DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਸੰਗੀਤ ਦੇ ਅੰਬਰ ਦਾ ਅਮਰ ਸਿਤਾਰਾ: ਜ਼ੁਬੈਦਾ ਖਾਨੁਮ

ਜ਼ੁਬੈਦਾ ਖਾਨੁਮ ਪੰਜਾਬੀ ਗਾਇਕੀ ਦੇ ਅੰਬਰ ਦਾ ਇੱਕ ਅਜਿਹਾ ਸਿਤਾਰਾ ਹੈ ਜੋ ਸੰਗੀਤ ਦੀ ਦੁਨੀਆ ਵਿੱਚ ਰੋਸ਼ਨੀ ਬਿਖੇਰਦਾ ਰਿਹਾ। ਉਸ ਦੀ ਸੁਰੀਲੀ ਆਵਾਜ਼ ਅਤੇ ਠੇਠ ਪੰਜਾਬੀ ਲਹਿਜੇ ਨੇ ਫਿਲਮਾਂ ਵਿੱਚ ਪੰਜਾਬੀਅਤ ਦੇ ਰੰਗ ਨੂੰ ਹੋਰ ਵੀ ਗੂੜ੍ਹਾ ਕੀਤਾ। ਜ਼ੁਬੈਦਾ ਖਾਨੁਮ...

  • fb
  • twitter
  • whatsapp
  • whatsapp
Advertisement

ਜ਼ੁਬੈਦਾ ਖਾਨੁਮ ਪੰਜਾਬੀ ਗਾਇਕੀ ਦੇ ਅੰਬਰ ਦਾ ਇੱਕ ਅਜਿਹਾ ਸਿਤਾਰਾ ਹੈ ਜੋ ਸੰਗੀਤ ਦੀ ਦੁਨੀਆ ਵਿੱਚ ਰੋਸ਼ਨੀ ਬਿਖੇਰਦਾ ਰਿਹਾ। ਉਸ ਦੀ ਸੁਰੀਲੀ ਆਵਾਜ਼ ਅਤੇ ਠੇਠ ਪੰਜਾਬੀ ਲਹਿਜੇ ਨੇ ਫਿਲਮਾਂ ਵਿੱਚ ਪੰਜਾਬੀਅਤ ਦੇ ਰੰਗ ਨੂੰ ਹੋਰ ਵੀ ਗੂੜ੍ਹਾ ਕੀਤਾ।

ਜ਼ੁਬੈਦਾ ਖਾਨੁਮ ਦਾ ਜਨਮ 1935 ਵਿੱਚ ਪੰਜਾਬ ਦੇ ਮਸ਼ਹੂਰ ਸ਼ਹਿਰ ਅੰਮ੍ਰਿਤਸਰ ਵਿਖੇ ਰਹਿੰਦੇ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ। ਬੇਸ਼ੱਕ ਉਸ ਨੇ ਸੰਗੀਤ ਦੀ ਬਾਕਾਇਦਾ ਤਾਲੀਮ ਹਾਸਲ ਨਹੀਂ ਕੀਤੀ ਸੀ, ਪਰ ਉਸ ਦਾ ਵੱਡਾ ਭਰਾ ਸ਼ਹਿਰ ਦੇ ਕਿਸੇ ਨਾਮੀ ਸੰਗੀਤ ਉਸਤਾਦ ਕੋਲੋਂ ਸੰਗੀਤ ਦੀ ਵਿੱਦਿਆ ਹਾਸਲ ਕਰਦਾ ਸੀ ਜਿਸ ਕੋਲੋਂ ਅੱਗੇ ਘਰ ਵਿੱਚ ਰਹਿ ਕੇ ਜ਼ੁਬੈਦਾ ਨੇ ਵੀ ਸੰਗੀਤ ਦੀ ਸਿੱਖਿਆ ਹਾਸਲ ਕਰ ਲਈ। ਜ਼ੁਬੈਦਾ ਅਜੇ 12 ਸਾਲ ਦੀ ਹੀ ਸੀ ਜਦੋਂ ਦੇਸ਼ ਦੀ ਵੰਡ ਹੋ ਗਈ ਤੇ ਇਨ੍ਹਾਂ ਦਾ ਪਰਿਵਾਰ ਅੰਮ੍ਰਿਤਸਰ ਤੋਂ ਲਾਹੌਰ ਜਾ ਵੱਸਿਆ।

Advertisement

ਸਾਲ 1950 ਦੇ ਆਸਪਾਸ 15 ਸਾਲ ਦੀ ਉਮਰ ਵਿੱਚ ਜ਼ੁਬੈਦਾ ਖਾਨੁਮ ਨੇ ਲਾਹੌਰ ਰੇਡੀਓ ਸਟੇਸ਼ਨ ਤੋਂ ਆਪਣੀ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ। ਲੋਕਾਂ ਨੂੰ ਉਸ ਦੇ ਗਾਏ ਗੀਤ ਬੇਹੱਦ ਪਸੰਦ ਆਉਣ ਲੱਗੇ। ਜਦੋਂ ਉਸ ਦੇ ਗਾਏ ਗੀਤ ਘਰ ਘਰ ਗੂੰਜਣ ਲੱਗੇ ਤਾਂ ਇੱਕ ਦਿਨ ਇਹ ਆਵਾਜ਼ ਰੇਡੀਓ ’ਤੇ ਮਸ਼ਹੂਰ ਫਿਲਮਸਾਜ਼ ਜੋੜੀ ਅਦਾਕਾਰ ਨਜ਼ੀਰ ਅਤੇ ਉਸ ਦੀ ਬੇਗ਼ਮ ਅਦਾਕਾਰਾ ਸਵਰਨ ਲਤਾ ਦੇ ਕੰਨਾਂ ਤੱਕ ਪਹੁੰਚੀ ਜੋ ਉਸ ਦੀ ਸੁਰੀਲੀ ਆਵਾਜ਼ ਸੁਣ ਕੇ ਬੇਹੱਦ ਪ੍ਰਭਾਵਿਤ ਹੋਏ। ਉਹ ਉਨ੍ਹਾਂ ਦਿਨਾਂ ਵਿੱਚ ਆਪਣੀ ਪੰਜਾਬੀ ਫਿਲਮ ‘ਸ਼ਹਿਰੀ ਬਾਬੂ’ ਦੇ ਨਿਰਮਾਣ ਵਿੱਚ ਰੁੱਝੇ ਹੋਏ ਸਨ। ਸਵਰਨ ਲਤਾ ਨੇ ਜ਼ੁਬੈਦਾ ਨੂੰ ਆਪਣੀ ਫਿਲਮ ਵਿੱਚ ਬਤੌਰ ਪਿੱਠਵਰਤੀ ਗਾਇਕਾ ਲੈਣ ਦਾ ਫ਼ੈਸਲਾ ਕੀਤਾ। ਛੇਤੀ ਹੀ ਉਨ੍ਹਾਂ ਨੇ ਉਸ ਦੇ ਘਰ ਦਾ ਪਤਾ ਲੱਭ ਕੇ ਉਸ ਨੂੰ ਆਪਣੀ ਫਿਲਮ ਵਿੱਚ ਗੀਤ ਗਾਉਣ ਦੀ ਪੇਸ਼ਕਸ਼ ਕਰ ਦਿੱਤੀ। ਇਸ ਤਰ੍ਹਾਂ ਜ਼ੁਬੈਦਾ ਨੇ ਲਾਹੌਰ ਫਿਲਮ ਇੰਡਸਟਰੀ ਵਿੱਚ ਆਪਣਾ ਪਹਿਲਾ ਕਦਮ ਰੱਖਿਆ।

Advertisement

ਉਸ ਦੇ ਸ਼ਾਨਦਾਰ ਫਿਲਮੀ ਕਰੀਅਰ ਦਾ ਆਗਾਜ਼ ਮਸ਼ਹੂਰ ਰੁਮਾਂਟਿਕ ਅਤੇ ਸੰਗੀਤਕ ਫਿਲਮ ‘ਸ਼ਹਿਰੀ ਬਾਬੂ’ ਨਾਲ ਹੋਇਆ। 13 ਜੂਨ 1953 ਨੂੰ ਰਿਲੀਜ਼ ਹੋਈ ਇਸ ਫਿਲਮ ਵਿੱਚ ਉਸ ਨੇ ਕੁੱਲ 10 ਗੀਤਾਂ ਵਿੱਚੋਂ 8 ਗੀਤ ਗਾਏ ਜਿਨ੍ਹਾਂ ਵਿੱਚ 3 ਦੋਗਾਣੇ ਤੇ 5 ਸੋਲੋ ਗੀਤ ਸਨ। ਇਸ ਫਿਲਮ ਵਿੱਚ ਉਸ ਵੱਲੋਂ ਗਾਏ ਗੀਤਾਂ ਨੇ ਸੰਗੀਤ ਦੀ ਦੁਨੀਆ ਵਿੱਚ ਤਹਿਲਕਾ ਮਚਾ ਦਿੱਤਾ ਸੀ। ਲੋਕਾਂ ਨੂੰ ਇਸ ਫਿਲਮ ਵਿੱਚ ਉਸ ਦੇ ਗਾਏ ਗੀਤ ‘ਗੱਲਾਂ ਸੁਣ ਕੇ ਮਾਹੀ ਦੇ ਨਾਲ ਮੇਰੀਆਂ ਦੁਪੱਟਾ ਬੇਈਮਾਨ ਹੋ ਗਿਆ’, ‘ਰਾਤਾਂ ਮੇਰੀਆਂ ਬਣਾ ਕੇ ਰੱਬਾ ਨੇਰ੍ਹੀਆਂ ਨਸੀਬਾਂ ਵਾਲੇ ਤਾਰੇ ਡੁੱਬ ਗਏ’, ‘ਮੇਰਾ ਨਰਮ ਕਾਲਜਾ ਡੋਲ ਗਿਆ’ ਅਤੇ ‘ਇੱਕ ਕੁੜੀ ਦੀ ਚੀਜ਼ ਗਵਾਚੀ ਭਲਕੇ ਚੇਤੇ ਆਵੇਗੀ’ ਬੇਹੱਦ ਪਸੰਦ ਆਏ।

ਆਪਣੀ ਪਹਿਲੀ ਪੰਜਾਬੀ ਫਿਲਮ ‘ਸ਼ਹਿਰੀ ਬਾਬੂ’ ਦੇ ਗੀਤਾਂ ਦੀ ਕਾਮਯਾਬੀ ਤੋਂ ਬਾਅਦ ਸਾਲ 1954 ਵਿੱਚ ਜ਼ੁਬੈਦਾ ਖਾਨੁਮ ਦੀ ਆਵਾਜ਼ ਕਿਸੇ ਵੀ ਫਿਲਮ ਵਿੱਚ ਸੁਣਾਈ ਨਾ ਦਿੱਤੀ। ਜ਼ੁਬੈਦਾ ਖਾਨੁਮ ਉਸ ਦੌਰ ਵਿੱਚ ਫਿਲਮਾਂ ਵਿੱਚ ਗਾਇਕੀ ਲਈ ਆਈ ਜਦੋਂ ਪਾਕਿਸਤਾਨੀ ਫਿਲਮਾਂ ਦੀ ਪਹਿਲੀ ਗਾਇਕਾ ਮੁਨੱਵਰ ਸੁਲਤਾਨਾ ਇੱਕ ਪ੍ਰਸਿੱਧ ਅਤੇ ਰੁੱਝੀ ਹੋਈ ਪਿੱਠਵਰਤੀ ਗਾਇਕਾ ਸੀ। ਬੇਸ਼ੱਕ ਮੈਡਮ ਨੂਰ ਜਹਾਂ ਵੀ ਉਸੇ ਸਮੇਂ ਦੌਰਾਨ ਮੌਜੂਦ ਸਨ, ਪਰ ਉਨ੍ਹਾਂ ਨੇ ਸਿਰਫ਼ ਉਨ੍ਹਾਂ ਫਿਲਮਾਂ ਲਈ ਗਾਇਆ ਜਿਨ੍ਹਾਂ ਵਿੱਚ ਉਨ੍ਹਾਂ ਨੇ ਅਦਾਕਾਰੀ ਕੀਤੀ।

ਸਾਲ 1955 ਦੀ ਸ਼ੁਰੂਆਤ ਵਿੱਚ ਜ਼ੁਬੈਦਾ ਨੇ ਨਜ਼ੀਰ ਦੀ ਨਿਰਦੇਸ਼ਨਾ ਵਿੱਚ ਬਣੀ ਉਰਦੂ ਫਿਲਮ ‘ਖਾਤੂਨ’ ਵਿੱਚ ਇੱਕ ਵਾਰ ਫਿਰ ਸੰਗੀਤਕਾਰ ਰਾਸ਼ੀਦ ਅਤਰੇ ਦੀਆਂ ਬਣਾਈਆਂ ਦਿਲਕਸ਼ ਧੁਨਾਂ ਨੂੰ ਆਪਣੀ ਆਵਾਜ਼ ਦੇ ਜਾਦੂ ਨਾਲ ਗੀਤਾਂ ਵਿੱਚ ਪਰੋਇਆ। ਫਿਲਮ ‘ਖਾਤੂਨ’ ਤੋਂ ਬਾਅਦ 24 ਮਈ 1955 ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ ‘ਪੱਤਣ’ ਦੇ ਗੀਤਾਂ ਦੀ ਕਾਮਯਾਬੀ ਨਾਲ ਜ਼ੁਬੈਦਾ ਦਾ ਨਾਂ ਚੋਟੀ ਦੀਆਂ ਫਿਲਮੀ ਗਾਇਕਾਵਾਂ ਵਿੱਚ ਸ਼ੁਮਾਰ ਹੋਣ ਲੱਗਾ। ਇਸ ਫਿਲਮ ਦਾ ਸੰਗੀਤ ਤਿਆਰ ਕੀਤਾ ਸੀ ਸੰਗੀਤਕਾਰ ਜੀ.ਏ. ਚਿਸ਼ਤੀ ਨੇ। ਇਸ ਫਿਲਮ ਦਾ ਇੱਕ ਗੀਤ ਜਿਸ ਦੇ ਬੋਲ ਹਨ, ‘ਛੱਡ ਜਾਵੀਂ ਨਾ ਚੰਨਾ ਬਾਂਹ ਫੜ ਕੇ, ਹਾਏ ਵੇ ਡੋਲੇ ਕਾਲਜਾ ਮੇਰਾ ਤੇ ਦਿਲ ਧੜਕੇ’ ਬੇਹੱਦ ਮਕਬੂਲ ਗੀਤ ਹੈ ਜਿਸ ਨੂੰ ਅੱਜ ਵੀ ਸੰਗੀਤ ਪ੍ਰੇਮੀ ਬੇਹੱਦ ਸ਼ੌਕ ਨਾਲ ਸੁਣਨਾ ਪਸੰਦ ਕਰਦੇ ਹਨ। ਇਸੇ ਫਿਲਮ ਵਿੱਚ ਜ਼ੁਬੈਦਾ ਖਾਨੁਮ ਨੇ ਇਨਾਇਤ ਹੁਸੈਨ ਭੱਟੀ ਨਾਲ ਦੋ ਸਦਾਬਹਾਰ ਗੀਤ ਗਾਏ ਸਨ।

ਸਾਲ 1955 ਵਿੱਚ ਰਿਲੀਜ਼ ਹੋਈਆਂ 19 ਫਿਲਮਾਂ ਵਿੱਚੋਂ 8 ਵਿੱਚ ਜ਼ੁਬੈਦਾ ਖਾਨੁਮ ਨੂੰ ਲਗਭਗ ਚਾਰ ਦਰਜਨ ਗੀਤ ਗਾਉਣ ਦਾ ਮੌਕਾ ਮਿਲਿਆ। ਉਸ ਸਾਲ ਪੰਜਾਬੀ ਅਤੇ ਉਰਦੂ ਫਿਲਮਾਂ ਵਿੱਚ ਹਰ ਚੌਥਾ ਗੀਤ ਜ਼ੁਬੈਦਾ ਖਾਨੁਮ ਦੁਆਰਾ ਗਾਇਆ ਗਿਆ ਸੀ। ਉਸ ਸਾਲ ਜ਼ੁਬੈਦਾ ਦੀਆਂ ਜਿਨ੍ਹਾਂ ਫਿਲਮਾਂ ਵਿੱਚ ਗਾਏ ਗੀਤ ਸੁਪਰ ਹਿੱਟ ਹੋਏ, ਉਹ ਸਨ ਪੰਜਾਬੀ ਫਿਲਮ ‘ਹੀਰ’ ਅਤੇ ‘ਪਾਟੇ ਖਾਂ’। 28 ਅਕਤੂਬਰ 1955 ਨੂੰ ਰਿਲੀਜ਼ ਹੋਈ ‘ਹੀਰ’ ਪੰਜਾਬ ਦੀ ਪ੍ਰਸਿੱਧ ਲੋਕ ਦਾਸਤਾਨ ਹੀਰ ਰਾਂਝਾ ’ਤੇ ਆਧਾਰਿਤ ਸੀ ਜਿਸ ਵਿੱਚ ਅਦਾਕਾਰਾ ਸਵਰਨ ਲਤਾ ਨੇ ਹੀਰ ਦਾ ਕਿਰਦਾਰ ਅਦਾ ਕੀਤਾ ਸੀ ਜਿਸ ’ਤੇ ਫਿਲਮਾਇਆ ਇਹ ਗੀਤ ‘ਅਸਾਂ ਜਾਣ ਕੇ ਮੀਟ ਲਈ ਅੱਖ ਵੇ ਝੂਠੀ ਮੂਠੀ ਦਾ ਪਾ ਲਿਆ ਈ ਕੱਖ ਵੇ ਕੇ ਸਾਡੇ ਵੱਲ ਤੱਕ ਸੱਜਣਾ’ ਨੂੰ ਬੇਹੱਦ ਸ਼ੁਹਰਤ ਹਾਸਲ ਹੋਈ। ਇਸ ਫਿਲਮ ਦਾ ਇੱਕ ਹੋਰ ਗੀਤ ‘ਬੱਦਲ ਨੂੰ ਹੱਥ ਲਾਵਾਂ ਤੇ ਉੱਡੀ ਉੱਡੀ ਜਾਵਾਂ ਹਵਾ ਦੇ ਨਾਲ’ ਵੀ ਸੁਪਰਹਿੱਟ ਗੀਤ ਹੈ।

ਇਸੇ ਸਾਲ 18 ਨਵੰਬਰ 1955 ਨੂੰ ਰਿਲੀਜ਼ ਹੋਈ ਫਿਲਮ ‘ਪਾਟੇ ਖਾਨ’ ਵਿੱਚ ਜ਼ੁਬੈਦਾ ਖਾਨੁਮ, ਨੂਰਜਹਾਂ ਲਈ ਇੱਕ ਲੋਰੀ ਗਾਉਂਦੀ ਹੋਈ ਸਿਲਵਰ ਸਕਰੀਨ ’ਤੇ ਨਜ਼ਰ ਆਈ। ਇਸ ਫਿਲਮ ਵਿੱਚ ਜ਼ੁਬੈਦਾ ਨੇ ਪਲੇਅ ਬੈਕ ਗੀਤ ਗਾਉਣ ਤੋਂ ਇਲਾਵਾ ਮੈਡਮ ਨੂਰਜਹਾਂ ਨਾਲ ਪਹਿਲੀ ਵਾਰ ਫਿਲਮੀ ਪਰਦੇ ’ਤੇ ਅਦਾਕਾਰੀ ਵੀ ਕੀਤੀ। ਮੈਡਮ ਨੂਰਜਹਾਂ ਨੇ ਇਸ ਫਿਲਮ ਵਿੱਚ ਮੁੱਖ ਕਿਰਦਾਰ ਅਦਾ ਕੀਤਾ ਸੀ ਤੇ ਜ਼ੁਬੈਦਾ ਖਾਨੁਮ ਨੇ ਇਸ ਫਿਲਮ ਵਿੱਚ ਕਾਮੇਡੀਅਨ ਜ਼ਰੀਫ ਦੀ ਨਾਇਕਾ ਦਾ ਕਿਰਦਾਰ ਅਦਾ ਕੀਤਾ ਸੀ।

ਸਾਲ 1955 ਤੋਂ ਬਾਅਦ ਜ਼ੁਬੈਦਾ ਖਾਨੁਮ ਦਾ ਫਿਲਮੀ ਸੰਗੀਤ ’ਤੇ ਏਕਾਧਿਕਾਰ ਦਾ ਦੌਰ ਸ਼ੁਰੂ ਹੋ ਗਿਆ ਸੀ ਜੋ 1961 ਤੱਕ ਉਸ ਦੇ ਫਿਲਮੀ ਦੁਨੀਆ ਨੂੰ ਅਲਵਿਦਾ ਕਹਿਣ ਤੱਕ ਕਾਇਮ ਰਿਹਾ। ਆਪਣੇ ਗਾਇਕੀ ਦੇ ਸੱਤ ਸਾਲਾਂ ਵਿੱਚ ਜ਼ੁਬੈਦਾ ਨੇ ਆਪਣੀਆਂ ਸਮਕਾਲੀ ਗਾਇਕਾਵਾਂ ਨਾਲੋਂ ਕਈ ਗੁਣਾ ਵੱਧ ਗੀਤ ਗਾਏ ਜੋ ਫਿਲਮਾਂ ਵਿੱਚ ਉਸ ਦੇ ਗੀਤਾਂ ਦੀ ਮੰਗ ਅਤੇ ਮਕਬੂਲੀਅਤ ਦੀ ਮੂੰਹ ਬੋਲਦੀ ਤਸਵੀਰ ਸੀ।

ਜ਼ੁਬੈਦਾ ਖਾਨੁਮ ਦਾ ਸਭ ਤੋਂ ਪਸੰਦੀਦਾ ਗੀਤ ਜਿਸ ਨੂੰ ਗੀਤਕਾਰ ਅਹਿਮਦ ਰਾਹੀ ਨੇ ਲਿਖਿਆ ਸੀ ਤੇ ਜਿਸ ਦੀ ਧੁਨ ਸੰਗੀਤਕਾਰ ਜੀ.ਏ. ਚਿਸ਼ਤੀ ਨੇ ਬਣਾਈ ਸੀ, ਉਹ ਪੰਜਾਬੀ ਫਿਲਮ ‘ਜੱਟੀ’ (1958) ਵਿੱਚ ਅਦਾਕਾਰਾ ਮੁਸੱਰਤ ਨਜ਼ੀਰ ਉੱਤੇ ਫਿਲਮਾਇਆ ਗਿਆ ਸੀ ਜਿਸ ਦੇ ਬੋਲ ਸਨ;

ਮੇਰੀ ਚੁੰਨੀ ਦੀਆਂ ਰੇਸ਼ਮੀ ਤੰਦਾਂ

ਵੇ ਮੈਂ ਘੁੱਟ ਘੁੱਟ ਦੇਂਦੀ ਆਂ ਗੰਢਾਂ

ਕੇ ਚੰਨਾ ਤੇਰੀ ਯਾਦ ਨਾ ਭੁੱਲੇ।

ਆਪਣੇ ਕਰੀਅਰ ਦੇ ਸਿਖਰ ’ਤੇ ਪਹੁੰਚ ਕੇ ਫਿਲਮੀ ਦੁਨੀਆ ਨੂੰ ਅਲਵਿਦਾ ਕਹਿਣ ਵਾਲੀ ਜ਼ੁਬੈਦਾ ਖਾਨੁਮ ਨੇ 152 ਫਿਲਮਾਂ ਵਿੱਚ ਲਗਭਗ 595 ਗੀਤ ਗਾਏ ਜਿਨ੍ਹਾਂ ਵਿੱਚ 44 ਪੰਜਾਬੀ ਫਿਲਮਾਂ ਲਈ 216 ਗੀਤ ਅਤੇ 108 ਉਰਦੂ ਫਿਲਮਾਂ ਲਈ 379 ਦੇ ਕਰੀਬ ਗੀਤ ਸਨ। ਉਸ ਨੂੰ ਇੱਕ ਕੈਲੰਡਰ ਸਾਲ ਵਿੱਚ ਸੌ ਤੋਂ ਵੱਧ ਗੀਤ ਗਾਉਣ ਵਾਲੀ ਪਹਿਲੀ ਗਾਇਕਾ ਹੋਣ ਦਾ ਵਿਲੱਖਣ ਮਾਣ ਵੀ ਹਾਸਲ ਸੀ।

ਜ਼ੁਬੈਦਾ ਖਾਨੁਮ ਨੇ 1960 ਦੇ ਕਰੀਬ ਫਿਲਮ ਕੈਮਰਾਮੈਨ ਰਿਆਜ਼ ਬੁਖਾਰੀ ਨਾਲ ਵਿਆਹ ਕਰਵਾ ਲਿਆ, ਜੋ ਪ੍ਰਸਿੱਧ ਨਿਰਦੇਸ਼ਕ ਜਾਫ਼ਰ ਬੁਖਾਰੀ ਦਾ ਭਰਾ ਸੀ। ਉਨ੍ਹਾਂ ਦੇ ਘਰ ਚਾਰ ਬੱਚਿਆਂ ਨੇ ਜਨਮ ਲਿਆ ਜਿਨ੍ਹਾਂ ਵਿੱਚੋਂ ਉਨ੍ਹਾਂ ਦਾ ਇੱਕ ਪੁੱਤਰ ਫੈਜ਼ਲ ਬੁਖਾਰੀ ਅੱਜ ਸਿਨੇ ਜਗਤ ਦਾ ਇੱਕ ਪ੍ਰਸਿੱਧ ਫੋਟੋਗ੍ਰਾਫਰ ਅਤੇ ਫਿਲਮ ਨਿਰਦੇਸ਼ਕ ਹੈ। ਘਰ ਪਰਿਵਾਰ ਲਈ ਆਪਣੇ ਗਾਇਕੀ ਦੇ ਸ਼ਾਨਦਾਰ ਕਰੀਅਰ ਨੂੰ ਅਲਵਿਦਾ ਕਹਿਣ ਵਾਲੀ ਜ਼ੁਬੈਦਾ ਖਾਨੁਮ ਨੇ ਮੁੜ ਕੇ ਕਦੀ ਫਿਲਮਾਂ ਵਿੱਚ ਵਾਪਸੀ ਨਾ ਕੀਤੀ ਅਤੇ ਉਹ ਸਾਰੀ ਉਮਰ ਆਪਣੀ ਘਰੇਲੂ ਜ਼ਿੰਦਗੀ ਵਿੱਚ ਹੀ ਰੁੱਝੀ ਰਹੀ।

ਉਸ ਨੇ ਲਾਹੌਰ ਵਿਖੇ ਆਪਣੇ ਘਰ ਪਰਿਵਾਰ ਵਿੱਚ ਖੁਸ਼ਹਾਲ ਜ਼ਿੰਦਗੀ ਬਤੀਤ ਕੀਤੀ ਤੇ ਅਖੀਰ 19 ਅਕਤੂਬਰ 2013 ਨੂੰ ਦਿਲ ਦੀ ਧੜਕਣ ਰੁਕ ਜਾਣ ਕਾਰਨ ਉਸ ਦਾ ਦੇਹਾਂਤ ਹੋ ਗਿਆ। ਸੰਗੀਤ ਦੀ ਦੁਨੀਆ ਵਿੱਚ ਉਸ ਦਾ ਨਾਂ ਸਦਾ ਗੂੰਜਦਾ ਰਹੇਗਾ।

ਸੰਪਰਕ: 94646-28857

Advertisement
×