DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਲੋਕ ਗੀਤਾਂ ਵਿੱਚ ਕੁਦਰਤ ਦੀ ਮਹਿਮਾ

ਲੋਕ ਗੀਤਾਂ ਦਾ ਘੇਰਾ ਬਹੁਤ ਵਿਸ਼ਾਲ ਹੈ। ਘਰ, ਖੇਤ, ਮੌਸਮ ਦੀ ਗਰਮੀ-ਸਰਦੀ, ਪਸ਼ੂ-ਪੰਛੀ, ਦਰੱਖਤ, ਮੇਲੇ-ਤਿਓਹਾਰ ਅਤੇ ਜਨਮ ਤੋਂ ਲੈ ਕੇ ਮਰਨ ਤੱਕ ਦੀਆਂ ਸੁਖ-ਦੁੱਖ ਦੀਆਂ ਸਭ ਘਟਨਾਵਾਂ ਇਨ੍ਹਾਂ ਲੋਕ ਗੀਤਾਂ ਵਿੱਚ ਮੌਜੂਦ ਹੁੰਦੀਆਂ ਹਨ। ਲੋਕ ਗੀਤ ਕਿਤੇ ਸਾਰੰਗੀ ’ਤੇ ਗਾਇਆ...

  • fb
  • twitter
  • whatsapp
  • whatsapp
Advertisement

ਲੋਕ ਗੀਤਾਂ ਦਾ ਘੇਰਾ ਬਹੁਤ ਵਿਸ਼ਾਲ ਹੈ। ਘਰ, ਖੇਤ, ਮੌਸਮ ਦੀ ਗਰਮੀ-ਸਰਦੀ, ਪਸ਼ੂ-ਪੰਛੀ, ਦਰੱਖਤ, ਮੇਲੇ-ਤਿਓਹਾਰ ਅਤੇ ਜਨਮ ਤੋਂ ਲੈ ਕੇ ਮਰਨ ਤੱਕ ਦੀਆਂ ਸੁਖ-ਦੁੱਖ ਦੀਆਂ ਸਭ ਘਟਨਾਵਾਂ ਇਨ੍ਹਾਂ ਲੋਕ ਗੀਤਾਂ ਵਿੱਚ ਮੌਜੂਦ ਹੁੰਦੀਆਂ ਹਨ। ਲੋਕ ਗੀਤ ਕਿਤੇ ਸਾਰੰਗੀ ’ਤੇ ਗਾਇਆ ਜਾਂਦਾ ਹੈ, ਕਿਤੇ ਇੱਕਤਾਰੇ, ਕਿਤੇ ਢੋਲਕ ਅਤੇ ਕਿਤੇ ਘੜੇ ਆਦਿ ’ਤੇ ਗਾਇਆ ਜਾਂਦਾ ਹੈ। ਕਿਤੇ ਚਰਖੇ ਦੀ ਘੂੰ-ਘੂੰ ਉਸ ਵਿੱਚ ਸੁਰਾਂ ਭਰਦੀ ਹੈ ਅਤੇ ਕਿਤੇ ਝਾਂਜਰ ਦੀ ਛਣਕਾਰ ਉਸ ਨੂੰ ਉਭਾਰਦੀ ਹੈ।

ਇਨ੍ਹਾਂ ਲੋਕ ਗੀਤਾਂ ਵਿੱਚ ਆਮ ਤੌਰ ’ਤੇ ਕਿਸੇ ਇੱਕ ਮਨੁੱਖ ਦੀ ਕਹਾਣੀ ਨਹੀਂ ਹੁੰਦੀ। ਇਨ੍ਹਾਂ ਦਾ ਅਸਲੀ ਰੂਪ ਉੱਥੇ ਹੀ ਉੱਭਰਦਾ ਹੈ ਜਿੱਥੇ ਉਹ ਕਿਸੇ ਕੌਮ ਜਾਂ ਸਮੂਹ ਦੀ ਆਵਾਜ਼ ਹੁੰਦੇ ਹਨ। ਕਦੇ-ਕਦੇ ਪਿੰਡਾਂ ਦੇ ਪਿੰਡ ਅਤੇ ਸ਼ਹਿਰਾਂ ਦੇ ਸ਼ਹਿਰ ਕਿਸੇ ਲੋਕ ਗੀਤਾਂ ਦੇ ਇੱਕ ਟੱਪੇ ਵਿੱਚ ਸਾਡੇ ਸਾਹਮਣੇ ਹੂਬਹੂ ਤਸਵੀਰ ਵਾਂਗ ਖਿੱਚੇ ਜਾਂਦੇ ਹਨ।

Advertisement

ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਮਨੁੱਖ ਜਿਸ ਮਿੱਟੀ ਵਿੱਚ ਖੇਡਿਆ, ਕੁੱਦਿਆ ਅਤੇ ਪਲਿਆ ਹੁੰਦਾ ਹੈ ਅਤੇ ਜਿਸ ਮਿੱਟੀ ਨਾਲ ਉਸ ਦਾ ਜੀਵਨ ਮਰਨ ਦਾ ਰਿਸ਼ਤਾ ਹੈ, ਉਸ ਨਾਲ ਉਸ ਦੀ ਇੱਕ ਖਾਸ ਮਮਤਾ ਹੁੰਦੀ ਹੈ। ਇਸੇ ਲਈ ਭਾਰਤ ਦੇ ਲੋਕ ਗੀਤਾਂ ਵਿੱਚ ਅਕਸਰ ਧਰਤੀ ਮਾਤਾ ਦਾ ਪਿਆਰ ਠਾਠਾਂ ਮਾਰਦਾ ਹੈ। ਲੋਕਾਂ ਦੀਆਂ ਰਗਾਂ ਵਿਚਲੇ ਖੂਨ ਵਾਂਗ ਧਰਤੀ ਦਾ ਪਿਆਰ ਅਣਗਿਣਤ ਪੀੜ੍ਹੀਆਂ ਤੋਂ ਲੋਕਾਂ ਦੇ ਦਿਲਾਂ ਵਿੱਚ ਹੁਲਾਰੇ ਮਾਰਦਾ ਆਇਆ ਹੈ। ਧਰਤੀ ਨਾਲ ਮਨੁੱਖ ਦੀ ਸਭ ਤੋਂ ਵੱਡੀ ਸਾਂਝ ਇਹ ਹੈ ਕਿ ਧਰਤੀ ਤੋਂ ਉਹ ਅੰਨ ਪੈਦਾ ਕਰਦਾ ਆਇਆ ਹੈ। ਇਸ ਲਈ ਸੁਭਾਵਿਕ ਚੰਗੀ ਪੈਦਾਵਾਰ ਦੀ ਸੂਚਨਾ ਦੇਣ ਵਾਲੀ ਹਰਿਆਲੀ ਨਾਲ ਲੱਦੀ ਧਰਤੀ ਨੂੰ ਵੇਖ ਕੇ ਮਨੁੱਖ ਦਾ ਮਨ ਖੁਸ਼ੀ ਨਾਲ ਝੂਮ ਉਠਦਾ ਹੈ। ਹੇਠਾਂ ਬੁਦੇਲਖੰਡ ਦਾ ਇੱਕ ਲੋਕ ਗੀਤ ਹੈ ਜਿਸ ਵਿੱਚ ਧਰਤੀ ਦੀ ਬਹੁਤ ਹੀ ਖੂਬਸੂਰਤ ਤਸਵੀਰ ਮਿਲਦੀ ਹੈ;

Advertisement

ਧਰਤੀ ਮਾਤਾ ਤੈਨੇ ਕਾਜਰ ਦਏ

ਸੇੰਦਰਨ ਭਰ ਲਈ ਮਾਂਗ

ਪਹਿਰ ਹਰਿਆਲਾ ਠਾੜ੍ਹੀ ਭਈ।

ਤੈਨੇ ਮੋਹ ਲਓ ਜਗਤ ਸੰਸਾਰ।

(ਅਰਥਾਤ: ਹੇ ਧਰਤੀ ਮਾਤਾ! ਤੂੰ ਅੱਖਾਂ ਵਿੱਚ ਕਜਲਾ ਪਾ ਲਿਆ ਤੇ ਸੰਧੂਰ ਨਾਲ ਆਪਣੀ ਮਾਂਗ ਭਰ ਲਈ। ਹਰੇ ਕੱਪੜੇ ਪਹਿਨ ਕੇ ਤੂੰ ਖਲੋ ਗਈ ਏਂ। ਤੂੰ ਸਾਰੇ ਸੰਸਾਰ ਨੂੰ ਮੋਹ ਲਿਆ ਹੈ)।

ਬੁਦੇਲਖੰਡ ਲੋਕ ਗੀਤਾਂ ਵਿੱਚ ਧਰਤੀ ਮਾਤਾ ਨੂੰ ਵਾਰ-ਵਾਰ ਬੁਲਾਇਆ ਗਿਆ ਹੈ;

ਧਰਤੀ ਮਾਤਾ ਤੋਂ ਮੈਂ ਦੋ ਭਏ

ਏਕ ਆਂਧੀ ਏਕ ਮੇਯ

ਮੇਯ ਕੇ ਬਰਸੇ ਸਾਖਾ ਭਈ

ਜਾ ਮੈਂ ਲਿਪਟ ਲਗੇ ਸੰਸਾਰ।

(ਅਰਥਾਤ : ਹੇ ਧਰਤੀ ਮਾਤਾ! ਤੇਰੇ ਤੋਂ ਦੋ ਚੀਜ਼ਾਂ ਪੈਦਾ ਹੋਈਆਂ, ਇੱਕ ਹਨੇਰੀ, ਦੂਜਾ ਮੀਂਹ ਨਾਲ ਖੇਤੀ ਉਪਜਦੀ ਹੈ, ਜਿਸ ਵਿੱਚ ਸਮੁੱਚਾ ਸੰਸਾਰ ਲਿਪਟ ਜਾਂਦਾ ਹੈ)।

ਇਸੇ ਤਰ੍ਹਾਂ ਇੱਕ ਗੁਜਰਾਤੀ ਲੋਕ ਗੀਤ ਵਿੱਚ ਵੀ ਇਸੇ ਤਰ੍ਹਾਂ ਦਾ ਨਕਸ਼ਾ ਖਿੱਚਿਆ ਗਿਆ ਹੈ। ਇਹ ਵਿਆਹ ਦਾ ਗੀਤ ਹੈ, ਜੋ ਇਸ ਤਰ੍ਹਾਂ ਸ਼ੁਰੂ ਹੁੰਦਾ ਹੈ;

ਸੰਸਾਰ ਮਾਂ ਬਲ ਸਰਜਯਾਂ

ਇੱਕ ਧਰਤੀ ਬੀਜੇ ਆਪ

ਬਧਾਵੋ ਰੇ ਆਵਿਓ।

(ਅਰਥਾਤ : ਸੰਸਾਰ ਵਿੱਚ ਦੋ ਬਲਵਾਨ ਚੀਜ਼ਾਂ ਦੀ ਸਿਰਜਣਾ ਹੋਈ, ਇੱਕ ਧਰਤੀ, ਦੂਜਾ ਆਕਾਸ਼, ਵਧਾਈ ਦਾ ਦਿਨ ਆ ਗਿਆ।)

ਇਸੇ ਗੀਤ ਵਿੱਚ ਅੱਗੇ ਦੱਸਿਆ ਗਿਆ ਹੈ ਕਿ ਆਕਾਸ਼ ਵਿੱਚੋਂ ਮੀਂਹ ਵਰ੍ਹਿਆ ਤੇ ਧਰਤੀ ਨੇ ਉਸ ਦਾ ਭਾਰ ਸਹਾਰ ਲਿਆ, ਜਿਸ ਨਾਲ ਫ਼ਸਲਾਂ ਲਹਿਲਹਾਉਣ ਲੱਗ ਪਈਆਂ ਹਨ। ਇਸੇ ਲਈ ਉਸ ਨੂੰ ਵਧਾਈ ਦਾ ਦਿਨ ਆਖਦੇ ਹਨ।

ਪੰਜਾਬੀ ਗੀਤਾਂ ਵਿੱਚੋਂ ਵੀ ਇਹੀ ਆਵਾਜ਼ ਸੁਣਨ ਨੂੰ ਮਿਲਦੀ ਹੈ;

ਧਰਤੀ ਜੇਡ ਗਰੀਬ ਨਾ ਕੋਈ

ਇੰਦਰ ਜੇਡ ਨਾ ਦਾਤਾ

ਲਛਮਣ ਜੇਡ ਨਾ ਜਾਤੀ ਕੋਈ

ਸੀਤਾ ਜੇਡ ਨਾ ਮਾਤਾ

ਦੁਨੀਆ ਮੀਂਹ ਮੰਗਦੀ

ਰੱਬ ਸਭਨਾਂ ਦਾ ਦਾਤਾ।

(ਅਰਥਾਤ : ਧਰਤੀ ਵਰਗਾ ਗਰੀਬ ਨਹੀਂ, ਇੰਦਰ ਵਰਗਾ ਕੋਈ ਦਾਤਾ ਨਹੀਂ, ਸੀਤਾ ਵਰਗੀ ਕੋਈ ਮਾਤਾ ਨਹੀਂ। ਦੁਨੀਆ ਮੀਂਹ ਮੰਗਦੀ, ਭਗਵਾਨ ਸਭ ਦਾ ਦਾਤਾ ਹੈ।)

ਪੁਰਾਣਾਂ ਦੇ ਅਨੁਸਾਰ ਇੰਦਰ ਹੀ ਮੀਂਹ ਵਰ੍ਹਾਉਂਦਾ ਹੈ। ਬਰਿਜ ਦੇ ਇੱਕ ਗੀਤ ਵਿੱਚ ਇੰਦਰ ਦਾ ਹਾਲ ਇਉਂ ਵਰਣਨ ਕੀਤਾ ਗਿਆ ਹੈ;

ਚੌਕੀ ਤੋਂ ਚੰਦਨ, ਇੰਦਰ ਰਾਜਾ ਬੈਠਨੋ ਜੀ

ਏਜੀ ਕੋਈ ਦੂਧ ਪਖਾਰੂੰਗੀ ਪਾਏ

ਆਜ ਮੇਹਰ ਕਰ ਇੰਦਰ ਰਾਜਾ ਦੇਸ਼ ਮੇਂ ਜੀ।

(ਅਰਥਾਤ : ਇੰਦਰ ਰਾਜਾ! ਮੈਂ ਤੈਨੂੰ ਚੰਦਨ ਦੀ ਚੌਕੀ ’ਤੇ ਬੈਠਾਵਾਂਗੀ, ਦੁੱਧ ਨਾਲ ਤੇਰੇ ਪੈਰ ਧੋਵਾਂਗੀ। ਹੇ ਇੰਦਰ! ਤੁਸੀਂ ਸਾਡੇ ਦੇਸ਼ ਉੱਤੇ ਮਿਹਰ ਕਰੋ ਅਰਥਾਤ ਮੀਂਹ ਵਸਾਓ।)

ਬਰਿਜ ਦੇ ਇੱਕ ਦੂਸਰੇ ਗੀਤ ਵਿੱਚ ਬੱਦਲਾਂ ਦੀ ਘਟਾ ਨੂੰ ਰਾਣੀ ਕਿਹਾ ਗਿਆ ਹੈ। ਉਸੇ ਰਾਣੀ ਕੋਲ ਪ੍ਰਾਰਥਨਾ ਕੀਤੀ ਗਈ ਹੈ; ‘ਹੇ ਮੇਘ ਰਾਣੀ! ਭਰਾਵਾਂ ਨੇ ਭੈਣਾਂ ਛੱਡ ਦਿੱਤੀਆਂ, ਬਲਦਾਂ ਨੇ ਜੂਲਾ ਛੱਡ ਦਿੱਤਾ, ਇਸਤਰੀਆਂ ਨੇ ਪਤੀ ਛੱਡ ਦਿੱਤੇ, ਗਊਆਂ ਨੇ ਵਛੜੇ ਛੱਡ ਦਿੱਤੇ, ਮੱਝਾਂ ਦਾ ਦੁੱਧ ਸੁੱਕ ਗਿਆ। ਹੁਣ ਤੂੰ ਛੇਤੀ ਆ, ਸਾਨੂੰ ਧੀਰਜ ਬੰਨ੍ਹਾ ਤੇ ਮੂਲੇਧਾਰ ਮੀਂਹ ਵਸਾ।’

ਜਦੋਂ ਮੀਂਹ ਨਹੀਂ ਵਸਦਾ ਤਾਂ ਲੋਕ ਗੀਤਾਂ ਵਿੱਚ ਕਾਲ ਦੀ ਤਸਵੀਰ ਸਾਹਮਣੇ ਆਉਂਦੀ ਹੈ। ਮੁੜ-ਮੁੜ ਇੰਦਰ ਦੇਵਤਾ ਅੱਗੇ ਪ੍ਰਾਰਥਨਾ ਕੀਤੀ ਜਾਂਦੀ ਹੈ। ਇੱਕ ਮੈਥਲੀ ਗੀਤ ਇਉਂ ਸ਼ੁਰੂ ਹੁੰਦਾ ਹੈ;

ਹਾਲੀ ਹੁਲੁ ਬਰਸੂ ਇਨਰ ਦੇਵਤਾ

ਪਾਨੀ ਬਿਨੁ ਪੜਛਾਈ ਅਕਾਲੇ ਹੋ ਰਾਮ।

(ਅਰਥਾਤ : ਜਲਦੀ ਵਸੋ ਇੰਦਰ ਦੇਵਤਾ! ਪਾਣੀ ਬਿਨਾਂ ਕਾਲ ਪੈ ਰਿਹਾ ਹੈ, ਹੇ ਰਾਮਾ!)

ਸਾਡੇ ਦੇਸ਼ ਵਿੱਚ ਜਨਤਾ ਦਾ ਜੀਵਨ ਖੇਤੀ ’ਤੇ ਨਿਰਭਰ ਹੈ। ਇਸੇ ਲਈ ਬਾਰਸ਼ ਸਬੰਧੀ ਗੀਤਾਂ ਵਿੱਚ ਜਨਤਾ ਦੇ ਦਿਲਾਂ ਦੀ ਧੜਕਣ ਸੁਣਾਈ ਦਿੰਦੀ ਹੈ। ਜੀਵਨ ਦੀਆਂ ਖੁਸ਼ੀਆਂ ਤੇ ਉਮੰਗਾਂ ਉਛਲਦੀਆਂ ਹਨ। ਆਸਾਂ ਖਿੜਦੀਆਂ ਹਨ ਤੇ ਮਨੁੱਖ ਦੀ ਸੋਚ ਨਵੇਂ ਰੂਪ ਢਾਲਦੀ ਹੈ। ਤਿਰਹੁਤ ਦੀ ਇਹ ਤਸਵੀਰ ਇਨ੍ਹਾਂ ਖੁਸ਼ੀਆਂ ਵੱਲ ਹੀ ਇਸ਼ਾਰਾ ਕਰਦੀ ਹੈ;

ਕੋਕਟੀ ਧੋਤੀ ਪਟੂਆ ਸਾਗ

ਤਿਰਹੁਤ ਗੀਤ ਬੜੇ ਅਨੁਰਾਗ

ਭਾਵ ਸਰਲ ਤਨ ਤਰੁਣੀ ਰੂਪ

ਇਤਵੇ ਤਿਰਹੁਤ ਹੋਏਛ ਅਨੂਪ।

(ਅਰਥਾਤ : ਕੋਕਟੀ ਦੀ ਧੋਤੀ, ਪਟੂਆ ਦਾ ਸਾਗ, ਅਨੁਰਾਗ ਦੇ ਗੀਤ, ਰੂਪਮਤੀ ਮੁਟਿਆਰ ਦੀ ਭਾਵ ਭਰੀ ਸੁੰਦਰਤਾ, ਇਨ੍ਹਾਂ ਦੇ ਕਾਰਨ ਹੀ ਤਿਰਹੁਤ ਅਨੂਪਮ ਹੈ)।

ਰਾਜਸਥਾਨੀ ਲੋਕ ਗੀਤਾਂ ਵਿੱਚ ਵੀ ਜਿੱਥੇ ਇੱਕ ਪਾਸੇ ਉਦੇਪੁਰ ਦੀ ਬਰਸਾਤ ਦੀ ਸਿਫਤ ਕੀਤੀ ਗਈ ਹੈ, ਉੱਥੇ ਦੂਜੇ ਪਾਸੇ ਉਦੇਪੁਰ ਦੇ ਪ੍ਰਸਿੱਧ ਪਿਛੋਲਾ ਸਰੋਵਰ ’ਤੇ ਪਾਣੀ ਭਰਦੀ ਪਨਹਾਰਨ ਦੇ ਰੂਪ ਦੀ ਝਲਕ ਨੂੰ ਵੀ ਭੁਲਾਇਆ ਨਹੀਂ ਗਿਆ। ਇਹ ਗੀਤ ਇੱਕ ਹੀ ਸ਼ਹਿਰ ਨਾਲ ਸਬੰਧ ਰੱਖਦਾ ਹੋਇਆ ਸਮੁੱਚੀ ਕੌਮ ਦੀ ਪ੍ਰਤੀਨਿਧਤਾ ਕਰਦਾ ਹੈ;

ਬਾਲੋ ਲਾਗੇ ਛੇ ਮਾਹਰੇ ਦੇਸੜੋ ਏ ਲੋ

ਕੇਮਕਰ ਜਾਬੂੰ ਪ੍ਰਦੇਸ਼ ਬਾਲਾ ਜੀ

ਉੱਚਾ-ਉੱਚਾ ਰਾਣੇ ਜੀ ਰਾ ਗੌਖੜਾ ਏ ਲੋ

ਨੀਚੇ ਮਾਹਰੇ ਪੀਛੋਲੇ ਕੀ ਪਾਲ ਬਾਲਾ ਜੀ

ਬਦਲ ਛਾਇਆ ਦੇਸ਼ ਮੇਂ, ਹੇ ਲੋ

ਨਦੀਆਂ ਨੀਰ ਹਿਲੋ ਹਿਲ ਰੇ ਬਾਦਲ ਚਮਕੇ ਬਿਜਲੀ

ਚਮਕ-ਚਮਕ ਝਾੜ ਲਾਏ

ਸਰਵਰ ਪਾਣੀ ੜੇ, ਮੈਂ ਗਈ ਏ ਲੋ

ਭੀਜੇ ਮਾਹਰੀ ਸਾਲੂੜੇ ਰੀ ਕੋਰ ਬਾਲਾ ਜੀ

ਬਾਲੋ ਲਾਗੇ ਛੇ ਮਾਹਰੇ ਦੇਸੜੋ ਏ ਲੋ

ਕੇਮਕਰ ਜਾਬੂੰ ਪ੍ਰਦੇਸ਼ ਬਾਲਾ ਜੀ

(ਅਰਥਾਤ : ਮੈਨੂੰ ਮੇਰਾ ਦੇਸ਼ ਪਿਆਰਾ ਲੱਗਦਾ ਹੈ। ਹੇ ਪ੍ਰੀਤਮਾ! ਮੈਂ ਪ੍ਰਦੇਸ਼ ਕਿਵੇਂ ਜਾਵਾਂ? ਉੱਚੇ-ਉੱਚੇ ਰਾਣਾ ਜੀ ਦੇ ਝਰੋਖੇ ਹਨ। ਹੇ ਪ੍ਰੀਤਮਾ, ਨੀਵੀਂ ਹੈ ਮੇਰੇ ਪਿਛੋਰੇ ਦੀ ਪਾਲ। ਦੇਸ਼ ਵਿੱਚ ਬਦਲ ਛਾ ਗਏ ਹਨ, ਨਦੀਆਂ ਵਿੱਚ ਪਾਣੀ ਹੁਲਾਰੇ ਮਾਰ ਰਿਹਾ ਹੈ, ਬਦਲਾਂ ਵਿੱਚ ਬਿਜਲੀ ਚਮਕਦੀ ਹੈ, ਚਮਕ-ਚਮਕ ਕੇ ਝੜੀ ਲਾ ਦਿੰਦੀ ਹੈ। ਮੈਂ ਸਰੋਵਰ ’ਤੇ ਪਾਣੀ ਲੈਣ ਲਈ ਗਈ। ਹੇ ਪ੍ਰੀਤਮ! ਮੇਰੇ ਸਾਲੂ ਦੀ ਕੰਨੀ ਭਿੱਜ ਰਹੀ ਹੈ। ਇਸ ਕਰਕੇ ਮੈਨੂੰ ਮੇਰਾ ਦੇਸ਼ ਪਿਆਰਾ ਲੱਗਦਾ ਹੈ। ਹੇ ਪ੍ਰੀਤਮ! ਮੈਂ ਪ੍ਰਦੇਸ਼ ਕਿਵੇਂ ਜਾਵਾਂ?)

ਲੋਕ ਗੀਤ ਦੀ ਸ਼ਕਤੀ ਉਸ ਦੀ ਸਾਦਗੀ ਵਿੱਚ ਹੈ। ਇਸੇ ਸਾਦਗੀ ਕਾਰਨ ਲੋਕ ਗੀਤ ਕਦੇ ਪੁਰਾਣਾ ਨਹੀਂ ਹੁੰਦਾ। ਜਿੱਥੇ ਇਸ ਵਿੱਚ ਪਿਛਲੀਆਂ ਪੀੜ੍ਹੀਆਂ ਦੀ ਆਵਾਜ਼ ਸਾਡੇ ਤੱਕ ਪਹੁੰਚਦੀ ਹੈ, ਉੱਥੇ ਇਸ ਵਿੱਚ ਏਨੀ ਲੋਚ ਰਹਿੰਦੀ ਹੈ ਕਿ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਵੀ ਝੱਟ ਅਪਣਾ ਲੈਂਦੀਆਂ ਹਨ। ਗੜਵਾਲੀ ਲੋਕ ਗੀਤ ਵਿੱਚ ਮਲੇਥ ਪਿੰਡ ਦੀ ਤਸਵੀਰ ਕਿੰਨੀ ਹੀ ਮਹਿਦੂਦ ਕਿਉਂ ਨਾ ਹੋਵੇ, ਇਸ ਵਿੱਚ ਪੂਰੇ ਗੜਵਾਲ ਦੀ ਤਸਵੀਰ ਦੇਖੀ ਜਾ ਸਕਦੀ ਹੈ;

ਕੈਸੋ ਨਾ ਭੰਡਾਰੀ ਤੇਰਾ ਮਲੇਥ?

ਦੇਖੋ ਭਾਲੋ ਏਨ ਸੈਬੋ ਮੇਰਾ ਮਲੇਥ

ਢਲਕਦੀ ਗੁਲ ਮੇਰਾ ਮਲੇਥ

ਗਾਊਂ ਮੁੜਕੇ ਘਰ ਮੇਰਾ ਮਲੇਥ

ਪਲੰਗਾ ਕੀ ਬਾੜੀ ਮੇਰਾ ਮਲੇਥ

ਲਾਸਣ ਕੀ ਕਿਆਰੀ ਮੇਰਾ ਮਲੇਥ

ਗਾਈਓਂ ਕੀ ਗੋਠਿਆਰ ਮੇਰਾ ਮਲੇਥ

ਭੈਸੋਂ ਕੀ ਖੁਰੀਕ ਮੇਰਾ ਮਲੇਥ

ਬਾਂਦੂ ਕਾ ਲੜਾਕਾ ਮੇਰਾ ਮਲੇਥ

ਬੈਂਖੂ ਕਾ ਢਸਾਕਾ ਮੇਰਾ ਮਲੇਥ

(ਅਰਥਾਤ : ਕਿਹੋ ਜਿਹਾ ਉਏ ਭੰਡਾਰੀ ਤੇਰਾ ਮਲੇਥ? ਵੇਖਣ ਨੂੰ ਭਲਾ ਲੱਗਦਾ ਹੈ, ਸਾਹਬੋ ਮੇਰਾ ਮਲੇਥ। ਢਲਕਦੀ ਜਲ ਦੀ ਧਾਰਾ ਮੇਰਾ ਮਲੇਥ। ਪਿੰਡ ਦੀ ਨਿਵਾਣ ਵਿੱਚ ਹੈ ਮੇਰਾ ਘਰ- ਮੇਰਾ ਮਲੇਥ। ਪਾਲਕ ਦੀ ਵਾੜੀ- ਮੇਰਾ ਮਲੇਥ। ਲਸਣ ਦੀ ਕਿਆਰੀ- ਮੇਰਾ ਮਲੇਥ। ਮੱਝਾਂ ਦੀ ਭੀੜ- ਮੇਰਾ ਮਲੇਥ। ਮੁਟਿਆਰਾਂ ਦਾ ਝੁੰਡ- ਮੇਰਾ ਮਲੇਥ। ਜਵਾਨਾਂ ਦਾ ਧੱਕਮ- ਧੱਕਾ- ਮੇਰਾ ਮਲੇਥ।)

ਭਾਰਤੀ ਲੋਕ ਗੀਤਾਂ ਵਿੱਚ ਜਿੱਥੇ ਕੁਦਰਤ ਅੱਗੇ ਸੌ- ਸੌ ਅਰਦਾਸਾਂ ਕੀਤੀਆਂ ਗਈਆਂ ਹਨ, ਉੱਥੇ ਮਨੁੱਖ ਦਾ ਇਹ ਵਿਸ਼ਵਾਸ ਵੀ ਉੱਭਰਦਾ ਹੈ ਕਿ ਉਹ ਔਕੜਾਂ ਤੋਂ ਘਬਰਾ ਕੇ ਹਾਰ ਨਹੀਂ ਮੰਨਦਾ। ਲੋਕ ਗੀਤਾਂ ਵਿੱਚ ਜੀਵਨ ਦੀਆਂ ਖੁਸ਼ੀਆਂ ਤੇ ਉਮੰਗਾਂ ਉਛਲਦੀਆਂ ਹਨ। ਆਸਾਂ ਖਿੜਦੀਆਂ ਹਨ ਅਤੇ ਮਨੁੱਖ ਦੀਆਂ ਸੋਚ/ਉਡਾਰੀਆਂ ਨਵੇਂ ਰੂਪ ਢਾਲਦੀਆਂ ਹਨ। ਜਦੋਂ ਫ਼ਸਲਾਂ ਪੱਕਦੀਆਂ ਹਨ ਤੇ ਨਵੇਂ ਅਨਾਜ ਦੇ ਸੁਨਹਿਰੀ ਸਿੱਟੇ ਲੋਕਾਂ ਨੂੰ ਗੁਦਗਦਾਉਂਦੇ ਹਨ ਤਦ ਪਿੰਡ ਦੀ ਸੁੱਤੀ ਹੋਈ ਆਤਮਾ ਜਾਗ ਉੱਠਦੀ ਹੈ। ਇਸ ਖੁਸ਼ੀ ਵਿੱਚ ਵੰਨ-ਸੁਵੰਨੇ ਨਾਚ ਹੁੰਦੇ ਹਨ। ਹਰ ਨਾਚ ਵਿੱਚ ਨਵੇਂ ਪੁਰਾਣੇ ਗੀਤਾਂ ਦੀ ਪਰਖ ਹੁੰਦੀ ਹੈ। ਬਹੁਤ ਸਾਰੇ ਨਵੇਂ ਗੀਤ, ਜਿਨ੍ਹਾਂ ਵਿੱਚ ਇੰਨਾ ਦਮ ਨਹੀਂ ਹੁੰਦਾ ਕਿ ਸਮੇਂ ਦੇ ਪਰਵਾਹ ਅੱਗੇ ਟਿਕ ਸਕਣ, ਪਿੱਛੇ ਰਹਿ ਜਾਂਦੇ ਹਨ, ਪਰ ਕੁਝ ਨਵੇਂ ਗੀਤ ਇੰਨੇ ਜ਼ੋਰਦਾਰ ਹੁੰਦੇ ਹਨ ਕਿ ਉਨ੍ਹਾਂ ਨੂੰ ਕੋਈ ਤਾਕਤ ਦਬਾਅ ਨਹੀਂ ਸਕਦੀ। ਸਾਡੀ ਕੌਮੀ ਆਜ਼ਾਦੀ ਦੀ ਲੜਾਈ ਅਤੇ ਜਨਤਾ ਦੇ ਅੰਦੋਲਨਾਂ ਨਾਲ ਸਬੰਧ ਰੱਖਣ ਵਾਲੇ ਬਹੁਤ ਸਾਰੇ ਲੋਕ ਗੀਤ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਲੋਕਾਂ ਦੇ ਜੀਵਨ ਵਿੱਚ ਰਚ ਗਏ ਹਨ। ਇਸੇ ਵਿਸ਼ੇਸ਼ਤਾ ਕਾਰਨ ਲੋਕ ਗੀਤਾਂ ਵਿੱਚ ਕਦੇ ਪਰੰਪਰਾ ਦੀ ਝਾਕੀ ਮਿਲਦੀ ਹੈ ਤੇ ਉਹ ਧਰਤੀ ਮਾਤਾ ਨਾਲ ਪਿਆਰ ਦਰਸਾਉਂਦੇ ਹਨ ਤੇ ਕਦੇ ਜੀਵਨ ਦੇ ਉਤਰਾਅ-ਚੜ੍ਹਾਅ ਦਾ ਨਕਸ਼ਾ ਸਾਹਮਣੇ ਆਉਂਦਾ ਹੈ।

Advertisement
×