
ਨਵੀਂ ਦਿੱਲੀ, 22 ਫਰਵਰੀ
ਫਿਲਮ ਨਿਰਦੇਸ਼ਕ ਅਨੁਰਾਗ ਬਾਸੂ ਦਾ ਕਹਿਣਾ ਹੈ ਕਿ ਫਿਲਮਸਾਜ਼ਾਂ ਵੱਲੋਂ ਅਕਸਰ ਬੋਲਡ ਵਿਸ਼ਿਆਂ ਦੀ ਚੋਣ ਕਰ ਕੇ ਉਨ੍ਹਾਂ ਨੂੰ ਵੱਖ ਵੱਖ ਮਾਧਿਅਮਾਂ ਰਾਹੀਂ ਪੇਸ਼ ਕੀਤਾ ਜਾਂਦਾ ਹੈ। ਫਿਰ ਵੀ ਉਨ੍ਹਾਂ ਨੂੰ ਰਚਨਾਤਮਕਤਾ ਦੀ ਆਜ਼ਾਦੀ ਅਤੇ ਉਸ ਦੀ ਦੁਰਵਰਤੋਂ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ। ਅਨੁਰਾਗ ਨੇ ਕਿਹਾ, ‘‘ਰਚਨਾਤਮਕਤਾ ਦੀ ਆਜ਼ਾਦੀ ਦੀ ਵਰਤੋਂ ਕਰਨ ਅਤੇ ਇਸ ਦੀ ਦੁਰਵਰਤੋਂ ਕਰਨ ਵਿਚਾਲੇ ਬਹੁਤ ਬਾਰੀਕ ਰੇਖਾ ਹੈ। ਫਿਲਮਸਾਜ਼ਾਂ ਨੂੰ ਵਿਲੱਖਣ ਕਹਾਣੀਆਂ ਪੇਸ਼ ਕਰਦਿਆਂ ਬੋਲਣ ਦੀ ਆਜ਼ਾਦੀ ਦੀ ਵਰਤੋਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।’’ ਕੁਝ ਮਹੀਨੇ ਪਹਿਲਾਂ ਉਸ ਦੀ ਫਿਲਮ ‘ਲੂਡੋ’ ਓਟੀਟੀ ਪਲੈਟਫਾਰਮ ’ਤੇ ਰਿਲੀਜ਼ ਹੋਈ ਸੀ ਅਤੇ ਜਲਦੀ ਹੀ ਇਸ ਦਾ ਟੀਵੀ ਪ੍ਰੀਮੀਅਰ ਵੀ ਕੀਤਾ ਜਾਵੇਗਾ। ਉਸ ਨੇ ਕਿਹਾ, ‘ਵੱਡੇ ਪਰਦੇ ’ਤੇ ਵੀ ਕਈ ਫਿਲਮਸਾਜ਼ਾਂ ਵੱਲੋਂ ਬੋਲਡ ਵਿਸ਼ਿਆਂ ’ਤੇ ਕੰਮ ਕੀਤਾ ਗਿਆ ਹੈ। ਮੇਰੀ ਫਿਲਮ ‘ਲੂਡੋ’ ਵੀ ਅਜਿਹੇ ਕਈ ਵਿਸ਼ਿਆਂ ’ਤੇ ਆਧਾਰਿਤ ਹੈ। ਇਹ ਫਿਲਮ ਵੱਡੇ ਪਰਦੇ ਨੂੰ ਧਿਆਨ ਵਿੱਚ ਰੱਖਦਿਆਂ ਹੀ ਬਣਾਈ ਗਈ ਸੀ।’ ‘ਬਰਫੀ’, ‘ਲਾਈਫ ਇਨ ਏ ਮੈਟਰੋ’ ਅਤੇ ‘ਗੈਂਗਸਟਰ’ ਵਰਗੀਆਂ ਫਿਲਮਾਂ ਬਣਾ ਚੁੱਕੇ ਬਾਸੂ ਨੇ ਕਿਹਾ, ‘ਮੈਨੂੰ ਪੂਰਾ ਯਕੀਨ ਹੈ ਕਿ ਜਦੋਂ ਸਿਨੇਮਾਘਰ ਪੂਰੀ ਤਰ੍ਹਾਂ ਖੁੱਲ੍ਹ ਜਾਣਗੇ ਤਾਂ ਦਰਸ਼ਕ ਹੁੰਮ-ਹੁੰਮਾ ਕੇ ਪੁੱਜਣਗੇ। ਸਾਨੂੰ ਸਿਰਫ ਇੱਕ ਅਜਿਹੀ ਫਿਲਮ ਦੀ ਜ਼ਰੂਰਤ ਹੈ, ਜੋ ਇੰਨੀ ਹਲਚਲ ਪੈਦਾ ਕਰ ਦੇਵੇ ਕਿ ਲੋਕ ਸਿਨੇਮਾਘਰਾਂ ਵੱਲ ਖਿੱਚੇ ਚੱਲੇ ਆਉਣ। ‘ਮਾਸਟਰ’ ਫਿਲਮ ਰਿਲੀਜ਼ ਹੋਣ ਮਗਰੋਂ ਦੱਖਣ ਵਿੱਚ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਜਲਦੀ ਇਹ ਬੌਲੀਵੁੱਡ ਵਿੱਚ ਵੀ ਦਿਖਾਈ ਦੇਵੇਗੀ। ਇੱਕ ਵੱਡੀ ਫਿਲਮ ਆਉਣ ਨਾਲ ਚੀਜ਼ਾਂ ਬਦਲ ਜਾਣਗੀਆਂ।’ਪਿੱਛੇ ਜਿਹੇ ਅਨੁਰਾਗ ਇੱਕ ਰਿਐਲਿਟੀ ਸ਼ੋਅ ‘ਸੁਪਰ ਡਾਂਸਰ’ ਵਿੱਚ ਜੱਜ ਦੀ ਭੂਮਿਕਾ ਵਿੱਚ ਵੀ ਨਜ਼ਰ ਆਇਆ ਸੀ। ਜਦੋਂ ਉਸ ਕੋਲੋਂ ਪੁੱਛਿਆ ਗਿਆ ਕਿ ਫਿਲਮ ਬਣਾਉਣ ਅਤੇ ਟੀਵੀ ’ਤੇ ਜੱਜ ਕਰਨ ’ਚੋਂ ਉਹ ਕਿਸ ਨੂੰ ਵੱਧ ਤਰਜੀਹ ਦਿੰਦਾ ਹੈ ਤਾਂ ਉਸ ਨੇ ਮਜ਼ਾਹੀਆ ਅੰਦਾਜ਼ ਵਿੱਚ ਕਿਹਾ, ‘ਖਾਣਾ ਬਣਾਉਣ ਨੂੰ।’ ਉਸ ਨੇ ਕਿਹਾ, ‘ਮੈਨੂੰ ਖਾਣਾ ਬਣਾਉਣਾ ਬਹੁਤ ਪਸੰਦ ਹੈ। ਮੇਰੀ ਪਤਨੀ ਅਤੇ ਪਰਿਵਾਰ ਸਮਝਦਾ ਹੈ ਕਿ ਮੈਂ ਫਿਲਮਾਂ ਤੋਂ ਜ਼ਿਆਦਾ ਵਧੀਆ ਖਾਣਾ ਬਣਾਉਂਦਾ ਹਾਂ।’ ਜ਼ਿਕਰਯੋਗ ਹੈ ਕਿ ‘ਲੂਡੋ’ ਦਾ ਟੈਲੀਵੀਜ਼ਨ ਪ੍ਰੀਮੀਅਰ 28 ਫਰਵਰੀ ਨੂੰ ਸੋਨੀ ਮੈਕਸ ’ਤੇ ਹੋਵੇਗਾ। -ਆਈਏਐੱਨਐੱਸ
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ
ਜ਼ਰੂਰ ਪੜ੍ਹੋ