DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਨਕਿਆਂ ਦੇ ਪਿੰਡ ਦੀ ਮਿੱਠੀ ਯਾਦ

ਪੰਜਾਬ ਦੇ ਪਿੰਡਾਂ ਦੇ ਪੁਰਾਣੇ ਸੱਭਿਆਚਾਰਕ ਰੀਤ-ਰਿਵਾਜਾਂ ਅਤੇ ਆਪਸੀ ਸਾਂਝ ਦੀਆਂ ਕਹਾਣੀਆਂ ਅੱਜ ਵੀ ਬਜ਼ੁਰਗਾਂ ਦੀਆਂ ਯਾਦਾਂ ਵਿੱਚ ਜੀਵੰਤ ਹਨ। ਅਜਿਹੀ ਹੀ ਇੱਕ ਮਿੱਠੀ ਯਾਦ ਨਾਲ ਜੁੜਿਆ ਹੈ ਅਕਾਲੀ ਫੂਲਾ ਸਿੰਘ ਦਾ ਪਿੰਡ ਦੇਹਲਾ ਸ਼ੀਹਾਂ, ਜਿਸ ਨੂੰ ਆਪਣੇ ਨਾਲ ਜੁੜੇ...

  • fb
  • twitter
  • whatsapp
  • whatsapp
Advertisement

ਪੰਜਾਬ ਦੇ ਪਿੰਡਾਂ ਦੇ ਪੁਰਾਣੇ ਸੱਭਿਆਚਾਰਕ ਰੀਤ-ਰਿਵਾਜਾਂ ਅਤੇ ਆਪਸੀ ਸਾਂਝ ਦੀਆਂ ਕਹਾਣੀਆਂ ਅੱਜ ਵੀ ਬਜ਼ੁਰਗਾਂ ਦੀਆਂ ਯਾਦਾਂ ਵਿੱਚ ਜੀਵੰਤ ਹਨ। ਅਜਿਹੀ ਹੀ ਇੱਕ ਮਿੱਠੀ ਯਾਦ ਨਾਲ ਜੁੜਿਆ ਹੈ ਅਕਾਲੀ ਫੂਲਾ ਸਿੰਘ ਦਾ ਪਿੰਡ ਦੇਹਲਾ ਸ਼ੀਹਾਂ, ਜਿਸ ਨੂੰ ਆਪਣੇ ਨਾਲ ਜੁੜੇ ਹੋਰ ਛੇ ਪਿੰਡਾਂ ਲੇਹਲ ਕਲਾਂ, ਢੀਂਡਸਾ, ਭੁਟਾਲ ਕਲਾਂ, ਕੋਟੜਾ ਲੇਹਲ, ਲੇਹਲ ਕਕਰਾਲਾ ਅਤੇ ਪੱਕਾ ਪਥਰਾਲਾ ਦਾ ਮਾਣ ਹਾਸਲ ਹੈ। ਇਹ ਸਾਰੇ ਪਿੰਡ ਸਰਾਓ ਗੋਤ ਨਾਲ ਸਬੰਧਤ ਹਨ ਅਤੇ ਦਹਾਕਿਆਂ ਤੱਕ ਇਨ੍ਹਾਂ ਵਿਚਕਾਰ ਇੱਕ ਪਰਿਵਾਰ ਵਰਗੀ ਸਾਂਝ ਰਹੀ।

ਭਾਵੇਂ ਲੇਹਲ ਕਕਰਾਲਾ (ਪਟਿਆਲਾ) ਅਤੇ ਪੱਕਾ ਪਥਰਾਲਾ (ਬਠਿੰਡਾ) ਦੀ ਦੂਰੀ ਕਾਫ਼ੀ ਵੱਧ ਹੈ, ਪਰ ਦਿਲਾਂ ਦੀ ਨੇੜਤਾ ਨੇ ਕਦੇ ਇਸ ਦੂਰੀ ਨੂੰ ਮਹਿਸੂਸ ਨਹੀਂ ਹੋਣ ਦਿੱਤਾ। 1960-70 ਦੇ ਦਹਾਕੇ ਵਿੱਚ ਇਨ੍ਹਾਂ ਪਿੰਡਾਂ ਦੇ ਲੋਕ ਇੱਕ-ਦੂਜੇ ਨੂੰ ਆਪਣੇ ਹੀ ਘਰ ਦਾ ਮੈਂਬਰ ਸਮਝਦੇ ਸਨ। ਉਸ ਵੇਲੇ ਬਜ਼ੁਰਗ ਮਾਣ ਨਾਲ ਕਹਿੰਦੇ ਸਨ ਕਿ ‘ਸਾਡੇ ਸੱਤ ਪਿੰਡ ਹਨ।’ ਇਹ ਸਿਰਫ਼ ਕਹਿਣ ਦੀ ਗੱਲ ਨਹੀਂ ਸੀ, ਸਗੋਂ ਉਸ ਸਮੇਂ ਦੀ ਸੱਚੀ ਜੀਵਨ-ਪ੍ਰਥਾ ਸੀ।

Advertisement

ਮੇਰਾ ਨਾਨਕਾ ਪਿੰਡ ਦੇਹਲਾ ਸ਼ੀਹਾਂ (ਸੰਗਰੂਰ) ਹੈ। ਬਚਪਨ ਵਿੱਚ ਨਾਨਕਿਆਂ ਦਾ ਚਾਅ ਅਤੇ ਪਿਆਰ ਦਾਦਕੇ ਪਿੰਡ ਨਾਲੋਂ ਵੀ ਵੱਧ ਮਹਿਸੂਸ ਹੁੰਦਾ ਸੀ। ਨਾਨਕਿਆਂ ਦਾ ਘਰ ਸਦਾ ਲਈ ਟਿਕਾਣਾ ਨਹੀਂ ਹੁੰਦਾ, ਪਰ ਉੱਥੇ ਬਿਤਾਏ ਕੁਝ ਦਿਨ ਸਾਰੀ ਉਮਰ ਦੀਆਂ ਮਿੱਠੀਆਂ ਯਾਦਾਂ ਬਣ ਜਾਂਦੇ ਹਨ। ਖ਼ਾਸ ਕਰਕੇ ਸਕੂਲੀ ਛੁੱਟੀਆਂ ਦੌਰਾਨ ਨਾਨੀ, ਮਾਮੇ, ਮਾਮੀਆਂ ਅਤੇ ਮਾਸੀਆਂ ਦਾ ਪਿਆਰ ਦਿਲ ਨੂੰ ਖਿੱਚਦਾ ਸੀ। ਉਨ੍ਹਾਂ ਦੇ ਮਿੱਠੇ ਬੋਲ ਅਤੇ ਖਾਣ-ਪੀਣ ਦੀ ਖ਼ਾਸ ਖਾਤਰਦਾਰੀ ਬੱਚੇ ਦੇ ਮਨ ਵਿੱਚ ਵੱਖਰਾ ਹੀ ਪਿਆਰ ਪੈਦਾ ਕਰ ਦਿੰਦੀ ਸੀ।

Advertisement

ਦੇਹਲਾ ਸ਼ੀਹਾਂ ਅਤੇ ਲੇਹਲ ਕਲਾਂ ਦੀ ਬੋਲੀ ਵਿੱਚ ਇੱਕ ਅਨੋਖੀ ਮਿਠਾਸ ਸੀ। ਭਾਵੇਂ ਇਨ੍ਹਾਂ ਵਿੱਚੋਂ ਬਹੁਤ ਸਾਰੇ ਪਿੰਡਾਂ ਦੀ ਬੋਲਚਾਲ ਵੀ ਹਰਿਆਣਵੀ ਪ੍ਰਭਾਵ ਵਾਲੀ ਹੈ, ਪਰ ਦੇਹਲਾ ਸ਼ੀਹਾਂ ਅਤੇ ਲੇਹਲ ਕਲਾਂ ਦੀ ਆਮ ਗੱਲਬਾਤ ਵਿੱਚ ਅਪਣਾਪਣ ਸਾਫ਼ ਮਹਿਸੂਸ ਹੁੰਦਾ ਸੀ। ਇੱਥੋਂ ਤੱਕ ਕਿ ਗੁੱਸੇ ਦੀ ਬੋਲਚਾਲ ਵੀ ਨਿਵੇਕਲੀ ਲੱਗਦੀ ਸੀ। ਲੋਕ ਆਪਣੇ ਮਨ ਦੀ ਗੱਲ ਬਿਨਾਂ ਕਿਸੇ ਲੁਕਾਵਟ ਦੇ ਸਿੱਧੀ ਕਹਿੰਦੇ ਸਨ। ਬੋਲੀਆਂ ਵਿੱਚ ਸੱਚਾਈ ਅਤੇ ਦਿਲਾਂ ਵਿੱਚ ਪਿਆਰ ਹੁੰਦਾ ਸੀ, ਪਰ ਜੋ ਮਿਠਾਸ ‘ਬਾਈਓ’ ਸ਼ਬਦ ਲਾ ਕੇ ਸਾਹਮਣੇ ਵਾਲੇ ਨਾਲ ਗੱਲ ਕਰਦੇ ਹਨ ਤਦ ਸਤਿਕਾਰ ’ਚੋਂ ਮਿਠਾਸ ਡੁੱਲ੍ਹ ਡੁੱਲ੍ਹ ਪੈਂਦਾ ਹੈ।

ਸਾਲ 1963-64 ਦੇ ਦਿਨ ਅੱਜ ਵੀ ਯਾਦ ਆਉਂਦੇ ਹਨ, ਜਦੋਂ ਮੈਂ ਆਪਣੇ ਮਾਤਾ-ਪਿਤਾ ਨਾਲ ਊਠ ਉੱਤੇ ਚੜ੍ਹ ਕੇ ਪਿੰਡਾਂ ਦੀਆਂ ਪਗਡੰਡੀਆਂ ਰਾਹੀਂ ਦੇਹਲਾ ਸ਼ੀਹਾਂ ਜਾਂਦਾ ਸੀ। ਖੇਤਾਂ ਵਿੱਚ ਲਹਿਰਾਉਂਦੀਆਂ ਫ਼ਸਲਾਂ ਅਤੇ ਠੰਢੀ ਰੁੰਮਕਦੀ ਪੌਣ ਮਨ ਨੂੰ ਅਦਭੁੱਤ ਸਕੂਨ ਦਿੰਦੀ ਸੀ। ਉਸ ਰਸਤੇ ਦੇ ਕਿਸਾਨ ਵੀ ਸਾਡੇ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਮੇਰੇ ਪਿਤਾ ਜੀ ਨੂੰ ਉਹ ਆਪਣੇ ਪਿੰਡ ਦਾ ਜਵਾਈ ਮੰਨਦੇ ਅਤੇ ਬਹੁਤ ਮਾਣ ਦਿੰਦੇ ਸਨ।

ਬਾਜਰੇ ਚੁਗਦੇ ਜਾਂ ਡੁੰਗਦੇ ਕਿਸਾਨ ਹੱਥ ਖੜ੍ਹਾ ਕਰਕੇ ਆਵਾਜ਼ ਮਾਰਦੇ, ‘ਪ੍ਰਾਹੁਣਿਆਂ, ਚਾਹ ਪੀਕੇ ਜਾਈਂ।’ ਇਨ੍ਹਾਂ ਪਿੰਡਾਂ ਵਿੱਚ ‘ਪ੍ਰਾਹੁਣਾ’ ਸ਼ਬਦ ਖ਼ਾਸ ਤੌਰ ’ਤੇ ਜਵਾਈ ਲਈ ਵਰਤਿਆ ਜਾਂਦਾ ਸੀ। ਜੇ ਕਿਤੇ ਚਾਹ ਬਣੀ ਹੁੰਦੀ ਤਾਂ ਅੱਗੇ ਹੋ ਕੇ ਸਤਿਕਾਰ ਨਾਲ ਚਾਹ ਪਿਲਾਈ ਜਾਂਦੀ ਅਤੇ ਊਠ ਜਾਂ ਬੋਤੇ ਲਈ ਗੁਆਰੇ ਦਾ ਥੱਬਾ ਵੀ ਪਾਇਆ ਜਾਂਦਾ। ਇਹ ਸਿਰਫ਼ ਰਸਮ ਨਹੀਂ ਸੀ, ਇਹ ਦਿਲਾਂ ਦੀ ਸੱਚੀ ਮਹਿਮਾਨ-ਨਿਵਾਜ਼ੀ ਸੀ।

ਉਸ ਸਮੇਂ ਪਿੰਡਾਂ ਵਿੱਚ ਲੋਕ ਇੱਕ-ਦੂਜੇ ਦੇ ਦੁੱਖ-ਸੁੱਖ ਵਿੱਚ ਬੜੀ ਸਾਂਝ ਨਾਲ ਖੜ੍ਹਦੇ ਸਨ। ਜੇ ਕਿਸੇ ਘਰ ਵਿੱਚ ਵਿਆਹ ਹੋਵੇ ਤਾਂ ਸਾਰੇ ਸੱਤ ਪਿੰਡਾਂ ਦੇ ਲੋਕ ਆਪਣਾ ਕੰਮ ਸਮਝ ਕੇ ਪਹੁੰਚਦੇ ਸਨ। ਕੋਈ ਲੰਗਰ ਦੀ ਸੇਵਾ ਕਰਦਾ, ਕੋਈ ਮਹਿਮਾਨਾਂ ਦੀ ਸੰਭਾਲ ਅਤੇ ਕੋਈ ਘਰ ਦੇ ਕੰਮਾਂ ਵਿੱਚ ਹੱਥ ਵਟਾਉਂਦਾ। ਇਸੇ ਤਰ੍ਹਾਂ ਜੇ ਕਿਸੇ ਘਰ ਵਿੱਚ ਕੋਈ ਦੁਖਦਾਈ ਘਟਨਾ ਹੋ ਜਾਵੇ ਤਾਂ ਸਾਰੇ ਪਿੰਡ ਦੇ ਲੋਕ ਪਰਿਵਾਰ ਦੇ ਮੈਂਬਰਾਂ ਵਾਂਗ ਨਾਲ ਖੜ੍ਹਦੇ ਸਨ। ਇਹ ਸਾਂਝ ਅਤੇ ਆਪਣਾਪਣ ਹੀ ਪਿੰਡਾਂ ਦੀ ਅਸਲ ਤਾਕਤ ਹੁੰਦੀ ਸੀ।

ਇਨ੍ਹਾਂ ਸੱਤ ਪਿੰਡਾਂ ਦੇ ਬਜ਼ੁਰਗਾਂ ਦੀ ਸੋਚ ਵੀ ਬੜੀ ਉੱਚੀ ਸੀ। ਉਹ ਆਪਸ ਵਿੱਚ ਧੀਆਂ ਦੇ ਰਿਸ਼ਤੇ ਨਹੀਂ ਕਰਦੇ ਸਨ। ਬਾਕੀ ਛੇ ਪਿੰਡਾਂ ਦੀ ਧੀ ਨੂੰ ਆਪਣੀ ਧੀ ਸਮਝਿਆ ਜਾਂਦਾ ਸੀ। ਇਹ ਰਿਸ਼ਤਾ ਸਿਰਫ਼ ਖੂਨ ਦਾ ਨਹੀਂ, ਸਤਿਕਾਰ ਅਤੇ ਭਾਈਚਾਰੇ ਦਾ ਸੀ। ਇਸ ਕਰਕੇ ਪਿੰਡਾਂ ਵਿੱਚ ਆਪਸੀ ਪਿਆਰ ਅਤੇ ਵਿਸ਼ਵਾਸ ਦੀ ਮਜ਼ਬੂਤ ਡੋਰ ਬਣੀ ਰਹਿੰਦੀ ਸੀ, ਪਰ ਸਮੇਂ ਦੇ ਨਾਲ ਬਹੁਤ ਕੁਝ ਬਦਲ ਗਿਆ। ਅੱਜ ਦੀ ਨਵੀਂ ਪੀੜ੍ਹੀ ਇਸ ਬਦਲਾਅ ਨੂੰ ਤਰੱਕੀ ਕਹਿੰਦੀ ਹੋਵੇਗੀ, ਪਰ ਪੁਰਾਣੀ ਪੀੜ੍ਹੀ ਲਈ ਇਹ ਸਾਂਝ ਅਤੇ ਸ਼ਰਮ-ਹਿਆ ਦੇ ਘਟਦੇ ਨਿਸ਼ਾਨ ਹਨ। ਅੱਜ ਹਾਲਾਤ ਇਹ ਹਨ ਕਿ ਲੋਕ ਗੁਆਂਢੀ ਪਿੰਡਾਂ ਹੀ ਨਹੀਂ, ਆਪਣੇ ਹੀ ਪਿੰਡ ਅਤੇ ਗਲੀ-ਮੁਹੱਲੇ ਵਿੱਚ ਰਿਸ਼ਤੇ ਕਰਾਉਣ ਤੋਂ ਵੀ ਨਹੀਂ ਝਿਜਕਦੇ। ਭਾਈਚਾਰੇ ਦੀ ਉਹ ਪਵਿੱਤਰ ਭਾਵਨਾ ਕਿਤੇ ਪਿੱਛੇ ਛੁੱਟਦੀ ਨਜ਼ਰ ਆਉਂਦੀ ਹੈ।

ਜਦੋਂ 1960 ਦੇ ਦਹਾਕੇ ਦੀ ਸਾਂਝ, ਸਤਿਕਾਰ ਅਤੇ ਮਰਿਆਦਾ ਨੂੰ ਅੱਜ ਦੀ ਸਵਾਰਥੀ ਤੇ ਰੁਝੇਵਿਆਂ ਭਰਪੂਰ ਜ਼ਿੰਦਗੀ ਨਾਲ ਤੋਲਦਾ ਹਾਂ ਤਾਂ ਮਨ ਅੰਦਰੋਂ ਹਿਲ ਜਾਂਦਾ ਹੈ। ਅੱਜ ਸੁਵਿਧਾਵਾਂ ਵਧ ਗਈਆਂ ਹਨ, ਪਰ ਦਿਲਾਂ ਦੀ ਨੇੜਤਾ ਘਟ ਗਈ ਹੈ। ਪੁਰਾਣੇ ਲੋਕ ਘੱਟ ਸਾਧਨਾਂ ਵਿੱਚ ਵੀ ਵੱਡੇ ਦਿਲ ਵਾਲੇ ਸਨ। ਉਹ ਰਿਸ਼ਤਿਆਂ ਨੂੰ ਨਿਭਾਉਣਾ ਜਾਣਦੇ ਸਨ, ਜਦਕਿ ਅੱਜ ਇਨਸਾਨ ਕੋਲ ਸਭ ਕੁਝ ਹੋ ਕੇ ਵੀ ਆਪਣੇਪਣ ਦੀ ਕਮੀ ਮਹਿਸੂਸ ਹੁੰਦੀ ਹੈ। ਕਦੇ ਪੰਜਾਬ ਦੇ ਪਿੰਡ ਆਪਣੇ ਗੋਤ ਦੇ ਪਿੰਡਾਂ ਦੀ ਧੀ ਨੂੰ ਆਪਣੀ ਸਮਝ ਕੇ ਆਪਣੇ ਪੁੱਤ ਲਈ ਰਿਸ਼ਤਾ ਨਹੀਂ ਲੈਂਦੇ ਸਨ, ਜਦੋਂ ਕਿ ਅੱਜ ਆਪਣੇ ਗਲੀ ਗੁਆਂਢ ਜਾਂ ਪਰਿਵਾਰਕ ਰਿਸ਼ਤਿਆਂ ਦੀ ਪਰਵਾਹ ਨਹੀਂ ਕੀਤੀ ਜਾਂਦੀ। ਦੇਹਲਾ ਸ਼ੀਹਾਂ ਅਤੇ ਉਸ ਨਾਲ ਜੁੜੇ ਇਹ ਸੱਤ ਪਿੰਡ ਸਿਰਫ਼ ਭੂਗੋਲਿਕ ਇਕਾਈਆਂ ਨਹੀਂ ਸਨ, ਸਗੋਂ ਪਿਆਰ, ਸਾਂਝ ਅਤੇ ਭਾਈਚਾਰੇ ਦੀ ਜਿਉਂਦੀ ਜਾਗਦੀ ਮਿਸਾਲ ਸਨ। ਅੱਜ ਵੀ ਜਦੋਂ ਉਹ ਪੁਰਾਣੇ ਦਿਨ ਯਾਦ ਆਉਂਦੇ ਹਨ ਤਾਂ ਮਨ ਮਾਣ ਨਾਲ ਭਰ ਜਾਂਦਾ ਹੈ, ਪਰ ਨਾਲ ਹੀ ਇਹ ਸੋਚ ਕੇ ਅਫ਼ਸੋਸ ਵੀ ਹੁੰਦਾ ਹੈ ਕਿ ਕਿਤੇ ਅਸੀਂ ਤਰੱਕੀ ਦੀ ਦੌੜ ਵਿੱਚ ਆਪਣੀ ਸਾਂਝੀ ਵਿਰਾਸਤ ਤਾਂ ਨਹੀਂ ਗੁਆ ਬੈਠੇ।

ਸੰਪਰਕ: 98769-57180

Advertisement
×