਕੁੱਤੇ ਨੂੰ ਟੋਏ ਵਿੱਚੋਂ ਕੱਢਿਆ। ਮਾਲਕ ਨੇ ਕੁੱਤੇ ਨੂੰ ਪੁੱਛਿਆ, ‘‘ਤੂੰ ਡਿੱਗ ਕਿਵੇਂ ਪਿਆ ਸੀ?’’ ਕੁੱਤੇ ਨੇ ਰੋ ਰੋ ਕੇ ਸਾਰੀ ਕਹਾਣੀ ਦੱਸ ਦਿੱਤੀ।
‘‘ਤੈਨੂੰ ਕਿੰਨੀ ਵਾਰੀ ਕਿਹਾ ਕਿ ਤੂੰ ਪੰਛੀਆਂ ਨੂੰ ਤੰਗ ਨਾ ਕਰਿਆ ਕਰ। ਤੂੰ ਬਾਜ ਕਿਉਂ ਨਹੀਂ ਆਉਂਦਾ?’’ ਮਾਲਕ ਨੇ ਕੁੱਤੇ ਨੂੰ ਚੰਗਾ ਡਾਂਟਿਆ।
ਕੁੱਤੇ ਨੇ ਸ਼ਰਮਿੰਦਗੀ ਨਾਲ ਸਿਰ ਨੀਵਾਂ ਕਰ ਲਿਆ ਤੇ ਅੱਗੇ ਤੋਂ ਅਜਿਹਾ ਨਾ ਕਰਨ ਦਾ ਯਕੀਨ ਦੁਆਇਆ। ਹੁਣ ਕੁੱਤਾ ਚਿੜੀ ਨੂੰ ਕੁਝ ਨਹੀਂ ਸੀ ਕਹਿੰਦਾ। ਚਿੜੀ ਆਪਣਾ ਚੋਗਾ ਚੁਗਦੀ ਅਤੇ ਕੁੱਤਾ ਮਾਲਕ ਦੁਆਰਾ ਦਿੱਤਾ ਖਾਣਾ ਖਾਂਦਾ। ਕਿਸੇ ਨੂੰ ਨਹੀਂ ਸੀ ਪਤਾ ਕਿ ਕੁੱਤਾ ਵਿੱਚੋਂ ਵਿੱਚ ਬਦਲੇ ਦੀ ਭਾਵਨਾ ਨਾਲ ਸੜ ਰਿਹਾ ਏ। ਹੁਣ ਉਹ ਚਿੜੀ ਦੇ ਮਗਰ ਨਹੀਂ ਸੀ ਦੌੜਦਾ ਸਗੋਂ ਮੌਕੇ ਦੀ ਤਾਕ ’ਚ ਰਹਿੰਦਾ ਸੀ ਕਿ ਕਦੋਂ ਉਸ ਦਾ ਦਾਅ ਲੱਗੇ ਤੇ ਉਹ ਉਸ ਦੀ ਗਰਦਨ ਮਰੋੜ ਸੁੱਟੇ। ਚਿੜੀ ਨੂੰ ਇਸ ਗੱਲ ਦਾ ਅਹਿਸਾਸ ਜ਼ਰੂਰੀ ਸੀ ਕਿ ਕੁੱਤੇ ਦੇ ਮਨ ’ਚ ਬੇਈਮਾਨੀ ਏ। ਇਹ ਸਭ ਕੁਝ ਚਿੜੀ ਨੇ ਉਸ ਦੀ ਤੱਕਣੀ ਤੋਂ ਹੀ ਭਾਂਪ ਲਿਆ ਸੀ।
ਇੱਕ ਦਿਨ ਕੁੱਤਾ ਦਾਅ ਲਗਾ ਕੇ ਚਿੜੀ ਦੇ ਮਗਰ ਪੈ ਗਿਆ। ਚਿੜੀ ਨੇ ਪੂਰੀ ਜਾਨ ਨਾਲ ਉੱਡਣਾ ਸ਼ੁਰੂ ਕੀਤਾ। ਅੱਗੇ ਜਾ ਕੇ ਅੰਗਰੇਜ਼ੀ ਦੇ ਅੱਖਰ ‘ਵਾਈ’ ਦੀ ਤਰ੍ਹਾਂ ਦਰੱਖਤ ਖੜ੍ਹਾ ਸੀ। ਚਿੜੀ ਤਾਂ ਉੱਡਦੀ ਉੱਡਦੀ ਉਸ ਦੇ ਵਿੱਚੋਂ ਲੰਘ ਗਈ, ਪਰ ਕੁੱਤਾ ਉਸ ਦੇ ਵਿੱਚੋਂ ਛਾਲ ਮਾਰਨ ਲੱਗਿਆ ਉਸ ’ਚ ਫਸ ਕੇ ਹੀ ਰਹਿ ਗਿਆ। ਉਸ ਨੇ ਉੱਚੀ ਉੱਚੀ ਭੌਕਣਾ ਸ਼ੁਰੂ ਕਰ ਦਿੱਤਾ ਤਾਂ ਮਾਲਕ ਭੱਜਾ ਆਇਆ। ਕੁੱਤੇ ਨੂੰ ਬੁਰਾ ਭਲਾ ਕਹਿੰਦਾ ਹੋਇਆ, ਉਹ ਕੁੱਤੇ ਨੂੰ ਦਰੱਖਤ ਦੇ ਛਲਾਂਗੜ ’ਚੋਂ ਬਾਹਰ ਕੱਢਣ ਲੱਗਾ।
ਮਾਲਕ ਨੇ ਚਿੜੀ ਨੂੰ ਘੂਰਿਆ ਕਿ ਤੂੰ ਇਹ ਕੀ ਕੀਤਾ ਤਾਂ ਚਿੜੀ ਕਹਿਣ ਲੱਗੀ ‘‘ਇਹ ਕੁੱਤਾ ਪਾਪੀ ਏ ਮਰ ਜਾਣਾ, ਮੈਨੂੰ ’ਕੱਲੀ ਕਾਰੀ ਨੂੰ ਦੇਖ ਕੇ ਖਾਣਾ ਚਾਹੁੰਦੈ। ਤੁਸੀਂ ਇਸ ਨੂੰ ਸਮਝਾਉਂਦੇ ਕਿਉਂ ਨਹੀਂ?’’ ਆਖਰ ਚਿੜੀ ਨੇ ਸਾਰੀ ਕਹਾਣੀ ਬਿਆਨ ਕਰ ਦਿੱਤੀ।
ਕੁੱਤੇ ਨੂੰ ਫਿਰ ਝਿੜਕਾਂ ਪਈਆਂ। ਕਈ ਦਿਨ ਡਾਕਟਰ ਘਰ ਆਉਂਦਾ ਰਿਹਾ ਤੇ ਕੁੱਤੇ ਨੂੰ ਦਵਾ ਦਾਰੂ ਦਿੰਦਾ ਰਿਹਾ। ਕੁੱਤੇ ਨੇ ਕਸਮ ਖਾਧੀ ਕਿ ਉਹ ਹੁਣ ਕਦੇ ਵੀ ਚਿੜੀ ਨੂੰ ਤੰਗ ਨਹੀਂ ਕਰੇਗਾ। ਬਸ ਰੱਬ ਉਸ ਨੂੰ ਤੰਦਰੁਸਤ ਕਰ ਦੇਵੇ।
ਇੱਕ ਦਿਨ ਕੁੱਤੇ ਨੂੰ ਲੱਗਿਆ ਕਿ ਚਿੜੀ ਆਲੇ ਦੁਆਲੇ ਤੋਂ ਬੇਖ਼ਬਰ ਹੈ। ਉਸ ਦਾ ਧਿਆਨ ਕਿਤੇ ਹੋਰ ਏ। ਹੁਣ ਇਸ ਨੂੰ ਫੜ ਲਿਆ ਜਾਵੇ। ਉਹ ਮੌਕਾ ਤਾੜ ਕੇ ਚਿੜੀ ’ਤੇ ਝਪਟਿਆ ਤਾਂ ਚਿੜੀ ਪਹਿਲਾਂ ਹੀ ਸੁਚੇਤ ਸੀ। ਉਸ ਨੇ ਫਿਰ ਧਰਤੀ ਤੋਂ ਉੱਡਣਾ ਸ਼ੁਰੂ ਕੀਤਾ ਬਸ ਓਨੀ ਹੀ ਉੱਚਾਈ ’ਤੇ ਕਿ ਉਹ ਕੁੱਤਾ ਉਸ ਨੂੰ ਫੜ ਨਾ ਸਕੇ। ਕੁੱਤੇ ਨੇ ਤੇਜ਼ ਤੇਜ਼ ਮਗਰ ਦੌੜਨਾ ਸ਼ੁਰੂ ਕਰ ਦਿੱਤਾ। ਅੱਜ ਤਾਂ ਉਹ ਚਿੜੀ ਨੂੰ ਹਰ ਹੀਲੇ ਮਾਰ ਕੇ ਖਾ ਜਾਣਾ ਚਾਹੁੰਦਾ ਸੀ। ਨਹੀਂ ਤਾਂ ਪਤਾ ਲੱਗਣ ’ਤੇ ਉਸ ਦੇ ਮਾਲਕ ਨੇ ਫਿਰ ਉਸ ਨੂੰ ਝਿੜਕਣਾ ਸੀ।
ਚਿੜੀ ਓਧਰ ਨੂੰ ਉੱਡ ਪਈ ਜਿੱਧਰ ਕਿਸਾਨ ਨੇ ਧਾਨ ਬੀਜਣ ਲਈ ਖੇਤ ’ਚ ਕੱਦੂ ਕੀਤਾ ਹੋਇਆ ਸੀ। ਉਹ ਉੱਪਰ ਉੱਪਰ ਉੱਡਦੀ ਗਈ, ਕੁੱਤਾ ਉਸ ਦੇ ਮਗਰ ਮਗਰ ਦੌੜਦਾ ਗਿਆ। ਖੇਤ ਕੋਲ ਜਾ ਕੇ ਉਹ ਆਪਣੇ ਆਪ ਨੂੰ ਰੋਕ ਨਾ ਸਕਿਆ ਤਾਂ ਗਾਰੇ ’ਚ ਧਸ ਗਿਆ। ਗਾਰਾ ਉਸ ਦੀਆਂ ਅੱਖਾਂ ’ਚ ਪੈ ਗਿਆ। ਸ਼ੁਕਰ ਕਰੋ ਕਿ ਉਸ ਦਾ ਨੱਕ ਠੀਕ ਰਹਿ ਗਿਆ ਨਹੀਂ ਤਾਂ ਉਸ ਨੂੰ ਸਾਹ ਵੀ ਨਹੀਂ ਸੀ ਆਉਣਾ। ਉਸ ਨੂੰ ਅੱਖਾਂ ਤੋਂ ਦਿਸਣਾ ਔਖਾ ਹੋ ਗਿਆ। ਉਹ ਖੇਤ ’ਚ ਦੌੜਦਾ ਦੌੜਦਾ ਹਫ਼ ਗਿਆ।
ਮਾਲਕ ਨੇ ਕੁੱਤੇ ਨੂੰ ਬਾਹਰ ਤਾਂ ਕੱਢ ਲਿਆ ਤੇ ਉਸ ਦੇ ਚੰਗੇ ਡੰਡੇ ਫੇਰੇ ਤੇ ਉਸ ਦਾ ਘਰ ਵੜਨਾ ਬੰਦ ਕਰ ਦਿੱਤਾ। ਮਾਲਕ ਕਹਿੰਦਾ ਕਿ ਮੈਂ ਇਹੋ ਜਿਹੇ ਕੁੱਤਿਆਂ ਨੂੰ ਅੰਦਰ ਨਹੀਂ ਵੜਨ ਦੇਣਾ ਜੋ ਆਪਣੇ ਈਮਾਨ ’ਤੇ ਕਾਇਮ ਨਹੀਂ ਰਹਿੰਦੇ। ਇਹੋ ਜਿਹੇ ਕੁੱਤੇ ਕਦੇ ਵੀ ਚਿੜੀਆਂ ਨੂੰ ਨੁਕਸਾਨ ਪਹੁੰਚਾ ਸਕਦੇ ਨੇ। ਇਨ੍ਹਾਂ ਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ।
ਸੰਪਰਕ: 94174-68668

