ਸੰਗੀਤ ਦਾ ਭਰ ਵਗਦਾ ਦਰਿਆ ‘ਉਸਤਾਦ ਜਸਵੰਤ ਭੰਵਰਾ’
ਪੰਜਾਬੀ ਸੰਗੀਤ ਜਗਤ ਦੇ ਸੁਨਹਿਰੀ ਦੌਰ ਦੇ ਸਿਰਮੌਰ ਸੰਗੀਤਕਾਰ ਉਸਤਾਦ ਜਸਵੰਤ ਭੰਵਰਾ ਇੱਕ ਅਜਿਹੀ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਪੰਜਾਬੀ ਗਾਇਕੀ ਨੂੰ ਰਵਾਇਤੀ ਪੇਂਡੂ ਅਖਾੜਿਆਂ ’ਚੋਂ ਕੱਢ ਕੇ ਅੰਤਰਰਾਸ਼ਟਰੀ ਪੱਧਰ ’ਤੇ ਪਛਾਣ ਦਿਵਾਈ। ਉਨ੍ਹਾਂ ਨੇ ਕਈ ਦਹਾਕਿਆਂ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ...
ਪੰਜਾਬੀ ਸੰਗੀਤ ਜਗਤ ਦੇ ਸੁਨਹਿਰੀ ਦੌਰ ਦੇ ਸਿਰਮੌਰ ਸੰਗੀਤਕਾਰ ਉਸਤਾਦ ਜਸਵੰਤ ਭੰਵਰਾ ਇੱਕ ਅਜਿਹੀ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਪੰਜਾਬੀ ਗਾਇਕੀ ਨੂੰ ਰਵਾਇਤੀ ਪੇਂਡੂ ਅਖਾੜਿਆਂ ’ਚੋਂ ਕੱਢ ਕੇ ਅੰਤਰਰਾਸ਼ਟਰੀ ਪੱਧਰ ’ਤੇ ਪਛਾਣ ਦਿਵਾਈ। ਉਨ੍ਹਾਂ ਨੇ ਕਈ ਦਹਾਕਿਆਂ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ’ਤੇ ਰਾਜ ਕੀਤਾ ਅਤੇ ਕਈ ਨਾਮਵਰ ਗਾਇਕਾਂ ਦੇ ਕਰੀਅਰ ਨੂੰ ਨਵੀਂ ਬੁਲੰਦੀ ਦਿੱਤੀ।
ਜਸਵੰਤ ਭੰਵਰਾ ਦਾ ਜਨਮ ਅਣਵੰਡੇ ਪੰਜਾਬ (ਹੁਣ ਪਾਕਿਸਤਾਨ) ਵਿੱਚ ਹੋਇਆ ਸੀ, ਪਰ ਦੇਸ਼ ਦੀ ਵੰਡ ਦੇ ਬਾਅਦ ਉਨ੍ਹਾਂ ਦਾ ਪਰਿਵਾਰ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਨੇੜੇ ਮਾਲਵਾ ਖੇਤਰ ਵਿੱਚ ਆ ਵਸਿਆ। ਬਚਪਨ ਤੋਂ ਹੀ ਉਨ੍ਹਾਂ ਦੇ ਕੰਨਾਂ ਵਿੱਚ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਅਤੇ ਲੋਕ ਧੁਨਾਂ ਰਚੀਆਂ ਹੋਈਆਂ ਸਨ। ਉਨ੍ਹਾਂ ਨੂੰ ਸੰਗੀਤ ਦੀ ਚਿਣਗ ਬਚਪਨ ਵਿੱਚ ਹੀ ਲੱਗ ਗਈ ਸੀ। ਉਹ ਪਰੰਪਰਾਗਤ ਸੂਫ਼ੀਆਨਾ ਕਲਾਮ ਹੀਰ ਅਤੇ ਮਿਰਜ਼ਾ ਗਾਉਣ ਵਾਲੇ ਪੁਰਾਣੇ ਗਾਇਕਾਂ ਨੂੰ ਬੜੀ ਰੀਝ ਨਾਲ ਸੁਣਦੇ ਹੁੰਦੇ ਸਨ। ਉਨ੍ਹਾਂ ਨੇ ਸੰਗੀਤ ਦੀਆਂ ਬਾਰੀਕੀਆਂ ਨੂੰ ਸਮਝਣ ਲਈ ਸ਼ਾਸਤਰੀ ਸੰਗੀਤ ਦੀ ਬਕਾਇਦਾ ਤਾਲੀਮ ਲਈ। ਉਨ੍ਹਾਂ ਸ਼ਾਸਤਰੀ ਸੰਗੀਤ ਦੀ ਰਸਮੀ ਸਿੱਖਿਆ ਪਟਿਆਲਾ ਘਰਾਣੇ ਦੇ ਪ੍ਰਸਿੱਧ ਸੰਗੀਤਕਾਰਾਂ ਅਤੇ ਉਸਤਾਦਾਂ ਕੋਲੋਂ ਹਾਸਿਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੇ ਕਈ ਸਥਾਨਕ ਗੁਰੂਆਂ ਤੇ ਸੂਫ਼ੀ ਸੰਗੀਤ ਦੇ ਮਾਹਿਰਾਂ ਦੀ ਸੰਗਤ ਵਿੱਚ ਰਹਿ ਕੇ ਹਾਰਮੋਨੀਅਮ ਵਜਾਉਣ ਅਤੇ ਧੁਨਾਂ ਤਿਆਰ ਕਰਨ ਦੀ ਮੁਹਾਰਤ ਹਾਸਿਲ ਕੀਤੀ। ਇਹੀ ਕਾਰਨ ਸੀ ਕਿ ਉਨ੍ਹਾਂ ਦੇ ਤਿਆਰ ਕੀਤੇ ਲੋਕ ਗੀਤਾਂ ਅਤੇ ਕਲੀਆਂ ਵਿੱਚ ਵੀ ਸ਼ਾਸਤਰੀ ਸੁਰਾਂ ਦੀ ਪਕੜ ਸਾਫ਼ ਦਿਖਾਈ ਦਿੰਦੀ ਹੈ। ਉਹ ਕੇਵਲ ਇੱਕ ਸੰਗੀਤ ਨਿਰਦੇਸ਼ਕ ਹੀ ਨਹੀਂ ਸਨ, ਸਗੋਂ ਉਹ ਕਲਾਸੀਕਲ ਸੰਗੀਤ ਦੇ ਉਸਤਾਦ ਗਾਇਕਾਂ ਅਤੇ ਸੈਂਕੜੇ ਕਲਾਕਾਰਾਂ ਦੇ ਮਾਰਗਦਰਸ਼ਕ ਵੀ ਸਨ। ਪੰਜਾਬੀ ਲੋਕ ਸੰਗੀਤ ਅਤੇ ਸ਼ਾਸਤਰੀ ਸੰਗੀਤ ਦੇ ਮੇਲ ਨੂੰ ਹਰਮਨ ਪਿਆਰਾ ਬਣਾਉਣ ਵਿੱਚ ਉਨ੍ਹਾਂ ਦਾ ਬੜਾ ਵੱਡਾ ਯੋਗਦਾਨ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਬਿਨਾਂ ਸੁਰਾਂ ਦੇ ਗਿਆਨ ਦੇ ਕੋਈ ਵੀ ਸੰਗੀਤਕਾਰ ਲੰਬੀ ਰੇਸ ਦਾ ਘੋੜਾ ਨਹੀਂ ਬਣ ਸਕਦਾ।
ਜਸਵੰਤ ਭੰਵਰਾ ਨੇ ਜਦੋਂ ਲੁਧਿਆਣਾ ਅਤੇ ਜਲੰਧਰ ਨੂੰ ਆਪਣਾ ਕੇਂਦਰ ਬਣਾ ਕੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਹ ਦੌਰ ਐੱਚ.ਐੱਮ.ਵੀ. ਕੰਪਨੀ ਦੇ ਤਵਾ ਕਲਚਰ ਦਾ ਸੀ, ਜਿਸ ਨੂੰ ਗਰਾਮੋਫੋਨ ਰਿਕਾਰਡ ਵੀ ਕਹਿੰਦੇ ਸਨ। ਉਨ੍ਹਾਂ ਦੀ ਸਭ ਤੋਂ ਵੱਡੀ ਖ਼ੂਬੀ ਇਹ ਸੀ ਕਿ ਉਹ ਹਰ ਗਾਇਕ ਦੀ ਆਵਾਜ਼ ਦੀ ਰੇਂਜ ਨੂੰ ਬਹੁਤ ਛੇਤੀ ਭਾਂਪ ਲੈਂਦੇ ਸਨ। ਭੰਵਰਾ ਨੇ ਘੰਟਾ ਘਰ ਦੇ ਨੇੜੇ ਚੁਬਾਰੇ ਵਿੱਚ ਨੈਸ਼ਨਲ ਮਿਊਜ਼ਿਕ ਕਾਲਜ ਨਾਮ ਦੀ ਸੰਸਥਾ ਹੇਠ ਨਵੇਂ ਸਿਖਾਂਦਰੂਆਂ ਨੂੰ ਸੰਗੀਤ ਦੀ ਵਿੱਦਿਆ ਦੇਣੀ ਸ਼ੁਰੂ ਕੀਤੀ। ਐੱਚ.ਐੱਮ.ਵੀ. ਵੱਲੋਂ ਲਾਲ ਚੰਦ ਯਮਲਾ ਜੱਟ ਦੀ ਸਿਲੈਕਸ਼ਨ ਵੀ ਇਸੇ ਚੁਬਾਰੇ ਵਿੱਚ ਕੀਤੀ ਗਈ ਸੀ। ਉਨ੍ਹਾਂ ਨੇ ਪੰਜਾਬ ਦੇ ਲਗਭਗ ਹਰ ਵੱਡੇ ਕਲਾਕਾਰ ਨਾਲ ਕੰਮ ਕੀਤਾ। ਜਸਵੰਤ ਭੰਵਰਾ ਦੀਆਂ ਤਿਆਰ ਕੀਤੀਆਂ ਧੁਨਾਂ ਵਿੱਚ ਇੱਕ ਖ਼ਾਸ ਕਿਸਮ ਦਾ ਪੰਜਾਬੀਪਣ ਹੁੰਦਾ ਸੀ, ਜਿਸ ਵਿੱਚ ਤੂੰਬੀ, ਅਲਗੋਜ਼ੇ ਅਤੇ ਢੋਲਕ ਦਾ ਬਹੁਤ ਹੀ ਸੁਚੱਜਾ ਸੁਮੇਲ ਦੇਖਣ ਨੂੰ ਮਿਲਦਾ ਸੀ। ਉਹ ਸਿਰਫ਼ ਧੁਨਾਂ ਹੀ ਨਹੀਂ ਬਣਾਉਂਦੇ ਸਨ, ਬਲਕਿ ਗੀਤ ਦੇ ਬੋਲਾਂ ਮੁਤਾਬਕ ਸਾਜ਼ਾਂ ਦੀ ਚੋਣ ਕਰਦੇ ਸਨ।
ਜਸਵੰਤ ਭੰਵਰਾ ਦਾ ਗੁਰਦਾਸ ਮਾਨ ਨੂੰ ਇੱਕ ਸਾਧਾਰਨ ਗਾਇਕ ਤੋਂ ਪੰਜਾਬੀ ਸੰਗੀਤ ਜਗਤ ਦਾ ‘ਸਰਤਾਜ’ ਬਣਾਉਣ ਵਿੱਚ ਬਹੁਤ ਵੱਡਾ ਤੇ ਇਤਿਹਾਸਕ ਯੋਗਦਾਨ ਰਿਹਾ ਹੈ। ਜਦੋਂ ਉਨ੍ਹਾਂ ਨੇ ਨਵੀਂ-ਨਵੀਂ ਗਾਇਕੀ ਸ਼ੁਰੂ ਕੀਤੀ ਸੀ ਤਾਂ ਭੰਵਰਾ ਨੇ ਉਨ੍ਹਾਂ ਲਈ ਇੱਕ ਉਸਤਾਦ, ਇੱਕ ਸੰਗੀਤਕਾਰ ਅਤੇ ਰਾਹ-ਦਸੇਰਾ ਬਣ ਕੇ ਕੰਮ ਕੀਤਾ। ਗੁਰਦਾਸ ਮਾਨ ਨੂੰ ਰਾਤੋ-ਰਾਤ ਸੁਪਰਸਟਾਰ ਬਣਾਉਣ ਵਾਲਾ ਗੀਤ ‘ਦਿਲ ਦਾ ਮਾਮਲਾ ਹੈ’ ਜੋ 1980 ਵਿੱਚ ਜਲੰਧਰ ਦੂਰਦਰਸ਼ਨ ’ਤੇ ਪ੍ਰਸਾਰਿਤ ਹੋਇਆ ਸੀ, ਉਸ ਦੀ ਤਿਆਰੀ ਸਮੇਂ ਭੰਵਰਾ ਨੇ ਗੁਰਦਾਸ ਮਾਨ ਨੂੰ ਹਾਰਮੋਨੀਅਮ ’ਤੇ ਇਸ ਗੀਤ ਦੇ ਉਤਰਾਅ-ਚੜ੍ਹਾਅ ਅਤੇ ਸੁਰਾਂ ਦਾ ਲਗਾਤਾਰ ਅਭਿਆਸ ਕਰਵਾਇਆ ਸੀ। ਉਨ੍ਹਾਂ ਨੇ ਇਸ ਗੀਤ ਦੀ ਲਾਈਵ ਪੇਸ਼ਕਾਰੀ ਨੂੰ ਇੰਨਾ ਪੱਕਾ ਕਰਵਾ ਦਿੱਤਾ ਕਿ ਜਦੋਂ ਇਹ ਗੀਤ ਟੀ.ਵੀ. ’ਤੇ ਆਇਆ ਤਾਂ ਲੋਕ ਗੁਰਦਾਸ ਮਾਨ ਦੀ ਗਾਇਕੀ ਦੇ ਦੀਵਾਨੇ ਹੋ ਗਏ। ਭੰਵਰਾ ਦਾ ਇਹ ਮੰਨਣਾ ਸੀ ਕਿ ਇੱਕ ਸੱਚਾ ਲੋਕ ਗਾਇਕ ਉਹੀ ਹੈ ਜੋ ਸਟੇਜ ’ਤੇ ਨੱਚਦੇ-ਟੱਪਦੇ ਹੋਏ ਵੀ ਸੁਰਾਂ ਤੋਂ ਨਾ ਹਿੱਲੇ। ਅੱਜ 70 ਸਾਲ ਦੀ ਉਮਰ ਨੂੰ ਢੁੱਕਣ ਵਾਲੇ ਗੁਰਦਾਸ ਮਾਨ ਸਟੇਜ ’ਤੇ ਉਹੀ ਪੁਰਾਣੀ ਊਰਜਾ ਨਾਲ ਗਾਉਂਦੇ ਹਨ। ਉਹ ਇੱਕ ਗੱਲ ਅਕਸਰ ਕਹਿੰਦੇ ਹਨ ਕਿ ਭੰਵਰਾ ਸਾਹਬ ਦੇ ਸਾਹਮਣੇ ਗਾਉਣਾ ਇੱਕ ਪ੍ਰੀਖਿਆ ਦੇਣ ਦੇ ਵਾਂਗ ਹੁੰਦਾ ਸੀ।
ਜਸਵੰਤ ਭੰਵਰਾ ਨੂੰ ਪੰਜਾਬੀ ਸੰਗੀਤ ਜਗਤ ਦਾ ਗੁਰੂ ਜਾਂ ਪਾਰਸ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਉਨ੍ਹਾਂ ਦੇ ਹੱਥਾਂ ਵਿੱਚੋਂ ਨਿਕਲ ਕੇ ਕਈ ਕਲਾਕਾਰ ਸਟਾਰ ਬਣੇ। ‘ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ’ ਦੇ ਮੁੱਢਲੇ ਦੌਰ ਵਿੱਚ ਅਤੇ ਉਨ੍ਹਾਂ ਦੇ ਕਈ ਪ੍ਰਸਿੱਧ ਗੀਤਾਂ ਦੀ ਸੰਗੀਤ ਨਿਰਦੇਸ਼ਨਾ ਵਿੱਚ ਭੰਵਰਾ ਸਾਹਬ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਮਾਣਕ ਦੀ ਉੱਚੀ ਕੜਕਦਾਰ ਅਤੇ ਹੇਕ ਵਾਲੀ ਆਵਾਜ਼ ਨੂੰ ‘ਲੋਕ ਗਾਥਾਵਾਂ’ ਗਾਉਣ ਦੇ ਅਨੁਕੂਲ ਬਣਾਉਣ ਵਿੱਚ ਉਨ੍ਹਾਂ ਦਾ ਵੱਡਾ ਹੱਥ ਰਿਹਾ ਹੈ। ਮਾਣਕ ਨੇ ਕੁਝ ਸਮਾਂ ਹਰਚਰਨ ਗਰੇਵਾਲ ਨਾਲ ਸਾਜਿੰਦੇ ਦੇ ਤੌਰ ’ਤੇ ਵੀ ਕੰਮ ਕੀਤਾ। ਜਦੋਂ ਉਨ੍ਹਾਂ ਨੇ ਮਾਣਕ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਪਹਿਲੀ ਨਜ਼ਰੇ ਪਛਾਣ ਲਿਆ ਕਿ ਇਹ ਆਵਾਜ਼ ਰੁਮਾਂਟਿਕ ਗੀਤਾਂ ਲਈ ਨਹੀਂ ਬਲਕਿ ਇਤਿਹਾਸਕ ਪ੍ਰਸੰਗਾਂ, ਕਲੀਆਂ ਅਤੇ ਪੰਜਾਬ ਦੇ ਨਾਇਕਾਂ ਜਿਵੇਂ ਦੁੱਲਾ ਭੱਟੀ, ਜੈਮਲ ਫੱਤਾ, ਸੁੱਚਾ ਸੂਰਮਾ ਦੀਆਂ ਗਾਥਾਵਾਂ ਗਾਉਣ ਲਈ ਬਣੀ ਹੈ, ਕਿਉਂਕਿ ਕੁਲਦੀਪ ਮਾਣਕ ਦੀ ਆਵਾਜ਼ ਕੁਦਰਤੀ ਤੌਰ ’ਤੇ ਬੁਲੰਦ ਅਤੇ ਤਿੱਖੀ ਸੀ। ਇਸ ਲਈ ਭੰਵਰਾ ਸਾਹਬ ਨੇ ਮਾਣਕ ਦੇ ਗਲੇ ਦੀ ਰੇਂਜ ਮੁਤਾਬਕ ਉਸ ਨੂੰ ਸੁਰ ਦਾ ਰਿਆਜ਼ ਕਰਵਾਇਆ।
‘ਤੇਰੇ ਟਿੱਲੇ ਤੋਂ ਸੂਰਤ ਦੀਹਦੀ ਆ ਹੀਰ ਦੀ’ ਕਲੀ ਪੰਜਾਬੀ ਸੰਗੀਤ ਦੇ ਇਤਿਹਾਸ ਵਿੱਚ ਅਮਰ ਹੋ ਚੁੱਕੀ ਹੈ। ਇਸ ਕਲੀ ਦੀ ਮੁੱਢਲੀ ਸੰਗੀਤਕ ਘੜਤ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਸੀ। ਇਸ ਕਲੀ ਦੀ ਤਿਆਰੀ ਸਮੇਂ ਭੰਵਰਾ ਸਾਹਬ ਹਮੇਸ਼ਾ ਇਹ ਸਮਝਾਉਂਦੇ ਕਿ ਰਾਂਝੇ ਦੇ ਜੋਗੀ ਬਣਨ ਦੇ ਪ੍ਰਸੰਗ ਸਮੇਂ ਆਵਾਜ਼ ਵਿੱਚ ਗੁੱਸਾ, ਵੈਰਾਗ ਅਤੇ ਦਰਦ ਇੱਕੋ ਸਮੇਂ ਕਿਵੇਂ ਦਿਖਾਉਣਾ ਹੈ। ਉਨ੍ਹਾਂ ਦੀ ਇਸ ਸੰਗੀਤਕ ਸੂਝ ਸਦਕਾ ਹੀ ਮਾਣਕ ਨੇ ਇਸ ਕਲੀ ਨੂੰ ਅਜਿਹੇ ਅੰਦਾਜ਼ ਵਿੱਚ ਗਾਇਆ ਕਿ ਅੱਜ ਵੀ ਇਸ ਤਰ੍ਹਾਂ ਦੀ ਕਲੀ ਕੋਈ ਦੂਜਾ ਗਾਇਕ ਨਹੀਂ ਗਾ ਸਕਿਆ। ਐੱਚ.ਐੱਮ.ਵੀ. ਦੀਆਂ ਰਿਕਾਰਡਿੰਗਾਂ ਸਮੇਂ ਉਹ ਸਦਾ ਮਾਣਕ ਦੇ ਨਾਲ ਹੁੰਦੇ ਸਨ। ਉਹ ਹਮੇਸ਼ਾ ਇਸ ਗੱਲ ਦਾ ਵੀ ਖ਼ਿਆਲ ਰੱਖਦੇ ਕਿ ਮਾਣਕ ਦੇ ਗੀਤਾਂ ਵਿੱਚ ਤੂੰਬੀ ਅਤੇ ਢੋਲਕ ਦੀ ਥਾਪ ਇੰਨੀ ਸੁਚੱਜੀ ਹੋਵੇ ਕਿ ਉਹ ਮਾਣਕ ਦੀ ਆਵਾਜ਼ ਨੂੰ ਹੋਰ ਉਭਾਰੇ ਨਾ ਕਿ ਦਬਾਵੇ।
ਕੁਲਦੀਪ ਮਾਣਕ ਹਿੱਟ ਉੱਤੇ ਹਿੱਟ ਗੀਤ ਦੇ ਰਹੇ ਸਨ ਕਿ ਇਸੇ ਸਮੇਂ ਦੌਰਾਨ ਭੰਵਰਾ ਨੇ ਮਾਰਕੀਟ ਵਿੱਚ ਸੁਰਿੰਦਰ ਛਿੰਦੇ ਨੂੰ ਤਿਆਰ ਕੀਤਾ। ਜਦੋਂ ਸੁਰਿੰਦਰ ਛਿੰਦਾ ਨੇ ਭੰਵਰਾ ਦੀ ਨਿਰਦੇਸ਼ਨਾ ਹੇਠ ਆਪਣੀਆਂ ਕਲੀਆਂ ਰਿਕਾਰਡ ਕਰਵਾਉਣੀਆਂ ਸਨ ਤਾਂ ਰਿਹਰਸਲ ਦੌਰਾਨ ਉਹ ਜਾਣ-ਬੁੱਝ ਕੇ ਹਾਰਮੋਨੀਅਮ ਦਾ ਸਕੇਲ ਉੱਚਾ ਚੁੱਕ ਦਿੰਦੇ। ਇਸ ’ਤੇ ਛਿੰਦਾ ਕਹਿੰਦਾ, “ਉਸਤਾਦ ਜੀ ਬਹੁਤ ਉੱਚਾ ਸਕੇਲ ਹੈ, ਗਲਾ ਪਾਟ ਜਾਊਗਾ।” ਭੰਵਰਾ ਹੱਸ ਕੇ ਕਹਿੰਦੇ, “ਛਿੰਦਿਆ ਤੇਰਾ ਗਲਾ ਲੋਹੇ ਵਰਗਾ ਤੂੰ ਜ਼ੋਰ ਲਾ, ਸੁਰ ਆਪਣੇ-ਆਪ ਬੋਲੇਗਾ।” ਭੰਵਰਾ ਦੀ ਇਸੇ ਜ਼ਿੱਦ ਤੇ ਪਰਖ ਸਦਕਾ ਸੁਰਿੰਦਰ ਛਿੰਦਾ ਪੰਜਾਬੀ ਸੰਗੀਤ ਜਗਤ ਵਿੱਚ ਉੱਚੀ ਹੇਕ ਦਾ ਬਾਦਸ਼ਾਹ ਬਣਿਆ। ਉਹ ਰਿਕਾਰਡਿੰਗ ਦੌਰਾਨ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰਦੇ ਸਨ। ਜੇਕਰ ਕੋਈ ਗਾਇਕ ਸੁਰਾਂ ਤੋਂ ਜ਼ਰਾ ਜਿੰਨਾ ਵੀ ਹਿੱਲ ਜਾਂਦਾ ਤਾਂ ਉਹ ਹਾਰਮੋਨੀਅਮ ਵਜਾਉਣਾ ਬੰਦ ਕਰ ਦਿੰਦੇ ਅਤੇ ਬੜੇ ਹੀ ਦੇਸੀ ਅੰਦਾਜ਼ ਵਿੱਚ ਕਹਿੰਦੇ, “ਪਹਿਲਾਂ ਗਲੇ ਨੂੰ ਸੁਰ ਵਿੱਚ ਕਰ ਕੇ ਆਓ, ਰਿਕਾਰਡਿੰਗ ਕੱਲ੍ਹ ਕਰਾਂਗੇ।” ਵੱਡੇ ਤੋਂ ਵੱਡਾ ਗਾਇਕ ਵੀ ਉਨ੍ਹਾਂ ਦੇ ਸਾਹਮਣੇ ਸੰਗਦਾ ਸੀ। ਉਹ ਮੰਨਦੇ ਸਨ ਕਿ ਜਦੋਂ ਤੱਕ ਗਾਇਕ ਦਾ ਮੂਡ ਤਰੋ-ਤਾਜ਼ਾ ਨਹੀਂ ਹੋਵੇਗਾ, ਉਦੋਂ ਤੱਕ ਗਲੇ ਵਿੱਚੋਂ ਸੱਚਾ ਸੁਰ ਨਹੀਂ ਨਿਕਲ ਸਕਦਾ। ਇੱਕ ਵਾਰ ਲੁਧਿਆਣੇ ਦੇ ਸਟੂਡੀਓ ਵਿੱਚ ਇੱਕ ਨਾਮਵਰ ਗਾਇਕ ਲਗਾਤਾਰ ਰਿਕਾਰਡਿੰਗ ਦੌਰਾਨ ਇੱਕ ਕਲੀ ਗਾਉਂਦੇ ਹੋਏ ਸੁਰ ਤੋਂ ਖੁੰਝ ਰਿਹਾ ਸੀ। ਗਾਇਕ ਖ਼ੁਦ ਵੀ ਪਰੇਸ਼ਾਨ ਹੋ ਗਿਆ। ਭੰਵਰਾ ਸਾਹਬ ਨੇ ਅਚਾਨਕ ਹਾਰਮੋਨੀਅਮ ਵਜਾਉਣਾ ਬੰਦ ਕਰ ਦਿੱਤਾ, ਸਾਰੇ ਸਟੂਡੀਓ ਵਿੱਚ ਸੰਨਾਟਾ ਛਾ ਗਿਆ। ਸਾਰੇ ਸੋਚਣ ਲੱਗੇ ਕਿ ਹੁਣ ਉਸਤਾਦ ਜੀ ਗੁੱਸੇ ਹੋਣਗੇ, ਪਰ ਉਨ੍ਹਾਂ ਨੇ ਬੜੇ ਆਰਾਮ ਨਾਲ ਮਾਈਕ ’ਤੇ ਕਿਹਾ, “ਭਾਈ ਤੇਰਾ ਗਲਾ ਸੁੱਕ ਗਿਆ ਹੈ, ਪਹਿਲਾਂ ਤੂੰ ਇਲਾਇਚੀ ਵਾਲੀ ਚਾਹ ਪੀ, ਫਿਰ ਗਾਵਾਂਗੇ।” ਉਨ੍ਹਾਂ ਨੇ ਅੱਧਾ ਘੰਟਾ ਰਿਕਾਰਡਿੰਗ ਰੋਕ ਕੇ ਸਾਰੇ ਸਾਜਿੰਦਿਆਂ ਤੇ ਗਾਇਕ ਨਾਲ ਬੈਠ ਕੇ ਚਾਹ ਪੀਤੀ, ਮਜ਼ਾਕ-ਮਸਤੀ ਕੀਤੀ ਅਤੇ ਜਦੋਂ ਦੁਬਾਰਾ ਰਿਕਾਰਡਿੰਗ ਸ਼ੁਰੂ ਹੋਈ ਤਾਂ ਉਹ ਗੀਤ ਪਹਿਲੇ ਹੀ ਟੇਕ ਵਿੱਚ ਓਕੇ ਹੋ ਗਿਆ।
ਭੰਵਰਾ ਦੇ ਮੁਹੰਮਦ ਸਦੀਕ ਅਤੇ ਬੀਬੀ ਰਣਜੀਤ ਕੌਰ ਨਾਲ ਆਪਸੀ ਸਬੰਧ ਸਿਰਫ਼ ਪੇਸ਼ੇਵਰ ਨਹੀਂ ਸਨ। ਲੁਧਿਆਣੇ ਰਹਿਣ ਦੌਰਾਨ ਮੁਹੰਮਦ ਸਦੀਕ ਭੰਵਰਾ ਦੇ ਘਰ ਆਉਂਦੇ-ਜਾਂਦੇ ਰਹਿੰਦੇ ਸਨ। ਦੋਵੇਂ ਇੱਕ ਦੂਜੇ ਦੇ ਹਮਉਮਰ ਅਤੇ ਸਮਕਾਲੀ ਹੋਣ ਕਰਕੇ ਆਪਸ ਵਿੱਚ ਯਾਰਾਂ ਵਰਗਾ ਅਤੇ ਬਹੁਤ ਨਿੱਘਾ ਸਬੰਧ ਰੱਖਦੇ ਸਨ। ਬੀਬੀ ਰਣਜੀਤ ਕੌਰ ਵੀ ਉਨ੍ਹਾਂ ਨੂੰ ਇੱਕ ਵੱਡੇ ਭਰਾ ਤੇ ਗੁਰੂ ਵਾਂਗ ਸਤਿਕਾਰ ਦਿੰਦੇ ਸਨ। ਪੰਜਾਬ ਦੀ ਇਸ ਸਿਰਮੌਰ ਅਤੇ ਹਰਮਨਪਿਆਰੀ ਜੋੜੀ ਨੂੰ ਕਾਮਯਾਬੀ ਦੇ ਸਿਖਰ ’ਤੇ ਪਹੁੰਚਾਉਣ ਅਤੇ ਇਨ੍ਹਾਂ ਦੇ ਗੀਤਾਂ ਨੂੰ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਨਾਲ ਸ਼ਿੰਗਾਰਨ ਵਿੱਚ ਉਸਤਾਦ ਜਸਵੰਤ ਭੰਵਰਾ ਦਾ ਬਹੁਤ ਵੱਡਾ ਤੇ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਇਨ੍ਹਾਂ ਲਈ ਅਜਿਹੀਆਂ ਧੁਨਾਂ ਤਿਆਰ ਕੀਤੀਆਂ ਜਿਸ ਨਾਲ ਦੋਵਾਂ ਦੀ ਆਵਾਜ਼ ਇੱਕ ਦੂਜੇ ਨੂੰ ਦਬਾਉਂਦੀ ਨਹੀਂ ਸੀ, ਬਲਕਿ ਪੂਰਕ ਬਣਦੀ ਸੀ। ਉਹ ਰਣਜੀਤ ਕੌਰ ਨੂੰ ਉਚੇਚੇ ਤੌਰ ’ਤੇ ਹਦਾਇਤ ਦਿੰਦੇ ਸਨ ਕਿ ਦੋਗਾਣੇ ਵਿੱਚ ਨੋਕ-ਝੋਕ ਵਾਲੇ ਭਾਵ ਆਵਾਜ਼ ਰਾਹੀਂ ਕਿਵੇਂ ਪੈਦਾ ਕਰਨੇ ਹਨ।
ਉਨ੍ਹਾਂ ਦੀ ਸਭ ਤੋਂ ਅਨੋਖੀ ਗੱਲ ਇਹ ਸੀ ਕਿ ਉਹ ਕਦੇ ਵੀ ਕਾਗ਼ਜ਼-ਪੱਤਰ ਲੈ ਕੇ ਬਹੁਤ ਦੇਰ ਤੱਕ ਧੁਨਾਂ ਬਣਾਉਣ ਵਿੱਚ ਮੱਥਾ ਨਹੀਂ ਮਾਰਦੇ ਸਨ। ਜਦੋਂ ਕੋਈ ਵੀ ਗੀਤਕਾਰ ਬਾਬੂ ਸਿੰਘ ਮਾਨ ਜਾਂ ਕੋਈ ਹੋਰ ਨਵਾਂ ਗੀਤ ਲਿਖ ਕੇ ਲਿਆਉਂਦਾ ਤਾਂ ਉਹ ਬੋਲਾਂ ਨੂੰ ਦੋ-ਤਿੰਨ ਵਾਰ ਬੜੇ ਧਿਆਨ ਨਾਲ ਪੜ੍ਹਦੇ, ਇਸ ਦੇ ਬਾਅਦ ਉਹ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਅਤੇ ਹਾਰਮੋਨੀਅਮ ’ਤੇ ਹੱਥ ਧਰ ਕੇ ਬਿਲਕੁਲ ਸ਼ਾਂਤ ਹੋ ਜਾਂਦੇ। ਕਈ ਵਾਰ ਨਵੇਂ ਕਲਾਕਾਰਾਂ ਨੂੰ ਲੱਗਦਾ ਕਿ ਸ਼ਾਇਦ ਉਸਤਾਦ ਜੀ ਸੌਂ ਗਏ ਹਨ, ਪਰ ਕੁਝ ਹੀ ਮਿੰਟਾਂ ਬਾਅਦ ਜਦੋਂ ਉਹ ਅੱਖਾਂ ਖੋਲ੍ਹਦੇ ਤਾਂ ਉਨ੍ਹਾਂ ਦੀਆਂ ਉਂਗਲਾਂ ਹਾਰਮੋਨੀਅਮ ’ਤੇ ਅਜਿਹੀ ਜਾਦੂਈ ਧੁਨ ਵਜਾਉਂਦੀਆਂ ਕਿ ਸੁਣਨ ਵਾਲੇ ਅਸ਼-ਅਸ਼ ਕਰ ਉੱਠਦੇ। ਉਹ ਕਹਿੰਦੇ ਸਨ, “ਗੀਤਾਂ ਦੇ ਬੋਲਾਂ ਵਿੱਚ ਹੀ ਉਸ ਦੀ ਧੁਨ ਛੁਪੀ ਹੁੰਦੀ ਹੈ, ਬਸ ਅੱਖਾਂ ਬੰਦ ਕਰਕੇ ਉਸ ਨੂੰ ਸੁਣਨਾ ਪੈਂਦਾ ਹੈ।”
ਜਸਵੰਤ ਭੰਵਰਾ ਦੀ ਸੰਗੀਤ ਨਿਰਦੇਸ਼ਨਾ ਹੇਠ ਰਿਕਾਰਡ ਹੋਏ ਕੁਝ ਸਭ ਤੋਂ ਮਸ਼ਹੂਰ ਅਤੇ ਸਦਾਬਹਾਰ ਗੀਤ ਹਨ:
--ਜੇ ਮੁੰਡਿਆ ਸਾਡੀ ਤੋਰ ਤੂੰ ਵੇਖਣੀ (ਹਰਚਰਨ ਗਰੇਵਾਲ ਅਤੇ ਸੁਰਿੰਦਰ ਕੌਰ)
--ਮੈਂ ਵੀ ਜੱਟ ਲੁਧਿਆਣੇ ਦਾ (ਹਰਚਰਨ ਗਰੇਵਾਲ ਅਤੇ ਸੁਰਿੰਦਰ ਕੌਰ)
-- ਤੇਰੇ ਟਿੱਲੇ ਤੋਂ ਸੂਰਤ ਦੀਹਦੀ ਆ ਹੀਰ ਦੀ (ਕੁਲਦੀਪ ਮਾਣਕ)
-- ਮੇਰਾ ਲੌਂਗ ਗਵਾਚਾ (ਮੁਹੰਮਦ ਸਦੀਕ ਅਤੇ ਸੁਰਿੰਦਰ ਕੌਰ)
-- ਮਾਮਲਾ ਗੜਬੜ ਹੈ (ਗੁਰਦਾਸ ਮਾਨ)
-- ਦਿਲ ਦਾ ਮਾਮਲਾ ਹੈ (ਗੁਰਦਾਸ ਮਾਨ)
-- ਘੱਗਰਾ ਸੂਫ ਦਾ ਕਾਲਾ (ਸੁਰਿੰਦਰ ਛਿੰਦਾ ਅਤੇ ਸੁਰਿੰਦਰ ਸੋਨੀਆ)
ਅਮਰ ਸਿੰਘ ਚਮਕੀਲਾ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਉਨ੍ਹਾਂ ਕੋਲੋਂ ਸੰਗੀਤ ਦੇ ਗੁਰ ਸਿੱਖਣ ਆਇਆ ਕਰਦਾ ਸੀ। ਉਹ ਬਹੁਤ ਸਖ਼ਤ ਉਸਤਾਦ ਸਨ। ਉਹ ਕਿਸੇ ਨੂੰ ਵੀ ਛੇਤੀ ਹਾਰਮੋਨੀਅਮ ਨੂੰ ਹੱਥ ਨਹੀਂ ਸੀ ਲਾਉਣ ਦਿੰਦੇ। ਚਮਕੀਲਾ ਦੱਸਦਾ ਹੁੰਦਾ ਸੀ ਕਿ ਉਨ੍ਹਾਂ ਦੇ ਅਨੁਸ਼ਾਸਨ ਨੂੰ ਦੇਖ ਕੇ ਪਹਿਲਾਂ-ਪਹਿਲ ਤਾਂ ਬਹੁਤ ਡਰ ਲੱਗਦਾ ਸੀ। ਉਸ ਨੇ ਕਈ ਦਿਨ ਸਿਰਫ਼ ਉਨ੍ਹਾਂ ਦੇ ਹਾਰਮੋਨੀਅਮ ਦੀ ਦੇਖਭਾਲ ਕੀਤੀ ਤੇ ਉਸਤਾਦ ਜੀ ਦੇ ਚਾਹ-ਪਾਣੀ ਦਾ ਪ੍ਰਬੰਧ ਕੀਤਾ। ਜਦੋਂ ਭੰਵਰਾ ਸਾਹਬ ਨੇ ਚਮਕੀਲੇ ਦੀ ਇਹ ਲਗਨ ਅਤੇ ਨਿਮਰਤਾ ਦੇਖੀ ਤਾਂ ਉਨ੍ਹਾਂ ਨੇ ਮੁਸਕਰਾ ਕੇ ਚਮਕੀਲੇ ਨੂੰ ਆਪਣੇ ਕੋਲ ਬਿਠਾਇਆ ਅਤੇ ਹਾਰਮੋਨੀਅਮ ਦੀਆਂ ਚਾਬੀਆਂ ’ਤੇ ਉਂਗਲਾਂ ਰੱਖਣੀਆਂ ਸਿਖਾਈਆਂ। ਇੱਕ ਦਿਨ ਦੁਪਹਿਰ ਵੇਲੇ ਉਨ੍ਹਾਂ ਨੇ ਚਮਕੀਲੇ ਦੀ ਤੂੰਬੀ ਦੀ ਬੀਟ ਅਤੇ ਉਸ ਦੇ ਗਾਉਣ ਦੇ ਅੰਦਾਜ਼ ਨੂੰ ਬਹੁਤ ਗੌਰ ਨਾਲ ਸੁਣਿਆ ਅਤੇ ਉਸ ਨੂੰ ਸਾਜ਼ ਤੇ ਆਵਾਜ਼ ਦੇ ਸੰਤੁਲਨ ਦਾ ਮਹੱਤਵਪੂਰਨ ਗੁਰ ਦਿੱਤਾ। ਚਮਕੀਲਾ ਇਹ ਗੱਲ ਆਪਣੇ ਸਾਥੀਆਂ ਨੂੰ ਵੀ ਅਕਸਰ ਦੱਸਦਾ ਸੀ ਕਿ ਭੰਵਰਾ ਸਾਹਬ ਕੋਲੋਂ ਮਿਲੀ ਇਸ ਸਿੱਖਿਆ ਨੇ ਹੀ ਉਸ ਨੂੰ ਫ਼ਰਸ਼ ਤੋਂ ਅਰਸ਼ ਤੱਕ ਪਹੁੰਚਾਇਆ ਹੈ।
ਲੋਕ ਗੀਤਾਂ ਦੇ ਇਲਾਵਾ ਉਨ੍ਹਾਂ ਨੇ ਧਾਰਮਿਕ ਗੀਤਾਂ ਅਤੇ ਪ੍ਰਸੰਗਾਂ ਨੂੰ ਵੀ ਬਹੁਤ ਸੰਜੀਦਗੀ ਨਾਲ ਕੰਪੋਜ਼ ਕੀਤਾ। ਉਨ੍ਹਾਂ ਦੀਆਂ ਬਣਾਈਆਂ ਧਾਰਮਿਕ ਧੁਨਾਂ ਵਿੱਚ ਇੱਕ ਅਜਿਹਾ ਠਹਿਰਾਅ ਹੁੰਦਾ ਸੀ ਜੋ ਸੁਣਨ ਵਾਲੇ ਨੂੰ ਰੂਹਾਨੀ ਸਕੂਨ ਦਿੰਦਾ ਸੀ। ਅਨੇਕਾਂ ਰਾਗੀ ਸਿੰਘਾਂ ਅਤੇ ਢਾਡੀ ਜਥਿਆਂ ਨੇ ਵੀ ਉਨ੍ਹਾਂ ਤੋਂ ਸੁਰਾਂ ਦੀ ਸਿੱਖਿਆ ਲੈ ਕੇ ਆਪਣੇ ਪ੍ਰਸੰਗ ਰਿਕਾਰਡ ਕਰਵਾਏ। ਇਸੇ ਤਰ੍ਹਾਂ ਪੰਜਾਬੀ ਸੰਗੀਤ ਜਗਤ ਦੇ ਸਭ ਤੋਂ ਸੂਝਵਾਨ ਕਲਾਕਾਰ ਭਰਾਵਾਂ ਦੀ ਤਿੱਕੜੀ ਮਨਮੋਹਣ ਵਾਰਿਸ, ਸੰਗਤਾਰ ਅਤੇ ਕਮਲ ਹੀਰ ਦਾ ਉਸਤਾਦ ਜਸਵੰਤ ਭੰਵਰਾ ਨਾਲ ਬਹੁਤ ਹੀ ਗੂੜ੍ਹਾ ਅਤੇ ਪਰਿਵਾਰਕ ਸਬੰਧ ਰਿਹਾ ਹੈ। ਜੇਕਰ ਇਹ ਕਹਿ ਲਿਆ ਜਾਵੇ ਕਿ ਇਸ ਪਰਿਵਾਰ ਨੂੰ ਸੰਗੀਤ ਦੀ ਦੁਨੀਆ ਵਿੱਚ ਪੈਰ ਰੱਖਣ ਅਤੇ ਸੁਰਾਂ ਦੀ ਪਛਾਣ ਕਰਨ ਦਾ ਵੱਲ ਭੰਵਰਾ ਸਾਹਬ ਨੇ ਹੀ ਸਿਖਾਇਆ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਸੰਗਤਾਰ ਜੋ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਭ ਤੋਂ ਸਤਿਕਾਰਤ ਸੰਗੀਤਕਾਰਾਂ ਵਿੱਚੋਂ ਇੱਕ ਹੈ, ਆਪਣੀ ਸੰਗੀਤਕ ਸੂਝ ਦਾ ਪੂਰਾ ਸਿਹਰਾ ਉਸਤਾਦ ਜਸਵੰਤ ਭੰਵਰਾ ਨੂੰ ਹੀ ਦਿੰਦਾ ਹੈ।
ਉਸਤਾਦ ਭੰਵਰਾ ਦੇ ਲੁਧਿਆਣਾ ਦਫ਼ਤਰ ਵਿੱਚ ਉਨ੍ਹਾਂ ਨੂੰ ਮਿਲਣ ਵਾਲਿਆਂ ਦਾ ਤਾਂਤਾ ਲੱਗਿਆ ਰਹਿੰਦਾ ਸੀ। ਸੰਗੀਤ ਦੇ ਇਸ ਭਰ ਵਗਦੇ ਦਰਿਆ ਕੋਲ ਪੰਜਾਬ ਦੇ ਕੋਨੇ-ਕੋਨੇ ਤੋਂ ਲੋਕੀ ਆਪਣੀ ਪਿਆਸ ਬੁਝਾਉਣ ਆਉਂਦੇ ਸਨ। ਉਨ੍ਹਾਂ ਦੇ ਦੌਰ ਵਿੱਚ ਇਹ ਗੱਲ ਮਸ਼ਹੂਰ ਸੀ ਕਿ ਜੇਕਰ ਪੰਜਾਬ ਦੇ ਸਾਰੇ ਕਲਾਕਾਰਾਂ ਨੂੰ ਇੱਕ ਲਾਈਨ ਵਿੱਚ ਖੜ੍ਹਾ ਕਰ ਲਿਆ ਜਾਵੇ ਤਾਂ ਹਰ ਤੀਜਾ-ਚੌਥਾ ਕਲਾਕਾਰ ਭੰਵਰਾ ਸਾਹਬ ਦਾ ਸ਼ਾਗਿਰਦ ਨਿਕਲੇਗਾ। ਉਸਤਾਦ ਜਸਵੰਤ ਭੰਵਰਾ ਦੇ ਸ਼ਾਗਿਰਦਾਂ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਸੀ ਕਿ ਉਹ ਸਿਰਫ਼ ਸਟੂਡੀਓ ਸਿੰਗਰ ਨਹੀਂ ਬਣੇ ਬਲਕਿ ਲਾਈਵ ਸਟੇਜਾਂ ’ਤੇ ਘੰਟਿਆਂ ਬੱਧੀ ਬਿਨਾਂ ਸੁਰ ਹਿੱਲੇ ਗਾਉਣ ਵਾਲੇ ਪੱਕੇ ਗਾਇਕ ਬਣੇ।
ਉਸਤਾਦ ਭੰਵਰਾ ਅਕਸਰ ਕਹਿੰਦੇ ਸਨ, ‘‘ਇਹ ਜੋ ਮਸ਼ੀਨੀ ਸੰਗੀਤ ਹੈ, ਇਸ ਵਿੱਚ ਰੂਹ ਨਹੀਂ ਹੁੰਦੀ। ਜਦੋਂ ਤੱਕ ਢੋਲਕੀ ਵਾਲੇ ਦੇ ਹੱਥ ਦੀ ਥਾਪ ਅਤੇ ਤੂੰਬੀ ਵਾਲੇ ਦੀ ਉਂਗਲ ਦਾ ਜਾਦੂ ਸਟੂਡੀਓ ਵਿੱਚ ਨਹੀਂ ਗੂੰਜਦਾ, ਉਦੋਂ ਤੱਕ ਪੰਜਾਬੀ ਗੀਤ ਜਿਊਂਦਾ ਨਹੀਂ ਹੋ ਸਕਦਾ।’’ ਉਹ ਆਖ਼ਰੀ ਸਮੇਂ ਤੱਕ ਲਾਈਵ ਸਾਜ਼ਾਂ ਦੇ ਹੱਕ ਵਿੱਚ ਰਹੇ ਅਤੇ ਨਵੇਂ ਦੌਰ ਦੇ ਸੰਗੀਤਕਾਰਾਂ ਨੂੰ ਹਮੇਸ਼ਾ ਅਸਲੀ ਸਾਜ਼ ਵਰਤਣ ਦੀ ਸਲਾਹ ਦਿੰਦੇ ਸਨ।
ਜਸਵੰਤ ਭੰਵਰਾ ਆਪਣੇ ਆਖ਼ਰੀ ਦਿਨਾਂ ਵਿੱਚ ਲਾਈਮਲਾਈਟ ਤੋਂ ਦੂਰ ਰਹੇ। ਉਨ੍ਹਾਂ ਨੇ 22 ਜਨਵਰੀ 2011 ਨੂੰ ਲੁਧਿਆਣੇ ਵਿੱਚ ਆਪਣੇ ਗ੍ਰਹਿ ਵਿਖੇ ਆਖ਼ਰੀ ਸਾਹ ਲਏ। ਉਨ੍ਹਾਂ ਦੇ ਚਲੇ ਜਾਣ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਇੱਕ ਅਜਿਹਾ ਖ਼ਲਾਅ ਪੈਦਾ ਹੋ ਗਿਆ ਜਿਸ ਨੂੰ ਕਦੇ ਵੀ ਭਰਿਆ ਨਹੀਂ ਜਾ ਸਕਦਾ। ਪੰਜਾਬੀ ਮਿਊਜ਼ਿਕ ਇੰਡਸਟਰੀ ਹਮੇਸ਼ਾ ਉਨ੍ਹਾਂ ਦੀ ਕਰਜ਼ਦਾਰ ਰਹੇਗੀ।
ਸੰਪਰਕ: 70091-13725

