ਸੰਜਮੀ ਜੀਵਨ ਜਿਊਣ ਦੀ ਕਲਾ
ਮਨੁੱਖੀ ਜੀਵਨ ਕੁਦਰਤ ਵੱਲੋਂ ਬਖ਼ਸ਼ਿਆ ਇੱਕ ਅਨਮੋਲ ਤੋਹਫ਼ਾ ਹੈ, ਪਰ ਇਸ ਧਰਤੀ ’ਤੇ ਆਇਆ ਮਨੁੱਖ ਇੱਕ ਅੰਨ੍ਹੀ ਦੌੜ ਵਿੱਚ ਸ਼ਾਮਲ ਹੋ ਕੇ ਉਸ ਅਣਮੁੱਲੇ ਤੋਹਫ਼ੇ ਦੀ ਕਦਰ ਕਰਨੀ ਭੁੱਲ ਗਿਆ ਹੈ। ਮਨੁੱਖ ਦਾ ਉਦੇਸ਼ ਦੁਨੀਆ ਦਾ ਸਾਰਾ ਧਨ ਇਕੱਠਾ ਕਰਨਾ...
ਮਨੁੱਖੀ ਜੀਵਨ ਕੁਦਰਤ ਵੱਲੋਂ ਬਖ਼ਸ਼ਿਆ ਇੱਕ ਅਨਮੋਲ ਤੋਹਫ਼ਾ ਹੈ, ਪਰ ਇਸ ਧਰਤੀ ’ਤੇ ਆਇਆ ਮਨੁੱਖ ਇੱਕ ਅੰਨ੍ਹੀ ਦੌੜ ਵਿੱਚ ਸ਼ਾਮਲ ਹੋ ਕੇ ਉਸ ਅਣਮੁੱਲੇ ਤੋਹਫ਼ੇ ਦੀ ਕਦਰ ਕਰਨੀ ਭੁੱਲ ਗਿਆ ਹੈ। ਮਨੁੱਖ ਦਾ ਉਦੇਸ਼ ਦੁਨੀਆ ਦਾ ਸਾਰਾ ਧਨ ਇਕੱਠਾ ਕਰਨਾ ਹੈ ਜਦਕਿ ਉਸ ਨੂੰ ਇਹ ਵੀ ਪਤਾ ਹੈ ਕਿ ਅੱਜ ਤੱਕ ਸੰਸਾਰ ਵਿੱਚੋਂ ਕੋਈ ਕੁਝ ਵੀ ਲੈ ਕੇ ਨਹੀਂ ਗਿਆ। ਸਿਰਫ਼ ਤੇ ਸਿਰਫ਼ ਇੱਥੇ ਹੀ ਖ਼ਰਚਿਆ ਅਤੇ ਖਾਧਾ ਹੈ। ਪਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਕਰਕੇ ਉਸ ਦਾ ਸਰਤਾਜ ਮਨੁੱਖ ਨੂੰ ਬਣਾ ਦਿੱਤਾ ਹੈ, ਪਰ ਅੱਜ ਦੇ ਸਮੇਂ ਦਾ ਮਨੁੱਖ, ਮਨੁੱਖ ਦਾ ਵੈਰੀ ਬਣ ਕੇ ਆਪੋ ਧਾਪੀ ਦਾ ਆਲਮ ਸਿਰਜ ਬੈਠਾ ਹੈ। ਇਸ ਆਲਮ ਵਿੱਚ ਜਿੱਥੇ ਮਨੁੱਖਤਾ ਦਾ ਘਾਣ ਹੋ ਰਿਹਾ ਹੈ, ਉੱਥੇ ਸਾਡਾ ਸਰੀਰ ਅਤੇ ਮਨ ਬੁਰੀ ਤਰ੍ਹਾਂ ਕੁਚਲਿਆ ਜਾ ਰਿਹਾ ਹੈ। ਵਿਸ਼ੇਸ਼ ਕਰਕੇ ਬੱਚਿਆਂ ਤੇ ਔਰਤਾਂ ’ਤੇ ਹੁੰਦਾ ਅੱਤਿਆਚਾਰ ਦੇਖ ਕੇ ਮਨ ਕੁਰਲਾ ਉੱਠਦਾ ਹੈ। ਜ਼ਿੰਦਗੀ ਦੀ ਦੌੜ ਭੱਜ ਵਿੱਚ ਸਿਹਤ ਦਾ ਖ਼ਿਆਲ ਨਾ ਰੱਖਣਾ ਮਨੁੱਖ ਦੇ ਜੀਅ ਦਾ ਜੰਜਾਲ ਬਣਿਆ ਹੋਇਆ ਹੈ।
ਸਿਆਣੇ ਆਖਦੇ ਹਨ ਕਿ ਬਚਪਨ ਸਾਡੇ ਜੀਵਨ ਦਾ ਸਭ ਤੋਂ ਸੁਨਹਿਰੀ ਸਮਾਂ ਹੁੰਦਾ ਹੈ। ਨਾ ਕੋਈ ਫਿਕਰ ਤੇ ਨਾ ਕੋਈ ਫਾਕਾ, ਇਹ ਸਮਾਂ ਬਾਦਸ਼ਾਹੀ ਦਾ ਹੁੰਦਾ ਹੈ। ਇਸ ਜੀਵਨ ਵਿੱਚ ਬਾਦਸ਼ਾਹ ਉਹੀ ਬਣ ਸਕਦਾ ਹੈ ਜਿਸ ਦੀ ਸਿਹਤ ਤੰਦਰੁਸਤ ਹੈ। ਜਿਹੜਾ ਬੱਚਾ ਜਨਮ ਤੋਂ ਹੀ ਕਮਜ਼ੋਰ ਹੈ ਭਲਾਂ ਉਹ ਬਾਦਸ਼ਾਹ ਕਿਵੇਂ ਬਣ ਸਕਦਾ ਹੈ? ਅੱਜ ਦੇ ਸਮਾਜ ਵਿੱਚ ਮਾਪਿਆਂ ਨੂੰ ਇਹ ਖਾਸ ਤੌਰ ’ਤੇ ਗੌਰ ਕਰਨ ਦੀ ਜ਼ਰੂਰਤ ਹੈ ਕਿ ਉਨ੍ਹਾਂ ਦਾ ਬੱਚਾ ਗਰਭ ਸਮੇਂ ਕਿਹੋ ਜਿਹੀ ਸਿੱਖਿਆ ਅਤੇ ਕਿਹੋ ਜਿਹੀ ਸਿਹਤ ਬਣਾ ਰਿਹਾ ਹੈ। ਜੇਕਰ ਸਿਹਤ ਪੱਖੋਂ ਵਿਚਾਰ ਕਰੀਏ ਤਾਂ ਸੰਜਮੀ ਜੀਵਨ ਹੀ ਸੁਖੀ ਜੀਵਨ ਬਣਦਾ ਹੈ। ਬਹੁਲਤਾ ਕਿਸੇ ਵੀ ਚੀਜ਼ ਦੀ ਮਾੜੀ ਹੁੰਦੀ ਹੈ। ਸਿਆਣੇ ਆਖਦੇ ਨੇ ਅੱਤ ਨਾ ਭਲਾ ਬੋਲਿਆ ਅੱਤ ਨਾ ਭਲੀ ਚੁੱਪ, ਅੱਤ ਨਾ ਭਲਾ ਮੇਘਲਾ ਅੱਤ ਨਾ ਭਲੀ ਧੁੱਪ। ਇਸ ਲਈ ਸਾਨੂੰ ਕਿਸੇ ਚੀਜ਼ ਵਿੱਚ ਵੀ ਅੱਤ ਨਹੀਂ ਕਰਨੀ ਚਾਹੀਦੀ ਸਗੋਂ ਸੰਜਮ ਨਾਲ ਅੱਗੇ ਤੋਂ ਅੱਗੇ ਵਧਣਾ ਚਾਹੀਦਾ ਹੈ। ਸਹੀ ਅਤੇ ਸੰਤੁਲਿਤ ਖੁਰਾਕ ਸਮੇਂ ਸਿਰ ਖਾਧੀ ਜਾਵੇ ਤਾਂ ਉਹ ਸਰੀਰ ਨੂੰ ਨਰੋਆ ਬਣਾਉਂਦੀ ਹੈ। ਜੇਕਰ ਇਸ ਨਿਯਮ ਦੀ ਪਾਲਣਾ ਨਾ ਕੀਤੀ ਜਾਵੇ ਤਾਂ ਕਿ ਉਹ ਖਾਧਾ ਪੀਤਾ ਵੀ ਵੈਰੀ ਬਣ ਜਾਂਦਾ ਹੈ। ਜੋ ਬਾਅਦ ਵਿੱਚ ਮੋਟਾਪੇ ਅਤੇ ਹੋਰ ਬਿਮਾਰੀਆਂ ਦਾ ਕਾਰਨ ਬਣਦਾ ਹੈ।
ਥੋੜ੍ਹਾ ਥੋੜ੍ਹਾ ਖਾਈਏ ਮੁੜ ਚੁੱਲ੍ਹੇ ਅੱਗੇ ਆਈਏ। ਇਸ ਕਹਾਵਤ ਤੋਂ ਸਿੱਧ ਹੁੰਦਾ ਹੈ ਕਿ ਕਦੀ ਵੀ ਪੇਟ ਭਰ ਕੇ ਨਹੀਂ ਖਾਣਾ ਚਾਹੀਦਾ। ਅਜੋਕੇ ਸਮੇਂ ਦੇ ਬਾਜ਼ਾਰ ਵਿੱਚ ਪਈਆਂ ਡੱਬਾ ਬੰਦ ਚੀਜ਼ਾਂ ਦਾ ਸਵਾਦ ਸਾਨੂੰ ਆਕਰਸ਼ਿਤ ਕਰਦਾ ਹੈ ਜਦਕਿ ਘਰ ਵਿੱਚ ਮਾਂ ਦੇ ਹੱਥਾਂ ਦੇ ਬਣੇ ਪਰੌਂਠੇ ਤੇ ਹੋਰ ਵੰਨ-ਸੁਵੰਨੀਆਂ ਵਸਤਾਂ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ। ਕਿੰਨਾ ਚੰਗਾ ਹੋਵੇ ਜੇ ਅਸੀਂ ਸੌਖ ਨੂੰ ਛੱਡ ਕੇ ਥੋੜ੍ਹੀ ਜਿਹੀ ਖੇਚਲ ਕਰਕੇ ਬੱਚਿਆਂ ਦੀ ਰੁਚੀ ਅਨੁਸਾਰ ਉਨ੍ਹਾਂ ਨੂੰ ਘਰ ਵਿੱਚ ਸਭ ਕੁਝ ਤਾਜ਼ਾ ਬਣਾ ਕੇ ਦੇਈਏ ਤਾਂ ਕਿ ਉਨ੍ਹਾਂ ਦੀ ਸਿਹਤ ਅਤੇ ਮਾਨਸਿਕਤਾ ਸੋਹਣੀ ਤੇ ਸੁਚੱਜੀ ਬਣੀ ਰਹੇ।
ਸੰਜਮ ਨਾਲ ਕੀਤੇ ਕਾਰਜ ਸਾਡਾ ਰਾਹ ਰੁਸ਼ਨਾਉਂਦੇ ਹਨ। ਚਾਹੇ ਉਹ ਖੁਰਾਕ ਹੋਵੇ, ਚਾਹੇ ਉਹ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਹੋਵੇ। ਚਾਹੇ ਉਹ ਆਏ ਹੋਏ ਮਹਿਮਾਨਾਂ ਦਾ ਸਵਾਗਤ ਹੋਵੇ। ਖੁਸ਼ ਅਤੇ ਸਹਿਜ ਅਵਸਥਾ ਵਿੱਚ ਖਾਧਾ ਖਾਣਾ ਸਰੀਰ ਨੂੰ ਤੰਦਰੁਸਤੀ ਦਾ ਵਰਦਾਨ ਬਖ਼ਸ਼ਦਾ ਹੈ। ਸਿਆਣਿਆਂ ਦਾ ਕਹਿਣਾ ਹੈ ਕਿ ਸਬਰ ਸੰਤੋਖ ਨਾਲ ਖਾਧੀ ਵਸਤੂ ਹਮੇਸ਼ਾਂ ਫਾਇਦੇਮੰਦ ਹੁੰਦੀ ਹੈ। ਇਸੇ ਕਰਕੇ ਆਖਦੇ ਨੇ ਕਿ ਘਿਓ ਖਾਂਦੇ ਸੁੱਕੇ ਤੇ ਪਾਣੀ ਪੀਂਦੇ ਬੁੱਕੇ। ਸੰਜਮ ਵਿੱਚ ਕੋਈ ਦਿਖਾਵਾ ਨਹੀਂ ਹੁੰਦਾ ਕਿਉਂਕਿ ਬੰਦਾ ਹਮੇਸ਼ਾਂ ਦਿਖਾਵੇ ਨਾਲ ਦੁਖੀ ਹੁੰਦਾ ਹੈ। ਜਦੋਂ ਅਸੀਂ ਦਿਖਾਵੇ ਦੀਆਂ ਵਸਤਾਂ ਖ਼ਰੀਦਦੇ ਹਾਂ, ਵਰਤਦੇ ਹਾਂ ਤਾਂ ਉਹ ਸਾਡੇ ਜੀਵਨ ਨੂੰ ਖੁਸ਼ਹਾਲ ਨਹੀਂ ਕਰਦੀਆਂ ਸਗੋਂ ਥੋੜ੍ਹ ਚਿਰੀ ਖੁਸ਼ੀ ਤੋਂ ਬਾਅਦ ਸਾਡੇ ਲਈ ਸਮੱਸਿਆ ਬਣ ਜਾਂਦੀਆਂ ਹਨ। ਜੀਵਨ ਨੂੰ ਚੱਜ ਨਾਲ ਜਿਊਣ ਵਾਸਤੇ ਬਹੁਤ ਥੋੜ੍ਹੀਆਂ ਵਸਤਾਂ ਦੀ ਜ਼ਰੂਰਤ ਹੈ। ਕੁੱਲੀ ਗੁੱਲੀ ਜੁੱਲੀ-ਸਾਡੀਆਂ ਮੁੱਖ ਲੋੜਾਂ ਹਨ, ਪਰ ਅਸੀਂ ਤਾਂ ਆਪਣੇ ਘਰ ਭਰੇ ਹੋਏ ਹਨ ਜਿਨ੍ਹਾਂ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਹੈ। ਆਓ ਆਪਾਂ ਸਾਰੇ ਬੱਚਿਆਂ ਨੂੰ ਸੰਜਮੀ ਜੀਵਨ ਜਿਊਣ ਦੀ ਸਿੱਖਿਆ ਦੇਈਏ ਅਤੇ ਉਨ੍ਹਾਂ ਦੀ ਖੁਰਾਕ ਵੱਲ ਖਾਸ ਤਵੱਜੋ ਦਈਏ।
ਇੱਕ ਸਰਵੇਖਣ ਅਨੁਸਾਰ ਭਾਰਤ ਵਿੱਚ ਜਿਹੜੇ ਬੱਚੇ ਕੁਪੋਸ਼ਣ ਦੇ ਸ਼ਿਕਾਰ ਹਨ, ਉਹ ਦੇਸ਼ ਲਈ ਬੋਝ ਬਣੇ ਹੋਏ ਹਨ। ਇਸ ਵਾਸਤੇ ਜਿੱਥੇ ਸਾਡਾ ਪ੍ਰਬੰਧ ਦੋਸ਼ੀ ਹੈ, ਉੱਥੇ ਸਾਡੇ ਮਾਪੇ ਵੀ ਸੁਚੇਤ ਨਹੀਂ ਹਨ। ਭਾਰਤ ਦੇ 30.7% ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋਣ ਕਾਰਨ ਸਹੀ ਢੰਗ ਨਾਲ ਵਿਕਾਸ ਨਹੀਂ ਕਰ ਪਾਉਂਦੇ। 5.46% ਬੱਚੇ ਕੁਪੋਸ਼ਣ ਕਾਰਨ ਦੁਬਲੇ ਪਤਲੇ ਰਹਿ ਜਾਂਦੇ ਹਨ ਅਤੇ 15.93% ਆਪਣੀ ਉਮਰ ਅਨੁਸਾਰ ਕਦ ਅਤੇ ਭਾਰ ਵਿੱਚ ਕਮਜ਼ੋਰ ਰਹਿੰਦੇ ਹਨ। ਇਕੱਲੇ ਉੱਤਰ ਪ੍ਰਦੇਸ਼ ਵਿੱਚ ਹੀ 48.83% ਬੱਚੇ ਕਪੋਸ਼ਣ ਦਾ ਸ਼ਿਕਾਰ ਹਨ। ਇਸੇ ਤਰ੍ਹਾਂ ਝਾਰਖੰਡ ਵਿੱਚ 43.26, ਮੱਧ ਪ੍ਰਦੇਸ਼ ਵਿੱਚ 42.09, ਬਿਹਾਰ ਵਿੱਚ 42.68 ਅਤੇ ਅਸਾਮ ਵਿੱਚ 42.98% ਬੱਚੇ ਕਪੋਸ਼ਣ ਦਾ ਸ਼ਿਕਾਰ ਹੋ ਕੇ ਸਿਹਤ ਪੱਖੋਂ ਕਮਜ਼ੋਰ ਅਤੇ ਮਾਨਸਿਕ ਤੌਰ ’ਤੇ ਪੱਛੜੇਪਣ ਦੇ ਸ਼ਿਕਾਰ ਹਨ। ਪੰਜਾਬ ਵਿੱਚ ਇਹ ਮਾਤਰਾ 14.23 ਅਤੇ ਹਰਿਆਣਾ ਵਿੱਚ 17.14 ਪ੍ਰਤੀਸ਼ਤ ਦਰਜ ਕੀਤੀ ਗਈ ਹੈ। ਇਨ੍ਹਾਂ ਅੰਕੜਿਆਂ ਤੋਂ ਇਹ ਸਿੱਧ ਹੁੰਦਾ ਹੈ ਕਿ ਮਾਪਿਆਂ ਨੂੰ ਸੁਚੇਤ ਹੋ ਕੇ ਆਪਣੇ ਬੱਚਿਆਂ ਦੀ ਸਿਹਤ ਪ੍ਰਤੀ ਕਾਰਜ ਕਰਨ ਦੀ ਜ਼ਰੂਰਤ ਹੈ। ਵਿਸ਼ੇਸ਼ ਕਰਕੇ ਜਨਮ ਦੇਣ ਵਾਲੀਆਂ ਮਾਵਾਂ ਨੂੰ ਗਰਭ ਅਵਸਥਾ ਦੌਰਾਨ ਹੀ ਉਨ੍ਹਾਂ ਦੀ ਸਿਹਤ ਪ੍ਰਤੀ ਮਾਹਿਰਾਂ ਦੀ ਸਲਾਹ ਅਨੁਸਾਰ ਖੁਰਾਕ ਦਾ ਸੇਵਨ ਕਰਨਾ ਚਾਹੀਦਾ ਹੈ। ਕੁਪੋਸ਼ਣ ਦਾ ਸ਼ਿਕਾਰ ਬੱਚੇ ਆਪਣੇ ਸਮਾਜ ਦੀ ਬਿਹਤਰੀ ਵਿੱਚ ਯੋਗਦਾਨ ਨਹੀਂ ਪਾ ਸਕਦੇ। ਉਨ੍ਹਾਂ ਦਾ ਸਰੀਰਕ ਤੇ ਮਾਨਸਿਕ ਸੰਤੁਲਨ ਆਮ ਬੱਚਿਆਂ ਦੇ ਬਰਾਬਰ ਨਹੀਂ ਹੁੰਦਾ।
ਡਾਕਟਰੀ ਰਿਪੋਰਟਾਂ ਨੇ ਇਹ ਵੀ ਦਰਸਾਇਆ ਹੈ ਕਿ ਜਿਹੜੇ ਬੱਚੇ ਪੈਕਟਬੰਦ ਖਾਣੇ ਖਾਂਦੇ ਹਨ, ਉਨ੍ਹਾਂ ਦੀ ਸਿਹਤ ਬਾਕੀਆਂ ਦੇ ਮੁਕਾਬਲੇ ਕਮਜ਼ੋਰ ਹੁੰਦੀ ਹੈ। ਜਿਹੜੇ ਪੇਂਡੂ ਬੱਚੇ ਨੱਚਦੇ ਕੁੱਦਦੇ ਹੋਏ ਦੇਸੀ ਪੌਸ਼ਟਿਕ ਆਹਾਰ ਖਾਂਦੇ ਹਨ, ਉਹ ਨਰੋਏ ਅਤੇ ਤਕੜੇ ਸਰੀਰ ਵਾਲੇ ਬਣਦੇ ਹਨ। ਉਹ ਆਪਣੀ ਮਿਹਨਤ ਨਾਲ ਹਰ ਕਾਰਜ ਵਿੱਚ ਸਫਲ ਹੁੰਦੇ ਹਨ। ਅਸੀਂ ਇਹ ਵੀ ਜਾਣਦੇ ਹਾਂ ਕਿ ਬੱਚੇ ਹੀ ਸਾਡਾ ਭਵਿੱਖ ਹਨ। ਇਸ ਲਈ ਆਪਣੇ ਭਵਿੱਖ ਨੂੰ ਸੋਹਣਾ ਤੇ ਸੁਚੱਜਾ ਬਣਾਉਣ ਲਈ ਅੱਜ ਤੋਂ ਹੀ ਆਪਣੀ ਜ਼ਿੰਮੇਵਾਰੀ ਪ੍ਰਤੀ ਸੁਚੇਤ ਹੋਈਏ। ਸਬਰ ਸੰਤੋਖ ਨਾਲ ਖਾਧਾ ਸਾਦਾ ਖਾਣਾ ਸਾਡੀ ਸਿਹਤ ਨੂੰ ਨਰੋਆ ਅਤੇ ਸੰਤੁਸ਼ਟੀ ਭਰਿਆ ਬਣਾਉਂਦਾ ਹੈ। ਇਸ ਲਈ ਆਓ ਸੰਜਮੀ ਜੀਵਨ ਜਿਊਣ ਦੀ ਕਲਾ ਸਿੱਖੀਏ।
ਸੰਪਰਕ: 98150-18947
