ਸਾਫ਼ ਸੁਥਰੇ ਗੀਤਾਂ ਦੀ ਆਵਾਜ਼ ਗੁਰਦਿਆਲ ਨਿਰਮਾਣ
ਪੰਜਾਬੀ ਗਾਇਕੀ ਵਿੱਚ ਇੱਕ ਸਮਾਂ ਹੁੰਦਾ ਸੀ ਜਦੋਂ ਗਾਉਣ ਵਾਲਾ ਲਿਸ਼ਕਦਾ ਕੁੜਤਾ-ਚਾਦਰਾ ਪਾ ਕੇ, ਮਾਵੇ ਦੇ ਵਰਕ ਵਾਲੀ ਫਰਲੇ ਵਾਲੀ ਪੱਗ ਬੰਨ੍ਹ ਕੇ ਅਖਾੜਾ ਲਾਉਂਦਾ ਸੀ। ਪਹਿਰਾਵੇ ਤੋਂ ਪਤਾ ਲੱਗ ਜਾਂਦਾ ਸੀ ਕਿ ਇਹ ਗਵੱਈਆ ਹੈ। ਪਹਿਲੇ ਸਮਿਆਂ ਵਿੱਚ ਮੇਲਿਆਂ,...
ਪੰਜਾਬੀ ਗਾਇਕੀ ਵਿੱਚ ਇੱਕ ਸਮਾਂ ਹੁੰਦਾ ਸੀ ਜਦੋਂ ਗਾਉਣ ਵਾਲਾ ਲਿਸ਼ਕਦਾ ਕੁੜਤਾ-ਚਾਦਰਾ ਪਾ ਕੇ, ਮਾਵੇ ਦੇ ਵਰਕ ਵਾਲੀ ਫਰਲੇ ਵਾਲੀ ਪੱਗ ਬੰਨ੍ਹ ਕੇ ਅਖਾੜਾ ਲਾਉਂਦਾ ਸੀ। ਪਹਿਰਾਵੇ ਤੋਂ ਪਤਾ ਲੱਗ ਜਾਂਦਾ ਸੀ ਕਿ ਇਹ ਗਵੱਈਆ ਹੈ। ਪਹਿਲੇ ਸਮਿਆਂ ਵਿੱਚ ਮੇਲਿਆਂ, ਜਲਸਿਆਂ ਜਾਂ ਪਿੰਡ ਦੀਆਂ ਸੱਥਾਂ ਵਿੱਚ ਗਵੱਈਏ ਆਪਣਾ ਗਾਉਣ ਕਰਿਆ ਕਰਦੇ ਸਨ। ਸਾਫ਼-ਸੁਥਰੀ, ਲੋਕ ਵਿਰਸੇ ਵਾਲੀ ਗਾਇਕੀ ਹੁੰਦੀ ਸੀ। ਵਧੀਆ ਗਾਉਣ ਵਾਲਿਆਂ ਦੀ ਰਿਕਾਰਡਿੰਗ ਕੰਪਨੀ ਦੇ ਨੁਮਾਇੰਦੇ ਚੋਣ ਕਰਦੇ ਸਨ ਤੇ ਤਵਿਆਂ ’ਤੇ ਰਿਕਾਰਡ ਹੋਇਆ ਕਰਦੇ ਸਨ। ਫਿਰ ਕਿਤੇ ਜਾ ਕੇ ਉਨ੍ਹਾਂ ਨੂੰ ਗਾਇਕ ਹੋਣ ਦਾ ਰੁਤਬਾ ਮਿਲਦਾ ਸੀ, ਪਰ ਅੱਜ ਉਹ ਜ਼ਮਾਨਾਂ ਨਹੀਂ ਰਿਹਾ। ਅਜਿਹੇ ਹੀ ਪੁਰਾਣੇ ਗਾਇਕਾਂ ’ਚੋਂ ਇੱਕ ਹੈ ਗੁਰਦਿਆਲ ਨਿਰਮਾਣ ਧੂਰੀ।
ਪਿਤਾ ਬਰ੍ਹਮਾ ਸਿੰਘ ਤੇ ਮਾਤਾ ਸ਼ਾਮ ਕੌਰ ਦੇ ਘਰ 1940 ਵਿੱਚ ਧੂਰੀ ਨੇੜਲੇ ਪਿੰਡ ਜੱਖਲਾਂ ਵਿਖੇ ਜਨਮੇਂ ਗੁਰਦਿਆਲ ਨੂੰ ਗਾਉਣ ਦਾ ਸ਼ੌਕ ਨਿਆਣੀ ਉਮਰੇ ਹੀ ਪੈ ਗਿਆ ਸੀ। ਉਨ੍ਹਾਂ ਸਮਿਆਂ ਵਿੱਚ ਪੰਚਾਇਤ ਸਭਾਵਾਂ ਵੱਲੋਂ ਹਰੇਕ ਪਿੰਡ ਨੂੰ ਇੱਕ ਰੇਡੀਓ ਦਿੱਤਾ ਗਿਆ ਸੀ, ਜਿਸ ਨਾਲ ਸਾਰੇ ਪਿੰਡ ਵਾਸੀਆਂ ਦਾ ਵੱਡੇ ਸਪੀਕਰ ਰਾਹੀਂ ਮਨੋਰੰਜਨ ਕੀਤਾ ਜਾਂਦਾ ਸੀ। ਉਨ੍ਹਾਂ ਦਿਨਾਂ ’ਚ ਹੀ ਗੁਰਦਿਆਲ ਨਿਰਮਾਣ ਨੂੰ ਬਹੁਤੇ ਗੀਤ ਸੁਣਨ ਦੀ ਚੇਟਕ ਲੱਗ ਗਈ, ਜਿਸ ਨੇ ਉਸ ਨੂੰ ਗਾਇਕੀ ਵੱਲ ਤੋਰ ਲਿਆ। ਪਹਿਲਾਂ-ਪਹਿਲਾਂ ਉਹ ਯਾਰਾਂ-ਦੋਸਤਾਂ ਦੀ ਮਹਿਫ਼ਲ ’ਚ ਹੀ ਗਾਉਂਦਾ ਸੀ, ਫਿਰ ਹੌਲੀ-ਹੌਲੀ ਵਿਆਹ-ਸ਼ਾਦੀਆਂ ’ਤੇ ਵੀ ਗਾਉਣਾ ਸੁਰੂ ਕਰ ਦਿੱਤਾ। ਗੁਰਦਿਆਲ ਨਿਰਮਾਣ ਮੁਹੰਮਦ ਰਫੀ ਦੇ ਗੀਤ ਬਹੁਤ ਸੁਣਦਾ ਸੀ। ਰੇਡੀਓ ਤੋਂ ਰਫੀ ਨੂੰ ਸੁਣਦਾ-ਸੁਣਦਾ ਹੀ ਉਹ ਗਾਉਣ ਲੱਗਿਆ, ਪਰ ਉਸ ਨੇ ਕਿਸੇ ਨੂੰ ਉਸਤਾਦ ਨਹੀਂ ਧਾਰਿਆ। ਇੱਕ ਵਾਰ ਉਨ੍ਹਾਂ ਦੇ ਪਿੰਡ ਯਮਲਾ ਜੱਟ ਤੇ ਮਹਿੰਦਰਜੀਤ ਸੇਖੋਂ ਅਖਾੜਾ ਲਾਉਣ ਆਏ ਤਾਂ ਯਾਰਾਂ ਦੋਸਤਾਂ ਨੇ ਉਸ ਨੂੰ ਧੱਕੇ ਨਾਲ ਸਟੇਜ ’ਤੇ ਚੜ੍ਹਾ ਦਿੱਤਾ। ਉੱਥੇ ਉਸ ਨੇ ਇੱਕ ਗੀਤ ਗਾਇਆ, ਜਿਸ ਨੂੰ ਸੁਣ ਕੇ ਯਮਲੇ ਜੱਟ ਨੇ ਉਸ ਨੂੰ ਸ਼ਾਬਾਸ਼ੀ ਦਿੰਦਿਆਂ ਕਿਹਾ ਕਿ ਤੂੰ ਇੱਕ ਦਿਨ ਚੰਗਾ ਕਲਾਕਾਰ ਬਣੇਗਾ। ਬਸ, ਉਸ ਦਿਨ ਤੋਂ ਹੀ ਉਸ ਨੇ ਹਾਰਮੋਨੀਅਮ ਲਿਆਂਦਾ ਤੇ ਰਿਆਜ਼ ਕਰਨਾ ਸੁਰੂ ਕਰ ਦਿੱਤਾ।
1970 ਵਿੱਚ ਪਹਿਲਾ ਗੀਤ ‘ਭੱਠੀ ਉੱਤੇ ਖੜ੍ਹ ਕੇ ਦਾਣੇ ਮੈਂ ਭੁਨਾਉਂਦੀ ਆਂ, ਤੇਰੀਆਂ ਖਿੱਲਾਂ ਤੇ ਮੇਰੇ ਰੋੜ ਮੁੰਡਿਆ, ਪੇਕੇ ਛੱਡ ਜਾ ਮਹੀਨਾ ਇੱਕ ਹੋਰ ਮੁੰਡਿਆ’ ਨਰਿੰਦਰ ਬੀਬਾ ਨਾਲ ਐੱਚਐੱਮਵੀ ਕੰਪਨੀ ’ਚ ਰਿਕਾਰਡ ਹੋਇਆ, ਜੋ ਬਹੁਤ ਚੱਲਿਆ। ਹੁਣ ਤੱਕ ਗਾਇਕ ਗੁਰਦਿਆਲ ਨਿਰਮਾਣ ਦੇ 80-90 ਗੀਤ ਵੱਖ-ਵੱਖ ਗਾਇਕਾਵਾਂ ਨਾਲ ਰਿਕਾਰਡ ਹੋਏ ਹਨ। ਇਨ੍ਹਾਂ ’ਚ ਨਰਿੰਦਰ ਬੀਬਾ, ਸੁਰਿੰਦਰ ਕੌਰ, ਕੁਮਾਰੀ ਲਾਜ਼, ਜਸਵੰਤ ਕੌਰ ਗਿੱਲ, ਸੁਖਵੀਰ ਕੌਰ, ਹਰਵਿੰਦਰ ਬੀਬਾ ਧੂਰੀ, ਸੁਰਿੰਦਰ ਸੋਨੀਆ ਆਦਿ ਦੇ ਨਾਂ ਜ਼ਿਕਰਯੋਗ ਹਨ। ਇਨ੍ਹਾਂ ਰਿਕਾਰਡ ਗੀਤਾਂ ਨੂੰ ਪੁਰਾਣੇ ਸਰੋਤੇ ਅੱਜ ਵੀ ਬੜੇ ਸੁਆਦ ਨਾਲ ਸੁਣਦੇ ਹਨ। ਉਸ ਦੇ ਕੁਝ ਚਰਚਿਤ ਗੀਤਾਂ ਦੇ ਮੁੱਖੜੇ ਹਨ;
*ਖੱਟੀ ਮਿਹਨਤ ਦੀ ਤੰਗਲੀ ਨਾਲ ਉਡਾਵੇਂ
*ਪਰੇ ਹੋ ਜਾ ਵੇ ਸ਼ੌਕੀਨਾਂ ਮੇਰਾ ਰੰਗ ਮੁਸ਼ਕੀ
*ਪੇਕੇ ਛੱਡ ਜਾ ਮਹੀਨਾ ਇੱਕ ਹੋਰ ਮੁੰਡਿਆ
*ਘੁੰਡ ਚੁੱਕੀਂ ਨਾ ਗੱਭਰੂਆਂ ਮੇਰਾ
*ਬੰਤੋਂ ਨੇ ਮਿੱਤਰਾਂ ਨੂੰ ਹੱਥ ਜੋੜ ਕੇ ਰੁਮਾਲ ਫੜਾਇਆ
*ਸਿੱਧੀ ਹੋ ਜਾ ਧੂਰੀ ਵੱਲ ਨੂੰ
ਗੁਰਦਿਆਲ ਨਿਰਮਾਣ ਗਾਇਕੀ ਅਤੇ ਸਿਹਤ ਪੱਖੋਂ ਅੱਜ ਵੀ ਭਰ-ਜਵਾਨ ਹੈ। ਉਸ ਦਾ ਪਤਲਾ ਤੇ ਫੁਰਤੀਲਾ ਸਰੀਰ ਵੇਖ ਕੇ ਯਕੀਨ ਨਹੀਂ ਹੁੰਦਾ ਕਿ ਉਹ 80 ਵਰ੍ਹਿਆਂ ਨੂੰ ਪਾਰ ਕਰ ਗਿਆ ਹੈ। ਚੰਗਾ ਖਾਣਾ ਤੇ ਸਵੇਰ-ਸ਼ਾਮ ਸੈਰ ਕਰਨੀ ਉਸ ਦੀ ਜ਼ਿੰਦਗੀ ਦਾ ਨਿੱਤਨੇਮ ਹੈ। ਕਬੀਲਦਾਰੀ ਤੋਂ ਉਹ ਸੁਰਖਰੂ ਹੋ ਕੇ ਵਧੀਆ ਜ਼ਿੰਦਗੀ ਜੀਅ ਰਿਹਾ ਹੈ। ਉਸ ਦੇ ਦੋਵੇਂ ਬੇਟੇ ਵੀ ਗਾਉਂਦੇ ਹਨ। ਜਿਨ੍ਹਾਂ ’ਚੋਂ ਲਵਲੀ ਨਿਰਮਾਣ ਤਾਂ ਵਪਾਰਕ ਤੌਰ ’ਤੇ ਇਸ ਕਲਾ ਨਾਲ ਜੁੜਿਆ ਹੋਇਆ ਹੈ। ਦੂਜਾ ਅਮਰਜੀਤ ਸਿੰਘ ਕਾਨੂੰਗੋ ਹੈ, ਜਿਸ ਦਾ ਗਾਇਕੀ ਸਿਰਫ਼ ਸ਼ੌਕ ਹੈ। ਉਸ ਦਾ ਦੋਹਤਾ ਰਾਜਵੀਰ ਚਹਿਲ ਵੀ ਗਾਇਕੀ ਦਾ ਸ਼ੌਕ ਪਾਲ ਰਿਹਾ ਹੈ।
ਅੱਜ ਦੀ ਗਾਇਕੀ ਬਾਰੇ ਉਸ ਦਾ ਕਹਿਣਾ ਹੈ ਕਿ ਇਹ ਮਸ਼ੀਨ ਵਾਂਗ ਹੈ ਤੇ ਟਪੂਸੀਆਂ ਮਾਰੀਆਂ ਜਾਂਦੀਆਂ ਹਨ। ਅੱਜ ਦੇ ਬਹੁਤੇ ਕਲਾਕਾਰ ਕਲਾ ਤੋਂ ਕੋਰੇ ਹਨ। ਸਾਡੇ ਸਮਿਆਂ ’ਚ ਬਹੁਤ ਮਿਹਨਤ ਕਰਨੀ ਪੈਂਦੀ ਸੀ। ਉਸ ਸਮੇਂ ਕਲਾਕਾਰ ਦੀ ਆਵਾਜ਼ ਤੇ ਗਲਾ ਵੇਖਿਆ ਜਾਂਦਾ ਸੀ ਨਾ ਕਿ ਪੈਸਾ। ਜਦੋਂਕਿ ਅੱਜ ਸਾਰੀ ਖੇਡ ਹੀ ਪੈਸੇ ਦੀ ਹੈ ।
ਗੁਰਦਿਆਲ ਨਿਰਮਾਣ ਗਾਇਕੀ ਦੇ ਨਾਲ-ਨਾਲ ਸਾਹਿਤਕ ਖੇਤਰ ਨਾਲ ਵੀ ਪਿਛਲੇ ਲੰਮੇ ਸਮੇਂ ਤੋਂ ਜੁੜਿਆ ਹੋਇਆ ਹੈ। ਕਾਵਿ ਮਹਿਫ਼ਲਾਂ ’ਚ ਉਹ ਬਹੁਤ ਵਧੀਆ ਗ਼ਜ਼ਲ ਤੇ ਕਵਿਤਾ ਬੋਲਦਾ ਹੈ। ਦੂਰਦਰਸ਼ਨ ਜਲੰਧਰ ਅਤੇ ਰੇਡੀਓ ਸਟੇਸ਼ਨ ਤੋਂ ਵੀ ਉਹ ਕਈ ਵਾਰ ਆਪਣਾ ਪ੍ਰੋਗਰਾਮ ਦੇ ਚੁੱਕਾ ਹੈ। ਦੋਹਤਿਆਂ-ਪੋਤਿਆਂ ਵਾਲੇ ਪਰਿਵਾਰ ਤੱਕ ਪੁੱਜਾ ਗਾਇਕ ਗੁਰਦਿਆਲ ਨਿਰਮਾਣ ਅੱਜਕੱਲ੍ਹ ਆਪਣੇ ਪਰਿਵਾਰ ਸਮੇਤ ਧੂਰੀ ਵਿਖੇ ਰਹਿ ਰਿਹਾ ਹੈ।
ਸੰਪਰਕ: 98146-07737

