ਹਾੜ੍ਹੀ ਤੇ ਸਾਉਣੀ ਦੇ ਲੋਪ ਹੋਏ ਰੰਗਲੇ ਦਿਨ
ਸਾਡਾ ਅਜੋਕਾ ਸਮਾਂ ਪੱਛਮੀ ਸੱਭਿਅਤਾ ਦੀ ਭੇਟ ਚੜ੍ਹ ਚੁੱਕਾ ਹੈ। ਅਜਾਇਬ ਘਰਾਂ ਵਿੱਚ ਪ੍ਰਦਰਸ਼ਨੀਆਂ ਲਈ ਪੰਜਾਬੀ ਪਹਿਰਾਵੇ, ਹਾਰ ਸ਼ਿੰਗਾਰ, ਹਸਤਕਲਾ ਬਾਗ਼, ਫੁਲਕਾਰੀ, ਦਰੀਆਂ ਅਤੇ ਖੇਸ ਰੱਖੇ ਗਏ ਹਨ। ਲੋਕ ਨਾਚ ਗਿੱਧਾ, ਭੰਗੜਾ ਵੀ ਸਟੇਜਾਂ ਤੱਕ ਹੀ ਸੀਮਤ ਹੋ ਗਏ ਹਨ।...
ਸਾਡਾ ਅਜੋਕਾ ਸਮਾਂ ਪੱਛਮੀ ਸੱਭਿਅਤਾ ਦੀ ਭੇਟ ਚੜ੍ਹ ਚੁੱਕਾ ਹੈ। ਅਜਾਇਬ ਘਰਾਂ ਵਿੱਚ ਪ੍ਰਦਰਸ਼ਨੀਆਂ ਲਈ ਪੰਜਾਬੀ ਪਹਿਰਾਵੇ, ਹਾਰ ਸ਼ਿੰਗਾਰ, ਹਸਤਕਲਾ ਬਾਗ਼, ਫੁਲਕਾਰੀ, ਦਰੀਆਂ ਅਤੇ ਖੇਸ ਰੱਖੇ ਗਏ ਹਨ। ਲੋਕ ਨਾਚ ਗਿੱਧਾ, ਭੰਗੜਾ ਵੀ ਸਟੇਜਾਂ ਤੱਕ ਹੀ ਸੀਮਤ ਹੋ ਗਏ ਹਨ। ਪੰਜਾਬੀ ਤਿਉਹਾਰ ਜਿਵੇਂ ਵਿਸਾਖੀ, ਦੀਵਾਲੀ, ਲੋਹੜੀ, ਹੋਲੀ ਆਦਿ ਮਨਾਉਣ ਦੇ ਢੰਗ ਤਰੀਕੇੇ ਬਦਲ ਗਏ। ਤ੍ਰਿੰਝਣ, ਚਰਖੇ, ਰਸਮ ਰਿਵਾਜ ਸਭ ਲੋਪ ਹੋ ਗਏ। ਅੱਜ ਫੁਲਕਾਰੀ ਸਿਰਫ਼ ਲੋਕ ਗੀਤਾਂ ਜਾਂ ਮਾਣ ਸਨਮਾਨਾਂ ਦੇ ਕੰਮ ਆਉਂਦੀ ਹੈ।
ਕਿਸਾਨੀ ਦੀ ਹਾੜ੍ਹੀ ਦੀ ਫ਼ਸਲ ਦਾ ਜਸ਼ਨ ਵਿਸਾਖੀ ਪੰਜਾਬੀਆਂ ਦਾ ਹਰਮਨ ਪਿਆਰਾ ਤਿਉਹਾਰ, ਭਾਈਚਾਰਕ ਸਾਂਝ ਅਤੇ ਆਪਸੀ ਮੇਲ ਜੋਲ ਦਾ ਪ੍ਰਤੀਕ ਹੁੰਦਾ ਸੀ। ਜੋ ਸਾਡੇ ਸੱਭਿਆਚਾਰਕ ਵਿਰਸੇ ਦੀ ਵੀ ਪਛਾਣ ਸੀ, ਪਰ ਸਮੇਂ ਦੇ ਨਾਲ ਅਤੇ ਬਹੁਤਾ ਪੱਛਮੀ ਸੱਭਿਅਤਾ ਦੇ ਪ੍ਰਭਾਵ ਕਰਕੇ ਸਾਡੇ ਕਈ ਮੇਲੇ, ਰੰਗਲੇ ਤਿਉਹਾਰ ਫਿੱਕੇ ਪੈ ਗਏ ਹਨ। ਪਿੰਡਾਂ ਦੀ ਭਾਈਚਾਰਕ ਸਾਂਝ ਬੜੀ ਮਜ਼ਬੂਤ ਹੁੰਦੀ ਸੀ। ਪਿੰਡ ਦੀ ਧੀ ਧਿਆਣੀ ਦਾ ਵਿਆਹ ਸਾਰੇ ਪਿੰਡ ਦਾ ਸਾਂਝਾ ਕਾਰਜ ਹੁੰਦਾ ਸੀ। ਸਾਰਾ ਪਿੰਡ ਧੀ ਦੇ ਵਿਆਹ ਵਿੱਚ ਬਣਦੀ ਜ਼ਿੰਮੇਵਾਰੀ ਨਿਭਾਉਂਦਾ ਸੀ, ਪਰ ਸਮੇਂ ਦੇ ਨਾਲ ਨਾਲ ਖਾਸ ਕਰਕੇ ਪੰਜਾਬੀਆਂ ਦੀਆਂ ਲਾਡਲੀਆਂ ਹਾੜ੍ਹੀਆਂ ਤੇ ਸਾਉਣੀਆਂ ਨੂੰ ਡੂੰਘੀ ਠੇਸ ਪੁੱਜੀ।
ਉਮਰ ਦੇ ਆਖਰੀ ਪੜਾਅ ਵਾਲਿਆਂ, ਮੇਰੇ ਵਰਗਿਆਂ ਨੂੰ ਬਚਪਨ ਦੀਆਂ ਹਾੜ੍ਹੀ ਦੀ ਫ਼ਸਲ ਕਣਕ ਦੀਆਂ ਵਾਢੀਆਂ ਚੇਤੇ ਆ ਗਈਆਂ। ਸਾਡੇ ਬੱਚਿਆਂ ਲਈ ਵਾਢੀਆਂ ਦੇ ਰੰਗਲੇ ਅਤੇ ਜਸ਼ਨਾਂ ਦੇ ਦਿਨ ਹੁੰਦੇ ਸਨ। ਕਸੀਰਾਂ ਵਿੱਚ ਛੁਪੇ ਕਣਕਾਂ ਦੇ ਸੁਨਹਿਰੀ ਸਿੱਟੇ ਆਪਣੇ ਪਾਲਣਹਾਰ ਕਿਰਤੀ ਕਿਸਾਨਾਂ ਨੂੰ ਝੁਕ ਝੁਕ ਪ੍ਰਣਾਮ ਕਰਦੇ ਸਨ। ਜਿੱਥੇ ਕਿਸਾਨਾਂ ਦੇ ਚਿਹਰੇ ਖੁਸ਼ੀ ਤੇ ਖੇੜਿਆਂ ਨਾਲ ਲਿਸ਼ਕ ਰਹੇ ਹੁੰਦੇ ਸਨ, ਉੱਥੇ ਕੁਦਰਤੀ ਕਰੋਪੀ ਬਾਰਿਸ਼, ਤੂਫ਼ਾਨ ਤੇ ਗੜ੍ਹੇਮਾਰੀ ਦੇ ਡਰੋਂ ਚਿੰਤਾ ਵੀ ਸਾਫ਼ ਝਲਕਦੀ ਸੀ।
ਪਿੰਡਾਂ ਦੇ ਲੁਹਾਰ ਵਾਢੀ ਲਈ ਤਰ੍ਹਾਂ ਤਰ੍ਹਾਂ ਦੀਆਂ ਦਾਤੀਆਂ ਬਣਾਉਂਦੇ ਸਨ। ਦਸਤਿਆਂ ’ਤੇ ਲਿਸ਼ਕਣੀਆਂ ਪੱਤਰੀਆਂ ਜੜ੍ਹ ਕੇ ਸਜਾਉਂਦੇ ਸਨ। ਖਾਸ ਸ਼ੌਕੀਨਾਂ ਲਈ ਘੁੰਗਰੂਆਂ ਵਾਲੀਆਂ ਦਾਤੀਆਂ ਤਿਆਰ ਕਰਦੇ ਸਨ। ਦਾਤੀਆਂ ਦੇ ਦੰਦੇ ਕਢਵਾਏ ਜਾਂਦੇ ਸਨ। ਵਾਢੀਆਂ ਮਹੀਨਾ ਡੇਢ ਮਹੀਨੇ ਤੱਕ ਚੱਲਦੀਆਂ ਸਨ। ਭਾਈਚਾਰਕ ਸਾਂਝ ਵਾਲਿਆਂ ਅਤੇ ਸੱਜਣਾਂ ਮਿੱਤਰਾਂ ਦਾ ਵਾਢੀ ਕਰਵਾਉਣ ਲਈ ਸਹਿਯੋਗ ਲਿਆ ਜਾਂਦਾ ਸੀ। ਭਾਵ ਉਨ੍ਹਾਂ ਦਿਨਾਂ ਵਿੱਚ ‘ਮੰਗ’ ਪਾਉਣ ਦਾ ਮਤਲਬ ਰਲ ਮਿਲ, ਭਾਈਚਾਰੇ ਦੇ ਗੱਭਰੂਆਂ ਨੂੰ ਲੈ ਕੇ ਵਾਢੀਆਂ ਕਰਨੀਆਂ ਸਨ। ਇਨ੍ਹਾਂ ਮਹਿਮਾਨ ਵਾਢਿਆਂ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਸੀ ਛੱਡੀ ਜਾਂਦੀ। ਸੂਰਜ ਚੜ੍ਹਨ ਤੋਂ ਪਹਿਲਾਂ ਵਾਢੇ ਖੇਤਾਂ ’ਚ ਪਹੁੰਚ ਜਾਂਦੇ ਸਨ। ਜਦੋਂ ਵਿਸਾਖੀ ਦੇ ਢੋਲ ਵੱਜਦੇ ਸਨ ਤਾਂ ਕਿਰਤੀ ਕਾਮੇ ਵਾਢੀ ਬੈਠਦੇ ਸਨ। ਸ਼ਾਹ ਵੇਲੇ ’ਚ ਪਰਾਂਠੇ, ਆਚਾਰ, ਦਹੀਂ, ਮੱਖਣ ਵਾਲੀ ਲੱਸੀ ਨਾਲ ਲੇੜਾਂ ਲਵਾਈਆਂ ਜਾਂਦੀਆਂ ਸਨ। ਕੁਝ ਦੇਰ ਬਾਅਦ ਕਾਨ੍ਹੇ ਗੱਡਵੀਂ ਚਾਹ ਦੇ ਗੱਫੇ ਲਵਾਏ ਜਾਂਦੇ ਸਨ। ਵਾਢੇ ਪਰਾਤਾਂ ’ਚ ਲੱਗ ਜ਼ਿੱਦੋ ਜ਼ਿੱਦੀ ਵੱਢਦੇ ਸਨ। ਭਾਵ ਆਪਣੀ ਸਰੀਰਕ ਕਲਾ ਦਾ ਪ੍ਰਗਟਾਵਾ ਕਰਦੇ ਸਨ। ਇਸ ਦੌਰਾਨ ਪੈਂਚ (ਝਿਉਰ) ਮੋਢੇ ’ਤੇ ਵਹਿੰਗੀ ਟਿਕਾ, ਘੜਵੰਜ਼ੀ ਵਿੱਚ ਦੋ ਠੰਢੇ ਪਾਣੀ ਦੇ ਘੜੇ ਰੱਖੀ ਆ ਜਾਂਦਾ। ਉਹ ਸਾਰੇ ਵਾਢਿਆਂ ਨੂੰ ਠੰਢਾ ਪਾਣੀ ਪਿਆਉਂਦਾ। ਫਿਰ ਬਾਜ਼ੀਗਰ ਡਾਂਗਾਂ ਸੋਟੀਆਂ, ਗਾਨੀਆਂ ਤੇ ਮਖੇਰਨੇ ਆਦਿ ਵੇਚਣ ਲਈ ਆ ਜਾਂਦੇ ਸਨ। ਉਹ ਮੱਕੜੇ ਬਦਲੇ ਸੋਟੀਆਂ ਆਦਿ ਸਾਮਾਨ ਵੇਚ ਜਾਂਦੇ ਸਨ। ਫਿਰ ਦੁਪਹਿਰ ਦੀ ‘ਹਾਜ਼ਰੀ’। ਮੌਸਮੀ ਸ਼ਬਜ਼ੀਆਂ, ਤੰਦੂਰ ਦੀਆਂ ਰੋਟੀਆਂ ਤੇ ਸ਼ੱਕਰ ਘਿਉ ਨਾਲ ਵਾਢੇ ਡੰਝਾਂ ਲਾਹੁੰਦੇ ਸਨ।
ਦਿਨ ਢਲੇ ਵੱਢੀ ਕਣਕ ਦੀਆਂ ਬੇੜਾਂ ਨਾਲ ਭਰੀਆਂ ਬੰਨ੍ਹੀਆਂ ਜਾਂਦੀਆਂ ਸਨ। ਫਿਰ ਕਾਮੇ ਭਰੀਆਂ ਚੁੱਕ ਚੁੱਕ, ਇੱਕ ਥਾਂ ਲਿਆ ਕੇ ਖਲਵਾੜਾ ਲਾਉਂਦੇ ਸਨ। ਫਿਰ ਵਾਢੇ ਤੇਲ ਛੇਲ ਲਾ ਨਹਾਉਂਦੇ ਸਨ। ਲਿਸ਼ਕ ਪੁਸ਼ਕ ਹਵੇਲੀ ’ਚ ਡਾਹੇ ਮੰਜਿਆਂ ’ਤੇ ਸਜ ਜਾਂਦੇ ਸਨ। ਜੱਗਾਂ ’ਚ ਦੇਸੀ ਸ਼ਰਾਬ ਤੇ ਰਾਜੇ ਵੱਲੋਂ ਦੇਗ ’ਚ ਬਣਾਇਆ ਬੱਕਰੇ ਦਾ ਮੀਟ ਖੁੱਲ੍ਹਾ ਵਰਤਾਇਆ ਜਾਂਦਾ ਸੀ। ਵਾਢੇ ਗੱਪ ਛੱਪ ਮਾਰਦੇ ਖਾ ਖਾ ਕੁੱਖਾਂ ਕੱਢ ਡਿੱਗਦੇ ਢਹਿੰਦੇ ਘਰੋ ਘਰੀਂ ਜਾ ਪਹੁੰਚਦੇ। ਇੱਕ ਦੂਸਰੇ ਦੀ ਮਦਦ ਨਾਲ ਵਾਢੀ ਦਾ ਔਖਾ ਕੰੰਮ ਖਾਂਦੇ ਪੀਂਦੇ ਤੇ ਹਾਸੇ ਹਾਸੇ ਵਿੱਚ ਨਿਬੇੜ ਲੈਂਦੇ ਸਨ। ਇਸ ਨਾਲ ਮਿਲਵਰਤਣ ਹੀ ਨਹੀਂ ਸਗੋਂ ਆਪਸ ’ਚ ਭਾਈਚਾਰਕ ਸਾਂਝ ਵੀ ਪੀਢੀ ਹੁੰਦੀ ਸੀ।
ਖਲ਼ਵਾੜੇ ਵਿੱਚੋਂ ਚੁੱਕ ਚੁੱਕ ਭਰੀਆਂ ਪਿੜ ਵਿੱਚ ਲਿਆਂਦੀਆਂ ਜਾਂਦੀਆਂ ਸਨ। ਬਜ਼ੁਰਗਾਂ ਵੱਲੋਂ ਟਾਹਲੀ ਦੀ ਛਾਵੇਂ ਬੈਠ, ਲੱਕੜ ਦੇ ਚੌਖਟੇ ਵਿੱਚ ਬੇਰੀਆਂ ਜਾਂ ਕਿੱਕਰ ਦੇ ਛਾਪੇ ਰੱਖ ਤਾਰਾਂ ਨਾਲ ਬੰਨ ‘ਫਲ੍ਹਾ’ ਬਣਾਇਆ ਜਾਂਦਾ ਸੀ। ਗੋਲ ਦਾਇਰੇ ਵਾਲੇ ਪਿੜ ਵਿੱਚ ਭਰੀਆਂ ਨੂੰ ਖੋਲ੍ਹ ਕੇ ਖਿਲਾਰਿਆ ਜਾਂਦਾ ਸੀ। ਫਲ੍ਹੇ ਨੂੰ ਚੁੱਕ ਕੇ ਪਿੜ ਵਿੱਚ ਵਿਛਾਈਆਂ ਭਰੀਆਂ ਉੱਪਰ ਰੱਖ, ਉਸ ਨੂੰ ਅੱਗੇ ਜੋਏ ਬਲਦਾਂ ਦੀ ਪੰਜਾਲੀ ਨੂੰ ਲੱਕੋਂ ਕੁੱਬੀ ਲੱਕੜ ਦੀ ‘ਢੋਅ’ ਨਾਲ ਜੋੜਿਆ ਜਾਂਦਾ ਸੀ। ਪੰਜਾਲੀ ਦੇ ਉੱਪਰਲੇ ਹਿੱਸੇ ਨੂੰ ‘ਜੂਲਾ’ ਅਤੇ ਹੇਠਲੇ ਨੂੰ ‘ਫੱਟ’ ਆਖਦੇ ਸਨ। ਪੰਜਾਲੀ ਦੇ ਦੋਵੇਂ ਪਾਸੀ ਅਰਲੀਆਂ ਹੁੰਦੀਆਂ ਸਨ। ਅਸੀਂ ਬੱਚੇ ਫਲ੍ਹੇ ਉੱਤੇ ਝੂਟਾ ਲੈਣ ਦੀ ਜ਼ਿੱਦ ਕਰਦੇ ਤਾਂ ਸਾਨੂੰ ਫਲ੍ਹੇੇ ’ਤੇ ਝੁੱਲ ਜਾਂ ਦਰੀ ਆਦਿ ਵਿਛਾ ਕੇ ਉਸ ਉੱਤੇ ਬਿਠਾ ਦਿੱਤਾ ਜਾਂਦਾ ਸੀ। ਅੱਗੇ ਅੱਗੇ ਬਲਦ ਤੇ ਪਿੱਛੇ ਪਿੜੇ ਫਲ੍ਹਾ, ਗੇੜੇ ਦਈ ਜਾਂਦੇ।
ਫਲ੍ਹੇ ਨਾਲ ਗਾਹ ਕੇ ਬਣਾਈ ਧੜ ਨੂੰ ਫਿਰ ਉਡਾਵੇ ਛੱਜਾਂ ਨਾਲ ਉਡਾ ਦਾਣੇ ਤੇ ਤੂੜੀ ਵੱਖ ਵੱਖ ਕਰ ਦਾਣਿਆਂ ਦਾ ਬੋਹਲ ਬਣਾ ਦਿੰਦੇ ਸਨ। ਬੱਚਿਆਂ ਨੂੰ ਫੱਕਾ / ਰੀੜੀ ਮਿਲਦੀ ਸੀ ਜੋ ਅਸੀਂ ਲੰਮੇ ਸਾਰੇ ਝੱਗੇ ਦੀ ਝੋਲੀ ਵਿੱਚ ਪਵਾ ਹੱਟੀ ਵੱਲ ਦੌੜ ਜਾਂਦੇ ਸੀ। ਅਸੀਂ ਗੋਲੀ ਵਾਲਾ ਠੰਢਾ ਬੱਤਾ ਪੀਂਦੇ, ਕਿਸਮਤ ਪੁੜੀ ਖਿਚਦੇ ਅਤੇ ਮਿੱਠੀਆਂ ਗੋਲੀਆਂ ਚੂਸਦੇ ਘਰੀਂ ਆ ਵੜ੍ਹਦੇ।
ਲਾਗੀਆਂ, ਲੁਹਾਰਾਂ ਤਰਖਾਣਾਂ, ਸੀਰੀਆਂ, ਕੰਮ ਵਾਲੀਆਂ ਦੇ ਘਰੀ ਅਨਾਜ ਪਹੁੰਚਦਾ। ਹੱਟੀਆਂ ’ਤੇ ਸ਼ਾਹਾਂ ਦਾ ਹਿਸਾਬ ਨਿਬੇੜਿਆ ਜਾਂਦਾ। ਸੱਚਮੁੱਚ ਕਣਕ ਦੀ ਵਾਢੀ ਦੇ ਰੰਗਲੇ ਦਿਨ ਹੁੰਦੇ ਸਨ। ਜਦੋਂ ਮੁਟਿਆਰ ਆਪਣੇ ਹਾਣੀ ਨੂੰ ਕਹਿੰਦੀ ਸੀ;
ਵਾਢੀ ਕਰੂੰਗੀ ਬਰਾਬਰ ਤੇਰੇ
ਦਾਤੀ ਨੂੰ ਲਵਾਦੇ ਘੁੰਗਰੂ
ਨਿਰਸੰਦੇਹ ਲੋੋਪ ਹੋ ਗਏ ਹਨ, ਹਾੜ੍ਹੀਆਂ ਦੇ ਉਹ ਰੰਗਲੇ ਦਿਨ! ਹਾੜ੍ਹੀ ਦੀ ਫ਼ਸਲ ਕਣਕ ਸਾਂਭਣ ਤੋਂ ਕੁਝ ਸਮੇਂ ਲਈ ਖੇਤਾਂ ਨੂੰ ਖੁੱਲ੍ਹਾ ਛੱਡ ਦਿੱਤਾ ਜਾਂਦਾ ਸੀ। ਸਾਉਣੀ ਦੀ ਮੁੱਖ ਫ਼ਸਲ ਝੋਨਾ (ਅੱਗੇ ਉਸ ਦੀਆਂ ਕਿਸਮਾਂ ਝੋਨਾ, ਬਾਸਮਤੀ, ਪਲਮਣ ਆਦਿ) ਹੁੰਦਾ ਸੀ। ਅੱਜ ਮਸ਼ੀਨੀਕਰਨ ਦਾ ਯੁੱਗ ਹੈ। ਵਾਢੀਆਂ ਦੀ ਥਾਂ ਕੰਬਾਈਨਾਂ ਨਾਲ ਘੰਟਿਆਂ ਵਿੱਚ ਕਣਕਾਂ ਸਾਂਭ ਲਈਆਂ ਜਾਂਦੀਆਂ ਹਨ। ਟਰਾਲੀਆਂ ਜਿਣਸ ਮੰਡੀਆਂ ਪਹੁੰਚਾ ਦਿੰਦੀਆਂ ਹਨ। ਕਿਸਾਨ ਦੀ ਸਭ ਤੋਂ ਵੱਧ ਲੁੱਟ ਮੰਡੀਆਂ ਵਿੱਚ ਹੁੰਦੀ ਹੈ। ਮੰਡੀ ਦਾ ਤਾਂ ਹਰ ਰੁੱਖ ਵੀ ਕਿਸਾਨ ਤੋਂ ਪੈਸੇ ਮੰਗਦਾ ਹੈ। ਕਿਸਾਨ ਵੀ ਸੁੱਖ ਰਹਿਣੇ ਹੋ ਗਏ ਹਨ। ਅੱਜਕੱਲ੍ਹ ਕੋਈ ਕਿਸਾਨ ਤੜਕੇ ਨਾ ਤਾਂ ਹਲ ਜੋੜਦਾ ਹੈ ਅਤੇ ਨਾ ਹੀ ਖੇਤ ਬੰਨ੍ਹੇ ਮੋਢੇ ਕਹੀ ਰੱਖ ਗੇੜਾ ਮਾਰਦਾ ਹੈ। ਜ਼ਮੀਨਾਂ ਦੀਆਂ ਲਿਮਟਾਂ ਬਣਵਾ ਕੇ ਅਲੀਸ਼ਾਨ ਕੋਠੀਆਂ, ਮਹਿੰਗੀਆਂ ਲਗਜ਼ਰੀ ਕਾਰਾਂ ਅਤੇ ਪੈਲੇਸ ਕਲਚਰ ਨੇ ਕਿਸਾਨਾਂ ਨੂੰ ਕਰਜ਼ਾਈ ਕੀਤਾ ਹੋਇਆ ਹੈ ਅਤੇ ਰਹਿੰਦੀ ਕਸਰ ਵਿਦੇਸ਼ ਜਾਣ ਵਾਲੇ ਧੀਆਂ ਪੁੱਤਰਾਂ ਦੀ ਜ਼ਿੱਦ ਪੂਰੀ ਕਰ ਦਿੰਦੀ ਹੈ ਜਿਨ੍ਹਾਂ ਨੂੰ ਜਹਾਜ਼ ਚਾੜ੍ਹਨ ਲਈ ਜ਼ਮੀਨਾਂ ਵੇਚਣੀਆਂ ਪੈ ਰਹੀਆਂ ਹਨ। ਕਰਜ਼ੇ ਚੁੱਕਣੇ ਪੈ ਰਹੇ ਹਨ। ਕਈ ਸੱਜਣਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਠੱਗਣਾ ਪੈਂਦਾ ਹੈ।
ਕਣਕ ਦੀ ਰਹਿੰਦ ਖੂੰਦ ਨੂੰ ਕਿਸਾਨ ਅੱਗਾਂ ਲਾਉਣ ਲਈ ਮਜਬੂਰ ਹੁੰਦੇ ਹਨ। ਸਾਉਣੀ ਦੀ ਫ਼ਸਲ ਲਈ ਖੇਤ ਤਿਆਰ ਕਰਨੇ ਹੁੰਦੇ ਹਨ। ਨਾੜ ਨੂੰ ਅੱਗ ਲਾਉਣਾ ਹੀ ਸੌਖਾ ਤਰੀਕਾ ਹੁੰਦਾ ਹੈ, ਪਰ ਉਹ ਵੀ ਭਲੇ ਦਿਨ ਸਨ ਜਦੋਂ ਕਿਸਾਨ ਇੱਕ ਜੋਗ ਦੀ ਵਾਹੀ ਹੁੰਦੀ ਸੀ। ਸਾਰੀ ਸਾਰੀ ਰਾਤ ਖੂਹ ਜੌਣ ਦੇ ਬਾਵਜੂਦ ਖੇਤ ਨਹੀਂ ਸੀ ਭਰਦਾ। ਪਤਾ ਨਹੀਂ ਪ੍ਰੋ. ਮੋਹਨ ਸਿੰਘ ਨੇ ਇਹ ਗੀਤ ਦੀਆਂ ਸਤਰਾਂ ਕਿਉਂ ਲਿਖੀਆਂ ਸਨ;
ਇਹ ਗਾਧੀ ਬਣੀ ਨਵਾਰੀ
ਅੱਗੇ ਵਗਦਾ ਬਲਦ ਹਜ਼ਾਰੀ
ਕਰ ਇਸ ਉਤੇ ਅਸਵਾਰੀ।
ਭੁੱਲ ਜਾਵਣ ਦੋਵੇਂ ਜੱਗ ਨੀਂ
ਸਾਡੇ ਖੂਹ ’ਤੇ ਵੱਸਦਾ ਰੱਬ ਨੀਂ।
ਪਰ ਅੱਜ ਮੋਟਰਾਂ/ਬੰਬੀਆਂ ਦਾ ਸਵਿੱਚ ਨੱਪੋ ਤੇ ਪਾਣੀ ਦੀਆਂ ਲਹਿਰਾਂ ਬਹਿਰਾਂ ਨਾਲ ਖੇਤ ਭਰ ਜਾਂਦੇ ਹਨ। ਟਰੈਕਟਰਾਂ ਨਾਲ ਕੱਦੂ ਕਰ ਲਏ ਜਾਂਦੇ ਹਨ। ਲਾਬ ਵਾਲੇ ਪਨੀਰੀ ਪੁੱਟ ਗੁੱਛੀਆਂ ਬਣਾ, ਕੱਦੂ ਕੀਤੇ ਗਏ ਖੇਤ ਵਿੱਚ ਲਿਆ ਸੁੱਟਦੇ ਹਨ ਅਤੇ ਝੋਨਾ ਲੱਗਣਾ ਸ਼ੁਰੂ ਹੋ ਜਾਂਦਾ ਹੈ, ਪਰ ਉਹ ਵੀ ਦਿਨ ਸਨ ਜਦ ਕਿਸਾਨ ਇੱਕ ਜੋਗ ਨਾਲ ਕਈ ਕਈ ਦਿਨ ਰਾਤਾਂ ਨੂੰ ਖੂਹ ਤੋਂ ਖੇਤ ’ਚ ਪਾਣੀ ਭਰ ਕੇ ਹਲ ਤੇ ਢੱਗਿਆਂ ਨਾਲ ਕੱਦੂ ਕਰਦਾ ਸੀ। ਖੇਤਾਂ ਦਾ ਕੱਛਾ ਬੰਨ੍ਹਾ ਕੱਢਦਾ। ਲਾਬ ਲਾਉਣ ਵਾਲਿਆਂ ਨਾਲ ਆਪ ਲੱਗਦਾ ਤਾਂ ਕਿਤੇ ਜਾ ਕੇ ਝੋਨਾ ਲੱਗਦਾ ਸੀ। ਫਿਰ ਗੋਡੀਆਂ ਕਰਦਾ, ਵਾਧੂ ਘਾਹ ਨਦੀਨ ਆਦਿ ਕੱਢਦਾ। ਅੱਜ ਵਾਂਗ ਕੀਟਨਾਸ਼ਕ ਨਹੀਂ ਸਨ ਹੁੰਦੇ। ਜੈਵਿਕ ਚੌਲ ਹੁੰਦੇ ਸਨ। ਕਿਸਾਨ ਦੀ ਕਦੀ ਹਾੜ੍ਹੀ ਕਦੀ ਸੁੱਕੀ ਹੁੰਦੀ ਅਤੇ ਕਦੀ ਸਾਉਣੀ ਗਿੱਲੀ। ਕਿੱਥੇ ਗਈਆਂ ਸਾਡੀਆਂ ਹਾੜ੍ਹੀਆਂ ਤੇ ਸਾਉਣੀਆਂ! ਪਰ ਉਹ ਨਾ ਹਾੜ੍ਹੀਆਂ ਰਹੀਆਂ ਨਾ ਹੀ ਉਹ ਸਾਉਣੀਆਂ। ਲੋਪ ਹੋ ਗਏ ਹਾੜ੍ਹੀਆਂ ਅਤੇ ਸਾਉਣੀਆਂ ਦੇ ਉਹ ਰੰਗਲੇ ਦਿਨ।
ਸੰਪਰਕ: 98140-82217

