ਤੀਆਂ ਤੀਜ ਦੀਆਂ...
ਪੰਜਾਬ ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਹੈ। ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਤੀਆਂ ਦੇ ਤਿਓਹਾਰ ਕਰ ਕੇ ਹੈ। ਧੀਆਂ ਤੇ ਤੀਆਂ ਦੀ ਵਿਆਕਰਨ ਰਿਦਮ ਸਾਂਝੀ ਹੈ। ਇਸ ਲਈ ‘ਤੀਆਂ’ ਸਿਰਫ਼ ‘ਧੀਆਂ’ ਦਾ ਤਿਓਹਾਰ ਹੈ। ਇਹ ਜੇਠ-ਹਾੜ ਦੀਆਂ...
ਪੰਜਾਬ ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਹੈ। ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਤੀਆਂ ਦੇ ਤਿਓਹਾਰ ਕਰ ਕੇ ਹੈ। ਧੀਆਂ ਤੇ ਤੀਆਂ ਦੀ ਵਿਆਕਰਨ ਰਿਦਮ ਸਾਂਝੀ ਹੈ। ਇਸ ਲਈ ‘ਤੀਆਂ’ ਸਿਰਫ਼ ‘ਧੀਆਂ’ ਦਾ ਤਿਓਹਾਰ ਹੈ। ਇਹ ਜੇਠ-ਹਾੜ ਦੀਆਂ ਅੱਗ ਵਰ੍ਹਾਉਂਦੀਆਂ ਧੁੱਪਾਂ ਤੇ ਸਖ਼ਤ ਗਰਮੀ ਤੋਂ ਬਾਅਦ ਠੰਢੀਆਂ ਫੁਹਾਰਾਂ ਦਾ ਤਿਓਹਾਰ ਹੈ। ਤਨ ਤੇ ਮਨ ਨੂੰ ਗਰਮੀਆਂ ਵਿੱਚ ਆਉਣ ਵਾਲੇ ਪਸੀਨੇ ਤੋਂ ਰਾਹਤ ਮਿਲਦੀ ਹੈ। ਇਹ ਰੁੱਤ ਰੁੱਖ ਤੇ ਬੂਟਿਆਂ ਦੇ ਨਾਲ ਮਨੁੱਖ ਦੇ ਤਨ ਤੇ ਮਨ ਦੇ ਮੌਲਣ ਦੀ ਰੁੱਤ ਹੈ। ਤੀਆਂ ਦਾ ਤਿਓਹਾਰ ਸਾਉਣ ਮਹੀਨੇ ਦੀ ਤੀਜੀ ਤਿੱਥ ਭਾਵ ਤੀਜ ਤੋਂ ਸ਼ੁਰੂ ਹੋ ਕੇ ਪੂਰਨਮਾਸ਼ੀ ਤੱਕ ਚੱਲਣ ਵਾਲਾ ਧੀਆਂ ਦਾ ਤਿਓਹਾਰ ਹੈ। ਹਰ ਪਿੰਡ ਤੇ ਸ਼ਹਿਰ ਵਿੱਚ ਕੁਆਰੀਆਂ ਤੇ ਵਿਆਹੀਆਂ ਕੁੜੀਆਂ ਰਲ ਮਿਲ ਕੇ ਪਿੰਡ ਦੇ ਕਿਸੇ ਬੋਹੜ ਜਾਂ ਫਿਰ ਪਿੱਪਲ ਹੇਠ ਪੀਘਾਂ ਝੂਟ ਕੇ ਜਾਂ ਫਿਰ ਵੱਖ-ਵੱਖ ਤਰ੍ਹਾਂ ਦੀਆਂ ਗਿੱਧੇ ਤੇ ਭੰਗੜੇ ਦੀਆਂ ਖੇਡਾਂ ਖੇਡ ਕੇ ਮਨਾਉਂਦੀਆਂ ਹਨ। ਇਸ ਤਿਓਹਾਰ ਦੀ ਵੱਡੀ ਤੇ ਵਿਲੱਖਣ ਵਿਸ਼ੇਸ਼ਤਾ ਇਹ ਹੈ ਕਿ ਇਸ ਤਿਓਹਾਰ ਨੂੰ ਹਰ ਜਾਤ, ਧਰਮ ਦੀਆਂ ਕੁੜੀਆਂ ਸਾਂਝੇ ਤੌਰ ’ਤੇ ਮਨਾਉਂਦੀਆਂ ਹਨ;
ਸਾਉਣ ਮਹੀਨਾ ਦਿਨ ਤੀਆਂ ਦੇ
ਸਭੇ ਮੁਟਿਆਰਾਂ ਆਈਆਂ
ਧੀਆਂ ਤੇ ਭੈਣਾਂ ਹੋਈਆਂ ’ਕੱਠੀਆਂ
ਮਿਲਣ ਸਹੇਲੀਆਂ ਨੂੰ ਆਈਆਂ।
ਸਾਊਣ ਮਹੀਨੇ ਵਿੱਚ...ਦੇਖ
ਧੀਆਂ ਨੇ ਤੀਆਂ ਲਾਈਆਂ।
ਤੀਆਂ ਤੋਂ ਇੱਕ ਦਿਨ ਜਾਂ ਕੁਝ ਦਿਨ ਪਹਿਲਾਂ ਕੁੜੀਆਂ, ਕੁਆਰੀਆਂ ਤੇ ਵਿਆਹੀਆਂ ਮੁਟਿਆਰਾਂ ਅਤੇ ਛੋਟੀਆਂ ਕੁੜੀਆਂ ਸਾਰੀਆਂ ਹੀ ਮਹਿੰਦੀ ਲਾਉਂਦੀਆਂ ਹਨ। ਮੁਟਿਆਰਾਂ ਵੰਗਾਂ ਚੜ੍ਹਾਉਂਦੀਆਂ ਹਨ। ਜਿਹੜੀਆਂ ਨਵੀਆਂ ਵਿਆਹੀਆਂ ਮੁਟਿਆਰਾਂ ਆਪਣੇ ਸਹੁਰੀਂ ਗਈਆਂ ਹੁੰਦੀਆਂ ਸਨ, ਤੀਆਂ ਵੇਲੇ ਉਨ੍ਹਾਂ ਦੇ ਭਰਾ ਆਪਣੀਆਂ ਭੈਣਾਂ ਨੂੰ ਪੇਕੇ ਪਿੰਡ ਲੈ ਕੇ ਆਉਂਦੇ ਸਨ। ਇੰਝ ਇੱਕ ਦੂਜੇ ਤੋਂ ਵਿੱਛੜੀਆਂ ਸਹੇਲੀਆਂ ਤੀਆਂ ਦੇ ਤਿਓਹਾਰ ਵੇਲੇ ਸਹੁਰਿਆਂ ਤੋਂ ਪੇਕੇ ਪਿੰਡ ਆ ਕੇ ਆਪਸ ਵਿੱਚ ਮਿਲਦੀਆਂ ਸਨ। ਜਾਪਦਾ ਹੈ ਕਿ ਇਹ ਤਿਓਹਾਰ ਧੀਆਂ ਦੇ ਆਪਸੀ ਮਿਲਾਪ ਅਤੇ ਪੰਦਰਾਂ ਦਿਨ ਉਨ੍ਹਾਂ ਦੇ ਹੱਸਣ ਤੇ ਖੇਡਣ ਦਾ ਤਿਓਹਾਰ ਹੁੰਦਾ ਹੈ। ਇਸ ਤਿਓਹਾਰ ਬਹਾਨੇ ਨਵੀਆਂ ਵਿਆਹੀਆਂ ਮੁਟਿਆਰਾਂ ਪਹਿਲਾ ਸਾਉਣ ਮਹੀਨਾ ਤਾਂ ਜ਼ਰੂਰ ਆਪਣੇ ਪੇਕੇ ਘਰ ਆ ਕੇ ਰਹਿੰਦੀਆਂ ਸਨ। ਜੇਕਰ ਤੀਆਂ ਦੇ ਦਿਨਾਂ ਵਿੱਚ ਭਰਾ, ਭੈਣਾਂ ਨੂੰ ਪੇਕੇ ਲੈਣ ਨਾ ਆਉਣ ਤਾਂ ਪੰਜਾਬੀ ਸੱਭਿਆਚਾਰ ਵਿੱਚ ਇਸ ਬੋਲੀ ਨੂੰ ਤਾਹਨੇ ਦੇ ਰੂਪ ਵਿੱਚ ਪਾਇਆ ਜਾਂਦਾ ਹੈ;
ਬਹੁਤਿਆਂ ਭਰਾਵਾਂ ਵਾਲੀਏ
ਤੈਨੂੰ ਤੀਆਂ ਨੂੰ ਲੈਣ ਨਾ ਆਏ।
ਤੀਆਂ ਦੇ ਦਿਨਾਂ ਵਿੱਚ ਹਰ ਘਰ ਵਿੱਚ ਖੀਰ, ਕੜਾਹ, ਪੂੜੇ ਤੇ ਗੁਲਗੁਲੇ ਪਕਾਏ ਜਾਂਦੇ ਸਨ। ਤੀਆਂ ਦੇ ਦਿਨਾਂ ਵਿੱਚ ਪਿੱਪਲ, ਬਰੋਟੇ, ਨਿੰਮਾਂ ਤੇ ਸੰਘਣੀ ਛਾਂ ਆਦਿ ਵਾਲੇ ਰੁੱਖਾਂ ਉੱਤੇ ਪੀਂਘਾਂ ਪਾ ਕੇ ਝੂਟਿਆ ਜਾਂਦਾ ਸੀ। ਮੁਟਿਆਰਾਂ ਗਿੱਧਾ ਪਾਉਂਦੀਆਂ ਸਨ, ਨੱਚਦੀਆਂ ਸਨ ਅਤੇ ਬੋਲੀਆਂ ਪਾਉਂਦੀਆਂ ਸਨ। ਹੋਰ ਵੀ ਬਹੁਤ ਸਾਰੀਆਂ ਖੇਡਾਂ-ਤਮਾਸ਼ਾ ਕਰਦੀਆਂ ਅਤੇ ਦੁਪਹਿਰ ਢਲਣ ਤੋਂ ਬਾਅਦ ਉਹ ਪਿੰਡ ਜਾਂ ਸ਼ਹਿਰ ਤੋਂ ਟੋਲੀਆਂ ਦੇ ਰੂਪ ਵਿੱਚ ਤੀਆਂ ਵਾਲੇ ਬਰੋਟਿਆਂ ਕੋਲ ਪਹੁੰਚ ਜਾਂਦੀਆਂ। ਰੁਮਕੇ ਰੁਮਕੇ ਗਿੱਧੇ ਦਾ ਪਿੜ ਮਘਦਾ ਜਾਂਦਾ। ਇਸੇ ਬਾਰੇ ਇੱਕ ਬੋਲੀ ਹੈ;
ਆ ਨੀਂ ਕੁੜੀਏ, ਆਉਂਦੀ ਕੁੜੀਏ
ਕਾਹਤੋਂ ਤੁਰਦੀ... ਪਿੱਛੇ ਨੂੰ ਜਾਵੇਂ
ਕਾਹਲੀ- ਕਾਹਲੀ ਪੈਰ ਪੁੱਟ ਲੈ
ਤੀਆਂ ਲੱਗੀਆਂ ਪਿੱਪਲ ਦੀ ਛਾਵੇਂ...
ਨੀਂ ਕਾਹਲੀ ਕਾਹਲੀ ਪੈਰ...।
ਇਸ ਮਹੀਨੇ ਮਾਪੇ ਆਪਣੀਆਂ ਵਿਆਂਹਦੜ ਧੀਆਂ ਨੂੰ ਸੰਧਾਰੇ ਦੇ ਰੂਪ ਵਿੱਚ ਗੁਲਗਲੇ, ਮੱਠੀਆਂ ਤੇ ਹੋਰ ਮਿੱਠੇ ਪਦਾਰਥ, ਅੱਜਕੱਲ੍ਹ ਬਿਸਕੁਟ ਸਹੁਰੇ ਘਰ ਬੈਠੀਆਂ ਕੁੜੀਆਂ ਨੂੰ ਸੰਧਾਰੇ ਦੇ ਤੌਰ ’ਤੇ ਦਿੰਦੇ ਹਨ। ਜੇਕਰ ਕੋਈ ਕੁੜੀ ਆ ਨਾ ਸਕੇ ਤਾਂ ਵੀ ਉਸ ਨੂੰ ਸੰਧਾਰਾ ਸਹੁਰੇ ਪਿੰਡ ਪਹੁੰਚਾਇਆ ਜਾਂਦਾ ਹੈ। ਸਜ-ਵਿਆਹੀਆਂ ਕੁੜੀਆਂ ਆਪਣੇ ਪੇਕੇ ਘਰ ਜਾ ਕੇ ਆਪਣੀਆਂ ਹਾਣੀ ਕੁੜੀਆਂ ਨੂੰ ਮਿਲਣ ਦੀ ਤਾਂਘ ਵੀ ਪੂਰੀ ਕਰਦੀਆਂ ਹਨ। ਇਹ ਬੋਲੀ ਇਸ ਤੱਥ ਦਾ ਸਬੂਤ ਹੈ;
ਸਾਉਣ ਵੀਰ ’ਕੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ।
ਤਿੰਨ-ਚਾਰ ਦਹਾਕੇ ਪਹਿਲਾਂ ਪਿੰਡਾਂ ਵਿੱਚ ਸਾਉਣ ਮਹੀਨੇ ਕੁੜੀਆਂ ਪਿੰਡ ਤੋਂ ਬਾਹਰ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ ਤੇ ਗਿੱਧਾ ਪਾਉਂਦੀਆਂ ਹੋਈਆਂ ਇੱਕ-ਦੂਜੀ ਨਾਲ ਦੁੱਖ ਸਾਂਝੇ ਕਰਦੀਆਂ ਸਨ। ਜਿਹੜੀਆਂ ਔਰਤਾਂ ਨੇ ਬਚਪਨ ਵਿੱਚ ਤੀਆਂ ਦਾ ਮਘਦਾ ਹੋਇਆ ਪਿੜ ਦੇਖਿਆ ਹੁੰਦਾ ਹੈ, ਉਨ੍ਹਾਂ ਦੇ ਮਨ ਵਿੱਚ ਦੁਬਾਰਾ ਤੀਆਂ ’ਤੇ ਜਾਣ ਦਾ ਚਾਅ ਪੈਦਾ ਹੁੰਦਾ ਹੈ। ਤੀਆਂ ਮਨਾਉਣ ਲਈ ਕੁੜੀਆਂ ਪਿੰਡ ਦੇ ਤੀਆਂ ਲਈ ਮਿੱਥੇ ਪਿੱਪਲਾਂ ਤੇ ਬੋਹੜ ਵਾਲੇ ਥਾਂ ਉੱਤੇ ਇਕੱਠੀਆਂ ਹੋ ਜਾਂਦੀਆਂ ਸਨ। ਘਰ ਤੋਂ ਸਹੇਲੀਆਂ ਨੂੰ ਸੱਦ ਕੇ ਗੀਤ ਗਾਊਦੀਆਂ ਤੁਰਦੀਆਂ ਸਨ। ਉੱਥੇ ਪਹੁੰਚ ਕੇ ਗਿੱਧਾ ਪਾ ਕੇ ਖ਼ੁਸ਼ੀਆਂ ਸਾਂਝੀਆਂ ਕਰਦੀਆਂ ਸਨ। ਇੱਥੇ ਉਹ ਪੀਂਘਾਂ ਵੀ ਝੂਟਦੀਆਂ ਸਨ। ਹਰ ਕੁੜੀ ਆਪਣੇ ਲਈ ਪੀਂਘ ਪਾਉਣ ਲਈ ਰੱਸਾ ਤੇ ਪੀੜ੍ਹੀ ਦਾ ਪ੍ਰਬੰਧ ਕਰਦੀ ਸੀ। ਵਿਸੇਸ਼ ਗੱਲ ਇਹ ਹੈ ਕਿ ਇਨ੍ਹਾਂ ਦਿਨਾਂ ਵਿੱਚ ਮੁਟਿਆਰਾਂ ਆਪਣੇ ਸਹੁਰੇ ਘਰ ਤੋਂ ਪੇਕੇ ਘਰ ਆਉਂਦੀਆਂ ਸਨ, ਜਾਂਦੀਆਂ ਨਹੀਂ। ਜੇਕਰ ਕੋਈ ਗੱਭਰੂ ਆਪਣੀ ਸੁਆਣੀ ਨੂੰ ਲੈਣ ਆ ਜਾਵੇ ਤਾਂ ਇਹ ਬੋਲੀ ਪਾਈ ਜਾਂਦੀ;
ਸਾਉਣ ਦਾ ਮਹੀਨਾ, ਬਾਗ਼ਾਂ ਵਿੱਚ ਬੋਲਣ ਮੋਰ ਵੇ
ਮੈਂ ਨੀਂ ਸਹੁਰੇ ਜਾਣਾ, ਗੱਡੀ ਨੂੰ ਖਾਲੀ ਮੋੜ ਵੇ।
ਹਰ ਸਾਲ ਪਿੰਡਾਂ ਦੀਆਂ ਮੁਟਿਆਰਾਂ ਨੂੰ ਸਾਉਣ ਮਹੀਨੇ ਦੀ ਉਡੀਕ ਰਹਿੰਦੀ ਸੀ। ਇਹ ਪੇਕਿਆਂ ਦੀਆਂ ਹਾਣਨਾਂ ਨੂੰ ਮਿਲਣ ਦੀ ਤਾਂਘ ਨੂੰ ਦਰਸਾਉਂਦਾ ਹੈ। ਆਧੁਨਿਕ ਯੁੱਗ ਵਿੱਚ ਹੁਣ ਲੋਕਾਂ ਵਿੱਚ ਕੰਮ ਜਾਂ ਫਿਰ ਨੌਕਰੀ ਕਰ ਕੇ ਤੀਆਂ ਦਾ ਉਹ ਪਰੰਪਰਾਗਤ ਰੰਗ ਨਹੀਂ ਰਿਹਾ। ਹੁਣ ਇਹ ਤਿਉਹਾਰ ਪਿੰਡਾਂ ਦੇ ਪਿੱਪਲਾਂ ਤੇ ਬੋਹੜਾਂ ਦੇ ਨਾਲ ਨਾਲ ਸਕੂਲਾਂ, ਕਾਲਜਾਂ ਦੀਆਂ ਸਟੇਜਾਂ ਉੱਤੇ ਵੀ ਮਨਾਇਆ ਜਾਂਦਾ ਹੈ। ਇਉਂ ਇਸ ਤਿਉਹਾਰ ਨੂੰ ਸਕੂਲਾਂ, ਕਾਲਜਾਂ ਦੇ ਨਾਲ ਨਾਲ ਸ਼ਹਿਰਾਂ ਦੀਆਂ ਕਲੱਬਾਂ ਵਿੱਚ ਵੀ ਇੱਕ ਰਿਵਾਜ ਵਜੋਂ ਮਨਾਇਆ ਜਾਂਦਾ ਹੈ। ਇਸ ਦੀਆਂ ਤਿੱਥ-ਤਰੀਕਾਂ ਵੀ ਸਹੂਲਤਾਂ ਅਨੁਸਾਰ ਰੱਖ ਲਈਆਂ ਜਾਂਦੀਆਂ ਹਨ। ਭਾਵੇਂ ਕਿ ਪਰੰਪਰਾ ਅਨੁਸਾਰ ਇਹ ਤਿਓਹਾਰ ਸਾਉਣ ਮਹੀਨੇ ਦੀ ਤੀਜ ਨੂੰ ਸ਼ੁਰੂ ਹੋ ਕੇ ਪੰਦਰਾਂ ਦਿਨ ਤੱਕ ਚੱਲਦਾ ਹੈ ਭਾਵ ਪੂਰਨਮਾਸ਼ੀ ਵਾਲੇ ਦਿਨ ਸਮਾਪਤੀ ਹੁੰਦੀ ਹੈ। ਤੀਆਂ ਸਮਾਪਤ ਹੋਣ ਦੀ ਰਸਮ ਨੂੰ ਬੱਲ੍ਹੋ ਪਾਉਣੀ ਕਿਹਾ ਹੈ। ਇਹ ਇੱਕ ਰਸਮ ਹੈ ਜਿਸ ਨੂੰ ਗਿੱਧੇ ਵਿੱਚ ਮੁਹਾਰਤ ਰੱਖਣ ਵਾਲੀਆਂ ਵੱਡੀ ਉਮਰ ਦੀਆਂ ਮੁਟਿਆਰਾਂ ਨਿਭਾਉਂਦੀਆਂ ਹਨ। ਬੱਲ੍ਹੋ ਅਸਲ ਵਿੱਚ ਤੀਆਂ ਦੇ ਅਖੀਰਲੇ ਦਿਨ ਪਾਉਣ ਵਾਲੇ ਗਿੱਧੇ ਨੂੰ ਕਿਹਾ ਜਾਂਦਾ ਹੈ। ਇਸ ਗਿੱਧੇ ਦਾ ਸਿਖਰ ਹੁੰਦਾ ਹੈ। ਇਸ ਦਿਨ ਪਿੰਡ ਦੀਆਂ ਗਿੱਧੇ ਦੀ ਮੁਹਾਰਤ ਰੱਖਣ ਵਾਲੀਆਂ ਮੁਟਿਆਰਾਂ ਗਿੱਧੇ ਦੇ ਪਿੜ ਵਿੱਚ ਬੋਲੀਆ ਪਾ ਕੇ ਸਮਾਪਤੀ ਕਰਦੀਆਂ ਭਾਵ ਬੱਲ੍ਹੋ ਪਾਉਂਦੀਆਂ ਹਨ। ਇਹ ਬੋਲੀ ਤੀਆਂ ਵਾਲੇ ਸਥਾਨ ਦੇ ਕੋਲੋਂ ਲੰਘਣ ਵਾਲੇ ਨੂੰ ਦੇਖ ਕੇ ਪਾਈ ਜਾਂਦੀ ਹੈ;
ਤੂੰ ਬੱਲ੍ਹੋ ਲੁਕ ਲੁਕ ਦੇਖਦਾ
ਪਿੜ ਵਿੱਚ ਪੈਂਦੀ ਬੱਲ੍ਹੋ ...
ਵੇ ਤੂੰ ਕਰਿਆ ਲੁਕਾਵਾ ਖੇਸ ਦਾ
ਪਿੜ ਵਿੱਚ ਪੈਂਦੀ ਬੱਲ੍ਹੋ
ਤੂੰ ਭੜੂਆ ਕਿਹੜੇ ਦੇਸ਼ ਦਾ
ਪਿੜ ਵਿੱਚ ਪੈਂਦੀ ਬੱਲ੍ਹੋ
ਤੂੰ ਕਾਹਤੋਂ ਲੁਕ ਲੁਕ ਦੇਖਦਾ...
ਪਿੜ ਵਿੱਚ ਪੈਂਦੀ ਬੱਲ੍ਹੋ।
ਕਈ ਵਾਰ ਅਜਿਹਾ ਸਬੱਬ ਬਣ ਜਾਂਦਾ ਹੈ ਕਿ ਮੁਟਿਆਰਾਂ ਦੇ ਨਾਲ ਉਨ੍ਹਾਂ ਦੇ ਖਾਵੰਦ ਵੀ ਸਹੁਰੇ ਘਰ ਆ ਜਾਂਦੇ ਸਨ। ਜੇਕਰ ਉਹ ਤੀਆਂ ਦੇ ਪਿੜ ਵੱਲ ਉਨ੍ਹਾਂ ਦੇ ਕੋਲੋਂ ਲੰਘਦੇ ਤਾਂ ਮੁਟਿਆਰਾਂ ਉੱਪਰ ਵਾਲੀ ਬੋਲੀ ਪਾ ਕੇ ਗਿੱਧੇ ਵਿੱਚ ਧੂਮ-ਧੜੱਕਾ ਪਾ ਦਿੰਦੀਆਂ ਸਨ। ਫਿਰ ਦੂਜੀ ਕੁੜੀ ਅਗਲੀ ਬੋਲੀ ਚੁੱਕਦੀ;
ਤੀਆਂ ਤੀਜ ਦੀਆਂ, ਵਰ੍ਹੇ ਦਿਨਾਂ ਨੂੰ ਫੇਰ
ਤੀਆਂ ਤੀਜ ਦੀਆਂ
ਵਰ੍ਹੇ ਦਿਨਾਂ ਨੂੰ ਫੇਰ
ਜੀਵਨ ਜਿਊਣ ਦੀ ਆਸ ਨਾਲ ਤੀਆਂ ਸਮਾਪਤ ਕਰ ਕੇ ਪਿੰਡ ਜਾਂ ਘਰਾਂ ਨੂੰ ਮੁੜਦੀਆਂ ਮੁਟਿਆਰਾਂ ਇਹ ਗੀਤ ਗਾਉਂਦੀਆਂ ਸਨ। ਇਉਂ ਆਪਣੇ ਬਾਬਲ ਦੇ ਖੇੜੇ ਦੀ ਸਦਾ ਹੀ ਖੈਰ ਸੁੱਖ ਮੰਗਦੀਆਂ ਕੁੜੀਆਂ ਦਾ ਤਿਉਹਾਰ ‘ਤੀਆਂ’ ਪੰਜਾਬੀ ਸੱਭਿਆਚਾਰ ਦੀ ਸਾਂਝੀ ਵਿਰਾਸਤ ਹੈ;
ਖੈਰ ਸੁੱਖ ਰੱਖੀਂ ਵੇ ਰੱਬਾ
ਰੱਖੀਂ ਮੇਰੇ ਬਾਬਲ ਦੇ ਵਿਹੜੇ
ਖੈਰ ਸੁੱਖ ਰੱਖੀਂ ਵੇ ਰੱਬਾ
ਰੱਖੀਂ ਮੇਰੇ ਬਾਬਲ ਦੇ ਖੇੜੇ
ਖੈਰ ਸੁੱਖ ਰੱਖੀਂ ਵੇ ਰੱਬਾ।
ਅਜੋਕੇ ਸਮੇਂ ਵਿੱਚ ਇਸ ਤਿਓਹਾਰ ਦਾ ਮੂੰਹ-ਮੁਹਾਂਦਰਾ ਬਦਲ ਗਿਆ ਹੈ। ਹੁਣ ਧੀਆਂ, ਮੁਟਿਆਰਾਂ ਦਾ ਇਹ ਮਨਭਾਉਂਦਾ ਤਿਉਹਾਰ ਪਰੰਪਰਾ ਤੋਂ ਵੱਖਰੀ ਤਰ੍ਹਾਂ ਮਨਾਇਆ ਜਾਂਦਾ ਹੈ। ਹੁਣ ਕੁੜੀਆਂ ਆਪੋ ਆਪਣੇ ਕਾਲਜਾਂ ਵਿੱਚ ਇਸ ਤਿਓਹਾਰ ਨੂੰ ਮਨਾਉਂਦੀਆਂ ਹਨ। ਸ਼ਹਿਰਾਂ ਵਿੱਚ ਕੁੜੀਆਂ ਕਲੱਬਾਂ ਵਿੱਚ ’ਕੱਠੀਆਂ ਹੋ ਕੇ ਪੀਂਘਾਂ ਝੂਟ ਕੇ, ਗਿੱਧਾ ਤੇ ਬੋਲੀਆਂ ਪਾ ਕੇ ਇੱਕ ਸ਼ਾਮ ਨੂੰ ਤੀਆਂ ਮਨਾਉਂਦੀਆਂ ਹਨ।
ਇਹ ਤਿਉਹਾਰ ਪੰਜਾਬੀ ਸੱਭਿਆਚਾਰ ਦਾ ਅਨੂਠਾ ਅੰਗ ਹੈ। ਮੁਕਾਬਲੇ ਤੇ ਤਕਨਾਲੋਜੀ ਦੇ ਯੁੱਗ ਵਿੱਚ ਤਿਉਹਾਰ ਨੂੰ ਜਿਊਂਦਾ ਰੱਖਣ ਲਈ ਕਈ ਸੱਭਿਆਚਾਰ ਸੰਸਥਾਵਾਂ ਵਿਸ਼ੇਸ਼ ਉਪਰਾਲਾ ਕਰ ਰਹੀਆਂ ਹਨ। ਉਹ ਆਪੋ ਆਪਣੇ ਸ਼ਹਿਰਾਂ ਤੇ ਕਸਬਿਆਂ ਵਿੱਚ ਤੀਆਂ ਲਵਾ ਰਹੀਆਂ ਹਨ। ਸਕੂਲਾਂ-ਕਾਲਜਾਂ ਦੇ ਪ੍ਰਬੰਧਕਾਂ ਵੱਲੋਂ ਤਾਂ ਇਹ ਕਾਰਜ ਵਿਦਿਆਰਥੀਆਂ ਦੀ ਰੁਚੀ ਲਈ ਕੀਤਾ ਜਾਂਦਾ ਹੈ। ਅੱਜਕੱਲ੍ਹ ਸਜਣ ਤੇ ਸੰਵਰਨ ਦੇ ਨਵੇਂ ਢੰਗ ਤਰੀਕੇ ਚੱਲ ਪਏ ਹਨ। ਕੁੜੀਆਂ ਨੇ ਨਵੀਆਂ ਬੋਲੀਆਂ ਵੀ ਘੜ ਲਈਆਂ ਹਨ;
ਨੀਂ ਤੂੰ ਪਾਰਲਰ ਗਈ ਨਾ ਮੁੜਦੀ
ਗਿੱਧਾ ਜ਼ੋਰੋ ਜ਼ੋਰ ਮੱਚਿਆ
ਨੀਂ ਤੂੰ ਰਹਿੰਦੀ ਕਾਹਤੋਂ ਕੁੜ੍ਹਦੀ
ਗਿੱਧਾ ਜ਼ੋਰੋ ਜ਼ੋਰ ਮੱਚਿਆ
ਆਉ! ਪੰਜਾਬੀ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਜਿਊਂਦਾ ਰੱਖੀਏ। ਪੁਰਾਣਾ ਵਿਰਸਾ ਸਾਦ ਮੁਰਾਦਾ ਹੈ। ਤੀਆਂ ਹਰ ਪਿੰਡ ਵਿੱਚ ਧੀਆਂ ਦੀ ਸਾਂਝ ਤੇ ਮਿਲਾਪ ਦਾ ਵਸੀਲਾ ਬਣਿਆ ਰਹੇ ਤਾਂ ਜੋ ਸਾਡਾ ਅਮੀਰ ਪੰਜਾਬੀ ਸੱਭਿਆਚਾਰਕ ਵਿਰਸਾ ਕਾਇਮ ਰੱਖਿਆ ਜਾ ਸਕੇ। ਜਿੱਥੇ ਪੰਜਾਬਣਾਂ ਚਲੀਆਂ ਗਈਆਂ ਉਨ੍ਹਾਂ ਦੇ ਨਾਲ ਤੀਆਂ ਤੇ ਹੋਰ ਤਿਉਹਾਰ ਵੀ ਚਲੇ ਗਏ। ਪੰਜਾਬੀ ਸੱਭਿਆਚਾਰ ਬਾਹਰਲੇ ਦੇਸ਼ਾਂ ਵਿੱਚ ਵੀ ਪ੍ਰਚੱਲਿਤ ਹੈ। ਇਹ ਕਹੀਏ ਕਿ ਇਸ ਦਾ ਘੇਰਾ ਵਧਿਆ ਹੈ। ਇਹ ਤਿਉਹਾਰ ਸਾਡੀ ਪਰੰਪਰਾ ਤੇ ਵਿਰਸੇ ਵਿੱਚ ਰਚਿਆ ਮਿਚਿਆ ਹੋਇਆ ਹੈ। ਇਸ ਲਈ ਇਹ ਬੋਲੀ ਸਦਾਬਹਾਰ ਰੂਪ ਵਿੱਚ ਸਾਡੀ ਵਿਰਾਸਤ ਨੂੰ ਦਰਸਾਉਂਦੀ ਹੈ;
ਸੁਣੋ ਨੀਂ ਕੁੜੀਓ
ਆਉਂਦੇ ਵਰ੍ਹੇ ਨੂੰ
ਮੁੜ ਕੇ ਆਇਓ ਫੇਰ
ਨਾ ਲਾਇਓ ਦੇਰ
ਤੀਆਂ ਤੀਜ ਦੀਆਂ
ਵਰ੍ਹੇ ਦਿਨਾਂ ਨੂੰ ਫੇਰ
ਤੀਆਂ ਤੀਜ ਦੀਆਂ
ਵਰ੍ਹੇ ਦਿਨਾਂ ਨੂੰ ਫੇਰ।
ਸੰਪਰਕ: 98151-21286

