DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨੱਚਣ ਤੋਂ ਪਹਿਲਾਂ ਹੋਕਾ... ਦੇਣ ਵਾਲਾ ਦਵਿੰਦਰ ਖੰਨੇ ਵਾਲਾ

ਮੇਰਾ ਆਪਣਾ ਸ਼ਹਿਰ ਹੈ ਖੰਨਾ। ਜੋ ਸਿਰਫ਼ ਦੋ ਅੱਖਰਾਂ ਦਾ ਹੈ, ਪਰ ਇਹ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਜੋਂ ਜਾਣਿਆ ਜਾਂਦਾ ਹੈ। ਪਿਛਲੇ ਕਈ ਦਹਾਕਿਆਂ ਤੋਂ ਇਹ ਸੰਗੀਤ ਇੰਡਸਟਰੀ ਵਿੱਚ ਵੀ ਪੂਰੀ ਤਰ੍ਹਾਂ ਛਾਇਆ ਹੋਇਆ ਹੈ। ਮਰਹੂਮ ਗਾਇਕ...

  • fb
  • twitter
  • whatsapp
  • whatsapp
Advertisement

ਮੇਰਾ ਆਪਣਾ ਸ਼ਹਿਰ ਹੈ ਖੰਨਾ। ਜੋ ਸਿਰਫ਼ ਦੋ ਅੱਖਰਾਂ ਦਾ ਹੈ, ਪਰ ਇਹ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਜੋਂ ਜਾਣਿਆ ਜਾਂਦਾ ਹੈ। ਪਿਛਲੇ ਕਈ ਦਹਾਕਿਆਂ ਤੋਂ ਇਹ ਸੰਗੀਤ ਇੰਡਸਟਰੀ ਵਿੱਚ ਵੀ ਪੂਰੀ ਤਰ੍ਹਾਂ ਛਾਇਆ ਹੋਇਆ ਹੈ। ਮਰਹੂਮ ਗਾਇਕ ਸਰਦੂਲ ਸਿਕੰਦਰ, ਗਾਇਕਾ ਤੇ ਅਦਾਕਾਰਾ ਅਮਰ ਨੂਰੀ, ਹਿੰਦੀ ਫਿਲਮਾਂ ਦੇ ਪਲੇਅ ਬੈਕ ਸਿੰਗਰ ਲਾਭ ਜੰਜੂਆ ਤੇ ਸੰਗੀਤਕਾਰ ਦੇਸੀ ਕਰਿਊ ਦੇ ਕਲਾਕਾਰ ਸੱਤਾ ਤੇ ਬਲਵੰਤ ਵਰਗੇ ਅਨੇਕਾਂ ਕਲਾਕਾਰਾਂ ਨੇ ਖੰਨਾ ਨੂੰ ਦੁਨੀਆ ਦੇ ਨਕਸ਼ੇ ਉੱਤੇ ਚਮਕਾਇਆ ਹੈ, ਉੱਥੇ ਹੀ ਗੀਤਕਾਰ ਤੇ ਗਾਇਕ ਦਵਿੰਦਰ ਖੰਨੇ ਵਾਲਾ ਦੀ ਕਲਮ ਵੀ ਲੰਬੇ ਸਮੇਂ ਤੋਂ ਪੰਜਾਬੀ ਸੰਗੀਤ ਇੰਡਸਟਰੀ ਦੀ ਸ਼ਾਨ ਬਣੀ ਹੋਈ ਹੈ।

ਸਾਲ 1999 ਤੋਂ ਲੈ ਕੇ 2015 ਤੱਕ ਦਵਿੰਦਰ ਖੰਨੇ ਵਾਲਾ ਦਾ ਗੀਤਕਾਰੀ ਦੇ ਖੇਤਰ ਵਿੱਚ ਪੂਰਾ ਸਿੱਕਾ ਚੱਲਿਆ। ਉਸ ਦੀ ਕਲਮ ਤੋਂ ਨਿਕਲੇ ਅਨੇਕਾਂ ਗੀਤ ਸਰਦੂਲ ਸਿਕੰਦਰ, ਹੰਸ ਰਾਜ ਹੰਸ ਤੇ ਗੁਰਦਾਸ ਮਾਨ ਵਰਗੇ ਚੋਟੀ ਦੇ ਕਲਾਕਾਰਾਂ ਦੀ ਆਵਾਜ਼ ’ਚ ਇੰਨੇ ਮਕਬੂਲ ਹੋਏ ਕੇ ਉਹ ਅੱਜ ਵੀ ਲੋਕਾਂ ਦੇ ਦਿਲਾਂ ’ਤੇ ਛਾਏ ਹੋਏ ਹਨ ਤੇ ਵਿਆਹ ਸ਼ਾਦੀਆਂ ਉੱਤੇ ਵੱਜਦੇ ਤੁਹਾਨੂੰ ਅਕਸਰ ਸੁਣਾਈ ਦੇਣਗੇ। ਦਵਿੰਦਰ ਦੀ ਕਲਮ ਤੋਂ ਨਿਕਲਿਆ ਪਹਿਲਾ ਗੀਤ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਗਾਇਆ ਜਿਸ ਦੀਆਂ ਸਤਰਾਂ ਹਨ;

Advertisement

ਚਿੱਠੀ ਲਿਖ ਲਈ ਮੈਂ ਸਾਰੀ

Advertisement

ਮੇਰੀ ਮੱਤ ਐਸੀ ਮਾਰੀ

ਜਦੋਂ ਲਿਖਣ ਲੱਗੀ ਮੈਂ ਤੇਰਾ ਨਾਂ

ਚੰਨਾ ਮੈਂ ਤੇਰਾ ਨਾਂ ਭੁੱਲ ਗਈ

ਭੁੱਲ ਗਈ ਸ਼ਰਮ ਦੀ ਮਾਰੀ

ਚੰਨਾ ਮੈਂ ਤੇਰਾ ਨਾਂ ਭੁੱਲ ਗਈ...

ਗੁਰਦਾਸ ਮਾਨ ਨੇ ਹੀ ਉਸ ਨੂੰ ਦਵਿੰਦਰ ਖੰਨੇ ਵਾਲਾ ਨਾਂ ਦਿੱਤਾ। ਉਕਤ ਗਾਣੇ ਦੇ ਆਖਰੀ ਪੈਰੇ ’ਚ ਦਵਿੰਦਰ ਨੇ ਆਪਣਾ ਤੇ ਆਪਣੇ ਸ਼ਹਿਰ ਖੰਨੇ ਦਾ ਨਾਂ ਬੜੇ ਸੁਚੱਜੇ ਢੰਗ ਨਾਲ ਕਲਮਬੱਧ ਕੀਤਾ ਹੈ ਜੋ ਇਸ ਤਰ੍ਹਾਂ ਹੈ;

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ

ਖੰਨਾ ਸ਼ਹਿਰ ਪਿਆਰਾ, ਸਿਖਰ ਚੁਬਾਰਾ

ਦੱਦਾ...ਵਾਵਾ...ਵਾਵੇ ਸਿਹਾਰੀ

ਉੱਤੇ ਟਿੱਪੀ, ਦੱਦਾਂ ਰਾ ਰਾ ਨਾਮ ਪਿਆਰਾ (ਦਵਿੰਦਰ)

ਮਸਾਂ ਚੇਤੇ ਆਇਆ ਨਾਂ

ਨੀਂ ਮੈਂ ਵੇਖਾਂ ਤਾਂਹ ਠਾਂਹ

ਰੱਸਾ ਕਿੱਲੇ ਤੋਂ ਤੁੜਾ ਗਈ ਜਦੋਂ ਗਾਂ

ਚੰਨਾ ਮੈਂ ਤੇਰਾ ਨਾਂ ਭੁੱਲ ਗਈ

ਭੁੱਲ ਗਈ ਸ਼ਰਮ ਦੀ ਮਾਰੀ ਚੰਨਾ ਮੈਂ...

ਦਵਿੰਦਰ ਖੰਨੇਵਾਲਾ ਆਪਣੀ ਕਾਮਯਾਬੀ ਦਾ ਸਿਹਰਾ ਗੁਰਦਾਸ ਮਾਨ ਨੂੰ ਹੀ ਦਿੰਦਾ ਹੈ। ਉਸ ਦੀ ਸੰਗੀਤਕਾਰ ਚਰਨਜੀਤ ਆਹੂਜਾ ਨਾਲ ਮੁਲਾਕਾਤ ਵੀ ਗੁਰਦਾਸ ਮਾਨ ਨੇ ਹੀ ਕਰਵਾਈ ਸੀ। ਦਵਿੰਦਰ ਖੰਨੇ ਵਾਲੇ ਦੀ ਕਲਮ ਤੋਂ ਨਿਕਲੇ ਗੀਤ ਅੱਜ ਵੀ ਵਿਆਹਾਂ ’ਤੇ ਡੀਜੇ ਉੱਤੇ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੰਦੇ ਹਨ, ਜੋ ਸਦਾ ਬਹਾਰ ਹਨ, ਜਿਵੇਂ;

ਨੱਚਣ ਤੋਂ ਪਹਿਲਾਂ ਹੋਕਾ ਦਿਆਂਗੇ

ਸਭਨਾਂ ਨੂੰ ਇੱਕ ਮੌਕਾ ਦਿਆਂਗੇ

ਇੱਕ ਸੌ ਇੱਕੀ ਰੁਮਾਲ

ਉਹਨੂੰ ਦਿਲ ਵੀ ਦਿਆਂਗੇ

ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ

ਉਸ ਦੀ ਕਲਮ ਤੋਂ ਉੱਕਰੇ ਗੀਤਾਂ ਵਿੱਚ ਸ਼ਾਮਲ ਕੁਝ ਗੀਤ ਹਨ;

* ਹੁਸਨਾਂ ਦੇ ਮਾਲਕੋ ਸਤਾਇਆ ਨਾ ਕਰੋ

ਹਰ ਗੱਲ ਦਿਲ ਉੱਤੇ ਲਾਇਆ ਨਾ ਕਰੋ

* ਕਦੇ ਸਾਡੇ ਵੀ ਬਨੇਰੇ ਉੱਤੇ ਬੋਲ ਵੇ

ਨਿੱਤ ਬੋਲਦੈਂ ਗੁਆਂਢੀਆਂ ਦੇ ਕਾਵਾਂ

ਦੱਸ ਕਿਹੜੇ ਦਿਨ ਆਵੇਗਾ ਸਾਡਾ ਢੋਲ ਵੇ

ਤੈਨੂੰ ਕੁੱਟ ਕੁੱਟ ਚੂਰੀਆਂ ਮੈਂ ਪਾਵਾਂ

*ਕੁੜੀਏ ਨੀਂ ਸੱਗੀ ਫੁੱਲ ਵਾਲੀਏ

ਕੈਂਠੇ ਵਾਲਾ ਪੁੱਛੇ ਤੇਰਾ ਨਾਂ

ਇਸ ਤਰ੍ਹਾਂ ਦਵਿੰਦਰ ਖੰਨੇ ਵਾਲੇ ਦੀ ਕਲਮ ਤੋਂ ਉਪਜੇ ਸੈਂਕੜੇ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ ’ਤੇ ਗੁਣ ਗੁਣਾਉਂਦੇ ਮਿਲਣਗੇ। ਮੁੱਕਦੀ ਗੱਲ ਦਵਿੰਦਰ ਖੰਨੇ ਵਾਲਾ ਇੱਕ ਅਜਿਹਾ ਨਾਂ ਹੈ ਜਿਸ ਨੇ ਅਣਗਿਣਤ ਗੀਤ ਲਿਖੇ ਤੇ ਜਿਨ੍ਹਾਂ ਨੂੰ ਚੋਟੀ ਦੇ ਪੰਜਾਬੀ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ। ਗੁਰਦਾਸ ਮਾਨ ਤੋਂ ਇਲਾਵਾ ਮਰਹੂਮ ਸਰਦੂਲ ਸਿਕੰਦਰ, ਅਮਰ ਨੂਰੀ, ਹੰਸ ਰਾਜ ਹੰਸ, ਮਨਮੋਹਨ ਵਾਰਸ, ਰਾਜ ਬਰਾੜ, ਕਮਲ ਹੀਰ, ਗੁਰਪਾਲ ਮੁਟਿਆਰ ਵਰਗੇ ਸਿਰੇ ਦੇ ਗਾਇਕਾਂ ਨੇ ਉਸ ਦੇ ਗੀਤਾਂ ਨੂੰ ਆਵਾਜ਼ ਦਿੱਤੀ। ਜੇ ਗੱਲ ਕਰੀਏ ਗੀਤਾਂ ਨੂੰ ਸੰਗੀਤ ਦੇਣ ਦੀ ਤਾਂ ਚਰਨਜੀਤ ਆਹੂਜਾ ਤੋਂ ਇਲਾਵਾ ਤੇਜਵੰਤ ਕਿੱਟੂ ਤੇ ਸੁਰਿੰਦਰ ਬਚਨ ਨੇ ਦਵਿੰਦਰ ਦੇ ਗੀਤਾਂ ਨੂੰ ਸੰਗੀਤਬੱਧ ਕੀਤਾ।

ਵਿਸ਼ੇਸ਼ ਗੱਲ ਇਹ ਹੈ ਕਿ ਉਸ ਦੀ ਲਿਖਣ ਸ਼ੈਲੀ ਬਿਲਕੁਲ ਸਾਦੀ, ਸਰੋਤਿਆਂ ਦੇ ਮੂੰਹ ’ਤੇ ਚੜ੍ਹਨ ਵਾਲੀ ਤੇ ਸੱਭਿਆਚਾਰਕ ਰਹੀ ਹੈ। ਉਹ ਲੱਚਰਤਾ ਤੋਂ ਦੂਰ ਹੋ ਕੇ ਕਲਮ ਚਲਾਉਂਦਾ ਪੰਜਾਬੀ ਸੱਭਿਆਚਾਰ ਦੀ ਲਗਾਤਾਰ ਸੇਵਾ ਕਰ ਰਿਹਾ ਹੈ। ਬੇਸ਼ੱਕ ਹੁਣ ਉਸ ਦੀ ਕਲਮ ’ਚ ਥੋੜ੍ਹਾ ਠਹਿਰਾਓ ਆਇਆ ਹੈ, ਪਰ ਹੁਣ ਤੱਕ ਉਸ ਨੇ ਜੋ ਲਿਖਿਆ ਉਸ ਉੱਤੇ ਕੋਈ ਉਂਗਲ ਨਹੀਂ ਚੁੱਕ ਸਕਦਾ। ਇਹੋ ਉਸ ਦੀ ਕਲਮ ਦੀ ਸਭ ਤੋਂ ਵੱਡੀ ਖ਼ੂਬੀ ਹੈ।

ਸੰਪਰਕ: 76967-54669

Advertisement
×