DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨੱਚ-ਨੱਚ ਧੁੰਮਾਂ ਪਾਉਣ ਵਾਲਾ ਕਮਲ ਡਾਂਸਰ

ਕਹਿੰਦੇ ਨੇ ਕਿ ਜਨਮ ਤੋਂ ਹੀ ਹਰ ਮਨੁੱਖ ਅੰਦਰ ਕੋਈ ਨਾ ਕੋਈ ਵਿਸ਼ੇਸ਼ ਗੁਣ ਜਾਂ ਹੁਨਰ ਹੁੰਦਾ ਹੈ। ਜੇਕਰ ਉਸ ਨੂੰ ਸਹੀ ਸਮੇਂ ’ਤੇ ਯੋਗ ਅਗਵਾਈ ਮਿਲ ਜਾਵੇ ਤਾਂ ਉਸ ਦਾ ਹੁਨਰ ਉੱਭਰ ਕੇ ਬਾਹਰ ਆ ਜਾਂਦਾ ਹੈ। ਅਜਿਹਾ ਹੀ...

  • fb
  • twitter
  • whatsapp
  • whatsapp
Advertisement

ਕਹਿੰਦੇ ਨੇ ਕਿ ਜਨਮ ਤੋਂ ਹੀ ਹਰ ਮਨੁੱਖ ਅੰਦਰ ਕੋਈ ਨਾ ਕੋਈ ਵਿਸ਼ੇਸ਼ ਗੁਣ ਜਾਂ ਹੁਨਰ ਹੁੰਦਾ ਹੈ। ਜੇਕਰ ਉਸ ਨੂੰ ਸਹੀ ਸਮੇਂ ’ਤੇ ਯੋਗ ਅਗਵਾਈ ਮਿਲ ਜਾਵੇ ਤਾਂ ਉਸ ਦਾ ਹੁਨਰ ਉੱਭਰ ਕੇ ਬਾਹਰ ਆ ਜਾਂਦਾ ਹੈ। ਅਜਿਹਾ ਹੀ ਇੱਕ ਕਲਾਕਾਰ ਰਾਏਕੋਟ ਦੀ ਧਰਤੀ ’ਤੇ ਪੈਦਾ ਹੋਇਆ, ਜਿਸ ਨੂੰ ਆਪਣੇ ਜੀਵਨ ਵਿੱਚ ਚੰਗੀ ਪ੍ਰਸਿੱਧੀ ਮਿਲੀ। ਉਸ ਪ੍ਰਤਿਭਾਵਾਨ ਕਲਾਕਾਰ ਦਾ ਨਾਂ ਸੀ ਕਮਲ ਡਾਂਸਰ।

ਕਮਲ ਡਾਂਸਰ ਦਾ ਪੂਰਾ ਨਾਂ ਕੁਲਵੰਤ ਰਾਏ ਵਰਮਾ ਸੀ। ਉਸ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪ੍ਰਸਿੱਧ ਕਸਬੇ ਰਾਏਕੋਟ ਵਿਖੇ 14 ਅਪਰੈਲ 1938 ਨੂੰ ਪਿਤਾ ਤੁਲਸੀ ਰਾਮ ਵਰਮਾ ਅਤੇ ਮਾਤਾ ਹਰਨਾਮ ਕੌਰ ਦੇ ਘਰ ਹੋਇਆ। ਮਾਪਿਆਂ ਦੀਆਂ ਅੱਠ ਔਲਾਦਾਂ ਵਿੱਚੋਂ ਉਸ ਦਾ ਤੀਜਾ ਸਥਾਨ ਸੀ। ਪਰਿਵਾਰ ਦਾ ਜੱਦੀ ਪੁਸ਼ਤੀ ਕਿੱਤਾ ਸੁਨਿਆਰਾ ਕੰਮ ਸੀ। ਉਸ ਦਾ ਬਚਪਨ ਮੱਧ ਵਰਗੀ ਪਰਿਵਾਰਾਂ ਦੇ ਆਮ ਬੱਚਿਆਂ ਵਾਂਗ ਬੀਤਿਆ। ਘਰਦਿਆਂ ਨੇ ਕੇ.ਆਰ.ਐੱਸ.ਡੀ.ਬੀ. ਹਾਈ ਸਕੂਲ, ਰਾਏਕੋਟ ਵਿੱਚ ਦਾਖਲ ਕਰਵਾ ਦਿੱਤਾ। ਇੱਥੇ ਹੰਸ ਰਾਜ (ਸਾਜਨ ਰਾਏਕੋਟੀ) ਵੀ ਪੜ੍ਹਦਾ ਸੀ। ਦੋਹਾਂ ਦੇ ਸ਼ੌਕ ਇਕੋ ਜਿਹੇ ਹੋਣ ਕਾਰਨ ਕੁਝ ਸਮੇਂ ਵਿੱਚ ਹੀ ਦੋਹਾਂ ਵਿੱਚ ਦੋਸਤੀ ਹੋ ਗਈ। ਰਾਮ ਲੀਲਾ ਦੇ ਦਿਨਾਂ ਵਿੱਚ ਤਾਂ ਮੌਜਾਂ ਰਹਿੰਦੀਆਂ। ਰਾਤ ਨੂੰ ਘਰਦਿਆਂ ਨਾਲ ਰਾਮ ਲੀਲਾ ਦੇਖਣੀ ਤੇ ਦਿਨੇ ਚਾਰ ਪੰਜ ਸਾਥੀਆਂ ਨੇ ਇਕੱਠੇ ਹੋ ਕੇ ਪਾਕਿਸਤਾਨ ਚਲੇ ਗਏ ਮੁਸਲਮਾਨਾਂ ਦੇ ਸੁੰਨੇ ਪਏ ਘਰਾਂ ਵਿੱਚ ਲੁਕ ਲੁਕ ਕੇ ਨੱਚਣਾ ਅਤੇ ਗਾਉਣਾ। ਦਸ-ਗਿਆਰਾਂ ਸਾਲ ਦੀ ਉਮਰ ਵਿੱਚ ਰਾਮ ਲੀਲਾ ਦੀ ਸਟੇਜ ’ਤੇ ਜਾਣ ਦੇ ਮੌਕੇ ਮਿਲਣ ਲੱਗ ਪਏ। ਰਾਮ ਲੀਲਾ ਵਾਲੇ ਛੋਟੇ ਮੋਟੇ ਰੋਲ ਕਰਵਾਉਣ ਲੱਗ ਪਏ। ਹੌਸਲਾ ਵਧਦਾ ਗਿਆ। ਰਾਜ ਮੰਗ ਉੱਥੇ ਹਾਰਮੋਨੀਅਮ ਮਾਸਟਰ ਹੁੰਦਾ ਸੀ ਅਤੇ ਅਮਰ ਚੰਦ ਅਮਰੂ ਡਾਂਸਰ ਸੀ। ਅਮਰ ਚੰਦ ਕੁਲਵੰਤ ਦਾ ਚਾਚਾ ਸੀ। ਉਹ ਉਸ ਤੋਂ ਨਾਚ ਸਿੱਖਣ ਲੱਗ ਪਆ। ਨਚਾਰ ਹੋਣ ਕਾਰਨ ਸਟੇਜ ’ਤੇ ਉਸ ਨੂੰ ਇੱਕ ਜਨਾਨਾ ਨਾਂ ਚਾਹੀਦਾ ਸੀ, ਸੋ ਉਸ ਨੂੰ ਕਮਲ ਨਾਂ ਦਿੱਤਾ ਗਿਆ। ਦਸ-ਬਾਰਾਂ ਦਿਨ ਅੱਧੀ ਅੱਧੀ ਰਾਤ ਤੱਕ ਰਾਮ ਲੀਲਾ ਦੀ ਸਟੇਜ ’ਤੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦਾ। ਗੀਤਾਂ ’ਤੇ ਡਾਂਸ ਕਰਦਾ। ਔਰਤ ਪਾਤਰਾਂ ਦਾ ਰੋਲ ਕਰਦਾ। ਔਰਤ ਦੀ ਆਵਾਜ਼ ਵਿੱਚ ਗੀਤ ਗਾਉਂਦਾ। ਇਸ ਤਰ੍ਹਾਂ ਸੋਲ੍ਹਾਂ ਸਤਾਰਾਂ ਸਾਲ ਦੀ ਉਮਰ ਤੱਕ ਪਹੁੰਚਦਿਆਂ ਪਹੁੰਚਦਿਆਂ ਕਮਲ ਇੱਕ ਚੰਗਾ ਅਦਾਕਾਰ, ਗਾਇਕ ਅਤੇ ਡਾਂਸਰ ਬਣ ਗਿਆ ਅਤੇ ‘ਕਮਲ ਡਾਂਸਰ’ ਵਜੋਂ ਆਪਣੀ ਪਛਾਣ ਬਣਾ ਲਈ।

Advertisement

1954 ਵਿੱਚ ਦਸਵੀਂ ਪਾਸ ਕਰਨ ਤੋਂ ਬਾਅਦ ਸਾਜਨ ਰਾਏਕੋਟੀ ਘਰ ਬਾਰ ਛੱਡ ਕੇ ਲੁਧਿਆਣੇ ਆ ਗਿਆ ਸੀ। ਕੁਝ ਸਮੇਂ ਬਾਅਦ ਉਸ ਦੀ ਦੇਖਾ ਦੇਖੀ ਕਮਲ ਨੇ ਵੀ ਇਸੇ ਤਰ੍ਹਾਂ ਕੀਤਾ। ਲੁਧਿਆਣੇ ਆ ਕੇ ਕਈ ਪਾਪੜ ਵੇਲੇ, ਦੋ-ਤਿੰਨ ਸਾਲ ਖੂਬ ਸੰਘਰਸ਼ ਕੀਤਾ। ਇੱਥੇ ਦੋਵੇਂ ਜਣੇ ਰਾਮ ਜੀ ਦਾਸ ਦੀ ਡਰਾਮਾ ਪਾਰਟੀ ਵਿੱਚ ਸ਼ਾਮਲ ਹੋ ਗਏ। ਕੁਝ ਸਮਾਂ ਉਸ ਪਾਰਟੀ ਨਾਲ ਕੰਮ ਕੀਤਾ। ਫਿਰ ਕਮਲ ਨੇ ਸਾਜਨ ਨਾਲ ਮਿਲ ਕੇ ਆਪਣੀ ਪਾਰਟੀ ਬਣਾ ਲਈ। ਪਿੰਡਾਂ ਵਿੱਚ ਥਾਂ ਥਾਂ ਜਾ ਕੇ ਡਰਾਮੇ ਖੇਡੇ। ਰਾਮ ਲੀਲਾ ਦੀਆਂ ਸਟੇਜਾਂ ’ਤੇ ਪ੍ਰੋਗਰਾਮ ਕੀਤੇ। ਡਰਾਮਿਆਂ ਵਿੱਚ ਬਤੌਰ ਔਰਤ ਕਲਾਕਾਰ ਵੱਖ ਵੱਖ ਰੋਲ ਕੀਤੇ। ਡਾਂਸ ਕੀਤਾ, ਦੋਗਾਣਿਆਂ ਵਿੱਚ ਸਾਜਨ ਨਾਲ ਬਤੌਰ ਗਾਇਕਾ ਸਾਥ ਦਿੱਤਾ। ਇਸ ਤਰ੍ਹਾਂ ਕਮਲ ਅਤੇ ਸਾਜਨ ਦੀ ਜੋੜੀ ਮਸ਼ਹੂਰ ਹੋ ਗਈ। ਅਖ਼ੀਰ ਫਰਵਰੀ 1957 ਵਿੱਚ ਦੋਵਾਂ ਨੇ ਮਲਹੋਤਰਾ ਮਾਰਕੀਟ, ਚੌੜਾ ਬਾਜ਼ਾਰ ਲੁਧਿਆਣਾ ਵਿੱਚ 15 ਰੁਪਏ ਮਹੀਨਾ ਕਿਰਾਏ ’ਤੇ ਚੁਬਾਰਾ ਲੈ ਕੇ ਦਫ਼ਤਰ ਬਣਾ ਲਿਆ। ਫੱਟਾ ਲਾ ਦਿੱਤਾ ਕਮਲ ਡਾਂਸਿੰਗ ਕਲੱਬ। ਦਿਨਾਂ ਵਿੱਚ ਹੀ ਚਾਰੇ ਪਾਸੇ ਪਾਰਟੀ ਦੀਆਂ ਧੁੰਮਾਂ ਪੈ ਗਈਆਂ। ਪ੍ਰੋਗਰਾਮਾਂ ਦਾ ਹੜ੍ਹ ਆ ਗਿਆ। ਬਤੌਰ ਨਚਾਰ ਕਮਲ ਦੂਰ ਦੂਰ ਤੱਕ ਮਸ਼ਹੂਰ ਹੋ ਗਿਆ। ਦੋਗਾਣਿਆਂ ਵਿੱਚ ਔਰਤ ਕਲਾਕਾਰ ਵਜੋਂ ਸਾਜਨ ਰਾਏਕੋਟੀ ਦਾ ਸਾਥ ਕਮਲ ਹੀ ਦਿੰਦਾ ਸੀ। ਪਾਰਟੀ ਲਈ ਰਾਮ ਲੀਲਾ ਦੇ ਦਿਨ ਵਿਆਹ ਵਰਗੇ ਹੁੰਦੇ ਸਨ। ਲੁਧਿਆਣੇ ਸ਼ਹਿਰ ਵਿੱਚ ਭਾਵੇਂ ਦਰਜਨਾਂ ਥਾਵਾਂ ’ਤੇ ਰਾਮ ਲੀਲਾ ਹੁੰਦੀ ਸੀ, ਪਰ ਰੇਲਵੇ ਸਟੇਸ਼ਨ ਪਿਛੇ ਰੱਖ ਬਾਗ਼ ਦੇ ਨੇੜਲੀ ਰਾਮ ਲੀਲਾ ਵਿੱਚ ਇਸ ਕਰਕੇ ਇਕੱਠ ਵੱਧ ਹੁੰਦਾ ਸੀ, ਕਿਉਂਕਿ ਉੱਥੇ ਕਮਲ ਡਾਂਸਰ ਅਤੇ ਸਾਜਨ ਦੀ ਪਾਰਟੀ ਦਾ ਪ੍ਰੋਗਰਾਮ ਹੁੰਦਾ ਸੀ। ਲੋਕ ਇਨ੍ਹਾਂ ਦੇ ਦੋਗਾਣੇ ਫਰਮਾਇਸ਼ਾਂ ਕਰਕੇ ਵਾਰ ਵਾਰ ਸੁਣਦੇ ਸਨ।

Advertisement

ਪੂਰੇ ਦੋ ਦਹਾਕੇ ਇਸ ਪਾਰਟੀ ਨੇ ਪਹਿਲਾਂ ਪੂਰੇ ਪੰਜਾਬ ਵਿੱਚ ਅਤੇ 1966 ਤੋਂ ਬਾਅਦ ਹਿਮਾਚਲ ਅਤੇ ਹਰਿਆਣਾ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਗਾਤਾਰ ਪ੍ਰੋਗਰਾਮ ਕੀਤੇ। ਅਕਤੂਬਰ ਤੋਂ ਲੈ ਕੇ ਅਪਰੈਲ ਮਹੀਨੇ ਤੱਕ ਪ੍ਰੋਗਰਾਮਾਂ ਦੀ ਲੜੀ ਚੱਲਦੀ ਰਹਿੰਦੀ। ਰਾਮ ਲੀਲਾ ਵਾਲੀਆਂ ਕਲੱਬਾਂ ਅਗੇਤੀਆਂ ਹੀ ਪਾਰਟੀ ਨੂੰ ਬੁੱਕ ਕਰ ਲੈਂਦੀਆਂ। ਇਸ ਪਾਰਟੀ ਵਿੱਚ ਸਮੇਂ ਸਮੇਂ ’ਤੇ ਹੋਰ ਕਲਾਕਾਰ ਵੀ ਸ਼ਾਮਲ ਹੁੰਦੇ ਅਤੇ ਨਿੱਖੜਦੇ ਰਹੇ। ਪ੍ਰੋਗਰਾਮ ਦੇ ਅਨੁਸਾਰ ਇਹ ਦੂਸਰੇ ਕਲਾਕਾਰਾਂ ਨੂੰ ਲੈ ਜਾਂਦੇ ਸਨ। ਇਨ੍ਹਾਂ ਕਲਾਕਾਰਾਂ ਵਿੱਚ ਲੇਡੀ ਕਲਾਕਾਰ ਵੀ ਸ਼ਾਮਲ ਸਨ ਜਿਵੇਂ ਸੁਰਿੰਦਰ ਮੋਹਣੀ, ਰਜਨੀ ਲਾਲੀ, ਉਸ ਦੀ ਧੀ ਆਸ਼ਾ ਉਰਫ ਆਸ਼ੂ। ਇਨ੍ਹਾਂ ਤੋਂ ਇਲਾਵਾ ਰਮੇਸ਼ ਯਾਦਵ ਰੌਕੀ, ਰਾਜ ਕੁਮਾਰ ਉਰਫ਼ ਰਾਜੂ, ਗੋਰਾ ਉਰਫ਼ ਸੀਮਾ ਨਚਾਰ ਪਾਇਲ ਵਾਲਾ ਆਦਿ ਵੀ ਸਾਥ ਦਿੰਦੇ ਸਨ। ਡਰਾਮਿਆਂ, ਅਖਾੜਿਆਂ ਅਤੇ ਰਾਮ ਲੀਲਾ ਦੀਆਂ ਸਟੇਜਾਂ ਦੇ ਪ੍ਰੋਗਰਾਮਾਂ ਦੇ ਨਾਲ ਨਾਲ ਕਮਲ ਅਤੇ ਸਾਜਨ ਨੇ ਕੁਝ ਦੋਗਾਣਿਆਂ ਦੀ ਰਿਕਾਰਡਿੰਗ ਵੀ ਕਰਵਾਈ। ਸੰਸਾਰ ਪ੍ਰਸਿੱਧ ਰਿਕਾਰਡਿੰਗ ਕੰਪਨੀ ਐੱਚ.ਐੱਮ.ਵੀ. ਦੀ ਸਹਾਇਕ ਕੰਪਨੀ ਕੋਲੰਬੀਆ ਵਿੱਚ ਇਨ੍ਹਾਂ ਦੇ ਦੋ ਤਵੇ ਰਿਲੀਜ਼ ਹੋਏ। ਇਹ 1964 ਦੀ ਗੱਲ ਹੈ। ਇਨ੍ਹਾਂ ਵਿੱਚ ਕਮਲ ਡਾਂਸਰ ਨੇ ਔਰਤ ਗਾਇਕਾ ਦੀ ਆਵਾਜ਼ ਦਿੱਤੀ ਹੋਈ ਹੈ। ਇਨ੍ਹਾਂ ਰਿਕਾਰਡਾਂ ਦੇ ਮੁੱਖੜੇ ਹਨ;

ਇੱਕ ਜੁਗਨੀ ਸਿਆਲਾਂ ਵਾਲੀ ਸੀ,

ਜਿਹੜੀ ਧੀਦੋ ਦੀ ਮਤਵਾਲੀ ਸੀ।

ਉਹਨੇ ਝੂਠ ਦਾ ਸੱਪ ਲੜਾਇਆ ਸੀ

ਰਾਂਝੇ ਲਈ ਜਾਨ ਗਵਾਲੀ ਸੀ।

ਉਹਨੇ ਰਾਂਝੇ ਦਾ ਦਿਲ ਟੋਹਿਆ ਸੀ

ਬਈ ਰਾਂਝਾ ਉਸਦਾ ਹੋਇਆ ਸੀ।

ਅੱਜ ਕੱਲ੍ਹ ਦੀ ਜੁਗਨੀ ਕਹਿੰਦੀ ਏ

ਜਿਹੜੀ ਵਿੱਚ ਹੋਟਲਾਂ ਰਹਿੰਦੀ ਏ।

ਬਈ ਸੱਪ ਤੇ ਰਹਿ ਗਏ ਇੱਕ ਪਾਸੇ

ਅੱਜ ਪਿਆਰ ਦੀ ਗੱਲ ਨਾ ਸਹਿੰਦੀ ਏ।

ਬਈ ਯਾਰ ਦੀ ਜੇਬ ਨੂੰ ਟੋਂਹਦੀ ਏ

ਕੱਢ ਬਟੂਆ ਤੇ ਲਾਂਭੇ ਹੋਂਦੀ ਏ।

***

ਬੱਲੇ ਬੱਲੇ ਨੀ ਡੰਡੀ ਡੰਡੀ ਜਾਣ ਵਾਲੀਏ।

ਕੋਲੋਂ ਲੰਘ ਗਈ ਮੁਟਿਆਰੇ, ਸਾਨੂੰ ਲਾ ਕੇ ਝੂਠੇ ਲਾਰੇ।

1957 ਵਿੱਚ ਬਣੀ ਪਾਰਟੀ 1977 ਵਿੱਚ ਜਾ ਕੇ ਆਪਸ ਵਿੱਚ ਕੁਝ ਨਿੱਕੀਆਂ ਮੋਟੀਆਂ ਰੁਸਵਾਈਆਂ ਕਾਰਨ ਟੁੱਟ ਗਈ। ਸਾਜਨ ਦੂਜੀਆਂ ਪਾਰਟੀਆਂ ਨਾਲ ਜਾਣ ਲੱਗ ਪਿਆ। ਕਮਲ ਦੀ ਪਾਰਟੀ ਉਸੇ ਤਰ੍ਹਾਂ ਚੱਲਦੀ ਰਹੀ। ਉਸ ਦੇ ਕੁਝ ਸ਼ਾਗਿਰਦ ਅਤੇ ਹੋਰ ਕਲਾਕਾਰ ਉਸ ਦਾ ਸਾਥ ਦਿੰਦੇ ਰਹੇ। ਪਿਛਲੀ ਸਦੀ ਦੇ ਨੌਵੇਂ ਦਹਾਕੇ ਵਿੱਚ ਜਾ ਕੇ ਪੰਜਾਬ ਦੇ ਹਾਲਾਤ ਬਦਲ ਗਏ ਜਿਸ ਕਾਰਨ ਬਹੁਤੇ ਕਲਾਕਾਰ ਕੰਮ ਕਾਰ ਛੱਡ ਕੇ ਘਰ ਬੈਠ ਗਏ। ਇਸੇ ਕਾਰਨ ਕਮਲ ਦੀਆਂ ਗਤੀਵਿਧੀਆਂ ਵੀ ਘਟ ਗਈਆਂ।

1976 ਵਿੱਚ ਕਮਲ ਦਾ ਵਿਆਹ ਹੋਇਆ। ਪਿੰਡ ਝੱਮਟ ਨਿਵਾਸੀ ਮਾਧੋ ਰਾਮ ਅਤੇ ਪਰਮੇਸ਼ਰੀ ਦੇਵੀ ਦੀ ਧੀ ਦਰਸ਼ਨਾ ਰਾਣੀ ਉਸ ਦੀ ਜੀਵਨ ਸਾਥਣ ਬਣੀ। ਇਸ ਜੋੜੇ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ। ਦੋਹਾਂ ਵਿੱਚੋਂ ਕੋਈ ਵੀ ਆਪਣੇ ਪਿਉ ਵਾਲੀ ਲਾਈਨ ’ਤੇ ਨਹੀਂ ਚੱਲਿਆ। ਵੱਡਾ ਰਾਕੇਸ਼ ਵਰਮਾ ਲੁਧਿਆਣੇ ਕਿਸੇ ਫੈਕਟਰੀ ਵਿੱਚ ਕੰਮ ਕਰ ਰਿਹਾ ਹੈ। ਛੋਟਾ ਜਸਪਾਲ ਵਰਮਾ ਘਰ ਵਿੱਚ ਹੀ ਬੁਟੀਕ ਦਾ ਕੰਮ ਕਰ ਰਿਹਾ ਹੈ। ਛੇ ਫਰਵਰੀ 1994 ਨੂੰ ਕਮਲ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ। ਦਰਸ਼ਨਾ ਰਾਣੀ ਆਪਣੇ ਪੁੱਤਰਾਂ ਨਾਲ ਵਿਸ਼ਵਕਰਮਾ ਕਲੋਨੀ, ਪ੍ਰਤਾਪ ਚੌਕ, ਲੁਧਿਆਣਾ ਵਿਖੇ ਵਧੀਆ ਸਮਾਂ ਗੁਜ਼ਾਰ ਰਹੀ ਹੈ।

ਸੰਪਰਕ: 84271-00341

Advertisement
×