DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਵੀਰ ਆਇਆ, ਸੰਧਾਰਾ ਲਿਆਇਆ

ਪੰਜਾਬੀ ਲੋਕ ਆਪਣੇ ਅਮੀਰ ਸੱਭਿਆਚਾਰ, ਰੀਤੀ-ਰਿਵਾਜਾਂ ਅਤੇ ਪਰਿਵਾਰਕ ਰਿਸ਼ਤਿਆਂ ਦੀ ਮਿਠਾਸ ਲਈ ਸੰਸਾਰ ਭਰ ਵਿੱਚ ਜਾਣੇ ਜਾਂਦੇ ਹਨ। ਜੇ ਗਹੁ ਨਾਲ ਵਾਚੀਏ ਤਾਂ ਪਤਾ ਲੱਗਦਾ ਹੈ ਕਿ ਹਰ ਤਿਉਹਾਰ ਅਤੇ ਰਸਮਾਂ ਰਿਵਾਜਾਂ ਨਾਲ ਸਾਡਾ ਕੋਈ ਨਾ ਕੋਈ ਰਿਸ਼ਤਾ ਵੀ ਜ਼ਰੂਰ...

  • fb
  • twitter
  • whatsapp
  • whatsapp
Advertisement

ਪੰਜਾਬੀ ਲੋਕ ਆਪਣੇ ਅਮੀਰ ਸੱਭਿਆਚਾਰ, ਰੀਤੀ-ਰਿਵਾਜਾਂ ਅਤੇ ਪਰਿਵਾਰਕ ਰਿਸ਼ਤਿਆਂ ਦੀ ਮਿਠਾਸ ਲਈ ਸੰਸਾਰ ਭਰ ਵਿੱਚ ਜਾਣੇ ਜਾਂਦੇ ਹਨ। ਜੇ ਗਹੁ ਨਾਲ ਵਾਚੀਏ ਤਾਂ ਪਤਾ ਲੱਗਦਾ ਹੈ ਕਿ ਹਰ ਤਿਉਹਾਰ ਅਤੇ ਰਸਮਾਂ ਰਿਵਾਜਾਂ ਨਾਲ ਸਾਡਾ ਕੋਈ ਨਾ ਕੋਈ ਰਿਸ਼ਤਾ ਵੀ ਜ਼ਰੂਰ ਜੁੜਿਆ ਹੋਇਆ ਹੁੰਦਾ ਹੈ। ਇਸ ਦਾ ਮਕਸਦ ਸਿੱਧੇ ਤੌਰ ’ਤੇ ਰਿਸ਼ਤਿਆਂ ਵਿੱਚ ਮਿਠਾਸ ਭਰ ਕੇ ਤਿਉਹਾਰ ਦੀ ਖ਼ੁਸ਼ੀ ਨੂੰ ਦੁੱਗਣਾ ਕਰਨਾ ਹੁੰਦਾ ਹੈ। ਉਂਜ ਤਾਂ ਹਰ ਦਿਨ-ਤਿਉਹਾਰ ’ਤੇ ਕਦੇ ਭੈਣਾਂ ਵੱਲੋਂ ਭਰਾਵਾਂ ਦਾ ਤੇ ਭਰਾਵਾਂ ਵੱਲੋਂ ਭੈਣਾਂ ਦਾ, ਮਾਪਿਆਂ ਵੱਲੋਂ ਧੀਆਂ ਦਾ ਮਾਣ ਵਧਾਇਆ ਜਾਂਦਾ ਹੈ, ਪਰ ਧੀਆਂ ਨੂੰ ਸੰਧਾਰਾ ਦੇਣ ਦਾ ਰਿਵਾਜ ਪੰਜਾਬੀ ਸੱਭਿਆਚਾਰ ਦਾ ਇੱਕ ਅਹਿਮ ਹਿੱਸਾ ਹੈ।

ਸੰਧਾਰਾ ਦੇਣ ਦਾ ਰਿਵਾਜ ਕੇਵਲ ਤੋਹਫ਼ੇ ਦੇਣ ਦੀ ਰਸਮ ਨਹੀਂ, ਸਗੋਂ ਧੀ ਪ੍ਰਤੀ ਪਿਆਰ, ਸਤਿਕਾਰ ਅਤੇ ਆਪਣੇਪਣ ਦੀ ਨਿਸ਼ਾਨੀ ਹੈ। ਸੰਧਾਰਾ ਪੇਕੇ ਘਰ ਦੀਆਂ ਉਨ੍ਹਾਂ ਭਾਵਨਾਵਾਂ ਦਾ ਪ੍ਰਗਟਾਵਾ ਹੈ ਜੋ ਵਿਆਹ ਤੋਂ ਬਾਅਦ ਵੀ ਧੀ ਨਾਲ ਦਿਲੋਂ ਅਤੇ ਭਾਵਨਾਤਮਕ ਤੌਰ ’ਤੇ ਜੁੜੀਆਂ ਰਹਿੰਦੀਆਂ ਹਨ। ਰਵਾਇਤੀ ਤੌਰ ’ਤੇ ਧੀਆਂ ਨੂੰ ਸਾਲ ਵਿੱਚ ਦੋ ਵਾਰ ਸੰਧਾਰਾ ਦਿੱਤਾ ਜਾਂਦਾ ਹੈ। ਇੱਕ ਸੰਧਾਰਾ ਸਾਉਣ ਦੇ ਮਹੀਨੇ ਖ਼ਾਸ ਕਰਕੇ ਤੀਆਂ ਦੇ ਤਿਉਹਾਰ ਮੌਕੇ ਵਿਆਹੀਆਂ ਧੀਆਂ ਨੂੰ ਦਿੱਤਾ ਜਾਂਦਾ ਹੈ। ਜਦੋਂ ਧੀਆਂ ਤੀਆਂ ਮਨਾਉਣ ਲਈ ਆਪਣੇ ਪੇਕੇ ਆਉਂਦੀਆਂ ਹਨ ਅਤੇ ਵਾਪਸ ਸਹੁਰੇ ਘਰ ਜਾਂਦੀਆਂ ਹਨ ਤਾਂ ਮਾਪੇ ਉਨ੍ਹਾਂ ਨੂੰ ਨਵੇਂ ਕੱਪੜੇ, ਚੂੜੀਆਂ, ਮਹਿੰਦੀ, ਮਿਠਾਈਆਂ, ਮੱਠੀਆਂ, ਬਿਸਕੁਟ, ਲੱਡੂ ਅਤੇ ਹੋਰ ਲੋੜੀਂਦਾ ਸਾਮਾਨ ਦੇ ਕੇ ਭੇਜਦੇ ਹਨ। ਕਈ ਪਰਿਵਾਰ ਆਪਣੀ ਸਮਰੱਥਾ ਅਨੁਸਾਰ ਗਹਿਣੇ ਜਾਂ ਹੋਰ ਕੀਮਤੀ ਤੋਹਫ਼ੇ ਵੀ ਦਿੰਦੇ ਹਨ। ਇਸ ਬਾਰੇ ਲੋਕ ਬੋਲੀਆਂ ਵਿੱਚ ਵੀ ਕੁੜੀਆਂ ਦੀਆਂ ਭਾਵਨਾਵਾਂ ਦਾ ਜ਼ਿਕਰ ਆਉਂਦਾ ਹੈ;

Advertisement

ਸੰਧਾਰਾ ਆਇਆ, ਸੰਧਾਰਾ ਆਇਆ

Advertisement

ਵੀਰ ਮੇਰਾ ਅੰਬਰੋਂ ਤਾਰਾ ਲਿਆਇਆ!

ਖਾਣ ਨੂੰ ਪਿੰਨੇ, ਪਹਿਨਣ ਨੂੰ ਚੀਰ

ਮੈਂ ਵਾਰੀ ਜਾਵਾਂ ਆਪਣੇ ਵੀਰ!

ਦੂਜਾ ਸੰਧਾਰਾ ਲੋਹੜੀ ਦੇ ਤਿਉਹਾਰ ’ਤੇ ਦਿੱਤਾ ਜਾਂਦਾ ਹੈ ਜਿਸ ਵਿੱਚ ਗੁੜ ਅਤੇ ਤਿਲ ਦੇ ਲੱਡੂ, ਚੌਲਾਂ ਦੀਆਂ ਪਿੰਨੀਆਂ, ਮੂੰਗਫਲੀ, ਰਿਓੜੀਆਂ ਅਤੇ ਭੁੱਗੇ ਦੀ ਮਠਿਆਈ ਆਦਿ ਖ਼ਾਸ ਤੌਰ ’ਤੇ ਮਾਪੇ ਜਾਂ ਭਰਾ ਆਪਣੀਆਂ ਧੀਆਂ-ਭੈਣਾਂ ਨੂੰ ਸਹੁਰੇ ਘਰ ਦੇ ਕੇ ਆਉਂਦੇ ਹਨ। ਇਸ ਤਰ੍ਹਾਂ ਸੰਧਾਰੇ ਦੀ ਰਸਮ ਨੂੰ ਕੁੜੀਆਂ ਦਾ ਸਹੁਰੇ ਘਰ ਵਿੱਚ ਮਾਣ ਵਧਾਉਣ ਦਾ ਇੱਕ ਜ਼ਰੀਆ ਵੀ ਮੰਨਿਆ ਜਾਂਦਾ ਹੈ। ਸੰਧਾਰਾ ਧੀ ਨੂੰ ਇਹ ਅਹਿਸਾਸ ਕਰਵਾਉਂਦਾ ਹੈ ਕਿ ਵਿਆਹ ਤੋਂ ਬਾਅਦ ਵੀ ਉਸ ਦਾ ਪੇਕਾ ਘਰ ਉਸ ਲਈ ਪਹਿਲਾਂ ਵਾਂਗ ਹੀ ਉਸ ਦਾ ਪੂਰਾ ਮਾਣ ਕਰਦਾ ਹੈ। ਇਹ ਰਿਵਾਜ ਧੀ ਦੇ ਸਨਮਾਨ, ਉਸ ਦੀਆਂ ਭਾਵਨਾਵਾਂ ਅਤੇ ਪਰਿਵਾਰਕ ਸਾਂਝ ਨੂੰ ਮਜ਼ਬੂਤ ਕਰਦਾ ਹੈ। ਸੰਧਾਰਾ ਸਿਰਫ਼ ਸੌਗਾਤਾਂ ਦਾ ਲੈਣ-ਦੇਣ ਨਹੀਂ, ਸਗੋਂ ਮਾਪਿਆਂ ਦੀਆਂ ਅਸੀਸਾਂ ਅਤੇ ਭੈਣ-ਭਰਾਵਾਂ ਦੇ ਪਿਆਰ ਦਾ ਪ੍ਰਤੀਕ ਹੈ।

ਸਮੇਂ ਦੇ ਨਾਲ ਨਾਲ ਇਸ ਰਿਵਾਜ ਦਾ ਰੂਪ ਵੀ ਜ਼ਰੂਰ ਬਦਲਿਆ ਹੈ। ਪਹਿਲਾਂ ਸੰਧਾਰਾ ਹੱਥੀਂ ਬਣੀਆਂ ਮੱਠੀਆਂ, ਘਰ ਦੇ ਬਣਾਏ ਬਿਸਕੁਟ, ਸੂਟ ਅਤੇ ਰਵਾਇਤੀ ਚੀਜ਼ਾਂ ਦਾ ਹੁੰਦਾ ਸੀ, ਪਰ ਅੱਜ ਇਸ ਵਿੱਚ ਤਿਆਰ ਕੱਪੜੇ, ਮਠਿਆਈਆਂ, ਹੋਰ ਘਰੇਲੂ ਉਪਕਰਨ ਜਿਸ ਦੀ ਲੜਕੀ ਨੂੰ ਜ਼ਰੂਰਤ ਹੋਵੇ ਜਾਂ ਨਕਦ ਰਕਮ ਜਾਂ ਹੋਰ ਆਧੁਨਿਕ ਤੋਹਫ਼ੇ ਆਦਿ ਵੀ ਸ਼ਾਮਲ ਹੋ ਗਏ ਹਨ। ਸੰਧਾਰੇ ਦੇ ਰੂਪ ਵਿੱਚ ਚਾਹੇ ਸਮੇਂ ਦੇ ਨਾਲ ਬਦਲਾਅ ਆ ਗਏ ਹਨ, ਪਰ ਫਿਰ ਵੀ ਇਸ ਦੀ ਰੂਹ ਵਿੱਚ ਧੀ ਪ੍ਰਤੀ ਪਿਆਰ ਅਤੇ ਸਨੇਹ ਉਹੀ ਹੈ।

ਅੱਜ ਦੇ ਤੇਜ਼-ਰਫ਼ਤਾਰ ਜੀਵਨ ਵਿੱਚ ਭਾਵੇਂ ਕਈ ਪੁਰਾਣੀਆਂ ਰਸਮਾਂ ਮੱਧਮ ਪੈ ਰਹੀਆਂ ਹਨ, ਪਰ ਸੰਧਾਰਾ ਦੇਣ ਦੀ ਪਰੰਪਰਾ ਅਜੇ ਵੀ ਪੰਜਾਬੀ ਪਰਿਵਾਰਾਂ ਵਿੱਚ ਜਿਉਂ ਦੀ ਤਿਉਂ ਬਰਕਰਾਰ ਹੈ। ਇਹ ਰਿਵਾਜ ਸਾਨੂੰ ਯਾਦ ਦਿਵਾਉਂਦਾ ਹੈ ਕਿ ਧੀਆਂ ਵੀ ਘਰ ਦਾ ਮਾਣ ਹੁੰਦੀਆਂ ਹਨ ਅਤੇ ਉਨ੍ਹਾਂ ਨਾਲ ਪਿਆਰ ਅਤੇ ਸਤਿਕਾਰ ਦਾ ਰਿਸ਼ਤਾ ਹਮੇਸ਼ਾ ਕਾਇਮ ਰਹਿਣਾ ਚਾਹੀਦਾ ਹੈ। ਧੀਆਂ ਨੂੰ ਸੰਧਾਰਾ ਦੇਣ ਦਾ ਰਿਵਾਜ ਪੰਜਾਬ ਦੀ ਲੋਕ-ਸੱਭਿਆਚਾਰਕ ਵਿਰਾਸਤ ਦਾ ਇੱਕ ਅਨਮੋਲ ਹਿੱਸਾ ਹੈ। ਇਹ ਰਿਸ਼ਤਿਆਂ ਦੇ ਨਿੱਘ, ਪਰਿਵਾਰਕ ਏਕਤਾ ਅਤੇ ਧੀ ਪ੍ਰਤੀ ਅਟੁੱਟ ਮੋਹ ਦਾ ਪ੍ਰਤੀਕ ਹੈ। ਅਜਿਹੀਆਂ ਪਰੰਪਰਾਵਾਂ ਨੂੰ ਸੰਭਾਲਣਾ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਕਿਉਂਕਿ ਇਹੋ ਜਿਹੇ ਰੀਤੀ ਰਿਵਾਜਾਂ ਵਿੱਚ ਹੀ ਪੰਜਾਬੀ ਸੱਭਿਆਚਾਰ ਦੀ ਅਸਲ ਰੂਹ ਵੱਸਦੀ ਹੈ।

ਸੰਪਰਕ: 99889-01324

Advertisement
×