ਲੋਪ ਹੋ ਗਈ ਕੁੱਪ ਬੰਨ੍ਹਣ ਦੀ ਕਲਾ
ਪੰਜਾਬ ਵਿੱਚ ਪਿਛਲੇ ਸਮਿਆਂ ਵਿੱਚ ਕੁੱਪ ਆਮ ਹੀ ਨਜ਼ਰ ਆਉਂਦੇ ਸਨ। ਫਿਰ ਸਮੇਂ ਨੇ ਕਰਵਟ ਲਈ ਤਾਂ ਹੁਣ ਕੁੱਪ ਲਗਭਗ ਲੋਪ ਹੀ ਹੋ ਚੁੱਕੇ ਹਨ। ਜੇਕਰ ਪਿੰਡਾਂ ਵਿੱਚ ਜਾਓ ਤਾਂ ਸੜਕਾਂ ਤੋਂ ਕੋਈ ਟਾਵਾਂ ਟੱਲਾ ਕੁੱਪ ਹੀ ਨਜ਼ਰ ਆਉਂਦਾ ਹੈ,...
ਪੰਜਾਬ ਵਿੱਚ ਪਿਛਲੇ ਸਮਿਆਂ ਵਿੱਚ ਕੁੱਪ ਆਮ ਹੀ ਨਜ਼ਰ ਆਉਂਦੇ ਸਨ। ਫਿਰ ਸਮੇਂ ਨੇ ਕਰਵਟ ਲਈ ਤਾਂ ਹੁਣ ਕੁੱਪ ਲਗਭਗ ਲੋਪ ਹੀ ਹੋ ਚੁੱਕੇ ਹਨ। ਜੇਕਰ ਪਿੰਡਾਂ ਵਿੱਚ ਜਾਓ ਤਾਂ ਸੜਕਾਂ ਤੋਂ ਕੋਈ ਟਾਵਾਂ ਟੱਲਾ ਕੁੱਪ ਹੀ ਨਜ਼ਰ ਆਉਂਦਾ ਹੈ, ਉਹ ਵੀ ਕਿਤੇ-ਕਿਤੇ ਹੀ। ਪਹਿਲਾਂ ਪਸ਼ੂਆਂ ਲਈ ਤੂੜੀ ਨੂੰ ਸਾਲ ਭਰ ਸਾਂਭ ਕੇ ਰੱਖਣ ਲਈ ਕੁੱਪ ਹੀ ਹੁੰਦੇ ਸਨ। ਹੁਣ ਲੋਕਾਂ ਨੇ ਕੁੱਪ ਬੰਨ੍ਹਣੇ ਛੱਡ ਕੇ ਤੂੜੀ ਸੰਭਾਲਣ ਲਈ ਸ਼ੈੱਡ ਜਾਂ ਕਮਰੇ ਬਣਾ ਲਏ ਹਨ।
ਕੁੱਪ ਬੰਨ੍ਹਣਾ ਕਲਾ ਦਾ ਕੰਮ ਹੈ। ਜਣਾ ਖਣਾ ਕੁੱਪ ਨਹੀਂ ਬੰਨ੍ਹ ਸਕਦਾ। ਜਿਵੇਂ ਗੁਹਾਰੇ ਦੀ ਬਣਤਰ ਕਿਸੇ ਚੰਗੀ ਸੁਆਣੀ ਦੇ ਕਲਾ ਦੇ ਨਮੂਨੇ ਪੇਸ਼ ਕਰਦੀ ਹੈ, ਇਸ ਤਰ੍ਹਾਂ ਹੀ ਕੁੱਪ ਦੀ ਬਣਤਰ ਵੀ ਇੱਕ ਹੁਨਰਮੰਦ ਕਾਮੇ ਦੀ ਕਲਾਕਾਰੀ ਦੀ ਤਸਵੀਰ ਸਾਡੀਆਂ ਅੱਖਾਂ ਦੇ ਸਾਹਮਣੇ ਪੇਸ਼ ਕਰਦੀ ਹੈ। ਵੱਡੀ ਤਾਦਾਦ ਵਿੱਚ ਤੂੜੀ ਨੂੰ ਥੋੜ੍ਹੇ ਥਾਂ ਵਿੱਚ ਸਾਂਭਣਾ, ਫਿਰ ਸਾਰਾ ਸਾਲ ਮੀਂਹ ਦੇ ਪਾਣੀ ਤੋਂ ਬਚਾਉਣ ਲਈ ਉਸ ਨੂੰ ਗੁਲਾਈ ਦਾ ਰੂਪ ਦੇਣਾ, ਸ਼ੰਕੂ ਦੇ ਵਾਂਗ ਢਾਲ ਕਰਨੀ, ਬਿਨਾਂ ਕਿਸੇ ਅਗਾਊ ਨਕਸ਼ੇ ਦੇ ਕੋਈ ਛੋਟਾ ਕੰਮ ਨਹੀਂ ਹੈ।
ਇੱਕ ਕੁੱਪ ਬੰਨ੍ਹਣ ਲਈ ਤਕਰੀਬਨ 8 ਤੋਂ 10 ਵਿਅਕਤੀ ਲੱਗਦੇ ਸਨ, ਚਾਰ ਵਿਅਕਤੀ ਪੰਡਾਂ ਦੇ ਨਾਲ ਤੂੜੀ ਪਾਉਂਦੇ ਸਨ, ਦੋ-ਤਿੰਨ ਬੰਦੇ ਕੁੱਪ ਵਿੱਚ ਪੰਡਾਂ ਖੋਲ੍ਹਦੇ ਅਤੇ ਤੂੜੀ ਦੀ ਲਤੜਾਈ ਕਰਦੇ, ਇੱਕ ਵਿਅਕਤੀ ਕਣਕ ਦੀ ਝਾੜੀ ਹੋਈ ਨਾਲੀ ਫੜਾਉਂਦਾ ਅਤੇ ਇੱਕ ਰੱਸਾ ਖਿੱਚਦਾ। ਕੁੱਪ ਬੰਨ੍ਹਣ ਵਾਲਾ ਮੁੱਖ ਬਨਾਰਾ ਸਾਰੇ ਕੰਮ ਦਾ ਸੂਤਰਧਾਰ ਹੁੰਦਾ ਸੀ। ਸਵੇਰ ਤੋਂ ਸ਼ੁਰੂ ਕਰਕੇ ਸ਼ਾਮ ਤੱਕ ਪੂਰੇ ਪਿੜ ਦੀ ਤੂੜੀ ਇੱਕ ਕੁੱਪ ਵਿੱਚ ਸਾਂਭ ਦਿੱਤੀ ਜਾਂਦੀ ਸੀ। ਤੂੜੀ ਸਾਂਭਣਾ ਹਾੜ੍ਹੀ ਦੇ ਸੀਜ਼ਨ ਦਾ ਆਖਰੀ ਪੜਾਅ ਹੁੰਦਾ ਸੀ। ਕੁੱਪ ਦਾ ਸਾਰਾ ਖ਼ਰਚਾ ਸੀਮਤ ਹੀ ਹੁੰਦਾ, ਉਸ ਸਮੇਂ ਕਲਾ ਅਤੇ ਮਿਹਨਤ ਦਾ ਸੁਮੇਲ ਸੀ, ਅੱਜ ਵਾਂਗ ਹਰ ਗੱਲ ਪੈਸੇ ਨਾਲ ਨਹੀਂ ਸੀ ਹੁੰਦੀ। ਕੁੱਪ ਨੂੰ ਖੜ੍ਹਾਉਣ ਲਈ ਆਲੇ ਦੁਆਲੇ ਲੱਕੜ ਦੇ ਕੀਲੇ ਗੱਡੇ ਜਾਂਦੇ, ਤੂੜੀ ਨੂੰ ਢੱਕਣ ਲਈ ਪਹਿਲਾਂ ਕਣਕ ਦੀ ਨਾਲੀ ਝਾੜੀ ਜਾਂਦੀ, ਆਲੇ ਦੁਆਲੇ ਲਪੇਟਣ ਲਈ ਦੁਕਾਨਦਾਰਾਂ ਤੋਂ ਬਾਣ ਵਾਲਾ ਰੱਸਾ ਖ਼ਰੀਦ ਦੇ ਅਤੇ ਕੁਝ ਤਾਂ ਪਰਾਲੀ ਦੇ ਵੱਟੇ ਛੁੱਬਾ ਨਾਲ ਹੀ ਕੁੱਪ ਬੰਨ੍ਹ ਦਿੰਦੇ ਸਨ।
ਪੰਜਾਬ ਦੇ ਪਿੰਡਾਂ ਵਿੱਚ ਥਾਂ ਥਾਂ ਕੁੱਪ ਨਜ਼ਰ ਆਉਂਦੇ ਸਨ, ਹੁਣ ਇਹ ਟਾਵੇਂ ਟਾਵੇਂ ਹੀ ਨਜ਼ਰ ਆਉਂਦੇ ਹਨ। ਹਰਿਆਣਾ ਵਿੱਚ ਲੋਕ ਤੂੜੀ ਦੀਆਂ ਧੜਾਂ ਲਾਉਂਦੇ, ਭਾਵ ਕਿ ਤੂੜੀ ਉੱਤੇ ਕਾਗਜ਼ ਪਾ ਕੇ, ਮਿੱਟੀ ਦਾ ਲੇਪ ਕਰ ਦਿੰਦੇ ਹਨ ਜੋ ਕਿ ਸਿੱਧਾ ਸਾਦਾ ਕੰਮ ਹੁੰਦਾ ਹੈ, ਪਰ ਪੰਜਾਬ ਵਿੱਚ ਧੜਾਂ ਵਾਲੇ ਕੰਮ ਨੂੰ ਪਸੰਦ ਨਹੀਂ ਕੀਤਾ ਜਾਂਦਾ। ਇਸ ਸਬੰਧੀ ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਧੜ ਨੂੰ ਪੁੱਟਿਆ ਜਾਂਦਾ ਹੈ ਤਾਂ ਮਿੱਟੀ ਤੂੜੀ ਦੇ ਵਿੱਚ ਰਲ ਜਾਂਦੀ ਹੈ ਜੋ ਕਿ ਬੇਜ਼ੁਬਾਨ ਪਸ਼ੂਆਂ ਨੂੰ ਖਾਣੀ ਪੈਂਦੀ ਹੈ। ਪੰਜਾਬ ਵਿੱਚ ਤੂੜੀ ਵਾਲੀ ਧੜ ਕਿਤੇ ਨਜ਼ਰ ਨਹੀਂ ਆਉਂਦੀ। ਲੋਕੀਂ ਚੰਗੇ ਨਮੂਨੇ ਦੇ ਬੰਨ੍ਹੇ ਕੁੱਪਾਂ ਦੀਆਂ ਸਿਫਤਾਂ ਕਰਦੇ ਸਨ, ਪਿੰਡਾਂ ਵਿੱਚ ਉਨ੍ਹਾਂ ਦੀਆਂ ਗੱਲਾਂ ਹੁੰਦੀਆਂ ਸਨ।
ਮੇਰੇ ਚੇਤੇ ਹੈ ਕਿ ਸਾਡੇ ਪਿੰਡ ਦੇ ਨੇੜੇ ਘੋੜੇਨਬ ਪਿੰਡ ਦਾ ਮਹਿੰਦਰ ਸਿੰਘ ਸੀ ਜੋ ਬਾਬਾ ਮੋਤੀ ਰਾਮ ਮਹਿਰਾ ਦੀ ਫੁਲਵਾੜੀ ਨਾਲ ਸਬੰਧ ਰੱਖਦਾ ਸੀ। ਲੋਕ ਉਸ ਦੀਆਂ ਗੱਲਾਂ ਕਰਦੇ ਕਿ ਮਹਿੰਦਰ ਕੁੱਪ ਬੰਨ੍ਹਦਾ ਨਹੀਂ ਸਗੋਂ ਚਿਣਦਾ ਹੈ, ਉਸ ਦੇ ਬੰਨ੍ਹੇ ਕੁੱਪ ਦੀ ਦੂਰੋਂ ਪਛਾਣ ਆ ਜਾਂਦੀ। ਉਸ ਦੀ ਬਣਤਰ ਦੀਆਂ ਗੱਲਾਂ ਹੁੰਦੀਆਂ, ਭਾਵੇਂ ਕਿੰਨੇ ਹੀ ਮੀਂਹ ਪੈ ਜਾਣ, ਉਸ ਦੇ ਬੰਨ੍ਹੇ ਕੁੱਪ ਵਿੱਚ ਤਿੱਪ ਪਾਣੀ ਵੀ ਨਹੀਂ ਜਾ ਸਕਦਾ ਸੀ। ਉਹ ਆਪਣੇ ਕੁੱਪ ਦੀ ਦੋ ਸਾਲ ਦੀ ਗਰੰਟੀ ਦਿੰਦਾ ਸੀ। ਕੁੱਪ ਬੰਨ੍ਹਣ ਵੇਲੇ ਲੋਕ ਉਸ ਦੀਆਂ ਮਿੰਨਤਾਂ ਕਰਦੇ, ਪਰ ਮਹਿੰਦਰ ਇੱਕ ਅਤੇ ਕੁੱਪ ਬਨ੍ਹਾਉਣ ਵਾਲੇ ਅਨੇਕ ਹੁੰਦੇ ਸਨ। ਉਹ ਵਿਚਾਰਾ ਕਰ ਵੀ ਕੀ ਸਕਦਾ ਸੀ? ਅੱਜ ਵੀ ਉਸ ਦੇ ਬੰਨ੍ਹੇ ਕੁੱਪਾਂ ਦੀਆਂ ਗੱਲਾਂ ਹੁੰਦੀਆਂ ਹਨ।
ਕੁੱਪ ਦਾ ਕੰਮ ਪੂਰਾ ਮਿਹਨਤ ਵਾਲਾ ਹੁੰਦਾ ਹੈ। ਦੋ-ਦੋ ਪੌੜੀਆਂ ਬੰਨ੍ਹ ਕੇ, ਸਿਰਾਂ ’ਤੇ ਪੰਡਾਂ ਲੈ ਕੇ ਪੌੜੀ ਚੜ੍ਹਨਾ, ਪੂਰੇ ਜ਼ੋਰ ਅਤੇ ਜਾਨ ਦਾ ਕੰਮ ਹੈ, ਪਰ ਉਸ ਸਮੇਂ ਲੋਕ ਸਾਦਗੀ ਪਸੰਦ ਅਤੇ ਦੇਸੀ ਖੁਰਾਕਾਂ ਖਾਂਦੇ ਸਨ, ਕੰਮ ਨੂੰ ਬੋਝ ਨਹੀਂ ਬਲਕਿ ਸ਼ੌਕ ਮੰਨਦੇ ਸਨ। ਉਨ੍ਹਾਂ ਨੂੰ ਕੁੱਪ ਬੰਨ੍ਹਣ ਦਾ ਚਾਅ ਹੁੰਦਾ ਸੀ ਕਿਉਂਕਿ ਇਹ ਹਾੜ੍ਹੀ ਦੇ ਸੀਜ਼ਨ ਦਾ ਅੰਤਲਾ ਪੜਾਅ ਹੁੰਦਾ ਸੀ। ਇਸ ਤੋਂ ਬਾਅਦ ਪਿੜ ਪਾਕੀ ਹੋ ਜਾਂਦੀ, ਲੱਡੂ ਜਲੇਬੀਆਂ ਵੰਡੀਆਂ ਜਾਂਦੀਆਂ। ਲੋਕ ਕਹਿੰਦੇ ਹਾੜ੍ਹੀ ਦਾ ਵਿਆਹ ਕਰ ਦਿੱਤਾ।
ਸਮਾਂ ਬਦਲਿਆ, ਨਵੀਆਂ ਗੁੱਡੀਆਂ ਨਵੇਂ ਪਟੋਲੇ। ਹੱਥੀਂ ਕਣਕ ਕੱਟਣ ਦਾ ਕੰਮ ਖ਼ਤਮ ਹੋ ਗਿਆ, ਲੋਕ ਡੰਗਰ ਪਸ਼ੂਆਂ ਨੂੰ ਭਾਰ ਸਮਝਣ ਲੱਗੇ, ਪਿੰਡਾਂ ਵਿੱਚ ਵੀ ਲੋਕ ਮੁੱਲ ਦਾ ਦੁੱਧ ਲੈਣ ਲੱਗੇ ਹਨ। ਕੁੱਪ ਕਿੱਥੋਂ ਬੰਨ੍ਹਣੇ ਹਨ। ਜਦੋਂ ਤੂੜੀ ਹੀ ਘਟ ਗਈ, ਰੀਪਰਾਂ ਨਾਲ ਤੂੜੀ ਬਣਾਉਂਦੇ ਹਨ, ਬਾਕੀ ਲੋਕਾਂ ਨੇ ਤੂੜੀ ਸਾਂਭਣ ਲਈ ਸ਼ੈੱਡ ਵਗੈਰਾ ਪਾ ਲਏ ਹਨ। ਹੱਥੀਂ ਕਲਾ ਨੂੰ ਮਸ਼ੀਨੀਕਰਨ ਨੇ ਖਾ ਲਿਆ ਹੈ। ਮਹਿੰਦਰ ਵਰਗੇ ਕੁੱਪ ਬੰਨ੍ਹਣ ਵਾਲੇ ਵਿਅਕਤੀ ਅੱਜ ਸਮੇਂ ਦੀਆਂ ਯਾਦਾਂ ਬਣ ਕੇ ਰਹਿ ਗਏ ਹਨ। ਜਦੋਂ ਕਦੇ ਪੰਜਾਬੀ ਦੇ ਮਕਬੂਲ ਕਹਾਣੀਕਾਰ ਕੁਲਵੰਤ ਵਿਰਕ ਦੀ ਕਹਾਣੀ ‘ਤੂੜੀ ਦੀ ਪੰਡ’ ਪੜ੍ਹਦੇ ਹਾਂ ਤਾਂ ਮੇਰੇ ਮੂਹਰੇ ਉਹੀ ਪੁਰਾਣੇ ਕੁੱਪ ਅਤੇ ਕੁੱਪ ਬੰਨ੍ਹਣ ਵਾਲਾ ਮਹਿੰਦਰ ਅੱਜ ਵੀ ਅੱਖਾਂ ਅੱਗੇ ਆ ਜਾਂਦਾ ਹੈ।
ਅੱਜ ਹੱਥੀਂ ਕਿਰਤ ਕਰਨ ਵਾਲੇ ਕਲਾਕਾਰ ਲੱਭੇ ਨਹੀਂ ਲੱਭਦੇ, ਕੋਈ ਭਾਗਾਂ ਵਾਲਾ ਪਿੰਡ ਹੋਵੇਗਾ ਜਿੱਥੇ ਕੋਈ ਤੂਤ ਦੀਆਂ ਛਟੀਆਂ ਨਾਲ ਟੋਕਰੇ ਬਣਾਉਣ ਵਾਲਾ ਕਾਰੀਗਰ, ਬਾਣ ਵੱਟਣ ਵਾਲਾ, ਕੁੱਪ ਬੰਨ੍ਹਣ ਵਾਲਾ ਕਿਰਤੀ ਕਾਮਾ ਮਿਲ ਜਾਵੇੇ। ਅੱਜ ਪਿੰਡਾਂ ਵਿੱਚ ਨਵੀਂ ਪੀੜ੍ਹੀ ਨੂੰ ਪਾਥੀਆਂ ਪੱਥਣ, ਗੁਹਾਰੇ ਲਾਉਣ ਅਤੇ ਕੁੱਪ ਬੰਨ੍ਹਣ ਸਬੰਧੀ ਸ਼ੌਕ ਨਹੀਂ ਰਿਹਾ, ਸਮੇਂ ਨਾਲ ਉਨ੍ਹਾਂ ਦੇ ਸ਼ੌਕ ਬਦਲ ਗਏ ਹਨ।
ਆਧੁਨਿਕਤਾ ਦੀ ਸਿਉਂਕ ਹੱਥੀਂ ਕੰਮ ਕਰਨ ਵਾਲੇ ਕਾਰੀਗਰਾਂ ਦੀਆਂ ਕਲਾ ਕ੍ਰਿਤਾਂ ਨੂੰ ਖਾ ਗਈ ਹੈ। ਏਆਈ ਨੇ ਤਾਂ ਤਕਨੀਕੀ ਕੰਮ ਕਰਨ ਵਾਲੇ ਛੋਟੇ ਕਾਮਿਆਂ ਨੂੰ ਵੀ ਵਿਹਲੇ ਕਰ ਦਿੱਤਾ ਹੈ। ਭਾਵੇਂ ਤਕਨੀਕ ਨੇ ਕਿੰਨੀ ਵੀ ਤਰੱਕੀ ਕਰ ਲਈ, ਹਸਤ ਕਲਾ ਦੀ ਮਹੱਤਤਾ ਨੂੰ ਅਣਗੌਲਿਆ ਨਹੀਂ ਜਾ ਸਕਦਾ। ਪਰਮਾਤਮਾ ਨੇ ਸਾਡੇ ਹੱਥਾਂ ਨੂੰ ਸਿਰਜਣਹਾਰ ਬਣਾਇਆ ਹੈ, ਹਰ ਵਿਅਕਤੀ ਵਿੱਚ ਕੋਈ ਨਾ ਕੋਈ ਕਲਾ ਹੁੰਦੀ ਹੈ, ਜਿਸ ਨੂੰ ਪਛਾਣਨ ਦੀ ਜ਼ਰੂਰਤ ਹੈ।
ਸੰਪਰਕ: 98781-97000

