DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ॥

ਸਾਉਣ ਦਾ ਮਹੀਨਾ ਪੰਜਾਬ ਦੀ ਰੂਹ ਵਿੱਚ ਵੱਸਿਆ ਹੋਇਆ ਉਹ ਸੁਨਹਿਰੀ ਅਹਿਸਾਸ ਹੈ ਜੋ ਕੁਦਰਤ ਦੀ ਖ਼ੂਬਸੂਰਤੀ, ਲੋਕ-ਜੀਵਨ ਦੀ ਸਾਦਗੀ, ਖੇਤੀਬਾੜੀ ਦੀ ਆਸ, ਰਿਸ਼ਤਿਆਂ ਦੀ ਮਿਠਾਸ ਅਤੇ ਰੂਹਾਨੀਅਤ ਦੀ ਮਹਿਕ ਨੂੰ ਆਪਣੇ ਅੰਦਰ ਸਮੋਈ ਬੈਠਾ ਹੈ। ਪੰਜਾਬ ਦੇ ਜਨ-ਜੀਵਨ, ਪ੍ਰਕਿਰਤੀ...

  • fb
  • twitter
  • whatsapp
  • whatsapp
Advertisement

ਸਾਉਣ ਦਾ ਮਹੀਨਾ ਪੰਜਾਬ ਦੀ ਰੂਹ ਵਿੱਚ ਵੱਸਿਆ ਹੋਇਆ ਉਹ ਸੁਨਹਿਰੀ ਅਹਿਸਾਸ ਹੈ ਜੋ ਕੁਦਰਤ ਦੀ ਖ਼ੂਬਸੂਰਤੀ, ਲੋਕ-ਜੀਵਨ ਦੀ ਸਾਦਗੀ, ਖੇਤੀਬਾੜੀ ਦੀ ਆਸ, ਰਿਸ਼ਤਿਆਂ ਦੀ ਮਿਠਾਸ ਅਤੇ ਰੂਹਾਨੀਅਤ ਦੀ ਮਹਿਕ ਨੂੰ ਆਪਣੇ ਅੰਦਰ ਸਮੋਈ ਬੈਠਾ ਹੈ। ਪੰਜਾਬ ਦੇ ਜਨ-ਜੀਵਨ, ਪ੍ਰਕਿਰਤੀ ਅਤੇ ਸੱਭਿਆਚਾਰ ਵਿੱਚ ਇਸ ਮਹੀਨੇ ਦੇ ਸੁਹੱਪਣ ਦੀ ਗਵਾਹੀ ਸਾਡਾ ਅਮੀਰ ਸਾਹਿਤ ਅਤੇ ਪਵਿੱਤਰ ਗੁਰਬਾਣੀ ਦੋਵੇਂ ਭਰਦੇ ਹਨ।

ਹਾੜ੍ਹ ਦੀ ਤਪਦੀ-ਬਲਦੀ ਲੂਅ ਅਤੇ ਅੱਤ ਦੀ ਗਰਮੀ ਤੋਂ ਬਾਅਦ ਜਦੋਂ ਅੰਬਰਾਂ ’ਤੇ ਕਾਲੀਆਂ-ਘੋਰ ਘਟਾਵਾਂ ਪਾਣੀ ਲਿਆ ਕੇ ਵਰਖਾ ਕਰਦੀਆਂ ਹਨ ਤਾਂ ਹਰ ਰੂਹ ਠਰ ਜਾਂਦੀ ਹੈ। ਇਸ ਦੇ ਨਾਲ ਹਰ ਮਨੁੱਖ, ਜੀਵ-ਜੰਤੂ, ਪਸ਼ੂ, ਪੰਛੀ ਤੇ ਬਨਸਪਤੀ ਅੰਦਰ ਖੁਸ਼ੀਆਂ ਦੀਆਂ ਤਰੰਗਾਂ ਆਪ ਮੁਹਾਰੇ ਛਿੜ ਜਾਂਦੀਆਂ ਹਨ। ਇਹ ਮਹੀਨਾ ਕੇਵਲ ਰੁੱਤ ਬਦਲਣ ਦਾ ਪ੍ਰਤੀਕ ਨਹੀਂ ਬਲਕਿ ਇਹ ਮਨੁੱਖੀ ਮਨ ਦੇ ਖੇੜੇ, ਕੁਦਰਤ ਦੀ ਰਹਿਮਤ ਅਤੇ ਰੱਬੀ ਮਿਲਾਪ ਦੀ ਤਾਂਘ ਦਾ ਸੁਨੇਹਾ ਹੈ। ਪੰਜਾਬ ਦੀ ਕਿਸਾਨੀ, ਨੌਜਵਾਨੀ ਅਤੇ ਖਾਸ ਕਰਕੇ ਮੁਟਿਆਰਾਂ ਦੇ ਚਾਵਾਂ-ਮਲਾਰਾਂ ਦਾ ਇਸ ਮਹੀਨੇ ਨਾਲ ਬਹੁਤ ਗੂੜ੍ਹਾ ਸਬੰਧ ਹੈ। ਸਾਉਣ ਦੀਆਂ ਫੁਹਾਰਾਂ ਧਰਤੀ ਦੀ ਹਿੱਕ ਠਾਰਦੀਆਂ ਹਨ ਅਤੇ ਚਾਰ ਚੁਫ਼ੇਰੇ ਹਰਿਆਲੀ ਦੀ ਅਜਿਹੀ ਚਾਦਰ ਵਿਛਾ ਦਿੰਦੀਆਂ ਹਨ ਜਿਸ ਨੂੰ ਵੇਖ ਕੇ ਹਰ ਜੀਵ-ਜੰਤੂ ਗਦ-ਗਦ ਹੋ ਉੱਠਦਾ ਹੈ। ਸਾਉਣ ਸਿਰਫ਼ ਰੁੱਤ ਦਾ ਨਾਮ ਨਹੀਂ ਸਗੋਂ ਪੰਜਾਬੀ ਸੱਭਿਆਚਾਰ ਦੀ ਧੜਕਣ, ਲੋਕ-ਸਾਹਿਤ ਦੀ ਰੂਹ ਅਤੇ ਗੁਰਬਾਣੀ ਦੇ ਰੂਹਾਨੀ ਸੰਦੇਸ਼ ਦਾ ਪ੍ਰਤੀਕ ਹੈ।

Advertisement

ਜਦੋਂ ਧਰਤੀ ਮੀਂਹ ਦੀ ਪਹਿਲੀ ਬੂੰਦ ਨੂੰ ਆਪਣੇ ਸੀਨੇ ਨਾਲ ਲਾਉਂਦੀ ਹੈ ਤਾਂ ਸੁੱਕੀ ਮਿੱਟੀ ਵਿੱਚੋਂ ਉੱਠਦੀ ਮਹਿਕ ਮਨੁੱਖ ਦੇ ਮਨ ਨੂੰ ਵੀ ਤਾਜ਼ਗੀ ਨਾਲ ਭਰ ਦਿੰਦੀ ਹੈ। ਹਵਾ ਵਿੱਚ ਠੰਢਕ, ਰੁੱਖਾਂ ਦੀ ਹਰਿਆਵਲ, ਪੰਛੀਆਂ ਦੀ ਚਹਿਚਹਾਟ ਅਤੇ ਖੇਤਾਂ ਦੀ ਲਹਿਰਾਉਂਦੀ ਫ਼ਸਲ ਇਹ ਅਹਿਸਾਸ ਕਰਵਾਉਂਦੀ ਹੈ ਕਿ ਕੁਦਰਤ ਆਪਣੇ ਸਿਰਜਣਹਾਰ ਦੀ ਉਸਤਤਿ ਵਿੱਚ ਲੀਨ ਹੈ।

Advertisement

ਗੁਰਬਾਣੀ ਵਿੱਚ ਸਾਉਣ ਦੇ ਮਹੀਨੇ ਨੂੰ ਜੀਵ-ਇਸਤਰੀ ਅਤੇ ਪਰਮਾਤਮਾ ਦੇ ਮਿਲਾਪ ਦੇ ਇੱਕ ਅਲੌਕਿਕ ਰੂਪ ਵਜੋਂ ਚਿਤਰਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ‘ਬਾਰਹਮਾਹਾ’ ਦੀ ਬਾਣੀ ਵਿੱਚ ਸਾਉਣ ਦੇ ਮਹੀਨੇ ਦਾ ਜ਼ਿਕਰ ਬੜੇ ਸੁਹਜਮਈ ਅਤੇ ਅਧਿਆਤਮਕ ਰੰਗ ਵਿੱਚ ਆਉਂਦਾ ਹੈ। ਸਾਉਣ ਦੇ ਮਹੀਨੇ ਨੂੰ ਪ੍ਰਭੂ-ਮਿਲਾਪ ਦੀ ਤਾਂਘ ਨਾਲ ਜੋੜਦਿਆਂ ਸ੍ਰੀ ਗੁਰੂ ਅਰਜਨ ਦੇਵ ਜੀ ‘ਬਾਰਹਮਾਹਾ ਮਾਂਝ’ ਵਿੱਚ ਫੁਰਮਾਉਂਦੇ ਹਨ:

ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ॥

ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ॥

***

ਨਾਨਕ ਹਰਿ ਜੀ ਮਇਆ ਕਰ ਸਬਦਿ ਸਵਾਰਣਹਾਰੁ॥

ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ॥

ਇਹ ਸਿਰਫ਼ ਵਰਖਾ ਦਾ ਵਰਣਨ ਨਹੀਂ ਸਗੋਂ ਉਸ ਮਨ ਦੀ ਅਵਸਥਾ ਦਾ ਚਿੱਤਰ ਹੈ ਜੋ ਪਰਮਾਤਮਾ ਦੇ ਮਿਲਾਪ ਦੀ ਵਰਖਾ ਨਾਲ ਖਿੜ ਉੱਠਦਾ ਹੈ। ਜਿਵੇਂ ਮੀਂਹ ਨਾਲ ਧਰਤੀ ਹਰੀ-ਭਰੀ ਹੋ ਜਾਂਦੀ ਹੈ ਤਿਵੇਂ ਹੀ ਨਾਮ ਦੀ ਵਰਖਾ ਨਾਲ ਮਨੁੱਖ ਆਤਮਿਕ ਤੌਰ ’ਤੇ ਸੰਤੁਸ਼ਟ ਹੋ ਜਾਂਦਾ ਹੈ। ਇਸ ਰਚਨਾ ਰਾਹੀਂ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਸਾਉਣ ਦੇ ਮਹੀਨੇ ਵਿੱਚ (ਮੀਂਹ ਪੈਣ ਕਾਰਨ ਕੁਦਰਤ ਵਾਂਗ) ਉਹ ਜੀਵ-ਇਸਤਰੀ ਹਰੀ-ਭਰੀ (ਪ੍ਰਸੰਨ-ਚਿੱਤ) ਹੁੰਦੀ ਹੈ ਜਿਸ ਦਾ ਪਿਆਰ ਪ੍ਰਭੂ ਦੇ ਚਰਨ-ਕਮਲਾਂ ਨਾਲ ਪੈ ਜਾਂਦਾ ਹੈ। ਉਸ ਦਾ ਮਨ ਅਤੇ ਤਨ ਇੱਕ ਪਰਮਾਤਮਾ ਦੇ ਪ੍ਰੇਮ-ਰੰਗ ਵਿੱਚ ਰੰਗਿਆ ਜਾਂਦਾ ਹੈ ਅਤੇ ਉਸ ਨੂੰ ਸੱਚੇ ਸ਼ਬਦ ਦਾ ਆਸਰਾ ਮਿਲ ਜਾਂਦਾ ਹੈ।

ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ‘ਬਾਰਹਮਾਹਾ ਤੁਖਾਰੀ’ ਵਿੱਚ ਸਾਉਣ ਰੁੱਤ ਦੀ ਕੁਦਰਤੀ ਸੁੰਦਰਤਾ ਦਾ ਬੜਾ ਹੀ ਮਨਮੋਹਕ ਨਕਸ਼ਾ ਖਿੱਚਦੇ ਹੋਏ ਲਿਖਦੇ ਹਨ:

ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ॥

ਮੈ ਮਨਿ ਤਨਿ ਸਹੁ ਭਾਵੈ ਪਿਰ ਪਰਦੇਸਿ ਸਿਧਾਏ॥

ਜਦੋਂ ਸਾਉਣ ਵਿੱਚ ਅੰਮ੍ਰਿਤ-ਰੂਪੀ ਜਲ ਦੀ ਵਰਖਾ ਹੁੰਦੀ ਹੈ ਤਾਂ ਧਰਤੀ ਰਸਦਾਰ ਹੋ ਜਾਂਦੀ ਹੈ ਅਤੇ ਜੰਗਲ ਸਭ ਪ੍ਰਭੂ ਦੀ ਰਹਿਮਤ ਦੇ ਰਸ ਵਿੱਚ ਭਿੱਜ ਜਾਂਦੇ ਹਨ। ਇਸ ਮੌਸਮ ਵਿੱਚ ਗੁਰੂ ਸਾਹਿਬ ਉਸ ਜੀਵ-ਇਸਤਰੀ ਦਾ ਦਰਦ ਵੀ ਬਿਆਨ ਕਰਦੇ ਹਨ ਜੋ ਪ੍ਰਭੂ-ਮਿਲਾਪ ਤੋਂ ਵਾਂਝੀ ਹੈ। ਸਾਉਣ ਦੇ ਮਹੀਨੇ ਜਿੱਥੇ ਬਾਗ਼ਾਂ ਵਿੱਚ ਮੋਰ ਬੋਲਦੇ ਹਨ, ਕੋਇਲਾਂ ਕੂਕਦੀਆਂ ਹਨ ਅਤੇ ਡੱਡੂ ਰਣਝੁਣ ਲਾਉਂਦੇ ਹਨ, ਉੱਥੇ ਪਤੀ ਤੋਂ ਵਿੱਛੜੀ ਜੀਵ-ਇਸਤਰੀ ਨੂੰ ਇਹ ਸੁਹਾਵਣਾ ਮੌਸਮ ਵੀ ਵੱਢ-ਵੱਢ ਖਾਂਦਾ ਹੈ। ਗੁਰਬਾਣੀ ਦਾ ਇਹ ਸਾਹਿਤਕ ਅਤੇ ਅਧਿਆਤਮਕ ਪੱਖ ਮਨੁੱਖ ਨੂੰ ਕੁਦਰਤ ਦੇ ਹਰ ਰੰਗ ਵਿੱਚੋਂ ਕਰਤਾਰ ਦੇ ਦਰਸ਼ਨ ਕਰਨ ਦੀ ਜਾਚ ਸਿਖਾਉਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਸਾਉਣ ਦੇ ਮਹੀਨੇ ਦਾ ਜ਼ਿਕਰ ਕੁਝ ਇਸ ਤਰ੍ਹਾਂ ਵੀ ਕੀਤਾ ਹੈ:

ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ॥

ਅਸਲ ਵਿੱਚ ਸਾਉਣ ਦੇ ਮਹੀਨੇ ਦਾ ਮੌਸਮ ਸਾਨੂੰ ਇਹ ਵੀ ਸਿਖਾਉਂਦਾ ਹੈ ਕਿ ਜੀਵਨ ਵਿੱਚ ਸੁੱਕੇ ਸਮੇਂ ਸਦਾ ਨਹੀਂ ਰਹਿੰਦੇ। ਜਿਵੇਂ ਤਪਦੀ ਧਰਤੀ ਉੱਤੇ ਮੀਂਹ ਵਰਸਦਾ ਹੈ, ਉਸੇ ਤਰ੍ਹਾਂ ਦੁੱਖਾਂ ਤੋਂ ਬਾਅਦ ਸੁੱਖ ਵੀ ਆਉਂਦੇ ਹਨ। ਇਸ ਲਈ ਮਨੁੱਖ ਨੂੰ ਹਮੇਸ਼ਾਂ ਆਸ, ਹੌਸਲੇ ਅਤੇ ਪਰਮਾਤਮਾ ’ਤੇ ਭਰੋਸੇ ਨਾਲ ਜੀਵਨ ਬਤੀਤ ਕਰਨਾ ਚਾਹੀਦਾ ਹੈ।

ਖੇਤੀ ਨਾਲ ਜੁੜੀ ਪੰਜਾਬ ਦੀ ਆਰਥਿਕਤਾ, ਲੋਕ-ਜੀਵਨ ਅਤੇ ਪੰਜਾਬੀ ਸੱਭਿਆਚਾਰ ਵਿੱਚ ਵੀ ਸਾਉਣ ਦਾ ਮਹੀਨਾ ਵਿਸ਼ੇਸ਼ ਸਥਾਨ ਰੱਖਦਾ ਹੈ। ਕਿਸਾਨ ਸਾਉਣ ਨੂੰ ਸਿਰਫ਼ ਮੌਸਮ ਨਹੀਂ ਸਮਝਦਾ ਸਗੋਂ ਆਪਣੀਆਂ ਉਮੀਦਾਂ ਦਾ ਮਹੀਨਾ ਮੰਨਦਾ ਹੈ। ਜੇਠ- ਹਾੜ੍ਹ ਦੇ ਸੋਕੇ ਤੋਂ ਬਾਅਦ ਸਾਉਣ ਦਾ ਮੀਂਹ ਕਿਸਾਨ ਦੇ ਮਨ ਅੰਦਰ ਝੋਨੇ ਦੀ ਫ਼ਸਲ, ਮੱਕੀ ਦੇ ਖੇਤ ਅਤੇ ਹਰਿਆਲੀ ਨਾਲ ਭਰਪੂਰ ਵਾਤਾਵਰਨ ਉਸ ਦੀ ਸਾਲ ਭਰ ਦੀ ਮਿਹਨਤ ਨੂੰ ਬੂਰ ਪੈਣ ਦੀ ਆਸ ਜਗਾਉਂਦਾ ਹੈ। ਮੀਂਹ ਦੀ ਹਰ ਬੂੰਦ ਉਸ ਨੂੰ ਰੱਬ ਦੀ ਬਖ਼ਸ਼ਿਸ਼ ਪ੍ਰਤੀਤ ਹੁੰਦੀ ਹੈ। ਜਦੋਂ ਖੇਤ ਲਹਿਰਾਉਂਦੇ ਹਨ ਤਾਂ ਕਿਸਾਨ ਦੇ ਚਿਹਰੇ ਵੀ ਅਲੌਕਿਕ ਮੁਸਕਾਨ ਨਾਲ ਖਿੜ ਜਾਂਦੇ ਹਨ।

ਪੰਜਾਬੀ ਸਾਹਿਤ ਵਿੱਚ ਸਾਉਣ ਦਾ ਵਰਣਨ ਅਨੇਕਾਂ ਕਵੀਆਂ ਨੇ ਬੜੀ ਰੂਹਾਨੀ ਅਤੇ ਭਾਵਪੂਰਨ ਸ਼ੈਲੀ ਵਿੱਚ ਕੀਤਾ ਹੈ। ਲੋਕ-ਕਾਵਿ, ਮਾਹੀਆਂ, ਟੱਪੇ, ਬੋਲੀਆਂ ਅਤੇ ਕਿੱਸਿਆਂ ਵਿੱਚ ਸਾਉਣ ਦਾ ਮਹੀਨਾ ਪ੍ਰੇਮ ਅਤੇ ਮਿਲਾਪ ਦਾ ਪ੍ਰਤੀਕ ਬਣ ਕੇ ਸਾਹਮਣੇ ਆਉਂਦਾ ਹੈ। ਕਵੀ ਅਕਸਰ ਸਾਉਣ ਦੇ ਬੱਦਲਾਂ ਨੂੰ ਸੰਦੇਸ਼ਵਾਹਕ ਅਤੇ ਮੀਂਹ ਨੂੰ ਦਿਲ ਦੀਆਂ ਭਾਵਨਾਵਾਂ ਦਾ ਪ੍ਰਤੀਕ ਬਣਾਉਂਦੇ ਹਨ।

ਪੰਜਾਬੀ ਲੋਕ-ਗੀਤਾਂ ਅਤੇ ਬੋਲੀਆਂ ਵਿੱਚ ਇਸ ਮਹੀਨੇ ਦੀ ਇੱਕ-ਇੱਕ ਕਣੀ ਵਿੱਚੋਂ ਮੁਟਿਆਰਾਂ ਦੇ ਦਿਲਾਂ ਦੀਆਂ ਧੜਕਣਾਂ ਸੁਣਾਈ ਦਿੰਦੀਆਂ ਹਨ। ਸਾਉਣ ਮਹੀਨੇ ਦਾ ਸਭ ਤੋਂ ਵੱਡਾ ਸੱਭਿਆਚਾਰਕ ਸਰਮਾਇਆ ‘ਤੀਆਂ ਦਾ ਤਿਉਹਾਰ’ ਹੈ। ਪੁਰਾਣੇ ਸਮਿਆਂ ਵਿੱਚ ਸਾਉਣ ਦੇ ਚਾਨਣ ਪੱਖ ਦੀ ਤੀਜ ਨੂੰ ਕੁੜੀਆਂ ਆਪਣੇ ਪੇਕੇ ਪਿੰਡ ਇਕੱਠੀਆਂ ਹੁੰਦੀਆਂ ਸਨ। ਪਿੰਡਾਂ ਦੀਆਂ ਸਾਂਝੀਆਂ ਥਾਵਾਂ ਵਿੱਚ ਪਿੱਪਲਾਂ ਅਤੇ ਬਰੋਟਿਆਂ ਦੀਆਂ ਉੱਚੀਆਂ ਟਾਹਣੀਆਂ ’ਤੇ ਪੀਂਘਾਂ ਪਾਈਆਂ ਜਾਂਦੀਆਂ ਸਨ। ਰੰਗ-ਬਿਰੰਗੇ ਲਿਬਾਸ, ਹੱਥਾਂ ’ਤੇ ਲੱਗੀ ਮਹਿੰਦੀ ਅਤੇ ਪੈਰਾਂ ਦੀਆਂ ਝਾਂਜਰਾਂ ਦੀ ਛਣਕਾਰ ਇਸ ਤਿਉਹਾਰ ਦੀ ਹਰਮਨਪਿਆਰਤਾ ਦੀ ਗਵਾਹੀ ਭਰਦੇ। ਲੋਕ-ਸਾਹਿਤ ਵਿੱਚ ਇਸ ਰੌਣਕ ਨੂੰ ਇੰਝ ਬਿਆਨ ਕੀਤਾ ਗਿਆ ਹੈ;

ਸਾਉਣ ਮਹੀਨਾ ਦਿਨ ਗਿੱਧੇ ਦੇ

ਸਭੇ ਸਹੇਲੀਆਂ ਆਈਆਂ।

ਉੱਚੇ ਪਿੱਪਲ ਪੀਂਘਾਂ ਪਾਈਆਂ

ਸਭ ਨੇ ਛਹਿਬਰਾਂ ਲਾਈਆਂ।

ਇਹ ਤਿਉਹਾਰ ਕੇਵਲ ਨੱਚਣ-ਗਾਉਣ ਦਾ ਸਾਧਨ ਨਹੀਂ ਸੀ, ਸਗੋਂ ਇਹ ਸਹੁਰੇ ਘਰ ਦੀਆਂ ਤੰਗੀਆਂ-ਤੁਰਸ਼ੀਆਂ ਅਤੇ ਕੰਮਾਂ-ਕਾਰਾਂ ਤੋਂ ਅੱਕੀਆਂ ਮੁਟਿਆਰਾਂ ਲਈ ਆਪਣੇ ਮਨ ਦਾ ਗੁਬਾਰ ਕੱਢਣ ਅਤੇ ਆਪਣੀਆਂ ਬਚਪਨ ਦੀਆਂ ਸਹੇਲੀਆਂ ਨੂੰ ਮਿਲਣ ਦਾ ਇੱਕ ਜ਼ਰੀਆ ਸੀ। ਇਸ ਮਹੀਨੇ ਦੇ ਚਾਅ, ਮਲ੍ਹਾਰ ਅਤੇ ਨਣਦ-ਭਰਜਾਈ ਜਿਹੇ ਰਿਸ਼ਤਿਆਂ ਦੀ ਸਾਂਝ ਵੀ ਲੋਕ ਬੋਲੀਆਂ ਵਿੱਚ ਬਾਖ਼ੂਬੀ ਪੇਸ਼ ਕੀਤੀ ਮਿਲਦੀ ਹੈ;

ਸਾਉਣ ਮਹੀਨਾ ਦਿਨ ਖੁਸ਼ੀਆਂ ਦੇ

ਕੁੜੀਆਂ ਰਲ਼ ਕੇ ਆਈਆਂ

ਨੱਚਣ ਕੁੱਦਣ ਝੂਟਣ ਪੀਂਘਾਂ

ਵੱਡੇ ਘਰਾਂ ਦੀਆਂ ਜਾਈਆਂ

ਆਹ ਲੈ ਫੜ ਮਿੱਤਰਾ

ਬਾਂਕਾਂ ਮੇਚ ਨਾ ਆਈਆਂ

ਗਿੱਧਾ ਪਾ ਰਹੀਆਂ ਨਣਦਾਂ ਤੇ ਭਰਜਾਈਆਂ।

ਸਾਉਣ ਮਹੀਨੇ ਲੱਗਦੀਆਂ ਗਿੱਧੇ ਦੀਆਂ ਰੌਣਕਾਂ ਵਿੱਚ ਜਿੱਥੇ ਹਾਸਾ-ਠੱਠਾ ਹੁੰਦਾ, ਉੱਥੇ ਹੀ ਕਈ ਵਾਰ ਨਵ-ਵਿਆਹੁਤਾ ਨੂੰ ਪੇਕਿਆਂ ਤੋਂ ਲੈਣ ਨਾ ਆਉਣ ਦਾ ਮਿਹਣਾ ਲੋਕ ਬੋਲੀ ਦੇ ਇਸ ਰੂਪ ਵਿੱਚ ਸਹਿਣ ਕਰਨਾ ਪੈਂਦਾ;

ਤੈਨੂੰ ਤੀਆਂ ’ਤੇ ਲੈਣ ਨਾ ਆਏ

ਨੀਂ ਬਹੁਤਿਆਂ ਭਰਾਵਾਂ ਵਾਲੀਏ।

ਸਾਉਣ ਦੇ ਮਹੀਨੇ ਪੇਕੇ ਆਈ ਨਵ-ਵਿਆਹੁਤਾ ਨੂੰ ਜਦੋਂ ਉਸ ਦਾ ਮਾਹੀ ਲੈਣ ਲਈ ਆਉਂਦਾ ਤਾਂ ਉਹ ਬੋਲੀ ਪਾ ਕੇ ਆਪਣਾ ਜਵਾਬ ਕੁਝ ਇਸ ਤਰ੍ਹਾਂ ਦਿੰਦੀ;

ਸਾਉਣ ਦਾ ਮਹੀਨਾ, ਵੇ ਤੂੰ ਆਇਆ ਗੱਡੀ ਜੋੜ ਕੇ।

ਮੈਂ ਨਹੀਂ ਸਹੁਰੇ ਜਾਣਾ ਗੱਡੀ ਲੈ ਜਾ ਖਾਲੀ ਮੋੜ ਕੇ।

***

ਸਾਉਣ ਦਾ ਮਹੀਨਾ ਪੈਂਦੀ ਤੀਆਂ ’ਚ ਧਮਾਲ ਵੇ।

ਮੁੜ ਜਾ ਸ਼ੌਕੀਨਾ ਮੈਂ ਨ੍ਹੀਂ ਜਾਣਾ ਤੇਰੇ ਨਾਲ ਵੇ।

ਪੰਜਾਬੀ ਰਸੋਈ ਵਿੱਚ ਵੀ ਸਾਉਣ ਆਪਣਾ ਇੱਕ ਵੱਖਰਾ ਸਵਾਦ ਲੈ ਕੇ ਆਉਂਦਾ ਹੈ। ਮੀਂਹ ਪੈਣ ’ਤੇ ਘਰ-ਘਰ ਵਿੱਚ ਖੀਰ ਅਤੇ ਪੂੜੇ ਬਣਾਉਣ ਦੀ ਪਰੰਪਰਾ ਸਦੀਆਂ ਪੁਰਾਣੀ ਹੈ। ਇਸ ਦੀ ਗਵਾਹੀ ਵੀ ਲੋਕ ਬੋਲੀ ਭਰਦੀ ਹੈ;

ਸਾਉਣ ਖੀਰ ਨਾ ਖਾਧੀਆ, ਕਿਉਂ ਜੰਮਿਓਂ ਅਪਰਾਧੀਆ।

ਯਾਨੀ ਕਿ ਸਾਉਣ ਦੇ ਮਹੀਨੇ ਖੀਰ-ਪੂੜੇ ਖਾਣਾ ਜੀਵਨ ਦੇ ਅਨੰਦ ਦਾ ਹਿੱਸਾ ਮੰਨਿਆ ਗਿਆ ਹੈ। ਇਸ ਤੋਂ ਇਲਾਵਾ ਗਰਮਾ-ਗਰਮ ਪਕੌੜੇ ਅਤੇ ਗੁਲਗੁਲੇ ਇਸ ਮੌਸਮ ਦੇ ਰਸ ਨੂੰ ਹੋਰ ਦੁੱਗਣਾ ਕਰ ਦਿੰਦੇ ਹਨ।

ਕੋਈ ਸਮਾਂ ਸੀ ਜਦੋਂ ਸਾਉਣ ਆਉਂਦਿਆਂ ਹੀ ਰੁੱਖਾਂ ਦੀਆਂ ਟਾਹਣੀਆਂ ’ਤੇ ਪੀਂਘਾਂ ਪਾਈਆਂ ਜਾਂਦੀਆਂ, ਮੁਟਿਆਰਾਂ ਰੰਗ-ਬਿਰੰਗੇ ਸੂਟ, ਪਰਾਂਦੇ ਅਤੇ ਚੂੜੀਆਂ ਪਾ ਕੇ ਝੂਟੇ ਦਾ ਅਨੰਦ ਲੈਂਦੀਆਂ। ਮੁਟਿਆਰਾਂ ਇਕੱਠੀਆਂ ਹੋ ਕੇ ਗਿੱਧਾ ਪਾਉਂਦੀਆਂ ਅਤੇ ਬੋਲੀਆਂ ਨਾਲ ਸਾਰਾ ਮਾਹੌਲ ਮਹਿਕਾਉਂਦੀਆਂ। ਸਾਉਣ ਦੀਆਂ ਬੋਲੀਆਂ ਵਿੱਚ ਕੇਵਲ ਮਨੋਰੰਜਨ ਨਹੀਂ ਹੁੰਦਾ ਸਗੋਂ ਇਨ੍ਹਾਂ ਵਿੱਚ ਸਾਡੇ ਸਮਾਜ ਤੇ ਲੋਕਾਂ ਦੇ ਦਿਲਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਹੁੰਦਾ ਹੈ। ਇਸ ਮੌਕੇ ਹੀ ਕਿਧਰੇ ਪ੍ਰੇਮ ਦੀ ਮਿਠਾਸ, ਕਿਧਰੇ ਵਿਛੋੜੇ ਦਾ ਦਰਦ, ਕਿਧਰੇ ਮਾਂ-ਧੀ ਦੇ ਪਿਆਰ ਦੀ ਗੱਲ ਅਤੇ ਕਿਧਰੇ ਕੁਦਰਤ ਦੀ ਸੁੰਦਰਤਾ ਸਭ ਕੁਝ ਲੋਕ ਗੀਤਾਂ ਵਿੱਚ ਝਲਕਦਾ ਹੈ।

ਅਜੋਕੇ ਸਮੇਂ ਸ਼ਹਿਰੀਕਰਨ ਅਤੇ ਆਧੁਨਿਕਤਾ ਦੇ ਦੌਰ ਨੇ ਜਿੱਥੇ ਹੋਰ ਬਹੁਤ ਕੁਝ ਬਦਲ ਦਿੱਤਾ ਹੈ, ਉੱਥੇ ਇਸ ਮਹੀਨੇ ਦੇ ਜਸ਼ਨਾਂ ਦੀਆਂ ਰੌਣਕਾਂ ਰੈਸਟੋਰੈਂਟਾਂ, ਹੋਟਲਾਂ ਅਤੇ ਪੈਲੇਸਾਂ ਤੱਕ ਹੀ ਸੀਮਤ ਹੁੰਦੀਆਂ ਜਾ ਰਹੀਆਂ ਹਨ। ਪਰ ਫਿਰ ਵੀ ਸਾਉਣ ਮਹੀਨੇ ਦੀ ਉਡੀਕ ਅਜੇ ਵੀ ਹਰ ਪੰਜਾਬਣ ਨੂੰ ਰਹਿੰਦੀ ਹੈ। ਸਾਉਣ ਮਹੀਨੇ ਹੋਣ ਵਾਲੇ ਤੀਆਂ ਦੇ ਸਮਾਗਮ, ਸੱਭਿਆਚਾਰਕ ਮੇਲੇ, ਗਿੱਧਾ, ਭੰਗੜਾ ਅਤੇ ਲੋਕ-ਗੀਤ ਅੱਜ ਵੀ ਸਾਡੀ ਵਿਰਾਸਤ ਨੂੰ ਜਿਊਂਦਾ ਰੱਖ ਰਹੇ ਹਨ। ਅਜੋਕੇ ਮਸ਼ੀਨੀ ਅਤੇ ਸ਼ਹਿਰੀਕਰਨ ਦੇ ਦੌਰ ਵਿੱਚ ਭਾਵੇਂ ਪਿੰਡਾਂ ਵਿੱਚੋਂ ਉਹ ਪੁਰਾਣੇ ਪਿੱਪਲ, ਬਰੋਟੇ ਅਤੇ ਸਾਂਝੀਆਂ ਸੱਥਾਂ ਦੀਆਂ ਰੌਣਕਾਂ ਲੋਪ ਹੋ ਰਹੀਆਂ ਹਨ ਅਤੇ ਰੁਝੇਵਿਆਂ ਭਰੀ ਜ਼ਿੰਦਗੀ ਕਾਰਨ ਤੀਆਂ ਦੇ ਪਿੜ ਵੀ ਸੁੰਗੜ ਗਏ ਹਨ, ਪਰ ਸਾਉਣ ਦੇ ਮਹੀਨੇ ਦੀ ਰੂਹਾਨੀਅਤ ਅਤੇ ਸੱਭਿਆਚਾਰਕ ਮਹੱਤਤਾ ਅੱਜ ਵੀ ਬਰਕਰਾਰ ਹੈ। ਅੱਜ ਵੀ ਜਦੋਂ ਸਾਉਣ ਦੀ ਪਹਿਲੀ ਕਣੀ ਧਰਤੀ ’ਤੇ ਡਿੱਗਦੀ ਹੈ ਤਾਂ ਹਰ ਪੰਜਾਬੀ ਦਾ ਮਨ ਅਮੀਰ ਵਿਰਸੇ, ਪਿੰਡ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਅਤੇ ਗੁਰਬਾਣੀ ਦੇ ਓਟ-ਆਸਰੇ ਵੱਲ ਖਿੱਚਿਆ ਜਾਂਦਾ ਹੈ। ਇਹ ਮਹੀਨਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਸੀਂ ਕੁਦਰਤ ਦੇ ਜਿੰਨੇ ਨੇੜੇ ਰਹਾਂਗੇ ਸਾਡੀ ਰੂਹ ਓਨੀ ਹੀ ਹਰੀ-ਭਰੀ ਅਤੇ ਅਨੰਦਿਤ ਰਹੇਗੀ।

ਸਾਉਣ ਦਾ ਮਹੀਨਾ ਸਾਨੂੰ ਕੇਵਲ ਮੌਸਮ ਦੀ ਤਬਦੀਲੀ ਨਹੀਂ ਦੱਸਦਾ ਸਗੋਂ ਮਨ ਦੀ ਤਬਦੀਲੀ ਦਾ ਸੰਦੇਸ਼ ਵੀ ਦਿੰਦਾ ਹੈ। ਜਦੋਂ ਮਨ ਵਿੱਚ ਪ੍ਰੇਮ, ਦਇਆ, ਨਿਮਰਤਾ ਅਤੇ ਨਾਮ ਦਾ ਮੀਂਹ ਵਰ੍ਹਦਾ ਹੈ, ਉਦੋਂ ਜੀਵਨ ਦੀ ਹਰ ਰੁੱਤ ਸਾਉਣ ਬਣ ਜਾਂਦੀ ਹੈ। ਇਹ ਪੰਜਾਬੀ ਸੱਭਿਆਚਾਰ ਦੀ ਅਸਲ ਰੂਹ ਹੈ ਅਤੇ ਇਹੀ ਗੁਰਬਾਣੀ ਦਾ ਸੰਦੇਸ਼ ਵੀ ਹੈ।

ਸੰਪਰਕ: 98140-44995

Advertisement
×