DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਤੰਦਰੁਸਤੀ ਦਾ ਮਾਰਗ ਮਿੱਟੀ ਦੇ ਭਾਂਡੇ

ਮਿੱਟੀ ਦੇ ਭਾਂਡੇ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਰਵਾਇਤੀ ਜੀਵਨ ਜਾਚ ਦਾ ਇੱਕ ਅਹਿਮ ਹਿੱਸਾ ਰਹੇ ਹਨ। ਇੱਕ ਸਮਾਂ ਸੀ ਜਦੋਂ ਹਰ ਘਰ ਦੀ ਰਸੋਈ ਵਿੱਚ ਮਿੱਟੀ ਦੇ ਘੜੇ, ਚਾਟੀਆਂ, ਤੌੜੀਆਂ, ਕੁੱਜੇ, ਕਾੜ੍ਹਨੀ, ਛਕਿਆਲਾ ਅਤੇ ਤਵੇ ਵੀ ਨਜ਼ਰ ਆਉਂਦੇ ਸਨ।...

  • fb
  • twitter
  • whatsapp
  • whatsapp
Advertisement

ਮਿੱਟੀ ਦੇ ਭਾਂਡੇ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਰਵਾਇਤੀ ਜੀਵਨ ਜਾਚ ਦਾ ਇੱਕ ਅਹਿਮ ਹਿੱਸਾ ਰਹੇ ਹਨ। ਇੱਕ ਸਮਾਂ ਸੀ ਜਦੋਂ ਹਰ ਘਰ ਦੀ ਰਸੋਈ ਵਿੱਚ ਮਿੱਟੀ ਦੇ ਘੜੇ, ਚਾਟੀਆਂ, ਤੌੜੀਆਂ, ਕੁੱਜੇ, ਕਾੜ੍ਹਨੀ, ਛਕਿਆਲਾ ਅਤੇ ਤਵੇ ਵੀ ਨਜ਼ਰ ਆਉਂਦੇ ਸਨ। ਸਾਡੇ ਬਜ਼ੁਰਗ ਇਨ੍ਹਾਂ ਭਾਂਡਿਆਂ ਵਿੱਚ ਹੀ ਦਾਲਾਂ, ਸਬਜ਼ੀਆਂ ਅਤੇ ਹੋਰ ਪਕਵਾਨ ਬਣਾਉਂਦੇ ਸਨ, ਜਿਸ ਕਾਰਨ ਉਹ ਲੰਮੀ, ਤੰਦਰੁਸਤ ਅਤੇ ਨਿਰੋਈ ਉਮਰ ਭੋਗਦੇ ਸਨ, ਪਰ ਅਜੋਕੇ ਆਧੁਨਿਕ ਯੁੱਗ ਵਿੱਚ ਐਲੂਮੀਨੀਅਮ, ਪਲਾਸਟਿਕ ਅਤੇ ਸਟੀਲ ਦੇ ਬਰਤਨਾਂ ਨੇ ਇਨ੍ਹਾਂ ਦੀ ਜਗ੍ਹਾ ਲੈ ਲਈ ਹੈ।

ਮਿੱਟੀ ਦੇ ਘੜੇ ਦਾ ਪਾਣੀ ਕੁਦਰਤੀ ਅੰਮ੍ਰਿਤ ਵਰਗਾ ਹੁੰਦਾ ਹੈ। ਜੋ ਅੱਜ ਦੇ ਫਿਲਟਰ ਵਾਲੇ ਪਾਣੀ ਤੋਂ ਹਜ਼ਾਰ ਗੁਣਾ ਵਧੀਆ ਅਤੇ ਗੁਣਕਾਰੀ ਹੁੰਦਾ ਹੈ। ਮਿੱਟੀ ਦੇ ਘੜੇ ਨੂੰ ‘ਗ਼ਰੀਬਾਂ ਦਾ ਫਰਿੱਜ’ ਕਿਹਾ ਜਾਂਦਾ ਹੈ, ਪਰ ਇਸ ਦੇ ਗੁਣ ਕਿਸੇ ਵੀ ਮਹਿੰਗੇ ਫਰਿੱਜ ਤੋਂ ਕਿਤੇ ਵੱਧ ਹਨ। ਮਿੱਟੀ ਦੇ ਘੜੇ ਵਿੱਚ ਛੋਟੇ-ਛੋਟੇ ਬਾਰੀਕ ਸੁਰਾਗ ਹੁੰਦੇ ਹਨ, ਜਿਨ੍ਹਾਂ ਰਾਹੀਂ ਪਾਣੀ ਦਾ ਵਾਸ਼ਪੀਕਰਨ ਹੁੰਦਾ ਰਹਿੰਦਾ ਹੈ। ਇਹ ਪ੍ਰਕਿਰਿਆ ਪਾਣੀ ਨੂੰ ਕੁਦਰਤੀ ਤੌਰ ’ਤੇ ਠੰਢਾ ਰੱਖਦੀ ਹੈ ਜੋ ਫਰਿੱਜ ਦੇ ਪਾਣੀ ਵਾਂਗ ਗਲੇ ਨੂੰ ਖ਼ਰਾਬ ਨਹੀਂ ਕਰਦਾ। ਗਰਮੀਆਂ ਵਿੱਚ ਘੜੇ ਦਾ ਪਾਣੀ ਪੀਣ ਨਾਲ ਸਰੀਰ ਵਿੱਚ ਕੁਦਰਤੀ ਖਣਿਜਾਂ ਦੀ ਮਾਤਰਾ ਬਣੀ ਰਹਿੰਦੀ ਹੈ ਜੋ ਸਰੀਰ ਨੂੰ ਲੂ ਲੱਗਣ ਤੋਂ ਬਚਾਉਂਦੀ ਹੈ।

Advertisement

ਪਲਾਸਟਿਕ ਦੀਆਂ ਬੋਤਲਾਂ ਵਿੱਚ ਪਾਣੀ ਰੱਖਣ ਨਾਲ ਉਸ ਵਿੱਚ ਕੈਮੀਕਲ ਘੁਲ ਜਾਂਦੇ ਹਨ। ਇਸ ਦੇ ਉਲਟ ਘੜੇ ਦਾ ਪਾਣੀ ਪੀਣ ਨਾਲ ਹਾਜ਼ਮਾ ਵਧਦਾ ਹੈ। ਵਿਗਿਆਨਕ ਖੋਜਾਂ ਮੁਤਾਬਕ ਜਦੋਂ ਅਸੀਂ ਐਲੂਮੀਨੀਅਮ ਜਾਂ ਪ੍ਰੈਸ਼ਰ ਕੁੱਕਰ ਵਿੱਚ ਉੱਚ ਦਬਾਅ ’ਤੇ ਖਾਣਾ ਬਣਾਉਂਦੇ ਹਾਂ ਤਾਂ ਭੋਜਨ ਦੇ ਲਗਭਗ 87% ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ। ਮਿੱਟੀ ਦੇ ਭਾਂਡਿਆਂ ਵਿੱਚ ਅੱਗ ਦੀ ਗਰਮੀ ਹੌਲੀ-ਹੌਲੀ ਅਤੇ ਇਕਸਾਰ ਫੈਲਦੀ ਹੈ। ਹੌਲੀ-ਹੌਲੀ ਪੱਕਣ ਕਾਰਨ ਭੋਜਨ ਦੇ ਸਾਰੇ ਕੁਦਰਤੀ ਵਿਟਾਮਿਨ ਅਤੇ ਖਣਿਜ (ਜਿਵੇਂ ਕੈਲਸ਼ੀਅਮ, ਫਾਸਫੋਰਸ, ਆਇਰਨ ਅਤੇ ਮੈਗਨੀਸ਼ੀਅਮ) 100% ਸੁਰੱਖਿਅਤ ਰਹਿੰਦੇ ਹਨ। ਇਸ ਵਿੱਚ ਬਣੀ ਦਾਲ ਜਾਂ ਸਬਜ਼ੀ ਸਿਰਫ਼ ਪੱਕਦੀ ਹੈ, ਟੁੱਟਦੀ ਜਾਂ ਗਲਦੀ ਨਹੀਂ, ਜਿਸ ਨਾਲ ਉਸ ਦਾ ਅਸਲੀ ਸਵਾਦ ਬਰਕਰਾਰ ਰਹਿੰਦਾ ਹੈ।

Advertisement

ਮਿੱਟੀ ਦੀ ਪ੍ਰਕਿਰਤੀ ਖਾਰੀ ਹੋਣ ਕਰਕੇ ਇਹ ਭੋਜਨ ਦੇ ਤੱਤਾਂ ਨਾਲ ਬਹੁਤ ਵਧੀਆ ਤਾਲਮੇਲ ਬਣਾਉਂਦੀ ਹੈ। ਜਦੋਂ ਅਸੀਂ ਮਿੱਟੀ ਦੇ ਬਰਤਨ ਵਿੱਚ ਖਾਣਾ ਬਣਾਉਂਦੇ ਹਾਂ ਜਾਂ ਘੜੇ ਦਾ ਪਾਣੀ ਪੀਂਦੇ ਹਾਂ ਤਾਂ ਮਿੱਟੀ ਦਾ ਖਾਰਾਪਣ ਭੋਜਨ ਦੇ ਐਸਿਡ ਨਾਲ ਮਿਲ ਕੇ ਉਸ ਦੇ ਪੀਐੱਚ ਪੱਧਰ ਨੂੰ ਸੰਤੁਲਿਤ ਕਰ ਦਿੰਦਾ ਹੈ। ਇਹ ਖਾਣਾ ਪੇਟ ਦੀਆਂ ਬਿਮਾਰੀਆਂ, ਗੈਸ, ਕਬਜ਼ ਅਤੇ ਭਿਆਨਕ ਐਸਿਡਿਟੀ ਵਰਗੀਆਂ ਸਮੱਸਿਆਵਾਂ ਨੂੰ ਜੜ ਤੋਂ ਖ਼ਤਮ ਕਰਨ ਵਿੱਚ ਮਦਦਗਾਰ ਸਾਬਤ ਹੋ ਰਿਹਾ ਹੈ।

ਮਿੱਟੀ ਦੇ ਬਰਤਨਾਂ ਵਿੱਚ ਇੱਕ ਕੁਦਰਤੀ ਨਮੀ ਹੁੰਦੀ ਹੈ, ਜਿਸ ਕਾਰਨ ਸਬਜ਼ੀ ਵਿੱਚ ਵੱਖਰੇ ਤੌਰ ’ਤੇ ਬਹੁਤ ਘੱਟ ਤੇਲ ਜਾਂ ਘਿਓ ਪਾਉਣ ਦੀ ਲੋੜ ਪੈਂਦੀ ਹੈ ਜੋ ਦਿਲ ਦੀ ਸਿਹਤ ਲਈ ਬਹੁਤ ਵਧੀਆ ਹੁੰਦੀ ਹੈ। ਇਸ ਤੋਂ ਇਲਾਵਾ ਮਿੱਟੀ ਦੇ ਭਾਂਡੇ ਪੂਰੀ ਤਰ੍ਹਾਂ ਕੁਦਰਤੀ ਹੁੰਦੇ ਹਨ ਜੋ ਟੁੱਟਣ ਤੋਂ ਬਾਅਦ ਮੁੜ ਮਿੱਟੀ ਵਿੱਚ ਹੀ ਮਿਲ ਕੇ ਵਾਤਾਵਰਨ ਦੇ ਅਨੁਕੂਲ ਸਾਬਤ ਹੁੰਦੇ ਹਨ। ਇਨ੍ਹਾਂ ਨੂੰ ਖ਼ਰੀਦਣ ਨਾਲ ਸਾਡੇ ਸਥਾਨਕ ਘੁੰਮਿਆਰਾਂ ਦੇ ਰੁਜ਼ਗਾਰ ਨੂੰ ਵੀ ਹੁਲਾਰਾ ਮਿਲਦਾ ਹੈ।

ਜਦੋਂ ਅਸੀਂ ਮਿੱਟੀ ਦੇ ਰਵਾਇਤੀ ਭਾਂਡਿਆਂ ਨੂੰ ਛੱਡ ਕੇ ਚਮਕਦਾਰ ਆਧੁਨਿਕ ਧਾਤਾਂ ਅਤੇ ਪਲਾਸਟਿਕ ਵੱਲ ਵਧੇ ਤਾਂ ਅਸੀਂ ਅਣਜਾਣੇ ਵਿੱਚ ਕਈ ਗੰਭੀਰ ਬਿਮਾਰੀਆਂ ਨੂੰ ਆਪਣੇ ਘਰ ਸੱਦਾ ਦੇ ਦਿੱਤਾ। ਭਾਰਤੀ ਰਸੋਈਆਂ ਵਿੱਚ ਪ੍ਰੈਸ਼ਰ ਕੁੱਕਰ ਅਤੇ ਕੜਾਹੀਆਂ ਦੇ ਰੂਪ ਵਿੱਚ ਐਲੂਮੀਨੀਅਮ ਦੀ ਸਭ ਤੋਂ ਵੱਧ ਵਰਤੋਂ ਹੁੰਦੀ ਹੈ। ਜਦੋਂ ਇਸ ਵਿੱਚ ਖਾਣਾ ਪਕਾਇਆ ਜਾਂਦਾ ਹੈ ਤਾਂ ਖ਼ਾਸ ਕਰਕੇ ਕੋਈ ਖੱਟੀ ਚੀਜ਼ (ਟਮਾਟਰ, ਨਿੰਬੂ ਜਾਂ ਦਹੀਂ) ਤਾਂ ਐਲੂਮੀਨੀਅਮ ਪਿਘਲ ਕੇ ਭੋਜਨ ਵਿੱਚ ਮਿਲ ਜਾਂਦਾ ਹੈ। ਸਰੀਰ ਵਿੱਚ ਐਲੂਮੀਨੀਅਮ ਦੀ ਮਾਤਰਾ ਵਧਣ ਨਾਲ ਇਹ ਦਿਮਾਗ਼ ਦੀਆਂ ਕੋਸ਼ਿਕਾਵਾਂ ਵਿੱਚ ਜਮ੍ਹਾਂ ਹੋਣ ਲੱਗਦਾ ਹੈ। ਇਸ ਨਾਲ ਯਾਦਦਾਸ਼ਤ ਕਮਜ਼ੋਰ ਹੁੰਦੀ ਹੈ ਅਤੇ ਬੁਢਾਪੇ ਵਿੱਚ ਅਲਜ਼ਾਈਮਰ (ਭੁੱਲਣ ਦੀ ਬਿਮਾਰੀ) ਦਾ ਖ਼ਤਰਾ ਕਈ ਗੁਣਾ ਵਧ ਜਾਂਦਾ ਹੈ।

ਐਲੂਮੀਨੀਅਮ ਸਰੀਰ ਵਿੱਚ ਕੈਲਸ਼ੀਅਮ ਨੂੰ ਸੋਖਣ ਦੀ ਸਮਰੱਥਾ ਨੂੰ ਘਟਾ ਕੇ ਹੱਡੀਆਂ ਨੂੰ ਕਮਜ਼ੋਰ ਕਰਦਾ ਹੈ। ਇਸ ਦਾ ਲਗਾਤਾਰ ਸਰੀਰ ਦੇ ਅੰਦਰ ਜਾਣਾ ਗੁਰਦਿਆਂ ’ਤੇ ਵੀ ਬੁਰਾ ਅਸਰ ਪਾਉਂਦਾ ਹੈ। ਪਲਾਸਟਿਕ ਦੀਆਂ ਬੋਤਲਾਂ ਵਿੱਚ ਪਾਣੀ ਪੀਣਾ ਜਾਂ ਮਾਈਕ੍ਰੋਵੇਵ ਵਿੱਚ ਪਲਾਸਟਿਕ ਦੇ ਡੱਬਿਆਂ ਦੀ ਵਰਤੋਂ ਕਰਨਾ ਬੇਹੱਦ ਖ਼ਤਰਨਾਕ ਹੈ। ਪਲਾਸਟਿਕ ਦੇ ਬਰਤਨਾਂ ਵਿੱਚ ਬੀਪੀਏ ਅਤੇ ਫਥਾਲੇਟਸ ਵਰਗੇ ਖ਼ਤਰਨਾਕ ਕੈਮੀਕਲ ਹੁੰਦੇ ਹਨ। ਜਦੋਂ ਇਨ੍ਹਾਂ ਵਿੱਚ ਗਰਮ ਖਾਣਾ ਪਾਇਆ ਜਾਂਦਾ ਹੈ ਤਾਂ ਇਹ ਕੈਮੀਕਲ ਖਾਣੇ ਵਿੱਚ ਘੁਲ ਕੇ ਸਰੀਰ ਦੇ ਅੰਦਰ ਜਾਂਦੇ ਹਨ ਅਤੇ ਕੈਂਸਰ (ਖ਼ਾਸ ਕਰਕੇ ਬ੍ਰੈਸਟ ਅਤੇ ਪ੍ਰੋਸਟੇਟ ਕੈਂਸਰ) ਦਾ ਕਾਰਨ ਬਣਦੇ ਹਨ।

ਇਹ ਕੈਮੀਕਲ ਸਰੀਰ ਵਿੱਚ ਜਾ ਕੇ ਐਸਟ੍ਰੋਜਨ ਹਾਰਮੋਨ ਦੀ ਨਕਲ ਕਰਦੇ ਹਨ, ਜਿਸ ਨਾਲ ਮਰਦਾਂ ਅਤੇ ਔਰਤਾਂ ਦੋਵਾਂ ਵਿੱਚ ਹਾਰਮੋਨ ਦਾ ਸੰਤੁਲਨ ਵਿਗੜ ਜਾਂਦਾ ਹੈ। ਇਸੇ ਕਾਰਨ ਅੱਜਕੱਲ੍ਹ ਮੋਟਾਪਾ, ਥਾਇਰਾਇਡ ਅਤੇ ਬਾਂਝਪਣ ਦੀ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ।

ਆਮ ਤੌਰ ’ਤੇ ਸਟੀਲ ਨੂੰ ਐਲੂਮੀਨੀਅਮ ਅਤੇ ਪਲਾਸਟਿਕ ਨਾਲੋਂ ਬਿਹਤਰ ਮੰਨਿਆ ਜਾਂਦਾ ਹੈ, ਪਰ ਇੱਥੇ ਵੀ ਕੁਝ ਸਾਵਧਾਨੀ ਜ਼ਰੂਰੀ ਹੈ। ਬਾਜ਼ਾਰ ਵਿੱਚ ਮਿਲਣ ਵਾਲੇ ਸਸਤੇ ਅਤੇ ਘਟੀਆ ਕੁਆਲਿਟੀ ਦੇ ਸਟੀਲ ਵਿੱਚ ਨਿਕਲ ਅਤੇ ਕ੍ਰੋਮੀਅਮ ਵਰਗੀਆਂ ਧਾਤਾਂ ਦੀ ਮਿਲਾਵਟ ਹੁੰਦੀ ਹੈ ਜੋ ਖੱਟੀਆਂ ਚੀਜ਼ਾਂ ਬਣਾਉਣ ਵੇਲੇ ਖਾਣੇ ਵਿੱਚ ਘੁਲ ਸਕਦੀਆਂ ਹਨ। ਇਸ ਨਾਲ ਚਮੜੀ ਦੀ ਐਲਰਜੀ, ਖਾਰਸ਼ ਅਤੇ ਪੇਟ ਦੀ ਖ਼ਰਾਬੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਹਮੇਸ਼ਾ 304 ਗ੍ਰੇਡ (18/10 ਸਟੇਨਲੈੱਸ) ਦੀ ਹੀ ਵਰਤੋਂ ਕਰਨੀ ਚਾਹੀਦੀ ਹੈ।

ਮਿੱਟੀ ਦੇ ਭਾਂਡੇ ਵਰਤਣ ਵੇਲੇ ਵੀ ਕੁਝ ਸਾਵਧਾਨੀਆਂ ਰੱਖਣ ਦੀ ਜ਼ਰੂਰਤ ਹੈ। ਨਵੇਂ ਭਾਂਡੇ ਨੂੰ ਵਰਤਣ ਤੋਂ ਪਹਿਲਾਂ ਘੱਟੋ-ਘੱਟ 12 ਤੋਂ 24 ਘੰਟੇ ਲਈ ਸਾਫ਼ ਪਾਣੀ ਵਿੱਚ ਡੁਬੋ ਕੇ ਰੱਖਿਆ ਜਾਂਦਾ ਹੈ, ਫਿਰ ਚੰਗੀ ਤਰ੍ਹਾਂ ਸੁਕਾ ਕੇ ਹੀ ਵਰਤੋਂ ਵਿੱਚ ਲਿਆਂਦਾ ਜਾਵੇ। ਮਿੱਟੀ ਦੇ ਬਰਤਨਾਂ ਨੂੰ ਸਾਫ਼ ਕਰਨ ਲਈ ਕਦੇ ਵੀ ਕੈਮੀਕਲ ਵਾਲੇ ਸਾਬਣ ਜਾਂ ਡਿਟਰਜੈਂਟ ਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਮਿੱਟੀ ਦੇ ਛੇਦ ਸਾਬਣ ਨੂੰ ਸੋਖ ਲੈਂਦੇ ਹਨ। ਇਨ੍ਹਾਂ ਨੂੰ ਸਾਫ਼ ਕਰਨ ਲਈ ਗਰਮ ਪਾਣੀ ਅਤੇ ਨਾਰੀਅਲ ਦੇ ਛਿਲਕੇ (ਜਾਂ ਨਰਮ ਬੁਰਸ਼) ਦੀ ਵਰਤੋਂ ਹੀ ਸਭ ਤੋਂ ਉੱਤਮ ਮੰਨੀ ਜਾਂਦੀ ਹੈ। ਅਜੋਕੇ ਸਮੇਂ ਵਿੱਚ ਭਾਂਤ ਭਾਂਤ ਦੀਆਂ ਸਰਫ਼ ਕੰਪਨੀਆਂ ਵੱਲੋਂ ਬਣਾਏ ਗਏ ਸਾਬਣ ਅਤੇ ਸਰਫ਼ ਨਾਲ ਭਾਂਡੇ ਧੋਣ ਤੋਂ ਬਾਅਦ ਵੀ ਭਾਂਡਿਆਂ ਦੇ ਨਾਲ ਇਹ ਜੁੜੇ ਰਹਿੰਦੇ ਹਨ ਜੋ ਖਾਦ ਪਦਾਰਥਾਂ ਦੇ ਨਾਲ ਸਾਡੇ ਅੰਦਰ ਜਾ ਕੇ ਸਾਡੇ ਸਰੀਰ ਨੂੰ ਨੁਕਸਾਨ ਕਰਦੇ ਹਨ।

ਇਹੋ ਸੱਚ ਹੈ ਕਿ ਕੁਦਰਤ ਨਾਲ ਜੁੜੇ ਰਹਿਣਾ ਹੀ ਤੰਦਰੁਸਤ ਜੀਵਨ ਦੀ ਕੁੰਜੀ ਹੈ। ਜੇਕਰ ਅਸੀਂ ਅੱਜ ਦੀਆਂ ਨਾਮੁਰਾਦ ਬਿਮਾਰੀਆਂ, ਜੋੜਾਂ ਦੇ ਦਰਦ, ਪੇਟ ਦੇ ਰੋਗਾਂ ਅਤੇ ਕੈਂਸਰ ਵਰਗੇ ਖ਼ਤਰਿਆਂ ਤੋਂ ਬਚਣਾ ਚਾਹੁੰਦੇ ਹਾਂ ਤਾਂ ਸਾਨੂੰ ਪਲਾਸਟਿਕ ਨੂੰ ਰਸੋਈ ਵਿੱਚੋਂ ਪੂਰੀ ਤਰ੍ਹਾਂ ਬਾਹਰ ਕਰਨਾ ਪਵੇਗਾ, ਐਲੂਮੀਨੀਅਮ ਦੀ ਵਰਤੋਂ ਘਟਾਉਣੀ ਪਵੇਗੀ ਅਤੇ ਆਪਣੀ ਸਿਹਤ ਦੀ ਸੁਰੱਖਿਆ ਲਈ ਮੁੜ ਮਿੱਟੀ ਦੇ ਭਾਂਡਿਆਂ ਅਤੇ ਰਵਾਇਤੀ ਜੀਵਨ ਸ਼ੈਲੀ ਵੱਲ ਮੁੜਨਾ ਪਵੇਗਾ।

ਸੰਪਰਕ: 95015-75511

Advertisement
×