DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖ਼ੁਦ ਨਾਲ ਲੜਨਾ ਛੱਡੋ

ਅੱਜ ਵਿਗਿਆਨ ਤਰੱਕੀਆਂ ਦੀ ਸਿਖਰਾਂ ਨੂੰ ਛੂਹ ਰਿਹਾ ਹੈ। ਦੁਨੀਆ ਵਿੱਚ ਨਵੀਨੀਕਰਨ ਹੋ ਰਿਹਾ ਹੈ, ਸੁੱਖ ਸਹੂਲਤਾਂ ਦੇ ਭੰਡਾਰ ਲੱਗੇ ਹੋਏ ਹਨ। ਐਸ਼ੋ ਆਰਾਮ ਦੀ ਹਰ ਸ਼ੈਅ ਮੌਜੂਦ ਹੈ, ਪਰ ਫਿਰ ਵੀ ਮਨੁੱਖ ਦੁਖੀ ਹੈ, ਮਾਨਸਿਕ ਤਣਾਅ ਵਿੱਚ ਹੈ, ਹਰ...

  • fb
  • twitter
  • whatsapp
  • whatsapp
Advertisement

ਅੱਜ ਵਿਗਿਆਨ ਤਰੱਕੀਆਂ ਦੀ ਸਿਖਰਾਂ ਨੂੰ ਛੂਹ ਰਿਹਾ ਹੈ। ਦੁਨੀਆ ਵਿੱਚ ਨਵੀਨੀਕਰਨ ਹੋ ਰਿਹਾ ਹੈ, ਸੁੱਖ ਸਹੂਲਤਾਂ ਦੇ ਭੰਡਾਰ ਲੱਗੇ ਹੋਏ ਹਨ। ਐਸ਼ੋ ਆਰਾਮ ਦੀ ਹਰ ਸ਼ੈਅ ਮੌਜੂਦ ਹੈ, ਪਰ ਫਿਰ ਵੀ ਮਨੁੱਖ ਦੁਖੀ ਹੈ, ਮਾਨਸਿਕ ਤਣਾਅ ਵਿੱਚ ਹੈ, ਹਰ ਸਮੇਂ ਅੰਦਰੋਂ ਅੰਦਰ ਘੁਲਦਾ ਰਹਿੰਦਾ ਹੈ ਤੇ ਆਪਣੇ ਆਪ ਨਾਲ ਲੜਦਾ ਰਹਿੰਦਾ ਹੈ। ਇਸ ਤੋਂ ਉਲਟ ਜੇ ਅੱਧੀ ਕੁ ਸਦੀ ਪਿਛਾਂਹ ਨੂੰ ਝਾਤੀ ਮਾਰੀਏ ਤਾਂ ਮਨੁੱਖ ਦੀ ਜ਼ਿੰਦਗੀ ਵਿੱਚੋਂ ਅੱਜ ਵਾਲੀਆਂ ਸਾਰੀਆਂ ਐਸ਼ੋ ਆਰਾਮ ਦੀਆਂ ਚੀਜ਼ਾਂ ਅਤੇ ਸੁੱਖ ਸਹੂਲਤਾਂ ਮਨਫੀ ਹੋ ਜਾਣਗੀਆਂ, ਪਰ ਮਨੁੱਖ ਦੀ ਮਾਨਸਿਕ ਖੁਸ਼ੀ ਅੱਜ ਨਾਲੋਂ ਕਈ ਗੁਣਾ ਵੱਧ ਨਜ਼ਰ ਆਵੇਗੀ।

ਉਦੋਂ ਦਾ ਮਨੁੱਖ ਮਿਹਨਤਕਸ਼, ਗਰਮੀਆਂ ਦੀਆਂ ਧੁੱਪਾਂ, ਸਰਦੀਆਂ ਦੀਆਂ ਠੰਢਾਂ ਵਿੱਚ ਪੈਦਲ ਤੁਰ ਕੇ, ਵਾਣ ਵਾਲੇ ਮੰਜਿਆਂ ਉੱਤੇ ਘਰੋੜੇ ਸੌਂ ਕੇ ਵੀ ਆਨੰਦਮਈ ਨੀਂਦ ਲੈਂਦਾ ਨਜ਼ਰ ਆਵੇਗਾ। ਅੱਜ ਘਰ ਵਿੱਚ ਏਸੀਆਂ ਦੀ ਠੰਢਕ ਵੀ ਉਸ ਦੇ ਦਿਮਾਗ਼ ਨੂੰ ਸ਼ਾਂਤ ਨਹੀਂ ਕਰ ਰਹੀ, ਵਾਹਨਾਂ ਦੀ ਸਵਾਰੀ ਕਰਕੇ ਵੀ ਉਹ ਮੀਲਾਂ ਤੁਰਨ ਵਾਲੇ ਵਿਅਕਤੀਆਂ ਤੋਂ ਵੱਧ ਅੱਕਿਆ ਤੇ ਥੱਕਿਆ ਹੋਇਆ ਨਜ਼ਰ ਆਉਂਦਾ ਹੈ। ਉਸ ਅੰਦਰ ਨਾਮੋਸ਼ੀ ਹੈ, ਉਸ ਅੰਦਰ ਅਸੰਤੁਸ਼ਟਤਾ ਹੈ, ਉਸ ਅੰਦਰ ਸਾੜਾ ਹੈ ਕਿਉਂਕਿ ਉਸ ਅੰਦਰ ਸਿਰਫ਼ ਨਿੱਜਤਾ ਹੈ ਜਿਸ ਕਰਕੇ ਉਸ ਦੀ ਸੋਚ ਦਾ ਦਾਇਰਾ ਸੁੰਗੜ ਗਿਆ ਹੈ। ਉਸ ਦੀ ਸੋਚ ਉਸ ਨੂੰ ਆਪਣੇ ਤੋਂ ਉੱਪਰ ਕੁਝ ਹੋਰ ਸੋਚਣ ਹੀ ਨਹੀਂ ਦਿੰਦੀ ਜਿਸ ਕਰਕੇ ਉਸ ਦੀ ਸੋਚ ਨੇ ਹੀ ਉਸ ਦੇ ਮਨ ਅੰਦਰ ਕਲੇਸ਼ ਪਾਇਆ ਹੋਇਆ ਹੈ। ਜਿਸ ਕਰਕੇ ਉਹ ਆਪਣੇ ਆਪ ਨਾਲ ਹੀ ਲੜਦਾ ਰਹਿੰਦਾ ਹੈ।

Advertisement

ਅੱਜ ਦਾ ਮਨੁੱਖ ਆਪਣੀ ਗ਼ਰੀਬੀ ਤੋਂ ਘੱਟ ਦੁਖੀ ਹੈ, ਪਰ ਦੂਜਿਆਂ ਦੀ ਅਮੀਰੀ ਉਸ ਨੂੰ ਬਹੁਤ ਸਤਾ ਰਹੀ ਹੈ। ਆਪਣੀ ਔਲਾਦ ਦੇ ਭਵਿੱਖ ਦੀ ਚਿੰਤਾ ਨਾਲੋਂ ਜ਼ਿਆਦਾ ਦੂਜਿਆਂ ਦੀ ਔਲਾਦ ਦੀ ਤਰੱਕੀ ਦਾ ਸਾੜਾ ਵੱਧ ਹੈ। ਆਪਣੇ ਘਰ ਦੀ ਛੱਤ ਦਾ ਆਨੰਦ ਲੈਣ ਦੀ ਬਜਾਏ ਦੂਜਿਆਂ ਦੀਆਂ ਕੋਠੀਆਂ ਉਸ ਦੀ ਸੋਚ ਦੇ ਰਸਤੇ ਘੇਰ ਕੇ ਖੜ੍ਹੀਆਂ ਹਨ। ਉਹ ਦੂਜਿਆਂ ਦੀ ਜਿੱਤ ਨੂੰ ਆਪਣੀ ਹਾਰ ਮੰਨਣ ਲੱਗ ਪਿਆ ਹੈ, ਦੂਜਿਆਂ ਦੀ ਖੁਸ਼ੀ ਉਸ ਅੰਦਰ ਉਦਾਸੀ ਪੈਦਾ ਕਰਦੀ ਹੈ। ਗੱਲ ਕੀ, ਅੱਜ ਮਨੁੱਖ ਸਭ ਕੁਝ ਕੋਲ ਹੁੰਦਿਆਂ ਹੋਇਆਂ ਵੀ ਸੋਚ ਪੱਖੋਂ ਗ਼ਰੀਬ ਹੋ ਗਿਆ ਹੈ। ਪ੍ਰਗਤੀ ਦੇ ਨਾਂ ’ਤੇ ਉਸ ਦੇ ਹਿੱਸੇ ਸਿਰਫ਼ ਮਾਨਸਿਕ ਉਲਝਣਾਂ ਹੀ ਆਈਆਂ ਹਨ। ਅੱਜ ਮਨੁੱਖ ਆਪਣੇ ਆਪ ਨਾਲ ਲੜਦਾ ਹੋਇਆ ਮਾਨਸਿਕ ਤੌਰ ’ਤੇ ਐਨਾ ਕਮਜ਼ੋਰ ਹੋ ਜਾਂਦਾ ਹੈ ਕਿ ਉਸ ਨੂੰ ਰਿਸ਼ਤਿਆਂ ਦੀ ਕਦਰ ਭੁੱਲ ਜਾਂਦੀ ਹੈ, ਆਪਣੀ ਅਨਮੋਲ ਜ਼ਿੰਦਗੀ ਦੀ ਕੀਮਤ ਨਜ਼ਰ ਨਹੀਂ ਆਉਂਦੀ, ਆਪਣੀ ਜ਼ਿੰਦਗੀ ਦੇ ਮਕਸਦ ਭੁੱਲ ਜਾਂਦਾ ਹੈ ਤੇ ਅਚਾਨਕ ਕਈ ਤਰ੍ਹਾਂ ਦੇ ਭਿਆਨਕ ਕਦਮ ਉਠਾ ਬੈਠਦਾ ਹੈ।

Advertisement

ਉਦਾਹਰਨ ਵਜੋਂ ਇੱਕ ਬਾਪ ਨੇ ਆਪਣੇ ਤਿੰਨ ਸਾਲ ਦੇ ਇਕਲੌਤੇ ਪੁੱਤਰ ਨੂੰ ਇਸ ਲਈ ਮਾਰ ਦਿੱਤਾ ਕਿ ਉਹ ਵੀ ਕਿਤੇ ਵੱਡਾ ਹੋ ਕੇ ਉਸ ਵਾਂਗ ਦਿਹਾੜੀਦਾਰ ਨਾ ਬਣੇ। ਇਹ ਉਸ ਦੇ ਦਿਮਾਗ਼ ਅੰਦਰ ਚੱਲਦੀਆਂ ਸੋਚਾਂ ਦੀ ਲੜਾਈ ਦਾ ਹੀ ਤਾਂ ਨਤੀਜਾ ਸੀ। ਜੇ ਕਿਤੇ ਉਹ ਆਪਣੀ ਪਤਨੀ ਨਾਲ ਇਸ ਬਾਰੇ ਗੱਲ ਕਰਦਾ ਤਾਂ ਹੋ ਸਕਦਾ ਹੈ ਕਿ ਉਹ ਉਸ ਨੂੰ ਹੌਸਲਾ ਦਿੰਦੀ ਕਿ ਉਹ ਉਸ ਨੂੰ ਪੜ੍ਹਾ ਲਿਖਾ ਕੇ ਉਸ ਦਾ ਭਵਿੱਖ ਉਸਾਰਨਗੇ ਤਾਂ ਉਸ ਦੀ ਆਪਣੀ ਦਿਮਾਗ਼ੀ ਲੜਾਈ ਖ਼ਤਮ ਹੋ ਕੇ ਸਕਾਰਾਤਮਕ ਸੋਚ ਪੈਦਾ ਹੁੰਦੀ। ਇੱਕ ਮਾਂ-ਬਾਪ ਨੇ ਤਿੰਨ ਸਾਲ ਦੀ ਆਪਣੀ ਧੀ ਦੀ ਬਿਮਾਰੀ ਤੋਂ ਦੁਖੀ ਹੋ ਕੇ ਧੀ ਸਮੇਤ ਆਤਮਹੱਤਿਆ ਕਰ ਲਈ, ਡਟ ਕੇ ਹਿੰਮਤ ਨਾਲ ਮੁਸੀਬਤ ਦਾ ਸਾਹਮਣਾ ਕਰਕੇ ਬੱਚੇ ਦਾ ਇਲਾਜ ਕਰਵਾਉਣ ਦੀ ਥਾਂ ਆਤਮਹੱਤਿਆ ਦਾ ਰਾਹ ਚੁਣਨਾ ਕਿੰਨੀ ਵੱਡੀ ਕਾਇਰਤਾ ਹੈ। ਇਸੇ ਤਰ੍ਹਾਂ ਔਲਾਦ ਦੁਆਰਾ ਮਾਪਿਆਂ ਨੂੰ ਮਾਰ ਦੇਣਾ, ਭਾਈ-ਭੈਣ ਨੂੰ ਜਾਂ ਭੈਣ-ਭਰਾ ਨੂੰ ਜਾਂ ਫਿਰ ਇਸ ਤੋਂ ਵੀ ਵੱਧ ਦੂਜਿਆਂ ਨੂੰ ਮੁਸੀਬਤ ਵਿੱਚ ਪਾਉਣ ਖਾਤਰ ਕਿਸੇ ਦਾ ਵੀ ਨਾਂ ਲੈ ਕੇ ਆਤਮਹੱਤਿਆ ਕਰ ਲੈਣਾ, ਇਹ ਸਭ ਖ਼ੁਦ ਨਾਲ ਲੜਨ ਦੇ ਨਤੀਜੇ ਹੀ ਤਾਂ ਹਨ।

ਜਦੋਂ ਮਨੁੱਖ ਅੰਦਰ ਆਲੇ ਦੁਆਲੇ ਦੇ ਵਾਤਾਵਰਨ ਨੂੰ ਵੇਖ ਕੇ ਉਸ ਵਿੱਚੋਂ ਪੈਦਾ ਹੋਈਆਂ ਮਨ ਦੇ ਅੰਦਰ ਵਾਲੀਆਂ ਸੋਚਾਂ ਨੂੰ ਉਹ ਨਕਾਰਾਤਮਕ ਢੰਗ ਨਾਲ ਲੈ ਕੇ ਸੋਚਦਾ ਹੈ ਤਾਂ ਉਸ ਅੰਦਰ ਇਹ ਵਾਵਰੋਲਿਆਂ ਵਾਂਗ ਕੰਮ ਕਰਦੀਆਂ ਹਨ। ਵਾਵਰੋਲੇ ਤਾਂ ਫਿਰ ਤਬਾਹੀ ਹੀ ਮਚਾਉਂਦੇ ਹਨ ਚਾਹੇ ਉਹ ਸੋਚਾਂ ਵਾਲੇ ਵਾਵਰੋਲੇ ਹੀ ਕਿਉਂ ਨਾ ਹੋਣ।

ਅੱਜ ਮਨੁੱਖ ਦੇ ਦਿਮਾਗ਼ ਉੱਪਰ ਪਦਾਰਥਵਾਦੀ ਸੋਚ ਭਾਰੂ ਹੋਣ ਕਰਕੇ ਉਹ ਆਪਣੇ ਜਾਣ ਪਛਾਣ ਵਾਲਿਆਂ ਨਾਲ ਸਮਾਜਿਕ ਤੇ ਆਰਥਿਕ ਬਰਾਬਰੀ ਦੀ ਖਾਤਰ ਆਪਣੇ ਮਨ ਦੇ ਸੁੱਖ ਚੈਨ ਖੋ ਬੈਠਦਾ ਹੈ। ਉਸ ਦੀ ਸੋਚ ਉੱਤੇ ਆਪਣੇ ਆਪ ਨੂੰ ਅਤੇ ‘ਸਟੇਟਸ ਸਿੰਬਲ’ ਨੂੰ ਦੁਨੀਆ ਸਾਹਮਣੇ ਉੱਚਾ ਦਿਖਾਉਣ ਦੀ ਹੋੜ ਨੇ ਕਬਜ਼ਾ ਕਰ ਲਿਆ ਹੈ ਜਿਸ ਕਰਕੇ ਉਹ ਦੁਖੀ ਹੈ ਤੇ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿਣ ਲੱਗ ਪਿਆ ਹੈ। ਇਸ ਪਰੇਸ਼ਾਨੀ ਦਾ ਹੱਲ ਵੀ ਉਸ ਕੋਲ ਹੀ ਹੈ। ਇਸ ਲਈ ਉਸ ਨੂੰ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਖੁਸ਼ ਰੱਖਣ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਉਸ ਦੀ ਸੋਚਾਂ ਵਾਲੀ ਖਿੱਚੋਤਾਣ ਖ਼ਤਮ ਹੋ ਸਕੇ।

ਗੁਰੂ ਨਾਨਕ ਦੇਵ ਜੀ ਦਾ ਮਹਾਂ ਵਾਕ ਮਨਿ ਜੀਤੈ ਜਗੁ ਜੀਤੁ।। ਦਾ ਸਿਧਾਂਤ ਵੀ ਤਾਂ ਮਨ ਦੀ ਸ਼ਕਤੀ ਦਾ ਭਾਵ ਹੀ ਦਰਸਾਉਂਦਾ ਹੈ। ਇਹ ਤੁਕ ‘ਜਪੁਜੀ ਸਾਹਿਬ ਦੀ 27ਵੀਂ ਪਉੜੀ ਵਿੱਚ ਦਰਜ ਹੈ। ਇਸ ਵਿੱਚ ਗੁਰੂ ਸਾਹਿਬ ਨੇ ਇਹੀ ਦੱਸਿਆ ਹੈ ਕਿ ਮਨੁੱਖ ਆਪਣੇ ਮਨ ’ਤੇ ਕਾਬੂ ਪਾ ਕੇ ਹੀ ਸਾਰੇ ਸੰਸਾਰ ਨੂੰ ਜਿੱਤ ਲੈਣ ਦੇ ਸਮਰੱਥ ਹੋ ਸਕਦਾ ਹੈ। ਇਸ ਲਈ ਮਨੁੱਖ ਨੂੰ ਆਪਣੀ ਸੋਚ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਉਸ ਨੂੰ ਆਪਣੀ ਸੋਚ ਨੂੰ ਆਪਣੇ ਵਸ ਵਿੱਚ ਕਰਨਾ ਪਵੇਗਾ ਨਾ ਕਿ ਖ਼ੁਦ ਨੂੰ ਸੋਚ ਦੇ ਵਸ ਕਰੇ। ਇਹ ਛੋਟੀ ਜਿਹੀ ਗੱਲ ਬਹੁਤ ਵੱਡੇ ਸਕਾਰਾਤਮਕ ਨਤੀਜੇ ਦੇ ਸਕਦੀ ਹੈ। ਮਨੁੱਖ ਨੂੰ ਆਪਣੀ ਸੋਚ ਨੂੰ ਬਦਲਣ ਲਈ ਹਰ ਵੇਲੇ ਆਪਣੀ ਸੋਚ ਵੱਲ ਧਿਆਨ ਦੇਣਾ ਪਵੇਗਾ। ਜਦੋਂ ਵੀ ਉਸ ਦੀ ਸੋਚ ਵਿੱਚ ਕ੍ਰੋਧ, ਈਰਖਾ, ਵੈਰ, ਵਿਰੋਧ ਜਾਂ ਫਿਰ ਬਦਲੇ ਦੀ ਭਾਵਨਾ ਉਤਪੰਨ ਹੋਣ ਲੱਗੇ, ਉਸੇ ਸਮੇਂ ਆਪਣੀ ਸੋਚ ਨੂੰ ਉਧਰੋਂ ਹਟਾ ਕੇ ਕਿਸੇ ਚੰਗੇ ਕੰਮ ਜਾਂ ਮਕਸਦ ਵੱਲ ਲੈ ਕੇ ਜਾਵੇ। ਉਸ ਉੱਤੇ ਕੰਮ ਕਰਨਾ ਸ਼ੁਰੂ ਕਰੇ। ਮਨ ਵਿੱਚ ਆਈਆਂ ਬੁਰੀਆਂ ਸੋਚਾਂ ਨੂੰ ਵਾਰ ਵਾਰ ਸੋਚ ਕੇ ਲੱਕੜੀ ਦੇ ਘੁਣ ਵਾਂਗ ਵਧਣ ਤੋਂ ਰੋਕਿਆ ਜਾਵੇ। ਜਿਹੜੀਆਂ ਗੱਲਾਂ ਜਾਂ ਵਿਅਕਤੀ ਮਨ ਅੰਦਰ ਕ੍ਰੋਧ ਪੈਦਾ ਕਰਨ ਉਨ੍ਹਾਂ ਬਾਰੇ ਸੋਚਣਾ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ। ਹਰ ਮਨੁੱਖ ਨੂੰ ਜ਼ਿੰਦਗੀ ਵਿੱਚ ਆਪਣੇ ਆਪ ਨੂੰ ਕਿਸੇ ਤੋਂ ਘੱਟ ਜਾਂ ਘਟੀਆ ਨਹੀਂ ਸਮਝਣਾ ਚਾਹੀਦਾ। ਜੇ ਆਰਥਿਕ ਤੌਰ ’ਤੇ ਸਥਿਤੀ ਮਜ਼ਬੂਤ ਨਹੀਂ ਤਾਂ ਵਿਚਾਰਕ ਸਥਿਤੀ ਐਨੀ ਮਜ਼ਬੂਤ ਕਰੋ ਕਿ ਹਰ ਕੋਈ ਤੁਹਾਡੇ ਵਿਚਾਰਾਂ ਦਾ ਕਾਇਲ ਹੋ ਜਾਵੇ। ਆਪਣੀ ਬੁੱਧੀ ਦੀ ਪ੍ਰਸ਼ੰਸਾ ਕਿਸੇ ਅਮੀਰੀ ਤੋਂ ਘੱਟ ਨਹੀਂ ਹੁੰਦੀ। ਜਿਹੜੇ ਲੋਕ ਹਮਦਰਦ ਬਣ ਕੇ ਕਮਜ਼ੋਰੀ ਨੂੰ ਵਾਰ ਵਾਰ ਸਾਹਮਣੇ ਲਿਆ ਕੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋਣ ਤਾਂ ਉਨ੍ਹਾਂ ਤੋਂ ਕਿਨਾਰਾ ਕੀਤਾ ਹੀ ਠੀਕ ਹੁੰਦਾ ਹੈ।

ਮਨੁੱਖ ਨੂੰ ਆਪਣੇ ਦਿਮਾਗ਼ ਵਿੱਚ ਇਹ ਗੱਲ ਜ਼ਰੂਰ ਬਿਠਾ ਲੈਣੀ ਚਾਹੀਦੀ ਹੈ ਕਿ ਉਹ ਇੱਕ ਇਨਸਾਨ ਬਣ ਕੇ ਧਰਤੀ ’ਤੇ ਆਇਆ ਹੈ ਤਾਂ ਇਸ ਤੋਂ ਵੱਡੀ ਅਮੀਰੀ ਹੋਰ ਕੀ ਹੋ ਸਕਦੀ ਹੈ। ਜੇ ਮਨੁੱਖ ਆਪਣਿਆਂ ਨਾਲ ਪਿਆਰ ਅਤੇ ਸਤਿਕਾਰ ਵਧਾਉਣ ਦੀ ਕੋਸ਼ਿਸ਼ ਕਰੇਗਾ, ਆਪਣੇ ਦੁਖ ਸੁਖ ਸਾਂਝੇ ਕਰਨ ਦੀ ਆਦਤ ਪਾਵੇਗਾ, ਦੂਜਿਆਂ ਦੇ ਦੁੱਖਾਂ ਨੂੰ ਵੰਡਾ ਕੇ ਖੁਸ਼ੀ ਹਾਸਲ ਕਰੇਗਾ, ਦੂਜਿਆਂ ਦੀ ਖੁਸ਼ੀ ਵਿੱਚ ਖੁਸ਼ੀ ਮਨਾਉਣ ਲੱਗ ਪਵੇਗਾ, ਰਾਤੋ ਰਾਤ ਸਫਲਤਾ ਹਾਸਲ ਕਰਨ ਦੀ ਬਜਾਏ ‘ਸਹਿਜ ਪਕੇ ਸੋ ਮੀਠਾ ਹੋਇ’ ਦੇ ਸਿਧਾਂਤ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਏਗਾ ਤਾਂ ਉਹ ਖ਼ੁਦ ਨਾਲ ਲੜਨਾ ਛੱਡ ਕੇ ਇੱਕ ਖੁਸ਼ਹਾਲ ਜੀਵਨ ਬਤੀਤ ਕਰਨ ਦੇ ਸਮਰੱਥ ਹੋ ਜਾਵੇਗਾ। ਇਸ ਤਰ੍ਹਾਂ ਕਰਨ ਲਈ ਆਪਣੀ ਨਕਾਰਾਤਮਕ ਸੋਚ ਨੂੰ ਵਾਰ ਵਾਰ ਦੂਰ ਭਜਾ ਕੇ ਸਕਾਰਾਤਮਕ ਸੋਚ ਮਨ ਵਿੱਚ ਪੈਦਾ ਕਰਨੀ ਪਵੇਗੀ, ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕ ਗਾਰੇ ਨਾਲ ਭਰੇ ਕੱਚ ਦੇ ਗਿਲਾਸ ਨੂੰ ਵਗਦੇ ਸਾਫ਼ ਪਾਣੀ ਦੀ ਟੂਟੀ ਹੇਠ ਰੱਖ ਦਿਓਗੇ ਤਾਂ ਕੁਝ ਮਿੰਟਾਂ ਵਿੱਚ ਉਸ ਵਿੱਚੋਂ ਗਾਰਾ ਨਿਕਲ ਜਾਵੇਗਾ ਤੇ ਗਲਾਸ ਸਾਫ਼ ਪਾਣੀ ਨਾਲ ਭਰਿਆ ਨਜ਼ਰ ਆਵੇਗਾ। ਆਪਣੇ ਮੈਲ਼ੇ ਵਿਚਾਰਾਂ ਉੱਪਰ ਆਪਣੀ ਸਕਾਰਾਤਮਕ ਸੋਚ ਐਨੀ ਭਾਰੂ ਕਰ ਦੇਵੋ ਕਿ ਤੁਸੀਂ ਮਨ ਦੇ ਵਿਚਾਰਾਂ ਦੀ ਲੜਾਈ ਖ਼ਤਮ ਹੋ ਕੇ ਚੰਗੀ ਸੋਚ ਦੇ ਧਾਰਨੀ ਬਣ ਜਾਓ।

ਸੰਪਰਕ: 99889-01324

Advertisement
×