ਸਾਉਣ ਮਹੀਨਾ ਦਿਨ ਤੀਆਂ ਦੇ...
ਸਾਉਣ ਮਹੀਨਾ ਪੂਰੇ ਸਾਲ ਵਿੱਚੋਂ ਨਿਵੇਕਲਾ ਮਹੀਨਾ ਹੈ। ਜਵਾਨ ਹਿਰਦੇ ਤਾਂ ਇਸ ਮਹੀਨੇ ਦੀ ਉਡੀਕ ਬੜੀ ਬੇਸਬਰੀ ਨਾਲ ਕਰਦੇ ਹਨ। ਇਨ੍ਹਾਂ ਦਿਨਾਂ ਵਿੱਚ ਹੀ ਉਨ੍ਹਾਂ ਦੇ ਮਨਾਂ ਵਿਚਲੇ ਵਲਵਲੇ ਉਛਾਲੇ ਮਾਰ ਕੇ ਬਾਹਰ ਆਉਂਦੇ ਹਨ। ਇਨ੍ਹਾਂ ਦਿਨਾਂ ਵਿੱਚ ਹੀ ਕੁੜੀਆਂ...
ਸਾਉਣ ਮਹੀਨਾ ਪੂਰੇ ਸਾਲ ਵਿੱਚੋਂ ਨਿਵੇਕਲਾ ਮਹੀਨਾ ਹੈ। ਜਵਾਨ ਹਿਰਦੇ ਤਾਂ ਇਸ ਮਹੀਨੇ ਦੀ ਉਡੀਕ ਬੜੀ ਬੇਸਬਰੀ ਨਾਲ ਕਰਦੇ ਹਨ। ਇਨ੍ਹਾਂ ਦਿਨਾਂ ਵਿੱਚ ਹੀ ਉਨ੍ਹਾਂ ਦੇ ਮਨਾਂ ਵਿਚਲੇ ਵਲਵਲੇ ਉਛਾਲੇ ਮਾਰ ਕੇ ਬਾਹਰ ਆਉਂਦੇ ਹਨ। ਇਨ੍ਹਾਂ ਦਿਨਾਂ ਵਿੱਚ ਹੀ ਕੁੜੀਆਂ ਚਿੜੀਆਂ ਆਪਣੇ ਆਪ ਨੂੰ ਆਜ਼ਾਦ ਅੰਬਰ ਵਿੱਚ ਮਹਿਸੂਸ ਕਰਦੀਆਂ ਹਨ। ਸਾਉਣ ਵਿੱਚ ਵਰਖਾ ਦੀਆਂ ਫੁਹਾਰਾਂ ਨਾਲ ਰੁੱਖਾਂ ਦੀਆਂ ਨਵੀਆਂ ਲਗਰਾਂ ਜਦੋਂ ਫੁੱਟਦੀਆਂ ਹਨ ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਜਿਵੇਂ ਧਰਤੀ ਉਤੇ ਵਿਚਰਦੇ ਹਰ ਜੀਵ ਦੇ ਚਾਅ ਦੀ ਲਗਰ ਫੁੱਟ ਰਹੀ ਹੋਵੇ। ਜਦੋਂ ਚਾਰੇ ਪਾਸੇ ਵਿਛੀ ਹਰਿਆਲੀ ਮਨਮੋਹਣਾ ਦ੍ਰਿਸ਼ ਪੇਸ਼ ਕਰਦੀ ਹੈ ਤਾਂ ਕਿਸਾਨ ਤਾਂ ਭੰਗੜਾ ਪਾਉਂਦੇ ਹੀ ਹਨ, ਕੋਇਲਾਂ ਦੀ ਕੂਕ, ਪਪੀਹੇ ਦੀ ਪੁਕਾਰ ਜਵਾਨ ਧੜਕਣਾਂ ਨੂੰ ਹਲੂਣ ਜਾਂਦੀ ਹੈ।
ਸਾਉਣ ਤੋਂ ਪਹਿਲਾਂ ਧਰਤੀ ਦੀ ਹਿੱਕ ਗਰਮੀ ਦੀ ਹੈਂਕੜ ਨਾਲ ਤਿਲਮਿਲਾ ਉੱਠਦੀ ਹੈ। ਮਨੁੱਖ, ਪਸ਼ੂ ਤੇ ਜਨੌਰ ਪਾਣੀ ਦੀ ਬੂੰਦ ਲਈ ਤਰਸ ਜਾਂਦੇ ਹਨ। ਦੁਪਹਿਰ ਦੀ ਲਿਸ਼ਕੋਰ ਕਾਂ ਦੀ ਅੱਖ ਕੱਢਦੀ ਹੈ। ਹਿਰਨਾਂ ਦੀਆਂ ਪਿੱਠਾਂ ਕਾਲੀਆਂ ਹੋ ਜਾਂਦੀਆਂ ਹਨ। ਖੇਤਾਂ ਦੇ ਪਾਲੀ ਅੰਬਰ ਤੋਂ ਚਾਰ ਛਿੱਟਾਂ ਸੁੱਟਣ ਦੀ ਦੋਵੇਂ ਹੱਥੀਂ ਅਰਦਾਸ ਕਰਦੇ ਹਨ। ਜਦੋਂ ‘ਹਾੜ੍ਹ’ ਹਾੜ੍ਹੇ ਕਢਾ ਕੇ ਥੱਕ ਜਾਂਦਾ ਹੈ ਤਾਂ ਨੀਲੇ ਅੰਬਰ ਦੀ ਹਿੱਕ ਉਤੇ ਕਾਲੇ ਬੱਦਲ ਜਦੋਂ ਇੱਕ ਦੂਜੇ ਨੂੰ ਗਲੇ ਮਿਲਦੇ ਹਨ, ਜਦੋਂ ਕਾਲੀ ਘਟਾ ਦੇ ਅੱਗੇ ਚਿੱਟੇ ਬਗਲੇ ਮਸਤੀ ਵਿੱਚ ਉਡਾਰੀਆਂ ਮਾਰਦੇ ਹਨ ਅਤੇ ਮੋਰਾਂ ਦੀ ਲੰਮੀ ਪੀਂ-ਭੌਂ, ਪੀ-ਭੌਂ... ਵਾਤਾਵਰਨ ਆਨੰਦਤ ਕਰਦੀ ਹੈ ਤਾਂ ਸਮਝੋ ਸਾਉਣ ਨੇ ਝਾਤੀ ਮਾਰ ਦਿੱਤੀ ਹੈ। ਪਹਿਲੀ ਫੁਹਾਰ ਜਦੋਂ ਧਰਤੀ ਦੀ ਹਿੱਕ ਚੁੰਮਦੀ ਹੈ ਤਾਂ ਪਿਆਸੀ ਮਿੱਟੀ ਦੀ ਮਹਿਕ ਦਿਲੋ-ਦਿਮਾਗ਼ ਵਿੱਚ ਇੱਕ ਨਿਵੇਕਲੀ ਮਸਤੀ ਅਤੇ ਆਨੰਦ ਭਰ ਜਾਂਦੀ ਹੈ। ਇਸ ਪਹਿਲੇ ਮੀਂਹ ਦੀ ਮਹਿਕ ਅੱਲ੍ਹੜ ਜਵਾਨੀਆਂ ਦੇ ਕਲੇਜੇ ਵਿੱਚ ਆਪਣੇ ਵਿੱਛੜੇ ਪਿਆਰੇ ਦੀ ਕਸਕ ਪੈਦਾ ਕਰ ਦਿੰਦੀ ਹੈ। ਰਾਤ ਨੂੰ ਬੀਂਡਿਆਂ ਦੀ ਟੈਂਅ-ਟੈਂਅ, ਸੁੰਨੇ ਅੰਬਰ ਵਿੱਚ ਟਟੀਹਰੀ ਦੀ ਹੇਕ, ਪਪੀਹੇ ਦੀ ਦਿਲ ਚੀਰਵੀਂ ਪੁਕਾਰ, ਮਾਹੀ ਦੀ ਯਾਦ ਵਿੱਚ ਦਿਨ ਕੱਟ ਰਹੀ ਬਿਰਹਨ ਦੀਆਂ ਅੱਖਾਂ ਵਿੱਚ ਹੰਝੂ ਵੀ ਭਰ ਜਾਂਦੀ ਹੈ। ਲਾਮ ’ਤੇ ਗਿਆ ਸਿਰ ਦਾ ਸਾਈਂ ਉਸ ਨੂੰ ਸੁਫ਼ਨਿਆਂ ਵਿੱਚ ਆ ਕੇ ਤੰਗ ਕਰਦਾ ਹੈ। ਕਾਲੀ ਰਾਤ ਸੌਣ ਨਹੀਂ ਦਿੰਦੀ। ਰੋਮ ਰੋਮ ਕਹਿ ਉੱਠਦਾ ਹੈ;
ਮਾਹੀ ਵੇ ਲੈ ਕੇ ਛੁੱਟੀਆਂ ਮਹੀਨੇ ਦੀਆਂ ਆ
ਹਾੜ੍ਹਾ ਵੇ ਸਾਡੀ ਹੋਰ ਨਾ ਤੂੰ ਜਿੰਦ ਤੜਫ਼ਾ
ਕਾਲੀਆਂ ਘਟਾਵਾਂ ਵਿੱਚ ਲਿਸ਼ਕਦੀ ਬਿਜਲੀ ਦੀ ਤਾਰ ਸੱਸ ਦੇ ਕੋਲ ਮੰਜਾ ਡਾਹ ਕੇ ਸਾਉਣ ਮਹੀਨਾ ਕੱਟਦੀ ਸੁਹਾਗਣ ਦੇ ਕਾਲਜੇ ਵਿੱਚੋਂ ਲੰਘ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਸਾਉਣ ਮਹੀਨੇ ਵਿੱਚ ਮਾਹੀ ਦੇ ਮਿਲਾਪ ਅਤੇ ਵਿਛੋੜੇ ਦੀ ਪੀੜ ਨੂੰ ਬਾਖੂਬੀ ਰਚਿਆ ਹੈ;
ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ।।
ਮੈ ਮਨਿ ਤਨਿ ਸਹੁ ਭਾਵੈ ਪਿਰ ਪਰਦੇਸਿ ਸਿਧਾਏ।।
ਪਿਰੁ ਘਰਿ ਨਹੀ ਆਵੈ ਮਰੀਐ ਹਾਵੈ ਦਾਮਨਿ ਚਮਕਿ ਡਰਾਏ।।
ਸੇਜ ਇਕੇਲੀ ਖਰੀ ਦੁਹੇਲੀ ਮਰਣੁ ਭਇਆ ਦੁਖੁ ਮਾਏ॥
ਜੀਵਨ ਵਿੱਚ ਵਿਛੋੜਾ ਤੇ ਮਿਲਾਪ ਦੋਵੇਂ ਇਕੱਠੇ ਚੱਲਦੇ ਹਨ। ਜਿੱਥੇ ਵਿਛੋੜਾ ਹੈ, ਉੱਥੇ ਮਿਲਾਪ ਵੀ ਹੈ; ਜਿੱਥੇ ਮਿਲਾਪ ਹੈ, ਉੱਥੇ ਵਿਛੋੜਾ। ਵਰਣਨਯੋਗ ਹੈ ਕਿ ਇਹ ਮਹੀਨਾ ਮਿਲਾਪਾਂ ਦਾ ਵੀ ਹੈ। ਤੀਆਂ ਦੇ ਲੱਗਦੇ ਅਖਾੜੇ ਵਿੱਚ ਜਿੱਥੇ ਵਿੱਛੜੀਆਂ ਸਖੀਆਂ ਰਲ ਕੇ ਆਪਣੇ ਮਨ ਦੇ ਉਬਾਲ ਕੱਢ ਲੈਂਦੀਆਂ ਹਨ, ਉੱਥੇ ਗੱਭਰੂ ਵੀ ਪੁਰਾਣੀਆਂ ਲੱਗੀਆਂ ਚੇਟਕਾਂ ਤੀਆਂ ਦੇ ਇਕੱਠ ਦੁਆਲੇ ਗੇੜਾ ਮਾਰ ਕੇ ਸ਼ਾਂਤ ਕਰਦੇ ਹਨ। ਕਈ ਵਾਰ ਚੰਚਲ ਸੁਭਾਅ ਦੀ ਨੱਢੀ ਜਾਣ-ਬੁੱਝ ਕੇ ਕਿਸੇ ਗੱਭਰੂ ਨੂੰ ਨਖਰਾ ਵਿਖਾਉਂਦੀ ਹੈ ਤਾਂ ਗੱਭਰੂ ਆਖਦਾ ਹੈ;
ਹੁਣ ਅੱਖ ਨਾ ਮਿਲਾਵੇਂ ਡੁੱਬ ਜਾਣੀਏ
ਤ੍ਰਿਝੰਣਾਂ ’ਚ ਲਾਈ ਭੁੱਲ ਗਈ
ਸਾਉਣ ਮਹੀਨੇ ਨੂੰ ਕੁੜੀਆਂ, ਮੁਟਿਆਰਾਂ, ਅੱਲ੍ਹੜਾਂ ਅਤੇ ਜਵਾਨੀ ਦਾ ਮਹੀਨਾ ਕਹਿਣਾ ਵੀ ਅਤਿਕਥਨੀ ਨਹੀਂ ਹੋਵੇਗਾ। ਇਸ ਮਹੀਨੇ ਲੱਗਦੀਆਂ ਤੀਆਂ ਵਿੱਚ ਪਿੰਡਾਂ ਦੀਆਂ ਕੁੜੀਆਂ ਵੱਡੇ-ਵੱਡੇ ਜੁੱਟਾਂ ਵਿੱਚ ਪਿੰਡ ਦੇ ਬਾਹਰਵਾਰ ਇੱਕ ਥਾਂ ਇਕੱਠੀਆਂ ਹੁੰਦੀਆਂ ਹਨ। ਪਿੱਪਲ ਜਾਂ ਬਰੋਟੇ ਹੇਠਾਂ ਖ਼ੂਬ ਰੰਗ ਬੱਝਦਾ ਹੈ। ਗਲੀ ਗਲੀ ਵਿੱਚੋਂ ਜੁੱਟ ਗਾਉਂਦੇ ਲੰਘਦੇ ਹਨ ਅਤੇ ਪਿੱਪਲ ’ਤੇ ਪਾਈ ਪੀਂਘ ਝੂਟ ਕੇ ਖ਼ੂਬ ਖਰੂਦ ਕੀਤਾ ਜਾਂਦਾ ਹੈ। ਬੋਲੀਆਂ, ਗੀਤਾਂ ਦੇ ਮਾਧਿਅਮ ਰਾਹੀਂ ਦੱਬੀਆਂ ਭਾਵਨਾਵਾਂ, ਖ਼ੁਸ਼ੀਆਂ, ਮਾਨਸਿਕ ਪੀੜਾਂ, ਘਰੇਲੂ ਬੰਦਸ਼ਾਂ ਦੇ ਦੁੱਖ, ਮਨ ਦੇ ਦੱਬੇ ਬੇਰੋਕ ਉਛਾਲਿਆਂ ਨੂੰ ਇੱਕ-ਦੂਜੇ ਨਾਲ ਸਾਂਝੇ ਕਰਦੀਆਂ ਹਨ। ਗਿੱਧੇ ਨੂੰ ਲੋਹੜਾ ਆਉਂਦਾ ਹੈ। ਕਿੱਕਲੀ ਜ਼ੋਰ ਵਿਖਾਉਂਦੀ ਹੈ। ਧਰਤੀ ਤਰਾਹ-ਤਰਾਹ ਕਰਦੀ ਹੈ।
ਇਹ ਮਹੀਨਾ ਵਿਆਹੀਆਂ ਕੁੜੀਆਂ ਲਈ ਹੋਰ ਰੰਗ ਨਾਲ ਆਉਂਦਾ ਹੈ। ਸਾਉਣ ਤੋਂ ਪਹਿਲਾਂ ਨਵ-ਵਿਆਹੀਆਂ ਕੁੜੀਆਂ ਨੂੰ ਸ਼ਗਨਾਂ ਨਾਲ ਪੇਕੇ ਲਿਆਂਦਾ ਜਾਂਦਾ ਹੈ। ਭਾਵੇਂ ਨਵ ਵਿਆਹੀ ਇਸਤਰੀ ਦਾ ਸਹੁਰੇ ਘਰ ਵਿੱਚ ਨਾ ਰਹਿਣਾ ਵਿਗਿਆਨਕ ਕਾਰਨ ਹਨ, ਫਿਰ ਵੀ ਮਾਪਿਆਂ ਦੇ ਘਰ ਜਾ ਕੇ ਤੀਆਂ ਦਾ ਮਜ਼ਾ ਲੈਣ ਲਈ ‘ਮਾੜਾ ਮਹੀਨਾ’ ਜਾਂ ‘ਸੱਸ ਦੇ ਮੱਥੇ ਨਾ ਲੱਗਣ’ ਦਾ ਬਹਾਨਾ ਵਧੀਆ ਹੈ। ਮੁਟਿਆਰ ਸਾਉਣ ਮਹੀਨੇ ਤੋਂ ਪਹਿਲਾਂ ਹੀ ਗੁਣਗੁਣਾਉਣ ਲੱਗਦੀ ਹੈ;
ਤੀਆਂ ਨੂੰ ਤਾਂ ਲੈ ਜਾਈਂ ਵੀਰਨਾ
ਕੱਤੂੰ ਚਰਖਾ ਖਿਡਾਊਂ ਪੁੱਤ ਤੇਰਾ।
ਜਦੋਂ ਕਿਸੇ ਕਾਰਨ ਕਰਕੇ ਮਾਪੇ ਆਪਣੀ ਧੀ ਨੂੰ ਨਹੀਂ ਲੈ ਕੇ ਜਾਂਦੇ ਤਾਂ ਗੱਲਾਂ ਗੱਲਾਂ ਵਿੱਚ ਸੱਸ ਬਹੂ ਨੂੰ ਸੁਣਾ ਦਿੰਦੀ ਹੈ;
ਤੈਨੂੰ ਤੀਆਂ ਨੂੰ ਲੈਣ ਨਾ ਆਏ
ਬਹੁਤਿਆਂ ਭਰਾਵਾਂ ਵਾਲੀਏ
ਜਦੋਂ ਨੂੰਹ ਪੇਕੇ ਨਹੀਂ ਜਾਂਦੀ ਤਾਂ ਉਹ ਸਹੁਰੇ ਘਰ ਵਿੱਚ ਹੀ ਧੀਆਂ ਵਰਗੀ ਖੁੱਲ੍ਹ ਲੈਣੀ ਨਹੀਂ ਝਿਜਕਦੀ। ਉਹ ਆਪਣੀ ਨਨਾਣ ਨਾਲ ਹੁੰਮ ਹੁਮਾ ਕੇ ਤੀਆਂ ਵਿੱਚ ਸ਼ਾਮਲ ਹੁੰਦੀ ਹੈ। ਭਾਬੋ ਜਿਹੜੀ ਕਿ ਪਿੰਡ ਦੀ ਬਹੁ ਹੈ, ਕੁਝ ਚਿਰ ਝਿਜਕਦੀ ਰਹਿੰਦੀ ਹੈ, ਫਿਰ ਆਪ ਹੀ ਗਾ ਉੱਠਦੀ ਹੈ;
ਹੇਠ ਪਿੱਪਲ ਦੇ ਤੀਆਂ ਲੱਗੀਆਂ
ਕੋਕਾ ਨੱਥ ਲਿਸ਼ਕਣ ਫੁੱਲ ਸੱਗੀਆਂ
ਨਣਦ ਤੇ ਭਾਬੋ ਜੋਬਨ ਲੱਦੀਆਂ
ਇੱਕ-ਦੂਜੀ ਨੂੰ ਕਹਿੰਦੀ
ਆ ਜਾ ਭਾਬੋ ਝੂਟ ਲੈ
ਪੀਂਘ ਹੁਲਾਰੇ ਲੈਂਦੀ
ਭਾਬੋ ਫਿਰ ਆਪ ਮੁਹਾਰੇ ਲੋਰ ਵਿੱਚ ਆਉਂਦੀ ਹੈ;
ਵੀਰ ਤੇਰੇ ਦਾ ਡਰ ਵੀ ਖਾਵੇ
ਆਉਣੀ ਜਿਹੜੀ ਸ਼ਾਮਤ ਆਵੇ
ਸਹਿ ਲਊਂ ਡਿੱਗਦੀ ਢਹਿੰਦੀ
ਚੱਲ ਆ ਜਾ ਨਣਦੇ ਝੂਟੀਏ
ਪੀਂਘ ਹੁਲਾਰੇ ਲੈਂਦੀ
ਬੜੀ ਮਸ਼ਹੂਰ ਕਵਾਹਤ ਹੈ- ‘ਪੂਰ ਬੇੜੀ ਦਾ ਤ੍ਰਿੰਞਣ ਦੀਆਂ ਕੁੜੀਆਂ, ਸਬੱਬ ਨਾਲ ਹੋਣ ਇਕੱਠੀਆਂ।’ ਅਟੱਲ ਸੱਚਾਈ ਹੈ ਕਿ ਜਦੋਂ ਚਿੜੀਆਂ ਦਾ ਚੰਬਾ ਵਿੱਛੜ ਜਾਂਦਾ ਹੈ ਤਾਂ ਮਿਲਣ ਦੇ ਫਿਰ ਬੜੇ ਔਖੇ ਸਬੱਬ ਬਣਦੇ ਹਨ। ਅੱਜ ਜਦੋਂ ਵਿਦੇਸ਼ਾਂ ਦੀ ਖਿੱਚ ਨੇ ਤੀਆਂ ਦੇ ਪਿੜ ਸੁੰਨੇ ਕਰ ਦਿੱਤੇ ਹਨ ਤਾਂ ਸਬੱਬ ਹੋਰ ਵੀ ਘਟ ਗਿਆ ਹੈ। ਅੱਗੇ ਜਦੋਂ ਮਾਹੀ ਸਾਉਣ ਮਹੀਨੇ ਰਹਿਣ ਗਈ ਜੋਰੋ ਨੂੰ ਲੈਣ ਲਈ ਤੁਰ ਜਾਂਦਾ ਸੀ ਤਾਂ ਅੱਗੋਂ ਬੜੀਆਂ ਟਕੋਰਾਂ ਝੱਲਣੀਆਂ ਪੈਂਦੀਆਂ ਸਨ;
ਤੇਰੀ ਮੱਤ ਕਿਉਂ ਗੱਭਰੂਆ ਮਾਰੀ
ਸਾਉਣ ਵਿੱਚ ਲੈਣ ਆ ਗਿਆ।।
ਅੱਜ ਵਿਦੇਸ਼ ਜਾਂ ਆਪਣੇ ਦੇਸ਼ ਵਿੱਚ ਜ਼ਿੰਦਗੀ ਦੀ ਦੌੜ-ਭੱਜ ਅਤੇ ਮਾਨਸਿਕ ਤਣਾਅ ਨੇ ਮਾਹੀ ਦੀ ਗੱਡੀ ਦੇ ਹਲੂਣਿਆਂ ਅਤੇ ਪੀਂਘ ਦੇ ਮਨਮੋਹਕ ਹੁਲਾਰਿਆਂ ਨੂੰ ਕਾਰਾਂ ਦੇ ਹੂਟਿਆਂ ਵਿੱਚ ਬਦਲ ਕੇ ਰੱਖ ਦਿੱਤਾ ਹੈ। ਇਹ ਮਹੀਨਾ ਆਰਥਿਕ ਪੱਖੋਂ ਵੀ ਸਲਾਹੁਣਯੋਗ ਭੂਮਿਕਾ ਨਿਭਾਉਂਦਾ ਹੈ। ‘ਜਲ ਮਿਲਿਆ ਪਰਮੇਸ਼ਰ ਮਿਲਿਆ’ ਦਾ ਰੋਲ ਅਦਾ ਕਰ ਕੇ ਇਹ ਸਾਉਣ ਦੇ ਦਿਨ ਪੂਜਣਯੋਗ ਹੋ ਨਿੱਬੜਦੇ ਹਨ। ਧਰਤੀ ਨੇ ਪਾਣੀ ਦੇ ਭੰਡਾਰ ਇਨ੍ਹਾਂ ਦਿਨਾਂ ਵਿੱਚ ਹੀ ਜਮ੍ਹਾਂ ਕਰਨੇ ਹੁੰਦੇ ਹਨ। ਇਨ੍ਹਾਂ ਦਿਨਾਂ ਵਿੱਚ ਹੀ ਟਿੱਬਿਆਂ, ਪਹਾੜਾਂ ਉਤੇ ਪੈਦਾ ਹੋਈ ਬਨਸਪਤੀ ਦੀ ਕਿਸਮਤ ਖੁੱਲ੍ਹਦੀ ਹੈ। ਅੰਨਦਾਤੇ ਦੇ ਹੱਥੀਂ ਕੋਠੀਆਂ ਵਿੱਚ ਦਾਣੇ ਭਰਨ ਦਾ ਹੀਲਾ ਬਰਸਾਤ ਹੀ ਕਰਦੀ ਹੈ। ਕਈ ਵਾਰ ਲੋੜ ਤੋਂ ਵੱਧ ਖ਼ਵਾਜ਼ਾ ਦਿਆਲ ਹੋ ਜਾਵੇ ਤਾਂ ਹੜ੍ਹਾਂ ਦੇ ਭਿਆਨਕ ਰੰਗ ਦਿਲ ਕੰਬਾ ਦਿੰਦੇ ਹਨ। ਫਿਰ ਬਰਸਾਤ ਨੂੰ ਉਡੀਕਦਾ ਕਿਸਾਨ ਹੜ੍ਹਾਂ ਨਾਲ ਹੋਈ ਭਿਆਨਕ ਤਬਾਹੀ ਦੇ ਕੀਰਨਿਆਂ ਨੂੰ ਅੰਦਰੋਂ ਅੰਦਰੀਂ ਪੀ ਜਾਂਦਾ ਹੈ।
ਕਈ ਵਾਰ ਉੱਪਰ ਵਾਲਾ ਇੰਨਾ ਕਰੋਪੀ ਹੋ ਜਾਂਦਾ ਹੈ ਕਿ ਸਾਉਣ ਮਹੀਨਾ ਸੁੱਕਾ ਹੀ ਲੰਘ ਜਾਂਦਾ ਹੈ। ਫ਼ਸਲਾਂ ਦੇ ਪਾਲੀ ਅਰਦਾਸਾਂ ਕਰਦੇ ਅਤੇ ਜੱਗ ਕਰਦੇ ਹਾਰ ਜਾਂਦੇ ਹਨ। ਕੁੜੀਆਂ-ਚਿੜੀਆਂ ਗੁੱਡੀ ਫੂਕਣ ਦੀਆਂ ਰਸਮਾਂ ਕਰਦੀਆਂ ਹਨ ਤਾਂ ਕਿ ਧਰਤੀ ਦੀ ਹਿੱਕ ਉਤੇ ਜਲ ਦੇਵਤਾ ਰਹਿਮ ਕਰੇ। ਇਹੋ ਜਿਹੇ ਔੜ ਮਾਰੇ ਹਾਲਾਤ ਵਿੱਚੋਂ ਕਈ ਬੋਲੀਆਂ ਉਗਮਦੀਆਂ ਹਨ;
ਸਾਉਣ ਮਹੀਨਾ ਮੀਂਹ ਨਾ ਪੈਂਦਾ, ਸੁੱਕੀਆਂ ਵਾਹੁਣ ਜ਼ਮੀਨਾਂ
ਤੂੜੀ ਖਾਂਦੇ ਬਲਦ ਹਾਰ ਗਏ, ਗੱਭਰੂ ਗਿੱਝ ਗਏ ਫੀਮਾਂ
ਤੇਰੀ ਬੈਠਕ ਨੇ ਪੱਟਿਆ ਕਬੂਤਰ ਚੀਨਾ।
ਸਾਉਣ ਮਹੀਨੇ ਵਿੱਚ ਪਿੰਡਾਂ ਦੇ ਵਿਹਲੇ ਕਾਮੇ, ਕਿਸਾਨ ਅਤੇ ਗੱਭਰੂ ਜਵਾਨ ਆਪਣੇ ਸਰੀਰਾਂ ਨੂੰ ਕਸਰਤਾਂ ਕਰ-ਕਰ ਕੇ ਚਮਕਾਉਂਦੇ ਹਨ। ਕਬੱਡੀ ਅਤੇ ਘੋਲ ਦੇ ਪਿੜ ਬੱਝਦੇ ਹਨ। ਦੇਸੀ ਘਿਉ ਦੇ ਗੱਫੇ ਲਾ ਕੇ, ਡੰਡ-ਬੈਠਕਾਂ ਮਾਰ ਮਾਰ ਕੇ ਆਪਣੇ ਫੌਲਾਦੀ ਡੌਲਿਆਂ ’ਤੇ ਮੋਰਨੀਆਂ ਪੁਆ ਕੇ ਜਦੋਂ ਪੰਜਾਬ ਦੇ ਛੈਲ-ਬਾਂਕੇ ਪਿੜਾਂ ਵਿੱਚ ਨਿੱਤਰਦੇ ਹਨ ਤਾਂ ਪਿੜ ਦੁਆਲੇ ਇਕੱਠਾ ਹੋਇਆ ਜਨ-ਸਮੂਹ ਤਾਂ ਅੱਸ਼-ਅੱਸ਼ ਕਰ ਹੀ ਉੱਠਦਾ ਹੈ, ਨਾਲ-ਨਾਲ ਬਰਸਾਤ ਨੂੰ ਵੀ ਕੰਬਣੀ ਛਿੜ ਪੈਂਦੀ ਹੈ।
ਸਾਉਣ ਮਹੀਨੇ ਦੀਆਂ ਝੜੀਆਂ ਵਿੱਚ ਘਰਾਂ ਅੰਦਰ ਖੀਰਾਂ-ਪੂੜਿਆਂ ਦੇ ਰੰਗ ਵੀ ਲੱਗ ਜਾਂਦੇ ਹਨ। ਖਾਣ ਵਾਲੇ ਸ਼ੌਕੀਨ ਖੀਰਾਂ-ਪੂੜੇ ਖਾਣ ਦਾ ਮੁਕਾਬਲਾ ਕਰਦੇ ਹਨ। ਇਨ੍ਹਾਂ ਦਿਨਾਂ ਵਿੱਚ ਵਰਤ ਰੱਖਣ ਅਤੇ ਕੰਜਕਾਂ ਨੂੰ ਅੰਨ ਖੁਆਉਣ ਦਾ ਵੀ ਰਿਵਾਜ ਹੈ। ਸਾਉਣ ਵਿੱਚ ਗੁਲਗੁਲੇ ਵੀ ਬੜੀ ਰੀਝ ਨਾਲ ਕੱਢੇ ਜਾਂਦੇ ਹਨ। ਗੁਲਗੁਲੇ ਪਕਾਉਂਦੀ ਮੁਟਿਆਰ ਕਈ ਵਾਰ ਹੇਕ ਲਾ ਕੇ ਗਾਉਂਦੀ ਹੈ;
ਤੇਲ ਬਾਝ ਨਾ ਪੱਕਦੇ ਗੁਲਗੁਲੇ ਦੇਖ ਲਿਆ ਅਜ਼ਮਾ ਕੇ
ਆ ਜਾ ਵੇ ਮਿੱਤਰਾ, ਦੇ ਜਾ ਤੇਲ ਲਿਆ ਕੇ
ਜਿਉਂ ਜਿਉਂ ਸਾਉਣ ਦੇ ਦਿਨ ਥੋੜ੍ਹੇ ਰਹਿੰਦੇ ਜਾਂਦੇ ਹਨ, ਉਵੇਂ-ਉਵੇਂ ਹੀ ਜਵਾਨ ਹਿਰਦਿਆਂ ਵਿੱਚ ਵਿੱਛੜਨ ਦਾ ਹੌਲ ਪੈਣ ਲੱਗ ਪੈਂਦਾ ਹੈ। ਮੁਟਿਆਰਾਂ ਸਖੀਆਂ ਨੂੰ ਗਲੇ ਮਿਲਦੀਆਂ ਹਨ। ਮੇਲੀ ਅਗਲੀਆਂ ਤੀਆਂ ’ਤੇ ਮਿਲਣ ਦਾ ਕੌਲ ਕਰ ਕੇ ਵਿੱਛੜ ਜਾਂਦੇ ਹਨ। ਪਿੜਾਂ ਵਿੱਚ ਉਦਾਸ ਬੋਲੀਆਂ ਗੂੰਜਦੀਆਂ ਹਨ;
ਸਾਉਣ ਦੀ ਮੈਂ ਵੰਡਾਂ ਸ਼ੀਰਨੀ
ਭਾਦੋਂ ਚੰਦਰੀ ਨੂੰ ਅੱਗ ਲੱਗ ਜਾਵੇ
ਜਿਸ ਪਿੱਪਲ ਦੇ ਥੱਲੇ ਬਚਪਨ ਹੰਢਾਇਆ, ਜਿਸ ਪਿੱਪਲ ਦੇ ਥੱਲੇ ਕੌਲ-ਇਕਰਾਰ ਕੀਤੇ, ਜਿਸ ਪਿੱਪਲ ਨੇ ਉਨ੍ਹਾਂ ਦੇ ਗੁੱਝੇ ਭੇਤ ਸਾਂਭ ਕੇ ਰੱਖੇ, ਉਹ ਪਿੱਪਲ ਉਨ੍ਹਾਂ ਨੂੰ ਰੱਬ ਜਾਪਦਾ ਹੈ;
ਪਿੱਪਲਾ ਵੇ ਸਾਡੇ ਪਿੰਡ ਦਿਆ
ਪੀਂਘਾਂ ਅਸੀਂ ਝੁਟਾਈਆਂ
ਦਿਨ ਤੀਆਂ ਦੇ ਤੇਰੀ ਯਾਦ ਸਤਾਵੇ
ਹੁਣ ਨਾ ਝੱਲੀਆਂ ਜਾਣ ਜੁਦਾਈਆਂ
ਇਸ ਤਰ੍ਹਾਂ ਭਰੇ ਮਨ ਨਾਲ ਮੁਟਿਆਰਾਂ ਸਾਉਣ ਮਹੀਨੇ ਨੂੰ ਅਲਵਿਦਾ ਕਹਿ ਦਿੰਦੀਆਂ ਹਨ। ਭਾਵੇਂ ਅੱਜ ਦੇ ਰੁਝੇਵਿਆਂ ਅਤੇ ਮਨੋਰੰਜਕ ਸਾਧਨਾਂ ਨੇ ਇਹੋ ਜਿਹੇ ਤੀਆਂ ਵਰਗੇ ਰੰਗੀਨ ਪਲਾਂ ਨੂੰ ਕਰਾਰੀ ਸੱਟ ਮਾਰੀ ਹੈ, ਪ੍ਰੰਤੂ ਅੱਜ ਮਾਨਸਿਕ ਪਰੇਸ਼ਾਨੀ ਦੇ ਦੌਰ ਵਿੱਚ ਇਹੋ ਜਿਹੇ ਰੰਗੀਨ ਛਿਣਾਂ ਦੀ ਬੜੀ ਜ਼ਰੂਰਤ ਹੈ। ਜੀਵਨ ਨੂੰ ਪਰੇਸ਼ਾਨੀਆਂ ਵਿੱਚੋਂ ਕੱਢਣ ਲਈ ਸਾਨੂੰ ਸੱਭਿਆਚਾਰ ਕਦਰਾਂ-ਕੀਮਤਾਂ ਨੂੰ ਵਕਤ ਕੱਢ ਕੇ ਮੱਥੇ ਲਾਉਣਾ ਪਵੇਗਾ।

