ਪੇਂਡੂ ਜੀਵਨ ਦਾ ਕੇਂਦਰ ‘ਪਿੰਡ ਦਾ ਦਰਵਾਜ਼ਾ’
ਪੰਜਾਬ ਦੇ ਪਿੰਡਾਂ ਦੀ ਪਛਾਣ ਸਿਰਫ਼ ਖੇਤਾਂ, ਖੂਹਾਂ, ਟਿੱਬਿਆਂ, ਤ੍ਰਿੰਝਣਾਂ, ਤੀਆਂ, ਚਰਖਿਆਂ ਅਤੇ ਸੱਥਾਂ ਨਾਲ ਹੀ ਨਹੀਂ ਬਣਦੀ, ਸਗੋਂ ਪਿੰਡ ਦੇ ਉਸ ਵਿਸ਼ੇਸ਼ ਦਰਵਾਜ਼ੇ ਨਾਲ ਵੀ ਜੁੜੀ ਹੋਈ ਹੈ, ਜਿਹੜਾ ਪਿੰਡ ਵਿੱਚ ਦਾਖਲੇ ਦਾ ਰਸਤਾ ਹੋਣ ਦੇ ਨਾਲ-ਨਾਲ ਪਿੰਡ ਦੀ...
ਪੰਜਾਬ ਦੇ ਪਿੰਡਾਂ ਦੀ ਪਛਾਣ ਸਿਰਫ਼ ਖੇਤਾਂ, ਖੂਹਾਂ, ਟਿੱਬਿਆਂ, ਤ੍ਰਿੰਝਣਾਂ, ਤੀਆਂ, ਚਰਖਿਆਂ ਅਤੇ ਸੱਥਾਂ ਨਾਲ ਹੀ ਨਹੀਂ ਬਣਦੀ, ਸਗੋਂ ਪਿੰਡ ਦੇ ਉਸ ਵਿਸ਼ੇਸ਼ ਦਰਵਾਜ਼ੇ ਨਾਲ ਵੀ ਜੁੜੀ ਹੋਈ ਹੈ, ਜਿਹੜਾ ਪਿੰਡ ਵਿੱਚ ਦਾਖਲੇ ਦਾ ਰਸਤਾ ਹੋਣ ਦੇ ਨਾਲ-ਨਾਲ ਪਿੰਡ ਦੀ ਜ਼ਿੰਦਗੀ ਦਾ ਕੇਂਦਰ ਹੁੰਦਾ ਸੀ। ਪਿੰਡ ਦਾ ਦਰਵਾਜ਼ਾ ਯਾਨੀ ਪਿੰਡ ਦੀ ਐਂਟਰੀ ਦਾ ਵੱਡਾ ਗੇਟ, ਪੰਜਾਬੀ ਲੋਕ-ਜੀਵਨ ਦੀ ਇੱਕ ਅਜਿਹੀ ਵਿਰਾਸਤੀ ਨਿਸ਼ਾਨੀ ਹੈ ਜਿਸ ਵਿੱਚ ਇਤਿਹਾਸ, ਸਮਾਜ, ਸੱਭਿਆਚਾਰ, ਸਾਂਝ ਅਤੇ ਲੋਕ-ਮਨ ਦੀਆਂ ਅਣਗਣਿਤ ਕਹਾਣੀਆਂ ਅਤੇ ਪਰਤਾਂ ਦਾ ਪਰਵਾਹ ਅਤੇ ਸੰਚਾਰ ਹੁੰਦਾ ਹੈ।
ਵਿਦੇਸ਼ੀ ਸੱਭਿਆਚਾਰਾਂ ਵਿੱਚ ਜਿਸ ਥਾਂ ਨੂੰ ਸਕੁਏਅਰ ਕਿਹਾ ਜਾਂਦਾ ਹੈ, ਜਿੱਥੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਸਕਦੇ ਹਨ, ਪੰਜਾਬ ਦੇ ਪੁਰਾਣੇ ਪਿੰਡਾਂ ਵਿੱਚ ਉਸ ਦੀ ਆਪਣੀ ਦੇਸੀ ਤਸਵੀਰ ਦਰਵਾਜ਼ਾ ਸੀ। ਇਹ ਕੇਵਲ ਇੱਟਾਂ-ਗਾਰੇ ਦਾ ਬਣਿਆ ਪ੍ਰਵੇਸ਼ ਦੁਆਰ ਨਹੀਂ ਸੀ; ਇਹ ਪਿੰਡ ਦੀ ਧੜਕਣ ਸੀ। ਇੱਥੇ ਲੋਕ ਆਉਂਦੇ-ਜਾਂਦੇ, ਬੈਠਦੇ, ਵਿਚਾਰ ਕਰਦੇ, ਹੱਸਦੇ, ਰੁੱਸਦੇ, ਮਨਾਉਂਦੇ ਅਤੇ ਪਿੰਡ ਦੀਆਂ ਗੱਲਾਂ ਤੋਂ ਲੈ ਕੇ ਦੇਸ਼-ਦੁਨੀਆ ਦੇ ਮਸਲਿਆਂ ਤੱਕ ਆਪਣੀ ਰਾਇ ਦਿੰਦੇ ਸਨ।
ਪੁਰਾਤਨ ਸਮਿਆਂ ਵਿੱਚ ਸ਼ਹਿਰਾਂ ਦੀ ਪਛਾਣ ਵੀ ਅਕਸਰ ਉਨ੍ਹਾਂ ਦੇ ਦਰਵਾਜ਼ਿਆਂ ਨਾਲ ਹੁੰਦੀ ਸੀ। ਦਿੱਲੀ ਦਾ ਦਰਵਾਜ਼ਾ ਹੋਵੇ ਜਾਂ ਮੁੰਬਈ ਦਾ ਦਰਵਾਜ਼ਾ, ਅਜਿਹੇ ਦਰਵਾਜ਼ੇ ਸ਼ਹਿਰ ਦੇ ਇਤਿਹਾਸ ਅਤੇ ਭੂਗੋਲ ਦੀ ਪਛਾਣ ਬਣੇ ਰਹੇ ਹਨ। ਸ਼ਹਿਰਾਂ ਵਿੱਚ ਕਿਸੇ ਖ਼ਾਸ ਪਾਸੇ ਜਾਣ ਵਾਲੇ ਰਸਤੇ ਨੂੰ ਵੀ ਅਕਸਰ ਉਸ ਪਿੰਡ ਜਾਂ ਇਲਾਕੇ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਜਿਸ ਵੱਲ ਉਹ ਰਸਤਾ ਜਾਂਦਾ ਸੀ। ਇਸੇ ਤਰ੍ਹਾਂ ਬੁੱਢਲਾਡਾ ਮੰਡੀ ਵਿੱਚ ਗੁਰਨਿਆਂ ਵਾਲਾ ਦਰਵਾਜ਼ਾ ਅਤੇ ਅਹਿਮਦਪੁਰ ਵਾਲਾ ਦਰਵਾਜ਼ਾ ਵਰਗੇ ਨਾਮ ਸਥਾਨਕ ਭੂਗੋਲ ਅਤੇ ਲੋਕ ਯਾਦਦਾਸ਼ਤ ਦੇ ਜਿਊਂਦੇ ਜਾਗਦੇ ਦਸਤਾਵੇਜ਼ ਹਨ, ਪਰ ਪਿੰਡ ਦਾ ਦਰਵਾਜ਼ਾ ਇਸ ਤੋਂ ਵੀ ਵੱਡੀ ਸੰਸਥਾ ਸੀ। ਇਹ ਪਿੰਡ ਦੀ ਸਭ ਤੋਂ ਵੱਡੀ ਸੱਥ ਹੁੰਦੀ ਸੀ। ਇੱਥੇ ਪੰਚਾਇਤ ਘਰ, ਪਟਵਾਰਖਾਨੇ ਅਤੇ ਡਿਸਪੈਂਸਰੀ ਆਦਿ ਲਈ ਕਮਰੇ ਵੀ ਬਣੇ ਹੁੰਦੇ ਸਨ। ਸਰਕਾਰੀ ਕੰਮਕਾਜ ਅਤੇ ਲੋਕਾਂ ਦੇ ਸਾਂਝੇ ਮਸਲਿਆਂ ਦਾ ਨਿਬੇੜਾ ਵੀ ਇਸੇ ਥਾਂ ਹੁੰਦਾ ਸੀ। ਤਹਿਸੀਲਦਾਰ ਪਿੰਡ ਦੇ ਇੰਤਕਾਲਾਂ ਨਾਲ ਸਬੰਧਤ ਕੰਮ ਕਰਨ ਲਈ ਆਉਂਦਾ ਤਾਂ ਲੋਕਾਂ ਦੀ ਮੌਜੂਦਗੀ ਵਿੱਚ ਹੀ ਕਾਰਵਾਈ ਹੁੰਦੀ। ਇਸ ਤਰ੍ਹਾਂ ਦਰਵਾਜ਼ਾ ਪ੍ਰਸ਼ਾਸਨ ਅਤੇ ਆਮ ਲੋਕਾਂ ਵਿਚਕਾਰ ਇੱਕ ਪਾਰਦਰਸ਼ੀ ਪੁਲ ਦਾ ਕੰਮ ਕਰਦਾ ਸੀ।
ਪਿੰਡ ਦੀ ਸਮਾਜਿਕ ਜ਼ਿੰਦਗੀ ਦਾ ਵੀ ਇਹੀ ਕੇਂਦਰ ਸੀ। ਬਾਜ਼ੀ ਪੈਣੀ, ਮੱਲਾਂ ਦੇ ਘੋਲ ਹੋਣੇ, ਲੋਕ-ਖੇਡਾਂ ਖੇਡੀਆਂ ਜਾਣੀਆਂ ਅਤੇ ਨਾਟਕ-ਡਰਾਮੇ ਹੋਣੇ , ਇਹ ਸਭ ਦਰਵਾਜ਼ੇ ਦੀ ਰੌਣਕ ਵਧਾਉਂਦੇ ਸਨ। ਜਦੋਂ ਕਿਸੇ ਚਰਚਿਤ ਫਿਲਮ ਨੂੰ ਪਰਦੇ ਉੱਤੇ ਦਿਖਾਉਣ ਦਾ ਮੌਕਾ ਮਿਲਦਾ ਤਾਂ ਪਿੰਡ ਦੇ ਲੋਕ ਪਰਿਵਾਰਾਂ ਸਮੇਤ ਇਸੇ ਸਾਂਝੀ ਥਾਂ ਉੱਤੇ ਇਕੱਠੇ ਹੋ ਜਾਂਦੇ। ਉਹ ਸਮਾਂ ਮਨੋਰੰਜਨ ਨਾਲੋਂ ਵੱਧ ਸਾਂਝ ਦਾ ਸਮਾਂ ਹੁੰਦਾ ਸੀ। ਇੱਕੋ ਪਰਦੇ ਉੱਤੇ ਫਿਲਮ ਦੇਖਦਿਆਂ ਪੂਰਾ ਪਿੰਡ ਇੱਕ ਪਰਿਵਾਰ ਬਣ ਜਾਂਦਾ ਸੀ ਅਤੇ ਭਾਈਚਾਰਕ ਸਾਂਝ ਦੀਆਂ ਨਵੀਆਂ ਕੰਧਾਂ ਉਸਰਦੀਆਂ ਸਨ।
ਪਿੰਡ ਦਰਵਾਜ਼ੇ ਪਿੰਡ ਦੀ ਮਿੰਨੀ ਪਾਰਲੀਮੈਂਟ ਹੁੰਦੇ ਸਨ। ਇੱਥੇ ਕੋਈ ਸੰਵਿਧਾਨ ਨਹੀਂ ਸੀ, ਪਰ ਲੋਕਤੰਤਰ ਦੀ ਰੂਹ ਜ਼ਰੂਰ ਸੀ। ਕੋਈ ਰਸਮੀ ਮੰਚ ਨਹੀਂ ਸੀ, ਪਰ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਸੀ। ਕੋਈ ਸਰਕਾਰੀ ਮਾਈਕ ਨਹੀਂ ਸੀ, ਪਰ ਆਵਾਜ਼ ਹਰ ਪਾਸੇ ਪਹੁੰਚਦੀ ਸੀ। ਇੱਥੇ ਪਿੰਡ ਦੀ ਰਾਜਨੀਤੀ ਤੋਂ ਲੈ ਕੇ ਦੇਸ਼ ਦੀ ਰਾਜਨੀਤੀ ਦੀ ਡੂੰਘੀ ਚੀਰ ਫੜ ਹੁੰਦੀ ਸੀ। ਇੱਥੇ ਚੰਗੇ ਕਿਰਦਾਰਾਂ ਨੂੰ ਸਲਾਹਿਆ ਜਾਂਦਾ ਸੀ ਅਤੇ ਮਾੜੇ ਕਿਰਦਾਰਾਂ ਦੀ ਕਿਰਦਾਰਕੁਸ਼ੀ ਕੀਤੀ ਜਾਂਦੀ ਸੀ। ਇਸ ਕਰਕੇ ਮਾੜੇ ਬੰਦੇ ਪਿੰਡ ਦੇ ਧਰਾਤਲ ਤੋਂ ਮਨਫੀ ਹੁੰਦੇ ਸਨ। ਅੱਜ ਵੀ ਕਈ ਪਿੰਡਾਂ ਦੇ ਦਰਵਾਜ਼ਿਆਂ ਕੋਲ ਲੋਕਾਂ ਦੀਆਂ ਟੋਲੀਆਂ ਬੈਠੀਆਂ ਮਿਲ ਜਾਂਦੀਆਂ ਹਨ। ਕਿਤੇ ਤਾਸ਼ ਦੀ ਬਾਜ਼ੀ ਲੱਗੀ ਹੁੰਦੀ ਹੈ, ਕਿਤੇ ਹੁੱਕੇ ਦੀ ਗੁੜਗੁੜਾਹਟ ਹੁੰਦੀ ਹੈ ਅਤੇ ਕਿਤੇ ਚਾਹ ਦੇ ਕੱਪਾਂ ਨਾਲ ਗੱਲਾਂ ਦਾ ਦੌਰ ਚੱਲ ਰਿਹਾ ਹੁੰਦਾ ਹੈ। ਗੱਲ ਪਿੰਡ ਦੀ ਰਾਜਨੀਤੀ ਤੋਂ ਸ਼ੁਰੂ ਹੋ ਕੇ ਜ਼ਿਲ੍ਹੇ, ਪੰਜਾਬ, ਦਿੱਲੀ ਅਤੇ ਦੇਸ਼ ਦੀ ਰਾਜਨੀਤੀ ਤੱਕ ਪਹੁੰਚ ਜਾਂਦੀ ਹੈ। ਕਿਸੇ ਦੀ ਫ਼ਸਲ, ਕਿਸੇ ਦੀ ਨੌਕਰੀ, ਕਿਸੇ ਦੇ ਮੁੰਡੇ ਦਾ ਵਿਆਹ, ਕਿਸੇ ਦੀ ਕੁੜੀ ਦੀ ਪੜ੍ਹਾਈ, ਕੋਈ ਵਿਸ਼ਾ ਇਸ ਲੋਕ ਦਰਬਾਰ ਤੋਂ ਬਾਹਰ ਨਹੀਂ ਰਹਿੰਦਾ।
ਪਿੰਡ ਦੀ ਲੋਕ-ਬੋਲੀ ਦਾ ਆਪਣਾ ਰੰਗ ਹੈ। ਦਰਵਾਜ਼ੇ ਉੱਤੇ ਬੈਠੀ ਸੰਗਤ ਸਿਰਫ਼ ਰਾਜਨੀਤੀ ਨਹੀਂ ਕਰਦੀ; ਪਿੰਡ ਦੇ ਬੰਦਿਆਂ ਅਤੇ ਬੁੜੀਆਂ ਦੇ ਆਚਰਣ ਦੀ ਵੀ ਚੀਰ-ਫਾੜ ਹੁੰਦੀ ਹੈ। ਕਿਸੇ ਦੀ ਚੰਗੀ ਗੱਲ ਦੀ ਸਿਫ਼ਤ, ਕਿਸੇ ਦੀ ਕਮੀ ਉੱਤੇ ਹਾਸਾ ਅਤੇ ਕਿਸੇ ਦੀ ਕਰਤੂਤ ਉੱਤੇ ਚੁਟਕੀ, ਇਹ ਸਭ ਪੰਜਾਬੀ ਲੋਕ-ਸੱਭਿਆਚਾਰ ਦੀ ਮੌਖਿਕ ਪਰੰਪਰਾ ਦਾ ਹਿੱਸਾ ਹਨ। ਇਨ੍ਹਾਂ ਗੱਲਾਂ ਵਿੱਚ ਕਈ ਵਾਰ ਤਿੱਖਾਪਣ ਵੀ ਹੁੰਦਾ ਹੈ, ਪਰ ਅਕਸਰ ਇਹੀ ਹਾਸਾ-ਮਜ਼ਾਕ ਅਤੇ ਖੁੱਲ੍ਹੀ ਗੱਲਬਾਤ ਮਨ ਦਾ ਭਾਰ ਹੌਲਾ ਕਰ ਦਿੰਦੀ ਹੈ।
ਪਿੰਡ ਦਾ ਦਰਵਾਜ਼ਾ ਅਸਲ ਵਿੱਚ ਇੱਕ ਸਮਾਜਿਕ ਮਨੋਵਿਗਿਆਨ ਦਾ ਕੇਂਦਰ ਵੀ ਸੀ। ਇੱਥੇ ਇਕੱਲਾਪਣ ਘੱਟ ਹੁੰਦਾ ਸੀ। ਬੰਦਾ ਆਪਣਾ ਦੁੱਖ ਕਿਸੇ ਨਾ ਕਿਸੇ ਨਾਲ ਸਾਂਝਾ ਕਰ ਲੈਂਦਾ, ਆਪਣੀ ਖੁਸ਼ੀ ਦੂਜਿਆਂ ਨਾਲ ਵੰਡ ਲੈਂਦਾ ਅਤੇ ਆਪਣੀ ਉਲਝਣ ਲਈ ਕਿਸੇ ਬਜ਼ੁਰਗ ਤੋਂ ਸਲਾਹ ਲੈ ਲੈਂਦਾ। ਦਰਵਾਜ਼ਾ ਲੋਕਾਂ ਨੂੰ ਇੱਕ-ਦੂਜੇ ਨਾਲ ਜੋੜਦਾ ਸੀ। ਇਹ ਰਿਸ਼ਤਿਆਂ ਦੀ ਉਹ ਥਾਂ ਸੀ ਜਿੱਥੇ ਸਮਾਜ ਕਿਤਾਬਾਂ ਵਿੱਚ ਨਹੀਂ, ਜੀਵਨ ਵਿੱਚ ਪੜਿ੍ਹਆ ਜਾਂਦਾ ਸੀ।
ਅੱਜ ਦੇ ਸਮੇਂ ਵਿੱਚ ਪਿੰਡਾਂ ਦੀ ਜੀਵਨ-ਸ਼ੈਲੀ ਤੇਜ਼ੀ ਨਾਲ ਬਦਲ ਰਹੀ ਹੈ। ਮੋਬਾਈਲ ਫੋਨ, ਟੈਲੀਵਿਜ਼ਨ, ਇੰਟਰਨੈੱਟ ਅਤੇ ਸੋਸ਼ਲ ਮੀਡੀਆ ਨੇ ਉਹ ਸਾਂਝੀਆਂ ਥਾਵਾਂ ਹੌਲੀ-ਹੌਲੀ ਸੁੰਨੀਆਂ ਕਰ ਦਿੱਤੀਆਂ ਹਨ। ਹੁਣ ਲੋਕ ਇੱਕੋ ਥਾਂ ਬੈਠ ਕੇ ਵੀ ਆਪਣੇ-ਆਪਣੇ ਮੋਬਾਈਲਾਂ ਵਿੱਚ ਰੁੱਝੇ ਰਹਿੰਦੇ ਹਨ। ਉਹ ਸਾਂਝੀ ਗੱਲਬਾਤ, ਜਿਸ ਵਿੱਚ ਇੱਕ ਪਿੰਡ ਦੀ ਧੜਕਣ ਸੁਣਾਈ ਦਿੰਦੀ ਸੀ, ਘਟਦੀ ਜਾ ਰਹੀ ਹੈ।
ਇਸ ਲਈ ਪਿੰਡ ਦੇ ਦਰਵਾਜ਼ੇ ਨੂੰ ਸਿਰਫ਼ ਇੱਕ ਪੁਰਾਣੀ ਇਮਾਰਤ ਸਮਝ ਕੇ ਛੱਡ ਦੇਣਾ ਸਾਡੀ ਸੱਭਿਆਚਾਰਕ ਯਾਦ ਨਾਲ ਬੇਇਨਸਾਫ਼ੀ ਹੋਵੇਗੀ। ਇਹ ਸਾਡੀ ਸਮਾਜਿਕ ਵਿਰਾਸਤ, ਲੋਕਤੰਤਰੀ ਪਰੰਪਰਾ ਅਤੇ ਸਾਂਝੇ ਜੀਵਨ ਦਾ ਜਿਊਂਦਾ ਜਾਗਦਾ ਸਮਾਰਕ ਹੈ। ਇਸ ਦੀਆਂ ਕੰਧਾਂ ਵਿੱਚ ਸਰਕਾਰੀ ਕਾਗਜ਼ਾਂ ਨਾਲੋਂ ਵੱਧ ਲੋਕਾਂ ਦੀਆਂ ਯਾਦਾਂ ਹਨ; ਇਸ ਦੀ ਮਿੱਟੀ ਵਿੱਚ ਖੇਡਾਂ ਦੀਆਂ ਆਵਾਜ਼ਾਂ, ਹਾਸਿਆਂ ਦੀ ਗੂੰਜ, ਪੰਚਾਇਤਾਂ ਦੇ ਫ਼ੈਸਲੇ, ਬਜ਼ੁਰਗਾਂ ਦੀਆਂ ਸਲਾਹਾਂ ਅਤੇ ਪੀੜ੍ਹੀਆਂ ਦੀਆਂ ਕਹਾਣੀਆਂ ਦੱਬੀਆਂ ਪਈਆਂ ਹਨ। ਸੋ ਆਓ ਵਿਰਾਸਤ ਅਤੇ ਪੰਜਾਬੀ ਜੀਵਨ ਦੀ ਝਲਕ ਪਿੰਡ ਦੇ ਦਰਵਾਜ਼ਿਆਂ ਨੂੰ ਸਾਂਭ ਕੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰੀਏ।
ਸੰਪਰਕ: 99156-21188

