ਦੂਰ ਹਟੋ ਐ ਦੁਨੀਆ ਵਾਲੋ, ਹਿੰਦੁਸਤਾਨ ਹਮਾਰਾ ਹੈ...
ਭਾਰਤ ਨੂੰ ਆਜ਼ਾਦ ਕਰਵਾਉਣ ਲਈ ਅਤੇ ਭਾਰਤ ਦੀ ਏਕਤਾ ਅਤੇ ਅਖੰਡਤਾ ਕਾਇਮ ਰੱਖਣ ਹਿੱਤ ਆਪਣਾ ਤਨ, ਮਨ, ਧਨ ਵਾਰ ਦੇਣ ਵਾਲੇ ਸਮੂਹ ਸਿਰਲੱਥ ਸੂਰਮਿਆਂ ਨੂੰ ਅੱਜ ਦੇ ਦਿਨ ਸਿਜਦਾ ਕਰਨਾ ਹਰੇਕ ਭਾਰਤੀ ਦਾ ਫ਼ਰਜ਼ ਬਣਦਾ ਹੈ। ਬੌਲੀਵੁੱਡ ਨੇ ਸੱਚੇ ਅਤੇ...
ਭਾਰਤ ਨੂੰ ਆਜ਼ਾਦ ਕਰਵਾਉਣ ਲਈ ਅਤੇ ਭਾਰਤ ਦੀ ਏਕਤਾ ਅਤੇ ਅਖੰਡਤਾ ਕਾਇਮ ਰੱਖਣ ਹਿੱਤ ਆਪਣਾ ਤਨ, ਮਨ, ਧਨ ਵਾਰ ਦੇਣ ਵਾਲੇ ਸਮੂਹ ਸਿਰਲੱਥ ਸੂਰਮਿਆਂ ਨੂੰ ਅੱਜ ਦੇ ਦਿਨ ਸਿਜਦਾ ਕਰਨਾ ਹਰੇਕ ਭਾਰਤੀ ਦਾ ਫ਼ਰਜ਼ ਬਣਦਾ ਹੈ। ਬੌਲੀਵੁੱਡ ਨੇ ਸੱਚੇ ਅਤੇ ਨਿਡਰ ਦੇਸ਼ ਭਗਤਾਂ ਅਤੇ ਦੇਸ਼ ਦੇ ਰਾਖਿਆਂ ਦੇ ਜਜ਼ਬੇ ਨੂੰ ਸਦਾ ਹੀ ਸਲਾਮ ਕੀਤਾ ਹੈ। ਇਸ ਦੇ ਨਾਲ ਹੀ ਧਰਮ, ਜਾਤ, ਭਾਸ਼ਾ ਅਤੇ ਸੱਭਿਆਚਾਰ ਪੱਖੋਂ ਵੱਖਰਤਾ ਰੱਖਣ ਦੇ ਬਾਵਜੂਦ ‘ਅਨੇਕਤਾ ਵਿੱਚ ਏਕਤਾ’ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਵੀ ਬੌਲੀਵੁੱਡ ਦੇ ਫ਼ਨਕਾਰਾਂ ਨੇ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ।
ਭਾਰਤ ਦੀ ਆਜ਼ਾਦੀ ਤੋਂ ਬਹੁਤ ਪਹਿਲਾਂ ਭਾਰਤੀ ਸਿਨੇਮਾ ਨੇ ਭਾਰਤੀਆਂ ਨੂੰ ਆਜ਼ਾਦੀ ਪ੍ਰਤੀ ਜਾਗਰੂਕ ਕਰਨ ਲਈ ਆਪਣਾ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ ਸੀ। ਬਰਤਾਨਵੀ ਰਾਜ ਦੇ ਸਮੇਂ ਬੰਬੇ ਟਾਕੀਜ਼, ਪ੍ਰਭਾਤ ਥੀਏਟਰਜ਼ ਅਤੇ ਨਿਊ ਥੀਏਟਰਜ਼ ਆਦਿ ਫਿਲਮ ਨਿਰਮਾਣ ਦੀਆਂ ਸੰਸਥਾਵਾਂ ਨੇ ਲੋਕਾਂ ਦੇ ਮਨਾਂ ਅੰਦਰ ਦੇਸ਼ ਨੂੰ ਆਜ਼ਾਦ ਕਰਾਉਣ ਦੇ ਜਜ਼ਬੇ ਦੀ ਚਿਣਗ ਬਾਲਣੀ ਸ਼ੁਰੂ ਕਰ ਦਿੱਤੀ ਸੀ। 1943 ਵਿੱਚ ਬੰਬੇ ਟਾਕੀਜ਼ ਵੱਲੋਂ ਬਣਾਈ ਗਈ ਫਿਲਮ ‘ਕਿਸਮਤ’ ਨੇ ਤਾਂ ਬੜੀ ਹੀ ਬੇਬਾਕੀ ਨਾਲ ‘ਭਾਰਤ ਛੱਡੋ ਅੰਦੋਲਨ’ ਦੀ ਮੂਲ ਭਾਵਨਾ ਦਾ ਪ੍ਰਗਟਾਵਾ ਕਰ ਦਿੱਤਾ ਸੀ। ਇਸ ਫਿਲਮ ਦਾ ਗੀਤ ‘ਦੂਰ ਹਟੋ ਐ ਦੁਨੀਆ ਵਾਲੋ, ਹਿੰਦੁਸਤਾਨ ਹਮਾਰਾ ਹੈ’ ਜੋ ਕਿ ਗੀਤਕਾਰ ਪ੍ਰਦੀਪ ਨੇ ਲਿਖਿਆ ਸੀ ਤੇ ਅਦਾਕਾਰ ਅਸ਼ੋਕ ਕੁਮਾਰ ’ਤੇ ਫਿਲਮਾਇਆ ਗਿਆ ਸੀ। ਇਹ ਗੀਤ ਬਰਤਾਨਵੀ ਰਾਜ ਦੇ ਖ਼ਿਲਾਫ਼ ਰਾਸ਼ਟਰ ਗਾਨ ਬਣ ਕੇ ਉੱਭਰਿਆ ਸੀ। ਅੰਗਰੇਜ਼ ਸਰਕਾਰ ਇਸ ਗੀਤ ਦੀ ਬੁਲੰਦੀ ਤੋਂ ਐਨਾ ਡਰ ਗਈ ਸੀ ਕਿ ਉਸ ਨੇ ਇਸ ਫਿਲਮ ’ਤੇ ਹੀ ਪਾਬੰਦੀ ਲਗਾਉਣ ਦਾ ਹੁਕਮ ਦੇ ਦਿੱਤਾ ਸੀ, ਪਰ ਇਸ ਦੇ ਬਾਵਜੂਦ ਇਹ ਫਿਲਮ ਟਿਕਟ ਖਿੜਕੀ ’ਤੇ ਸੁਪਰਹਿੱਟ ਰਹੀ ਸੀ।
ਬਰਤਾਨਵੀ ਸਰਕਾਰ ਦੁਆਰਾ ਬਣਾਏ ਗਏ ‘ਸਿਨੇਮੈਟੋਗ੍ਰਾਫ਼ਰ ਐਕਟ 1918’ ਅਧੀਨ ਵੱਖ-ਵੱਖ ਕਾਰਨ ਦੱਸ ਕੇ ਕਈ ਭਾਰਤੀ ਫਿਲਮਾਂ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਬੌਲੀਵੁੱਡ ਦੀਆਂ ‘ਕੋਹਿਨੂਰ’ (1921), ‘ਵੰਦੇ ਮਾਤਰਮ’ (1935), ‘ਸਵਰਾਜ ਤੋਰਣ’ (1936), ‘ਸੇਵਾ ਸਦਨ’ (1937), ‘ਅਪਨਾ ਘਰ’ ਅਤੇ ‘ਆਜ਼ਾਦ ਹਿੰਦ ਕੇਸਰੀ’ ਆਦਿ ਫਿਲਮਾਂ, ਉਹ ਫਿਲਮਾਂ ਸਨ ਜਿਨ੍ਹਾਂ ਨੇ ਭਾਰਤੀਆਂ ਅੰਦਰ ਦੇਸ਼ ਪ੍ਰੇਮ ਦੀ ਭਾਵਨਾ ਦਾ ਸੰਚਾਰ ਬੜੇ ਹੀ ਜੋਸ਼ੀਲੇ ਅੰਦਾਜ਼ ਵਿੱਚ ਕੀਤਾ ਸੀ। ਨਾਮਵਰ ਫਿਲਮਸਾਜ਼ ਹਿਮਾਂਸ਼ੂ ਰਾਏ ਵੱਲੋਂ ਬੰਗਾਲੀ ਸਾਹਿਤਕਾਰ ਬੰਕਿਮ ਚੰਦਰ ਚੈਟਰਜੀ ਦੀ ਅਮਰ ਰਚਨਾ ‘ਅਨੰਦ ਮੱਠ’ ਨੂੰ ਆਧਾਰ ਬਣਾ ਕੇ ਬਣਾਈ ਗਈ ਇੱਕ ਫਿਲਮ ਵਿਚਲੇ ਗੀਤ ‘ਵੰਦੇ ਮਾਤਰਮ’ ਦੀ ਗੂੰਜ ਤਾਂ ਹਰੇਕ ਭਾਰਤੀ ਦੇ ਦਿਲ ਵਿੱਚੋਂ ਉੱਠੀ ਵਿਖਾਈ ਦਿੱਤੀ ਸੀ। ਸੋਹਰਾਬ ਮੋਦੀ ਬੌਲੀਵੁੱਡ ਦਾ ਉਹ ਸੂਝਵਾਨ ਫਿਲਮਸਾਜ਼ ਸੀ ਜਿਸ ਨੇ ਆਪਣੀਆਂ ਫਿਲਮਾਂ ਰਾਹੀਂ ਭਾਰਤ ਦੇ ਸ਼ਾਨਦਾਰ ਇਤਿਹਾਸ ਦੀ ਪੇਸ਼ਕਾਰੀ ਸਦਕਾ ਦੇਸ਼ਵਾਸੀਆਂ ਅੰਦਰ ਦੇਸ਼ ਪ੍ਰੇਮ ਦਾ ਜਜ਼ਬਾ ਪੈਦਾ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਸੀ। ਉਸ ਨੇ ‘ਝਾਂਸੀ ਕੀ ਰਾਨੀ’, ‘ਸਿਕੰਦਰ’, ‘ਪ੍ਰਿਥਵੀ ਵੱਲਭ’ ਆਦਿ ਜਿਹੀਆਂ ਕਈ ਹੋਰ ਫਿਲਮਾਂ ਰਾਹੀਂ ਇੱਕ ਦੇਸ਼ ਭਗਤ ਫਿਲਮਸਾਜ਼ ਹੋਣ ਦਾ ਪ੍ਰਤੱਖ ਪ੍ਰਮਾਣ ਦਿੱਤਾ ਸੀ। ਇਸੇ ਤਰ੍ਹਾਂ ਹੀ ਉੱਘੇ ਫਿਲਮਸਾਜ਼ ਮਹਿਬੂਬ ਖ਼ਾਨ ਨੇ ਵੀ 1942 ਵਿੱਚ ਬਣੀ ਆਪਣੀ ਫਿਲਮ ‘ਰੋਟੀ’ ਰਾਹੀਂ ਬਰਤਾਨੀਆ ਸਰਕਾਰ ਵਿਰੋਧੀ ਵਿਚਾਰਾਂ ਨੂੰ ਪੂਰੀ ਹਵਾ ਦਿੱਤੀ ਸੀ ਜਿਸ ਦਾ ਸਿੱਟਾ ਇਹ ਨਿਕਲਿਆ ਸੀ ਕਿ ਕੁਝ ਅਜਿਹੇ ਹੀ ਵਿਚਾਰਾਂ ਤੇ ਜਜ਼ਬਾਤਾਂ ਨੂੰ ਮੂਰਤੀਮਾਨ ਕਰਦੀ ਉਸ ਦੀ ਅਗਲੀ ਫਿਲਮ ‘ਤਕਦੀਰ’ ਦੇ ਜਨਤਕ ਪ੍ਰਦਰਸ਼ਨ ’ਤੇ ਤਾਂ ਅੰਗਰੇਜ਼ ਸਰਕਾਰ ਨੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਸੀ। ਅਦਾਕਾਰ ਅਤੇ ਫਿਲਮਸਾਜ਼ ਪ੍ਰਿਥਵੀ ਰਾਜ ਕਪੂਰ ਨੇ ਵੀ ‘ਆਜ਼ਾਦੀ ਕੀ ਰਾਹ ਪਰ’ ਅਤੇ ‘ਹਿੰਦੁਸਤਾਨ ਹਮਾਰਾ’ ਨਾਮਕ ਫਿਲਮਾਂ ਰਾਹੀਂ ਦੇਸ਼ ਭਗਤਾਂ ਦੀ ਬਹਾਦਰੀ ਅਤੇ ਬਲਿਦਾਨਾਂ ਨੂੰ ਵੱਡੇ ਪਰਦੇ ’ਤੇ ਬਾਖ਼ੂਬੀ ਪੇਸ਼ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਸੀ।
15 ਅਗਸਤ, 1947 ਨੂੰ ਹਿੰਦੁਸਤਾਨ ਨੇ ਲਗਪਗ ਦੋ ਸੌ ਸਾਲ ਦੇ ਬਰਤਾਨਵੀ ਸ਼ਾਸਨ ਤੋਂ ਆਜ਼ਾਦੀ ਹਾਸਲ ਕਰ ਲਈ ਸੀ, ਪਰ ਉਸ ਤੋਂ ਬਾਅਦ ਵੀ ਭਾਰਤੀ ਫਿਲਮਸਾਜ਼ਾਂ ਨੇ ਵਤਨਪ੍ਰਸਤੀ ਸਬੰਧੀ ਅਤੇ ਦੇਸ਼ ਭਗਤਾਂ ਸਬੰਧੀ ਫਿਲਮਾਂ ਦਾ ਨਿਰਮਾਣ ਜਾਰੀ ਰੱਖਿਆ ਸੀ। 1954 ਵਿੱਚ ਬਣੀਆਂ ‘ਬੂਟ ਪਾਲਿਸ਼’ ਅਤੇ ‘ਜਾਗ੍ਰਿਤੀ’ ਨਾਮਕ ਦੋ ਫਿਲਮਾਂ ਨੇ ਦੇਸ਼ ਭਗਤੀ ਦੀਆਂ ਭਾਵਨਾਵਾਂ ਨੂੰ ਉਭਾਰਨ ਦੀ ਭਰਪੂਰ ਕੋਸ਼ਿਸ਼ ਕੀਤੀ ਸੀ। 1959 ਵਿਚ ਉੱਘੇ ਫਿਲਮਸਾਜ਼ ਮਹਿਬੂਬ ਖ਼ਾਨ ਵੱਲੋਂ ਬਣਾਈ ਗਈ ਫਿਲਮ ‘ਸਨ ਆਫ਼ ਇੰਡੀਆ’ ਦਾ ਗੀਤ ‘ਨੰਨ੍ਹਾ ਮੁੰਨ੍ਹਾ ਰਾਹੀ ਹੂੰ, ਦੇਸ਼ ਕਾ ਸਿਪਾਹੀ ਹੂੰ। ਬੋਲੋ ਮੇਰੇ ਸੰਗ ਜੈ ਹਿੰਦ’ ਤਾਂ ਦੇਸ਼ ਦੇ ਬੱਚੇ-ਬੱਚੇ ਦੀ ਜ਼ੁਬਾਨ ’ਤੇ ਚੜ੍ਹ ਗਿਆ ਸੀ ਤੇ ਹਰ ਪਿੰਡ ਅਤੇ ਸ਼ਹਿਰ ਵਿੱਚ ਬੜੇ ਹੀ ਜੋਸ਼ੋ-ਖ਼ਰੋਸ਼ ਨਾਲ ਗਾਇਆ ਗਿਆ ਸੀ।
ਇਸ ਤੋਂ ਉਪਰੰਤ ਵੀਹਵੀਂ ਸਦੀ ਦੇ ਛੇਵੇਂ ਅਤੇ ਸੱਤਵੇਂ ਦਹਾਕਿਆਂ ਦੌਰਾਨ ਕੁਝ ਅਜਿਹੀਆਂ ਫਿਲਮਾਂ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀਆਂ ਜਿਨ੍ਹਾਂ ਨੇ ਮੁਲਕ ਦੀ ਆਜ਼ਾਦੀ ਦੀ ਲੜਾਈ ਲੜਨ ਵਾਲੇ ਦੇਸ਼ ਭਗਤਾਂ ਅਤੇ ਦੁਸ਼ਮਣ ਦੇਸ਼ਾਂ ਨਾਲ ਹੋਈਆਂ ਜੰਗਾਂ ਵਿੱਚ ਸ਼ਹੀਦੀਆਂ ਪਾਉਣ ਵਾਲੇ ਸੂਰਬੀਰ ਸੈਨਿਕਾਂ ਬਾਰੇ ਚਾਨਣਾ ਪਾਉਣ ਦੇ ਨਾਲ-ਨਾਲ ਵੱਡੇ ਸਮਾਜਿਕ ਪਰਿਵਰਤਨਾਂ ਵੱਲ ਵੀ ਇਸ਼ਾਰਾ ਕੀਤਾ ਸੀ। ਇਹ ਫਿਲਮਾਂ ਸਨ ‘ਹਕੀਕਤ’, ‘ਹਮ ਸਬ ਏਕ ਹੈਂ’, ‘ਸ਼ਹੀਦ ਭਗਤ ਸਿੰਘ’, ‘ਲੀਡਰ’, ‘ਲਲਕਾਰ’, ‘ਆਂਖੇਂ’, ‘ਸਾਤ ਹਿੰਦੁਸਤਾਨੀ’, ‘ਹਿੰਦੁਸਤਾਨ ਕੀ ਕਸਮ’, ‘ਯੇਹ ਗੁਲਸਿਤਾਂ ਹਮਾਰਾ’ ਅਤੇ ‘ਆਕਰਮਣ’ ਆਦਿ।
ਦੇਸ਼ ਦੇ ਆਜ਼ਾਦੀ ਦਿਵਸ ਮੌਕੇ ਦੇਸ਼ ਭਗਤਾਂ ਦੀ ਗੱਲ ਹੋਵੇ ਤੇ ਦੇਸ਼ ਭਗਤੀ ਨੂੰ ਸਮਰਪਿਤ ਬੌਲੀਵੁੱਡ ਦੇ ਨਾਮਵਰ ਅਦਾਕਾਰ ਅਤੇ ਫਿਲਮਕਾਰ ਮਨੋਜ ਕੁਮਾਰ ਦਾ ਜ਼ਿਕਰ ਨਾ ਆਵੇ, ਅਜਿਹਾ ਤਾਂ ਹੋ ਹੀ ਨਹੀਂ ਸਕਦਾ। ਭਾਰਤ ਪ੍ਰਤੀ ਅਥਾਹ ਸਤਿਕਾਰ ਤੇ ਪਿਆਰ ਰੱਖਣ ਵਾਲੇ ਇਸ ਫ਼ਨਕਾਰ ਨੂੰ ਮਨੋਜ ਕੁਮਾਰ ਦੀ ਥਾਂ ਸਿਨੇ ਪ੍ਰੇਮੀਆਂ ਨੇ ‘ਭਾਰਤ ਕੁਮਾਰ’ ਹੀ ਆਖਣਾ ਸ਼ੁਰੂ ਕਰ ਦਿੱਤਾ ਸੀ। ਉਸ ਦੀਆਂ ਫਿਲਮਾਂ ‘ਸ਼ਹੀਦ’, ‘ਰੋਟੀ ਕੱਪੜਾ ਔਰ ਮਕਾਨ’, ‘ਉਪਕਾਰ’, ‘ਪੂਰਬ ਔਰ ਪੱਛਮ’ ਅਤੇ ‘ਕ੍ਰਾਂਤੀ’ ਆਦਿ ਤਾਂ ਦੇਸ਼ ਪ੍ਰੇਮ ਦੇ ਜਜ਼ਬੇ ਨਾਲ ਲਬਾਲਬ ਭਰੀਆਂ ਹੋਈਆਂ ਸਨ ਤੇ ਟਿਕਟ ਖਿੜਕੀ ’ਤੇ ਕਮਾਲ ਕਰ ਗਈਆਂ ਸਨ। ਅੱਸੀਵੇਂ ਅਤੇ ਨੌਵੇਂ ਦਹਾਕੇ ਵਿੱਚ ਰਿਲੀਜ਼ ਹੋਈਆਂ ‘ਕਰਮਾ’, ‘ਵਤਨ ਕੇ ਰਖਵਾਲੇ’’, ‘ਦਿਲਜਲੇ’ ਅਤੇ ‘ਮਿਸ਼ਨ ਕਸ਼ਮੀਰ’ ਆਦਿ ਫਿਲਮਾਂ ਨੇ ਤਾਂ ਸਰਹੱਦ ਪਾਰ ਤੋਂ ਚਲਾਏ ਜਾ ਰਹੇ ਅਤਿਵਾਦ ਨੂੰ ਬਾਖ਼ੂਬੀ ਦਰਸਾਇਆ ਸੀ ਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਹਿੱਤ ਸਮੂਹ ਭਾਰਤੀਆਂ ਨੂੰ ਇਕਜੁੱਟ ਹੋਣ ਦਾ ਸੰਦੇਸ਼ ਦਿੱਤਾ ਸੀ।
ਇੱਕੀਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਤਾਂ ਬਹੁਤ ਸਾਰੀਆਂ ਨਵੀਆਂ ਸਿਨੇਮਾ ਤਕਨੀਕਾਂ ਆ ਗਈਆਂ ਸਨ ਤੇ ਕਈ ਭਾਰਤੀ ਫਿਲਮਸਾਜ਼ਾਂ ਨੇ ਉਨ੍ਹਾਂ ਆਧੁਨਿਕ ਤਕਨੀਕਾਂ ਦੀ ਵਰਤੋਂ ਦੇਸ਼ ਭਗਤੀ ਦੇ ਜਜ਼ਬੇ ਨਾਲ ਓਤਪ੍ਰੋਤ ਫਿਲਮਾਂ ਦੇ ਨਿਰਮਾਣ ਵਿੱਚ ਬਾਖ਼ੂਬੀ ਕਰ ਦਿੱਤੀ ਸੀ। ਇਸ ਸ੍ਰੇਣੀ ਦੀਆਂ ਫਿਲਮਾਂ ਵਿੱਚ ‘ਲਕਸ਼ਯ’, ‘ਦੀਵਾਰ’, ‘ਟੈਂਗੋ ਚਾਰਲੀ’, ‘ਦਿ ਲੈਜੈਂਡ ਆਫ ਭਗਤ ਸਿੰਘ’, ‘ਗ਼ਦਰ’, ‘ਦਿ ਹੀਰੋ’, ‘ਬਾਰਡਰ’, ‘ਦਿ ਹੀਰੋਜ਼’, ‘ਦਿਲ ਸੇ’, ‘ਰੋਜ਼ਾ’, ‘ਮਾਂ ਤੁਝੇ ਸਲਾਮ’, ‘ਤਿਰੰਗਾ’, ‘ਅਬ ਤੁਮਹਾਰੇ ਹਵਾਲੇ ਵਤਨ ਸਾਥੀਓ’ ਅਤੇ ‘ਲਮਹਾ’ ਆਦਿ ਫਿਲਮਾਂ ਦਾ ਜ਼ਿਕਰ ਵਿਸ਼ੇਸ਼ ਤੌਰ ’ਤੇ ਕਰਨਾ ਬਣਦਾ ਹੈ। ਵਿਲੱਖਣ ਪ੍ਰਤਿਭਾਵਾਂ ਦੇ ਧਨੀ ਅਦਾਕਾਰ ਆਮਿਰ ਖ਼ਾਨ ਦੀਆਂ ਫਿਲਮਾਂ ‘ਸਰਫ਼ਰੋਸ਼’, ‘ਲਗਾਨ’, ‘ਮੰਗਲ ਪਾਂਡੇ’ ਅਤੇ ‘ਰੰਗ ਦੇ ਬਸੰਤੀ’ ਤਾਂ ਭਾਰਤ ਦੀ ਨੌਜਵਾਨ ਪੀੜ੍ਹੀ ਅੰਦਰ ਦੇਸ਼ ਪ੍ਰੇਮ ਦੀਆਂ ਭਾਵਨਾਵਾਂ ਦਾ ਸੰਚਾਰ ਬਾਖ਼ੂਬੀ ਕਰ ਗਈਆਂ ਸਨ। ਬੀਤੇ ਕੁਝ ਵਰ੍ਹਿਆਂ ਵਿੱਚ ਬਣੀਆਂ ‘ਉਰੀ’, ‘ਜਵਾਨ’, ‘ਬਾਰਡਰ-2’, ‘ਕੇਸਰੀ-2’, ‘ਗਰਾਊਂਡ ਜ਼ੀਰੋ’, ‘ਸਕਾਈ ਫੋਰਸ’ ਅਤੇ ‘ਦਿੱਲੀ ਫਾਈਲਜ਼’ ਰਾਹੀਂ ਵੀ ਦੇਸ਼ ਦੀ ਰਾਖੀ ਲਈ ਜਾਨਾਂ ਵਾਰ ਦੇਣ ਵਾਲੇ ਬਹਾਦਰ ਸੈਨਿਕਾਂ ਦੀ ਸੂਰਬੀਰਤਾ ਨੂੰ ਉਭਾਰਨ ਦੇ ਨਾਲ-ਨਾਲ ਉਨ੍ਹਾਂ ਦੀ ਅਮਰ ਅਤੇ ਗੌਰਵਮਈ ਸ਼ਹੀਦੀ ਗਾਥਾ ਵੀ ਬਿਆਨ ਕੀਤੀ ਗਈ ਹੈ। ਅੰਤ ਵਿੱਚ ਇਹ ਕਹਿਣਾ ਕੋਈ ਅਤਿਕਥਨੀ ਨਹੀਂ ਕਿ ਭਾਰਤੀ ਸਿਨੇਮਾ ਨੇ ਆਪਣੇ ਕੌਮੀ ਹੀਰਿਆਂ ਨੂੰ ਫਿਲਮੀ ਪਰਦੇ ’ਤੇ ਪੇਸ਼ ਕਰਨ ਦੇ ਨਾਲ-ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਕਰਨ ਅਤੇ ਲੋਕਾਂ ਨੂੰ ਅਤਿਵਾਦ ਅਤੇ ਵੱਖਵਾਦ ਜਿਹੀਆਂ ਮਾੜੀਆਂ ਭਾਵਨਾਵਾਂ ਪ੍ਰਤੀ ਸੁਚੇਤ ਕਰਨ ਦੇ ਕਈ ਸਾਰਥਕ ਯਤਨ ਕੀਤੇ ਹਨ ਜੋ ਬਹੁਤ ਹੀ ਸ਼ਲਾਘਾਯੋਗ ਹਨ। ਸੋ ਦੇਸ਼ ਦੀ ਆਜ਼ਾਦੀ ਅਤੇ ਅਖੰਡਤਾ ਲਈ ਬੌਲੀਵੁੱਡ ਦਾ ਯੋਗਦਾਨ ਬਹੁਤ ਹੀ ਮਹੱਤਵਪੂਰਨ ਅਤੇ ਸਿਫ਼ਤਯੋਗ ਹੈ।
ਸੰਪਰਕ: 97816-46008

