ਅਸਲ ਹੱਕਦਾਰ
ਬਾਲ ਕਹਾਣੀ ਬੜੀ ਪੁਰਾਣੀ ਗੱਲ ਹੈ ਕਿ ਇੱਕ ਰਾਜ ਵਿੱਚ ਇੱਕ ਰਾਜਾ ਰਾਜ ਕਰਦਾ ਸੀ। ਉਸ ਦਾ ਰਾਜ ਕਾਫ਼ੀ ਵੱਡਾ ਹੋਣ ਕਾਰਨ ਉਸ ਨੇ ਉਸ ਨੂੰ ਕਈ ਭਾਗਾਂ ਵਿੱਚ ਵੰਡਿਆ ਹੋਇਆ ਸੀ। ਇਨ੍ਹਾਂ ਭਾਗਾਂ ਨੂੰ ਉਸ ਦੇ ਸਰਦਾਰ ਸੰਭਾਲਦੇ ਸਨ।...
ਬਾਲ ਕਹਾਣੀ
ਬੜੀ ਪੁਰਾਣੀ ਗੱਲ ਹੈ ਕਿ ਇੱਕ ਰਾਜ ਵਿੱਚ ਇੱਕ ਰਾਜਾ ਰਾਜ ਕਰਦਾ ਸੀ। ਉਸ ਦਾ ਰਾਜ ਕਾਫ਼ੀ ਵੱਡਾ ਹੋਣ ਕਾਰਨ ਉਸ ਨੇ ਉਸ ਨੂੰ ਕਈ ਭਾਗਾਂ ਵਿੱਚ ਵੰਡਿਆ ਹੋਇਆ ਸੀ। ਇਨ੍ਹਾਂ ਭਾਗਾਂ ਨੂੰ ਉਸ ਦੇ ਸਰਦਾਰ ਸੰਭਾਲਦੇ ਸਨ। ਕੁਝ ਸਮਾਂ ਉਸ ਨੇ ਵਧੀਆ ਰਾਜ ਕੀਤਾ, ਪਰ ਕਈ ਸਾਲਾਂ ਤੋਂ ਉਸ ਦਾ ਰਾਜ ਵਧੀਆ ਨਹੀਂ ਸੀ ਚੱਲਦਾ। ਰਾਜੇ ਨੂੰ ਕਈ ਅਲਾਮਤਾਂ ਨੇ ਘੇਰ ਲਿਆ ਸੀ। ਹੁਣ ਉਹ ਬਹੁਤਾ ਸਮਾਂ ਸ਼ਰਾਬ ਪੀਣ, ਨ੍ਰਿਤ ਦੇਖਣ ਜਾਂ ਮੁਜ਼ਰਿਆਂ ਵਿੱਚ ਬਰਬਾਦ ਕਰਦਾ ਸੀ।
ਰਾਜੇ ਦੇ ਮੰਤਰੀ ਰਾਜੇ ਦੀ ਇਸ ਕਮੀ ਕਾਰਨ ਬੜੇ ਖ਼ੁਸ਼ ਰਹਿੰਦੇ ਅਤੇ ਉਹ ਹਮੇਸ਼ਾ ਉਸ ਦੀ ਚਾਪਲੂਸੀ ਕਰਦੇ ਤੇ ਅਕਸਰ ਕਹਿੰਦੇ;
‘‘ਮਹਾਰਾਜ ਜਨਤਾ ਤੁਹਾਡੇ ’ਤੇ ਬਹੁਤ ਖ਼ੁਸ਼ ਹੈ।’’
‘‘ਕਿਉਂ ?’’ ਖ਼ੁਸ਼ੀ ਵਿੱਚ ਫੁੱਲ ਕੇ ਕੁੱਪਾ ਹੋਇਆ ਰਾਜਾ ਪੁੱਛਦਾ।
‘‘ਮਹਾਰਾਜ ਤੁਸੀਂ ਕੰਮ ਹੀ ਇੰਨੇ ਵਧੀਆ ਕਰਦੇ ਹੋ।’’
‘‘ਹਾਂ... ਹਾਂ... ਮੇਰੀ ਜਨਤਾ ਮੈਥੋਂ ਬਹੁਤ ਖ਼ੁਸ਼ ਹੈ।’’ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਰਾਜਾ ਝੂਮਣ ਲੱਗਦਾ। ਮੰਤਰੀ, ਸੰਤਰੀ ਤੇ ਦਰਬਾਰੀ ਤਾੜੀਆਂ ਮਾਰ ਕੇ ਰਾਜੇ ਦੀ ਖ਼ੁਸ਼ਾਮਦ ਵਿੱਚ ਵਾਧਾ ਕਰ ਦਿੰਦੇ। ਇਸ ਤਰ੍ਹਾਂ ਚੱਲਦਾ ਰਿਹਾ। ਰਾਜ ਵਿੱਚ ਅਪਰਾਧ ਵਧਣ ਲੱਗਾ। ਲੋਕਾਂ ਵਿੱਚ ਵਿਦਰੋਹ ਦੀ ਅੱਗ ਸੁਲਘਣ ਲੱਗੀ।
ਕਹਿੰਦੇ ਹਨ ਕਿ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ। ਉਸ ਰਾਜ ਵਿੱਚ ਇੱਕ ਕਰਮ ਚੰਦ ਨਾਂ ਦਾ ਮੰਤਰੀ ਵੀ ਸੀ। ਉਹ ਆਮ ਕਰਕੇ ਘੱਟ ਹੀ ਬੋਲਦਾ ਸੀ। ਜਿੱਥੋਂ ਤੱਕ ਹੋ ਸਕਦਾ ਉਹ ਪਰਜਾ ਦੀ ਭਲਾਈ ਲਈ ਕੰਮ ਕਰਦਾ। ਲੋਕ ਉਸ ਦੇ ਵਿਹਾਰ ਤੋਂ ਬਹੁਤ ਖ਼ੁਸ਼ ਸਨ। ਉਸ ਦੇ ਮਨ ਵਿੱਚ ਆਉਂਦਾ ਕਿ ਉਹ ਰਾਜੇ ਨੂੰ ਸਪੱਸ਼ਟ ਸ਼ਬਦਾਂ ਵਿੱਚ ਕਹੇ ਕਿ ਤੁਹਾਡਾ ਰਾਜ ਹੁਣ ਗਰਕ ਰਿਹਾ ਹੈ, ਪਰ ਦੂਜੇ ਹੀ ਪਲ ਉਹ ਸੋਚਦਾ ਕਿ ਰਾਜੇ ਦਾ ਗੁੱਸਾ, ਚਾਪਲੂਸ ਮੰਤਰੀਆਂ ਦੀਆਂ ਚਾਲਾਂ ਉਸ ਨੂੰ ਬਿਪਤਾ ਵਿੱਚ ਪਾ ਸਕਦੀਆਂ ਹਨ। ਇਹ ਵੀ ਹੋ ਸਕਦਾ ਸੀ ਕਿ ਗੁੱਸੇ ਵਿੱਚ ਆ ਕੇ ਰਾਜਾ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਮਰਵਾ ਵੀ ਦੇਵੇ। ਇਨ੍ਹਾਂ ਸੋਚ ਵਿਚਾਰਾਂ ਵਿੱਚ ਡੁੱਬਿਆ ਕਰਮ ਚੰਦ ਚੁੱਪ ਹੀ ਰਹਿੰਦਾ।
ਇੱਕ ਦਿਨ ਰਾਜਾ ਕਿਸੇ ਵਿਆਹ ਦੇ ਸੱਦੇ ’ਤੇ ਨਾਲ ਦੇ ਰਾਜ ਵਿੱਚ ਗਿਆ ਸੀ ਕਿ ਪਿੱਛੋਂ ਉਸ ਦੀ ਇੱਕ ਸੂਝਵਾਨ ਰਾਣੀ ਨੇ ਮੰਤਰੀ ਕਰਮ ਚੰਦ ਨੂੰ ਦਰਬਾਰ ਵਿੱਚ ਬੁਲਾਇਆ ਕਿਉਂਕਿ ਕਰਮ ਚੰਦ ਸਭ ਤੋਂ ਇਮਾਨਦਾਰ ਤੇ ਭਰੋਸੇਯੋਗ ਵਿਅਕਤੀ ਸੀ। ਉਹ ਦਰਬਾਰ ਵਿੱਚ ਹਾਜ਼ਰ ਹੋਇਆ ਤਾਂ ਮਹਾਰਾਣੀ ਆਖਣ ਲੱਗੀ,
‘‘ਮੰਤਰੀ ਜੀ ਆਪਣੇ ਰਾਜ ਦਾ ਕੀ ਹਾਲ ਏ ?’’
‘‘ਮਹਾਰਾਣੀ ਜੀ ਮੈਂ ਆਖ ਨਹੀਂ ਸਕਦਾ, ਬਹੁਤ ਬੁਰਾ ਹਾਲ ਹੈ।’’ ਉਸ ਨੇ ਬੇਝਿਜਕ ਉੱਤਰ ਦਿੱਤਾ।
‘‘ਕਿਉਂ ?’’
‘‘ਤੁਸੀਂ ਜਾਣਦੇ ਹੋ ਰਾਜਾ ਜੀ ਹਮੇਸ਼ਾ ਸ਼ਰਾਬ ਦੇ ਨਸ਼ੇ ਵਿੱਚ ਚੂਰ ਹੋ ਕੇ ਨਿਤ੍ਰ ਵਗੈਰਾ ਹੀ ਦੇਖਦੇ ਰਹਿੰਦੇ ਹਨ। ਪਰਜਾ ਦੀ ਹਾਲਤ ਬਹੁਤ ਬੁਰੀ ਹੈ। ਪਰਜਾ ਵਿੱਚ ਗੁੱਸਾ ਹੈ ਅਤੇ ਅਪਰਾਧ ਵਧ ਰਿਹਾ ਹੈ।’’
‘‘ਫਿਰ ਤੁਸੀਂ ਮਹਾਰਾਜ ਨੂੰ ਕਿਉਂ ਨਹੀਂ ਕਹਿੰਦੇ ?’’
‘‘ਮਹਾਰਾਣੀ ਜੀ ਮੈਂ ਬਹੁਤ ਵਾਰ ਸੋਚਿਆ ਪਰ...।’’
‘‘ਪਰ ਕੀ ?’’
‘‘ਪਰ ਦੂਜੇ ਮੰਤਰੀਆਂ ਦੀ ਚਾਪਲੂਸੀ ਅੱਗੇ ਮੇਰੀ ਇਮਾਨਦਾਰੀ ਫਿੱਕੀ ਪੈ ਰਹੀ ਹੈ।’’
‘‘ਤੁਹਾਨੂੰ ਰਾਜ ਧਰਮ ਦਾ ਪਾਲਣ ਕਰਨਾ ਚਾਹੀਦਾ ਹੈ।’’
‘‘ਜੀ ਮਹਾਰਾਣੀ ਜੀ ਮੈਂ ਕੋਸ਼ਿਸ਼ ਕਰਾਂਗਾ।’’
ਰਾਜਾ ਦੂਜੇ ਰਾਜ ’ਚੋਂ ਵਾਪਸ ਪਰਤਿਆ ਤਾਂ ਉਸ ਦੇ ਆਉਣ ਦੀ ਸੂਚਨਾ ਸਭ ਤੱਕ ਪਹੁੰਚ ਗਈ। ਕੀ ਮੰਤਰੀ, ਕੀ ਸੰਤਰੀ, ਕੀ ਰਾਣੀਆਂ ਸਭ ਨੇ ਰਾਜੇ ਦਾ ਸਵਾਗਤ ਕੀਤਾ। ਉਸ ਸਮੇਂ ਵੱਡੀ ਰਾਣੀ ਬਹੁਤ ਉਦਾਸ ਸੀ। ਉਸ ਦੀ ਉਦਾਸੀ ਦੇਖ ਕੇ ਰਾਜਾ ਵੀ ਉਦਾਸ ਹੋ ਗਿਆ ਕਿਉਂਕਿ ਉਸ ਨਾਲ ਉਸ ਦਾ ਸਭ ਤੋਂ ਵੱਧ ਪ੍ਰੇਮ ਸੀ। ਜਦੋਂ ਰਾਜੇ ਨੇ ‘ਇਕਾਂਤ’ ਕਿਹਾ ਤਾਂ ਰਾਜੇ ਦੇ ਇਸ਼ਾਰੇ ਨਾਲ ਸਾਰਾ ਦਰਬਾਰ ਖਾਲੀ ਹੋ ਗਿਆ। ਹੁਣ ਦਰਬਾਰ ਵਿੱਚ ਮਹਾਰਾਣੀ ਤੇ ਰਾਜਾ ਹੀ ਸਨ। ਉਸ ਨੇ ਰਾਣੀ ਤੋਂ ਉਦਾਸੀ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ;
‘‘ਮਹਾਰਾਜ ਤੁਹਾਨੂੰ ਸਭ ਸਲਾਮਾਂ ਕਿਉਂ ਕਰਦੇ ਨੇ ?’’
‘‘ਕਿਉਂਕਿ ਮੈਂ ਰਾਜਾ ਹਾਂ।’’
‘‘ਜੇ ਤੁਸੀਂ ਰਾਜਾ ਨਾ ਹੋਵੋ ਤਾਂ ?’’
‘‘ਫਿਰ ਕੌਣ ਪੁੱਛਦੈ।’’
‘‘ਮਹਾਰਾਜ ਮੈਂ ਤੁਹਾਡੇ ਅੱਗੇ ਅਰਜ਼ ਕਰਦੀ ਹਾਂ।’’
‘‘ਅਰਜ਼ ਨਹੀਂ ਮਹਾਰਾਣੀ ਤੂੰ ਖੁੱਲ੍ਹ ਕੇ ਕਹਿ।’’
‘‘ਮਹਾਰਾਜ ਤੁਹਾਨੂੰ ਰਾਜ ਦਰਬਾਰ ’ਚੋਂ ਨਿਕਲ ਕੇ ਪਰਜਾ ਵੱਲ ਦੇਖਣਾ ਚਾਹੀਦਾ ਹੈ।’’
‘‘ਮੇਰੀ ਪਰਜਾ ਬਹੁਤ ਖ਼ੁਸ਼ ਹੈ।’’
‘‘ਕੌਣ ਕਹਿੰਦਾ ਮਹਾਰਾਜ ?’’
‘‘ਸਭ ਕਹਿੰਦੇ ਨੇ।’’
‘‘ਕੌਣ?’’
‘‘ਮੇਰੇ ਮੰਤਰੀ।’’
‘‘ਮਹਾਰਾਜ ਚਾਪਲੂਸ ਮੰਤਰੀ ਹੀ ਤੁਹਾਨੂੰ ਖ਼ਰਾਬ ਕਰ ਰਹੇ ਨੇ।’’
‘‘ਸਾਰੇ ਹੀ ਚਾਪਲੂਸ ਨੇ ?’’
‘‘ਲਗਭਗ।’’
‘‘ਕਰਮ ਚੰਦ ਨੂੰ ਪੁੱਛ ਲੈਂਦੇ ਹਾਂ ਉਸ ਨੇ ਕਦੇ ਸਲਾਹ ਨਹੀਂ ਦਿੱਤੀ।’’
‘‘ਪੁੱਛ ਲਓ ਕੀ ਪਤੈ, ਉਹ ਵੀ ਚਾਪਲੂਸ ਹੀ ਨਿਕਲੇ।’’ ਮਹਾਰਾਣੀ ਨੇ ਅਣਜਾਣ ਬਣਦੇ ਕਿਹਾ।
‘‘ਪਰ ਤੇਰੇ ਕੋਲ ਕੀ ਸਬੂਤ ਹੈ ਬਈ ਸਭ ਚਾਪਲੂਸ ਨੇ ?’’
‘‘ਮੇਰੇ ਕੋਲ ਵੀ ਸੂਹੀਏ ਨੇ।’’ ਮਹਾਰਾਣੀ ਬੋਲੀ।
ਕਰਮ ਚੰਦ ਨੂੰ ਬੁਲਾਇਆ ਗਿਆ ਤਾਂ ਉਹ ਹਾਜ਼ਰ ਹੋ ਗਿਆ।
‘‘ਕਿਉਂ ਬਈ ਮੰਤਰੀ ਆਪਣਾ ਰਾਜ ਕਿਹੋ ਜਿਹਾ ਹੈ ?’’
‘‘ਮਹਾਰਾਜ ਮੈਂ ਕੀ ਆਖਾਂ ਤੁਸੀਂ ਖ਼ੁਦ ਹੀ ਦੇਖ ਲਵੋ।’’ ਰਾਜਾ ਸਮਝ ਗਿਆ।
ਕੁਝ ਦਿਨਾਂ ਬਾਅਦ ਰਾਜਾ ਭੇਸ ਬਦਲ ਕੇ ਜਨਤਾ ਵਿੱਚ ਚਲਾ ਗਿਆ। ਰਸਤੇ ਵਿੱਚ ਇੱਕ ਕਿਸਾਨ ਖੇਤ ਵਿੱਚ ਕੰਮ ਕਰ ਰਿਹਾ ਸੀ ਜੋ ਦੇਖਣ ਵਿੱਚ ਅੱਖੜ ਸੁਭਾਅ ਦਾ ਲੱਗਦਾ ਸੀ। ਉਸ ਨੂੰ ਰਾਜੇ ਨੇ ਪੁੱਛਿਆ;
‘‘ਕਿਉਂ ਬਈ ਤੇਰਾ ਰਾਜਾ ਕਿਹੋ ਜਿਹਾ ਹੈ ?’’
‘‘ਸਿਰੇ ਦਾ ਨਿਕੰਮਾ, ਸ਼ਰਾਬੀ, ਜੂਏਬਾਜ਼ ਕਦੇ ਜਨਤਾ ਦੀ ਸਾਰ ਨਹੀਂ ਲਈ। ਬਸ ਅੰਦਰ ਵੜਿਆ ਬੈਠੈ।’’ ਉਸ ਨੇ ਮੱਥੇ ਤੋਂ ਪਸੀਨਾ ਪੂੰਝਦੇ ਕਾਫ਼ੀ ਕੁਝ ਕਹਿ ਦਿੱਤਾ।
ਰਾਜਾ ਅਜੇ ਅੱਗੇ ਗਿਆ ਹੀ ਸੀ ਕਿ ਇੱਕ ਦੁਕਾਨਦਾਰ ਸੌਦਾ ਲਈ ਆਉਂਦਾ ਉਸ ਨੂੰ ਦਿੱਸਿਆ। ਉਸ ਨੇ ਉਸ ਤੋਂ ਪੁੱਛਿਆ, ‘‘ਕਿਉਂ ਬਈ ਸੇਠ ਸਾਹਬ ਦੁਕਾਨਦਾਰੀ ਵਧੀਆ ਚੱਲਦੀ ਹੈ ?’’
‘‘ਕਾਹਦੀ ਦੁਕਾਨਦਾਰੀ ਜਦੋਂ ਰਾਜਾ ਨਿਕੰਮਾ ਹੋਵੇ ਪਰਜਾ ਕੀ ਕਰੇ? ਜੇ ਦਿਨੇਂ ਦਿਨੇਂ ਸਾਮਾਨ ਲੈ ਆਈਏ ਤਾਂ ਠੀਕ ਹੈ ਨਹੀਂ ਤਾਂ ਚੋਰ ਲੁਟੇਰੇ ਥਾਂ ਥਾਂ ਫਿਰਦੇ ਨੇ।’’ ਰਾਜਾ ਸੁਣ ਕੇ ਹੈਰਾਨ ਹੋ ਗਿਆ। ਇਸ ਤਰ੍ਹਾਂ ਉਸ ਨੂੰ ਬਹੁਤ ਤਜਰਬੇ ਹੋਏ। ਦੋ-ਤਿੰਨ ਦਿਨ ਦੀ ਯਾਤਰਾ ਤੋਂ ਬਾਅਦ ਜਦੋਂ ਉਹ ਵਾਪਸ ਮਹਿਲ ਪਰਤਿਆ ਤਾਂ ਉਸ ਨੇ ਆਉਂਦੇ ਹੀ ਸਭ ਮੰਤਰੀ ਸੰਤਰੀ ਤਲਬ ਕੀਤੇ ਤੇ ਕਿਹਾ;
‘‘ਸਭ ਕਰਮਚਾਰੀ ਚਾਹੇ ਉਹ ਵੱਡਾ ਹੋਵੇ ਜਾਂ ਛੋਟਾ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੋਣੇ ਚਾਹੀਦੇ ਹਨ। ਕਿਸੇ ਵੀ ਇਲਾਕੇ ਵਿੱਚ ਜੇਕਰ ਕੋਈ ਵਾਰਦਾਤ ਹੁੰਦੀ ਹੈ ਤਾਂ ਉਸ ਇਲਾਕੇ ਦਾ ਚੌਧਰੀ ਜ਼ਿੰਮੇਵਾਰ ਹੋਵੇਗਾ।’’
ਰਾਜੇ ਨੇ ਮਾੜੀਆਂ ਆਦਤਾਂ ਛੱਡ ਦਿੱਤੀਆਂ। ਦਿਨਾਂ ਵਿੱਚ ਹੀ ਰਾਜ ਦੀ ਹਾਲਤ ਸੁਧਰਨੀ ਸ਼ੁਰੂ ਹੋ ਗਈ। ਰਾਜਾ ਹੁਣ ਜਨਤਾ ਦੀ ਆਵਾਜ਼ ਸੁਣਦਾ। ਲੋਕਾਂ ਵਿੱਚ ਵਿਚਰਦਾ। ਲੋਕ ਖ਼ੁਸ਼ ਸਨ। ਰਾਜ ਮੁੜ ਕੇ ਤਰੱਕੀ ਕਰਨ ਲੱਗਾ। ਇੱਕ ਦਿਨ ਦਰਬਾਰ ਜੁੜਿਆ ਹੋਇਆ ਸੀ ਕਿ ਇਹ ਸਾਰੀ ਤਰੱਕੀ ਬਦਲੇ ਰਾਜੇ ਨੇ ਆਪਣੀ ਮਹਾਰਾਣੀ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਤਾਂ ਮਹਾਰਾਣੀ ਬੋਲੀ;
‘‘ਮਹਾਰਾਜ ਇਸ ਸਨਮਾਨ ਦਾ ਅਸਲ ਹੱਕਦਾਰ ਤਾਂ ਕਰਮ ਚੰਦ ਹੈ ਜਿਸ ਨੇ ਮੇਰੀਆਂ ਅੱਖਾਂ ਖੋਲ੍ਹੀਆਂ ਹਨ।’’
ਫਿਰ ਰਾਣੀ ਨੇ ਦੂਜੇ ਮੰਤਰੀਆਂ ਵੱਲ ਇਸ਼ਾਰਾ ਕਰਕੇ ਕਿਹਾ, ‘‘ਸਾਨੂੰ ਹਮੇਸ਼ਾ ਹੀ ਅੱਖਾਂ ਖੁੱਲ੍ਹੀਆਂ ਰੱਖਣੀਆਂ ਚਾਹੀਦੀਆਂ ਹਨ।’’
ਸੰਪਰਕ: 94630-20766

