DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਯਾਬ ਫ਼ਨਕਾਰਾ ਮਧੂਬਾਲਾ

ਭਾਰਤੀ ਫਿਲਮ ਜਗਤ ਦੀ ਵੀਨਸ ਕਹਾਉਣ ਵਾਲੀ ਅਭਿਨੇਤਰੀ ਮਧੂਬਾਲਾ ਨਾਯਾਬ ਫ਼ਨਕਾਰਾ ਸੀ। ਉਹ ਆਪਣੀ ਕਲਾ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਸ਼ਖ਼ਸੀਅਤ ਸੀ। ਮਧੂਬਾਲਾ ਜਿਸ ਜ਼ਮਾਨੇ ਵਿੱਚ ਅਭਿਨੇਤਰੀ ਬਣ ਕੇ ਉੱਭਰੀ, ਉਹ ਜ਼ਾਬਤੇ ਅਤੇ ਕਬਜ਼ੇ ਦਾ, ਟੱਬਰ ਵੱਲ ਵਫ਼ਾਦਾਰੀ ਦਾ ਅਤੇ ਬੱਚਿਆਂ...

  • fb
  • twitter
  • whatsapp
  • whatsapp
Advertisement

ਭਾਰਤੀ ਫਿਲਮ ਜਗਤ ਦੀ ਵੀਨਸ ਕਹਾਉਣ ਵਾਲੀ ਅਭਿਨੇਤਰੀ ਮਧੂਬਾਲਾ ਨਾਯਾਬ ਫ਼ਨਕਾਰਾ ਸੀ। ਉਹ ਆਪਣੀ ਕਲਾ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਸ਼ਖ਼ਸੀਅਤ ਸੀ। ਮਧੂਬਾਲਾ ਜਿਸ ਜ਼ਮਾਨੇ ਵਿੱਚ ਅਭਿਨੇਤਰੀ ਬਣ ਕੇ ਉੱਭਰੀ, ਉਹ ਜ਼ਾਬਤੇ ਅਤੇ ਕਬਜ਼ੇ ਦਾ, ਟੱਬਰ ਵੱਲ ਵਫ਼ਾਦਾਰੀ ਦਾ ਅਤੇ ਬੱਚਿਆਂ ਉਤੇ ਮਾਂ-ਬਾਪ ਦੀ ਸਰਦਾਰੀ ਦਾ ਜ਼ਮਾਨਾ ਸੀ। ਫਿਲਮਾਂ ’ਚ ਕੰਮ ਕਰਨ ਵਾਲੇ ਬਾਲ ਕਲਾਕਾਰ ਅਤੇ ਜਵਾਨ ਲੜਕੀਆਂ ਪਰਿਵਾਰ ਦੀ ਰੋਜ਼ੀ ਰੋਟੀ ਦੀ ਜ਼ਿੰਮੇਵਾਰੀ ਨਿਭਾਉਂਦੇ ਸਨ, ਫਿਰ ਵੀ ਮਾਪਿਆਂ ਦੀ ਮਲਕੀਅਤ ਹੁੰਦੇ ਸਨ। ਮਧੂਬਾਲਾ, ਕਾਮਿਨੀ ਕੌਸ਼ਲ, ਸੁਰੱਈਆ, ਨੂਤਨ, ਮੀਨਾ ਕੁਮਾਰੀ, ਡੇਜ਼ੀ ਅਤੇ ਹਨੀ ਈਰਾਨੀ, ਬੇਬੀ ਨਾਜ਼ ਅਤੇ ਨਰਤਕੀ ਕੁੱਕੂ ਵਰਗੀਆਂ ਕਈ ਕਲਾਕਾਰਾਂ ਦਾ ਉਨ੍ਹਾਂ ਦੇ ਆਪਣਿਆਂ ਦੁਆਰਾ ਆਰਥਿਕ ਅਤੇ ਭਾਵਨਾਤਮਕ ਸ਼ੋਸ਼ਣ ਹੁੰਦਾ ਰਿਹਾ, ਪਰ ਇਸ ਨੂੰ ਨਾਜਾਇਜ਼ ਨਹੀਂ ਸਮਝਿਆ ਜਾਂਦਾ ਸੀ। ਨਾ ਹੀ ਕੋਈ ਇਸ ਦਾ ਵਿਰੋਧ ਕਰਦਾ ਸੀ।

ਮਧੂਬਾਲਾ ਨੇ ਤਾਂ ਇਹ ਸ਼ਰਤ ਆਪਣੇ ਆਖ਼ਰੀ ਸਾਹ ਤੱਕ ਪੁਗਾਈ ਕਿ ਉਹ ਸਿਰਫ਼ ਆਪਣੇ ਬਾਪ (ਅੱਤਾਉੱਲਾ ਖ਼ਾਨ) ਅਤੇ ਪਰਿਵਾਰ ਲਈ ਹੀ ਕੰਮ ਕਰੇਗੀ। ਇੱਥੋਂ ਤੱਕ ਕਿ ਪਰਿਵਾਰ ਲਈ ਵਫ਼ਾਦਾਰੀ ਤੋਂ ਉਸ ਨੇ ਆਪਣੀ ਮੁਹੱਬਤ ਤੱਕ ਕੁਰਬਾਨ ਕਰ ਦਿੱਤੀ। ਇਹ ਵੱਖਰੀ ਗੱਲ ਹੈ ਕਿ ਉਸ ਨੇ ਜਾਂ ਉਸ ਦੇ ਮਹਿਬੂਬ ਨੇ ਕਦੇ ਵੀ ਇੱਕ-ਦੂਸਰੇ ਪ੍ਰਤੀ ਗਿਲਾ ਜ਼ਾਹਿਰ ਨਹੀਂ ਕੀਤਾ। ਉਨ੍ਹਾਂ ਨੂੰ ਇੱਕ-ਦੂਜੇ ਨਾਲ ਸੱਚਾ ਪਿਆਰ ਸੀ ਜੋ ਦੁਨੀਆਦਾਰੀ ਦੇ ਤਕਾਜ਼ਿਆਂ ਨਾਲ ਉਲਝਣ ਦੀ ਥਾਂ ਆਪਣੇ ਸੱਚੇ-ਸੁੱਚੇਪਣ ਨੂੰ ਬਰਕਰਾਰ ਰੱਖਦਿਆਂ ਦਿਲਾਂ ਅੰਦਰ ਹੀ ਦੱਬਿਆ ਰਿਹਾ।

Advertisement

ਮਧੂਬਾਲਾ ਦਾ ਜਨਮ 14 ਫਿਰਵਰੀ 1933 ਨੂੰ ਹੋਇਆ। ਅੱਜ ਦੀ ਦੁਨੀਆ ਵਿੱਚ ਪਿਆਰ ਦਿਹਾੜਾ (ਵੈਲੇਨਟਾਈਨ ਡੇ) ਵਜੋਂ ਜਾਣੇ ਜਾਂਦੇ ਦਿਨ ਨੂੰ ਜਨਮ ਲੈਣ ਵਾਲੀ ਮਧੂਬਾਲਾ ਦਾ ਪਿਆਰ ਸੱਚਾ ਹੋ ਕੇ ਵੀ ਅਧੂਰਾ ਰਿਹਾ ਅਤੇ ਤੋੜ ਨਾ ਚੜ੍ਹਿਆ। ਉਸ ਦੇ ਫਿਲਮੀ ਜੀਵਨ ਦੀ ਸ਼ੁਰੂਆਤ ਫਿਲਮ ‘ਬਸੰਤ’ (1942) ਤੋਂ ਬਾਲ ਕਲਾਕਾਰ ਵਜੋਂ ਹੋਈ। 1949 ਵਿੱਚ ਕਮਾਲ ਅਮਰੋਹੀ ਦੀ ਫਿਲਮ ‘ਮਹਿਲ’ ਤੋਂ ਉਸ ਦੇ ਅਭਿਨੇਤਰੀ ਵਜੋਂ ਚੜ੍ਹਤ ਦਾ ਦੌਰ ਸ਼ੁਰੂ ਹੋਇਆ। 1951 ਵਿੱਚ ਦਿਲੀਪ ਕੁਮਾਰ ਨਾਲ ਫਿਲਮ ‘ਤਰਾਨਾ’ ਵਿੱਚ ਕੰਮ ਕਰਨ ਦੇ ਨਾਲ ਹੀ ਮਧੂਬਾਲਾ ਨੇ ਅਸ਼ੋਕ ਕੁਮਾਰ, ਦੇਵ ਆਨੰਦ, ਰਾਜ ਕਪੂਰ, ਗੁਰੂ ਦੱਤ, ਸੁਨੀਲ ਦੱਤ, ਕਿਸ਼ੋਰ ਕੁਮਾਰ, ਭਾਰਤ ਭੂਸ਼ਣ ਆਦਿ ਸਭ ਵੱਡੇ ਅਦਾਕਾਰਾਂ ਨਾਲ ਕੰਮ ਕੀਤਾ।

Advertisement

ਮਧੂਬਾਲਾ ਪਠਾਨ ਪਰਿਵਾਰ ਵਿੱਚੋਂ ਸੀ। ਉਹ ਪੰਜ ਭੈਣਾਂ ਅਤੇ ਤਿੰਨ ਭਾਈਆਂ ਵਿੱਚੋਂ ਤੀਜੇ ਨੰਬਰ ’ਤੇ ਪੈਦਾ ਹੋਈ। ਉਹ ਅੰਤਾਂ ਦੀ ਸੋਹਣੀ ਅਤੇ ਬੇਹੱਦ ਪ੍ਰਤਿਭਾਵਾਨ ਸੀ। ਉਸ ਦੀ ਸੁੰਦਰਤਾ ਅਤੇ ਕੰਮ ਨੂੰ ਵੇਖ ਕੇ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਸੀ ਕਿ ਉਸ ਨੂੰ ਦਿਲ ਦੀ ਬਿਮਾਰੀ ਹੈ। ਉਹ ਦਿਲ ਵਿੱਚ ਛੇਦ ਹੋਣ ਦੀ ਬਿਮਾਰੀ ਲੈ ਕੇ ਪੈਦਾ ਹੋਈ ਸੀ ਅਤੇ ਇਸ ਬਿਮਾਰੀ ਕਾਰਨ ਹੀ ਸਿਰਫ਼ 36 ਵਰ੍ਹਿਆਂ ਤੱਕ ਜਿਉਂਦੀ ਰਹਿ ਸਕੀ। 36 ਵਰ੍ਹਿਆਂ ਦੀ ਛੋਟੀ ਜਿਹੀ ਜ਼ਿੰਦਗੀ ਵਿੱਚ ਉਸ ਨੇ 71 ਫਿਲਮਾਂ ਕੀਤੀਆਂ। ਇਨ੍ਹਾਂ ਵਿੱਚੋਂ 7 ਫਿਲਮਾਂ ਬਤੌਰ ਬਾਲ ਅਦਾਕਾਰ ਕੀਤੀਆਂ।

ਫਿਲਮ ‘ਮਹਿਲ’ ਉਸ ਦੀ ਫਿਲਮ ਯਾਤਰਾ ਦਾ ਮੀਲ ਪੱਥਰ ਸੀ ਅਤੇ ਫਿਲਮ ‘ਮੁਗ਼ਲ-ਏ-ਆਜ਼ਮ’ ਉਸ ਦਾ ਸ਼ਾਹਕਾਰ ਸੀ। ਮਧੂਬਾਲਾ ਨੇ ਇਸ ਫਿਲਮ ਵਿੱਚ ਅਣਥਕ ਮਿਹਨਤ ਨਾਲ ਅਭਿਨੈ ਕੀਤਾ। ਉਸ ਨੇ ਅਨਾਰਕਲੀ ਦਾ ਚਰਿੱਤਰ ਤਨ-ਮਨ ਨਾਲ ਜੀਅ ਕੇ ਵਿਖਾਇਆ। ਪੂਰੇ ਅੱਠ ਸਾਲ ਉਹ ਫਿਲਮ ਦੀ ਹੀਰੋਇਨ ਅਨਾਰਕਲੀ ਦੀ ਰੂਹ ਨੂੰ ਸਰੀਰ ਵਿੱਚ ਲਈ ਵਿਚਰਦੀ ਰਹੀ। ਦਿਲੀਪ ਕੁਮਾਰ, ਉਸ ਦਾ ਸਹਿ-ਅਦਾਕਾਰ ਅਤੇ ਫਿਲਮ ਦਾ ਹੀਰੋ ਸੀ। ਫਿਲਮ ਦੇ ਸ਼ੁਰੂ ਹੋਣ ਸਮੇਂ ਮਧੂਬਾਲਾ ਅਤੇ ਦਿਲੀਪ ਇੱਕ-ਦੂਜੇ ਨੂੰ ਅੰਤਾਂ ਦਾ ਪਿਆਰ ਕਰਦੇ ਸਨ, ਪਰ ਫਿਲਮ ਦੇ ਨਿਰਮਾਣ ਦੌਰਾਨ 1956 ਵਿੱਚ ‘ਨਯਾ ਦੌਰ’ ਵਾਲੇ ਬੀ.ਆਰ. ਚੋਪੜਾ ਨਾਲ ਮਧੂਬਾਲਾ ਦੇ ਪਿਤਾ ਦਾ ਤਕਰਾਰ (ਮੁਕੱਦਮਾ) ਹੋ ਜਾਣ ’ਤੇ ਦਿਲੀਪ ਅਤੇ ਮਧੂਬਾਲਾ ਦੇ ਸਬੰਧ ਬਲੀ ਚੜ੍ਹ ਗਏ। ਫਿਲਮ ਦੇ ਅੰਤਿਮ ਦੌਰ ਵਿੱਚ ਮਧੂਬਾਲਾ ਨੇ ਦਿਲ ’ਤੇ ਪੱਥਰ ਰੱਖ ਕੇ ਦਿਲੀਪ ਕੁਮਾਰ ਨਾਲ ਅਭਿਨੈ ਦਾ ਨਕਾਬ ਪਾਇਆ, ਪਰ ਫਿਲਮ ਦਾ ਕੰਮ ਤਨਦੇਹੀ ਨਾਲ ਨਿਭਾਇਆ। ਦਿਲੀਪ ਨਾਲੋਂ ਤੋੜ ਵਿਛੋੜਾ ਹੋਣ ਮਗਰੋਂ ਉਹ ਆਪਣੀ ਰੂਹ ਉਤੇ ਮਰ ਚੁੱਕੇ ਰਿਸ਼ਤੇ ਦਾ ਬੋਝ ਲੈ ਕੇ ਸ਼ੂਟਿੰਗ ਦੇ ਹਰ ਦਿਨ ਦਿਲੀਪ ਕੁਮਾਰ ਦਾ ਸਾਹਮਣਾ ਕਰਦੀ ਰਹੀ ਅਤੇ ਫਿਲਮ ਵਿਚਲਾ ਕਿਰਦਾਰ ਨਿਭਾਉਂਦੀ ਰਹੀ। ਨਿੱਜੀ ਜੀਵਨ ਵਿੱਚ ਉਸ ਦਾ ਦਿਲੀਪ ਨਾਲ ਪਿਆਰ ਪਰਵਾਨ ਨਾ ਚੜਿ੍ਹਆ ਅਤੇ ਫਿਲਮ ਵਿੱਚ ਅਨਾਰਕਲੀ ਦਾ ਸਲੀਮ ਨਾਲ ਪਿਆਰ ਪਰਵਾਨ ਨਾ ਚੜਿ੍ਹਆ। ਇਸ ਤਰ੍ਹਾਂ ਉਸ ਨੇ ਕਈ ਦ੍ਰਿਸ਼ਾਂ ਵਿੱਚ ਨਿੱਜੀ ਮਾਨਸਿਕ ਅਵਸਥਾ ਅਤੇ ਫਿਲਮ ਵਿਚਲੀਆਂ ਸਥਿਤੀਆਂ ਨਾਲ ਇਕਸੁਰਤਾ ਬਣਾਉਣ ਵਿੱਚ ਅਲੋਕਾਰਾ ਅਨੁਭਵ ਹੰਢਾਇਆ। ਇਸ ਫਿਲਮ ਦੇ ਸ਼ੁਰੂਆਤੀ ਦੌਰ ਅਤੇ ਅੰਤਲੇ ਦੌਰ ਵਾਲੇ ਪਿਆਰ-ਦ੍ਰਿਸ਼ ਸੰਵਾਦ ਰਹਿਤ ਸਨ, ਪ੍ਰੰਤੂ ਉਹ ਅੱਜ ਤੱਕ ਦੇ ਫਿਲਮ ਇਤਿਹਾਸ ਵਿੱਚ ਨਾਯਾਬ ਪ੍ਰੇਮ-ਦ੍ਰਿਸ਼ ਸਮਝੇ ਜਾਂਦੇ ਹਨ।

ਆਪਣੀ 36 ਸਾਲ ਦੀ ਛੋਟੀ ਜਿਹੀ ਜ਼ਿੰਦਗੀ ਵਿੱਚ ਇੱਕ ਦਿਨ ਵੀ ਮਧੂਬਾਲਾ ਨੇ ਮੌਜ ਨਾਲ ਜਿਊ ਕੇ ਨਾ ਵੇਖਿਆ। ਉਹ ਅੰਤਾਂ ਦੀ ਸੋਹਣੀ ਸੀ, ਪਰ ਆਪਣੇ ਦਿਲ ਦੀ ਬਜਾਇ ਦਿਮਾਗ਼ ਦੇ ਆਖੇ ਲੱਗ ਕੇ ਸਿਰਫ਼ ਆਪਣਾ ਕਰਮ ਕਰਦੀ ਰਹੀ। ਉਸ ਨੇ ਪਿਆਰ ਕੀਤਾ ਤਾਂ ਉਹ ਘਰੇਲੂ ਜ਼ਿੰਮੇਵਾਰੀਆਂ ਉਤੋਂ ਕੁਰਬਾਨ ਕਰ ਦਿੱਤਾ। ਕਿਸ਼ੋਰ ਕੁਮਾਰ ਨਾਲ ਵਿਆਹ ਕੀਤਾ ਤਾਂ ਉਸ ਦਾ ਸੁੱਖ ਨਾ ਮਾਣ ਸਕੀ। ‘ਮੁਗ਼ਲ-ਏ-ਆਜ਼ਮ’ ਵਰਗੀ ਉੱਚ ਕੋਟੀ ਦੀ ਫਿਲਮ ਦੀ ਹੀਰੋਇਨ ਹੋ ਕੇ ਵੀ ਉਹ ਐਵਾਰਡ ਹਾਸਲ ਨਾ ਕਰ ਸਕੀ। ਉਹ ਪਬਲੀਸਿਟੀ ਤੋਂ ਕਤਰਾਉਂਦੀ ਸੀ ਅਤੇ ਪੱਤਰਕਾਰਾਂ ਤੋਂ ਵੀ ਬਚਦੀ ਰਹੀ। ਉਸ ਨੂੰ ਕਿਸੇ ਨੇ ਨਾ ਸਮਝਿਆ। ਉਸ ਦੇ ਸੰਗਮਰਮਰ ਵਰਗੇ ਜਿਸਮ ਅੰਦਰ ਧੜਕਦੇ ਦਿਲ ਦੀ ਸਦਾ ਕਿਸੇ ਨੇ ਨਾ ਸੁਣੀ। ਉਹ ਸਾਰਿਆਂ ਲਈ ਸਿਰਫ਼ ਇੱਕ ਖ਼ੂਬਸੂਰਤ ਔਰਤ ਸੀ। ਉਸ ਦੀ ਸੂਰਤ ਦੇ ਦੀਵਾਨੇ ਬਹੁਤ ਸਨ, ਪਰ ਸੀਰਤ ਨੂੰ ਸਮਝਣ ਵਾਲਾ ਕੋਈ ਨਹੀਂ।

ਮਧੂਬਾਲਾ ਇੱਕ ਵਰਤਾਰਾ ਸੀ ਜਿਸ ਨੂੰ ਇੱਕ ਪ੍ਰਤਿਭਾਵਾਨ ਰੂਹ ਅਤੇ ਸੁੰਦਰ ਵਜੂਦ ਨੇ ਤਿਲ ਤਿਲ ਕਰਕੇ ਸਾਜਿਆ। ਉਹ ਭਾਵੇਂ ਇੱਕ ਸੁਨਹਿਰੀ ਯੁੱਗ ਵਾਂਗ ਬੀਤ ਗਈ, ਪਰ ਉਸ ਦੀ ਫ਼ਨਕਾਰੀ ਦੇ ਸਜਾਏ ਹੋਏ ਸੋਨਯੁੱਗ ਦੀ ਲੋਅ ਰਹਿੰਦੀ ਦੁਨੀਆ ਤੱਕ ਫਿਲਮ-ਕਲਾ ਪ੍ਰੇਮੀਆਂ ਦੇ ਦਿਲਾਂ ਨੂੰ ਰੁਸ਼ਨਾਉਂਦੀ ਰਹੇਗੀ। ਬੇਤਹਾਸ਼ਾ ਬੰਦਿਸ਼ਾਂ ਹੇਠ ਕੰਮ ਕਰਨ ਵਾਲੀ ਮਧੂਬਾਲਾ ਔਰਤ ਦੀ ਸਹਿਣ-ਸਮਰੱਥਾ ਦੀ ਮਿਸਾਲ ਕਹੀ ਜਾ ਸਕਦੀ ਹੈ ਜੋ ਵਿਰੋਧਾਂ, ਦਬਾਵਾਂ, ਮੁਸ਼ਕਿਲਾਂ ਅਤੇ ਸਖ਼ਤੀਆਂ ਦੇ ਬਾਵਜੂਦ ਉੱਤਮ ਸਿਰਜਨਾ ਕਰ ਕੇ ਵਿਖਾ ਸਕਦੀ ਹੈ। ਅਜੋਕੇ ਦੌਰ ਦੀਆਂ ਜਿਸਮ ਉਘਾੜ ਕੇ ਪਬਲੀਸਿਟੀ ਹਾਸਲ ਕਰਨ ਵਾਲੀਆਂ ਮਾਡਲਾਂ ਅਤੇ ਅਭਿਨੇਤਰੀਆਂ ਮਧੂਬਾਲਾ ਦੇ ਪੈਰਾਂ ਦੀ ਧੂੜ ਹੀ ਹਨ।

ਸੰਪਰਕ: 98149-02564

Advertisement
×