ਹਿੰਦੀ ਸਿਨੇਮਾ ਦਾ ਨਵਾਂ ਮੁਹਾਂਦਰਾ
ਹਿੰਦੀ ਸਿਨੇਮਾ ਲੰਮੇ ਸਮੇਂ ਤੱਕ ਹੀਰੋ-ਪ੍ਰਧਾਨ ਰਿਹਾ ਹੈ। ਕਹਾਣੀਆਂ ਵਿੱਚ ਅਕਸਰ ਕੇਂਦਰ ਵਿੱਚ ਹੀਰੋ ਹੀ ਹੁੰਦਾ ਸੀ ਅਤੇ ਹੀਰੋਇਨ ਦੀ ਭੂਮਿਕਾ ਜ਼ਿਆਦਾਤਰ ਸਿਰਫ਼ ਸਹਾਇਕ ਜਾਂ ਰੁਮਾਂਟਿਕ ਤੱਤ ਤੱਕ ਹੀ ਸੀਮਿਤ ਰਹਿੰਦੀ ਸੀ, ਪਰ ਪਿਛਲੇ ਕੁਝ ਸਾਲਾਂ ਵਿੱਚ ਇਸ ਰੁਝਾਨ ਵਿੱਚ...
ਹਿੰਦੀ ਸਿਨੇਮਾ ਲੰਮੇ ਸਮੇਂ ਤੱਕ ਹੀਰੋ-ਪ੍ਰਧਾਨ ਰਿਹਾ ਹੈ। ਕਹਾਣੀਆਂ ਵਿੱਚ ਅਕਸਰ ਕੇਂਦਰ ਵਿੱਚ ਹੀਰੋ ਹੀ ਹੁੰਦਾ ਸੀ ਅਤੇ ਹੀਰੋਇਨ ਦੀ ਭੂਮਿਕਾ ਜ਼ਿਆਦਾਤਰ ਸਿਰਫ਼ ਸਹਾਇਕ ਜਾਂ ਰੁਮਾਂਟਿਕ ਤੱਤ ਤੱਕ ਹੀ ਸੀਮਿਤ ਰਹਿੰਦੀ ਸੀ, ਪਰ ਪਿਛਲੇ ਕੁਝ ਸਾਲਾਂ ਵਿੱਚ ਇਸ ਰੁਝਾਨ ਵਿੱਚ ਵੱਡਾ ਬਦਲਾਅ ਆਇਆ ਹੈ। ਹੁਣ ਕਈ ਅਜਿਹੀਆਂ ਫਿਲਮਾਂ ਬਣ ਰਹੀਆਂ ਹਨ ਜਿਨ੍ਹਾਂ ਵਿੱਚ ਕਹਾਣੀ ਦਾ ਕੇਂਦਰ ਇੱਕ ਮਜ਼ਬੂਤ ਮਹਿਲਾ ਕਿਰਦਾਰ ਹੁੰਦਾ ਹੈ ਅਤੇ ਇਹ ਫਿਲਮਾਂ ਬਾਕਸ ਆਫ਼ਿਸ ’ਤੇ ਵੀ ਕਾਮਯਾਬੀ ਹਾਸਲ ਕਰ ਰਹੀਆਂ ਹਨ।
ਇਸ ਪੱਖੋਂ ਸਾਲ 2026 ਦੀ ਸ਼ੁਰੂਆਤ ਕਾਫ਼ੀ ਵਧੀਆ ਰਹੀ ਹੈ। ਤਾਪਸੀ ਪੰਨੂੰ ਦੀ ‘ਅੱਸੀ’ ਅਤੇ ਰਾਣੀ ਮੁਖਰਜੀ ਦੀ ‘ਮਰਦਾਨੀ 3’ ਨੇ ਇਹ ਸਾਬਤ ਕਰ ਦਿੱਤਾ ਕਿ ਮਹਿਲਾ ਕੇਂਦਰਿਤ ਕਹਾਣੀਆਂ ਵੀ ਦਰਸ਼ਕਾਂ ਨੂੰ ਸਿਨੇਮਾ ਘਰਾਂ ਵਿੱਚ ਖਿੱਚ ਕੇ ਲਿਆਉਣ ਦਾ ਮਾਦਾ ਰੱਖਦੀਆਂ ਹਨ। ਅਜਿਹੀਆਂ ਫਿਲਮਾਂ ਹੁਣ ਛੋਟੇ ਸਿਨਮਾ ਦਾ ਹਿੱਸਾ ਨਹੀਂ ਰਹੀਆਂ, ਬਲਕਿ ਟਿਕਟ ਖਿੜਕੀ ’ਤੇ ਮਜ਼ਬੂਤ ਦਾਅਵੇਦਾਰੀ ਵੀ ਪੇਸ਼ ਕਰ ਰਹੀਆਂ ਹਨ।
ਪਿਛਲੇ ਦੌਰ ਵਿੱਚ ਦੇਖਿਆ ਗਿਆ ਕਿ ਭਾਰਤੀ ਸਿਨੇਮਾ ’ਤੇ ਮਰਦ ਅਦਾਕਾਰਾਂ ਅਤੇ ਵੱਡੇ ਪੱਧਰ ਦੀਆਂ ਫਿਲਮਾਂ ਦਾ ਦਬਦਬਾ ਰਿਹਾ ਹੈ। ਜਿਵੇਂ ‘ਪੁਸ਼ਪਾ’, ‘ਪਠਾਨ’ ਅਤੇ ‘ਕੇਜੀਐੱਫ’ ਵਰਗੀਆਂ ਫਿਲਮਾਂ ਨੇ ਹੀਰੋ ਨੂੰ ਹੀ ਮਜ਼ਬੂਤ ਕੀਤਾ ਹੈ, ਪਰ ਹੁਣ ਦਰਸ਼ਕਾਂ ਦੀ ਪਸੰਦ ਵਿੱਚ ਤਬਦੀਲੀ ਸਾਫ਼ ਨਜ਼ਰ ਆ ਰਹੀ ਹੈ। ਪਿਛਲੇ ਕੁਝ ਦਹਾਕਿਆਂ ਵਿੱਚ ਮਹਿਲਾ ਕੇਂਦਰਿਤ ਫਿਲਮਾਂ ਨੇ ਹੌਲੀ ਹੌਲੀ ਆਪਣੀ ਭਰੋਸੇਯੋਗ ਜਗ੍ਹਾ ਬਣਾਈ ਹੈ।
ਤਾਪਸੀ ਨੇ ‘ਪਿੰਕ’, ‘ਥੱਪੜ’, ‘ਬਦਲਾ’ ਅਤੇ ‘ਨਾਮ ਸ਼ਬਾਨਾ’ ਵਰਗੀਆਂ ਫਿਲਮਾਂ ਨਾਲ ਲਗਾਤਾਰ ਇਹ ਸਾਬਤ ਕੀਤਾ ਹੈ ਕਿ ਮਹਿਲਾ ਲੀਡ ਸਿਨੇਮਾ ਵੀ ਦਰਸ਼ਕਾਂ ਨੂੰ ਥੀਏਟਰਾਂ ਵੱਲ ਖਿੱਚ ਕੇ ਲਿਆ ਸਕਦਾ ਹੈ। ਰਾਣੀ ਮੁਖਰਜੀ ਦੀ ‘ਮਰਦਾਨੀ’ ਫ੍ਰੈਂਚਾਈਜ਼ ਨੇ ਵੀ ਸਾਬਤ ਕੀਤਾ ਕਿ ਇੱਕ ਮਜ਼ਬੂਤ ਮਹਿਲਾ ਕਿਰਦਾਰ ਲੰਮੇ ਸਮੇਂ ਤੱਕ ਦਰਸ਼ਕਾਂ ਨਾਲ ਜੁੜਿਆ ਰਹਿ ਸਕਦਾ ਹੈ। ਹੁਣ ਫਿਲਮਸਾਜ਼ ਵੀ ਅਜਿਹੀਆਂ ਕਹਾਣੀਆਂ ’ਤੇ ਪੈਸਾ ਲਾਉਣ ਤੋਂ ਝਿਜਕ ਨਹੀਂ ਰਹੇ, ਸਗੋਂ ਇਸ ਨੂੰ ਸੁਰੱਖਿਅਤ ਮੰਨ ਰਹੇ ਹਨ। ਇਸ ਤੋਂ ਸਾਫ਼ ਹੈ ਕਿ ਹੁਣ ਅਭਿਨੇਤਰੀਆਂ ਵੀ ਆਪਣੇ ਦਮ ’ਤੇ ਸਫਲਤਾ ਦੇ ਨਵੇਂ ਮਿਆਰ ਸੈੱਟ ਕਰ ਰਹੀਆਂ ਹਨ। ਅਜਿਹਾ ਨਹੀਂ ਕਿ ਮਹਿਲਾ ਕੇਂਦਰਿਤ ਫਿਲਮਾਂ ਹੋਰ ਵੱਡੀਆਂ ਫਿਲਮਾਂ ਦੀ ਜਗ੍ਹਾ ਨਹੀਂ ਲੈ ਰਹੀਆਂ, ਬਲਕਿ ਸਿਨੇਮਾ ਦੇ ਦਾਇਰੇ ਨੂੰ ਵਧਾ ਵੀ ਰਹੀਆਂ ਹਨ।
‘ਮਰਦਾਨੀ’ ਇੱਕ ਮਹਿਲਾ ਪੁਲੀਸ ਅਫ਼ਸਰ ਦੀ ਕਹਾਣੀ ਹੈ ਜੋ ਮਨੁੱਖੀ ਤਸਕਰੀ ਦੇ ਗਿਰੋਹ ਨਾਲ ਟੱਕਰ ਲੈਂਦੀ ਹੈ। ਫਿਲਮ ਵਿੱਚ ਇੱਕ ਮਜ਼ਬੂਤ ਅਤੇ ਨਿਡਰ ਮਹਿਲਾ ਦੇ ਅਕਸ ਨੂੰ ਦਿਖਾਇਆ ਗਿਆ ਹੈ ਜਿਸ ਨੇ ਦਰਸ਼ਕਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ। ਇਸ ਫਿਲਮ ਦੀ ਕਾਮਯਾਬੀ ਤੋਂ ਬਾਅਦ ਇਸ ਦਾ ਦੂਜਾ ਅਤੇ ਤੀਜਾ ਭਾਗ ਵੀ ਬਣਿਆ, ਜੋ ਆਪਣੇ ਆਪ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਦਰਸ਼ਕ ਅਜਿਹੀਆਂ ਕਹਾਣੀਆਂ ਨੂੰ ਸਵੀਕਾਰ ਕਰ ਰਹੇ ਹਨ।
ਇਸੇ ਤਰ੍ਹਾਂ ‘ਥੱਪੜ’ ਇੱਕ ਬਿਲਕੁਲ ਵੱਖਰੇ ਵਿਸ਼ੇ ’ਤੇ ਆਧਾਰਿਤ ਫਿਲਮ ਹੈ। ਇਸ ਵਿੱਚ ਇੱਕ ਔਰਤ ਆਪਣੇ ਪਤੀ ਵੱਲੋਂ ਮਾਰੇ ਗਏ ਇੱਕ ਥੱਪੜ ਨੂੰ ਸਿਰਫ਼ ਇੱਕ ਛੋਟੀ ਘਟਨਾ ਮੰਨ ਕੇ ਭੁੱਲਣ ਦੀ ਬਜਾਏ ਆਪਣੇ ਆਤਮ-ਸਨਮਾਨ ਦੀ ਲੜਾਈ ਬਣਾਉਂਦੀ ਹੈ। ਇਹ ਫਿਲਮ ਘਰੇਲੂ ਰਿਸ਼ਤਿਆਂ ਵਿੱਚ ਸਨਮਾਨ ਦੀ ਮਹੱਤਤਾ ਨੂੰ ਬਹੁਤ ਸੰਵੇਦਨਸ਼ੀਲ ਢੰਗ ਨਾਲ ਦਰਸਾਉਂਦੀ ਹੈ। ਭਾਵੇਂ ਇਹ ਫਿਲਮ ਮਸਾਲੇਦਾਰ ਨਹੀਂ ਸੀ, ਪਰ ਇਸ ਦੀ ਕਹਾਣੀ ਅਤੇ ਸੰਦੇਸ਼ ਨੇ ਦਰਸ਼ਕਾਂ ਅਤੇ ਸਮੀਖਿਆਕਾਰਾਂ ਦੋਵਾਂ ਨੂੰ ਪ੍ਰਭਾਵਿਤ ਕੀਤਾ।
ਇਸ ਬਦਲਾਅ ਪਿੱਛੇ ਸਭ ਤੋਂ ਵੱਡਾ ਕਾਰਨ ਸਮਾਜ ਵਿੱਚ ਆ ਰਹੀ ਸੋਚ ਦੀ ਤਬਦੀਲੀ ਹੈ। ਅੱਜ ਦਾ ਦਰਸ਼ਕ ਵਰਗ ਖ਼ਾਸ ਕਰਕੇ ਨੌਜਵਾਨ ਅਜਿਹੀਆਂ ਕਹਾਣੀਆਂ ਦੇਖਣਾ ਚਾਹੁੰਦਾ ਹੈ ਜੋ ਹਕੀਕਤ ਨਾਲ ਜੁੜੀਆਂ ਹੋਣ ਅਤੇ ਜਿਨ੍ਹਾਂ ਵਿੱਚ ਔਰਤਾਂ ਦੀ ਆਤਮ-ਨਿਰਭਰਤਾ ਅਤੇ ਹੌਸਲੇ ਨੂੰ ਦਰਸਾਇਆ ਗਿਆ ਹੋਵੇ।
ਹੀਰੋਇਨ ਪ੍ਰਧਾਨ ਫਿਲਮਾਂ ਦੀ ਕਾਮਯਾਬੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਦਰਸ਼ਕ ਹੁਣ ਸਿਰਫ਼ ਵੱਡੇ ਹੀਰੋ ਜਾਂ ਐਕਸ਼ਨ ’ਤੇ ਹੀ ਨਿਰਭਰ ਨਹੀਂ ਰਹੇ। ਇੱਕ ਮਜ਼ਬੂਤ ਕਹਾਣੀ ਅਤੇ ਪ੍ਰਭਾਵਸ਼ਾਲੀ ਅਦਾਕਾਰੀ ਨਾਲ ਵੀ ਫਿਲਮ ਵੱਡੀ ਕਾਮਯਾਬੀ ਹਾਸਲ ਕਰ ਸਕਦੀ ਹੈ। ਕਈ ਅਭਿਨੇਤਰੀਆਂ ਨੇ ਆਪਣੇ ਦਮ ’ਤੇ ਫਿਲਮਾਂ ਨੂੰ ਸਫਲ ਬਣਾ ਕੇ ਇਹ ਧਾਰਨਾ ਤੋੜ ਦਿੱਤੀ ਹੈ ਕਿ ਬਾਕਸ ਆਫ਼ਿਸ ’ਤੇ ਸਿਰਫ਼ ਹੀਰੋ ਹੀ ਫਿਲਮ ਚਲਾ ਸਕਦਾ ਹੈ।
ਇਸ ਰੁਝਾਨ ਨਾਲ ਹਿੰਦੀ ਸਿਨੇਮਾ ਵਿੱਚ ਕਹਾਣੀਆਂ ਦੀ ਵਿਭਿੰਨਤਾ ਵੀ ਵਧੀ ਹੈ। ਔਰਤਾਂ ਦੀ ਜ਼ਿੰਦਗੀ, ਸੰਘਰਸ਼, ਸੁਪਨੇ ਅਤੇ ਉਨ੍ਹਾਂ ਦੀ ਸਵੈ-ਪਛਾਣ ਵਰਗੇ ਵਿਸ਼ਿਆਂ ਨੂੰ ਹੁਣ ਵੱਧ ਤਰਜੀਹ ਮਿਲ ਰਹੀ ਹੈ। ਇਹ ਬਦਲਾਅ ਸਿਰਫ਼ ਮਨੋਰੰਜਨ ਤੱਕ ਹੀ ਸੀਮਿਤ ਨਹੀਂ, ਸਗੋਂ ਸਮਾਜ ਵਿੱਚ ਔਰਤਾਂ ਦੀ ਬਦਲਦੀ ਸਥਿਤੀ ਦਾ ਵੀ ਪ੍ਰਤੀਬਿੰਬ ਹੈ।
ਹਾਲਾਂਕਿ ਮਹਿਲਾ ਕੇਂਦਰਿਤ ਫਿਲਮਾਂ ਦਾ ਰੁਝਾਨ ਨਵਾਂ ਨਹੀਂ। ਪਹਿਲਾਂ ਵੀ ਅਜਿਹੀਆਂ ਕਈ ਫਿਲਮਾਂ ਬਣੀਆਂ ਹਨ ਜਿਨ੍ਹਾਂ ਨੇ ਮਜ਼ਬੂਤ ਮਹਿਲਾ ਕਿਰਦਾਰਾਂ ਨੂੰ ਪਰਦੇ ’ਤੇ ਪੇਸ਼ ਕੀਤਾ ਹੈ। ਉਦਾਹਰਣ ਵਜੋਂ ‘ਮਦਰ ਇੰਡੀਆ’ ਵਿੱਚ ਨਰਗਿਸ ਦਾ ਕਿਰਦਾਰ ਇੱਕ ਮਜ਼ਬੂਤ ਮਾਂ ਦੇ ਰੂਪ ਵਿੱਚ ਦਰਸਾਇਆ ਗਿਆ ਸੀ, ਜੋ ਆਪਣੇ ਸਿਧਾਤਾਂ ਲਈ ਆਪਣੇ ਹੀ ਪੁੱਤਰ ਦੇ ਖ਼ਿਲਾਫ਼ ਖੜ੍ਹੀ ਹੋ ਜਾਂਦੀ ਹੈ। ਇਸੇ ਤਰ੍ਹਾਂ ‘ਬੈਂਡਿਟ ਕੁਈਨ’ ਨੇ ਫੂਲਨ ਦੇਵੀ ਦੀ ਸੰਘਰਸ਼ ਭਰੀ ਜ਼ਿੰਦਗੀ ਨੂੰ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਪਰ ਉਹ ਸਮਾਂ ਅਜਿਹਾ ਸੀ ਜਦੋਂ ਅਜਿਹੀਆਂ ਫਿਲਮਾਂ ਅਕਸਰ ਆਰਟ ਜਾਂ ਸਮਾਜਿਕ ਸਿਨੇਮਾ ਦੀ ਸ਼੍ਰੇਣੀ ਵਿੱਚ ਆਉਂਦੀਆਂ ਸਨ ਅਤੇ ਵੱਡੇ ਪੱਧਰ ’ਤੇ ਟਿਕਟ ਖਿੜਕੀ ’ਤੇ ਕਾਮਯਾਬੀ ਹਾਸਲ ਕਰਨਾ ਮੁਸ਼ਕਿਲ ਹੁੰਦਾ ਸੀ।
ਨਵੇਂ ਦੌਰ ਵਿੱਚ ਸਥਿਤੀ ਬਦਲਦੀ ਨਜ਼ਰ ਆ ਰਹੀ ਹੈ। ਹੁਣ ਮਹਿਲਾ ਕੇਂਦਰਤ ਕਹਾਣੀਆਂ ਸਿਰਫ਼ ਸਮਾਜਿਕ ਸੰਦੇਸ਼ ਹੀ ਨਹੀਂ ਦੇ ਰਹੀਆਂ, ਸਗੋਂ ਵਪਾਰਕ ਤੌਰ ’ਤੇ ਵੀ ਕਾਮਯਾਬ ਹੋ ਰਹੀਆਂ ਹਨ। ਉਦਾਹਰਣ ਲਈ ‘ਕੁਈਨ’ ਇੱਕ ਅਜਿਹੀ ਫਿਲਮ ਸੀ ਜਿਸ ਵਿੱਚ ਇੱਕ ਕੁੜੀ ਆਪਣੇ ਟੁੱਟੇ ਵਿਆਹ ਤੋਂ ਬਾਅਦ ਆਪਣੇ ਆਪ ਨੂੰ ਖੋਜਣ ਲਈ ਇਕੱਲੀ ਵਿਦੇਸ਼ ਯਾਤਰਾ ’ਤੇ ਨਿਕਲਦੀ ਹੈ। ਇਸ ਫਿਲਮ ਨੇ ਨਾ ਸਿਰਫ਼ ਦਰਸ਼ਕਾਂ ਦਾ ਦਿਲ ਜਿੱਤਿਆ, ਸਗੋਂ ਟਿਕਟ ਖਿੜਕੀ ’ਤੇ ਵੀ ਕਾਫ਼ੀ ਕਾਮਯਾਬੀ ਹਾਸਲ ਕੀਤੀ। ਇਸੇ ਤਰ੍ਹਾਂ ‘ਕਹਾਨੀ’ ਵਿੱਚ ਇੱਕ ਗਰਭਵਤੀ ਮਹਿਲਾ ਦਾ ਆਪਣੇ ਪਤੀ ਦੀ ਖੋਜ ਲਈ ਕੀਤਾ ਗਿਆ ਸੰਘਰਸ਼ ਰੁਮਾਂਚਕ ਢੰਗ ਨਾਲ ਦਰਸਾਇਆ ਗਿਆ ਅਤੇ ਇਸ ਫਿਲਮ ਨੇ ਸ਼ਾਨਦਾਰ ਕਾਰੋਬਾਰ ਕੀਤਾ।
ਹੀਰੋਇਨ ਪ੍ਰਧਾਨ ਫਿਲਮਾਂ ਦੀ ਕਾਮਯਾਬੀ ਦੀ ਹੋਰ ਵੱਡੀ ਉਦਾਹਰਣ ‘ਰਾਜ਼ੀ’ ਫਿਲਮ ਹੈ, ਜਿਸ ਵਿੱਚ ਇੱਕ ਭਾਰਤੀ ਜਾਸੂਸ ਮਹਿਲਾ ਦੀ ਕਹਾਣੀ ਦਰਸਾਈ ਗਈ। ਇਸ ਫਿਲਮ ਨੇ ਵੱਡੀ ਕਮਾਈ ਕਰਕੇ ਫਿਰ ਇਹ ਸਾਬਤ ਕਰ ਦਿੱਤਾ ਕਿ ਮਹਿਲਾ ਕੇਂਦਰਿਤ ਕਹਾਣੀ ਵੀ ਵੱਡੇ ਪੱਧਰ ’ਤੇ ਦਰਸ਼ਕਾਂ ਨੂੰ ਖਿੱਚ ਸਕਦੀ ਹੈ। ਇਸੇ ਤਰ੍ਹਾਂ ‘ਗੰਗੂਬਾਈ ਕਾਠਿਆਵਾੜੀ’ ਵੀ ਇੱਕ ਮਜ਼ਬੂਤ ਮਹਿਲਾ ਕਿਰਦਾਰ ਦੀ ਕਹਾਣੀ ਹੈ ਜਿਸ ਨੇ ਜਿੱਥੇ ਦਰਸ਼ਕਾਂ ਅਤੇ ਸਮੀਖਿਆਕਾਰਾਂ ਦੋਵਾਂ ਵੱਲੋਂ ਕਾਫ਼ੀ ਸ਼ਲਾਘਾ ਹਾਸਲ ਕੀਤੀ, ਉੱਥੇ ਕਾਰੋਬਾਰ ਵੀ ਵਧੀਆ ਕੀਤਾ। ‘ਗੰਗੂਬਾਈ ਕਾਠਿਆਵਾੜੀ’, ‘ਮੇਰੀ ਕੌਮ’, ‘ਨੀਰਜਾ’ ਅਤੇ ‘ਮਿਸੇਜ਼ ਚੈਟਰਜੀ’ ਔਰਤਾਂ ਦੀ ਅਸਲ ਜ਼ਿੰਦਗੀ ਦੀ ਤਾਕਤ ਤੋਂ ਪ੍ਰੇਰਿਤ ਸਨ।
ਇਸੇ ਤਰ੍ਹਾਂ ‘ਸਤ੍ਰੀ’ ਅਤੇ ‘ਸਤ੍ਰੀ-2’ ਸ਼ਰਧਾ ਕਪੂਰ ਦੀ ਅਗਵਾਈ ਹੇਠ ਇੱਕ ਬਲਾਕਬਸਟਰ ਹੈ ਜਿਸ ਨੇ ਬਾਕਸ ਆਫਿਸ ਦੇ ਕਈ ਰਿਕਾਰਡ ਤੋੜ ਦਿੱਤੇ ਸਨ। ਦੀਪਿਕਾ ਪਾਦੂਕੋਣ ਦੀ ਮੁੱਖ ਭੂਮਿਕਾ ਵਾਲੀ ਕਾਮੇਡੀ ਅਤੇ ਭਾਵਨਾਤਮਕ ਡੂੰਘਾਈ ਨੂੰ ਸੰਤੁਲਿਤ ਕਰਦੀ ਫਿਲਮ ‘ਪੀਕੂ’ ਵੀ ਇਸੇ ਸੂਚੀ ਵਿੱਚ ਆਉਂਦੀ ਹੈ, ਜਿਸ ਨੇ ਜਿੱਥੇ ਕਈ ਐਵਾਰਡ ਆਪਣੀ ਝੋਲੀ ਪਵਾਏ, ਉੱਥੇ ਟਿਕਟ ਖਿੜਕੀ ’ਤੇ ਵੀ ਧਮਾਲ ਮਚਾਈ।
ਇਸ ਤੋਂ ਇਲਾਵਾ ‘ਦਿ ਡਰਟੀ ਪਿਕਚਰ’ ਵਰਗੀ ਫਿਲਮ ਨੇ ਵੀ ਇਹ ਦਰਸਾਇਆ ਕਿ ਇੱਕ ਅਭਿਨੇਤਰੀ ਦੇ ਮਜ਼ਬੂਤ ਕਿਰਦਾਰ ਅਤੇ ਪ੍ਰਭਾਵਸ਼ਾਲੀ ਅਦਾਕਾਰੀ ਨਾਲ ਫਿਲਮ ਵੱਡੀ ਹਿੱਟ ਹੋ ਸਕਦੀ ਹੈ। ਇਸ ਫਿਲਮ ਨੇ ਆਪਣੇ ਸਮੇਂ ਵਿੱਚ ਕਾਫ਼ੀ ਵਪਾਰਕ ਕਾਮਯਾਬੀ ਹਾਸਲ ਕੀਤੀ ਅਤੇ ਮਹਿਲਾ ਕੇਂਦਰਿਤ ਕਹਾਣੀਆਂ ਲਈ ਨਵਾਂ ਰਾਹ ਖੋਲ੍ਹਿਆ।
ਇਸ ਬਦਲਾਅ ਦੇ ਪਿੱਛੇ ਕਈ ਕਾਰਨ ਹਨ। ਪਹਿਲਾ, ਸਮਾਜ ਵਿੱਚ ਔਰਤਾਂ ਦੀ ਭੂਮਿਕਾ ਤੇ ਸੋਚ ਵਿੱਚ ਵੱਡੀ ਤਬਦੀਲੀ ਆਈ ਹੈ। ਅੱਜ ਦੀ ਔਰਤ ਆਤਮ ਨਿਰਭਰ, ਫ਼ੈਸਲੇ ਲੈਣ ਵਾਲੀ ਅਤੇ ਆਪਣੇ ਹੱਕਾਂ ਲਈ ਖੜ੍ਹੀ ਹੋਣ ਵਾਲੀ ਹੈ। ਫਿਲਮਾਂ ਵਿੱਚ ਵੀ ਇਸ ਬਦਲਾਅ ਦੀ ਝਲਕ ਦਿਖਾਈ ਦੇ ਰਹੀ ਹੈ। ਦੂਜਾ, ਦਰਸ਼ਕਾਂ ਦੀ ਪਸੰਦ ਵੀ ਬਦਲੀ ਹੈ। ਹੁਣ ਉਹ ਸਿਰਫ਼ ਰੁਟੀਨ ਦੀਆਂ ਮਸਾਲਾ ਫਿਲਮਾਂ ਦੀ ਬਜਾਏ ਨਵੀਆਂ ਅਤੇ ਅਸਲੀਅਤ ਦੇ ਨੇੜੇ ਕਹਾਣੀਆਂ ਦੇਖਣਾ ਚਾਹੁੰਦੇ ਹਨ।
ਡਿਜੀਟਲ ਪਲੈਟਫਾਰਮਾਂ ਅਤੇ ਨਵੀਂ ਪੀੜ੍ਹੀ ਦੇ ਨਿਰਦੇਸ਼ਕਾਂ ਨੇ ਵੀ ਇਸ ਬਦਲਾਅ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਹੁਣ ਫਿਲਮਸਾਜ਼ ਵੱਖ-ਵੱਖ ਵਿਸ਼ਿਆਂ ’ਤੇ ਪ੍ਰਯੋਗ ਕਰ ਰਹੇ ਹਨ ਅਤੇ ਔਰਤਾਂ ਦੀ ਜ਼ਿੰਦਗੀ ਨਾਲ ਜੁੜੀਆਂ ਕਹਾਣੀਆਂ ਨੂੰ ਵੀ ਕੇਂਦਰ ਵਿੱਚ ਲਿਆ ਰਹੇ ਹਨ।
ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਹਿੰਦੀ ਸਿਨੇਮਾ ਵਿੱਚ ਹੀਰੋਇਨ ਪ੍ਰਧਾਨ ਫਿਲਮਾਂ ਦੀ ਵਧਦੀ ਕਾਮਯਾਬੀ ਸਿਰਫ਼ ਇੱਕ ਰੁਝਾਨ ਨਹੀਂ, ਸਗੋਂ ਸਿਨੇਮਾ ਦੀ ਸੋਚ ਵਿੱਚ ਆ ਰਹੇ ਗਹਿਰੇ ਬਦਲਾਅ ਦਾ ਸੰਕੇਤ ਹੈ।

