DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖੇਡ-ਖੇਡ ਵਿੱਚ ਉੱਜੜ ਰਿਹਾ ਭਵਿੱਖ

ਵੀਹ ਕੁ ਸਾਲ ਪਹਿਲਾਂ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਖੇਡਣ ਲਈ ਭੇਜਦੇ ਸੀ ਤਾਂ ਉਹ ਕਬੱਡੀ, ਗੁੱਲੀ-ਡੰਡਾ, ਲੁਕਣ-ਮੀਟੀ ਅਤੇ ਕ੍ਰਿਕਟ ਖੇਡ ਕੇ ਥੱਕੇ-ਟੁੱਟੇ ਘਰ ਆਉਂਦੇ ਸਨ, ਪਰ ਉਨ੍ਹਾਂ ਦੀਆਂ ਅੱਖਾਂ ਵਿੱਚ ਚਮਕ ਹੁੰਦੀ ਸੀ, ਚਿਹਰੇ ’ਤੇ ਮੁਸਕਾਨ ਹੁੰਦੀ ਸੀ...

  • fb
  • twitter
  • whatsapp
  • whatsapp
Advertisement

ਵੀਹ ਕੁ ਸਾਲ ਪਹਿਲਾਂ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਖੇਡਣ ਲਈ ਭੇਜਦੇ ਸੀ ਤਾਂ ਉਹ ਕਬੱਡੀ, ਗੁੱਲੀ-ਡੰਡਾ, ਲੁਕਣ-ਮੀਟੀ ਅਤੇ ਕ੍ਰਿਕਟ ਖੇਡ ਕੇ ਥੱਕੇ-ਟੁੱਟੇ ਘਰ ਆਉਂਦੇ ਸਨ, ਪਰ ਉਨ੍ਹਾਂ ਦੀਆਂ ਅੱਖਾਂ ਵਿੱਚ ਚਮਕ ਹੁੰਦੀ ਸੀ, ਚਿਹਰੇ ’ਤੇ ਮੁਸਕਾਨ ਹੁੰਦੀ ਸੀ ਅਤੇ ਨੀਂਦ ਸੁਖਾਲੀ ਆਉਂਦੀ ਸੀ। ਅੱਜ ਦੀ ਤਸਵੀਰ ਬਿਲਕੁਲ ਉਲਟ ਹੈ। ਸਾਡੇ ਬੱਚੇ ਛੋਟੀਆਂ-ਛੋਟੀਆਂ ਸਕਰੀਨਾਂ ਵਿੱਚ ਗੁਆਚ ਗਏ ਹਨ। ਪਬਜੀ, ਫ੍ਰੀ ਫਾਇਰ, ਫੋਰਟਨਾਈਟ, ਕਾਲ ਆਫ ਡਿਊਟੀ, ਰੋਬਲਾਕਸ, ਗੈਂਸ਼ਿਨ ਇੰਪੈਕਟ, ਵੈਲੋਰੈਂਟ ਅਤੇ ਬੀ.ਜੀ.ਐੱਮ.ਆਈ. ਵਰਗੀਆਂ ਆਨਲਾਈਨ ਗੇਮਾਂ ਨੇ ਬੱਚਿਆਂ ਅਤੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਇੱਕ ਡਿਜੀਟਲ ਜਾਲ ਵਿੱਚ ਫਸਾ ਲਿਆ ਹੈ, ਜਿੱਥੋਂ ਨਿਕਲਣਾ ਹੁਣ ਬਹੁਤ ਔਖਾ ਹੋ ਗਿਆ ਹੈ। ਮੈਦਾਨੀ ਅਤੇ ਰਵਾਇਤੀ ਖੇਡਾਂ ਤੋਂ ਦੂਰ ਹੋ ਕੇ ਮੋਬਾਈਲ ਸਕਰੀਨਾਂ ਨਾਲ ਚਿਪਕੀ ਬੈਠੀ ਨਵੀਂ ਪੀੜ੍ਹੀ ਨਾ ਸਿਰਫ਼ ਸਰੀਰਕ ਸਗੋਂ ਮਾਨਸਿਕ ਤੌਰ ’ਤੇ ਵੀ ਖੋਖਲੀ ਹੋ ਰਹੀ ਹੈ।

ਇੰਟਰਨੈੱਟ ਗੇਮਿੰਗ ਡਿਸਆਰਡਰ (Internet Gaming Disorder) ਨੂੰ ਅਮਰੀਕਨ ਸਾਇਕਾਇਟ੍ਰਿਕ ਅਸੋਸੀਏਸ਼ਨ ਵੱਲੋਂ ਸਾਲ 2013 ਵਿੱਚ ਪ੍ਰਕਾਸ਼ਿਤ ‘ਡਾਇਗਨੋਸਟਿਕ ਐਂਡ ਸਟੈਟਿਸਟਿਕਲ ਮੈਨੁਅਲ ਆਫ਼ ਮੈਨਟਲ ਡਿਸਆਰਡਰਜ਼’ ਵਿੱਚ ਗੈਰ‑ਪਦਾਰਥਕ ਲਤ ਵਜੋਂ ਸ਼ਾਮਲ ਕੀਤਾ ਗਿਆ ਸੀ। ਵਿਸ਼ਵ ਸਿਹਤ ਸੰਗਠਨ ਨੇ ਜੂਨ 2018 ਵਿੱਚ ਗੇਮਿੰਗ ਡਿਸਆਰਡਰ ਨੂੰ ਅੰਤਰਰਾਸ਼ਟਰੀ ਰੋਗ ਵਰਗੀਕਰਨ ਵਿੱਚ ਇੱਕ ਮਾਨਸਿਕ ਸਿਹਤ ਵਿਕਾਰ ਵਜੋਂ ਸ਼ਾਮਲ ਕੀਤਾ ਹੈ। ਵਿਸ਼ਵ ਸਿਹਤ ਸੰਗਠਨ ਦੀ ਪਰਿਭਾਸ਼ਾ ਵਿੱਚ ਗੇਮਿੰਗ ਡਿਸਆਰਡਰ ਤਿੰਨ ਮਾਪਦੰਡਾਂ ਰਾਹੀਂ ਪ੍ਰਗਟ ਹੁੰਦਾ ਹੈ: (1) ਕੰਪਿਊਟਰ ਗੇਮਾਂ ਖੇਡਣ ’ਤੇ ਨਿਯੰਤਰਣ ਨਾ ਹੋਣਾ, (2) ਗੇਮਾਂ ਨੂੰ ਜੀਵਨ ਦੀਆਂ ਹੋਰ ਦਿਲਚਸਪੀਆਂ ਅਤੇ ਰੋਜ਼ਾਨਾ ਗਤੀਵਿਧੀਆਂ ਤੋਂ ਵੱਧ ਤਰਜੀਹ ਮਿਲਣਾ ਅਤੇ (3) ਨਕਾਰਾਤਮਕ ਨਤੀਜੇ ਸਾਹਮਣੇ ਆਉਣ ਦੇ ਬਾਵਜੂਦ ਗੇਮਾਂ ਖੇਡਣਾ ਜਾਰੀ ਰਹਿਣਾ ਜਾਂ ਹੋਰ ਵਧ ਜਾਣਾ। ਇਸ ਅਨੁਸਾਰ ਜਦੋਂ ਕੋਈ ਵਿਅਕਤੀ ਗੇਮਾਂ ਖੇਡਣ ਕਾਰਨ ਆਪਣੀ ਰੋਜ਼ਾਨਾ ਜ਼ਿੰਦਗੀ, ਰਿਸ਼ਤੇ, ਪੜ੍ਹਾਈ ਅਤੇ ਨੌਕਰੀ ਤੋਂ ਹੱਥ ਧੋ ਬੈਠਦਾ ਹੈ ਅਤੇ ਫਿਰ ਵੀ ਗੇਮ ਖੇਡਣਾ ਬੰਦ ਨਹੀਂ ਕਰ ਸਕਦਾ ਤਾਂ ਇਹ ਕੋਈ ਸ਼ੌਕ ਨਹੀਂ ਬਲਕਿ ਇੱਕ ਬਿਮਾਰੀ ਹੈ।

Advertisement

ਘੰਟਿਆਂ ਤੱਕ ਲਗਾਤਾਰ ਕੰਪਿਊਟਰ ਗੇਮਾਂ ਖੇਡਣਾ ਬੱਚਿਆਂ ਅਤੇ ਕਿਸ਼ੋਰਾਂ ਦੀ ਸਰੀਰਕ ਸਿਹਤ ਲਈ ਖ਼ਤਰਾ ਬਣ ਸਕਦਾ ਹੈ। ਲਗਾਤਾਰ ਬੈਠਣਾ, ਗਲਤ ਪੋਸਚਰ, ਅੱਖਾਂ ਦੀ ਥਕਾਵਟ, ਨੀਂਦ ਦਾ ਟੁੱਟਣਾ ਅਤੇ ਖਾਣ-ਪੀਣ ਦੀ ਅਣਦੇਖੀ, ਇਹ ਸਭ ਮਿਲ ਕੇ ਸਰੀਰ ’ਤੇ ਅਜਿਹਾ ਬੋਝ ਪਾ ਸਕਦੇ ਹਨ ਜੋ ਕਈ ਵਾਰ ਗੰਭੀਰ ਨਤੀਜਿਆਂ ਤੱਕ ਲੈ ਜਾਂਦਾ ਹੈ। ਲਗਾਤਾਰ ਸਕਰੀਨ ਵੱਲ ਦੇਖਣ ਨਾਲ ਬੱਚਿਆਂ ਦੀਆਂ ਅੱਖਾਂ ਵਿੱਚ ਖ਼ੁਸ਼ਕੀ, ਧੁੰਦਲਾਪਣ ਅਤੇ ਸਿਰ ਦਰਦ ਦੀ ਸ਼ਿਕਾਇਤ ਹੁੰਦੀ ਹੈ। ਘੰਟਿਆਂ-ਬੱਧੀ ਬੈਠ ਕੇ ਗੇਮ ਖੇਡਣ ਨਾਲ ਬੱਚਿਆਂ ਵਿੱਚ ਮੋਟਾਪਾ ਤੇਜ਼ੀ ਨਾਲ ਵਧ ਰਿਹਾ ਹੈ। ਨੈਸ਼ਨਲ ਇੰਸਟੀਚਿਊਟਸ ਆਫ ਹੈਲਥ, ਅਮਰੀਕਾ ਵੱਲੋਂ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਸਵਿਟਜ਼ਰਲੈਂਡ ਦੇ ਬੱਚਿਆਂ ਵਿੱਚ ਕੰਪਿਊਟਰ ਗੇਮਾਂ ਖੇਡਦੇ ਬਿਤਾਏ ਹਰ ਘੰਟੇ ਨਾਲ ਮੋਟਾਪੇ ਦਾ ਖ਼ਤਰਾ ਲਗਭਗ 2 ਗੁਣਾ ਵਧਦਾ ਪਾਇਆ ਗਿਆ। ਗੇਮਿੰਗ ਦੌਰਾਨ ਬੱਚੇ ਜੰਕ ਫੂਡ, ਚਿਪਸ, ਕੋਲਡ ਡ੍ਰਿੰਕ ਤੇ ਐਨਰਜੀ ਡ੍ਰਿੰਕ ਦੀ ਭਾਰੀ ਮਾਤਰਾ ਵਿੱਚ ਵਰਤੋਂ ਕਰਦੇ ਹਨ ਜੋ ਸ਼ੂਗਰ ਤੇ ਹਾਈ ਬਲੱਡ ਪ੍ਰੈੱਸ਼ਰ ਵਰਗੀਆਂ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ। ‘ਅਮਰੀਕਨ ਜਰਨਲ ਆਫ ਕਲੀਨਿਕਲ ਨਿਊਟ੍ਰੀਸ਼ਨ’ ਵਿੱਚ ਛਪੀ ਇੱਕ ਖੋਜ ਰਿਪੋਰਟ ਦੱਸਦੀ ਹੈ ਕਿ ਵੀਡੀਓ ਗੇਮ ਖੇਡਣ ਦੌਰਾਨ ਦਿਲ ਦੀ ਧੜਕਣ, ਸਿਸਟੋਲਿਕ ਅਤੇ ਡਾਇਸਟੋਲਿਕ ਬਲੱਡ ਪ੍ਰੈੱਸ਼ਰ, ਸਿਮਪੈਥੈਟਿਕ ਟੋਨ (ਹਮਦਰਦੀ ਨਾੜੀ ਪ੍ਰਣਾਲੀ ਦੀ ਸਰਗਰਮੀ) ਅਤੇ ਮਾਨਸਿਕ ਕਾਰਜਭਾਰ, ਆਰਾਮ ਦੀ ਸਥਿਤੀ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਸਨ।

Advertisement

ਕੰਪਿਊਟਰਾਂ ਅਤੇ ਮੋਬਾਈਲ ਫੋਨਾਂ ਦੀ ਲਗਾਤਾਰ ਵਰਤੋਂ ਕਰਦੇ ਸਮੇਂ ਝੁਕ ਕੇ ਬੈਠਣ ਨਾਲ ਬੱਚਿਆਂ ਵਿੱਚ ‘ਟੈੱਕ ਨੈੱਕ ਸਿੰਡਰੋਮ’ (ਤਕਨੀਕੀ ਗਰਦਨ ਦਰਦ) ਦੀ ਸਮੱਸਿਆ ਬਹੁਤ ਆਮ ਹੋ ਗਈ ਹੈ। ਸਾਲ 2022 ਵਿੱਚ ਨੈਸ਼ਨਲ ਇੰਸਟੀਚਿਊਟਸ ਆਫ ਹੈਲਥ, ਅਮਰੀਕਾ ਨੇ ਇਸ ਨੂੰ ਇੱਕ ਆਧੁਨਿਕ ਮਹਾਂਮਾਰੀ ਵਜੋਂ ਰਿਪੋਰਟ ਕੀਤਾ ਹੈ। ਗੇਮਿੰਗ ਸਕਰੀਨਾਂ ਤੋਂ ਨਿਕਲਣ ਵਾਲੀ ਨੀਲੀ ਰੌਸ਼ਨੀ ਮੈਲਾਟੋਨਿਨ ਹਾਰਮੋਨ ਦੇ ਉਤਪਾਦਨ ਨੂੰ ਰੋਕਦੀ ਹੈ, ਜਿਸ ਨਾਲ ਨੀਂਦ ਦਾ ਚੱਕਰ ਵਿਗੜ ਜਾਂਦਾ ਹੈ। ‘ਕਲੀਨਿਕਲ ਐਪੀਡੀਮੀਓਲੋਜੀ ਐਂਡ ਗਲੋਬਲ ਹੈਲਥ’ ਵਿੱਚ ਪ੍ਰਕਾਸ਼ਿਤ ਅਧਿਐਨ ਅਨੁਸਾਰ ਜ਼ਿਆਦਾ ਸਕਰੀਨ ਟਾਈਮ ਵਾਲੇ ਬੱਚਿਆਂ ਵਿੱਚ ਨੀਂਦ ਦੀ ਗੁਣਵੱਤਾ ਵਿੱਚ ਮਹੱਤਵਪੂਰਨ ਕਮੀ ਆਉਂਦੀ ਹੈ। ਨੀਂਦ ਦੀ ਕਮੀ ਯਾਦਦਾਸ਼ਤ, ਇਕਾਗਰਤਾ ਅਤੇ ਇਮਿਊਨਿਟੀ ਨੂੰ ਕਮਜ਼ੋਰ ਕਰਦੀ ਹੈ।

ਅਕਤੂਬਰ 2025 ਵਿੱਚ ਲਖਨਊ, ਉੱਤਰ ਪ੍ਰਦੇਸ਼ ਵਿੱਚ ਇੱਕ 13 ਸਾਲ ਦੇ ਮੁੰਡੇ ਦੀ ਮੋਬਾਈਲ ਗੇਮ ਖੇਡਦਿਆਂ ਅਚਾਨਕ ਮੌਤ ਹੋ ਗਈ। ਡਾਕਟਰਾਂ ਨੇ ਇਸ ਘਟਨਾ ਨੂੰ ‘ਸਡਨ ਗੇਮਰ ਡੈੱਥ’ ਦੱਸਿਆ ਹੈ। ਮੱਧ ਪ੍ਰਦੇਸ਼ ਦੇ ਨੀਮਚ ਸ਼ਹਿਰ ਵਿੱਚ ਮਈ 2019 ਵਿੱਚ ਇੱਕ 16 ਸਾਲ ਦੇ ਮੁੰਡੇ ਦੀ ਆਪਣੇ ਮੋਬਾਈਲ ਫੋਨ ਉੱਤੇ ਲਗਾਤਾਰ 6 ਘੰਟੇ ਪਬਜੀ ਖੇਡਣ ਤੋਂ ਬਾਅਦ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ ਗੇਮ ਵਿੱਚ ਇੱਕ ‘ਬੈਟਲ’ (ਲੜਾਈ) ਹਾਰ ਗਿਆ ਸੀ। ਮੈਡੀਕਲ ਖੋਜ ਅਨੁਸਾਰ ਲੰਬੇ ਸਮੇਂ ਤੱਕ ਬਿਨਾਂ ਰੁਕੇ ਗੇਮ ਖੇਡਣ ਨਾਲ ਪਲਮਨਰੀ ਐਮਬੋਲਿਜ਼ਮ (ਇੱਕੋ ਥਾਂ ਬੈਠੇ ਰਹਿਣ ਨਾਲ ਫੇਫੜਿਆਂ ਵਿੱਚ ਖ਼ੂਨ ਦੇ ਥੱਕੇ ਬਣ ਜਾਣਾ) ਹੋ ਸਕਦੀ ਹੈ, ਕਾਰਡੀਅਕ ਅਰਿਦਮੀਆ (ਮਾਨਸਿਕ ਤਣਾਅ ਤੇ ਐਡਰੇਨਾਲਿਨ ਵਧਣ ਨਾਲ ਦਿਲ ਦੀ ਧੜਕਨ ਅਨਿਯਮਿਤ ਹੋ ਜਾਣਾ) ਹੋ ਸਕਦੀ ਹੈ ਅਤੇ ਬਹੁਤ ਗੰਭੀਰ ਮਾਮਲਿਆਂ ਵਿੱਚ ਬ੍ਰੇਨ ਹੈਮਰੇਜ (ਦਿਮਾਗ਼ ਵਿੱਚ ਖੂਨ ਦੀ ਨਾੜ ਫੱਟ ਜਾਣਾ) ਦੀ ਸਮੱਸਿਆ ਵੀ ਹੋ ਸਕਦੀ ਹੈ। ਇੱਥੇ ਇਹ ਸਮਝਣਾ ਜ਼ਰੂਰੀ ਹੈ ਕਿ ਹਰ ਮਾਮਲੇ ਵਿੱਚ ਕਾਰਨ-ਨਤੀਜੇ ਦਾ ਫ਼ੈਸਲਾ ਸਿਰਫ਼ ਖ਼ਬਰਾਂ ਦੇ ਆਧਾਰ ’ਤੇ ਨਹੀਂ ਕੀਤਾ ਜਾ ਸਕਦਾ, ਸਹੀ ਡਾਕਟਰੀ ਜਾਂਚ ਲਾਜ਼ਮੀ ਹੈ।

ਆਨਲਾਈਨ ਗੇਮਿੰਗ ਦੀ ਸਭ ਤੋਂ ਵੱਡੀ ਚਿੰਤਾ ਮਾਨਸਿਕ ਸਿਹਤ ਨਾਲ ਜੁੜਦੀ ਹੈ। ਆਨਲਾਈਨ ਗੇਮਾਂ ਨੂੰ ਖ਼ਾਸ ਤੌਰ ’ਤੇ ਇਸ ਤਰ੍ਹਾਂ ਡਿਜ਼ਾਇਨ ਕੀਤਾ ਜਾਂਦਾ ਹੈ ਕਿ ਖਿਡਾਰੀ ਨੂੰ ਲਤ ਲੱਗ ਜਾਵੇ। ਗੇਮ ਵਿੱਚ ਲੂਟ ਬਾਕਸ, ਡੇਲ੍ਹੀ ਰੀਵਾਰਡਜ਼, ਸੀਜ਼ਨਲ ਬੈਟਲ ਪਾਸਜ ਅਤੇ ਲੀਡਰਬੋਰਡਜ਼ ਵਰਗੇ ਮਨੋਵਿਗਿਆਨਕ ਹਥਿਆਰ ਵਰਤੇ ਜਾਂਦੇ ਹਨ ਜੋ ਦਿਮਾਗ਼ ਵਿੱਚ ਡੋਪਾਮੀਨ ਹਾਰਮੋਨ ਦੀ ਰਿਲੀਜ਼ ਕਰਵਾਉਂਦੇ ਹਨ, ਉਹੀ ਹਾਰਮੋਨ ਜੋ ਨਸ਼ੇ ਵਿੱਚ ਰਿਲੀਜ਼ ਹੁੰਦਾ ਹੈ। ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਆਨਲਾਈਨ ਗੇਮ ਇੱਕ ‘ਡਿਜੀਟਲ ਨਸ਼ਾ’ ਹੈ। ਬੱਚਿਆਂ ਦਾ ਦਿਮਾਗ਼ ਅਜੇ ਵਿਕਾਸ ਦੇ ਪੜਾਅ ਵਿੱਚ ਹੁੰਦਾ ਹੈ ਤੇ ਇਸ ਲਈ ਉਹ ਇਸ ਲਤ ਦਾ ਸ਼ਿਕਾਰ ਬਹੁਤ ਜਲਦੀ ਹੋ ਜਾਂਦੇ ਹਨ।

ਜਾਪਾਨ ਦੇ ਸਿਹਤ ਮੰਤਰਾਲੇ ਦੀ ਸਾਲ 2023 ਦੀ ਰਿਪੋਰਟ ਅਨੁਸਾਰ ਜਾਪਾਨ ਵਿੱਚ 15 ਲੱਖ ਤੋਂ ਵੱਧ ਨੌਜਵਾਨ ‘ਹਿਕੀਕੋਮੋਰੀ’ (ਸਮਾਜਿਕ ਅਲਹਿਦਗੀ) ਦੇ ਸ਼ਿਕਾਰ ਹਨ, ਜਿਸ ਦਾ ਮੁੱਖ ਕਾਰਨ ਗੇਮਿੰਗ ਦੀ ਲਤ ਹੈ। ਇਹ ਨੌਜਵਾਨ ਮਹੀਨਿਆਂ-ਬੱਧੀ ਆਪਣੇ ਕਮਰੇ ਤੋਂ ਬਾਹਰ ਨਹੀਂ ਨਿਕਲਦੇ ਤੇ ਸਿਰਫ਼ ਗੇਮ ਖੇਡਦੇ ਰਹਿੰਦੇ ਹਨ। ਆਨਲਾਈਨ ਗੇਮਾਂ ਬੇਅੰਤ ਕਲਪਨਾ ਪ੍ਰਦਾਨ ਕਰਦੀਆਂ ਹਨ ਜੋ ਅਸਲ ਜ਼ਿੰਦਗੀ ਵਿੱਚ ਮਹਿਸੂਸ ਜਾਂ ਅਨੁਭਵ ਨਹੀਂ ਕੀਤੀਆਂ ਜਾ ਸਕਦੀਆਂ, ਜਿਸ ਕਰਕੇ ਇੱਕ ਹਿਕੀਕੋਮੋਰੀ ਪ੍ਰਭਾਵਿਤ ਵਿਅਕਤੀ ਅਸਲੀਅਤ ਤੋਂ ਭੱਜਣ ਲੱਗ ਪੈਂਦਾ ਹੈ। 30 ਸਾਲਾ ਹਿਕੀਕੋਮੋਰੀ ਤਾਕਾਯੂਕੀ ਇਵਾਸੇ ਨੇ 2010 ਵਿੱਚ ਪਿਤਾ ਵੱਲੋਂ ਇੰਟਰਨੈੱਟ ਬੰਦ ਕੀਤੇ ਜਾਣ ’ਤੇ ਬੇਕਾਬੂ ਹੋ ਕੇ ਆਪਣੇ ਪਰਿਵਾਰ ਨੂੰ ਜ਼ਖ਼ਮੀ ਕਰ ਕੇ ਘਰ ਸਾੜ ਦਿੱਤਾ।

ਅਮਰੀਕਨ ਮੈਡੀਕਲ ਅਸੋਸੀਏਸ਼ਨ ਦੇ ਸਾਲ 2019 ਦੇ ਅਧਿਐਨ ਅਨੁਸਾਰ ਜ਼ਿਆਦਾ ਸਕਰੀਨ ਟਾਈਮ ਤੇ ਗੇਮਿੰਗ ਨਾਲ ਬੱਚਿਆਂ ਵਿੱਚ ਅਟੈਂਸ਼ਨ ਡੈਫਿਸਿਟ ਹਾਈਪਰਐਕਟੀਵਿਟੀ ਡਿਸਆਰਡਰ (ADHD) ਦੇ ਲੱਛਣ ਵਧ ਜਾਂਦੇ ਹਨ। ਬੱਚੇ ਕਲਾਸ ਵਿੱਚ ਧਿਆਨ ਨਹੀਂ ਲਾ ਸਕਦੇ, ਬੇਚੈਨ ਰਹਿੰਦੇ ਹਨ ਅਤੇ ਕੋਈ ਵੀ ਕੰਮ ਪੂਰਾ ਨਹੀਂ ਕਰ ਸਕਦੇ। ਸੋਸ਼ਲ ਸਾਇੰਸ ਐਂਡ ਮੈਡੀਸਨ ਨਾਮੀ ਜਰਨਲ ਵਿੱਚ ਸਾਲ 2022 ਵਿੱਚ ਪ੍ਰਕਾਸ਼ਿਤ ਇੱਕ ਵੱਡੇ ਪੱਧਰ ਦੇ ਅਧਿਐਨ (179 ਦੇਸ਼ਾਂ ਦੇ 182,586 ਗੇਮਰਾਂ ਉੱਤੇ) ਅਨੁਸਾਰ ਗੇਮਿੰਗ ਡਿਸਆਰਡਰ ਵਾਲੇ ਨੌਜਵਾਨ ਗੰਭੀਰ ਡਿਪ੍ਰੈਸ਼ਨ ਤੇ ਚਿੰਤਾ ਵਿਕਾਰ (Anxiety Disorder) ਦੇ ਸ਼ਿਕਾਰ ਹਨ। ਆਨਲਾਈਨ ਗੇਮਿੰਗ ਬੱਚਿਆਂ ਅਤੇ ਕਿਸ਼ੋਰਾਂ ਦੀ ਭਾਵਨਾਤਮਕ ਸਥਿਰਤਾ ’ਤੇ ਐਸਾ ਦਬਾਅ ਪਾ ਦਿੰਦੇ ਹਨ ਕਿ ਹਾਰ, ਪਾਬੰਦੀ ਜਾਂ ਆਨਲਾਈਨ ਤਾਅਨੇ-ਮਜ਼ਾਕ ਵਰਗੀਆਂ ਘਟਨਾਵਾਂ ਉਨ੍ਹਾਂ ਲਈ ਅਸਹਿਣਸ਼ੀਲ ਬਣ ਜਾਂਦੀਆਂ ਹਨ ਅਤੇ ਕਈ ਵਾਰ ਇਹ ਹਾਲਤ ਖ਼ੁਦਕੁਸ਼ੀ ਤੱਕ ਵੀ ਪਹੁੰਚ ਜਾਂਦੀ ਹੈ।

ਬਹੁਤੀਆਂ ਮਸ਼ਹੂਰ ਆਨਲਾਈਨ ਗੇਮਾਂ ਵਿੱਚ ਗੋਲੀ ਚਲਾਉਣਾ, ਮਾਰਨਾ, ਬੰਬ ਸੁੱਟਣਾ ਤੇ ਖ਼ੂਨ-ਖ਼ਰਾਬਾ ਕਰਨਾ ਮੁੱਖ ਉਦੇਸ਼ ਹੁੰਦਾ ਹੈ। ਅਮਰੀਕਨ ਸਾਈਕੋਲੋਜੀਕਲ ਐਸੋਸੀਏਸ਼ਨ ਦੀ ਸਾਲ 2020 ਦੀ ਰਿਪੋਰਟ ਅਨੁਸਾਰ ਹਿੰਸਕ ਵੀਡੀਓ ਗੇਮਾਂ ਖੇਡਣ ਨਾਲ ਬੱਚਿਆਂ ਵਿੱਚ ਹਮਲਾਵਰ ਸੋਚ, ਭਾਵਨਾਵਾਂ ਤੇ ਵਿਹਾਰ ਵਿੱਚ ਸਪੱਸ਼ਟ ਵਾਧਾ ਹੁੰਦਾ ਹੈ। ਗੇਮਾਂ ਦੌਰਾਨ ਵੌਇਸ ਚੈਟ ਵਿੱਚ ਬੱਚੇ ਭੱਦੀ ਗਾਲੀ-ਗਲੋਚ, ਨਸਲੀ ਟਿੱਪਣੀਆਂ ਤੇ ਜਿਨਸੀ ਭਾਸ਼ਾ ਸੁਣਦੇ ਤੇ ਬੋਲਦੇ ਹਨ। ਐਂਟੀ-ਡਿਫੇਮੇਸ਼ਨ ਲੀਗ, ਅਮਰੀਕਾ ਦੀ ਸਾਲ 2023 ਦੀ ਰਿਪੋਰਟ ਅਨੁਸਾਰ ਅਮਰੀਕਾ ਵਿੱਚ 11 ਕਰੋੜ ਆਨਲਾਈਨ ਗੇਮਰਾਂ ਵਿੱਚੋਂ ਅੰਦਾਜ਼ਨ 8.3 ਕਰੋੜ ਗੇਮਰਾਂ ਨੂੰ ਪਿਛਲੇ ਛੇ ਮਹੀਨਿਆਂ ਦੌਰਾਨ ਨਫ਼ਰਤ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਆਨਲਾਈਨ ਗੇਮਾਂ ਵਿੱਚ ਚੈਟ ਫੀਚਰ ਰਾਹੀਂ ਅਣਜਾਣ ਲੋਕ ਬੱਚਿਆਂ ਨਾਲ ਗੱਲਬਾਤ ਕਰਦੇ ਹਨ। ਬਹੁਤ ਸਾਰੇ ਮਾਮਲਿਆਂ ਵਿੱਚ ਬੱਚਿਆਂ ਨੂੰ ਗਰੂਮਿੰਗ (ਜਿਨਸੀ ਸ਼ੋਸ਼ਣ ਲਈ ਤਿਆਰ ਕਰਨਾ) ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਇੰਗਲੈਂਡ ਅਤੇ ਵੇਲਜ਼ ਵਿੱਚ ਪੁਲੀਸ ਵੱਲੋਂ ਦਰਜ ਕੀਤੇ ਗਏ ਬੱਚਿਆਂ ਦੇ ਆਨਲਾਈਨ ਸ਼ੋਸ਼ਣ ਸਬੰਧਿਤ ਮਾਮਲੇ, ਕੁੱਲ ਅਪਰਾਧਾਂ ਦਾ 42% ਹੈ, ਜਦੋਂ ਕਿ ਅਜਿਹੇ 10 ਅਪਰਾਧਾਂ ਵਿੱਚੋਂ ਸਿਰਫ਼ 1 ਹੀ ਰਿਪੋਰਟ ਕੀਤਾ ਜਾਂਦਾ ਹੈ।

ਬਹੁਤ ਸਾਰੀਆਂ ਗੇਮਾਂ ‘ਫ੍ਰੀ ਟੂ ਪਲੇ’ ਹੁੰਦੀਆਂ ਹਨ, ਪਰ ਉਨ੍ਹਾਂ ਦੇ ਅੰਦਰ ਹਥਿਆਰ ਜਾਂ ਪਹਿਰਾਵੇ ਖ਼ਰੀਦਣ ਲਈ ਅਸਲ ਪੈਸੇ ਦੀ ਲੋੜ ਹੁੰਦੀ ਹੈ। ਆਨਲਾਈਨ ਗੇਮਾਂ ਵਿੱਚ ‘ਮਾਈਕ੍ਰੋ-ਟ੍ਰਾਂਜ਼ੈਕਸ਼ਨ’ ਇੱਕ ਬਹੁਤ ਵੱਡਾ ਧੰਦਾ ਹੈ। ਬੱਚੇ ਮਾਪਿਆਂ ਦੇ ਕ੍ਰੈਡਿਟ ਕਾਰਡ, ਡੈਬਿਟ ਕਾਰਡ ਜਾਂ ਯੂ.ਪੀ.ਆਈ. ਰਾਹੀਂ ਚੁੱਪ-ਚੁਪੀਤੇ ਲੱਖਾਂ ਰੁਪਏ ਗੁਆ ਦਿੰਦੇ ਹਨ।

ਆਨਲਾਈਨ ਗੇਮਿੰਗ ਦੇ ਵਧਦੇ ਖ਼ਤਰਿਆਂ ਨੂੰ ਦੇਖਦਿਆਂ ਦੁਨੀਆ ਭਰ ਦੀਆਂ ਸਰਕਾਰਾਂ ਨੇ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਚੀਨ ਦੀ ਸਰਕਾਰ ਨੇ 2021 ਵਿੱਚ ਕਾਨੂੰਨ ਬਣਾ ਦਿੱਤਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਪੂਰੇ ਹਫ਼ਤੇ ਵਿੱਚ ਸਿਰਫ਼ 3 ਘੰਟੇ ਆਨਲਾਈਨ ਗੇਮ ਖੇਡ ਸਕਦੇ ਹਨ । ਹਰ ਬੱਚੇ ਲਈ ਅਸਲੀ ਨਾਮ ਅਤੇ ਸਰਕਾਰੀ ਪਛਾਣ ਪੱਤਰ ਨਾਲ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਕੀਤੀ ਗਈ ਹੈ ਤਾਂ ਜੋ ਕੋਈ ਵੀ ਬੱਚਾ ਝੂਠੀ ਉਮਰ ਦੱਸ ਕੇ ਗੇਮ ਨਾ ਖੇਡ ਸਕੇ। ਇਸ ਤੋਂ ਪਹਿਲਾਂ ਦੱਖਣੀ ਕੋਰੀਆ ਨੇ 2011 ਵਿੱਚ ਹੀ ‘ਸ਼ੱਟਡਾਊਨ ਲਾਅ’ (Shutdown Law) ਲਾਗੂ ਕਰ ਦਿੱਤਾ ਸੀ, ਜਿਸ ਅਨੁਸਾਰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਰਾਤ 12 ਵਜੇ ਤੋਂ ਸਵੇਰੇ 6 ਵਜੇ ਤੱਕ ਆਨਲਾਈਨ ਗੇਮਿੰਗ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਸੀ। ਇਸੇ ਤਰ੍ਹਾਂ ਜਾਪਾਨ ਦੇ ਕਾਗਾਵਾ ਪ੍ਰਾਂਤ ਨੇ 2020 ਵਿੱਚ ਬੱਚਿਆਂ ਲਈ ਰੋਜ਼ਾਨਾ ਸਿਰਫ਼ 1 ਘੰਟੇ ਦੀ ਗੇਮਿੰਗ ਸੀਮਾ ਨਿਰਧਾਰਿਤ ਕੀਤੀ ਹੈ।

ਜਿੱਥੋਂ ਤੱਕ ਭਾਰਤ ਦੀ ਗੱਲ ਹੈ, ਭਾਰਤ ਸਰਕਾਰ ਨੇ 2020 ਵਿੱਚ ਚੀਨੀ ਐਪ ਪਬਜੀ ਉੱਤੇ ਪਾਬੰਦੀ ਲਾਈ ਸੀ ਜੋ ਬਾਅਦ ਵਿੱਚ ਬੀ.ਜੀ.ਐੱਮ.ਆਈ. ਦੇ ਨਾਮ ਨਾਲ ਕੁਝ ਸ਼ਰਤਾਂ ਨਾਲ ਦੁਬਾਰਾ ਲਾਂਚ ਕੀਤੀ ਗਈ। ਭਾਰਤ ਵਿੱਚ ਅਜੇ ਤੱਕ ਚੀਨ ਜਾਂ ਦੱਖਣੀ ਕੋਰੀਆ ਵਰਗਾ ਕੋਈ ਸਖ਼ਤ ਅਤੇ ਵਿਆਪਕ ਕਾਨੂੰਨ ਨਹੀਂ ਬਣਿਆ ਜੋ ਬੱਚਿਆਂ ਦੀ ਗੇਮਿੰਗ ਸੀਮਤ ਕਰ ਸਕੇ। ਸਾਡੇ ਦੇਸ਼ ਨੂੰ ਵੀ ਹੁਣ ਇਸ ਦਿਸ਼ਾ ਵਿੱਚ ਗੰਭੀਰਤਾ ਨਾਲ ਸੋਚਣ ਅਤੇ ਠੋਸ ਕਦਮ ਚੁੱਕਣ ਦੀ ਸਖ਼ਤ ਲੋੜ ਹੈ।

ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਮਾਪੇ ਆਪਣੇ ਬੱਚਿਆਂ ਦਾ ਸਕਰੀਨ ਟਾਈਮ ਸੀਮਤ ਕਰਨ। ਇਸ ਲਈ ਪੇਰੈਂਟਲ ਕੰਟਰੋਲ ਟੂਲ ਵਰਤਣੇ ਚਾਹੀਦੇ ਹਨ ਜਿਵੇਂ ਕਿ ਗੂਗਲ ਫੈਮਿਲੀ ਲਿੰਕ (Google Family Link), ਐਪਲ ਸਕਰੀਨ ਟਾਈਮ (Apple Screen Time) ਅਤੇ ਨੈੱਟ ਨੈਨੀ (Net Nanny) ਆਦਿ। ਨਾਲ ਹੀ ਮਾਪਿਆਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਬੱਚਿਆਂ ਦੇ ਫੋਨ ਵਿੱਚ ਕ੍ਰੈਡਿਟ ਕਾਰਡ ਜਾਂ ਯੂ.ਪੀ.ਆਈ. ਕਦੇ ਵੀ ਨਾ ਜੋੜਿਆ ਜਾਵੇ ਤਾਂ ਜੋ ਬੱਚੇ ਗੇਮ ਵਿੱਚ ਪੈਸੇ ਖ਼ਰਚ ਨਾ ਕਰ ਸਕਣ। ਦੂਜੀ ਅਹਿਮ ਗੱਲ ਇਹ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਪਿਆਰ ਨਾਲ ਬਿਠਾ ਕੇ ਸਮਝਾਉਣ ਕਿ ਆਨਲਾਈਨ ਗੇਮਿੰਗ ਦੇ ਕੀ-ਕੀ ਨੁਕਸਾਨ ਹਨ। ਉਨ੍ਹਾਂ ਨੂੰ ਅਸਲ ਘਟਨਾਵਾਂ ਅਤੇ ਕੇਸ ਦੱਸੋ ਤਾਂ ਜੋ ਉਹ ਖ਼ੁਦ ਸਮਝਣ ਕਿ ਗੇਮਿੰਗ ਦੀ ਲਤ ਕਿੰਨੀ ਖ਼ਤਰਨਾਕ ਹੋ ਸਕਦੀ ਹੈ। ਤੀਜਾ ਜ਼ਰੂਰੀ ਕਦਮ ਇਹ ਹੈ ਕਿ ਬੱਚਿਆਂ ਨੂੰ ਖੇਡ ਦੇ ਮੈਦਾਨ ਵਿੱਚ ਭੇਜੋ, ਕਬੱਡੀ, ਕ੍ਰਿਕਟ, ਫੁੱਟਬਾਲ ਅਤੇ ਹਾਕੀ ਵਰਗੀਆਂ ਬਾਹਰੀ ਖੇਡਾਂ ਖੇਡਣ ਲਈ ਉਤਸ਼ਾਹਿਤ ਕਰੋ। ਸੰਗੀਤ ਸਿੱਖਣ, ਕਲਾ ਵਿੱਚ ਰੁਚੀ ਲੈਣ ਅਤੇ ਕਿਤਾਬਾਂ ਪੜ੍ਹਨ। ਚੌਥਾ ਅਹਿਮ ਸੁਝਾਅ ਇਹ ਹੈ ਕਿ ਘਰ ਵਿੱਚ ਮੋਬਾਈਲ-ਫ੍ਰੀ ਜ਼ੋਨ ਬਣਾਏ ਜਾਣ। ਖਾਣੇ ਦੀ ਮੇਜ਼ ਉੱਤੇ ਅਤੇ ਬੈੱਡਰੂਮ ਵਿੱਚ ਫੋਨ ਦੀ ਵਰਤੋਂ ਦੀ ਪੂਰੀ ਤਰ੍ਹਾਂ ਮਨਾਹੀ ਹੋਣੀ ਚਾਹੀਦੀ ਹੈ। ਮਾਪੇ ਖ਼ੁਦ ਆਪਣੀ ਫੋਨ ਦੀ ਵਰਤੋਂ ਘਟਾਉਣ ਅਤੇ ਮਿਸਾਲ ਬਣਨ। ਅੰਤ ਵਿੱਚ ਜੇ ਕਿਸੇ ਮਾਪੇ ਨੂੰ ਲੱਗਦਾ ਹੈ ਕਿ ਉਸ ਦੇ ਬੱਚੇ ਨੂੰ ਗੇਮਿੰਗ ਦੀ ਲਤ ਲੱਗ ਚੁੱਕੀ ਹੈ ਤਾਂ ਤੁਰੰਤ ਪੇਸ਼ੇਵਰ ਮਦਦ ਲੈਣੀ ਚਾਹੀਦੀ ਹੈ। ਅੱਜ ਦੀ ਤਰੀਕ ਵਿੱਚ ਨਵੀਂ ਪੀੜ੍ਹੀ ਨੂੰ ਇਸ ਡਿਜੀਟਲ ਜ਼ਹਿਰ ਤੋਂ ਬਚਾਉਣਾ ਸਾਡਾ ਸਭ ਤੋਂ ਪਹਿਲਾ ਫਰਜ਼ ਹੈ।

ਸੰਪਰਕ: 95010-08858

Advertisement
×