DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੋਹਣਾ ਸ਼ਿਕਾਰੀ ਪੰਛੀ ਬ੍ਰਾਹਮਣੀ ਇੱਲ

ਬ੍ਰਾਹਮਣੀ ਇੱਲ ਇੱਕ ਸੋਹਣਾ ਸ਼ਿਕਾਰੀ ਪੰਛੀ ਹੈ। ਇਸ ਦਾ ਅੰਗਰੇਜ਼ੀ ਨਾਮ ‘ਬ੍ਰਾਹਮਣੀ ਕਾਈਟ’ ਅਤੇ ਵਿਗਿਆਨਕ ਨਾਮ ‘ਹੇਲੀਅਸਟੂਰ ਇੰਡਸ’ ਹੈ। ਇਸ ਦੇ ਨਰ ਅਤੇ ਮਾਦਾ ਵੇਖਣ ਨੂੰ ਇੱਕੋ ਜਿਹੇ ਲੱਗਦੇ ਹਨ, ਪਰ ਮਾਦਾ ਔਸਤਨ ਵੱਡੀ ਅਤੇ ਭਾਰੀ ਹੁੰਦੀ ਹੈ। ਸਹਿਜੇ ਹੀ...

  • fb
  • twitter
  • whatsapp
  • whatsapp
Advertisement

ਬ੍ਰਾਹਮਣੀ ਇੱਲ ਇੱਕ ਸੋਹਣਾ ਸ਼ਿਕਾਰੀ ਪੰਛੀ ਹੈ। ਇਸ ਦਾ ਅੰਗਰੇਜ਼ੀ ਨਾਮ ‘ਬ੍ਰਾਹਮਣੀ ਕਾਈਟ’ ਅਤੇ ਵਿਗਿਆਨਕ ਨਾਮ ‘ਹੇਲੀਅਸਟੂਰ ਇੰਡਸ’ ਹੈ। ਇਸ ਦੇ ਨਰ ਅਤੇ ਮਾਦਾ ਵੇਖਣ ਨੂੰ ਇੱਕੋ ਜਿਹੇ ਲੱਗਦੇ ਹਨ, ਪਰ ਮਾਦਾ ਔਸਤਨ ਵੱਡੀ ਅਤੇ ਭਾਰੀ ਹੁੰਦੀ ਹੈ। ਸਹਿਜੇ ਹੀ ਪਛਾਣੇ ਜਾਣ ਵਾਲੇ ਇਸ ਪੰਛੀ ਦੀ ਪਿੱਠ, ਖੰਭ ਅਤੇ ਢਿੱਡ ਗੂੜ੍ਹੇ ਗੇਰੂਏ ਰੰਗ ਦੇ ਅਤੇ ਸਿਰ, ਧੌਣ ਅਤੇ ਹਿੱਕ ਚਿੱਟੇ ਰੰਗ ਦੇ ਹੁੰਦੇ ਹਨ। ਉਡਾਰੂ ਖੰਭ ਹੇਠਲੇ ਪਾਸਿਓਂ ਖਾਕੀ ਜਿਹੇ ਲੱਗਦੇ ਹਨ, ਪਰ ਸਿਰੇ ਕਾਲੇ ਹੁੰਦੇ ਹਨ। ਇਹ ਆਮ ਇੱਲ੍ਹ ਦਾ ਭੁਲੇਖਾ ਪਾਉਂਦਾ ਹੈ, ਪਰ ਇਸ ਦਾ ਪੂੰਝਾ ਇੱਲ ਵਾਂਗ ਦੁਸਾਂਗੜ ਨਹੀਂ ਹੁੰਦਾ।

ਪਾਣੀ ਦੇ ਨੇੜੇ ਰਹਿਣ ਵਾਲਾ ਇਹ ਪੰਛੀ ਦਰਿਆਵਾਂ, ਝੀਲਾਂ, ਛੰਭਾਂ ਅਤੇ ਸਮੁੰਦਰੀ ਕੰਢਿਆਂ ਆਦਿ ਕੋਲ ਦਿਸਦਾ ਹੈ। ਇਹ ਸਥਾਨਕ ਪੰਛੀ ਹੈ, ਪਰ ਬਰਸਾਤਾਂ ਅਤੇ ਪਾਣੀ ਦੀ ਦਿਸ਼ਾ ਅਨੁਸਾਰ ਟਿਕਾਣਾ ਬਦਲ ਵੀ ਲੈਂਦਾ ਹੈ। ਇਸ ਦਾ ਮੁੱਖ ਭੋਜਨ ਮੱਛੀਆਂ, ਡੱਡੂ, ਕੇਕੜੇ, ਕਿਰਲੀਆਂ, ਸੱਪ, ਉੱਡਦੇ ਕੀੜੇ-ਮਕੌੜੇ, ਕੁੱਕੜੀਆਂ ਦੇ ਚੂਚੇ ਅਤੇ ਨਿੱਕੇ ਪੰਛੀ ਹਨ। ਇਹ ਸ਼ਿਕਾਰ ਨੂੰ ਉੱਡਦੇ-ਉੱਡਦੇ ਹੀ ਖਾਣਾ ਸ਼ੁਰੂ ਕਰ ਦਿੰਦਾ ਹੈ। ਇਹ ਕਦੇ-ਕਦਾਈਂ ਮੁਰਦਾਰ ਵੀ ਖਾ ਲੈਂਦਾ ਹੈ ਅਤੇ ਇੱਲ ਵਾਂਗ ਕਿਸੇ ਕਸਬੇ ਜਾਂ ਪਿੰਡ ਕੋਲ ਰਹਿੰਦ-ਖੂਹੰਦ ਵੀ। ਇਸ ਦਾ ਸ਼ਿਕਾਰ ਕਈ ਵਾਰ ਇੱਲਾਂ ਅਤੇ ਕਾਂ ਖੋਹ ਕੇ ਲੈ ਜਾਂਦੇ ਹਨ। ਇਸ ਦੀ ਆਵਾਜ਼ ਖਰਖਰੀ ਚਿਚਲਾਹਟ ਜਿਹੀ ਹੁੰਦੀ ਹੈ।

Advertisement

ਇਸ ਪੰਛੀ ਦਾ ਮੁੱਖ ਪ੍ਰਜਨਨ ਕਾਲ ਪੋਹ ਤੋਂ ਚੇਤਰ ਤੱਕ ਹੁੰਦਾ ਹੈ। ਇਹ ਤੀਲ੍ਹਿਆਂ ਦਾ ਢਿੱਲਾ ਜਿਹਾ ਆਲ੍ਹਣਾ ਬਣਾਉਂਦਾ ਹੈ। ਆਲ੍ਹਣਾ ਆਮ ਤੌਰ ’ਤੇ ਪਾਣੀ ਦੇ ਨੇੜੇ ਕਿਸੇ ਪਿੱਪਲ, ਬੋਹੜ, ਨਿੰਮ ਆਦਿ ਜਾਂ ਕਿਸੇ ਹੋਰ ਵੱਡੇ ਰੁੱਖ ਉੱਤੇ 6 ਤੋਂ 15 ਮੀਟਰ ਦੀ ਉੱਚਾਈ ’ਤੇ ਹੁੰਦਾ ਹੈ। ਆਲ੍ਹਣੇ ਵਿੱਚ ਘਾਹ-ਫੂਸ, ਪੱਤੇ ਅਤੇ ਹੋਰ ਨਰਮ ਨਿੱਕ-ਸੁੱਕ ਰੱਖਿਆ ਹੁੰਦਾ ਹੈ। ਇਸ ਵਿੱਚ ਮਾਦਾ ਔਸਤਨ 2-3 ਆਂਡੇ ਦਿੰਦੀ ਹੈ। ਚਿੱਟੇ-ਸਲੇਟੀ ਰੰਗ ਦੇ ਆਂਡਿਆਂ ਉੱਤੇ ਫਿੱਕੇ ਮੈਲੇ ਜਿਹੇ ਭੂਰੇ ਨਿਸ਼ਾਨ ਹੁੰਦੇ ਹਨ। ਆਂਡੇ ਦੇਣ ਤੋਂ ਲਗਭਗ 26 /27 ਦਿਨਾਂ ਵਿੱਚ ਬੱਚੇ ਨਿਕਲ ਆਉਂਦੇ ਹਨ। ਆਲ੍ਹਣਾ ਬਣਾਉਣ, ਆਂਡੇ ਸੇਹਣ ਅਤੇ ਬਾਲਾਂ ਦੀ ਦੇਖਭਾਲ ਦਾ ਕੰਮ ਜੋੜਾ ਰਲਕੇ ਕਰਦਾ ਹੈ।

Advertisement

ਪੰਜਾਬ ਵਿੱਚ ਇਹ ਪੰਛੀ ਆਮ ਨਹੀਂ, ਪਰ ਫਿਰ ਵੀ ਹਰੀਕੇ ਪੱਤਣ, ਰੂਪਨਗਰ, ਨੰਗਲ, ਚੰਡੀਗੜ੍ਹ, ਪਟਿਆਲਾ, ਗੁਰਦਾਸਪੁਰ, ਲੁਧਿਆਣਾ, ਕਪੂਰਥਲਾ, ਹੁਸ਼ਿਆਰਪੁਰ, ਪਠਾਨਕੋਟ ਅਤੇ ਮੁਹਾਲੀ ਵਿੱਚ ਢੁੱਕਵੀਆਂ ਥਾਵਾਂ ’ਤੇ ਇਸ ਦੇ ਕਦੇ-ਕਦਾਈਂ ਦਰਸ਼ਨ ਹੋ ਜਾਂਦੇ ਹਨ। ਭਾਰਤੀ ਉਪ-ਮਹਾਂਦੀਪ, ਦੱਖਣ-ਪੂਰਬੀ ਚੀਨ, ਲਗਭਗ ਸਾਰੇ ਦੱਖਣ-ਪੂਰਬੀ ਏਸ਼ੀਆ ਵਿੱਚ ਅਤੇ ਆਸਟਰੇਲੀਆ ਦੇ ਉੱਤਰੀ ਅਤੇ ਪੂਰਬੀ ਸਮੁੰਦਰੀ ਕੰਢਿਆਂ ਨੇੜੇ ਮਿਲਣ ਵਾਲੇ ਇਸ ਪੰਛੀ ਲਈ ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ (ਆਈਯੂਸੀਐੱਨ) ਵੱਲੋਂ ਕੋਈ ਵੱਡਾ ਖ਼ਤਰਾ ਨਹੀਂ ਦਰਸਾਇਆ ਗਿਆ, ਪਰ ਪੰਜਾਬ ਵਿੱਚ ਇਸ ਦੀ ਗਿਣਤੀ ਘੱਟ ਹੋਣ ਦੇ ਮੁੱਖ ਕਾਰਨ ਹਨ ਛੱਪੜਾਂ, ਛੰਭਾਂ ਤੇ ਦਰਿਆਵਾਂ ਆਦਿ ਦੇ ਪਾਣੀ ਦਾ ਗੰਧਲਾ ਹੋਣਾ, ਕੀਟਨਾਸ਼ਕ ਦਵਾਈਆਂ ਦੀ ਵਰਤੋਂ ਅਤੇ ਵੱਡੇ ਰੁੱਖਾਂ ਦੀ ਕੱਟ-ਵੱਢ, ਜਿਸ ਕਾਰਨ ਖੁਰਾਕ ਮਿਲਣ ਅਤੇ ਪ੍ਰਜਨਨ ਉੱਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਇਸ ਪੰਛੀ ਨੂੰ ਭਾਰਤ ਦੇ ਜੰਗਲੀ ਜੀਵ (ਸੁਰੱਖਿਆ) ਸੋਧ ਕਾਨੂੰਨ, 2022 ਦੀ ਅਨੁਸੂਚੀ-I ਵਿੱਚ ਦਰਜ ਕਰਕੇ ਹਰ ਪੱਖੋਂ ਸੁਰੱਖਿਆ ਦਿੱਤੀ ਗਈ ਹੈ।

Advertisement
×