ਫਿਲਮ ਜਗਤ ਅਤੇ ਵਿਸਾਖੀ
ਵਿਸਾਖੀ ਦਾ ਦਿਹਾੜਾ ਕੇਵਲ ਭਾਰਤ ’ਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੱਸਦੇ ਸਮੂਹ ਭਾਰਤੀਆਂ ਤੇ ਖ਼ਾਸ ਕਰਕੇ ਪੰਜਾਬੀਆਂ ਲਈ ਖ਼ਾਸ ਮਹੱਤਵ ਵਾਲਾ ਦਿਨ ਹੈ। ਇਹ ਦਿਨ ਜਿੱਥੇ ਕਿਸਾਨਾਂ ਦੀ ਹੱਡ-ਭੰਨ੍ਹਵੀਂ ਮਿਹਨਤ ਨਾਲ ਉਗਾਈ ਗਈ ਕਣਕ ਦੀ ਸੋਨ-ਸੁਨਹਿਰੀ ਫ਼ਸਲ ਦੀ ਵਾਢੀ...
ਵਿਸਾਖੀ ਦਾ ਦਿਹਾੜਾ ਕੇਵਲ ਭਾਰਤ ’ਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੱਸਦੇ ਸਮੂਹ ਭਾਰਤੀਆਂ ਤੇ ਖ਼ਾਸ ਕਰਕੇ ਪੰਜਾਬੀਆਂ ਲਈ ਖ਼ਾਸ ਮਹੱਤਵ ਵਾਲਾ ਦਿਨ ਹੈ। ਇਹ ਦਿਨ ਜਿੱਥੇ ਕਿਸਾਨਾਂ ਦੀ ਹੱਡ-ਭੰਨ੍ਹਵੀਂ ਮਿਹਨਤ ਨਾਲ ਉਗਾਈ ਗਈ ਕਣਕ ਦੀ ਸੋਨ-ਸੁਨਹਿਰੀ ਫ਼ਸਲ ਦੀ ਵਾਢੀ ਕਰਕੇ ਸਾਲ ਭਰ ਲਈ ਘਰ ’ਚ ਅੰਨ ਤੇ ਜੇਬ ’ਚ ਪੈਸੇ ਇਕੱਠੇ ਕਰਨ ਦਾ ਸੁਭਾਗਾ ਦਿਨ ਹੈ, ਉੱਥੇ ਹੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਮੂਹ ਜਾਤਾਂ-ਪਾਤਾਂ ਦੀਆਂ ਵਲਗਣਾਂ ਢਾਹ ਕੇ ਖ਼ਾਲਸਾ ਪੰਥ ਦੀ ਸਾਜਨਾ ਕਰਨ ਦੇ ਪਾਵਨ ਦਿਵਸ ਨੂੰ ਸਮਰਪਿਤ ਦਿਨ ਵੀ ਹੈ। ਇਸ ਦੇ ਨਾਲ ਹੀ ਇਹ ਦਿਨ ਭਾਰਤ ਦੇ ਇਤਿਹਾਸ ਦੇ ਉਸ ਲਹੂ ਭਿੱਜੇ ਪੰਨੇ ਨਾਲ ਵੀ ਜੁੜਿਆ ਹੋਇਆ ਹੈ ਜਿਸ ਪੰਨੇ ’ਤੇ ਜੱਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦੀ ਇਬਾਰਤ ਲਿਖੀ ਹੋਈ ਹੈ। ਇੰਨੇ ਮਹੱਤਵਪੂਰਨ ਦਿਨ ਨੂੰ ਵੱਡੇ ਪਰਦੇ ’ਤੇ ਪੇਸ਼ ਕਰਨ ਵਿੱਚ ਭਾਰਤੀ ਸਿਨੇਮਾ ਭਲਾ ਪਿੱਛੇ ਕਿਵੇਂ ਰਹਿ ਸਕਦਾ ਹੈ?
ਬੌਲੀਵੁੱਡ ਨੂੰ ਜਦੋਂ ਵੀ ਖੇਤਾਂ ਵਿੱਚ ਲਹਿਰਾਉਂਦੀ ਕਣਕ ਦੀ ਫ਼ਸਲ ਜਾਂ ਸਰ੍ਹੋਂ ਦੇ ਫੁੱਲਾਂ ਨਾਲ ਭਰੇ ਖੇਤਾਂ ਦਾ ਸੁੰਦਰ ਤੇ ਮਨਮੋਹਕ ਦ੍ਰਿਸ਼ ਪੇਸ਼ ਕਰਨਾ ਹੋਵੇ ਤਾਂ ਸਮੂਹ ਫਿਲਮਸਾਜ਼ਾਂ ਦੀ ਨਿਗ੍ਹਾ ਪੰਜਾਬ ’ਤੇ ਪੈਂਦੀ ਹੈ। ਸਾਲ 2004 ਵਿੱਚ ਬੌਲੀਵੁੱਡ ਦੇ ਨਾਮਵਰ ਫਿਲਮਸਾਜ਼ ਯਸ਼ ਚੋਪੜਾ ਦੁਆਰਾ ਬਣਾਈ ਗਈ ਫਿਲਮ ‘ਵੀਰ-ਜ਼ਾਰਾ’ ਵਿੱਚ ਅਦਾਕਾਰ ਸ਼ਾਹਰੁਖ਼ ਖ਼ਾਨ ਅਤੇ ਅਦਾਕਾਰਾ ਪ੍ਰੀਤੀ ਜ਼ਿੰਟਾ ਨੂੰ ਵਿਸਾਖੀ ਮੌਕੇ ਨੀਲੇ ਅੰਬਰ ਹੇਠਾਂ ਪੱਕੀਆਂ ਕਣਕਾਂ ਦੇ ਖੇਤਾਂ ’ਚੋਂ ਲਹਿਰਾ ਕੇ ਗੁਜ਼ਰਦਿਆਂ ਹੋਇਆਂ ਵਿਖਾਇਆ ਗਿਆ ਸੀ ਤੇ ਵਿਸਾਖੀ ਦੇ ਮੇਲੇ ’ਤੇ ਅਠਖੇਲੀਆਂ ਕਰਦੀ ਤੇ ਝੂਮਦੀ ਪ੍ਰੀਤੀ ਜ਼ਿੰਟਾ ਤਾਂ ਅਰਸ਼ੋਂ ਉਤਰੀ ਕੋਈ ਪਰੀ ਲੱਗਦੀ ਸੀ। ਇਸੇ ਤਰ੍ਹਾਂ 1977 ਵਿੱਚ ਬਣੀ ਫਿਲਮ ‘ਈਮਾਨ-ਧਰਮ’ ਵਿਚਲਾ ਗੀਤ, ‘ਓ’ ਜੱਟਾ ਆਈ ਵਿਸਾਖੀ’ ਵੀ ਵਿਸਾਖੀ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਨੂੰ ਬੜੀ ਖ਼ੂਬਸੂਰਤੀ ਨਾਲ ਪੇਸ਼ ਕਰਨ ਦੇ ਨਾਲ-ਨਾਲ ਪੰਜਾਬ ਦੇ ਸੂਰਬੀਰ ਸੈਨਿਕਾਂ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਸੀ। ਆਨੰਦ ਬਖ਼ਸ਼ੀ ਵੱਲੋਂ ਲਿਖੇ ਅਤੇ ਲਕਸ਼ਮੀਕਾਂਤ-ਪਿਆਰੇ ਲਾਲ ਦੀ ਜੋੜੀ ਵੱਲੋਂ ਸੰਗੀਤਬੱਧ ਕੀਤੇ ਇਸ ਗੀਤ ਨੂੰ ਮੁਹੰਮਦ ਰਫ਼ੀ ਅਤੇ ਮੁਕੇਸ਼ ਦੀ ਜੋੜੀ ਨੇ ਗਾਇਆ ਸੀ ਤੇ ਇਹ ਗੀਤ ਵਿਸਾਖੀ ਮੌਕੇ ਖ਼ੁਸ਼ੀਆਂ ਮਨਾਉਂਦੇ ਅਪਾਹਿਜ ਸੈਨਿਕਾਂ ਦੀ ਟੋਲੀ ’ਤੇ ਫਿਲਮਾਇਆ ਗਿਆ ਸੀ।
ਸਾਲ 1967 ਵਿੱਚ ਬਣੀ ਅਦਾਕਾਰ ਮਨੋਜ ਕੁਮਾਰ ਦੀ ਫਿਲਮ ‘ਉਪਕਾਰ’ ਵਿੱਚ ਗਾਇਕ ਮਹਿੰਦਰ ਕਪੂਰ ਦੀ ਬੁਲੰਦ ਆਵਾਜ਼ ਵਿੱਚ ਗਾਇਆ ਗਿਆ ਗੀਤ ‘ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ, ਉਗਲੇ ਹੀਰ ਮੋਤੀ’ ਵਿਸਾਖੀ ਮੌਕੇ ਫਸਲਾਂ ਦੀ ਵਾਢੀ ਅਤੇ ਦੇਸ਼ ਭਗਤਾਂ ਵੱਲੋਂ ਆਜ਼ਾਦੀ ਲਈ ਪਾਏ ਗਏ ਯੋਗਦਾਨ ਦੀ ਗਾਥਾ ਬਿਆਨ ਕਰ ਗਿਆ ਸੀ। ਇਸ ਗੀਤ ਦਾ ਸੰਗੀਤ ਕਲਿਆਣ ਜੀ-ਅਨੰਦ ਜੀ ਦੀ ਜੋੜੀ ਨੇ ਤਿਆਰ ਕੀਤਾ ਸੀ। ਗਾਇਕਾ ਆਸ਼ਾ ਭੌਸਲੇ, ਸ਼ਮਸ਼ਾਦ ਬੇਗ਼ਮ, ਮੁਹੰਮਦ ਰਫ਼ੀ ਅਤੇ ਮੰਨਾ ਡੇ ਜਿਹੇ ਉੱਚ-ਕੋਟੀ ਦੇ ਗਾਇਕਾਂ ਵੱਲੋਂ ਭਾਰਤੀ ਸਿਨੇਮਾ ਦੀ ਸ਼ਾਹਕਾਰ ਫਿਲਮ ‘ਮਦਰ ਇੰਡੀਆ’ (1957) ਲਈ ਗਾਇਆ ਗਿਆ ਗੀਤ ‘ਦੁੱਖ ਭਰੇ ਦਿਨ ਬੀਤੇ ਰੇ ਭਈਆ, ਅਬ ਸੁੱਖ ਆਇਓ ਰੇ’ ਵੀ ਫ਼ਸਲਾਂ ਦੀ ਵਾਢੀ ਮੌਕੇ ਕਿਸਾਨਾਂ ਦੇ ਚਿਹਰਿਆਂ ’ਤੇ ਖਿੜੀਆਂ ਬਹਾਰਾਂ ਦੀ ਪੇਸ਼ਕਾਰੀ ਕਰ ਗਿਆ ਸੀ। ਇਸੇ ਭਾਵਨਾ ਨਾਲ ਜੁੜਿਆ 1953 ਵਿੱਚ ਬਣੀ ਫਿਲਮ ‘ਦੋ ਬੀਘਾ ਜ਼ਮੀਨ’ ਦਾ ਗੀਤ ‘ਧਰਤੀ ਕਹੇ ਪੁਕਾਰ ਕੇ’ ਵੀ ਫਸਲਾਂ ਦੀ ਵਾਢੀ ਦਾ ਖ਼ੂਬਸੂਰਤ ਦ੍ਰਿਸ਼ ਫਿਲਮੀ ਪਰਦੇ ’ਤੇ ਸਾਕਾਰ ਕਰ ਗਿਆ ਸੀ। ਗੀਤਕਾਰ ਸ਼ੈਲੇਂਦਰ ਦੇ ਰਚੇ ਤੇ ਸੰਗੀਤਕਾਰ ਸਲਿਲ ਚੌਧਰੀ ਦੇ ਸੰਗੀਤਬੱਧ ਕੀਤੇ ਇਸ ਗੀਤ ਨੂੰ ਮਨਾ ਡੇ ਅਤੇ ਲਤਾ ਮੰਗੇਸ਼ਕਰ ਨੇ ਗਾਇਆ ਸੀ।
ਉਪਰੋਕਤ ਫਿਲਮਾਂ ਤੋਂ ਇਲਾਵਾ ‘ਰੱਬ ਨੇ ਬਣਾ ਦੀ ਜੋੜੀ’, ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’, ‘ਦਿਲ ਬੋਲੇ ਹੜਿੱਪਾ’ ਆਦਿ ਫਿਲਮਾਂ ਦੇ ਨਾਲ-ਨਾਲ ਅਦਾਕਾਰ ਮਿਥੁਨ ਚੱਕਰਵਰਤੀ ਅਤੇ ਅੰਮ੍ਰਿਤਾ ਸਿੰਘ ਦੀ ਜੋੜੀ ’ਤੇ ਆਧਾਰਿਤ ਫਿਲਮ ‘ਅਗਨੀ’ ਵਿਚਲਾ ਗੀਤ ‘ਓ’ ਆਈ ਵਿਸਾਖੀ’ ਤਾਂ ਵਿਸਾਖੀ ਮੌਕੇ ਫਸਲਾਂ ਦੀ ਵਾਢੀ ਨੂੰ ਅਤੇ ਕਿਸਾਨਾਂ ਦੇ ਚਿਹਰਿਆਂ ’ਤੇ ਖਿੜੀਆਂ ਬਹਾਰਾਂ ਨੂੰ ਬਾਖ਼ੂਬੀ ਪੇਸ਼ ਕਰਨ ਵਿੱਚ ਸਫਲ ਰਹੇ ਸਨ। ਇਸੇ ਤਰ੍ਹਾਂ ਪੰਜਾਬੀ ਸਿਨੇਮਾ ਵਿੱਚ ‘ਨਾਨਕ ਨਾਮ ਜਹਾਜ਼ ਹੈ’, ‘ਨਾਨਕ ਦੁਖੀਆ ਸਭ ਸੰਸਾਰ’, ‘ਧੰਨਾ ਜੱਟ’, ‘ਵਿਸਾਖੀ’, ‘ਵਿਸਾਖੀ ਵਾਲਾ ਮੇਲਾ’, ‘ਕਣਕਾਂ ਦੇ ਓਹਲੇ’, ‘ਉਡੀਕਾਂ’, ‘ਵਿਸਾਖੀ ਲਿਸਟ’ ਆਦਿ ਫਿਲਮਾਂ ਸਣੇ ਕਈ ਹੋਰ ਫਿਲਮਾਂ ਵਿਸਾਖੀ ਮੌਕੇ ਪੰਜਾਬੀਆਂ ਦੇ ਚਿਹਰਿਆਂ ’ਤੇ ਮੇਲ੍ਹਦੀਆਂ ਰੌਣਕਾਂ ਨੂੰ ਬਿਆਨ ਕਰ ਗਈਆਂ ਸਨ। ਦਾਰਾ ਸਿੰਘ ਅਭਿਨੀਤ ਤੇ 1970 ਵਿੱਚ ਬਣੀ ਫਿਲਮ ‘ਨਾਨਕ ਦੁਖੀਆ ਸਭ ਸੰਸਾਰ’ ਵਿਚਲਾ ਗੀਤ ‘ਸਾਡੇ ਖੇਤਾਂ ਵਿੱਚ ਰੱਬ ਵੱਸਦਾ’ ਮੁਹੰਮਦ ਰਫ਼ੀ ਨੇ ਆਪਣੀ ਮਿੱਠੀ ਤੇ ਸੁਰੀਲੀ ਆਵਾਜ਼ ਵਿੱਚ ਗਾਇਆ ਸੀ ਤੇ ਇਹ ਗੀਤ ਵਿਸਾਖੀ ਦੇ ਤਿਉਹਾਰ ਮੌਕੇ ਪੰਜਾਬੀਆਂ ਦੇ ਮਾਣ ਅਤੇ ਖ਼ੁਸ਼ੀਆਂ ਦੀ ਪੂਰੀ ਤਰਜ਼ਮਾਨੀ ਕਰ ਗਿਆ ਸੀ। ਇਸੇ ਤਰ੍ਹਾਂ 1959 ਵਿੱਚ ਬਣੀ ਫਿਲਮ ‘ਦੋ ਲੱਛੀਆਂ’ ਦਾ ਗੀਤ ‘ਤੇਰੀ ਕਣਕ ਦੀ ਰਾਖੀ ਮੁੰਡਿਆ, ਹੁਣ ਮੈਂ ਨਹੀਂਉਂ ਬਹਿੰਦੀ’ ਜੋ ਮੁਹੰਮਦ ਰਫ਼ੀ ਅਤੇ ਸ਼ਮਸ਼ਾਦ ਬੇਗ਼ਮ ਨੇ ਗਾਇਆ ਸੀ, ਵੀ ਵਿਸਾਖੀ ਦੇ ਦਿਨਾਂ ਵਿੱਚ ਕਣਕਾਂ ਪ੍ਰਤੀ ਕਿਸਾਨਾਂ ਦੇ ਮੋਹ ਨੂੰ ਬਿਆਨ ਕਰ ਗਿਆ ਸੀ।
ਬਰਤਾਨਵੀ ਹਕੂਮਤ ਤੋਂ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਦੇਸ਼ ਭਗਤਾਂ ਦੇ ਜੀਵਨ ਵਿੱਚ ਅਤੇ ਭਾਰਤੀ ਇਤਿਹਾਸ ਵਿੱਚ 13 ਅਪਰੈਲ, 1919 ਦੀ ਵਿਸਾਖੀ ਦੇ ਦਿਨ ਅੰਮ੍ਰਿਤਸਰ ਵਿਖੇ ਸਥਿਤ ‘ਜੱਲ੍ਹਿਆਂਵਾਲਾ ਬਾਗ਼’ ਵਿਖੇ ਵਾਪਰੇ ਖ਼ੂਨੀ ਸਾਕੇ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਇੱਥੇ ਇਕੱਤਰ ਹੋ ਕੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਦੇ ਨਿਹੱਥੇ ਅਤੇ ਨਿਰਦੋਸ਼ ਨੌਜਵਾਨਾਂ, ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ’ਤੇ ਜਨਰਲ ਡਾਇਰ ਦੇ ਹੁਕਮਾਂ ਅਨੁਸਾਰ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ ਜਿਨ੍ਹਾਂ ਕਰਕੇ ਡੇਢ ਹਜ਼ਾਰ ਦੇ ਕਰੀਬ ਲੋਕ ਸ਼ਹੀਦ ਹੋ ਗਏ ਸਨ ਤੇ ਬਾਰਾਂ ਸੌ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ। ਅਮਰ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਦੇ ਜ਼ਿਹਨ ’ਤੇ ਇਸ ਸ਼ਹੀਦੀ ਸਾਕੇ ਦਾ ਡੂੰਘਾ ਅਸਰ ਪਿਆ ਸੀ ਤੇ ਇਹ ਘਟਨਾ ਉਨ੍ਹਾਂ ਦੇ ਸੀਨੇ ਅੰਦਰ ਬਲਦੀ ਆਜ਼ਾਦੀ ਲਈ ਸੰਘਰਸ਼ ਦੀ ਲਾਟ ਨੂੰ ਭਾਂਬੜ ਬਣਾ ਗਈ ਸੀ। ਸ਼ਹੀਦ ਊਧਮ ਸਿੰਘ ਨੇ ਤਾਂ ਸ਼ਹੀਦਾਂ ਦੇ ਖ਼ੂਨ ਨਾਲ ਲਿੱਬੜੀ ਇਸ ਬਾਗ਼ ਦੀ ਮਿੱਟੀ ਨੂੰ ਹੱਥ ’ਚ ਲੈ ਕੇ ਸ਼ਹੀਦਾਂ ਦੀ ਸ਼ਹਾਦਤ ਦਾ ਬਦਲਾ ਜਨਰਲ ਡਾਇਰ ਤੋਂ ਲੈਣ ਦੀ ਖਾਧੀ ਗਈ ਆਪਣੀ ਕਸਮ ਨੂੰ ਲੰਡਨ ਜਾ ਕੇ ਪੂਰਾ ਕੀਤਾ ਸੀ। ਇਸ ਸ਼ਹੀਦੀ ਸਾਕੇ ਨੂੰ ਕੇਂਦਰ ’ਚ ਰੱਖ ਕੇ ਕੇਵਲ ਭਾਰਤੀ ਸਿਨੇਮਾ ਹੀ ਨਹੀਂ ਸਗੋਂ ਵਿਸ਼ਵ ਸਿਨੇਮਾ ਵਿੱਚ ਵੀ ਕਈ ਸਾਰੀਆਂ ਯਾਦਗਾਰੀ ਫਿਲਮਾਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ।
ਸਾਲ 1977 ਵਿੱਚ ਵਿਨੋਦ ਖੰਨਾ, ਪ੍ਰੀਕਸ਼ਿਤ ਸਾਹਨੀ, ਸ਼ਬਾਨਾ ਆਜ਼ਮੀ ਅਤੇ ਦੀਪਤੀ ਨਵਲ ਜਿਹੀ ਸੁਲਝੀ ਹੋਈ ਸਟਾਰਕਾਸਟ ਨੂੰ ਲੈ ਕੇ ਲੇਖਕ ਤੇ ਗੀਤਕਾਰ ਗੁਲਜ਼ਾਰ ਦੁਆਰਾ ਬਣਾਈ ਗਈ ਫਿਲਮ ‘ਜੱਲ੍ਹਿਆਂਵਾਲਾ ਬਾਗ਼’ ਅਸਲ ਵਿੱਚ ਸ਼ਹੀਦ ਊਧਮ ਸਿੰਘ ਦੀ ਸੋਚ ਉੱਤੇ ਪਏ ਜੱਲ੍ਹਿਆਂਵਾਲਾ ਬਾਗ਼ ਕਾਂਡ ਦੇ ਗੰਭੀਰ ਪ੍ਰਭਾਵਾਂ ਨੂੰ ਬਿਆਨ ਕਰਦਿਆਂ ਹੋਇਆਂ ਉਸ ਦੇ ਸੱਚਾ ਦੇਸ਼ ਭਗਤ ਬਣਨ ਦੀ ਕਹਾਣੀ ਨੂੰ ਬਿਆਨ ਕਰ ਗਈ ਸੀ। ਇਸ ਫਿਲਮ ਦੇ ਨਿਰਦੇਸ਼ਕ ਬਲਰਾਜ ਸਨ। 1982 ਵਿੱਚ ਬਣੀ ਮਹਾਨ ਨਿਰਦੇਸ਼ਕ ਸਰ ਰਿਚਰਡ ਐਟਨਬਰੋ ਦੀ ਕੌਮਾਤਰੀ ਪ੍ਰਸਿੱਧੀ ਪ੍ਰਾਪਤ ਫਿਲਮ ‘ਗਾਂਧੀ’ ਵਿੱਚ ਵੀ ਜੱਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਅਤੇ ਇਸ ਸਾਕੇ ਦੇ ਦੂਰਵਰਤੀ ਪ੍ਰਭਾਵਾਂ ਨੂੰ ਬੜੇ ਹੀ ਭਾਵਪੂਰਤ ਢੰਗ ਨਾਲ ਪੇਸ਼ ਕੀਤਾ ਗਿਆ ਸੀ। ਇਸ ਫਿਲਮ ਵਿੱਚ ਮਹਾਤਮਾ ਗਾਂਧੀ ਦੀ ਭੂਮਿਕਾ ਅਦਾਕਾਰ ਬੇਨ ਕਿੰਗਸਲੇ ਨੇ ਬੜੀ ਸਫਲਤਾਪੂਰਵਕ ਅਦਾ ਕੀਤੀ ਸੀ। ਇਹ ਫਿਲਮ ਅੱਠ ਆਸਕਰ ਪੁਰਸਕਾਰ ਜਿੱਤਣ ਵਿੱਚ ਕਾਮਯਾਬ ਰਹੀ ਸੀ।
ਸੰਸਾਰ ਦੇ ਚਰਚਿਤ ਸਾਹਿਤਕਾਰ ਸਲਮਾਨ ਰਸ਼ਦੀ ਦੀ ਰਚਨਾ ‘ਮਿਡਨਾਈਟਸ ਚਿਲਡਰਨ’ ’ਤੇ ਆਧਾਰਿਤ ਇਸੇ ਨਾਂ ਦੀ ਅੰਗਰੇਜ਼ੀ ਫਿਲਮ ਵਿੱਚ ਵੀ ਫਿਲਮ ਦੀ ਨਿਰਦੇਸ਼ਿਕਾ ਦੀਪਾ ਮਹਿਤਾ ਨੇ ਜੱਲ੍ਹਿਆਂਵਾਲਾ ਬਾਗ਼ ਦੇ ਸਾਕੇ ਨੂੰ ਬੇਹੱਦ ਜਜ਼ਬਾਤਪੂਰਨ ਅੰਦਾਜ਼ ਵਿੱਚ ਮੂਰਤੀਮਾਨ ਕੀਤਾ ਸੀ। ਇਸੇ ਪ੍ਰਕਾਰ ਨਿਰਦੇਸ਼ਕ ਕ੍ਰਿਸ ਡੁਰਲਾਕਰ ਦੀ ਫਿਲਮ ‘ਦਿ ਮਸਏਕਰ ਦੈਟ ਸ਼ੁੱਕ ਦਿ ਐਂਪਾਇਅਰ’ ਭਾਵ ‘ਅੰਗਰੇਜ਼ੀ ਸਾਮਰਾਜ ਦੀਆਂ ਚੂਲਾਂ ਹਿਲਾ ਦੇਣ ਵਾਲਾ ਖ਼ੂਨੀ ਸਾਕਾ’ ਵੀ ਜੱਲ੍ਹਿਆਂਵਾਲਾ ਬਾਗ਼ ਦੇ ਸਾਕੇ ਬਾਬਤ ਹੀ ਸੀ। ਇਸ ਤੋਂ ਪਹਿਲਾਂ ਭਾਰਤੀ ਸਿਨੇਮਾ ਦੇ ਦਿੱਗਜ ਫਿਲਮਸਾਜ਼ ਸੱਤਿਆਜੀਤ ਰੇਅ ਨੇ ਵੀ 1961 ਵਿੱਚ ‘ਰਬਿੰਦਰਨਾਥ ਟੈਗੋਰ’ ਨਾਮਕ ਇੱਕ ਦਸਤਾਵੇਜ਼ੀ ਫਿਲਮ ਦਾ ਨਿਰਦੇਸ਼ਨ ਕੀਤਾ ਸੀ ਤੇ ਅੰਮ੍ਰਿਤਸਰ ਦੀ ਪਾਵਨ ਧਰਤੀ ’ਤੇ 1919 ਵਿੱਚ ਵਾਪਰੇ ਇਸ ਦਰਦਨਾਕ ਹੱਤਿਆਕਾਂਡ ਦਾ ਗੰਭੀਰਤਾਪੂਰਵਕ ਜ਼ਿਕਰ ਅਤੇ ਇਸ ਸਾਕੇ ਦਾ ਟੈਗੋਰ ਦੇ ਜੀਵਨ ’ਤੇ ਪ੍ਰਭਾਵ ਬੜੀ ਹੀ ਨਫ਼ਾਸਤ ਨਾਲ ਪੇਸ਼ ਕੀਤਾ ਸੀ।
ਸਾਲ 1965 ਵਿੱਚ ਅਦਾਕਾਰ ਮਨੋਜ ਕੁਮਾਰ ਨੂੰ ਨਾਇਕ ਲੈ ਕੇ ਸ਼ਹੀਦ ਭਗਤ ਸਿੰਘ ਦੇ ਜੀਵਨ ਨੂੰ ਰੂਪਮਾਨ ਕਰਦੀ ਫਿਲਮ ‘ਸ਼ਹੀਦ’ ਅਤੇ 2002 ਵਿੱਚ ਰਿਲੀਜ਼ ਹੋਈ ਬੌਬੀ ਦਿਓਲ ਅਭਿਨੀਤ ਅਤੇ ਗੁੱਡੂ ਧਨੋਆ ਦੁਆਰਾ ਨਿਰਦੇਸ਼ਿਤ ਫਿਲਮ ‘23 ਮਾਰਚ, 1931: ਸ਼ਹੀਦ’ ਆਦਿ ਫਿਲਮਾਂ ਰਾਹੀਂ ਜਿੱਥੇ ਇਸ ਖ਼ੂਨੀ ਸਾਕੇ ਦਾ ਸ. ਭਗਤ ਸਿੰਘ ਦੇ ਜੀਵਨ ’ਤੇ ਡੂੰਘਾ ਪ੍ਰਭਾਵ ਬਿਆਨ ਕੀਤਾ ਗਿਆ ਸੀ, ਉੱਥੇ ਹੀ 1999 ਵਿੱਚ ਅਦਾਕਾਰ ਰਾਜ ਬੱਬਰ ਨੂੰ ਸਰਦਾਰ ਊਧਮ ਸਿੰਘ ਦੀ ਭੂਮਿਕਾ ਵਿੱਚ ਲੈ ਕੇ ਨਿਰਦੇਸ਼ਕ ਚਿਤਰਾਰਥ ਵੱਲੋਂ ਬਣਾਈ ਗਈ ਪੰਜਾਬੀ ਫਿਲਮ ‘ਸ਼ਹੀਦ ਊਧਮ ਸਿੰਘ’ ਅਤੇ ਸਾਲ 2021 ਵਿੱਚ ਨਾਮਵਰ ਬੌਲੀਵੁੱਡ ਨਿਰਦੇਸ਼ਕ ਸੁਜੀਤ ਸਰਕਾਰ ਦੁਆਰਾ ਅਦਾਕਾਰ ਵਿੱਕੀ ਕੌਸ਼ਲ ਨੂੰ ਮੁੱਖ ਕਿਰਦਾਰ ’ਚ ਲੈ ਕੇ ਬਣਾਈ ਗਈ ਫਿਲਮ ‘ਸਰਦਾਰ ਊਧਮ ਸਿੰਘ’ ਵੀ ਮਹਾਨ ਸ਼ਹੀਦ ਸ. ਊਧਮ ਸਿੰਘ ਦੁਆਰਾ ਜੱਲ੍ਹਿਆਂਵਾਲਾ ਬਾਗ਼ ਵਿਖੇ 13 ਅਪਰੈਲ, 1919 ਦੀ ਵਿਸਾਖੀ ਮੌਕੇ ਵਾਪਰੇ ਖ਼ੂਨੀ ਕਾਂਡ ਦਾ ਬਦਲਾ ਲੈਣ ਲਈ ਘਾਲੀ ਗਈ ਸਖ਼ਤ ਘਾਲਣਾ ਤੇ ਦਿੱਤੀ ਗਈ ਪ੍ਰਾਣਾਂ ਦੀ ਆਹੂਤੀ ਨੂੰ ਪੇਸ਼ ਕਰਨ ਵਿੱਚ ਸਫਲ ਰਹੀਆਂ ਸਨ। ਉੱਧਰ ‘ਚਾਰ ਸਾਹਿਬਜ਼ਾਦੇ’ ਅਤੇ ‘ਸ਼ੂਦਰ ਤੋਂ ਖ਼ਾਲਸਾ’ ਆਦਿ ਐਨੀਮੇਸ਼ਨ ਫਿਲਮਾਂ ਸਣੇ ਕੁਝ ਹੋਰ ਐਨੀਮੇਸ਼ਨ ਫਿਲਮਾਂ ਵਿੱਚ 13 ਅਪਰੈਲ, 1699 ਦੀ ਵਿਸਾਖੀ ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ‘ਖ਼ਾਲਸਾ ਪੰਥ’ ਦੀ ਸਾਜਨਾ ਕਰਨ ਦਾ ਮਹੱਤਵ ਬਾਖ਼ੂਬੀ ਬਿਆਨ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੀ ਮਿੱਟੀ ਤੇ ਪੰਜਾਬੀ ਬੋਲੀ ਨਾਲ ਜੁੜੇ ਫਿਲਮਸਾਜ਼ ਰਾਮਾਨੰਦ ਸਾਗਰ, ਬੀ.ਆਰ.ਚੋਪੜਾ ਅਤੇ ਯਸ਼ ਚੋਪੜਾ ਵੱਲੋਂ 13 ਅਪਰੈਲ ਦੇ ਦਿਨ ਮੁੰਬਈ ਵਿਖੇ ‘ਵਿਸਾਖੀ ਨਾਈਟ’ ਨਾਮਕ ਜਸ਼ਨ ਮਨਾਇਆ ਜਾਂਦਾ ਰਿਹਾ ਸੀ ਤੇ ਅੱਜ ਵੀ ਮੁੰਬਈ ਰਹਿੰਦੇ ਪੰਜਾਬੀ ਫਿਲਮਸਾਜ਼ ਤੇ ਅਦਾਕਾਰ ਇਸ ਨੂੰ ਸਫਲ ਬਣਾਉਣ ਲਈ ਪੱਬਾਂ ਭਾਰ ਰਹਿੰਦੇ ਹਨ। ਸ਼ਹਿਰ ਬਟਾਲਾ ਨਾਲ ਸਬੰਧਿਤ ਸੰਗੀਤਕਾਰ ਵਿਜੇ ਬਟਾਲਵੀ ਅਤੇ ਗੀਤਕਾਰ ਫ਼ਿਦਾ ਬਟਾਲਵੀ ਨੇ ਤਾਂ 1998 ਵਿੱਚ ਬੌਲੀਵੁੱਡ ਦੇ ਨਾਮੀ ਗਾਇਕ ਪੰਕਜ ਉਧਾਸ ਤੋਂ ਪੰਜਾਬੀ ਗੀਤਾਂ ਨਾਲ ਸਜੀ ਐਲਬਮ ‘ਵਿਸਾਖੀ’ ਰਿਕਾਰਡ ਕਰਵਾ ਲਈ ਸੀ ਜਿਸ ਨੂੰ ‘ਯੂਨੀਵਰਸਲ ਮਿਊਜ਼ਿਕ ਇੰਡੀਆ ਕੰਪਨੀ’ ਨੇ ਰਿਲੀਜ਼ ਕੀਤਾ ਸੀ ਤੇ ਇਸ ਐਲਬਮ ਵਿੱਚ ਪੰਕਜ ਉਧਾਸ ਵੱਲੋਂ ਪਹਿਲੀ ਵਾਰ ਪੰਜਾਬੀ ਜ਼ੁਬਾਨ ਵਿੱਚ ਗਾਏ ਗੀਤਾਂ ਨੂੰ ਸੁਣ ਕੇ ਸਰੋਤੇ ਮੰਤਰਮੁਗਧ ਹੋ ਗਏ ਸਨ। ਉਂਜ ਮਰਹੂਮ ਗਾਇਕ ਪੰਕਜ ਉਧਾਸ ਵੱਲੋਂ ਫਿਲਮਸਾਜ਼ ਮਹੇਸ਼ ਭੱਟ ਦੀ ਫਿਲਮ ‘ਨਾਮ’ ਵਿੱਚ ਗਾਈਆਂ ਗਈਆਂ ਸਤਰਾਂ ‘ਫ਼ਸਲ ਕਟੀ ਆਈ ਬੈਸਾਖੀ, ਤੇਰਾ ਆਨਾ ਰਹਿ ਗਿਆ ਬਾਕੀ‘, ‘ਚਿੱਠੀ ਆਈ ਹੈ, ਵਤਨ ਸੇ ਚਿੱਠੀ ਆਈ ਹੈ’ ਤਾਂ ਅੱਜ ਵੀ ਸਰੋਤਿਆਂ ਦੇ ਚੇਤਿਆਂ ਵਿੱਚ ਵੱਸੀਆਂ ਹੋਈਆਂ ਹਨ।
ਸੰਪਰਕ: 97816-46008

