ਮਹੀਨਿਆਂ ਦਾ ਰਾਜਾ ਸਾਉਣ
ਸਾਉਣ ਸਾਲ ਦੇ ਸਾਰੇ ਮਹੀਨਿਆਂ ਵਿੱਚੋਂ ਸਭ ਤੋਂ ਵੱਧ ਪਿਆਰਾ ਹੈ। ਇਸ ਨੂੰ ਮਹੀਨਿਆਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਜੇਠ-ਹਾੜ੍ਹ ਦੀਆਂ ਧੁੱਪਾਂ ਅਤੇ ਲੋਅ ਪਸ਼ੂਆਂ-ਪੰਛੀਆਂ, ਜੀਵ-ਜੰਤੂਆਂ ਅਤੇ ਮਨੁੱਖ ਆਦਿ ਸਭ ਨੂੰ ਹੌਂਕਣ ਲਾ ਦਿੰਦੀਆਂ ਹਨ। ਭਾਵੇਂ ਯੁੱਗ ਬਦਲ ਗਿਆ...
ਸਾਉਣ ਸਾਲ ਦੇ ਸਾਰੇ ਮਹੀਨਿਆਂ ਵਿੱਚੋਂ ਸਭ ਤੋਂ ਵੱਧ ਪਿਆਰਾ ਹੈ। ਇਸ ਨੂੰ ਮਹੀਨਿਆਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਜੇਠ-ਹਾੜ੍ਹ ਦੀਆਂ ਧੁੱਪਾਂ ਅਤੇ ਲੋਅ ਪਸ਼ੂਆਂ-ਪੰਛੀਆਂ, ਜੀਵ-ਜੰਤੂਆਂ ਅਤੇ ਮਨੁੱਖ ਆਦਿ ਸਭ ਨੂੰ ਹੌਂਕਣ ਲਾ ਦਿੰਦੀਆਂ ਹਨ। ਭਾਵੇਂ ਯੁੱਗ ਬਦਲ ਗਿਆ ਹੈ ਅਤੇ ਐਸ਼ੋ ਆਰਾਮ ਦੇ ਸਾਧਨ ਹਰ ਕਿਸੇ ਕੋਲ ਹਨ, ਕਿਸੇ ਕੋਲ ਵੱਧ ਤੇ ਕਿਸੇ ਕੋਲੇ ਘੱਟ, ਕੋਈ ਵੀ ਇਨ੍ਹਾਂ ਤੋਂ ਵਾਂਝਾ ਨਹੀਂ ਹੈ। ਝੁੱਗੀਆਂ ਝੌਂਪੜੀਆਂ ਵਾਲੇ ਲੋਕਾਂ ਕੋਲ ਪੱਖੇ, ਟੀਵੀ, ਫਰਿਜ ਹਨ, ਸਿਰਫ਼ ਘਰ ਹੀ ਨਹੀਂ ਜਾਂ ਹੋਰ ਸਾਧਨ ਭਾਵੇਂ ਨਾ ਵੀ ਹੋਣ ਪੱਖਾ ਤਾਂ ਹਰ ਇੱਕ ਪਰਿਵਾਰ ਕੋਲ ਹੈ। ਉਹ ਵੀ ਵੇਲਾ ਸੀ ਜਦੋਂ ਲੋਕ ਹੱਥ ਡੰਡੀ ਵਾਲੀਆਂ ਪੱਖੀਆਂ ਅਤੇ ਖਜ਼ੂਰ ਦੇ ਪੱਖਿਆਂ ਦੀ ਵਰਤੋਂ ਕਰਦੇ ਸਨ।
ਕਿਹਾ ਜਾਂਦਾ ਹੈ ਕਿ ਹਾੜ੍ਹ ਗੁਫ਼ਾ ਤੇ ਸਾਉਣ ਸੁਫਾ। ਇਸ ਦਾ ਮਤਲਬ ਹੈ ਕਿ ਹਾੜ੍ਹ ਮਹੀਨੇ ਵਿੱਚ ਅੰਦਰ ਬੈਠਣਾ ਚਾਹੀਦਾ ਹੈ ਤਾਂ ਕਿ ਗਰਮੀ ਲੱਗਣ ਤੋਂ ਬਚਾਅ ਹੋ ਸਕੇ। ਸਾਉਣ ਮਹੀਨੇ ਵਿੱਚ ਭਾਵੇਂ ਗਰਮੀ ਪੈਂਦੀ ਹੈ, ਪਰ ਮੀਂਹ ਪੈਣ ਨਾਲ ਧਰਤੀ ਠੰਢੀ ਹੋ ਜਾਂਦੀ ਹੈ ਅਤੇ ਆਲਾ ਦੁਆਲਾ ਠੰਢਾ ਹੁੰਦਾ ਹੈ। ਉਸ ਸਮੇਂ ਕਮਰਿਆਂ ਅੰਦਰ ਹੁੰਮਸ ਜਾਂ ਭੜਦਾਅ ਮਾਰਨ ਲੱਗਦੀ ਹੈ, ਇਸ ਲਈ ਸਾਉਣ ਦੇ ਮਹੀਨੇ ਵਿੱਚ ਰੁੱਖਾਂ ਦੀ ਛਾਂ ਹੇਠ ਬੈਠਣਾ ਚਾਹੀਦਾ ਹੈ। ਜੇਠ-ਹਾੜ੍ਹ ਦੀ ਗਰਮੀ ਤੋਂ ਦੁਖੀ ਹੋਏ ਲੋਕ ਸਾਉਣ ਦੇ ਮਹੀਨੇ ਨੂੰ ਉਡੀਕਦੇ ਹਨ। ਕਈ ਵਾਰ ਜਦੋਂ ਅੱਤ ਦੀ ਗਰਮੀ ਪੈਂਦੀ ਹੈ ਤੇ ਹਵਾ ਵੀ ਨਹੀਂ ਚੱਲਦੀ ਤਾਂ ਲੋਕ ਇੰਜ ਕਹਿੰਦੇ ਹਨ ਕਿ ਕੋਈ ਪਾਪੀ ਪੁਰਸ਼ ਪਹਿਰੇ ’ਤੇ ਬੈਠਾ ਹੈ। ਵਹਿਮਾਂ ਭਰਮਾਂ ਵਿੱਚ ਵਿਸ਼ਵਾਸ ਰੱਖਣ ਵਾਲੇ ਤਾਂ ਹਵਾ ਚਲਾਉਣ ਲਈ ਵੀ ਪੁਰੇ ਗਿਣਨੇ ਸ਼ੁਰੂ ਕਰ ਦਿੰਦੇ ਹਨ ਤਾਂ ਕਿ ਪੁਰੇ ਦੀ ਹਵਾ ਚੱਲ ਪਵੇ, ਸੱਤ ਪੁਰਿਆਂ ਦੇ ਨਾਂ ਲਏ ਜਾਂਦੇ ਹਨ, ਇਹ ਨਾਂ ਪਿੰਡਾਂ ਜਾਂ ਸ਼ਹਿਰਾਂ ਦੇ ਹੁੰਦੇ ਹਨ। ਹਰ ਪੁਰੇ ਦੇ ਨਾਂ ਲੈਣ ਤੋਂ ਬਾਅਦ ਵਗੇ ਪੁਰਾ ਭਾਵ ਚੱਲੇ ਪੁਰਾ ਕਿਹਾ ਜਾਂਦਾ ਹੈ ਉਦਾਹਰਨ ਦੇ ਤੌਰ ’ਤੇ ਦੇਖੋ।
ਰਾਮਪੁਰਾ...ਵਗੇ ਪੁਰਾ
ਰਾਜਪੁਰਾ...ਵਗੇ ਪੂਰਾ
ਧਰਮਪੁਰਾ...ਵਗੇ ਪੁਰਾ
ਸਲਾਵਤਪੁਰਾ...ਵਗੇ ਪੁਰਾ
ਚਾਂਦਪੁਰਾ...ਵਗੇ ਪੁਰਾ
ਸ਼ੇਖੂਪੁਰਾ...ਵਗੇ ਪੁਰਾ
ਭਗਵਾਨਪੁਰਾ...ਵਗੇ ਪੁਰਾ
ਪੁਰੇ ਦੀ ਹਵਾ ਦੀ ਮੰਗ ਇਸ ਲਈ ਕੀਤੀ ਜਾਂਦੀ ਹੈ ਕਿਉਂਕਿ ਪੁਰੇ ਦੀ ਹਵਾ ਚੱਲਣ ਨਾਲ ਮੀਂਹ ਆਉਂਦਾ ਹੈ। ਜਿਸ ਤਰ੍ਹਾਂ ਪਰਜਾ ਦੀ ਟੇਕ ਆਪਣੇ ਰਾਜੇ ’ਤੇ ਹੁੰਦੀ ਹੈ ਕਿ ਉਹ ਉਨ੍ਹਾਂ ਦਾ ਖ਼ਿਆਲ ਰੱਖੇਗਾ ਅਤੇ ਉਨ੍ਹਾਂ ਨੂੰ ਸੁਖੀ ਰੱਖੇਗਾ। ਉਸੇ ਤਰ੍ਹਾਂ ਹੀ ਜੀਵ-ਜੰਤੂਆਂ, ਪਸ਼ੂ-ਪੰਛੀਆਂ ਅਤੇ ਮਨੁੱਖਾਂ ਦੀ ਟੇਕ ਵੀ ਸਾਉਣ ਦੇ ਮਹੀਨੇ ’ਤੇ ਹੁੰਦੀ ਹੈ। ਧਰਤੀ ਜਿਸ ਨੂੰ ਅਸੀਂ ਮਾਤਾ ਕਹਿੰਦੇ ਹਾਂ, ਉਹ ਵੀ ਜੇਠ-ਹਾੜ੍ਹ ਦੀਆਂ ਧੁੱਪਾਂ ਵਿੱਚ ਤਪ ਜਾਂਦੀ ਹੈ। ਕੁਦਰਤੀ ਤੌਰ ’ਤੇ ਕੱਖ, ਕੰਡੇ, ਬੂਟੇ ਅਤੇ ਘਾਹ ਸੁੱਕ ਜਾਂਦੇ ਹਨ। ਘਰਾਂ ਦੀਆਂ ਕੰਧਾਂ ਵੀ ਤਪਣ ਲੱਗ ਜਾਂਦੀਆਂ ਹਨ। ਪਿਆਸੇ ਪਸ਼ੂ ਤੇ ਪੰਛੀ ਮੀਂਹ ਨੂੰ ਉਡੀਕਦੇ ਹਨ। ਪਪੀਹਾ ਪੀਆ ਪੀਆ ਕਰਨ ਦੀ ਰੱਟ ਲਾਉਂਦਾ ਹੈ ਕਿਉਂਕਿ ਉਸ ਦੀ ਪਿਆਸ ਤਾਂ ਸਾਉਣ ਮਹੀਨੇ ਵਿੱਚ ਹੀ ਬੁਝਦੀ ਹੈ। ਅੱਤ ਦੀ ਗਰਮੀ ਤੋਂ ਤੰਗ ਆ ਕੇ ਚਿੜੀਆਂ ਮਿੱਟੀ ਵਿੱਚ ਨਹਾਉਣ ਲੱਗ ਜਾਂਦੀਆਂ ਹਨ।
ਕਈ ਵਾਰ ਮੀਂਹ ਦੀ ਉਡੀਕ ਲੰਮੀ ਹੋ ਜਾਂਦੀ ਹੈ ਤੇ ਸਾਉਣ ਚੜ੍ਹਨ ਤੱਕ ਵੀ ਮੀਂਹ ਨਹੀਂ ਪੈਂਦਾ। ਵਹਿਮਾਂ ਭਰਮਾਂ ਦੇ ਅਨੁਸਾਰ ਮੀਂਹ ਪਵਾਉਣ ਲਈ ਗੁੱਡੀ ਫੂਕਣ ਦੀ ਰੀਤ ਵੀ ਨਿਭਾਈ ਜਾਂਦੀ ਹੈ। ਇਸ ਰੀਤ ਦਾ ਦਿਖਾਵਾ ਇਸ ਲਈ ਕੀਤਾ ਜਾਂਦਾ ਹੈ ਕਿ ਗੁੱਡੀ ਵੀ ਪਾਣੀ ਦੀ ਪਿਆਸੀ ਮਰ ਗਈ ਹੈ ਹੇ ਪਰਮਾਤਮਾ ਹੁਣ ਤੂੰ ਰਹਿਮ ਕਰ...। ਕੁਦਰਤ ਤੇ ਕਾਦਰ ਨੂੰ ਮਿਹਰ ਕਰਨ ਲਈ ਗੁੱਡੀ ਨੂੰ ਫੂਕਣਾ ਅਤੇ ਉਸ ਦਾ ਸਿਆਪਾ ਕਰਨਾ ਪੈਂਦਾ ਹੈ। ਜਦੋਂ ਗੁੱਡੀ ਫੂਕਣ ਦੀ ਤਿਆਰੀ ਕੀਤੀ ਜਾਂਦੀ ਹੈ ਤਾਂ ਹਰ ਘਰ ਆਟਾ, ਗੁੜ, ਖੰਡ, ਘਿਓ, ਕਣਕ ਜੋ ਵੀ ਕਿਸੇ ਦੀ ਸ਼ਰਧਾ ਹੋਵੇ ਦੇ ਦਿੰਦਾ ਹੈ। ਕਿਸੇ ਕੋਲੋਂ ਕੋਈ ਵੀ ਚੀਜ਼ ਜ਼ਬਰੀ ਨਹੀਂ ਲਈ ਜਾਂਦੀ। ਸਾਰਿਆਂ ਦੀ ਸਲਾਹ ਨਾਲ ਹੀ ਮਿੱਠਾ ਪਕਵਾਨ ਤਿਆਰ ਕੀਤਾ ਜਾਂਦਾ ਹੈ। ਭਾਵੇਂ ਮਿੱਠੀਆਂ ਰੋਟੀਆਂ ਹੋਣ ਜਾਂ ਫਿਰ ਕਣਕ ਦੀਆਂ ਮਿੱਠੀਆਂ ਬੱਕਲੀਆਂ। ਕਈ ਵਾਰ ਕੜਾਹ ਵੀ ਕੀਤਾ ਜਾਂਦਾ ਹੈ ਜਾਂ ਮਿੱਠੇ ਚੌਲ ਵੀ ਬਣਾਏ ਜਾਂਦੇ ਹਨ।
ਗੁੱਡੀ ਫੂਕਣ ਤੋਂ ਪਹਿਲਾਂ ਕੋਈ ਸੁੱਘੜ ਔਰਤ ਗੁੱਡੀ ਨੂੰ ਬਣਾਉਂਦੀ ਹੈ। ਇਹ ਗੁੱਡੀ ਕੱਪੜੇ ਦੀ ਬਣਾਈ ਜਾਂਦੀ ਹੈ। ਇਸ ਦੇ ਵਧੀਆ ਕੱਪੜੇ ਜਿਵੇਂ ਘੱਗਰਾ ਚੋਲੀ ਪਾਇਆ ਜਾਂਦਾ ਹੈ ਅਤੇ ਸੱਗੀ ਫੁੱਲਾਂ ਨਾਲ ਸਿਰ ਗੁੰਦਿਆ ਜਾਂਦਾ ਹੈ। ਉਸ ਦੇ ਹੋਰ ਗਹਿਣੇ ਵੀ ਪਾਏ ਜਾਂਦੇ ਹਨ ਜਿਵੇਂ ਟਿੱਕਾ, ਝੁਮਕੇ, ਚੂੜੀਆਂ ਅਤੇ ਝਾਂਜਰਾਂ ਪਾ ਕੇ ਗੁੱਡੀ ਦਾ ਪੂਰੀ ਤਰ੍ਹਾਂ ਸ਼ਿੰਗਾਰ ਕੀਤਾ ਜਾਂਦਾ ਹੈ। ਫਿਰ ਗੁੱਡੀ ਨੂੰ ਕੱਲਰ ਜਾਣੀ ਖਾਲੀ ਵਿਹਲੀ ਥਾਂ ’ਤੇ ਲਿਜਾ ਕੇ ਰੱਖਿਆ ਜਾਂਦਾ ਹੈ। ਇਹ ਥਾਂ ਨਹਿਰ ਜਾਂ ਖਾਲ ਦੇ ਕੰਢੇ ਤੇ ਕਈ ਵਾਰੀ ਟੋਭੇ ਉੱਤੇ ਵੀ ਹੁੰਦੀ ਹੈ। ਜਦੋਂ ਗੁੱਡੀ ਨੂੰ ਫੂਕਣ ਵਾਸਤੇ ਲਿਜਾਇਆ ਜਾਂਦਾ ਹੈ ਤਾਂ ਉਸ ਨੂੰ ਮੁੰਡੇ ਚੱਕ ਕੇ ਲੈ ਕੇ ਜਾਂਦੇ ਹਨ ਅਤੇ ਔਰਤਾਂ ਪਿੱਛੇ ਗੁੱਡੀ ਦੇ ਮਰਨ ’ਤੇ ਕੀਰਨੇ ਪਾਉਂਦੀਆਂ ਹਨ। ਮਨੁੱਖੀ ਸਸਕਾਰ ਵਾਂਗ ਉਸ ਦਾ ਸਸਕਾਰ ਕੀਤਾ ਜਾਂਦਾ ਹੈ। ਔਰਤਾਂ ਵੱਲੋਂ ਕੀਰਨੇ ਇੰਜ ਪਾਏ ਜਾਂਦੇ ਹਨ;
ਜੇ ਗੁੱਡੀਏ ਤੈਂ ਮਰਨਾ ਸੀ
ਦਲੀਆ ਕਾਸ ਤੋਂ ਧਰਨਾ ਸੀ।
ਜੇ ਗੁੱਡੀਏ ਤੈਂ ਮਰਨਾ ਸੀ
ਛੱਜ ਸਿਰਹਾਣੇ ਧਰਨਾ ਸੀ।
ਹਾਏ ਗੁੱਡੀਏ! ਬੂਅ ਗੁੱਡੀਏ
ਛਿੜਕਾ ਛੰਭਾ ਕਰ ਗੁੱਡੀਏ।
ਗੁੱਡੀ ਫੂਕਣ ਤੋਂ ਬਾਅਦ ਸਭ ਨੂੰ ਮਿੱਠਾ ਪਕਵਾਨ ਵੰਡਿਆ ਜਾਂਦਾ ਹੈ। ਫਿਰ ਔਰਤਾਂ ਤੇ ਕੁੜੀਆਂ ਗਿੱਧਾ ਪਾਉਂਦੀਆਂ ਹਨ। ਬੱਚੇ ਇੱਕ-ਦੂਜੇ ਨਾਲ ਬਾਂਹ ਫੜ ਕੇ ਨੱਚਦੇ ਹਨ। ਇਸ ਤਰ੍ਹਾਂ ਇੱਕ ਖੁਸ਼ੀ ਵਾਲਾ ਮਾਹੌਲ ਬਣ ਜਾਂਦਾ ਹੈ। ਬੱਚੇ ਮੀਂਹ ਮੰਗਣ ਲਈ ਰੱਬ ਨੂੰ ਕਹਿੰਦੇ ਹਨ;
ਰੱਬਾ ਰੱਬਾ ਮੀਂਹ ਬਰਸਾ
ਸਾਡੀ ਕੋਠੀ ਦਾਣੇ ਪਾ।
ਕਾਲੀਆਂ ਇੱਟਾਂ ਕਾਲੇ ਰੋੜ
ਮੀਂਹ ਬਰਸਾ ਦੇ ਜ਼ੋਰੋ ਜ਼ੋਰ।
ਉੱਧਰ ਔਰਤਾਂ ਮੀਂਹ ਮੰਗਣ ਲਈ ਪਹਿਲਾਂ ਇਹੀ ਬੋਲੀ ਪਾਉਂਦੀਆਂ ਹਨ;
ਵੀਰ ਸੁੱਕੀਆਂ ਜ਼ਮੀਨਾਂ ਵਾਹੁੰਦੇ
ਰੱਬਾ ਤੈਨੂੰ ਤਰਸ ਨਹੀਂ।
ਮੀਂਹ ਨਾ ਪੈਣ ਕਰਕੇ ਧਰਤੀ ਬਹੁਤ ਖੁਸ਼ਕ ਹੋ ਜਾਂਦੀ ਹੈ ਤੇ ਧਰਤੀ ਨੂੰ ਮੀਂਹ ਦੀ ਬਹੁਤ ਲੋੜ ਹੁੰਦੀ ਹੈ ਕਿਉਂਕਿ ਪਾਣੀ ਹਰ ਪ੍ਰਾਣੀ ਦੇ ਜੀਵਨ ਨਾਲ ਜੁੜਿਆ ਹੈ। ਮਨੁੱਖ ਦਾ ਜੀਵਨ ਧਰਤੀ ਨਾਲ ਜੁੜਿਆ ਹੈ, ਇਸ ਲਈ ਧਰਤੀ ਸਾਡੀ ਮਾਤਾ ਹੈ ਕਿਉਂਕਿ ਅੰਨ ਅਤੇ ਪਾਣੀ ਧਰਤੀ ਤੋਂ ਹੀ ਪ੍ਰਾਪਤ ਹੁੰਦਾ ਹੈ। ਜਦੋਂ ਕਿਸੇ ਚੀਜ਼ ਦੀ ਘਾਟ ਹੁੰਦੀ ਹੈ ਤਾਂ ਉਸ ਨੂੰ ਪ੍ਰਾਪਤ ਕਰਨ ਲਈ ਬਹੁਤ ਯਤਨ ਕੀਤੇ ਜਾਂਦੇ ਹਨ। ਜਦੋਂ ਸਾਰੇ ਸਾਧਨ ਜਾਂ ਯਤਨ ਅਸਫਲ ਹੋ ਜਾਣ ਤਾਂ ਰੱਬ ਅੱਗੇ ਹੀ ਅਰਦਾਸ ਕੀਤੀ ਜਾਂਦੀ ਹੈ। ਅਰਦਾਸ ਦੇ ਨਾਲ ਭੇਟਾਂ ਦੇਣ ਦਾ ਸੰਕਲਪ ਵੀ ਕੀਤਾ ਜਾਂਦਾ ਹੈ। ਔਰਤਾਂ ਕੋਲ ਭਾਵੇਂ ਸਭ ਕੁਝ ਹੋਵੇ, ਪਰ ਉਹ ਅਜਿਹੇ ਸੰਕਲਪ ਲੈਣ ਵੇਲੇ ਮਰਦ ਦਾ ਸਹਾਰਾ ਜ਼ਰੂਰ ਲੈਂਦੀਆਂ ਹਨ। ਮਰਦ ਭਾਵੇਂ ਪਿਤਾ ਦੇ ਰੂਪ ਵਿੱਚ ਹੋਵੇ ਜਾਂ ਭਰਾ ਦੇ ਰੂਪ ਵਿੱਚ ਹੋਵੇ, ਪਤੀ ਦੇ ਰੂਪ ਵਿੱਚ ਹੋਵੇ ਜਾਂ ਪੁੱਤਰ ਦੇ ਰੂਪ ਵਿੱਚ ਹੋਵੇ। ਕੁੜੀਆਂ ਆਮ ਤੌਰ ’ਤੇ ਆਪਣੇ ਭਰਾ ਦੀ ਹੀ ਵਡਿਆਈ ਕਰਦੀਆਂ ਹਨ ਅਤੇ ਉਸ ’ਤੇ ਮਾਣ ਕਰਦੀਆਂ ਕਹਿੰਦੀਆਂ ਹਨ;
ਘਟਾ ਆ ਕੇ ਬਨੇਰੇ ਤੋਂ ਮੁੜ ਗਈ
ਵੀਰਾ ਕੁਝ ਪੁੰਨ ਕਰਦੇ।
ਅਜਿਹਾ ਕਰਨ ਤੋਂ ਇਲਾਵਾ ਉਹ ਬੋਲੀਆਂ ਵਿੱਚ ਆਪਣੀ ਨਾਰੀ ਸ਼ਕਤੀ ਦਾ ਪ੍ਰਦਰਸ਼ਨ ਕਰਦੀਆਂ ਹੋਈਆਂ ਬੱਦਲ ਨੂੰ ਵੀ ਮੀਂਹ ਪਾਉਣ ਲਈ ਪ੍ਰੇਰਦੀਆਂ ਹਨ ਅਤੇ ਹੱਲਾਸ਼ੇਰੀ ਦਿੰਦੀਆਂ ਹਨ;
ਹੋ ਜਾ ਕੱਲਰ ਵਿੱਚ ਢੇਰੀ
ਬੱਦਲਾ ਸਾਉਣ ਦਿਆ।
ਸਾਉਣ ਦੇ ਮਹੀਨੇ ਕੁੜੀਆਂ ਪੇਕੇ ਆ ਕੇ ਤੀਆਂ ਮਨਾਉਂਦੀਆਂ ਹਨ। ਵਿਆਹੀ ਕੁੜੀ ਜਦੋਂ ਪੇਕੇ ਤੀਆਂ ਮਨਾਉਣ ਆਉਂਦੀ ਹੈ ਤਾਂ ਉਸ ਦੇ ਸਹੁਰਿਆਂ ਵੱਲੋਂ ਉਸ ਨੂੰ ਮਿੱਠੀ ਗੁਥਲੀ, ਗਹਿਣੇ ਅਤੇ ਕੱਪੜਿਆਂ ਤੋਂ ਇਲਾਵਾ ਲੱਜ ਤੇ ਫੱਟੀ ਵੀ ਭੇਜੇ ਹਨ। ਮਿੱਠੀ ਗੁਥਲੀ ਖਾਣ ਵਾਸਤੇ। ਲੱਜ ਅਤੇ ਫੱਟੀ ਪੀਂਘ ਪਾ ਕੇ ਝੂਟੇ ਲੈਣ ਲਈ ਹੁੰਦੀ ਹੈ।
ਸਾਉਣ ਦੇ ਬੱਦਲ ਸਭ ਪਾਸੇ ਵਰ੍ਹਦੇ ਹਨ। ਉਹ ਕਿਸੇ ਨਾਲ ਵਿਤਕਰਾ ਨਹੀਂ ਕਰਦੇ। ਇਸੇ ਤਰ੍ਹਾਂ ਹੀ ਇਸ ਮਹੀਨੇ ਵਿੱਚ ਪੇਕਿਆਂ ਦੇ ਘਰ ਦੀ ਇਹ ਰਵਾਇਤ ਅੱਜ ਤੱਕ ਪ੍ਰਚੱਲਿਤ ਹੈ ਕਿ ਇਸ ਮਹੀਨੇ ਵਿੱਚ ਨਵੀਆਂ ਵਿਆਹੀਆ ਕੁੜੀਆਂ ਤੋਂ ਇਲਾਵਾ ਚਿਰਾਂ ਦੀਆਂ ਵਿਆਹੀਆਂ ਘਰ ਦੀਆਂ ਕੁੜੀਆਂ ਨੂੰ ਵੀ ਸੰਧਾਰਾ ਭੇਜਿਆ ਜਾਂਦਾ ਹੈ। ਇਸ ਸੰਧਾਰੇ ਵਿੱਚ ਉਨ੍ਹਾਂ ਨੂੰ ਕੱਪੜਿਆਂ ਤੋਂ ਇਲਾਵਾ ਸੇਵੀਆਂ, ਚੌਲ ਅਤੇ ਮੱਠੀਆਂ-ਗੁਲਗੁਲੇ ਪਕਾ ਕੇ ਵੀ ਭੇਜੇ ਜਾਂਦੇ ਹਨ। ਇਹ ਚੀਜ਼ਾਂ ਸਭ ਧੀ ਧਿਆਣੀਆਂ ਪ੍ਰਤੀ ਸ਼ਰਧਾ ਵਜੋਂ ਦਿੱਤੀਆਂ ਜਾਂਦੀਆਂ ਹਨ ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਮਾਪੇ ਜਾਂ ਪੇਕੇ ਸਾਉਣ ਦਾ ਬੱਦਲ ਹੁੰਦੇ ਹਨ, ਜਿਹੜੇ ਦੇ ਕੇ ਲੇਖਾ ਨਹੀਂ ਮੰਗਦੇ। ਉਂਜ ਵੀ ਪੇਕੇ ਸਾਉਣ ਦਾ ਬੱਦਲ ਹੀ ਹੁੰਦੇ ਹਨ ਕਿਉਂਕਿ ਕੀ ਪਤਾ ਕਦੋਂ ਵਰ੍ਹ ਜਾਣ। ਪਿਤਾ ਤੋਂ ਬਿਨਾਂ ਭਰਾ ਤੇ ਭਤੀਜੇ ਵੀ ਅਜਿਹੇ ਮੌਕੇ ਆਪਣੇ ਫਰਜ਼ ਤੋਂ ਨਹੀਂ ਖੁੰਝਦੇ ਬਲਕਿ ਕੁਝ ਨਾ ਕੁਝ ਲੈ ਕੇ ਹੀ ਪਹੁੰਚਦੇ ਹਨ।
ਸਾਉਣ ਦੇ ਮਹੀਨੇ ਵਿੱਚ ਪੁਰੇ ਦੀ ਹਵਾ ਵਗਦੀ ਹੈ। ਰੁੱਖ ਹਵਾ ਵਿੱਚ ਝੂਮਦੇ ਹਨ। ਬੱਦਲ ਉੱਠਦੇ ਹਨ ਅਤੇ ਘਟਾਵਾਂ ਬਣ ਕੇ ਝੂਮ ਝੂਮ ਆਉਂਦੀਆਂ ਹਨ। ਅਜਿਹਾ ਮੌਸਮ ਸਭ ਨੂੰ ਮਸਤ ਬਣਾ ਦਿੰਦਾ ਹੈ। ਮੀਂਹ ਪੈਣ ਨਾਲ ਫ਼ਸਲਾਂ ਵਧਦੀਆਂ ਫੁੱਲਦੀਆਂ ਹਨ। ਇਹ ਮੀਂਹ ਉਨ੍ਹਾਂ ਨੂੰ ਦੇਸੀ ਘਿਓ ਜਿੰਨੀ ਤਾਕਤ ਦਿੰਦਾ ਹੈ। ਇਸ ਮਹੀਨੇ ਵਿੱਚ ਕਪਾਹ ਤੇ ਨਰਮੇ ਵਿੱਚ ਮੋਠ, ਮੂੰਗੀ ਅਤੇ ਮਾਂਹ ਸੀਲੇ ਜਾਂਦੇ ਹਨ। ਖੇਤਾਂ ਵਿੱਚੋਂ ਦੋ ਦੋ ਫ਼ਸਲਾਂ ਲੈ ਲਈਆਂ ਜਾਂਦੀਆਂ ਹਨ। ਚੰਗੀ ਫ਼ਸਲ ਹੋਣ ਦੇ ਨਾਲ ਜ਼ਿਮੀਂਦਾਰ ਦੀ ਕਬੀਲਦਾਰੀ ਨੂੰ ਸੁੱਖ ਦਾ ਸਾਹ ਆਉਂਦਾ ਹੈ। ਉਹ ਵੀ ਖੁਸ਼ ਹੋ ਜਾਂਦਾ ਹੈ।
ਸਾਉਣ ਦੇ ਮਹੀਨੇ ਨੂੰ ਰੰਗਲਾ ਮੰਨਿਆ ਜਾਂਦਾ ਹੈ। ਮੀਂਹ ਪੈਣ ਕਾਰਨ ਆਲਾ ਦੁਆਲਾ ਹਰਿਆ ਭਰਿਆ ਹੋ ਜਾਂਦਾ ਹੈ। ਗਰਮੀ ਨਾਲ ਝੁਲਸੇ ਪੱਤਿਆਂ ’ਤੇ ਮੁੜ ਰੌਣਕ ਆ ਜਾਂਦੀ ਹੈ। ਧਰਤੀ ਦੇ ਅੰਦਰ ਰਹਿਣ ਵਾਲੇ ਜੀਵ-ਜੰਤੂ ਵੀ ਖੁਸ਼ ਹੋ ਜਾਂਦੇ ਹਨ। ਟੋਭਿਆਂ ਜਾਂ ਛੱਪੜਾਂ ਦੀਆਂ ਸੁੱਕੀਆਂ ਪੱਤਣਾਂ ਪਾਣੀ ਭਰਨ ਕਰਕੇ ਤ੍ਰਿਪਤ ਹੋ ਜਾਂਦੀਆਂ ਹਨ ਅਤੇ ਡੱਡੂਆਂ ਤੇ ਮੱਛੀਆਂ ਨੂੰ ਚਾਅ ਚੜ੍ਹ ਜਾਂਦਾ ਹੈ। ਮੀਂਹ ਪੈਣ ਦੀ ਖੁਸ਼ੀ ਵਿੱਚ ਡੱਡੂ ਟਰੈਂ ਟਰੈਂ ਕਰਦੇ ਹਨ ਅਤੇ ਉੱਧਰ ਪਪੀਹੇ ਦੀ ਪਿਆਸ ਵੀ ਬੁਝਦੀ ਹੈ। ਸਾਉਣ ਦੇ ਮਹੀਨੇ ਵਿੱਚ ਉੱਠਦੀਆਂ ਕਾਲੀਆਂ ਘਟਾਵਾਂ ਨੂੰ ਦੇਖ ਕੇ ਮੋਰ ਕੂਕਦਾ, ਨੱਚਦਾ ਤੇ ਪੈਲ ਪਾਉਂਦਾ ਹੈ। ਉਹ ਘਟਾਵਾਂ ਨੂੰ ਦੇਖ ਕੇ ਲੋਰ ਵਿੱਚ ਆ ਜਾਂਦਾ ਹੈ। ਉਸ ਸਮੇਂ ਮੋਰਨੀ ਆਪਣੇ ਪ੍ਰੀਤਮ ਦੇ ਕੋਲ ਹੀ ਰਹਿੰਦੀ ਹੈ। ਜਦੋਂ ਮੋਰ ਪੈਲ ਪਾਉਂਦਾ ਹੈ ਤਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗਦੇ ਹਨ, ਇਹ ਹੰਝੂ ਮੋਰਨੀ ਚੱਟ ਲੈਂਦੀ ਹੈ। ਇਹ ਸਭ ਸਾਉਣ ਦੇ ਮਹੀਨੇ ਦਾ ਹੀ ਖੇਡ ਹੈ।
ਸਾਉਣ ਦਾ ਮਹੀਨਾ ਸਭ ਲਈ ਖੁਸ਼ੀ ਲੈ ਕੇ ਆਉਂਦਾ ਹੈ। ਇੱਕ ਛੋਟੀ ਬੱਚੀ ਨੂੰ ਤੀਆਂ ਵਿੱਚ ਜਾਣ ਦਾ ਬਹੁਤ ਚਾਅ ਹੁੰਦਾ ਹੈ। ਉਸ ਨੂੰ ਗਿਆਨ ਹੈ ਕਿ ਤੀਆਂ ਵਿੱਚ ਆਉਣ ਵਾਲੀਆਂ ਕੁੜੀਆਂ, ਔਰਤਾਂ ਅਤੇ ਸੱਜ ਵਿਆਹੀਆਂ ਵਧੀਆ ਕੱਪੜੇ ਪਾ ਕੇ ਆਉਂਦੀਆਂ ਹਨ, ਫਿਰ ਉਹ ਛੋਟੀ ਬੱਚੀ ਦੀ ਇੱਛਾ ਵੀ ਨਵੀਂ ਚੁੰਨੀ ਲੈਣ ਦੀ ਹੁੰਦੀ ਹੈ। ਉਹ ਆਪਣੇ ਮਾਮੇ ਤੋਂ ਚੁੰਨੀ ਦੀ ਮੰਗ ਕਰਦੀ ਹੈ;
ਮਾਮਾ ਖੱਟੀ ਚੁੰਨੀ ਲੈ ਦੇ
ਤੀਆਂ ਜ਼ੋਰ ਲੱਗੀਆਂ।
ਤ੍ਰਿੰਝਣ ਅਤੇ ਤੀਆਂ ਕੁੜੀਆਂ ਲਈ ਉਹ ਮੰਚ ਹੁੰਦੇ ਸਨ ਜਿੱਥੇ ਉਨ੍ਹਾਂ ਉੱਤੇ ਕੋਈ ਰੋਕ ਨਹੀਂ, ਕੋਈ ਟੋਕ ਟਕਾਈ ਨਹੀਂ, ਕੋਈ ਆਲੋਚਨਾ ਨਹੀਂ। ਨਿੰਦਾ ਤੇ ਪ੍ਰਸ਼ੰਸਾ ਇੱਕੋ ਸਮੇਂ ਹੁੰਦੀਆਂ ਸਨ। ਸਾਉਣ ਦਾ ਮਹੀਨਾ ਅਜਿਹਾ ਮਹੀਨਾ ਹੈ ਕਿ ਕਦੇ ਮੀਂਹ ਪੈ ਕੇ ਹਵਾ ਚੱਲ ਕੇ ਠੰਢ ਹੋ ਜਾਂਦੀ ਹੈ ਤੇ ਕਦੇ ਫਿਰ ਉਹੀ ਗਰਮੀ ਹੋ ਜਾਂਦੀ ਹੈ। ਵੱਟ ਹੋਣ ’ਤੇ ਪਸੀਨੇ ਨਾਲ ਕੱਪੜੇ ਚਿਪਚਿਪੇ ਹੋ ਜਾਂਦੇ ਹਨ। ਅਜਿਹੇ ਸਮੇਂ ਵਿੱਚ ਲੋਕ ਘਸੇ ਹੋਏ ਕੱਪੜੇ ਜਾਂ ਬਿਲਕੁਲ ਪਤਲੇ ਕੱਪੜਿਆਂ ਦੀ ਵਰਤੋਂ ਕਰਦੇ ਹਨ। ਨਵੇਂ ਕੱਪੜਿਆਂ ਦੀ ਵਰਤੋਂ ਕਰਨ ਤੋਂ ਹਰ ਕੋਈ ਕਤਰਾਉਂਦਾ ਹੈ ਕਿਉਂਕਿ ਨਵੇਂ ਕੱਪੜਿਆਂ ਵਿੱਚ ਗਰਮੀ ਵੱਧ ਆਉਂਦੀ ਹੈ। ਫਿਰ ਇੱਕ ਮੁਟਿਆਰ ਸਾਉਣ ਦੀ ਇਸ ਗਰਮੀ ਬਾਰੇ ਇੰਜ ਕਹਿੰਦੀ ਹੈ;
ਸਾਉਣ ਦੇ ਮਹੀਨੇ ਜੀਅ ਨਾ ਕਰਦਾ ਲੀੜੇ ਪਾਉਣ ਨੂੰ
ਰਾਂਝਾ ਫਿਰੇ ਨੀਂ ਕਾਲੀ ਸੂਫ਼ ਦੇ ਸਿੰਵਾਉਣ ਨੂੰ।
ਸਹੁਰੇ ਘਰ ਵਿੱਚ ਕੰਮ ਦੀ ਜ਼ਿੰਮੇਵਾਰੀ ਵਧ ਜਾਂਦੀ ਹੈ, ਪੇਕਿਆਂ ਦੇ ਘਰ ਦਾ ਫ਼ਰਕ ਹੁੰਦਾ ਹੈ, ਇਸ ਲਈ ਕੁੜੀ ਸਾਉਣ ਦੇ ਮਹੀਨੇ ਵਿੱਚ ਸਹੁਰੇ ਜਾਣ ਤੋਂ ਕਤਰਾਉਂਦੀ ਹੈ ਕਿਉਂਕਿ ਸਾਉਣ ਦਾ ਮਹੀਨਾ ਮੌਜ ਮਸਤੀ ਲਈ ਹੈ। ਫਿਰ ਕੰਮ ਦੀ ਜ਼ਿੰਮੇਵਾਰੀ ਕਾਰਨ ਮਸਤੀ ਨਹੀਂ ਹੁੰਦੀ, ਉਹ ਮੁਟਿਆਰ ਆਪਣੇ ਭਾਵਾਂ ਨੂੰ ਇੰਜ ਪ੍ਰਗਟ ਕਰਦੀ ਹੈ;
ਸਾਉਣ ਦੇ ਮਹੀਨੇ ਜੀਅ ਨਾ ਕਰਦਾ ਸਹੁਰੇ ਜਾਣ ਨੂੰ
ਰਾਂਝਾ ਫਿਰੇ ਨੀਂ ਗੱਡੀ ਜੋੜ ਕੇ ਲਿਜਾਣ ਨੂੰ।
ਕਾਲੀਆਂ ਘਟਾਵਾਂ ਚੜ੍ਹਨ ਦੇ ਨਾਲ ਮਸਤ ਜਵਾਨੀ ਨੂੰ ਵੀ ਨਸ਼ਾ ਚੜ੍ਹ ਜਾਂਦਾ ਹੈ। ਕੁੜੀਆਂ ਪਿੱਪਲਾਂ ’ਤੇ ਪੀਂਘਾਂ ਪਾਉਂਦੀਆਂ ਹਨ, ਪੀਂਘ ਦੇ ਹੁਲਾਰੇ ਦੇ ਨਾਲ ਅਨੇਕਾਂ ਵਿਚਾਰ ਅਤੇ ਵਲਵਲੇ ਅੰਦਰੋਂ ਉੱਠਦੇ ਹਨ;
ਵੇ ਮੈਂ ਪੀਂਘ ਝੂਟਦੀ
ਝੂਟਾ ਦੇ ਕੇ ਜਾ।
ਸਾਉਣ ਦੇ ਮਹੀਨੇ ਵਿੱਚ ਬਹੁਤ ਸਾਰੇ ਫ਼ਲ ਪੱਕਦੇ ਹਨ। ਅੰਬ ਅਤੇ ਜਾਮਣ ਤੋਂ ਬਗੈਰ ਹੋਰ ਵੀ ਫ਼ਲ ਹੁੰਦੇ ਹਨ, ਪਰ ਜ਼ਿਆਦਾਤਰ ਅੰਬਾਂ ਨੂੰ ਹੀ ਵਧੀਆ ਮੰਨਿਆ ਗਿਆ ਹੈ ਕਿਉਂਕਿ ਅੰਬ ਫ਼ਲਾਂ ਦਾ ਰਾਜਾ ਹੈ। ਮੀਂਹ ਵਿੱਚ ਅੰਬ ਚੂਪਣੇ ਵਧੀਆ ਲੱਗਦੇ ਹਨ। ਅੰਬ ਚੂਪਣ ਵੇਲੇ ਇੱਕ ਮੁਟਿਆਰ ਆਪਣੇ ਪ੍ਰੇਮੀ ਨੂੰ ਇੰਜ ਕਹਿੰਦੀ ਹੈ;
ਸਾਉਣ ਮਹੀਨਾ ਚੋਅ ਚੋਅ ਪੈਂਦਾ
ਭਿੱਜ ਗਈ ਲਾਲ ਪਰਾਂਦੀ
ਵੇ ਛੱਤਰੀ ਦੀ ਛਾਂ ਕਰ ਦੇ
ਵੇ ਮੈਂ ਅੰਬ ਚੂਪਦੀ ਜਾਂਦੀ
ਸਾਉਣ ਦੇ ਮਹੀਨੇ ਵਿੱਚ ਪੁਰੇ ਦੀ ਵਗਦੀ ਹਵਾ ਚੰਗੇ ਭਲਿਆਂ ਨੂੰ ਨਸ਼ਿਆ ਦਿੰਦੀ ਹੈ। ਕਾਲੀਆਂ ਘਟਾਵਾਂ ਨੂੰ ਦੇਖ ਕੇ ਮੋਰ ਨੱਚਦਾ ਹੈ ਤਾਂ ਮੋਰਨੀ ਵਰਗੀ ਮੁਟਿਆਰ ਦੇ ਪੈਰ ਤਾਂ ਆਪ ਮੁਹਾਰੇ ਥਿਰਕਦੇ ਹਨ ਅਤੇ ਅੰਦਰਲੇ ਵਲਵਲੇ ਆਪ ਮੁਹਾਰੇ ਗੀਤਾਂ ਰਾਹੀਂ ਬਾਹਰ ਆਉਂਦੇ ਹਨ। ਜਦੋਂ ਕਿਸੇ ਮੁਟਿਆਰ ਦਾ ਪਤੀ ਬਾਹਰ ਨੌਕਰੀ ਕਰਦਾ ਹੋਵੇ ਜਾਂ ਪ੍ਰਦੇਸ਼ ਵਿੱਚ ਹੋਵੇ ਤਾਂ ਉਸ ਦੇ ਦਿਲ ’ਤੇ ਕੀ ਗੁਜ਼ਰਦੀ ਹੈ? ਇਹ ਤਾਂ ਉਹੀ ਜਾਣਦੀ ਹੈ। ਉਸ ਦੇ ਕਰੁਣਾ ਭਰੇ ਬੋਲਾਂ ਨੂੰ ਤਾਂ ਸੁਣਨਾ ਹੀ ਔਖਾ ਹੈ। ਉਹ ਆਪਣੇ ਪ੍ਰੀਤਮ ਨੂੰ ਪੁਕਾਰਦੀ ਕਹਿੰਦੀ ਹੈ;
ਇਹ ਸਾਉਣ ਵੀ ਸੁੱਕਾ ਜਾਂਦਾ ਬਿਨ ਤੇਰੇ
ਲੱਗੀ ਔੜ, ਸਾਉਣ ਵਿੱਚ ਵਖ਼ਤਾਂ ਮਾਰੀ ਨੂੰ
ਸਾਉਣ ਦੇ ਮਹੀਨੇ ਵਿੱਚ ਜਦੋਂ ਤੀਆਂ ਲੱਗਦੀਆਂ ਹਨ ਤਾਂ ਇਨ੍ਹਾਂ ਤੀਆਂ ਵਿੱਚ ਕੁੜੀਆਂ ਤੇ ਬੁੜ੍ਹੀਆਂ ਸਭ ਇਕੱਠੀਆਂ ਹੁੰਦੀਆਂ ਹਨ ਅਤੇ ਇੱਕ ਦੂਜੀ ਨੂੰ ਮਿਲਦੀਆਂ ਹਨ। ਸਾਉਣ ਦਾ ਮਹੀਨਾ ਹੀ ਅਜਿਹਾ ਹੈ ਜੋ ਮਿਲਾਪ ਕਰਾਉਂਦਾ ਹੈ;
ਸਾਉਣ ਵੀਰ ਇਕੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ।
ਸਾਉਣ ਦੇ ਮਹੀਨੇ ਵਿੱਚ ਲੋਕ ਘਰ ਦੀਆਂ ਕੁੜੀਆਂ ਨੂੰ ਕੱਪੜਾ ਲੀੜਾ ਅਤੇ ਮਠਿਆਈ ਦਿੰਦੇ ਹਨ। ਨਵੀਆਂ ਵਿਆਹੀਆਂ ਕੁੜੀਆਂ ਨੂੰ ਲੋਕ ਆਮ ਤੌਰ ’ਤੇ ਭਾਦੋਂ ਵਿੱਚ ਤੋਰਦੇ ਹਨ ਤਾਂ ਹੀ ਕਿਹਾ ਜਾਂਦਾ ਹੈ;
ਤੀਆਂ ਸਾਉਣ ਦੀਆਂ, ਭਾਦੋਂ ਦੇ ਮੁਕਲਾਵੇ।
ਕ੍ਰਿਸ਼ਨ ਪੱਖ ਤੋਂ ਬਾਅਦ ਸ਼ੁਕਲ ਪੱਖ ਯਾਨੀ ਚਾਨਣੇ ਪੱਖ ਦੀ ਦੂਜ ਵਾਲੇ ਦਿਨ ਮਹਿੰਦੀ ਲੱਗਦੀ ਹੈ ਤੇ ਤੀਜ ਤੋਂ ਤੀਆਂ ਸ਼ੁਰੂ ਹੋ ਜਾਂਦੀਆਂ ਹਨ। ਕੁੜੀਆਂ ਇਕੱਠੀਆਂ ਹੋ ਕੇ ਜ਼ੋਰ ਸ਼ੋਰ ਨਾਲ ਗਿੱਧਾ ਪਾਉਂਦੀਆਂ ਤੇ ਨੱਚਦੀਆਂ ਹਨ। ਉਨ੍ਹਾਂ ਨੂੰ ਚਾਅ ਹੀ ਅਵੱਲਾ ਚੜ੍ਹਿਆ ਹੁੰਦਾ ਹੈ। ਗਿੱਧੇ ਵਿੱਚ ਚੱਕ ਦਿਓ ਦੀਆਂ ਆਵਾਜ਼ਾਂ ਨਾਲ ਗਿੱਧਾ ਹੋਰ ਵੀ ਤੇਜ਼ ਹੋ ਜਾਂਦਾ ਹੈ। ਜੇ ਕਿਤੇ ਕੋਈ ਹੱਥ ਮੱਠਾ ਕਰ ਜਾਵੇ ਤਾਂ ਬੋਲੀ ਨਾਲ ਹੀ ਉਸ ਨੂੰ ਚੁਕੰਨਾ ਕਰ ਦਿੱਤਾ ਜਾਂਦਾ ਹੈ ਭਾਵ ਉਸ ਨੂੰ ਬੋਲੀ ਵੀ ਮਾਰੀ ਜਾਂਦੀ ਹੈ;
ਬੱਗੀ ਬੱਗੀ ਕਣਕ ਦੁਆਬੇ ਦੀ
ਜਿਹੜੀ ਗਿੱਧਾ ਨਾ ਪਾਊ ਰੰਨ ਬਾਬੇ ਦੀ
ਜਿਨ੍ਹਾਂ ਕੁੜੀਆਂ ਦੇ ਭਾਦੋਂ ਦੇ ਮੁਕਲਾਵੇ ਹੁੰਦੇ ਹਨ ਉਹ ਰਤਾ ਉਦਾਸ ਵੀ ਹੁੰਦੀਆਂ ਹਨ ਕਿ ਪੇਕੇ ਘਰੋਂ ਜਾਣਾ ਹੈ, ਪਰ ਚੁਲਬੁਲੀ ਕੁੜੀ ਉਨ੍ਹਾਂ ਦੇ ਰੰਜ ਨੂੰ ਦੂਰ ਕਰਦੀ ਕਹਿੰਦੀ ਹੈ;
ਬੱਗੀ ਬੱਗੀ ਕਣਕ ਦੇ ਮੰਡੇ ਮੈਂ ਪਕਾਉਨੀ ਆਂ
ਛਾਂਵੇਂ ਬਹਿ ਕੇ ਖਾਵਾਂਗੇ
ਚਿੱਤ ਕਰੂ ਮੁਕਲਾਵੇ ਜਾਵਾਂਗੇ।
ਗਿੱਧੇ ਵਿੱਚ ਭਾਂਤ ਭਾਂਤ ਦੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ।। ਰਾਹ ਜਾਂਦਿਆਂ ਨੂੰ ਵੀ ਛੇੜਿਆ ਜਾਂਦਾ ਹੈ। ਕਈ ਵਾਰ ਤਾਂ ਰਾਹ ਜਾਂਦੇ ਪ੍ਰਾਹੁਣਿਆਂ ਨੂੰ ਛੇੜਿਆ ਜਾਂਦਾ ਹੈ। ਜੇ ਕੋਈ ਕਿਸੇ ਦੇ ਘਰ ਆਉਂਦਾ ਹੈ ਤਾਂ ਉਸ ਨੂੰ ਦੇਖ ਕੇ ਵੀ ਬੋਲੀ ਪਾ ਦਿੱਤੀ ਜਾਂਦੀ ਹੈ। ਕਈ ਵਾਰ ਓਪਰਿਆਂ ਨੂੰ ਦੇਖ ਕੇ ਵੀ ਕੁੜੀਆਂ ਬੋਲੀ ਪਾ ਦਿੰਦੀਆਂ ਹਨ;
ਅਣ ਦਾੜ੍ਹੀਆ ਸੁੱਕਾ ਨਾ ਲੰਘ ਜਾਵੇ
ਨੀਂ ਲੜ ਜਾ ਭਰਿੰਡ ਬਣ ਕੇ।
ਅਜਿਹਾ ਮਾਹੌਲ ਹਰ ਕਿਸੇ ਨੂੰ ਆਪਣੇ ਭਾਵਾਂ ਨੂੰ ਪ੍ਰਗਟ ਕਰਨ ਦੀ ਪ੍ਰੇਰਨਾ ਦਿੰਦਾ ਹੈ। ਕੋਈ ਸੱਸ ਦੀ ਨਿੰਦਾ ਕਰਦੀ ਹੈ ਤੇ ਕੋਈ ਸਹੁਰੇ ਦੀ। ਕੋਈ ਜੇਠ ਦੀ ਨਿੰਦਾ ਕਰਦੀ ਹੈ ਤੇ ਕੋਈ ਨਣਦ ਦੀ। ਕੋਈ ਮਾਂ ਦੀ ਵਡਿਆਈ ਕਰਦੀ ਹੈ ਤੇ ਕੋਈ ਬਾਬਲ ਦੀ। ਕੋਈ ਭੈਣ ਦੀ ਵਡਿਆਈ ਕਰਦੀ ਹੈ ਤੇ ਕੋਈ ਭਾਈ ਦੀ;
ਭੈਣਾਂ ਭੈਣਾਂ ਕਦੇ ਨਾ ਲੜੀਆਂ
ਸਾਢੂ ਮਰ ਗਏ ਡਹਿ ਕੇ
ਕੋਇਲਾਂ ਬੋਲਦੀਆਂ
ਵਿੱਚ ਬਾਗਾਂ ਦੇ ਬਹਿ ਕੇ।
ਭਾਈਚਾਰਾ ਤੇ ਸ਼ਰੀਕਾ ਦੋਵੇਂ ਬਰਾਬਰ ਦੇ ਰਿਸ਼ਤੇ ਮੰਨੇ ਜਾਂਦੇ ਹਨ। ਜੇ ਮੇਲ ਮਿਲਾਪ ਹੈ ਤਾਂ ਭਾਈਚਾਰਾ ਕਿਹਾ ਜਾਂਦਾ ਹੈ ਤੇ ਜੇ ਕੋਈ ਮਾੜੀ ਮੋਟੀ ਮੀਨ ਮੇਖ ਨਿਕਲਦੀ ਹੋਵੇ ਤਾਂ ਸ਼ਰੀਕਾ ਕਿਹਾ ਜਾਂਦਾ ਹੈ। ਜੇ ਕਿਤੇ ਸ਼ਰੀਕੇ ਵਿੱਚ ਕਹੀ ਸੁਣੀ ਹੋ ਜਾਵੇ ਤਾਂ ਉਸ ਬਾਰੇ ਇਸ ਤਰ੍ਹਾਂ ਬੋਲੀ ਪਾਈ ਜਾਂਦੀ ਹੈ;
ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ
ਮਹਿੰਦੀ ਬਾਗ ਵਿੱਚ ਰਹਿੰਦੀ
ਰਗੜ ਰਗੜ ਕੇ ਉਹ ਹੱਥਾਂ ’ਤੇ ਲਾਉਂਦੇ
ਭੋਰੜ ਬਣ ਬਣ ਲਹਿੰਦੀ
ਬੋਲ ਸ਼ਰੀਕਾਂ ਦੇ ਮੈਂ ਨਾ ਬਾਬਲਾ ਸਹਿੰਦੀ
ਪੰਜਾਬੀ ਦੀ ਕਹਾਵਤ ਹੈ, ‘ਕੁੜੀਆਂ, ਚਿੜੀਆਂ, ਬੱਕਰੀਆਂ ਤਿੰਨੇ ਜਾਤਾਂ ਅੱਥਰੀਆਂ’ ਭਾਵ ਕਿ ਜਦੋਂ ਇਹ ਤਿੰਨੇ ਮਸਤ ਹੋ ਜਾਣ ਤਾਂ ਕਿਸੇ ਤੋਂ ਕਾਬੂ ਨਹੀਂ ਹੁੰਦੀਆਂ। ਗਿੱਧਾ ਪਾਉਣ ਵੇਲੇ ਇਹ ਕਹਾਵਤ ਪੂਰੀ ਤਰ੍ਹਾਂ ਢੁੱਕਦੀ ਹੈ। ਕੁੜੀਆਂ ਤਾਂ ਅਣ ਵਿਆਹੇ ਜਾਂ ਛੜਿਆਂ ਨੂੰ ਵੀ ਲੰਘਣ ਵੇਲੇ ਛੇੜ ਲੈਂਦੀਆਂ ਹਨ ਤੇ ਉਨ੍ਹਾਂ ਨੂੰ ਦੇਖ ਕੇ ਬੋਲੀ ਪਾਉਂਦੀਆਂ ਹਨ;
ਇੱਥੋਂ ਲਿਆਈਂ ਵੇ ਛੜੇ ਦੀ ਮੁੱਛ ਪੱਟ ਕੇ
ਛਟੀਆਂ ਦੀ ਅੱਗ ਨਾ ਬਲ਼ੇ।
***
ਛੜਾ ਜਾਵੇ ਕੁੜੀਆਂ ਤੋਂ ਡਰਦਾ
ਮੇਰੇ ਭਾਅ ਦਾ ਮੱਖ ਲੜ ਗਈ।
ਇਸ ਤਰ੍ਹਾਂ ਸਾਉਣ ਦਾ ਮਹੀਨਾ ਜਿੱਥੇ ਫ਼ਸਲਾਂ ਵਿੱਚ ਵਾਧਾ ਕਰਦਾ ਹੈ, ਉੱਥੇ ਸਮਾਜ ਲਈ ਹਾਸੇ ਠੱਠੇ ਵੀ ਲੈ ਕੇ ਆਉਂਦਾ ਹੈ। ਅਜਿਹੇ ਸਮੇਂ ਕੋਈ ਵੀ ਗੁੱਸਾ ਨਹੀਂ ਕਰਦਾ।
ਰੱਖੜੀ ਦਾ ਤਿਉਹਾਰ ਵੀ ਸਾਉਣ ਦੇ ਮਹੀਨੇ ਵਿੱਚ ਹੀ ਆਉਂਦਾ ਹੈ। ਇਹ ਤਿਉਹਾਰ ਭੈਣ ਤੇ ਭਰਾ ਦੇ ਰਿਸ਼ਤੇ ਦੀ ਪ੍ਰੋੜਤਾ ਕਰਦਾ ਹੈ। ਕੱਚੇ ਧਾਗਿਆਂ ਦਾ ਰਿਸ਼ਤਾ ਬਹੁਤ ਹੀ ਪੱਕਾ ਹੈ। ਇਹ ਕਿਸੇ ਦੇ ਤੋੜੇ ਤੋਂ ਨਹੀਂ ਟੁੱਟਦਾ। ਇਹ ਮਹੱਤਵਪੂਰਨ ਤਿਉਹਾਰ ਸਾਉਣ ਮਹੀਨੇ ਦੇ ਸ਼ੁਕਲ ਪੱਖ ਯਾਨੀ ਚਾਨਣੇ ਪੱਖ ਦੇ ਪੂਰਨਮਾਸ਼ੀ ਵਾਲੇ ਦਿਨ ਹੁੰਦਾ ਹੈ। ਇਸ ਨੂੰ ਰੱਖੜੀ ਜਾਂ ਰੱਖੜ ਪੁੰਨਿਆ ਜਾਂ ਸੁਡੁੰਨੋਂ ਵੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਹੀ ਜੇਕਰ ਕਿਤੇ ਭੈਣ-ਭਰਾ ਗੁੱਸੇ ਵੀ ਹੋ ਜਾਣ ਤਾਂ ਵੀ ਅੰਦਰੋਂ ਇਹ ਰਿਸ਼ਤਾ ਮਜ਼ਬੂਤ ਹੀ ਹੁੰਦਾ ਹੈ। ਭੈਣ-ਭਰਾ ਇੱਕ-ਦੂਜੇ ਨੂੰ ਸੁਖੀ ਅਤੇ ਖੁਸ਼ ਦੇਖ ਕੇ ਆਤਮਿਕ ਆਨੰਦ ਲੈਂਦੇ ਹਨ। ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਦੀਆਂ ਹਨ। ਭਰਾ ਵੀ ਉਨ੍ਹਾਂ ਨੂੰ ਵੱਧ ਚੜ੍ਹ ਕੇ ਚੀਜ਼ਾਂ ਦਿੰਦੇ ਹਨ। ਇਨ੍ਹਾਂ ਸਭ ਚੀਜ਼ਾਂ ਤੋਂ ਕੀਮਤੀ ਹੁੰਦਾ ਹੈ ਭਰਾ ਦਾ ਬਚਨ ਜੋ ਆਪਣੀ ਭੈਣ ਦੀ ਰੱਖਿਆ ਲਈ ਤਿਆਰ ਰਹਿੰਦਾ ਹੈ। ਫ਼ਸਲਾਂ ’ਤੇ ਨਵੀਂ ਰੰਗਤ ਚਾੜ੍ਹਨ ਤੇ ਮਹੱਤਵਪੂਰਨ ਤਿਉਹਾਰਾਂ ਦੀ ਆਮਦ ਕਾਰਨ ਸਾਉਣ ਨੂੰ ਸੱਚਮੁੱਚ ਹੀ ਮਹੀਨਿਆਂ ਦਾ ਰਾਜਾ ਕਿਹਾ ਜਾਂਦਾ ਹੈ।
ਸੰਪਰਕ: 94178-40323

