ਦਿਲ ਚਾਹਤਾ ਹੈ: ਜਿਸ ਨੇ ਦੋਸਤੀ ਦੀ ਪਰਿਭਾਸ਼ਾ ਹੀ ਬਦਲ ਦਿੱਤੀ
ਫਰਹਾਨ ਅਖ਼ਤਰ ਨੇ 25 ਸਾਲ ਪਹਿਲਾਂ ਨਿਰਦੇਸ਼ਕ ਵਜੋਂ ਜੋ ਪਲੇਠੀ ਫਿਲਮ ਬਣਾਈ ਸੀ, ਉਹ ਸਿਰਫ਼ ਇੱਕ ਫਿਲਮ ਨਹੀਂ ਸੀ। ਇਸ ਫਿਲਮ ਨੇ ਇੱਕ ਪੂਰੀ ਪੀੜ੍ਹੀ ਦੀ ਸੋਚ ਅਤੇ ਸੁਭਾਅ ਨੂੰ ਬਦਲ ਕੇ ਰੱਖ ਦਿੱਤਾ ਸੀ। ਸਾਲ 2001 ਵਿੱਚ ਜਦੋਂ ਦੱਖਣੀ...
ਫਰਹਾਨ ਅਖ਼ਤਰ ਨੇ 25 ਸਾਲ ਪਹਿਲਾਂ ਨਿਰਦੇਸ਼ਕ ਵਜੋਂ ਜੋ ਪਲੇਠੀ ਫਿਲਮ ਬਣਾਈ ਸੀ, ਉਹ ਸਿਰਫ਼ ਇੱਕ ਫਿਲਮ ਨਹੀਂ ਸੀ। ਇਸ ਫਿਲਮ ਨੇ ਇੱਕ ਪੂਰੀ ਪੀੜ੍ਹੀ ਦੀ ਸੋਚ ਅਤੇ ਸੁਭਾਅ ਨੂੰ ਬਦਲ ਕੇ ਰੱਖ ਦਿੱਤਾ ਸੀ। ਸਾਲ 2001 ਵਿੱਚ ਜਦੋਂ ਦੱਖਣੀ ਬੰਬਈ ਦੇ ਤਿੰਨ ਬਹੁਤ ਹੀ ਸੋਹਣੇ ਅਤੇ ਅਮੀਰ ਮੁੰਡੇ ਗੋਆ ਗਏ (ਜਿਵੇਂ ਕਿ ਇਸ ਫਿਲਮ ਵਿੱਚ ਦਿਖਾਇਆ ਗਿਆ) ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਭਾਰਤੀ ਮਰਦ ਉਹੀ ਸਫ਼ਰ ਦੁਹਰਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਭਾਵੇਂ ਉਨ੍ਹਾਂ ਦੇ ਸਿਰਾਂ ’ਤੇ ਵਾਲ ਪਹਿਲਾਂ ਵਰਗੇ ਨਾ ਰਹੇ ਹੋਣ। ਕਿਸੇ ਕਲਟ (cult) ਕਲਾਸਿਕ ਫਿਲਮ ਦੀ ਅਸਲ ਪਰਖ ਇਹ ਹੁੰਦੀ ਹੈ ਕਿ ਲੋਕ ਸਿਰਫ਼ ਉਸ ਦੇ ਡਾਇਲਾਗ ਹੀ ਨਾ ਬੋਲਣ, ਸਗੋਂ ਪੁਰਾਣੀਆਂ ਯਾਦਾਂ ਤੋਂ ਬਿਨਾਂ ਵੀ ਉਹ ਫਿਲਮ ਅੱਜ ਦੇ ਦੌਰ ਵਿੱਚ ਵੀ ਓਨੀ ਹੀ ਅਸਰਦਾਰ ਲੱਗੇ। ‘ਦਿਲ ਚਾਹਤਾ ਹੈ’ ਇਸ ਇਮਤਿਹਾਨ ਵਿੱਚ ਪੂਰੀ ਤਰ੍ਹਾਂ ਖ਼ਰੀ ਉਤਰਦੀ ਹੈ।
ਇੱਕ ਸੰਖੇਪ ਝਾਤ ਮਾਰੀਏ ਤਾਂ ਆਕਾਸ਼ (ਆਮਿਰ ਖ਼ਾਨ), ਸਮੀਰ (ਸੈਫ਼ ਅਲੀ ਖ਼ਾਨ) ਅਤੇ ਸਿਧਾਰਥ ਯਾਨੀ ਸਿਡ (ਅਕਸ਼ੈ ਖੰਨਾ) ਜਿਗਰੀ ਯਾਰ ਹਨ। ਉਹ ਇੰਨੇ ਅਮੀਰ ਹਨ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਦਿਖਾਵੇ ਵਾਲੀਆਂ ਹਨ। ਆਕਾਸ਼ ਇੱਕ ਅਜਿਹਾ ਬੇਪਰਵਾਹ ਮੁੰਡਾ ਹੈ ਜੋ ਪਿਆਰ ਨੂੰ ਇੱਕ ਧੋਖਾ ਸਮਝਦਾ ਹੈ। ਸਮੀਰ ਇੱਕ ਨਰਮ ਦਿਲ ਰੋਮਾਂਟਿਕ ਇਨਸਾਨ ਹੈ ਜੋ ਹਰ ਉਸ ਔਰਤ ਦੇ ਪਿਆਰ ਵਿੱਚ ਪੈ ਜਾਂਦਾ ਹੈ ਜਿਹੜੀ ਉਸ ਵੱਲ ਅੱਖ ਭਰ ਕੇ ਵੇਖ ਲਵੇ, ਜਿਸ ਵਿੱਚ ਜਹਾਜ਼ ਦੀ ਉਹ ਏਅਰਹੋਸਟੈੱਸ ਵੀ ਸ਼ਾਮਲ ਹੈ ਜਿਹੜੀ ‘ਜੀ ਆਇਆਂ ਨੂੰ’ ਆਖਦੀ ਹੈ। ਸਿਡ ਇੱਕ ਸੰਵੇਦਨਸ਼ੀਲ ਚਿੱਤਰਕਾਰ ਹੈ ਜੋ ਇੱਕ ਵੱਡੀ ਉਮਰ ਦੀ ਤਲਾਕਸ਼ੁਦਾ ਅਤੇ ਸ਼ਰਾਬ ਦੀ ਆਦੀ ਔਰਤ ਤਾਰਾ (ਡਿੰਪਲ ਕਪਾੜੀਆ) ਉੱਤੇ ਮੋਹਿਤ ਹੋ ਜਾਂਦਾ ਹੈ, ਕਿਉਂਕਿ ਉਹ ਇਸ ਪੂਰੇ ਗਰੁੱਪ ਵਿੱਚੋਂ ਇਕੱਲਾ ਅਜਿਹਾ ਸ਼ਖ਼ਸ ਹੈ ਜੋ ਕਿਤਾਬ ਪੜ੍ਹਨਾ ਜਾਣਦਾ ਹੈ।
ਉਹ ਲੜਦੇ ਹਨ, ਵੱਖ ਹੁੰਦੇ ਹਨ ਅਤੇ ਸਮਝਦਾਰ ਹੋ ਜਾਂਦੇ ਹਨ। ਬਸ, ਇਹੀ ਕਹਾਣੀ ਹੈ। ਇਸ ਵਿੱਚ ਕੋਈ ਖ਼ਲਨਾਇਕ ਨਹੀਂ ਹੈ, ਕੈਂਸਰ ਨਾਲ ਮਾਂ ਦੀ ਮੌਤ ਦਾ ਕੋਈ ਰੋਣਾ-ਧੋਣਾ ਨਹੀਂ ਹੈ ਅਤੇ ਨਾ ਹੀ ਦੇਸ਼ ਦੀ ਇੱਜ਼ਤ ਲਈ ਕੋਈ ਭਾਰਤ-ਪਾਕਿਸਤਾਨ ਦਾ ਕ੍ਰਿਕੇਟ ਮੈਚ ਜਿੱਤਣਾ ਹੈ। ਅਸਲ ਟਕਰਾਅ ਤਾਂ ਇਹ ਹੈ ਕਿ ਤੁਹਾਡੇ ਦੋਸਤ ਮੂਰਖ ਹੋ ਸਕਦੇ ਹਨ, ਪਰ ਫਿਰ ਵੀ ਤੁਸੀਂ ਉਨ੍ਹਾਂ ਨੂੰ ਬੇਪਨਾਹ ਪਿਆਰ ਕਰਦੇ ਹੋ। ਇਹ ਆਪਣੇ ਆਪ ਵਿੱਚ ਇੱਕ ਇਨਕਲਾਬੀ ਸੋਚ ਸੀ। ਫ਼ਰਹਾਨ ਅਖ਼ਤਰ ਨੇ ਇੱਕ ਬਹੁਤ ਵੱਡਾ ਬਦਲਾਅ ਲਿਆਂਦਾ, ਉਸ ਨੇ ਮਰਦਾਂ ਨੂੰ ਬਿਨਾਂ ਕਿਸੇ ਮਜ਼ਾਕ ਦੇ ਕਮਜ਼ੋਰ (ਭਾਵ ਆਪਣੇ ਅੰਦਰਲੇ ਜਜ਼ਬਾਤ ਨੂੰ ਖੁੱਲ੍ਹ ਕੇ ਜ਼ਾਹਰ ਕਰਨ ਵਾਲਾ) ਹੋਣ ਦਿੱਤਾ, ਅਤੇ ਉਨ੍ਹਾਂ ਵਿੱਚ ਬਿਨਾਂ ਕਿਸੇ ਮਸਖ਼ਰੀ ਜਾਂ ਜੋਕਰ ਬਣਾਏ ਹਾਸੋਹੀਣਾ ਸੁਭਾਅ ਵੀ ਰੱਖਿਆ।
‘ਦਿਲ ਚਾਹਤਾ ਹੈ’ ਤੋਂ ਪਹਿਲਾਂ ਬੌਲੀਵੁੱਡ ਵਿੱਚ ਦੋਸਤੀ ਜਾਂ ਯਾਰੀ ਦੇ ਦੋ ਹੀ ਰੂਪ ਵੇਖਣ ਨੂੰ ਮਿਲਦੇ ਸਨ। ਜਾਂ ਤਾਂ ਅਮਿਤਾਭ-ਧਰਮਿੰਦਰ ਦੀ ‘ਸ਼ੋਲੇ’ ਵਾਲੀ ਮਿਸਾਲ, ਜਿੱਥੇ ਯਾਰੀ ਦਾ ਮਤਲਬ ਖ਼ੂਨ ਦਾ ਰਿਸ਼ਤਾ ਜਾਂ ਕਸਮਾਂ ਹੁੰਦੀਆਂ ਸਨ, ਜਿਵੇਂ ‘ਤੂੰ ਮੇਰਾ ਭਾਈ ਹੈ।’ ਜਾਂ ਫਿਰ 90ਵਿਆਂ ਦਾ ਕਰਨ ਜੌਹਰ ਵਾਲਾ ਅੰਦਾਜ਼, ਜਿੱਥੇ ਦੋਸਤੀ ਸਿਰਫ਼ ਇੱਕ ਦਿਖਾਵਾ ਸੀ, ਜਿੱਥੇ ਦੋ ਜਣੇ ਇੱਕ ਕੁੜੀ ਲਈ ਲੜਦੇ ਹਨ ਅਤੇ ਅੰਤ ਵਿੱਚ ਇੱਕ ਜਣਾ ਕੁਰਬਾਨੀ ਦੇ ਦਿੰਦਾ ਹੈ।
ਅਖ਼ਤਰ ਨੇ ਯਾਰੀ ਦਾ ਇੱਕ ਤੀਜਾ ਹੀ ਰੂਪ ਸਾਹਮਣੇ ਲਿਆਂਦਾ। ਇਹ ਦੋਸਤ ਇੱਕ-ਦੂਜੇ ਲਈ ਜਾਨ ਨਹੀਂ ਦਿੰਦੇ, ਸਗੋਂ ਇੱਕ-ਦੂਜੇ ਦੀ ਕਮੀਜ਼ ਦਾ ਮਜ਼ਾਕ ਉਡਾਉਂਦੇ ਹਨ। ਉਹ ਤੁਹਾਡੀ ਪੁਰਾਣੀ ਪ੍ਰੇਮਿਕਾ ਦਾ ਨਾਂ ਸਿਰਫ਼ ਤੁਹਾਨੂੰ ਤੰਗ ਕਰਨ ਲਈ ਯਾਦ ਰੱਖਦੇ ਹਨ। ਉਹ ਜਾਣਦੇ ਹਨ ਕਿ ਤੁਸੀਂ ਗ਼ਲਤ ਹੋ ਅਤੇ ਉਹ ਚੁੱਪ ਕਰਕੇ ਉਦੋਂ ਤੱਕ ਉਡੀਕ ਕਰਦੇ ਹਨ ਜਦੋਂ ਤੱਕ ਤੁਹਾਨੂੰ ਆਪਣੀ ਗ਼ਲਤੀ ਦਾ ਖ਼ੁਦ ਅਹਿਸਾਸ ਨਾ ਹੋ ਜਾਵੇ। ਇਸ ਫਿਲਮ ਦਾ ਇੱਕ ਹੋਰ ਪੱਖ ਵੀ ਹੈ। ਸਾਲ 2001 ਵਿੱਚ ਅਸੀਂ ਸਾਰੇ ਆਕਾਸ਼ ਬਣਨਾ ਚਾਹੁੰਦੇ ਸੀ, ਪਰ ਅੱਜ 2026 ਵਿੱਚ ਸਾਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਅਸਲ ਵਿੱਚ ਸਮੀਰ ਹੀ ਹਾਂ।
ਆਕਾਸ਼ ਉਹ ਹੈ ਜੋ ਅਸੀਂ 22 ਸਾਲ ਦੀ ਉਮਰ ਵਿੱਚ ਆਪਣੇ ਆਪ ਨੂੰ ਸਮਝਦੇ ਹਾਂ, ਵਿਅੰਗ ਕਰਨ ਵਾਲਾ, ਅਜਿੱਤ ਅਤੇ ਹਰ ਗੱਲ ਤੋਂ ਬੇਪਰਵਾਹ। ਸਮੀਰ ਅਸਲ ਵਿੱਚ ਉਹ ਹੈ ਜੋ ਕਿ ਅਸੀਂ ਅਸਲ ਜ਼ਿੰਦਗੀ ਵਿੱਚ ਹੁੰਦੇ ਹਾਂ, ਭੋਲੇ-ਭਾਲੇ, ਹਮੇਸ਼ਾ ‘ਫਰੈਂਡ-ਜ਼ੋਨ’ ਵਿੱਚ ਰਹਿਣ ਵਾਲੇ ਅਤੇ ਪੂਜਾ ਦੇ ਛੱਡ ਕੇ ਜਾਣ ਤੋਂ ਬਾਅਦ ਆਟੋ ਵਿੱਚ ਬੈਠ ਕੇ ਰੋਣ ਵਾਲੇ। ਤੇ ਫਿਰ ਸਿਡ ਕੌਣ ਹੈ? ਸਿਡ ਉਹ ਹੈ ਜੋ ਅਸੀਂ ਬਣਨਾ ਚਾਹੁੰਦੇ ਹਾਂ, ਦੁਨੀਆ ਕੀ ਕਹਿੰਦੀ ਹੈ ਇਸ ਦੀ ਪਰਵਾਹ ਕੀਤੇ ਬਿਨਾਂ ਕਿਸੇ ਨੂੰ ਅਸਲ ਰੂਪ ਵਿੱਚ ਪਿਆਰ ਕਰਨ ਜੋਗੀ ਸਮਝ ਰੱਖਣ ਵਾਲਾ ਅਤੇ ਨਾਲ ਹੀ ਬਿਨਾਂ ਕੋਈ ਕੰਮ ਕੀਤੇ ਗੋਆ ਵਿੱਚ ਸਮੁੰਦਰ ਕੰਢੇ ਆਰਟ ਸਟੂਡੀਓ ਖ਼ਰੀਦਣ ਦੇ ਸਮਰੱਥ।
ਨਿਰਦੇਸ਼ਕ ਵਜੋਂ ਅਖ਼ਤਰ ਦਾ ਅਸਲ ਹੁਨਰ ਇਸ ਗੱਲ ਵਿੱਚ ਸੀ ਕਿ ਉਸ ਨੇ ਕਿਸੇ ਵੀ ਕਿਰਦਾਰ ਨੂੰ ਸਜ਼ਾ ਨਹੀਂ ਦਿੱਤੀ। ਸਾਰਿਆਂ ਦਾ ਮਜ਼ਾਕ ਉਡਾਏ ਜਾਣ ਦੇ ਬਾਵਜੂਦ, ਸਮੀਰ ਨੂੰ ਸਭ ਤੋਂ ਵਧੀਆ ਅੰਤ ਮਿਲਦਾ ਹੈ। ਉਹ ਚੁੱਪ ਰਹਿਣਾ ਅਤੇ ਸੁਣਨਾ ਸਿੱਖ ਲੈਂਦਾ ਹੈ ਅਤੇ ਉਸ ਨੂੰ ਸੋਨਾਲੀ ਕੁਲਕਰਣੀ ਮਿਲ ਜਾਂਦੀ ਹੈ! ਆਕਾਸ਼, ਜੋ ਕਿ ਫਿਲਮ ਦਾ ਹੀਰੋ ਹੈ, ਨੂੰ ਆਸਟਰੇਲੀਆ ਜਾ ਕੇ ਇਹ ਅਹਿਸਾਸ ਕਰਨਾ ਪੈਂਦਾ ਹੈ ਕਿ ਇੱਕ ਝੱਲਾ ਜਾਂ ਬਦਤਮੀਜ਼ ਇਨਸਾਨ ਹੋਣਾ ਕੋਈ ਸ਼ਖ਼ਸੀਅਤ ਨਹੀਂ ਹੈ। ਸਿਡ, ਜੋ ਕਿ ਇੱਕ ਸੰਤ ਵਰਗਾ ਹੈ, ਨੂੰ ਇਹ ਸਿੱਖਣਾ ਪੈਂਦਾ ਹੈ ਕਿ ਕੁਝ ਪਿਆਰ ਜ਼ਿੰਦਗੀ ਵਿੱਚ ਸਿਰਫ਼ ਸਬਕ ਸਿਖਾਉਣ ਲਈ ਆਉਂਦੇ ਹਨ, ਸਦਾ ਲਈ ਨਾਲ ਰਹਿਣ ਲਈ ਨਹੀਂ ਅਤੇ ਔਰਤਾਂ ਵਾਲੇ ਕਿਰਦਾਰ! ਇਸ ਫਿਲਮ ਨੇ ਲਿੰਡਡਇਨ ’ਤੇ ਨਵੇਂ ਰੁਝਾਨ ਬਣਨ ਤੋਂ ਬਹੁਤ ਪਹਿਲਾਂ ਹੀ ਔਰਤਾਂ ਨੂੰ ਪੂਰਾ ਮਾਣ ਅਤੇ ਸਤਿਕਾਰ ਦੇ ਦਿੱਤਾ ਸੀ।
ਪ੍ਰਿਆ (ਪ੍ਰੀਤੀ ਜ਼ਿੰਟਾ) ਆਕਾਸ਼ ਨੂੰ ਸੁਧਾਰਨ ਦਾ ਠੇਕਾ ਨਹੀਂ ਲੈਂਦੀ, ਸਗੋਂ ਉਹ ਸਿਰਫ਼ ਉਸ ਦੇ ਡਰਾਮੇ ਦੀ ਫੂਕ ਕੱਢ ਦਿੰਦੀ ਹੈ, ‘ਤੂੰ ਆਪਣੇ ਆਪ ਨੂੰ ਜਿੰਨਾ ਸਮਝਦਾ ਹੈ, ਓਨਾ ਕੂਲ ਨਹੀਂ ਹੈਂ।’ ਤਾਰਾ ਜੈਸਵਾਲ ਕੋਈ ‘ਕੂਗਰ’ (ਆਪਣੇ ਤੋਂ ਛੋਟੀ ਉਮਰ ਦੇ ਮੁੰਡਿਆਂ ਨਾਲ ਦੋਸਤੀ ਕਰਨ ਵਾਲੀ) ਜਾਂ ਤਰਸ ਦੀ ਪਾਤਰ ਨਹੀਂ ਹੈ। ਉਹ ਇੱਕ ਇਕੱਲੀ, ਸਮਝਦਾਰ ਅਤੇ ਤੇਜ਼ ਦਿਮਾਗ਼ ਵਾਲੀ ਔਰਤ ਹੈ ਜੋ ਇਸ ਲਈ ਸ਼ਰਾਬ ਪੀਂਦੀ ਹੈ ਕਿਉਂਕਿ ਇਹ ਦੁਨੀਆ ਮਾੜੀ ਵਿਆਹੁਤਾ ਜ਼ਿੰਦਗੀ ਨੂੰ ਪਿੱਛੇ ਛੱਡਣ ਵਾਲੀਆਂ ਔਰਤਾਂ ਪ੍ਰਤੀ ਬਹੁਤ ਬੇਰਹਿਮ ਹੈ। ਸ਼ਾਲਿਨੀ (ਸੁਚਿਤਰਾ ਪਿੱਲੈ) ਕੋਈ ਐਸੀ ਪ੍ਰੇਮਿਕਾ ਨਹੀਂ ਹੈ ਜੋ ਹਰ ਵੇਲੇ ਬੋਲਦੀ ਰਹਿੰਦੀ ਹੈ। ਉਹ ਇੱਕ ਅਜਿਹੇ ਮੁੰਡੇ ਤੋਂ ਅੱਕ ਚੁੱਕੀ ਔਰਤ ਹੈ ਜਿਸ ਨੇ ਅਜੇ ਤੱਕ ਬਚਪਨਾ ਨਹੀਂ ਛੱਡਿਆ। ਇੱਥੋਂ ਤੱਕ ਕਿ ਪੂਜਾ (ਸੋਨਾਲੀ ਕੁਲਕਰਣੀ) ਦੇ ਹਿੱਸੇ ਵੀ ਇੱਕ ਅਜਿਹਾ ਡਾਇਲਾਗ ਆਉਂਦਾ ਹੈ ਜੋ ਹਰ ਉਸ ਦਿੱਲੀ ਦੀ ਕੁੜੀ ਦੀ ਤਰ੍ਹਾਂ ਹੈ ਜਿਸ ਨੇ ਬੰਬਈ ਦੇ ਕਿਸੇ ਅਮੀਰ ਲੜਕੇ ਨਾਲ ਡੇਟ ਕੀਤਾ ਹੋਵੇ ਅਤੇ ਕਿਹਾ ਹੋਵੇ ‘ਤੂੰ ਬਹੁਤ ਕਨਫਿਊਜ਼ ਹੈਂ।’
ਤਕਨੀਕੀ ਤੌਰ ’ਤੇ ਵੇਖੀਏ ਤਾਂ ਇਹ ਫਿਲਮ ਅਜੇ ਵੀ ਇੰਝ ਜਾਪਦੀ ਹੈ ਜਿਵੇਂ ਕੱਲ੍ਹ ਹੀ ਬਣਾਈ ਗਈ ਹੋਵੇ। ਬੰਬਈ, ਅਸਲ ਬੰਬਈ ਵਰਗੀ ਲੱਗਦੀ ਹੈ, ਕਿਸੇ ਸੈੱਟ ਵਾਂਗ ਨਹੀਂ। ਕੋਈ ਨਕਲੀ ਸਵਿੱਸ ਪਹਾੜ ਨਹੀਂ। ਅਸਲ ਕਾਰਟਰ ਰੋਡ, ਅਸਲ ਫੋਰਟ ਇਲਾਕਾ ਅਤੇ ਅਸਲ ਗੋਆ, ਅੱਜ ਦੇ ਉਸ ਇੰਸਟਾਗ੍ਰਾਮ ਵਾਲੇ ਫਿਲਟਰਾਂ ਨਾਲ ਰੰਗੇ ਗੋਆ ਵਰਗਾ ਨਹੀਂ ਜਿੱਥੇ ਹਰ ਵਿਲਾ ਦਾ ਨਾਂ ‘ਕਾਸਾ ਬੋਹੋ’ ਰੱਖਿਆ ਹੁੰਦਾ ਹੈ। ਸ਼ੰਕਰ-ਅਹਿਸਾਨ-ਲੌਏ ਦਾ ਸੰਗੀਤ ‘ਕੋਈ ਕਹੇ ਕਹਤਾ ਰਹੇ’ ਅੱਜ ਵੀ ਸੁਣ ਕੇ ਇੰਝ ਲੱਗਦਾ ਹੈ ਜਿਵੇਂ ਕਿਸੇ ਨੇ ਬੜੇ ਦਿਲੋਂ ਤਿਆਰ ਕੀਤਾ ਹੋਵੇ।
ਫਿਲਮ ਦੀ ਕਾਮੇਡੀ ਅਜੇ ਵੀ ਇਸ ਲਈ ਦਿਲ ਨੂੰ ਛੂੰਹਦੀ ਹੈ ਕਿਉਂਕਿ ਇਹ ਪਾਤਰਾਂ ਦੇ ਸੁਭਾਅ ਵਿੱਚੋਂ ਨਿਕਲਦੀ ਹੈ, ਪਰ ਇਸ ਫਿਲਮ ਦੇ ਸਦਾਬਹਾਰ ਅਤੇ ਨਿਵੇਕਲੇ ਰਹਿਣ ਦਾ ਅਸਲ ਕਾਰਨ ਇਹ ਹੈ ਕਿ ਇਹ ਫਿਲਮ ਤੁਹਾਡੇ ’ਤੇ ਕੋਈ ਬੋਝ ਨਹੀਂ ਪਾਉਂਦੀ। ਆਪਣੇ 25 ਸਾਲਾਂ ਦੇ ਸਫ਼ਰ ਵਿੱਚ ‘ਦਿਲ ਚਾਹਤਾ ਹੈ’ ਹੁਣ ਸਿਰਫ਼ ਜਵਾਨੀ ਦੀ ਕਹਾਣੀ ਨਹੀਂ ਰਹੀ, ਸਗੋਂ ਇਹ ਯਾਦਾਂ ਦਾ ਇੱਕ ਪਿਟਾਰਾ ਬਣ ਚੁੱਕੀ ਹੈ। ਜਦੋਂ ਅੱਜ ਅਸੀਂ ਇਸ ਨੂੰ ਦੇਖਦੇ ਹਾਂ ਤਾਂ ਅਸੀਂ ਪਰਦੇ ਉੱਤੇ ਆਕਾਸ਼, ਸਮੀਰ ਅਤੇ ਸਿਡ ਨੂੰ ਨਹੀਂ ਦੇਖ ਰਹੇ ਹੁੰਦੇ, ਸਗੋਂ ਅਸੀਂ ਸਾਲ 2001 ਵਾਲੇ ਆਪਣੇ ਆਪ ਨੂੰ ਦੇਖ ਰਹੇ ਹੁੰਦੇ ਹਾਂ, ਉਨ੍ਹਾਂ ਲੋਕਾਂ ਨੂੰ ਜੋ ਸੋਚਦੇ ਸਨ ਕਿ ਦੋਸਤੀ ਸਾਰੀ ਉਮਰ ਇੰਨੀ ਹੀ ਸੌਖੀ ਰਹੇਗੀ। ਇਹੀ ਗੱਲ, ਜੇਕਰ ਸਮੀਰ ਦੇ ਲਫ਼ਜ਼ਾਂ ਵਿੱਚ ਕਹੀਏ, ਤਾਂ ਬਹੁਤ, ਬਹੁਤ... ਖ਼ੈਰ, ਤੁਸੀਂ ਉਹ ਡਾਇਲਾਗ ਜਾਣਦੇ ਹੀ ਹੋ! (ਪੂਰਾ ਡਾਇਲਾਗ: ਇਹ ਬਹੁਤ, ਬਹੁਤ... ਰੋਮਾਂਚਕ ਹੈ!)
*ਇਸ਼ਤਿਹਾਰਬਾਜ਼ੀ ਅਤੇ ਮੀਡੀਆ ਦੇ ਮਾਹਰ।

