ਚੜ੍ਹਿਆ ਮਾਘ ਪੱਤ ਝੜੇ...
ਕੁਦਰਤ ਦੇ ਨਿਯਮ ਅਟੱਲ ਹਨ। ਮਨੁੱਖ ਇਨ੍ਹਾਂ ਨੂੰ ਕਿਸੇ ਸੂਰਤ ਵਿੱਚ ਵੀ ਟਾਲ ਨਹੀਂ ਸਕਦਾ ਤੇ ਜੇਕਰ ਟਾਲਣ ਦੀ ਕੋਸ਼ਿਸ਼ ਵੀ ਕਰੇਗਾ ਤਾਂ ਉਸ ਦਾ ਪ੍ਰਣਾਮ ਉਸ ਦੇ ਲਈ ਘਾਤਕ ਸਿੱਧ ਹੋਵੇਗਾ। ਮੌਸਮ ਦਾ ਬਦਲਣਾ ਅਤੇ ਸਮੇਂ ਦਾ ਬਦਲਣਾ ਇਹ...
ਕੁਦਰਤ ਦੇ ਨਿਯਮ ਅਟੱਲ ਹਨ। ਮਨੁੱਖ ਇਨ੍ਹਾਂ ਨੂੰ ਕਿਸੇ ਸੂਰਤ ਵਿੱਚ ਵੀ ਟਾਲ ਨਹੀਂ ਸਕਦਾ ਤੇ ਜੇਕਰ ਟਾਲਣ ਦੀ ਕੋਸ਼ਿਸ਼ ਵੀ ਕਰੇਗਾ ਤਾਂ ਉਸ ਦਾ ਪ੍ਰਣਾਮ ਉਸ ਦੇ ਲਈ ਘਾਤਕ ਸਿੱਧ ਹੋਵੇਗਾ। ਮੌਸਮ ਦਾ ਬਦਲਣਾ ਅਤੇ ਸਮੇਂ ਦਾ ਬਦਲਣਾ ਇਹ ਕੁਦਰਤ ਦੇ ਹੱਥ ਵਿੱਚ ਹੈ। ਬਣਾਉਟੀ ਮੀਂਹ ਪਾਇਆ ਜਾ ਸਕਦਾ ਹੈ, ਪਰ ਕੁਦਰਤ ਤੋਂ ਪਵਾਇਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਕਹਾਵਤ ਅਨੁਸਾਰ ਕੁਦਰਤ ਤੋਂ ਕੋਈ ਵੀ ਬਲੀ ਨਹੀਂ ਹੈ। ਸ੍ਰਿਸ਼ਟੀ ਦੀ ਰਚਨਾ ਕੁਦਰਤ ਅਨੁਸਾਰ ਹੋਈ ਤੇ ਅੱਜ ਤੱਕ ਹੋ ਰਹੀ ਹੈ।
ਮੰਨਿਆ ਕਿ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਕੁਦਰਤ ਦੀ ਥਾਹ ਉਹ ਅੱਜ ਤੱਕ ਨਹੀਂ ਪਾ ਸਕਿਆ। ਜੋ ਉਸ ਨੂੰ ਮਨਜ਼ੂਰ ਹੈ, ਉਹੀ ਮਨੁੱਖ ਕਰ ਸਕਦਾ ਹੈ। ਉਹੀ ਵਿਗਿਆਨ ਕਰ ਸਕਦਾ ਹੈ, ਪਰ ਜੇਕਰ ਨਹੀਂ ਮਨਜ਼ੂਰ ਤਾਂ ਸਾਰੀ ਸਾਇੰਸ ਫੇਲ੍ਹ ਹੋ ਸਕਦੀ ਹੈ। ਇਸੇ ਕਰਕੇ ਕੁਝ ਕੰਮ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਅਤੇ ਪੂਰਨ ਵਿਸ਼ਵਾਸ ਹੋਣ ਦੇ ਬਾਵਜੂਦ ਸਿਰੇ ਨਹੀਂ ਲੱਗਦੇ। ਪੂਰੀ ਸ੍ਰਿਸ਼ਟੀ ਕੁਦਰਤ ਦੀ ਸਹਿਮਤੀ ਨਾਲ ਹੀ ਚੱਲ ਰਹੀ ਹੈ।
ਜਦੋਂ ਘਰਾਂ ਵਿੱਚ ਕੋਈ ਘੜੀ ਘੰਟਾ ਨਹੀਂ ਸੀ, ਉਦੋਂ ਵੀ ਲੋਕ ਆਪਣੇ ਕੰਮ ਵਕਤ ਸਿਰ ਕਰਦੇ ਸਨ। ਉਸ ਵੇਲੇ ਸੂਰਜ ਦੀ ਧੁੱਪ ਨੂੰ ਮਿਣ ਕੇ ਜਾਂ ਪਰਛਾਵੇ ਮਿਣ ਕੇ ਉਹ ਪਹਿਰਾਂ ਦਾ ਅੰਦਾਜ਼ਾ ਲਾ ਲੈਂਦੇ ਸਨ। ਰਾਤ ਦਾ ਸਮਾਂ ਨੋਟ ਕਰਨ ਲਈ ਉਨ੍ਹਾਂ ਕੋਲ ਤਾਰੇ ਅਤੇ ਚੰਦ ਮੌਜੂਦ ਸਨ ਜੋ ਅੱਜ ਵੀ ਹਨ। ਤਾਰਿਆਂ ਦਾ ਵੱਖ ਵੱਖ ਦਿਸ਼ਾਵਾਂ ਤੋਂ ਚੜ੍ਹਨਾ ਅਤੇ ਲੋਪ ਹੋਣ ਦੀਆਂ ਪ੍ਰਕਿਰਿਆਵਾਂ ਹੀ ਉਨ੍ਹਾਂ ਲਈ ਘੜੀ ਦਾ ਕੰਮ ਕਰਦੀਆਂ ਸਨ। ਖਿੱਤੀ (ਤਾਰਿਆਂ ਦਾ ਸਮੂਹ) ਦਾ ਚੜ੍ਹਨਾ ਅਤੇ ਖਿੱਤੀ ਦਾ ਢਲਣਾ ਵਰਗੀਆਂ ਕਿਰਿਆਵਾਂ ਦਾ ਵਿਸ਼ੇਸ਼ ਮਹੱਤਵ ਸੀ ਕਿਉਂਕਿ ਇਸੇ ਤੋਂ ਹੀ ਸਮੇਂ ਦੇ ਬਦਲਣ ਦਾ ਅੰਦਾਜ਼ਾ ਲਗਾਇਆ ਜਾਂਦਾ ਸੀ।
ਇਸੇ ਤਰ੍ਹਾਂ ਮਹੀਨੇ ਦਾ ਹਿਸਾਬ ਕਿਤਾਬ ਰੱਖਣ ਲਈ ਵੀ ਦੋ ਪੱਖਾਂ ਦੀ ਵੰਡ ਕੀਤੀ ਗਈ ਹੈ। ਇੱਕ ਸ਼ੁਕਲ ਪੱਖ ਤੇ ਦੂਜਾ ਕ੍ਰਿਸ਼ਨ ਪੱਖ। ਭਾਵ ਇੱਕ ਹਨੇਰਾ ਤੇ ਦੂਜਾ ਚਾਨਣਾ। ਪੂਰਨਮਾਸ਼ੀ ਨੂੰ ਜਦੋਂ ਚੰਦਰਮਾ ਪੂਰਾ ਹੁੰਦਾ ਹੈ ਤਾਂ ਇਹ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਹੈ ਕਿ ਮਹੀਨਾ ਪੂਰਾ ਹੋ ਗਿਆ। ਇਸ ਤੋਂ ਬਾਅਦ ਅਗਲੇ ਦਿਨ ਚੰਦਰਮਾ ਚੜ੍ਹਦਾ ਹੈ ਤਾਂ ਇਹ ਕੁਝ ਦੇਰ ਨਾਲ ਚੜ੍ਹਦਾ ਹੈ। ਇਸ ਨਾਲ ਹਨੇਰੇ ਪੱਖ ਦੀ ਸ਼ੁਰੂਆਤ ਹੁੰਦੀ ਹੈ ਅਤੇ 15 ਦਿਨ ਚੰਦਰਮਾ ਹੌਲੀ ਹੌਲੀ ਘਟਦਾ ਹੈ, ਤਿੱਥਾਂ ਬਦਲਦੀਆਂ ਹਨ। ਪੂਰਨਮਾਸ਼ੀ ਤੋਂ ਅਗਲੇ ਦਿਨ ਚੰਦਰਮਾ ਦੇ ਦੇਰ ਨਾਲ ਚੜ੍ਹਨ ਨੂੰ ਚੰਦ ਦਾ ਗੋਡੀ ਮਾਰਨਾ ਵੀ ਕਿਹਾ ਜਾਂਦਾ ਹੈ। ਹਨੇਰੇ ਪੱਖ ਦੀ ਚੌਦਸ ਵਾਲੇ ਦਿਨ ਚੰਦਰਮਾ ਬਿਲਕੁਲ ਵੱਡੇ ਤੜਕੇ ਤੋਂ ਵੀ ਬਾਅਦ ਚੜ੍ਹਦਾ ਹੈ ਜਿਸ ਦਾ ਆਕਾਰ ਬਹੁਤ ਪਤਲਾ ਹੁੰਦਾ ਹੈ। ਇੰਜ ਲੱਗਦਾ ਹੈ ਜਿਵੇਂ ਕਿਸੇ ਖਰਬੂਜ਼ੇ ਦੀ ਫਾੜੀ ਕੱਟੀ ਹੋਵੇ। ਮੱਸਿਆ ਵਾਲੇ ਦਿਨ ਚੰਦਰਮਾ ਬਿਲਕੁਲ ਦਿਖਾਈ ਨਹੀਂ ਦਿੰਦਾ ਅਤੇ ਨਾ ਹੀ ਏਕਮ ਵਾਲੇ ਦਿਨ। ਇਸ ਤਰ੍ਹਾਂ ਦੂਜ ਦਾ ਚੰਦ ਵੀ ਹਨੇਰੇ ਪੱਖ ਦੀ ਚੌਦਸ ਵਾਂਗ ਹੀ ਚੜ੍ਹਦਾ ਹੈ। ਦਿਨਾਂ ਦੇ ਲਗਾਤਾਰ ਚੱਲਦਿਆਂ ਵਧਣ ਘਟਣ ਦਾ ਅੰਦਾਜ਼ਾ ਮੌਸਮ ਭਾਵ ਰੁੱਤਾਂ ਦੇ ਅਨੁਸਾਰ ਹੀ ਲਾਇਆ ਜਾਂਦਾ ਹੈ। ਸੂਰਜ ਦੀ ਰੌਸ਼ਨੀ ਨਾਲ ਵਧਦੇ ਘਟਦੇ ਰੁੱਖਾਂ ਜਾਂ ਕੰਧਾਂ ਕੋਠਿਆਂ ਦੇ ਪਰਛਾਵਿਆਂ ਨੂੰ ਧਿਆਨ ਵਿੱਚ ਰੱਖ ਕੇ ਹੀ ਦਿਨ ਦੇ ਵਧਣ ਘਟਣ ਦਾ ਪਤਾ ਲਾਉਣਾ ਹੀ ਮਨੁੱਖੀ ਸੂਝ ਦਾ ਪ੍ਰਦਰਸ਼ਨ ਹੈ।
ਸਰਦ ਰੁੱਤ ਵਿੱਚ ਸੂਰਜ ਦੇਰੀ ਨਾਲ ਚੜ੍ਹਦਾ ਹੈ ਤੇ ਛਿਪਦਾ ਪਹਿਲਾਂ ਹੈ। ਉਸੇ ਮਹੀਨੇ ਨੂੰ ਸਭ ਤੋਂ ਛੋਟਾ ਮੰਨਦੇ ਹਨ, ਪਰ ਦਸ ਪੋਹ ਯਾਨੀ 25 ਦਸੰਬਰ ਤੋਂ ਦਿਨ ਵਧਣੇ ਸ਼ੁਰੂ ਹੋ ਜਾਂਦੇ ਹਨ। ਇਹ ਦਿਨ ਥੋੜ੍ਹੇ ਥੋੜ੍ਹੇ ਵਧਦੇ ਹਨ। ਉੱਧਰ ਜੂਨ ਦੇ ਮਹੀਨੇ ਦੀ 23 ਤਰੀਕ ਨੂੰ ਜਾਂ 10 ਹਾੜ ਨੂੰ ਦਿਨ ਘਟਣੇ ਸ਼ੁਰੂ ਹੋ ਜਾਂਦੇ ਹਨ। ਉਨੱਤੀ ਜਾਂ ਤੀਹ ਪੋਹ ਨੂੰ ਸਰਦੀ ਦਾ ਆਖਰੀ ਦਿਨ ਮੰਨਦੇ ਹੋਏ ਠੰਢ ਨੂੰ ਵਿਦਾਈ ਦੇ ਕੇ ਲੋਹੜੀ ਬਾਲੀ ਜਾਂਦੀ ਹੈ। ਲੋਹੜੀ ਪਿੱਛੇ ਭਾਵੇਂ ਅਨੇਕਾਂ ਇਤਿਹਾਸਕ, ਮਿਥਿਹਾਸਕ ਅਤੇ ਪੁਰਾਣਕ ਕਥਾਵਾਂ ਹਨ, ਪਰ ਇਸ ਦਾ ਸਬੰਧ ਮੌਸਮ ਨਾਲ ਵੀ ਹੈ। ਇਸ ਮਹੀਨੇ ਵਿੱਚ ਠੰਢ ਦੇ ਝੰਬੇ ਹੋਏ ਪੱਤੇ ਹੌਲੀ ਹੌਲੀ ਕਿਰਨ ਲੱਗ ਜਾਂਦੇ ਹਨ ਤਾਂ ਹੀ ਕਿਹਾ ਗਿਆ ਹੈ;
ਚੜ੍ਹਿਅ ਮਾਘ ਪੱਤ ਝੜੇ
ਨਵੇਂ ਨਾਲ ਨਵਾਂ ਰੰਗ ਲਿਆਏ।
ਧੁੱਪ ਦੇ ਚੜ੍ਹਨ ਨਾਲ ਪ੍ਰਕਿਰਤੀ ਦੀ ਹਰ ਚੀਜ਼ ’ਤੇ ਨਿਖਾਰ ਆਉਂਦਾ ਹੈ। ਪਸ਼ੂ-ਪੰਛੀਆਂ ਅਤੇ ਜੀਵ-ਜੰਤੂਆਂ ਨੂੰ ਰਾਹਤ ਮਿਲਦੀ ਹੈ ਕਿਉਂਕਿ ਜੋ ਜੀਵ ਧਰਤੀ ਦੇ ਅੰਦਰ ਰਹਿਣ ਵਾਲੇ ਹਨ, ਉਹ ਠੰਢ ਕਾਰਨ ਲੰਮਾ ਸਮਾਂ ਧਰਤੀ ਅੰਦਰ ਹੀ ਰਹਿੰਦੇ ਹਨ। ਹੌਲੀ ਹੌਲੀ ਉਹ ਬਾਹਰ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਧੁੱਪ ਨਿਕਲਣ ਨਾਲ ਫ਼ਸਲਾਂ ਹੋਰ ਜ਼ਿਆਦਾ ਪ੍ਰਫੁੱਲਤ ਹੁੰਦੀਆਂ ਹਨ ਅਤੇ ਆਪ ਮੁਹਾਰੇ ਪੈਦਾ ਹੋਈਆਂ ਜੜੀਆਂ-ਬੂਟੀਆਂ ਵਿਗਸਦੀਆਂ ਹਨ। ਸਰ੍ਹੋਂ ਦੇ ਪੀਲੇ ਫੁੱਲਾਂ ਦਾ ਖੇਤਾਂ ਵਿੱਚ ਨਜ਼ਾਰਾ ਹੀ ਵੱਖਰਾ ਹੁੰਦਾ ਹੈ ਜਿਵੇਂ ਹਰੇ ਰੰਗ ਦੀ ਚਾਦਰ ਉੱਤੇ ਪੀਲੇ ਫੁੱਲਾਂ ਦੀ ਕਢਾਈ ਕੀਤੀ ਹੋਵੇ। ਇਨ੍ਹਾਂ ਫੁੱਲਾਂ ਦੇ ਖਿੜਨ ਨਾਲ ਕੀਟ ਪਤੰਗੇ ਵੀ ਆਨੰਦ ਮਾਣਦੇ ਰਹੇ ਹਨ। ਇਨ੍ਹਾਂ ਫੁੱਲਾਂ ਉੱਤੇ ਤਿਤਲੀਆਂ, ਭੌਰੇ ਅਤੇ ਮਧੂ ਮੱਖੀਆਂ ਆ ਕੇ ਰਸ ਚੂਸਦੀਆਂ ਕੁਦਰਤ ਦਾ ਅਤੇ ਫੁੱਲਾਂ ਦਾ ਸ਼ੁਕਰਾਨਾ ਕਰਦੀਆਂ ਹਨ। ਇਨ੍ਹਾਂ ਦਿਨਾਂ ਵਿੱਚ ਬੇਰੀਆਂ ਦੇ ਬੇਰ ਵੀ ਪੱਕਦੇ ਹਨ, ਜਿਸ ਦਾ ਸਵਾਦ ਮਨੁੱਖ ਤੋਂ ਬਿਨਾਂ ਤੋਤੇ ਅਤੇ ਹੋਰ ਤੋਤਿਆਂ ਵਰਗੇ ਲੰਬੀ ਚੁੰਝ ਵਾਲੇ ਸਬਜ਼ ਚਿੜੇ ਵੀ ਬਹੁਤ ਆਨੰਦ ਮਾਣਦੇ ਹਨ, ਪਰ ਛੋਟੀਆਂ ਚਿੜੀਆਂ ਆਪਣੇ ਵਿੱਤ ਮੁਤਾਬਕ ਇਸ ਨੂੰ ਖਾਂਦੀਆਂ ਹਨ। ਮਨੁੱਖ ਦਾ ਇਹ ਮਨ ਭਾਉਂਦਾ ਫਲ ਹੈ ਅਤੇ ਇਹ ਸਿਹਤ ਵਾਸਤੇ ਵਧੀਆ ਵੀ ਹੈ। ਸੇਬਾਂ ਉੱਤੇ ਪੈਸੇ ਲੱਗਦੇ ਹਨ ਜਦੋਂਕਿ ਇਸ ਕੁਦਰਤੀ ਨਿਆਮਤ ਦੀ ਕਮੀ ਨਹੀਂ ਹੈ ਕਿਉਂਕਿ ਰਾਹਾਂ ’ਤੇ ਉੱਗੇ ਆਪ ਮੁਹਾਰੇ ਲੱਗੇ ਰੁੱਖਾਂ ਉੱਤੇ ਬੇਰ ਲੱਗਦੇ ਹਨ ਤਾਂ ਇਸ ਉੱਤੇ ਸਭ ਦਾ ਹੀ ਅਧਿਕਾਰ ਹੁੰਦਾ ਹੈ ਸੋ ਕੋਈ ਵੀ ਇਸ ਨੂੰ ਤੋੜ ਕੇ ਖਾ ਸਕਦਾ ਹੈ। ਬੇਰ ਸਿਹਤ ਲਈ ਬਹੁਤ ਵਧੀਆ ਖੁਰਾਕ ਹਨ;
ਕੱਚਰ, ਬੇਰ ਸਵੇਰੇ ਖਾਈਏ
ਤਿਲ ਕੀ ਮੁੱਠੀ ਆਥਣ ਨੂੰ।
ਮਾਘ ਦੇ ਮਹੀਨੇ ਨੂੰ ਜੇਕਰ ਧਾਰਮਿਕ ਦ੍ਰਿਸ਼ਟੀ ਤੋਂ ਵਾਚਿਆ ਜਾਵੇ ਤਾਂ ਸਾਰੇ ਹੀ ਇਸ ਨੂੰ ਵਿਸ਼ੇਸ਼ ਮਹੀਨਾ ਮੰਨਦੇ ਹਨ। ਇਸ ਨੂੰ ਸਾਲ ਦਾ ਗਿਆਰ੍ਹਵਾਂ ਮਹੀਨਾ ਵੀ ਮੰਨਿਆ ਜਾਂਦਾ ਹੈ। ਲੋਹੜੀ ਤੋਂ ਅਗਲੇ ਦਿਨ ਜਦੋਂ ਸੰਗਰਾਂਦ ਯਾਨੀ ਇੱਕ ਮਾਘ ਹੁੰਦਾ ਹੈ ਤਾਂ ਲੋਕ ਆਪਣੀ ਸ਼ਰਧਾ ਅਨੁਸਾਰ ਵੱਖ-ਵੱਖ ਤੀਰਥ ਸਥਾਨਾਂ ’ਤੇ ਇਸ਼ਨਾਨ ਕਰਦੇ ਹਨ ਅਤੇ ਪੁੰਨ ਕਰਨਾ ਚੰਗਾ ਸਮਝਦੇ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ ਵੱਖ ਤੀਰਥ ਸਥਾਨ ਹਨ। ਪੰਜਾਬ ਵਿੱਚ ਇਸ ਦਾ ਵਿਸ਼ੇਸ਼ ਸਥਾਨ ਮੁਕਤਸਰ ਨੂੰ ਮੰਨਿਆ ਜਾਂਦਾ ਹੈ। ਇਸ ਦਿਨ ਮਾਘੀ ਦਾ ਮੇਲਾ ਲੱਗਦਾ ਹੈ ਅਤੇ ਲੋਕ ਦੂਰੋਂ ਦੂਰੋਂ ਆ ਕੇ ਇਸ ਥਾਂ ’ਤੇ ਇਸ਼ਨਾਨ ਕਰਨਾ ਚੰਗਾ ਸਮਝਦੇ ਹਨ। ਉਂਜ ਤਾਂ ਭਾਵੇਂ ਵਿਸਾਖੀ ਦਾ ਮੇਲਾ ਵੀ ਹੁੰਦਾ ਹੈ ਅਤੇ ਉਦੋਂ ਵੀ ਇਸ਼ਨਾਨ ਕੀਤਾ ਜਾਂਦਾ ਹੈ, ਪਰ ਮੁਕਤਸਰ ਦੇ ਮੇਲੇ ਨੂੰ ਲੋਕ ਗੀਤਾਂ ਵਿੱਚ ਇਸ ਤਰ੍ਹਾਂ ਵਿਚਾਰਿਆਂ ਜਾਂਦਾ ਹੈ;
ਫਿੱਡੇ ਤੋੜ ਵਿਸਾਖੀ
ਮੇਲਾ ਮੁਕਤਸਰ ਦਾ।
ਮਾਘ ਦੇ ਮਹੀਨੇ ਵਿੱਚ ਜਨਮ ਲੈਣ ਵਾਲੀ ਕੰਨਿਆਂ ਨੂੰ ਧਨਵੰਤੀ ਮੰਨਿਆ ਜਾਂਦਾ ਹੈ ਕਿਉਂਕਿ ਸਨਾਤਨੀ ਵਿਚਾਰ ਅਨੁਸਾਰ ਉਸ ਕੋਲ ਸਾਰੀ ਉਮਰ ਧਨ ਰਹਿੰਦਾ ਹੈ, ਪਰ ਇਸ ਦੇ ਉਲਟ ਮਾਘ ਦੇ ਮਹੀਨੇ ਵਿੱਚ ਸੂਣ ਵਾਲੀ ਮੱਝ ਨੂੰ ਬਹੁਤ ਹੀ ਮਾੜਾ ਸਮਝਿਆ ਜਾਂਦਾ ਹੈ।
ਸਨਾਤਨ ਧਰਮ ਨੂੰ ਮੰਨਣ ਵਾਲੇ ਜਾਂ ਦੂਜੇ ਧਰਮਾਂ ਨੂੰ ਮੰਨਣ ਵਾਲੇ ਲੋਕ ਇਸ ਮਹੀਨੇ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਘਰਾਂ ਵਿੱਚ ਲੜਕੀਆਂ ਨੂੰ ਦਾਨ ਦਿੰਦੇ ਹਨ ਅਤੇ ਪੂਜਾ ਸਥਾਨਾਂ ’ਤੇ ਵੀ ਆਪਣੀ ਆਪਣੀ ਸ਼ਰਧਾ ਮੁਤਾਬਕ ਪ੍ਰਸ਼ਾਦ ਚੜ੍ਹਾਉਂਦੇ ਹਨ। ਮਾਘ ਦੀ ਸੰਗਰਾਂਦ ਨੂੰ ਲੋਕ ਪੰਛੀਆਂ ਨੂੰ ਚੋਗਾ ਪਾਉਣਾ ਸ਼ੁਰੂ ਕਰਦੇ ਹਨ ਅਤੇ ਪੂਰਾ ਮਹੀਨਾ ਚੋਗਾ ਪਾਉਂਦੇ ਹਨ। ਉੱਧਰ ਕੀੜਿਆਂ ਦੇ ਭੌਣ ਉੱਤੇ ਤਿਲ ਚੌਲੀ ਵੀ ਪਾਈ ਜਾਂਦੀ ਹੈ। ਇਸ ਤਰ੍ਹਾਂ ਲੋਕ ਬਾਜਰੇ ਦੀ ਖਿਚੜੀ ਅਤੇ ਚੌਲਾਂ ਦੀਆਂ ਪਿੰਨੀਆਂ ਜਾਂ ਚਿੱਟੇ ਚੌਲ ਵੀ ਪੁੰਨ ਕਰਦੇ ਹਨ ਤਾਂ ਕਿ ਉਨ੍ਹਾਂ ਨੂੰ ਪੁੰਨ ਲੱਗੇ। ਇੱਥੋਂ ਹੀ ਇਹ ਲੋਕ ਬੋਲੀ ਪੈਦਾ ਹੋਈ;
ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ
ਰੱਬ ਨੇ ਬਣਾਈਆਂ ਜੋੜੀਆਂ।
ਮਾਘ ਦੇ ਪਿਛਲੇ ਪੱਖ ਧੁੱਪ ਨਾਲ ਰੁੱਖਾਂ ਨੂੰ ਤਾਂ ਫੁਟਾਰਾ ਪੈ ਹੀ ਜਾਂਦਾ ਹੈ, ਪਰ ਨਾਲ ਹੀ ਧਰਤੀ ’ਤੇ ਉੱਗੀਆਂ ਨਿੱਕੀਆਂ ਨਿੱਕੀਆਂ ਬੂਟੀਆਂ ਆਪ ਮੁਹਾਰੇ ਖਿੜੇ ਫੁੱਲਾਂ ਕਾਰਨ ਬਹੁਤ ਹੀ ਸੋਹਣੀਆਂ ਲੱਗਦੀਆਂ ਹਨ। ਕੁਦਰਤ ਦੀ ਅਨਮੋਲ ਦੇਣ ਧਰਤੀ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੀ ਹੈ। ਇਨ੍ਹਾਂ ਵੱਖ ਵੱਖ ਤਰ੍ਹਾਂ ਦੀਆਂ ਬੂਟੀਆਂ ਦਾ ਖੇੜਾ ਅਤੇ ਰੁੱਖਾਂ ਦੇ ਨਵੇਂ ਪੱਤਿਆਂ ਦੇ ਆਉਣ ਨਾਲ ਹੀ ਇਨ੍ਹਾਂ ਦਿਨਾਂ ਨੂੰ ਬਸੰਤ ਰੁੱਤ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਤਾਂ ਹੀ ਕਿਹਾ ਗਿਆ ਹੈ;
ਆਈ ਬਸੰਤ ਤੇ ਪਾਲਾ ਉਡੰਤ।
ਸੰਪਰਕ: 94178-40323

