ਬਿਜੜੇ-ਬਿਜੜੀ ਦਾ ਗੀਤ
ਕਿੱਕਰ ਦੇ ਰੁੱਖ ’ਤੇ ਬੈਠਾ ਬਿਜੜਾ ਬਹੁਤ ਉਦਾਸ ਸੀ। ਸਵੇਰ ਦਾ ਚੁੱਪ-ਚਾਪ ਬੈਠਾ ਉਹ ਉਸ ਟਾਹਣੇ ਵੱਲ ਵੇਖੀ ਜਾ ਰਿਹਾ ਸੀ ਜੋ ਕਿੱਕਰ ਨਾਲੋਂ ਟੁੱਟ ਕੇ ਧਰਤੀ ’ਤੇ ਮੂਧੇ ਮੂੰਹ ਪਿਆ ਸੀ। ਬਿਜੜਾ ਪਿਛਲੇ ਕਈ ਦਿਨਾਂ ਤੋਂ ਇਸੇ ਟਾਹਣੇ ਨਾਲ...
ਕਿੱਕਰ ਦੇ ਰੁੱਖ ’ਤੇ ਬੈਠਾ ਬਿਜੜਾ ਬਹੁਤ ਉਦਾਸ ਸੀ। ਸਵੇਰ ਦਾ ਚੁੱਪ-ਚਾਪ ਬੈਠਾ ਉਹ ਉਸ ਟਾਹਣੇ ਵੱਲ ਵੇਖੀ ਜਾ ਰਿਹਾ ਸੀ ਜੋ ਕਿੱਕਰ ਨਾਲੋਂ ਟੁੱਟ ਕੇ ਧਰਤੀ ’ਤੇ ਮੂਧੇ ਮੂੰਹ ਪਿਆ ਸੀ। ਬਿਜੜਾ ਪਿਛਲੇ ਕਈ ਦਿਨਾਂ ਤੋਂ ਇਸੇ ਟਾਹਣੇ ਨਾਲ ਜੁੜੀ ਇੱਕ ਟਾਹਣੀ ’ਤੇ ਬੜੀ ਰੀਝ ਨਾਲ ਆਪਣਾ ਆਲ੍ਹਣਾ ਬਣਾ ਰਿਹਾ ਸੀ। ਹੁਣ ਤਾਂ ਬਸ ਥੋੜ੍ਹੀ ਜਿਹੀ ਬੁਣਤੀ ਹੀ ਰਹਿੰਦੀ ਸੀ ਕਿ ਕੱਲ੍ਹ ਰਾਤ ਆਏ ਤੇਜ਼ ਝੱਖੜ ਨੇ ਬਿਜੜੇ ਦੀ ਸਾਰੀ ਮਿਹਨਤ ’ਤੇ ਪਾਣੀ ਫੇਰ ਦਿੱਤਾ।
ਕਿੱਕਰ ਦਾ ਇਹ ਭਰਵਾਂ ਰੁੱਖ ਇੱਕ ਵੱਡੇ ਟੋਭੇ ਦੇ ਕਿਨਾਰੇ ’ਤੇ ਸੀ। ਇੱਥੇ ਬਹੁਤ ਸਾਰੇ ਪੰਛੀ ਰਹਿੰਦੇ ਸਨ। ਇਨ੍ਹਾਂ ਪੰਛੀਆਂ ਵਿੱਚੋਂ ਹੀ ਇੱਕ ਜੋੜਾ ਬਿਜੜੇ-ਬਿਜੜੀ ਦਾ ਸੀ। ਇਹ ਜੋੜਾ ਹਰ ਵਰ੍ਹੇ ਇਸੇ ਰੁੱਖ ’ਤੇ ਆਲ੍ਹਣਾ ਪਾਉਂਦਾ ਸੀ। ਆਲ੍ਹਣਾ ਬਣਾਉਣ ਦਾ ਸਾਰਾ ਕੰਮ ਬਿਜੜੇ ਦਾ ਹੁੰਦਾ ਤੇ ਬਿਜੜੀ ਬਣਾਏ ਆਲ੍ਹਣੇ ਵਿੱਚ ਆਂਡੇ ਦੇ ਕੇ ਉਨ੍ਹਾਂ ਨੂੰ ਸੇਹਣ ਦਾ ਕੰਮ ਕਰਦੀ। ਬਿਜੜਾ ਆਪਣੇ ਕੰਮ ਵਿੱਚ ਇੰਨੀ ਰੀਝ ਲਗਾਉਂਦਾ ਕਿ ਉਸ ਦੇ ਬਾਰੀਕੀ ਨਾਲ ਬੁਣੇ ਆਲ੍ਹਣੇ ਵੱਲ ਵੇਖ ਕੇ ਬਾਕੀ ਪੰਛੀ ਵੀ ਉਸ ਦੀ ਸਿਫਤ ਕੀਤੇ ਬਿਨਾਂ ਨਾ ਰਹਿੰਦੇ। ਇਸ ਵਾਰ ਵੀ ਉਹ ਉਵੇਂ ਹੀ ਪੂਰੀ ਰੀਝ ਨਾਲ ਆਲ੍ਹਣਾ ਬਣਾ ਰਿਹਾ ਸੀ ਕਿ ਕੱਲ੍ਹ ਰਾਤ ਜਦੋਂ ਝੱਖੜ ਆਇਆ ਤਾਂ ਕਿੱਕਰ ਦਾ ਉਹੀ ਟਾਹਣਾ ਟੁੱਟਿਆ ਜਿਸ ਉੱਤੇ ਬਿਜੜਾ ਆਪਣਾ ਆਲ੍ਹਣਾ ਬਣਾ ਰਿਹਾ ਸੀ। ਆਪਣੇ ਬੁਣੇ ਆਲ੍ਹਣੇ ਦੀ ਬੁਰੀ ਹਾਲਤ ਵੇਖ ਕੇ ਉਹ ਹੁਣ ਡਾਹਢੀ ਉਦਾਸੀ ਵਿੱਚ ਸੀ।
ਸਵੇਰ ਤੋਂ ਦੁਪਹਿਰ ਹੋ ਚੱਲੀ ਸੀ, ਪਰ ਬਿਜੜਾ ਉਵੇਂ ਹੀ ਚੁੱਪ-ਚਾਪ ਬੈਠਾ ਸੀ। ਨੇੜੇ ਹੀ ਬੈਠੀ ਬਿਜੜੀ ਉਸ ਦੇ ਮਨ ਦੀ ਹਾਲਤ ਨੂੰ ਚੰਗੀ ਤਰ੍ਹਾਂ ਜਾਣਦੀ ਸੀ, ਪਰ ਇਸ ਮੌਕੇ ਉਸ ਤੋਂ ਵੀ ਕੁਝ ਬੋਲਿਆ ਨਹੀਂ ਸੀ ਜਾ ਰਿਹਾ। ਆਖਰ ਉਸ ਨੇ ਆਪਣੇ ਮਨ ਨਾਲ ਸੋਚ ਵਿਚਾਰ ਕੀਤੀ ਤੇ ਬਿਜੜੇ ਨੂੰ ਹੌਸਲਾ ਦਿੰਦਿਆਂ, ਬੜੀ ਅਪਣੱਤ ਨਾਲ ਆਖਣ ਲੱਗੀ;
“ਮੇਰੇ ਸਾਥੀ! ਹੌਸਲਾ ਰੱਖ, ਤੂੰ ਤਾਂ ਬਹੁਤ ਬਹਾਦਰ ਐਂ। ਮੈਂ ਜਾਣਦੀ ਹਾਂ, ਇਹ ਝੱਖੜ ਤੇ ਤੂਫਾਨ ਤੇਰੇ ਬਣਾਏ ਆਲ੍ਹਣੇ ਨੂੰ ਤਾਂ ਭੰਨ ਸਕਦੇ ਹਨ, ਪਰ ਤੇਰੇ ਹੌਸਲੇ ਨੂੰ ਨਹੀਂ। ਉੱਠ! ਨਵੀਂ ਸ਼ੁਰੂਆਤ ਕਰ ਤੇ ਪਹਿਲਾਂ ਤੋਂ ਵੀ ਸੋਹਣਾ ਆਲ੍ਹਣਾ ਬਣਾ ਕੇ ਦਿਖਾ।” ਇਹ ਸੁਣ ਕੇ ਬਿਜੜੇ ਦੇ ਮਨ ਨੇ ਅਚਾਨਕ ਕਰਵਟ ਬਦਲੀ ਤੇ ਟੁੱਟੇ ਟਾਹਣੇ ਨੂੰ ਛੱਡ ਕੇ ਉਹ ਹੁਣ ਕਿੱਕਰ ਦੇ ਹਰੇ-ਭਰੇ ਬਾਕੀ ਟਾਹਣਿਆਂ ਵੱਲ ਵੇਖਣ ਲੱਗਾ। ਹਰੇ ਭਰੇ ਟਾਹਣਿਆਂ ਵੱਲ ਵੇਖ ਕੇ ਉਸ ਦਾ ਮਨ ਮੁੜ ਹੌਸਲੇ ਨਾਲ ਭਰ ਉੱਠਿਆ। ਉਸ ਦੇ ਮਨ ਨੇ ਉਸ ਨੂੰ ਝੰਜੋੜਿਆ;
“ਕੀ ਹੋਇਆ ਜੇ ਮੇਰੀ ਇੱਕ ਕੋਸ਼ਿਸ਼ ਬੇਕਾਰ ਚਲੇ ਗਈ, ਇਸ ਵਾਰ ਮੈਂ ਹੋਰ ਜ਼ਿਆਦਾ ਮਿਹਨਤ ਕਰਾਂਗਾ ਤੇ ਪਹਿਲਾਂ ਤੋਂ ਵੀ ਸੋਹਣਾ ਆਲ੍ਹਣਾ ਪਾਵਾਂਗਾ।”
ਬਿਜੜੇ ਦਾ ਮਨ ਹੁਣ ਨਵੀਂ ਆਸ ਨਾਲ ਭਰ ਉੱਠਿਆ ਸੀ। ਉੱਥੇ ਬੈਠਿਆਂ ਬੈਠਿਆਂ ਉਸ ਨੇ ਦੂਰ ਖੜ੍ਹੇ ਸਰਕੰਡੇ ਦੇ ਬੂਟਿਆਂ ਵੱਲ ਵੇਖਿਆ ਤੇ ਨਿਸ਼ਾਨਾ ਸਾਧ ਝੱਟ ਉੱਥੇ ਪੁੱਜ ਗਿਆ। ਸਰਕੰਡੇ ਦੇ ਇੱਕ ਬੂਟੇ ਨਾਲੋਂ ਲੰਮਾ ਤੀਲਾ ਤੋੜ ਕੇ ਉਸ ਨੇ ਚੁੰਝ ’ਚ ਫਸਾਇਆ ਤੇ ਕਿੱਕਰ ਦੀ ਇੱਕ ਟਾਹਣੀ ’ਤੇ ਆ ਬੈਠਾ। ਜਿਉਂ ਹੀ ਉਸ ਨੇ ਤੀਲੇ ਨੂੰ ਟਾਹਣੀ ਨਾਲ ਪਰੋਇਆ ਤਾਂ ਬਿਜੜੀ, ਉਸ ਦਾ ਉਤਸ਼ਾਹ ਵਧਾਉਂਦਿਆਂ ਇਹ ਗੀਤ ਗੁਣ-ਗੁਣਾਉਣ ਲੱਗੀ;
ਮੁਸ਼ਕਲਾਂ ਤੋਂ ਜੋ ਨਾ ਘਬਰਾਉਂਦੇ
ਉਹੀ ਉੱਚੀਆਂ ਮੰਜ਼ਿਲਾਂ ਪਾਉਂਦੇ।
ਖੁਸ਼ ਹੁੰਦਿਆਂ ਬਿਜੜੇ ਨੇ ਵੀ ਝੱਟ ਅਗਲੀ ਤੁਕ ਜੋੜੀ;
ਹੌਸਲੇ ਦੇ ਗੀਤ ਗਾਉਂਦੇ
ਹਿੰਮਤੀ ਕਦੇ ਨਾ ਢੇਰੀ ਢਾਹੁੰਦੇ।
ਬਿਜੜੇ-ਬਿਜੜੀ ਦਾ ਇਹ ਗੀਤ ਕਿੱਕਰ ਦੇ ਰੁੱਖ ’ਤੇ ਰਹਿੰਦੇ ਬਾਕੀ ਪੰਛੀ ਵੀ ਬੜੇ ਧਿਆਨ ਨਾਲ ਸੁਣ ਰਹੇ ਸਨ। ਕੱਲ੍ਹ ਰਾਤ ਵਾਲੇ ਝੱਖੜ ਨਾਲ ਉਹ ਵੀ ਝੰਬੇ ਪਏ ਸਨ। ਇਹ ਗੀਤ ਸੁਣ ਕੇ ਉਹ ਵੀ ਹੌਸਲੇ ਵਿੱਚ ਆ ਗਏ ਤੇ ਬਿਜੜੇ-ਬਿਜੜੀ ਦੇ ਸੁਰ ਨਾਲ ਆਪਣਾ ਸੁਰ ਮਿਲਾਉਣ ਲੱਗੇ।
ਸੰਪਰਕ: 98550-24495

