DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤੈਨੂੰ ਸੂਟ ਸੂਟ ਕਰਦਾ...

ਦੁਨੀਆ ਵਿੱਚ ਹਰ ਕੋਈ ਸੋਹਣਾ ਦਿਖਣਾ ਚਾਹੁੰਦਾ ਹੈ। ਇਹ ਮਨੁੱਖ ਦੀ ਮੁੱਢ ਕਦੀਮੋਂ ਹੀ ਇੱਛਾ ਰਹੀ ਹੈ। ਕੁਝ ਨੂੰ ਕੁਦਰਤੀ ਸੁਹੱਪਣ ਮਿਲਿਆ ਹੁੰਦਾ ਹੈ ਤੇ ਕੁਝ ਸੋਹਣਾ ਦਿਸਣ ਲਈ ਵੱਖ-ਵੱਖ ਤਰੀਕੇ ਵਰਤਦੇ ਹਨ। ਅੱਜ ਦੇ ਦੌਰ ਵਿੱਚ ਤਾਂ ਇਸ ਸਬੰਧੀ...

  • fb
  • twitter
  • whatsapp
  • whatsapp
Advertisement

ਦੁਨੀਆ ਵਿੱਚ ਹਰ ਕੋਈ ਸੋਹਣਾ ਦਿਖਣਾ ਚਾਹੁੰਦਾ ਹੈ। ਇਹ ਮਨੁੱਖ ਦੀ ਮੁੱਢ ਕਦੀਮੋਂ ਹੀ ਇੱਛਾ ਰਹੀ ਹੈ। ਕੁਝ ਨੂੰ ਕੁਦਰਤੀ ਸੁਹੱਪਣ ਮਿਲਿਆ ਹੁੰਦਾ ਹੈ ਤੇ ਕੁਝ ਸੋਹਣਾ ਦਿਸਣ ਲਈ ਵੱਖ-ਵੱਖ ਤਰੀਕੇ ਵਰਤਦੇ ਹਨ। ਅੱਜ ਦੇ ਦੌਰ ਵਿੱਚ ਤਾਂ ਇਸ ਸਬੰਧੀ ਸਭ ਨੂੰ ਪਾਗਲਪਣ ਛਾਇਆ ਹੋਇਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸੇ ਦੇ ਸੁੰਦਰ ਦਿਖਣ ਵਿੱਚ ਕੱਪੜਿਆਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਅੱਜਕੱਲ੍ਹ ਕੱਪੜਿਆਂ ਦਾ ਨਿੱਤ ਨਵਾਂ ਡਿਜ਼ਾਈਨ ਬਾਜ਼ਾਰ ਵਿੱਚ ਆ ਰਿਹਾ ਹੈ, ਆਮ ਬੰਦੇ ਦਾ ਕੱਪੜੇ ਦੇਖ ਕੇ ਸਿਰ ਚਕਰਾ ਜਾਂਦਾ ਹੈ।

ਇੱਕ ਸਮਾਂ ਹੁੰਦਾ ਸੀ, ਜਦੋਂ ਲੋਕਾਂ ਦੇ ਆਰਥਿਕ ਸਾਧਨ ਸੀਮਤ ਸਨ। ਉਨ੍ਹਾਂ ਨੂੰ ਕਿੰਨਾ-ਕਿੰਨਾ ਸਮਾਂ ਕੱਪੜੇ ਹੀ ਨਸੀਬ ਨਹੀਂ ਹੁੰਦੇ ਸਨ। ਆਲਮ ਇਹ ਸੀ ਕਿ ਵਿਆਹ ਵਿੱਚ ਜਾਣ ਲੱਗੇ ਲੋਕ ਕੱਪੜੇ ਮੰਗ ਕੇ ਪਾ ਕੇ ਜਾਂਦੇ ਸਨ। ਕਿਸਾਨੀ ਪਰਿਵਾਰਾਂ ਵਿੱਚ ਤਾਂ ਹਾੜੀ ਤੇ ਸਾਉਣੀ ਦੀ ਫ਼ਸਲ ਉੱਤੇ ਕੱਪੜੇ ਬਣਦੇ ਸਨ। ਗ਼ਰੀਬ ਲਈ ਇਹ ਸੁਫ਼ਨਾ ਹੀ ਹੁੰਦਾ ਸੀ। ਆਮ ਪਰਿਵਾਰਾਂ ਵਿੱਚ ਵੀ ਅਜਿਹਾ ਸਮਾਂ ਰਿਹਾ ਹੈ ਕਿ ਇੱਕ ਦੂਜੇ ਦੇ ਕੱਪੜੇ ਕੱਟ ਕੇ ਛੋਟੇ ਬੱਚਿਆਂ ਦੇ ਕੱਪੜੇ ਵੀ ਬਣਾ ਦਿੱਤੇ ਜਾਂਦੇ ਸਨ, ਪਰ ਹੁਣ ਸਮਾਂ ਬਦਲ ਚੁੱਕਿਆ ਹੈ ਤੇ ਲੋਕਾਂ ਦੀ ਆਰਥਿਕ ਦਸ਼ਾ ਸੁਧਰ ਚੁੱਕੀ ਹੈ। ਹੁਣ ਕੱਪੜੇ ਖ਼ਰੀਦਣਾ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਰਹੀ।

Advertisement

ਕੱਪੜਿਆਂ ਦੇ ਸਬੰਧ ਵਿੱਚ ਇਹ ਦੇਖਿਆ ਗਿਆ ਹੈ ਆਦਮੀ ਨਾਲੋਂ ਔਰਤਾਂ ਨੂੰ ਸੂਟਾਂ ਦਾ ਵੱਧ ਧਿਆਨ ਰਹਿੰਦਾ ਹੈ। ਕਿਹਾ ਜਾਂਦਾ ਹੈ ਜੇਕਰ ਦੋਵਾਂ ਯਾਨੀ ਪਤੀ ਤੇ ਪਤਨੀ ਨੇ ਕਿਸੇ ਪ੍ਰੋਗਰਾਮ ’ਤੇ ਜਾਣਾ ਹੋਵੇ, ਆਦਮੀ ਹਮੇਸ਼ਾਂ ਗੱਲਬਾਤ ਦੇ ਵਿਸ਼ੇ ਬਾਰੇ ਸੋਚਦਾ ਹੈ ਅਤੇ ਔਰਤ ਇਹ ਸੋਚਦੀ ਰਹਿੰਦੀ ਹੈ ਕਿ ਮੈਂ ਕਿਹੜਾ ਸੂਟ ਪਾ ਕੇ ਜਾਵਾਂਗੀ। ਔਰਤਾਂ ਸੂਟਾਂ ਦੇ ਮਾਮਲੇ ਵਿੱਚ ਘੱਟ ਨਹੀਂ ਕਹਾਉਂਦੀਆਂ। ਇਨ੍ਹਾਂ ਨੂੰ ਹਰੇਕ ਥਾਂ ਇਹ ਡਰ ਲੱਗਿਆ ਰਹਿੰਦਾ ਹੈ ਕਿ ਕਿਤੇ ਕੋਈ ਇਹ ਨਾ ਕਹਿ ਦੇਵੇ ਕਿ ਤੂੰ ਇਹ ਸੂਟ ਪਹਿਲਾਂ ਵਾਲੇ ਵਿਆਹ ’ਤੇ ਵੀ ਪਾਇਆ ਸੀ।

Advertisement

ਨਾਨਕਸ਼ੱਕ ਜਾਂ ਵਿਆਹ ਵੇਲੇ ਬਾਕੀ ਜੋ ਮਰਜ਼ੀ ਹੋਈ ਚੱਲੇ, ਪਰ ਜੇਕਰ ਸੂਟ ਚੰਗੇ ਆ ਜਾਣ ਤਾਂ ਬੱਲੇ ਬੱਲੇ ਨਹੀਂ ਤਾਂ ਫਿਰ ਸਾਰੀ ਉਮਰ ਉਲਾਂਭੇ ਹੀ ਦਈ ਜਾਂਦੀਆਂ ਰਹਿੰਦੀਆਂ ਹਨ। ਇਹ ਗੱਲਾਂ ਕਈ ਵਾਰੀ ਕਿਸੇ ਗ਼ਰੀਬ ਲਈ ਬਹੁਤ ਮਹਿੰਗੀਆਂ ਹੋ ਨਿੱਬੜਦੀਆਂ ਹਨ। ਅੱਜ ਦੇ ਦੌਰ ਵਿੱਚ ਜਿੱਥੇ ਕੱਪੜਾ ਖ਼ਰੀਦਣਾ ਆਮ ਹੋ ਗਿਆ ਹੈ, ਉੱਥੇ ਹੁਣ ਇਸ ਦੀਆਂ ਕਿਸਮਾਂ, ਰੰਗਾਂ ਅਤੇ ਡਿਜ਼ਾਈਨਾਂ ਵਿੱਚ ਭਰਮਾਰ ਆ ਗਈ ਹੈ। ਆਏ ਦਿਨ ਨਵੇਂ ਡਿਜ਼ਾਈਨ ਤੇ ਕਿਸਮਾਂ ਬਾਜ਼ਾਰ ਵਿੱਚ ਆ ਰਹੀਆਂ ਹਨ। ਇਸ ਦੇ ਮੱਦੇਨਜ਼ਰ ਹਰ ਔਰਤ ਦੀ ਇੱਛਾ ਹੁੰਦੀ ਹੈ ਕਿ ਉਸ ਕੋਲ ਨਵੇਂ ਡਿਜ਼ਾਈਨ ਦਾ ਸੂਟ ਹੋਵੇ, ਜਿਸ ਨੂੰ ਹਰ ਕੋਈ ਦੇਖ ਕੇ ਤਾਰੀਫ਼ ਕਰੇ ਬਿਨਾਂ ਨਾ ਰਹਿ ਸਕੇ। ਸਿਲਾਈ ਪੱਖੋਂ ਵੀ ਡਿਜ਼ਾਈਨਾਂ ਦੀ ਕੋਈ ਘਾਟ ਨਹੀਂ ਜਿਵੇਂ ਪਟਿਆਲਾ ਸ਼ਾਹੀ, ਪਠਾਣੀ ਸਲਵਾਰ, ਪਾਕਿਸਤਾਨੀ ਕੁੜਤੇ, ਪਲਾਜੋ, ਲੂਜ ਪਲਾਜੋ, ਸ਼ਰਾਰਾ, ਗਰਾਰਾ, ਫਰਾਕ ਸੂਟ, ਪਜਾਮੀ ਸੂਟ, ਨੈਰੋ ਸਟਰੇਟ ਸਲਵਾਰਾਂ ਆਦਿ।

ਪੰਜਾਬੀ ਸੱਭਿਆਚਾਰ ਦੀ ਇਹ ਖੂਬਸੂਰਤੀ ਹੈ ਕਿ ਇਸ ਦੇ ਗੀਤਾਂ ਵਿੱਚ ਵੀ ਔਰਤਾਂ ਦੇ ਕੱਪੜਿਆਂ ਦੀ ਚਰਚਾ ਹੁੰਦੀ ਰਹਿੰਦੀ ਹੈ। ਜਿਹੋ ਜਿਹੇ ਕੱਪੜਿਆਂ ਦੇ ਡਿਜ਼ਾਈਨ ਹੁੰਦੇ ਹਨ, ਉਸ ਤਰ੍ਹਾਂ ਦੇ ਹੀ ਗੀਤ ਸਿਰਜ ਦਿੱਤੇ ਜਾਂਦੇ ਹਨ। ਜਿਵੇਂ;

ਨੈਰੋ ਸਲਵਾਰ

ਸੂਟ ਰੈੱਡ ਮਿੱਤਰਾ

***

ਜਿਹੜੇ ਕਲਰ ਪਸੰਦ ਤੈਨੂੰ ਸੂਟਾਂ ਦੇ

ਮੈਂ ਉਹੀ ਹੁਣ ਪਾਉਣ ਲੱਗ ਪਈ।

ਸੂਟਾਂ ਤੋਂ ਪੰਜਾਬੀ ਸੱਭਿਆਚਾਰ ਵਿੱਚ ਕਿੰਨੇ ਹੀ ਗੀਤ ਤੇ ਬੋਲੀਆਂ ਹੋਂਦ ਵਿੱਚ ਆਈਆਂ ਹਨ। ਜਿਵੇਂ;

ਸੂਟ ਲੈ ਲੈ ਮੈਂ ਨਾ ਰੱਜਦੀ

ਮੈਨੂੰ ਦੇਖ ਦੇਖ ਜੱਟ ਨਹੀਂ ਰੱਜਦਾ।

***

ਤੈਨੂੰ ਸੂਟ ਸੂਟ ਕਰਦਾ

ਨੀਂ ਤੂੰ ਲੱਗਦੀ ਮਜਾਜਣ ਭਾਰੀ।

***

ਬਸ ਸੋਹਣੇ ਸੋਹਣੇ ਸੂਟ

ਦਿਵਾਉਂਦਾ ਰਹੀਂ ਜੱਟੀ ਨੂੰ।

***

ਨੋਟ ਨੂਟ ਲੱਗ ਜਾਣ ਜਿੰਨੇ ਮਰਜ਼ੀ

ਰਹਿ ਜੇ ਨਾ ਡਿਜ਼ਾਈਨਰ ਕੋਈ ਕਮੀ ਸੂਟ ’ਚ।

ਜਿੱਥੇ ਘਰਵਾਲੀ ਸੋਹਣੇ ਢੰਗ ਨਾਲ ਸਜਣ ਤੇ ਫੱਬਣ ਲਈ ਸੂਟਾਂ ਦੀ ਮੰਗ ਕਰਦੀ ਹੈ, ਘਰਵਾਲਾ ਇਸ ਨੂੰ ਵਾਧੂ ਖ਼ਰਚ ਮੰਨਦਾ ਕਹਿੰਦਾ ਹੈ;

ਛੱਡ ਸੂਟ ਦਾ ਖਹਿੜਾ

ਕਿਉਂ ਘਰ ਪੱਟਣ ਲੱਗੀ ਐਂ

ਇਸੇ ਤਰ੍ਹਾਂ ਸੂਟਾਂ ’ਤੇ ਭਾਂਤ ਭਾਂਤ ਦੀਆਂ ਬੋਲੀਆਂ ਵੀ ਰਚੀਆਂ ਗਈਆਂ ਹਨ:

ਜੇ ਮੁੰਡਿਆ ਮੈਨੂੰ ਨੱਚਦੀ ਦੇਖਣਾ

ਸੂਟ ਸਵਾ ਦੇ ਫਿੱਟ ਮੁੰਡਿਆ

ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡਿਆ।

ਦੂਜੇ ਪਾਸੇ ਦੇਖੀਏ ਤਾਂ ਮਹਿੰਗਾਈ, ਸੂਟਾਂ ਦੇ ਡਿਜ਼ਾਈਨ, ਫਿਰ ਦਰਜ਼ੀ ਦੇ ਗੇੜੇ, ਭਾਂਤ ਭਾਂਤ ਦੇ ਗੋਟੇ ਤੋਂ ਕਈ ਵਾਰ ਦਰਜੀ ਜਾਂ ਦੁਕਾਨਦਾਰ ਤਾਂ ਕੀ ਘਰ ਵਾਲੇ ਵੀ ਅੱਕ ਜਾਂਦੇ ਹਨ। ਦੁਕਾਨਦਾਰ ਵੀ ਅੱਕ ਕੇ ਕਹਿ ਦਿੰਦੇ ਨੇ ਕਿ ਭਾਈ ਰੰਗ ਤਾਂ ਪੰਜ ਸੱਤ ਹੀ ਹੁੰਦੇ ਨੇ ਤੁਹਾਨੂੰ ਤਾਂ ਸੱਤਰ ਅੱਸੀ ਸੂਟ ਚਾਹੀਦੇ ਹਨ। ਹੋਰ ਰੰਗ ਕਿੱਥੋਂ ਲਿਆਈਏ? ਔਰਤਾਂ ਦੀ ਉਹ ਇਸੇ ਇੱਛਾ ਕਰਕੇ ਚੰਗਾ ਪੈਸਾ ਵੀ ਕਮਾਉਂਦੇ ਹਨ। ਇਹ ਗੱਲਾਂ ਔਰਤਾਂ ਦੇ ਪਤੀਆਂ ਨੂੰ ਨਾ-ਖੁਸ਼ਗਵਾਰ ਜਾਪਦੀਆਂ ਹਨ।

ਖੈਰ ਸੂਟ ਮਿਲਦਿਆਂ ਔਰਤਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਬੇਸ਼ੱਕ ਅੱਜ ਕਈ ਤਰ੍ਹਾਂ ਦਾ ਪੱਛਮੀ ਪਹਿਰਾਵਾ ਵੀ ਹਰਮਨਪਿਆਰਾ ਹੋ ਰਿਹਾ ਹੈ, ਪਰ ਸੂਟਾਂ ਦੀ ਸਰਦਾਰੀ ਕਾਇਮ ਹੈ। ਸ਼ਾਲਾ! ਜਿਉਂਦੇ ਰਹਿਣ ਕਮਾਈਆਂ ਕਰਨ ਵਾਲੇ ਤੇ ਜਿਉਂਦੀਆਂ ਰਹਿਣ ਸੂਟ ਹੰਢਾਉਣ ਵਾਲੀਆਂ।

ਸੰਪਰਕ: 94636-03091

Advertisement
×