ਵੰਡ ਦੇ ਦੁੱਖੜੇ

ਹਰ ਮਜ਼ਲੂਮ ਦਾ ਸਕਾ

ਹਰ ਮਜ਼ਲੂਮ ਦਾ ਸਕਾ

ਸਾਂਵਲ ਧਾਮੀ

ਜਲੰਧਰ ਤੋਂ ਆਦਮਪੁਰ ਜਾਂਦਿਆਂ ਚੂਹੜਵਾਲੀ ਤੋਂ ਖੱਬੇ ਹੱਥ ਮੁੜੀਏ ਤਾਂ ਇੱਕ ਪਿੰਡ ਆਉਂਦਾ ਹੈ ਲੇਸੜੀਵਾਲ। ਸੰਤਾਲੀ ਤੋਂ ਪਹਿਲਾਂ ਇੱਥੇ ਮੁਸਲਮਾਨ ਰਾਜਪੂਤ ਵਸਦੇ ਸਨ। ਸੰਤਾਲੀ ਤੋਂ ਬਾਅਦ ਇਸ ਪਿੰਡ ’ਚ ਬਹੁਤੇ ਜਲੰਧਰ ਤੋਂ ਗਏ ਬਾਰੀਏ ਤੇ ਇੱਕ-ਦੋ ਘਰ ਸਿਆਲਕੋਟੀਆਂ ਦੇ ਆਣ ਵੱਸੇ।

ਸਿਆਲਕੋਟੀਆਂ ’ਚੋਂ ਬਾਬਾ ਕਰਤਾਰ ਸਿੰਘ ਬਾਜਵਾ ਟੁਣਕਾ ਕੇ ਗੱਲ ਕਰਨ ਵਾਲਾ ਬੰਦਾ ਸੀ। ਸੰਤਾਲੀ ਦੇ ਆਰ-ਪਾਰ ਦੀਆਂ ਗੱਲਾਂ ਸੁਣਨ ਲਈ, ਮੈਂ ਉਹਨੂੰ ਮਿਲਣ ਗਿਆ। ਉਹਨੇ ਆਪਣੇ ਪਿੰਡ ਤੋਂ ਗੱਲ ਸ਼ੁਰੂ ਕਰ ਲਈ, “ਸਿਆਲਕੋਟ ’ਚ ਸਾਡਾ ਪਿੰਡ ਕੋਟਲੀ ਰਾਜ ਕੌਰ ਸੀ। ਮੀਰ ਆਲਮ ਦੱਸਦੇ ਹੁੰਦੇ ਸੀ ਕਿ ਵਿੰਝਲ ਪਿੰਡ ਦੇ ਮੁਸਲਮਾਨ ਬਾਜਵੇ ਸਾਡੇ ਵੰਸ਼ ’ਚੋਂ ਨੇ। ਵਿੰਝਲ ਸਾਡੇ ਪਿੰਡ ਤੋਂ ਲਹਿੰਦੇ ਵੱਲ ਸੀ। ਮੇਰਾ ਬਾਪ ਲੰਬੜਦਾਰ ਸੀ ਤੇ ਅਗਾਂਹ ਉਹਦਾ ਚਾਚਾ ਗੰਢਾ ਸਿੰਘ ਜ਼ੈਲਦਾਰ। ਪਿੰਡ ’ਚ ਆਉਣ ਵਾਲਾ ਹਰ ਅਫ਼ਸਰ ਸਾਡੀ ਬੈਠਕ ’ਚ ਆਉਂਦਾ ਹੁੰਦਾ ਸੀ।

ਸਾਡੇ ਪਿੰਡ ’ਚ ਮੁਸਲਮਾਨਾਂ ਦਾ ਇੱਕੋ ਘਰ ਸੀ। ਉਹ ਵਣਜਾਰੇ ਸਨ। ਉਨ੍ਹਾਂ ਦੇ ਮੁੰਡੇ ਮੁਹੰਮਦ ਸਦੀਕ ਤੇ ਬਸ਼ੀਰ ਸਾਡੇ ਨਾਲ ਖੇਡਦੇ ਹੁੰਦੇ ਸਨ। ਨੇੜਲੇ ਪਿੰਡ ਸਨ; ਗੁੰਨਾ, ਭਰੋ ਕੇ, ਚਵਿੰਡਾ, ਅੱਲ੍ਹੜ ਤੇ ਮੁੰਡਾ ਪਿੰਡ।

ਸਾਡਾ ਪਿੰਡ ਛੋਟਾ ਸੀ। ਇੱਥੋਂ ਦਾ ਕੁੱਲ ਰਕਬਾ ਪੰਜ ਸੌ ਬੱਤੀ ਏਕੜ ਸੀ। ਜ਼ਮੀਨ ਦੇ ਮਾਲਕ ਸਿਰਫ਼ ਅੱਠ ਘਰ ਸਨ। ਸਾਡੇ ਬਜ਼ੁਰਗਾਂ ਨੇ ਨੇੜਲੇ ਪਿੰਡ ਭਾਗੋਵਾਲ ਤੋਂ ਲਿਆ ਕੇ ਕੁਝ ਕਿਰਤੀ ਲੋਕ ਵੀ ਵਸਾਏ ਸਨ। ਉਨ੍ਹਾਂ ਨੂੰ ਘਰ ਵੀ ਛੱਤ ਕੇ ਦਿੱਤੇ ਸਨ। ਉਹ ਵਾਢੀਆਂ ਕਰਦੇ। ਪੂਰੇ ਪਿੰਡ ’ਚ ਮਹਿਰਿਆਂ ਤੇ ਬ੍ਰਾਹਮਣਾਂ ਦਾ ਇੱਕ-ਇੱਕ ਘਰ ਸੀ।

ਮੇਰੇ ਨਾਨਕੇ ਪੰਜ ਗਰਾਂਈਆਂ ਪਿੰਡ ਦੇ ਘੁੰਮਣ ਸਨ। ਬੰਨ ਬਾਜਵੇ ’ਚ ਮਾਸੀ ਰਹਿੰਦੀ ਸੀ। ਸਾਡਾ ਮਾਸੜ ਮੰਨਿਆ-ਤੰਨਿਆ ਭਲਵਾਨ ਸੀ। ਸਾਡੀ ਭੂਆ ਗੂੰਗੇ ਪਹਿਲਵਾਨ ਦੇ ਪਿੰਡ ਝਾਰੇ ਵਿਆਹੀ ਹੋਈ ਸੀ। ਮੈਂ ਛੋਟਾ ਜਿਹਾ ਸਾਂ, ਜਦੋਂ ਮੇਰਾ ਬਾਪ ਗੁਜ਼ਰ ਗਿਆ। ਮੈਂ ਬੰਨ ਬਾਜਵੇ ਵਾਲੀ ਮਾਸੀ ਕੋਲ ਰਹਿ ਕੇ ਪੜਿ੍ਹਆ। ਮਾਸੜ ਮੈਨੂੰ ਮੋਢੇ ’ਤੇ ਚੁੱਕ ਕੇ ਸਕੂਲ ਛੱਡਣ ਜਾਂਦਾ। ਰਾਹ ’ਚ ਉਹਨੇ ਆਖਣਾ-ਪੁੱਤਰਾ, ਜਿੱਦਣ ਤੂੰ ਜਵਾਨ ਹੋਇਆ, ਤੇਰਾ ਨਾਂ ਰੋਸ਼ਨ ਹੋਏਗਾ। ਮਾਹਰਾਜ ਨੇ ਫਿਰ ਮੇਰਾ ਨਾਂ ਕੀਤਾ ਵੀ। ਮੈਂ ਭਰ ਜਵਾਨੀ ’ਚ ਚਾਰ ਕੁਇੰਟਲ ਵਜ਼ਨ ਚੁੱਕ ਲਿਆ ਸੀ। ਫਿਰ ਲੋਕਾਂ ਨੇ ਮੇਰਾ ਨਾਂ ‘ਕੁਇੰਟਲ’ ਪਾ ਦਿੱਤਾ।

ਸਕੂਲ ’ਚ ਮੇਰੇ ਉਸਤਾਦ ਸਨ; ਸੁਦਾਗਰ ਸਿੰਘ, ਗੁਲਾਮ ਮੁਹੰਮਦ ਤੇ ਪੰਡਿਤ ਮੁਲਖ ਰਾਜ। ਚੌਥੀ ’ਚ ਪੜ੍ਹਦਿਆਂ ਮੈਂ ਪਸਰੂਰ ਜਾ ਕੇ ਵਜ਼ੀਫ਼ੇ ਦਾ ਇਮਤਿਹਾਨ ਦਿੱਤਾ ਸੀ ਜਿਸ ਵਿੱਚ ਮੈਂ ਪਾਸ ਹੋ ਗਿਆ। ਮਾਸਟਰ ਮੈਨੂੰ ਵੱਖ-ਵੱਖ ਸਕੂਲਾਂ ’ਚ ਘੁੰਮਾਈ ਫਿਰਦੇ। ਸਟੇਜ ਉੱਤੇ ਖਲਾਰ ਕੇ ਦੱਸਦੇ-ਏਸ ਬੱਚੇ ਦਾ ਪੰਜ ਰੁਪਏ ਵਜ਼ੀਫ਼ਾ ਲੱਗਾ ਏ। ਦਸ ਜਮਾਤਾਂ ਤੱਕ ਇਹਦੀ ਕੋਈ ਫੀਸ ਨਹੀਂ ਲੱਗਣੀ। ਮੈਂ ਸਿਰਫ਼ ਚਾਰ ਜਮਾਤਾਂ ਹੀ ਪੜ੍ਹ ਸਕਿਆ। ਪੰਜਵੀਂ ’ਚ ਹੋਇਆ ਹੀ ਸਾਂ ਕਿ ਪਾਕਿਸਤਾਨ ਬਣ ਗਿਆ। ਲੱਖਾਂ ਲੋਕਾਂ ਵਾਂਗ ਸਾਨੂੰ ਵੀ ਪਿੰਡ ਛੱਡਣਾ ਪੈ ਗਿਆ।

ਸਾਡੀ ਇੱਕ ਮੱਝ ਵੀਹ ਬਾਈ ਗੜਬੀਆਂ ਦੁੱਧ ਦਿੰਦੀ ਸੀ। ਮਾਤਾ ਕਹਿੰਦੀ-ਪੁੱਤ ਇਹਨੂੰ ਵੀ ਨਾਲ ਲੈ ਚੱਲ। ਜੇ ਅਸੀਂ ਪਹੁੰਚ ਗਏ ਤਾਂ ਇਹ ਵੀ ਪਹੁੰਚ ਜਾਏਗੀ। ਉਹ ਮੱਝ ਅਸੀਂ ਨਾਲ ਤੋਰ ਲਈ। ਉਹਦੇ ਉੱਤੇ ਪੰਜ-ਸੱਤ ਬਿਸਤਰੇ ਤੇ ਭਾਂਡਿਆਂ ਦੀ ਬੋਰੀ ਵੀ ਰੱਖ ਲਈ। ਘਿਉ ਦੀ ਪੀਪੀ, ਚੌਲ, ਸ਼ੱਕਰ, ਖੰਡ, ਉਰਾ-ਪਰਾ ਕਈ ਕੁਝ ਹੋਰ ਵੀ ਉਹਦੇ ਉੱਤੇ ਰੱਖ ਲਿਆ।

ਪਿੰਡੋਂ ਚੱਲ ਕੇ ਅਸੀਂ ਪਸਰੂਰ ਵਾਲੇ ਕੈਂਪ ’ਚ ਪਹੁੰਚੇ। ਇੱਕ ਸ਼ਾਮ ਢਿੱਲਮ ਪਿੰਡ ਦਾ ਬੂਟਾ ਸਿੰਘ ਭੁੱਲਰ ਸਾਨੂੰ ਕਹਿੰਦਾ- ਜਿਹਦੇ ਕੋਲ ਦੁੱਧ ਦੇਣ ਵਾਲਾ ਪਸ਼ੂ ਆ, ਉਹ ਮੇਰੇ ਨਾਲ ਆਓ। ਆਪਾਂ ਕਿਤਿਓਂ ਪੱਠੇ ਵੱਢ ਲਿਆਉਂਦੇ ਆਂ। ਉਹ ਨਾਮੀ ਭਲਵਾਨ ਸੀ ਤੇ ਮੇਲਿਆਂ ’ਚ ਲੱਠਾਂ-ਸੁਹਾਗੇ ਵੀ ਚੁੱਕਦਾ ਹੁੰਦਾ ਸੀ।

ਮੋਢੇ ’ਚ ਰਫ਼ਲ ਪਾਈ ਉਹ ਮੂਹਰੇ-ਮੂਹਰੇ ਤੇ ਤਿੰਨ-ਚਾਰ ਮੁੰਡੇ ਉਹਦੇ ਪਿੱਛੇ-ਪਿੱਛੇ ਤੁਰ ਪਏ। ਪੱਠੇ ਵੱਢ ਕੇ ਅਸੀਂ ਨਿੱਕੀਆਂ-ਨਿੱਕੀਆਂ ਭਰੀਆਂ ਸਿਰਾਂ ’ਤੇ ਰੱਖ ਲਈਆਂ ਤੇ ਕੈਂਪ ਵੱਲ ਮੁੜ ਪਏ। ਚਾਣਚੱਕ ਫਾਇਰ ਦੀ ਆਵਾਜ਼ ਆਈ। ਸਾਡੇ ਸਿਰਾਂ ਤੋਂ ਪੰਡਾਂ ਡਿੱਗ ਪਈਆਂ। ਅਸੀਂ ਦੇਖਿਆ ਕਿ ਭਲਵਾਨ ਡਿੱਗਿਆ ਪਿਆ ਸੀ। ਦੂਰੋਂ ਕਿਸੇ ਚੁਬਾਰੇ ’ਚੋਂ ਕਿਸੇ ਨੇ ਉਹਦੀ ਛਾਤੀ ’ਚ ਗੋਲੀ ਮਾਰ ਦਿੱਤੀ ਸੀ।

ਉਸ ਛਿਣ ਮੈਨੂੰ ਜ਼ੈਲਦਾਰ ਦੀ ਗੱਲ ਚੇਤੇ ਆ ਗਈ ਕਿ ਜਦੋਂ ਕਿਤੇ ਗੋਲੀ ਚੱਲੇ, ਉਦੋਂ ਲੰਮੇ ਪੈ ਜਾਣਾ। ਇਹ ਨਹੀਂ ਵੇਖਣਾ ਕਿ ਥੱਲੇ ਚਿੱਕੜ ਏ। ਮੁਰੱਬੇਬੰਦੀ ਵਾਲੀ ਵੱਟ ਸੀ, ਬਹੁਤ ਉੱਚੀ। ਮੈਂ ਉਹਦੇ ਨਾਲ ਲੰਮਾ ਪੈ ਗਿਆ। ਗੋਲੀ ਮਾਰਨ ਵਾਲੇ ਵੀ ਉੱਤਰ ਆਏ। ਮੇਰਾ ਮੂੰਹ ਥੱਲੇ ਨੂੰ ਸੀ। ਕੋਲ ਬੰਨੇ ਉੱਤੇ ਪੱਠਿਆਂ ਦੀ ਡੱਗੀ ਖਿੱਲਰੀ ਪਈ ਸੀ। ਉਨ੍ਹਾਂ ’ਚੋਂ ਇੱਕ ਨੇ ਮੈਨੂੰ ਠੁੱਡ ਮਾਰਿਆ। ਮਿਲਟਰੀ ਵਾਲੇ ਬੂਟ ਦਾ ਠੁੱਡ! ਤੋਬਾ! ਤੋਬਾ!! ਮੇਰੀ ਤਾਂ ਚੀਕ ਨਿਕਲ ਗਈ। ਜਦੋਂ ਮੈਂ ਉੱਠਿਆ, ਤਾਂ ਉਨ੍ਹਾਂ ਦੇ ਮਨ ’ਚ ਮਾਹਰਾਜ ਵੱਸ ਗਿਆ। ਇੱਕ ਆਂਹਦਾ-ਉਹ, ਹੋ! ਹੋ!! ਏਸ ਬੱਚੇ ਨੇ ਹਮਾਰਾ ਕਿਆ ਬਿਗਾੜਾ ਹੈ? ਦੂਜੇ ਨੇ ਜੱਫੀ ਪਾਉਂਦਿਆਂ ਮੇਰਾ ਮੂੰਹ ਚੁੰਮ ਲਿਆ। ਅਸੀਂ ਤਿੰਨ-ਚਾਰ ਦਿਨ ਓਸ ਕੈਂਪ ’ਚ ਰਹੇ। ਉਨ੍ਹਾਂ ਮੁਸਲਮਾਨਾਂ ਨੇ ਕੋਲ ਖੜੋ ਕੇ ਪੱਠੇ ਵਢਾਉਣੇ।

ਪਸਰੂਰ ਤੋਂ ਤੁਰ ਕੇ ਅਸੀਂ ਨਾਰੋਵਾਲ ਕੈਂਪ ’ਚ ਆ ਆਏ। ਉੱਥੇ ਸਾਡੇ ਉੱਤੇ ਹਮਲਾ ਹੋ ਗਿਆ। ਨਾਰੋਵਾਲ ਤੋਂ ਤੁਰੇ ਤਾਂ ਅੱਗੇ ਚੰਦੋ ਕਾ ਥੇਹ ਆ ਗਿਆ। ਓਸ ਥੇਹ ਦੇ ਨਾਲ ਕਮਾਦ ਦੀਆਂ ਦੋ-ਤਿੰਨ ਪੈਲੀਆਂ ’ਚ ਸਿੱਖਾਂ ਦੀਆਂ ਲਾਸ਼ਾਂ ਦੀਆਂ ਢੇਰੀਆਂ ਲੱਗੀਆਂ ਹੋਈਆਂ ਸਨ। ਓਥੋਂ ਚੱਲ ਕੇ ਅਸੀਂ ਡੇਰੇ ਬਾਬੇ ਨਾਨਕ ਆ ਗਏ। ਦੂਜੇ ਤੀਜੇ ਦਿਨ ਦੀ ਗੱਲ ਏ। ਮੇਰਾ ਚਾਚਾ ਆਂਹਦਾ-ਕਰਤਾਰਿਆ, ਬਾਹਰ ਨਾ ਨਿਕਲੀਂ। ਮੈਂ ਪੁੱਛਿਆ- ਬਾਹਰ ਕੀ ਏ? ਅਖੇ ਬਾਹਰ ਕਲਫੂ ਲੱਗਾ ਏ। ਹੁਣ ਸਾਨੂੰ ਕੀ ਪਤਾ ਸੀ ਕਿ ‘ਕਲਫੂ’ ਕੀ ਹੁੰਦੈ। ਮੈਂ ਕਿਹਾ ਮੈਂ ਤਾਂ ਕਲਫੂ ਦੇਖਣਾ।

ਮੈਂ ਬਾਹਰ ਨਿਕਲਿਆ ਤਾਂ ਇੱਕ ਮਿਲਟਰੀ ਵਾਲਾ ਦੋ ਮੁਸਲਮਾਨ ਮੁੰਡਿਆਂ ਨੂੰ ਗੋਲੀ ਮਾਰਨ ਲੱਗਾ। ਮਾਤਾ ਸਿੱਖਾਂ ਦੀਆਂ ਕਹਾਣੀਆਂ ਦੱਸਦੀ ਰਹਿੰਦੀ ਸੀ। ਉਹਦੇ ਨਾਲ ਦਿਲ ਪੱਕਾ ਹੋਇਆ ਪਿਆ ਸੀ। ਫਿਰ ਮਾਹਰਾਜ ਵਸਿਆ ਮੇਰੇ ਵਿੱਚ। ਮੇਰੇ ਸਰੀਰ ’ਚ ਇੰਨਾ ਕੁ ਬਲ ਆ ਗਿਆ ਕਿ ਜਿਵੇਂ ਬਟੇਰਾ ਫੜ ਲਈਦਾ, ਇੱਦਾਂ ਫੜ ਲਿਆ ਮੈਂ ਉਸ ਸਿਪਾਹੀ ਨੂੰ। ਮਾਰ ਕੇ ਛਾਲ, ਮੈਂ ਉਹਦੀ ਰਫ਼ਲ ਖੋਹ ਕੇ ਪਰਾਂ ਸੁੱਟ ਦਿੱਤੀ। ਲੱਤ ਲਾ ਕੇ ਉਹਨੂੰ ਸੁੱਟ ਲਿਆ ਥੱਲੇ। ਉਹਦੇ ਆਨੇ ਬਾਹਰ ਆ ਗਏ। ਚਾਚੇ ਹੋਰੀਂ, ਭਾਅ ਹੋਰੀਂ ਮੈਨੂੰ ਖਿੱਚਣ ਤੇ ਗਾਲ੍ਹਾਂ ਕੱਢ ਕੇ ਪੁੱਛਣ-ਤੇਰੇ ਵਿੱਚ ਅੱਜ ਕੀ ਆ ਵੜਿਆ? ਮੈਂ ਕਿਹਾ-ਇਹ ਨਿਰਦੋਸ਼ ਦੇ ਗੋਲੀ ਮਾਰਨ ਲੱਗਾ ਸੀ, ਮੈਂ ਨਹੀਂ ਇਹਨੂੰ ਛੱਡਣਾ। ਤਿੰਨ-ਚਾਰ ਬੰਦਿਆਂ ਨੇ ਬੜੀ ਮੁਸ਼ਕਿਲ ਨਾਲ ਉਹਨੂੰ ਮੇਰੇ ਕੋਲੋਂ ਛੁਡਵਾਇਆ। ਉਹਨੂੰ ਦੋ ਚਾਰ ਮਿੰਟ ਬਾਅਦ ਹੋਸ਼ ਆਈ। ਬਾਅਦ ’ਚ ਸਾਰੇ ਮੈਨੂੰ ਪੁੱਛਣ ਕਿ ਛੇ ਫੁੱਟ ਦਾ ਜਵਾਨ ਤੂੰ ਢਾਹ ਕਿਵੇਂ ਲਿਆ? ਮੈਂ ਕਿਹਾ-ਮੈਨੂੰ ਤਾਂ ਉਹ ਇਉਂ ਲੱਗਿਆ, ਜਿਉਂ ਕੋਈ ਬਲੂੰਗਾ ਹੁੰਦੈ।

ਡੇਰਾ ਬਾਬਾ ਨਾਨਕ ਤੋਂ ਤੁਰ ਕੇ ਅਸੀਂ ਅਵਾਣ ਪਿੰਡ ’ਚ ਆ ਗਏ। ਅਸੀਂ ਕਿਹੜਾ ਕਦੇ ਇੰਨਾ ਤੁਰੇ ਸਾਂ। ਸਾਡੇ ਪੈਰ ਸੁੱਜ ਗਏ। ਇਸ ਪਿੰਡ ’ਚ ਮੁਸਲਮਾਨਾਂ ਦੇ ਕੱਚੇ ਕੋਠੇ ਸਨ। ਹੜ੍ਹ ਨਾਲ ਤਕਰੀਬਨ ਸਾਰੇ ਢੱਠ ਗਏ ਸਨ।

ਇੱਕ ਸਵੇਰ ਮੈਨੂੰ ਮੇਰੀ ਭੂਆ ਦਾ ਪੁੱਤ ਆਂਹਦਾ- ਆਹ ਚੌਲ-ਚੂਲ ਤਾਂ ਛੇਤੀਂ ਮੁੱਕ ਜਾਣੇ ਨੇ। ਚੱਲ, ਕਿਤੋਂ ਦਾਣੇ ਚੁੱਕ ਲਿਆਈਏ। ਅਸੀਂ ਰੱਤੜ ਛੱਤੜ ਪਹੁੰਚ ਗਏ। ’ਟੇਸ਼ਣ ਦੇ ਨੇੜੇ ਦਸ-ਬਾਰਾਂ ਘਰ ਕਸ਼ਮੀਰੀ ਲੁਹਾਰਾਂ ਦੇ ਸਨ। ਉਹ ਹਾਲੇ ਉੱਠੇ ਨਹੀਂ ਸਨ। ਸਾਡੇ ਵਾਂਗ ਹੀ ਮੇਸ਼ੇ ਹੋਰੀਂ ਵੀ ਓਧਰੋਂ ਉੱਜੜ ਕੇ ਅਵਾਣ ਪਿੰਡ ’ਚ ਆਏ ਸਨ। ਉਹ ਆਪਣੀਆਂ ਘੋੜੀਆਂ ਵੀ ਇੱਧਰ ਲੈ ਆਏ ਸਨ। ਮੇਸ਼ੀ ਹੋਰਾਂ ਰੱਤੜ ਛੱਤੜ ਵਾਲੇ ਕਸ਼ਮੀਰੀਆਂ ’ਤੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਦੀਆਂ ਲੜਕੀਆਂ ਨੂੰ ਵੀ ਕਾਬੂ ਕਰ ਲਿਆ।

ਮੌਕੇ ’ਤੇ ਅਸੀਂ ਪਹੁੰਚ ਗਏ। ਅਸੀਂ ਵੇਖਿਆ ਕਿ ਮੇਸ਼ੇ ਹੋਰੀਂ ਕਸ਼ਮੀਰੀਆਂ ਦੀਆਂ ਬਾਹਵਾਂ ਪੁੱਠੀਆਂ ਬੱਧੀਆਂ ਹੋਈਆਂ ਨੇ ਤੇ ਬਰਛੇ ਮਾਰ-ਮਾਰ ਉਨ੍ਹਾਂ ਦੀਆਂ ਲੱਤਾਂ ਜ਼ਖ਼ਮੀ ਕੀਤੀਆਂ ਹੋਈਆਂ ਨੇ। ਮੈਨੂੰ ਗੁਰੂ ਪਾਤਸ਼ਾਹ ਦਾ ਸਬਕ ਯਾਦ ਆ ਗਿਆ ਕਿ ਜਿਹੜਾ ਲੜਦਾ ਨਹੀਂ, ਹੱਥ ਨਹੀਂ ਚੁੱਕਦਾ, ਉਹਦੇ ਉੱਤੇ ਕਦੇ ਵਾਰ ਨਹੀਂ ਕਰਨਾ। ਮੈਂ ਕਿਹਾ-ਭਾਜੀ, ਜਦ ਇਹ ਲੜਦੇ ਨਹੀਂ। ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਤੁਸੀਂ

ਇਨ੍ਹਾਂ ਨੂੰ ਮਾਰਦੇ ਕਿਉਂ ਪਏ ਓ। ਉਹ ਮੂਹਰਿਓਂ ਆਂਹਦਾ-ਤੂੰ ਇਨ੍ਹਾਂ ਦਾ ਸਕਾ ਏਂ? ਮੈਂ ਆਖਿਆ-ਹਾਂ, ਮੈਂ ਇਨ੍ਹਾਂ ਦਾ ਸਕਾ ਆਂ। ਇਹ ਕਹਿੰਦਿਆਂ ਮੈਂ ਫੜੀ ਭਾਅ ਕੋਲੋਂ ਕਿਰਪਾਨ ਤੇ ਗਰਜ਼ ਕੇ ਆਖਿਆ-ਆਓ, ਅਗਾਂਹ ਨੂੰ ਤੇ ਵੇਖੋ ਨਜ਼ਾਰਾ ਕਿ ਹੁਣ ਮੇਰੇ ’ਚ ਕੀ ਆਣ ਵੱਸਿਆ ਏ।

ਉਨ੍ਹਾਂ ਮੈਨੂੰ ਥੋੜ੍ਹੋ ਮਾਰਨਾ ਸੀ। ਮੈਂ ਤਾਂ ਸਿੱਖ ਸਾਂ। ਅਖੇ ਇਹ ਤਾਂ ਨਿਆਣਾ ਏ। ਇਹ ਤਾਂ ਪਾਗਲ ਏ। ਇਹ ਆਖਦੇ ਉਹ ਤੁਰ ਗਏ। ਅਸੀਂ ਉਨ੍ਹਾਂ ਬੰਦਿਆਂ ਨਾਲ ਲੜਕੀਆਂ ਨੂੰ ਵੀ ਛੁਡਾ ਲਿਆ ਤੇ ਡੇਰਾ ਬਾਬਾ ਨਾਨਕ ਵਾਲੇ ਕੈਂਪ ਵਿੱਚ ਛੱਡ ਆਏ। ਓਸ ਕੈਂਪ ਦੇ ਕਮਾਂਡਰ ਨੇ ਮੈਨੂੰ ਚਿੱਠੀ ਦਿੱਤੀ ਸੀ। ਉਸ ਚਿੱਠੀ ’ਚ ਲਿਖਿਆ ਸੀ- ਬੇਟਾ, ਪਾਕਿਸਤਾਨ ਮੇਂ ਕੋਈ ਕਾਮ ਹੋ। ਏਹ ਪੱਤਰ ਦਿਖਾਨਾ। ਤੁਮਹਾਰੇ ਸੇ ਕੋਈ ਕਿਰਾਇਆ ਵੀ ਨਹੀਂ ਲੇਗਾ।

ਅਵਾਣ ਪਿੰਡ ’ਚ ਅਸੀਂ ਬਹੁਤੇ ਦਿਨ ਨਾ ਰਹੇ। ਮੇਰੇ ਨਾਨਕਿਆਂ ਨੂੰ ਮੁਕੇਰੀਆਂ ਕੋਲ ਸਿੰਘੋਵਾਲ ਤੇ ਮੈਨੂੰ ਹਾਜੀਪੁਰ ਕੋਲ ਗੱਗ ਜੱਲੋ ਪਿੰਡ ’ਚ ਜ਼ਮੀਨ ਮਿਲ ਗਈ। ਮੈਂ ਸੱਤ ਸਾਲ ਨਾਨਕਿਆਂ ਦਾ ਹਲ਼ ਵਾਹਿਆ। ਮੇਰਾ ਵਿਆਹ ਵੀ ਨਾਨਕਿਆਂ ਦੇ ਪਿੰਡ ’ਚ ਰਹਿੰਦਿਆਂ ਹੋਇਆ। ਕੁਝ ਸਾਲਾਂ ਬਾਅਦ ਅਸੀਂ ਇੱਥੇ ਆ ਗਏ। ਹੁਣ ਸਾਰਾ ਕੁਝ ਬਣਿਆ ਪਿਆ ਏ। ਪੂਰੀਆਂ ਲਹਿਰਾਂ-ਬਹਿਰਾਂ ਨੇ।” ਗੱਲ ਮੁਕਾਉਂਦਿਆਂ ਬਾਬਾ ਕਰਤਾਰ ਸਿੰਘ ਮੁਸਕਰਾ ਪਿਆ।

“ਤੁਸੀਂ ਆਪਣੀ ਜ਼ਿੰਦਗੀ ਨੂੰ ਜੋਖਮ ’ਚ ਪਾ ਕੇ ਮੁਸਲਮਾਨਾਂ ਦੀ ਮਦਦ ਕਿਉਂ ਕਰਦੇ ਰਹੇ?” ਗੱਲ ਦੇ ਆਖ਼ਰ ’ਚ ਮੈਂ ਸਵਾਲ ਕੀਤਾ।

“ਮੈਂ ਸਿੱਖ ਆਂ ਤੇ ਸਿੱਖ ਹਰ ਮਜ਼ਲੂਮ ਦਾ ਸਕਾ ਹੁੰਦਾ ਏ।” ਇਹ ਗੱਲ ਆਖਦਿਆਂ ਉਹ ਮਾਣ ’ਚ ਮੁਸਕਰਾ ਪਿਆ।

ਸੰਪਰਕ: 97818-43444

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All