ਸਟਾਰਡਮ, ਸਰਜਰੀ ਅਤੇ ਸੁੰਦਰਤਾ
ਬੌਲੀਵੁੱਡ ਦੀ ਚਮਕ-ਧਮਕ ਨਾਲ ਭਰੀ ਦੁਨੀਆ ਵਿੱਚ ਸੁੰਦਰਤਾ ਸਿਰਫ਼ ਇੱਕ ਗੁਣ ਨਹੀਂ, ਸਗੋਂ ਇਹ ਕਾਮਯਾਬੀ ਦੀ ਇੱਕ ਸ਼ਰਤ ਬਣਦੀ ਜਾ ਰਹੀ ਹੈ। ਇੱਥੇ ਹਰ ਚਿਹਰਾ ਕੈਮਰੇ ਦੇ ਸਾਹਮਣੇ ਸੰਪੂਰਨ ਤਸਵੀਰ ਬਣਨ ਦੀ ਦੌੜ ਵਿੱਚ ਹੈ। ਇਸ ਦੌੜ ਵਿੱਚ ਪਲਾਸਟਿਕ ਸਰਜਰੀ...
ਬੌਲੀਵੁੱਡ ਦੀ ਚਮਕ-ਧਮਕ ਨਾਲ ਭਰੀ ਦੁਨੀਆ ਵਿੱਚ ਸੁੰਦਰਤਾ ਸਿਰਫ਼ ਇੱਕ ਗੁਣ ਨਹੀਂ, ਸਗੋਂ ਇਹ ਕਾਮਯਾਬੀ ਦੀ ਇੱਕ ਸ਼ਰਤ ਬਣਦੀ ਜਾ ਰਹੀ ਹੈ। ਇੱਥੇ ਹਰ ਚਿਹਰਾ ਕੈਮਰੇ ਦੇ ਸਾਹਮਣੇ ਸੰਪੂਰਨ ਤਸਵੀਰ ਬਣਨ ਦੀ ਦੌੜ ਵਿੱਚ ਹੈ। ਇਸ ਦੌੜ ਵਿੱਚ ਪਲਾਸਟਿਕ ਸਰਜਰੀ ਇੱਕ ਅਜਿਹਾ ਹਥਿਆਰ ਬਣ ਕੇ ਉੱਭਰੀ ਹੈ, ਜਿਸ ਨੇ ਕਈ ਸਿਤਾਰਿਆਂ ਦੀ ਦਿੱਖ ਨੂੰ ਨਵਾਂ ਰੂਪ ਦਿੱਤਾ ਹੈ। ਕੁਝ ਲਈ ਇਹ ਆਤਮ-ਵਿਸ਼ਵਾਸ ਦਾ ਸਾਧਨ ਹੈ, ਤਾਂ ਕੁਝ ਲਈ ਇਹ ਕੁਦਰਤੀ ਖੂਬਸੂਰਤੀ ਨਾਲ ਖੇਡ ਕੇ ਖ਼ਤਰਾ ਮੁੱਲ ਲੈਣਾ।
ਆਮ ਲੋਕ ਫਿਲਮੀ ਸਿਤਾਰਿਆਂ ਦੀ ਖੂਬਸੂਰਤੀ ਤੋਂ ਜਬਰਦਸਤ ਪ੍ਰਭਾਵਿਤ ਹੁੰਦੇ ਹਨ। ਤਿੱਖੇ ਨੈਣ ਨਕਸ਼, ਤਰਾਸ਼ੇ ਹੋਏ ਨੱਕ, ਯੂਨਾਨੀ ਦੇਵਤਿਆਂ ਦੀਆਂ ਮੂਰਤੀਆਂ ਵਰਗੇ ਮਜ਼ਬੂਤ ਜਬਾੜੇ ਅਤੇ ਦੁੱਧ ਵਰਗੀ ਸਾਫ਼ ਸ਼ਫਾਕ ਚਮੜੀ। ਕਦੇ ਕਿਸੇ ਨੇ ਸੋਚਿਆ ਹੈ ਕਿ ਜਿਹੜੀ ਇਹ ਖੂਬਸੂਰਤੀ ਵਿਖਾਈ ਜਾ ਰਹੀ ਹੈ ਇਹ ਕਿੰਨੀ ਅਸਲੀ ਹੈ? ਸਿਤਾਰਿਆਂ ਨੂੰ ਵੇਖ ਕੇ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਕਾਸ਼! ਮੇਰਾ ਨੱਕ ਵੀ ਅਜਿਹਾ ਹੁੰਦਾ, ਮੇਰੀ ਫਿਗਰ ਵੀ ਅਜਿਹੀ ਕੜਕ ਹੁੰਦੀ ਅਤੇ ਮੇਰੀ ਚਮੜੀ ਵੀ ਅਜਿਹੀ ਸਾਫ਼ ਸ਼ਫਾਕ ਹੁੰਦੀ, ਪਰ ਅਸਲੀਅਤ ਇਹ ਹੈ ਕਿ ਇਨ੍ਹਾਂ ਸਿਤਾਰਿਆਂ ਦੀ ਜਿਸ ਖੂਬਸੂਰਤੀ ਨੂੰ ਅਸੀਂ ਰੱਬ ਵੱਲੋਂ ਬਖ਼ਸ਼ੀ ਹੋਈ ਦਾਤ ਸਮਝ ਰਹੇ ਹਾਂ, ਅਸਲ ਵਿੱਚ ਉਹ ਡਾਕਟਰਾਂ ਦੁਆਰਾ ਆਪਰੇਸ਼ਨ ਥੀਏਟਰਾਂ ਵਿੱਚ ਤਿਆਰ ਕੀਤੀ ਗਈ ਹੁੰਦੀ ਹੈ।
ਹੌਲੀਵੁੱਡ-ਬੌਲੀਵੁੱਡ ਸਿਤਾਰਿਆਂ ਦੀ ਇਸ ਖੂਬਸੂਰਤੀ ਦੇ ਮਿਆਰ ਇੰਨੇ ਜ਼ਹਿਰੀਲੇ ਹੋ ਚੁੱਕੇ ਹਨ ਕਿ ਕੋਈ ਨੱਕ ਦੀ ਪਲਾਸਟਿਕ ਸਰਜਰੀ ਕਰਵਾ ਰਿਹਾ ਹੈ, ਕੋਈ ਛਾਤੀ ਨੂੰ ਵੱਡੀ ਕਰਵਾਉਂਦੀ ਹੈ, ਕੋਈ ਜਬਾੜੇ ਦੀ ਹੱਡੀ ਨੂੰ ਠੀਕ ਕਰਵਾਉਂਦਾ ਹੈ ਤੇ ਕੋਈ ਰੰਗ ਗੋਰਾ ਕਰਨ ਲਈ ਗਲੂਟਾਥੀਉਨ ਇੰਜੈਕਸ਼ਨ ਲਗਵਾਉਂਦਾ ਹੈ। ਝੁਰੜੀਆਂ ਖਤਮ ਕਰਨ ਲਈ ਫੇਸ ਲਿਫਟ ਸਰਜਰੀ ਅਤੇ ਬੋਟੋਕਸ ਦੇ ਟੀਕੇ ਲਗਵਾਉਣਾ, ਗੰਜਾਪਣ ਖ਼ਤਮ ਕਰਨ ਲਈ ਹੇਅਰ ਟਰਾਂਸਪਲਾਂਟ ਤੇ ਚਰਬੀ ਘਟਾਉਣ ਲਈ ਲਿਪੋਸਕਸ਼ਨ ਆਦਿ ਕਰਵਾਉਣਾ ਆਮ ਜਿਹੀ ਗੱਲ ਹੋ ਗਈ ਹੈ। ਦੁਨੀਆ ਦੀ ਸਭ ਤੋਂ ਖ਼ਤਰਨਾਕ ਸਰਜਰੀ ਬ੍ਰਾਜ਼ੀਲੀਅਨ ਬੱਟ ਲਿਫਟ ਸਰਜਰੀ ਹੈ ਜਿਸ ਦੁਆਰਾ ਚਾਹਵਾਨਾਂ ਦੇ ਹਿਪਸ ਵੱਡੇ ਕੀਤੇ ਜਾਂਦੇ ਹਨ, ਪਰ ਇਸ ਸਰਜਰੀ ਦੌਰਾਨ ਮਰਨ ਦੀ ਦਰ 3000 ਵਿੱਚ ਇੱਕ ਹੈ ਜੋ ਮੈਡੀਕਲ ਸਾਇੰਸ ਵਿੱਚ ਬਹੁਤ ਵੱਡੀ ਮੰਨੀ ਜਾਂਦੀ ਹੈ। ਫਿਰ ਵੀ ਹਰ ਸਾਲ ਵਿਕਸਤ ਦੇਸ਼ਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਇਹ ਸਰਜਰੀ ਕਰਵਾਈ ਜਾਂਦੀ ਹੈ ਜਿਸ ਦੇ ਫਲਸਵਰੂਪ ਅਨੇਕਾਂ ਲੋਕ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ।
ਫਿਲਮੀ ਸਿਤਾਰਿਆਂ ਦਾ ਇਹ ਪਾਗਲਪਣ ਆਮ ਨੌਜਵਾਨਾਂ ’ਤੇ ਬਹੁਤ ਮਾਰੂ ਪ੍ਰਭਾਵ ਪਾ ਰਿਹਾ ਹੈ। 2024 ਵਿੱਚ ਕੋਇੰਬਟੂਰ ਦੀ ਅੰਮ੍ਰਿਤਾ ਵਿਸ਼ਵ ਵਿਦਿਆਪੀਠਮ ਯੂਨੀਵਰਸਿਟੀ ਨੇ ਇਸ ਸਬੰਧੀ ਇੱਕ ਅਧਿਐਨ ਕੀਤਾ ਤਾਂ ਪਤਾ ਚੱਲਿਆ ਕਿ 77% ਲੜਕੇ-ਲੜਕੀਆਂ ਆਪਣੀ ਸਰੀਰਕ ਬਣਤਰ ਤੋਂ ਖੁਸ਼ ਨਹੀਂ ਹਨ। ਕਿੰਨੀ ਬੁਰੀ ਗੱਲ ਹੈ ਕਿ ਅਸੀਂ ਖੁਦ ਹੀ ਮੰਨ ਲਿਆ ਹੈ ਕਿ ਅਸੀਂ ਖੁਬਸੂਰਤ ਨਹੀਂ ਹਾਂ। ਪਲਾਸਟਿਕ ਸਰਜਰੀ ਅੱਜ ਅਰਬਾਂ ਖਰਬਾਂ ਡਾਲਰ ਦਾ ਕਾਰੋਬਾਰ ਬਣ ਚੁੱਕਿਆ ਹੈ। ਇਸ ਦਾ ਸਿਰਫ਼ ਇੱਕ ਹੀ ਕੰਮ ਹੈ ਨਕਲੀ ਤਰੀਕੇ ਨਾਲ ਲੋਕਾਂ ਦੀ ਵਧਦੀ ਹੋਈ ਉਮਰ ਨੂੰ ਕੁਝ ਦੇਰ ਲਈ ਰੋਕ ਦੇਣਾ ਤੇ ਉਨ੍ਹਾਂ ਨੂੰ ਆਪਣੇ ਚਿਹਰੇ ਅਤੇ ਸਰੀਰ ਨਾਲ ਘ੍ਰਿਣਾ ਕਰਨ ਲਈ ਮਜਬੂਰ ਕਰਨਾ। ਸੱਚਾਈ ਇਹ ਹੈ ਕਿ ਅੱਜ 90% ਬੌਲੀਵੁੱਡ ਹੀਰੋ-ਹੀਰੋਇਨਾਂ ਨੇ ਹੋਰ ਜ਼ਿਆਦਾ ਖੂਬਸੂਰਤ ਲੱਗਣ ਲਈ ਕਾਸਮੈਟਿਕ ਸਰਜਰੀ ਕਰਵਾ ਰੱਖੀ ਹੈ, ਪਰ ਦੱਖਣ ਦੇ ਸੁਪਰ ਸਟਾਰ ਕਮਲ ਹਸਨ ਦੀ ਬੇਟੀ ਸ਼ਰੁਤੀ ਹਸਨ, ਅਨੁਸ਼ਕਾ ਸ਼ਰਮਾ, ਪ੍ਰਿਅੰਕਾ ਚੋਪੜਾ, ਸ੍ਰੀ ਦੇਵੀ ਦੀ ਬੇਟੀ ਖੁਸ਼ੀ ਕਪੂਰ, ਰਾਖੀ ਸਾਵੰਤ ਅਤੇ ਸ਼ਿਲਪਾ ਸ਼ੈੱਟੀ ਨੂੰ ਛੱਡ ਕੇ ਬਹੁਤ ਘੱਟ ਸਿਤਾਰੇ ਇਸ ਨੂੰ ਸਵੀਕਾਰ ਕਰਦੇ ਹਨ। ਰਾਖੀ ਸਾਵੰਤ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਜੋ ਚੀਜ਼ਾਂ ਰੱਬ ਨਹੀਂ ਦਿੰਦਾ, ਉਹ ਡਾਕਟਰ ਦੇ ਦਿੰਦਾ ਹੈ।
ਕਈ ਸਿਤਾਰੇ ਅਜਿਹੇ ਹਨ ਕਿ ਜਿਨ੍ਹਾਂ ਨੇ ਕਦੇ ਵੀ ਇਹ ਨਹੀਂ ਮੰਨਿਆ ਕਿ ਉਨ੍ਹਾਂ ਨੇ ਸਰਜਰੀ ਕਰਵਾਈ ਹੈ, ਪਰ ਉਨ੍ਹਾਂ ਦੀਆਂ ਪੁਰਾਣੀਆਂ ਅਤੇ ਨਵੀਆਂ ਫੋਟੋ ਵੇਖ ਕੇ ਇਹ ਗੱਲ ਸਾਫ਼ ਪਤਾ ਲੱਗ ਜਾਂਦੀ ਹੈ। ਪਲਾਸਟਿਕ ਸਰਜਰੀ ਨਾਮ ਵੇਖ ਕੇ ਲੱਗਦਾ ਹੈ ਕਿ ਇਹ ਸ਼ਾਇਦ ਕੋਈ 40-50 ਸਾਲ ਪਹਿਲਾਂ ਸ਼ੁਰੂ ਹੋਈ ਹੋਵੇਗੀ, ਪਰ ਅਸਲ ਵਿੱਚ ਇਹ ਹਜ਼ਾਰਾਂ ਸਾਲਾਂ ਤੋਂ ਕੀਤੀ ਜਾ ਰਹੀ ਹੈ। ਕਰੀਬ 3100 ਸਾਲ ਪਹਿਲਾਂ 600 ਬੀ.ਸੀ. ਵਿੱਚ ਸੁਸ਼ਰਤ ਨਾਮਕ ਭਾਰਤੀ ਵੈਦ ਨੇ ਪਲਾਸਟਿਕ ਸਰਜਰੀ ਸ਼ੁਰੂ ਕੀਤੀ ਸੀ, ਪਰ ਉਹ ਪਲਾਸਟਿਕ ਸਰਜਰੀ ਕਿਸੇ ਨੂੰ ਖੂਬਸੂਰਤ ਬਣਾਉਣ ਲਈ ਨਹੀਂ ਬਲਕਿ ਇਲਾਜ ਵਾਸਤੇ ਸੀ। ਉਸ ਨੇ ਨੱਕ, ਅੱਖ ਅਤੇ ਚਿਹਰੇ ਦਾ ਆਪਰੇਸ਼ਨ ਕਰ ਕੇ ਠੀਕ ਕਰਨ, ਇਲਾਜ ਤੋਂ ਬਾਅਦ ਦੀ ਦੇਖਭਾਲ ਅਤੇ ਆਪਰੇਸ਼ਨ ਦੌਰਾਨ ਬੇਹੋਸ਼ ਕਰਨ ਸਬੰਧੀ ਆਪਣੇ ਗ੍ਰੰਥ ‘ਸੁਸ਼ਰਤ ਸੰਹਿਤਾ’ ਵਿੱਚ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ।
ਦਰਅਸਲ, ਪਲਾਸਟਿਕ ਸਰਜਰੀ ਵਿੱਚ ਕ੍ਰਾਂਤੀ ਦੂਸਰੇ ਸੰਸਾਰ ਯੁੱਧ ਦੌਰਾਨ ਆਈ ਸੀ। ਜੰਗ ਕਾਰਨ ਹਜ਼ਾਰਾਂ ਸੈਨਿਕਾਂ ਦੇ ਕੱਟੇ ਵੱਢੇ ਚਿਹਰਿਆਂ ਨੂੰ ਠੀਕ ਕਰਨ ਦੀ ਮਜਬੂਰੀ ਕਾਰਨ ਇਸ ਖੇਤਰ ਵਿੱਚ ਵੱਡੀਆਂ ਖੋਜਾਂ ਕੀਤੀਆਂ ਗਈਆਂ ਸਨ। ਇਸ ਕ੍ਰਾਂਤੀ ਦਾ ਸਿਹਰਾ ਨਿਊਜ਼ੀਲੈਂਡ ਦੇ ਸਰਜਨ ਹਾਰੋਲਡ ਗਿਲੀਜ਼ ਦੇ ਸਿਰ ਬੱਝਦਾ ਹੈ ਜਿਸ ਨੂੰ ਪਲਾਸਟਿਕ ਸਰਜਰੀ ਦਾ ਪਿਤਾਮਾ ਕਿਹਾ ਜਾਂਦਾ ਹੈ। ਉਸ ਨੇ ਨਵੀਆਂ ਤਕਨੀਕਾਂ ਨਾਲ ਹਜ਼ਾਰਾਂ ਸੈਨਿਕਾਂ ਦੇ ਚਿਹਰਿਆਂ ਦੀ ਪਲਾਸਟਿਕ ਸਰਜਰੀ ਕੀਤੀ ਜਿਸ ਕਾਰਨ ਉਹ ਸਮਾਜ ਵਿੱਚ ਆਮ ਜ਼ਿੰਦਗੀ ਬਤੀਤ ਕਰਨ ਦੇ ਕਾਬਲ ਬਣੇ। ਇਸ ਤੋਂ ਬਾਅਦ ਇਸ ਖੇਤਰ ਵਿੱਚ ਨਵੀਆਂ ਤੋਂ ਨਵੀਆਂ ਖੋਜਾਂ ਸ਼ੁਰੂ ਹੋ ਗਈਆਂ ਤੇ ਹੌਲੀਵੁੱਡ ਵਿੱਚ ਪਲਾਸਟਿਕ ਸਰਜਰੀ ਹਰਮਨਪਿਆਰੀ ਹੋਣ ਲੱਗ ਪਈ। ਫਰਕ ਇਹ ਸੀ ਕਿ ਹੁਣ ਸਰਜਰੀ ਕਿਸੇ ਸੱਟ ਨੂੰ ਠੀਕ ਕਰਨ ਲਈ ਨਹੀਂ ਸਗੋਂ ਖੂਬਸੂਰਤ ਲੱਗਣ ਲਈ ਕੀਤੀ ਜਾਣ ਲੱਗੀ ਸੀ। ਅਮਰੀਕਾ ਵਿੱਚ ਪਲਾਸਟਿਕ ਸਰਜਰੀ ਕਰਨ ਵਾਲੇ ਕਲੀਨਿਕ ਖੁੰਭਾਂ ਵਾਂਗ ਉੱਗਣ ਲੱਗ ਪਏ ਤੇ 1980 ਤੱਕ ਇਹ ਅਰਬਾਂ ਖਰਬਾਂ ਡਾਲਰ ਦਾ ਕਾਰੋਬਾਰ ਬਣ ਗਿਆ।
ਖੂਬਸੂਰਤੀ ਕੀ ਹੈ ? ਇਹ ਇੱਕ ਬਹੁਤ ਗੁੰਝਲਦਾਰ ਸਵਾਲ ਹੈ ਤੇ ਹਰੇਕ ਸਮਾਜ ਵਿੱਚ ਇਸ ਦੇ ਅਰਥ ਅਲੱਗ ਅਲੱਗ ਹਨ। ਅਫ਼ਰੀਕਾ ਵਿੱਚ ਮੋਟੇ ਬੁੱਲ੍ਹ ਹੋਣ ਨੂੰ, ਭਾਰਤ ਵਿੱਚ ਮੋਟੀਆਂ ਅੱਖਾਂ ਤੇ ਚੀਨੀ ਨਸਲ ਵਿੱਚ ਤਿੱਖੀਆਂ ਤੇ ਛੋਟੀਆਂ ਅੱਖਾਂ ਨੂੰ ਖੁਬਸੂਰਤੀ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਬਰਮਾ ਦੇ ਇੱਕ ਕਬੀਲੇ ਵਿੱਚ ਲੜਕੀਆਂ ਦੀਆਂ ਗਰਦਨਾਂ ਧਾਤ ਦੇ ਛੱਲੇ ਪਾ ਕੇ ਬਤਖ ਵਾਂਗ ਲੰਬੀਆਂ ਕਰ ਦਿੱਤੀਆਂ ਜਾਂਦੀਆਂ ਹਨ। ਉੱਤਰੀ ਭਾਰਤ ਵਿੱਚ ਗੋਰੇ ਤੇ ਦੱਖਣੀ ਭਾਰਤ ਵਿੱਚ ਕਾਲੇ ਰੰਗ ਨੂੰ ਖੂਬਸੂਰਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। 1990ਵਿਆਂ ਵਿੱਚ ਜ਼ੀਰੋ ਫਿਗਰ (ਪੈਨਸਿਲ ਵਰਗੀਆਂ ਪਤਲੀਆਂ ਲੜਕੀਆਂ) ਨੂੰ ਖੂਬਸੂਰਤ ਮੰਨਿਆ ਜਾਂਦਾ ਸੀ ਜਦ ਕਿ ਅੱਜਕੱਲ੍ਹ ਸਿਹਤਮੰਦ ਲੜਕੀਆਂ ਨੂੰ।
ਹੌਲੀਵੁੱਡ ਵਿੱਚ ਪਲਾਸਟਿਕ ਸਰਜਰੀ ਇੰਨੀ ਆਮ ਗੱਲ ਹੋ ਚੁੱਕੀ ਹੈ ਜਿਸ ਬਾਰੇ ਹੁਣ ਕੋਈ ਗੱਲ ਵੀ ਨਹੀਂ ਕਰਦਾ, ਪਰ ਬੌਲੀਵੁੱਡ ਵਿੱਚ ਇਹ ਅਜੇ ਵੀ ਇੱਕ ਹਊਆ ਹੈ। ਪਲਾਸਟਿਕ ਸਰਜਰੀ ਕਰਾਉਣ ਵਾਲੇ ਹੀਰੋ-ਹੀਰੋਇਨਾਂ ਬਾਰੇ ਪਿੱਠ ਪਿੱਛੇ ਚੁਗਲੀਆਂ ਕੀਤੀ ਜਾਂਦੀਆਂ ਹਨ ਤੇ ਗਾਸਿਪ ਮੈਗਜ਼ੀਨਾਂ ਵਿੱਚ ਛਾਪਿਆ ਜਾਂਦਾ ਹੈ। ਬੌਲੀਵੁੱਡ ਦੇ ਸਿਤਾਰੇ (ਕੁਝ ਕੁ ਨੂੰ ਛੱਡ ਕੇ) ਸਰਜਰੀ ਕਰਵਾਉਣ ਬਾਰੇ ਬਿਲਕੁਲ ਵੀ ਨਹੀਂ ਮੰਨਦੇ, ਪਰ ਉਨ੍ਹਾਂ ਦੀਆਂ ਪੁਰਾਣੀਆਂ ਤੇ ਨਵੀਆਂ ਤਸਵੀਰਾਂ ਵੇਖ ਕੇ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਸਰਜਰੀ ਕਰਵਾਈ ਗਈ ਹੈ। ਮਿਸਾਲ ਦੇ ਤੌਰ ’ਤੇ ਉਰਵਸ਼ੀ ਰੌਟੇਲਾ, ਆਇਸ਼ਾ ਟਾਕੀਆ ਤੇ ਮੌਨੀ ਰਾਏ ਆਦਿ ਦੇ ਪਹਿਲਾਂ ਦੇ ਨੱਕ, ਗੱਲ੍ਹਾਂ ਦੀਆਂ ਹੱਡੀਆਂ ਅਤੇ ਬੁੱਲ੍ਹਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਸਿਰਫ਼ ਹੀਰੋਇਨਾਂ ਹੀ ਨਹੀਂ, ਬਲਕਿ ਐਕਟਰ ਵੀ ਅਜਿਹੀਆਂ ਸਰਜਰੀਆਂ ਕਰਵਾ ਰਹੇ ਹਨ ਜਿਨ੍ਹਾਂ ਵਿੱਚ ਪ੍ਰਮੁੱਖ ਟਾਈਗਰ ਸ਼ਰਾਫ ਅਤੇ ਰਾਜ ਕੁਮਾਰ ਰਾਉ ਹਨ। ਰਾਜ ਕੁਮਾਰ ਰਾਉ ਨੇ ਤਾਂ ਇਹ ਗੱਲ ਸਵੀਕਾਰ ਵੀ ਕੀਤੀ ਹੈ।
ਸੱਠ ਸਾਲ ਦੀ ਉਮਰ ਵਿੱਚ ਵੀ ਆਮਿਰ ਖਾਨ, ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਆਦਿ ਵਰਗੇ ਸਟਾਰਾਂ ਦੇ ਚਿਹਰਿਆਂ ’ਤੇ ਝੁਰੜੀਆਂ ਦਿਖਾਈ ਨਾ ਦੇਣ ਦਾ ਕਾਰਨ ਬੋਟੋਕਸ ਇੰਜੈਕਸ਼ਨ ਹੈ। ਬੋਟੋਕਸ ਇੱਕ ਕਿਸਮ ਦਾ ਨਿਊਰੋਟਾਕਸਿਨ ਜ਼ਹਿਰ ਹੁੰਦਾ ਹੈ ਜੋ ਚਮੜੀ ਨੂੰ ਖਿੱਚ ਕੇ ਟਾਈਟ ਕਰ ਦਿੰਦਾ ਹੈ। ਉਂਜ ਤਾਂ ਇਹ ਬਹੁਤ ਜ਼ਹਿਰੀਲਾ ਹੁੰਦਾ ਹੈ, ਪਰ ਘੱਟ ਮਾਤਰਾ ਵਿੱਚ ਵਰਤਣ ਕਾਰਨ ਹਾਨੀ ਰਹਿਤ ਹੋ ਜਾਂਦਾ ਹੈ। ਇਸ ਦਾ ਇੱਕ ਮਾੜਾ ਪੱਖ ਇਹ ਹੈ ਕਿ ਇਸ ਨੂੰ ਹਰ ਦੋ-ਤਿੰਨ ਮਹੀਨੇ ਬਾਅਦ ਲਗਵਾਉਣਾ ਪੈਂਦਾ ਹੈ, ਪਰ ਜਦੋਂ ਬਾਕੀ ਦਾ ਸਰੀਰ ਹੀ ਢਲਕ ਜਾਵੇ ਤਾਂ ਇਕੱਲਾ ਝੁਰੜੀ ਰਹਿਤ ਚਿਹਰਾ ਬੁਢਾਪੇ ਨੂੰ ਲੁਕਾ ਨਹੀਂ ਸਕਦਾ।
ਇੱਕ ਹੋਰ ਖ਼ਤਰਨਾਕ ਸਰਜਰੀ ਜੋ ਭਾਰਤੀ ਹੀਰੋਇਨਾਂ ਵਿੱਚ ਬਹੁਤ ਮਕਬੂਲ ਹੈ ਉਹ ਹੈ ਚਮੜੀ ਗੋਰੀ ਕਰਨ ਵਾਲਾ ਸਕਿਨ ਲਾਈਟਨਿੰਗ ਟਰੀਟਮੈਂਟ ਜੋ ਗਲੂਟਾਥਾਈਓਨ ਨਾਮਕ ਟੀਕਾ ਲਗਵਾ ਕੇ ਕੀਤਾ ਜਾਂਦਾ ਹੈ। ਇਨ੍ਹਾਂ ਵਿੱਚ ਸ਼ਾਮਲ ਹਨ ਕਾਜੋਲ, ਪ੍ਰਿਅੰਕਾ ਚੋਪੜਾ, ਸ਼ਿਲਪਾ ਸ਼ੈੱਟੀ, ਦੀਪਿਕਾ ਪਾਦੂਕੋਨ, ਸ੍ਰੀ ਦੇਵੀ, ਬਿਪਾਸ਼ਾ ਬਾਸੂ ਅਤੇ ਰੇਖਾ ਆਦਿ। ਫਿਲਮੀ ਕਰੀਅਰ ਦੀ ਸ਼ੁਰੂਆਤ ਵਿੱਚ ਇਨ੍ਹਾਂ ਦਾ ਰੰਗ ਕਾਫ਼ੀ ਸਾਂਵਲਾ ਸੀ ਜੋ ਹੁਣ ਬਹੁਤ ਗੋਰਾ ਦਿਖਾਈ ਦਿੰਦਾ ਹੈ, ਪਰ ਇਨ੍ਹਾਂ ਵਿੱਚੋਂ ਕੋਈ ਵੀ ਇਸ ਗੱਲ ਨੂੰ ਨਹੀਂ ਮੰਨਦੀ। ਕਾਜੋਲ ਨੇ ਇੱਕ ਇੰਟਰਵਿਊ ਵਿੱਚ ਇਨਕਾਰ ਕਰਦੇ ਹੋਏ ਕਿਹਾ ਸੀ ਕਿ ਪਹਿਲਾਂ ਉਹ ਧੁੱਪ ਵਿੱਚ ਬਹੁਤ ਕੰਮ ਕਰਦੀ ਸੀ ਜਿਸ ਕਾਰਨ ਉਸ ਦਾ ਰੰਗ ਕਾਲਾ ਹੋ ਗਿਆ ਸੀ, ਪਰ ਹੁਣ ਉਹ ਜ਼ਿਆਦਾਤਰ ਛਾਂ ਵਿੱਚ ਰਹਿੰਦੀ ਹੈ। ਗਲੂਟਾਥਾਈਓਨ ਟੀਕਾ ਐਨਾ ਜ਼ਹਿਰੀਲਾ ਹੈ ਕਿ ਗ਼ਲਤ ਤਰੀਕੇ ਅਤੇ ਜ਼ਿਆਦਾ ਮਾਤਰਾ ਵਿੱਚ ਲਾ ਦੇਣ ਨਾਲ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। ਕਾਂਟਾ ਲਗਾ... ਗੀਤ ’ਤੇ ਡਾਂਸ ਕਰਨ ਤੋਂ ਵਿਸ਼ਵ ਪ੍ਰਸਿੱਧ ਹੋਣ ਵਾਲੀ ਡਾਂਸਰ ਸ਼ੈਫਾਲੀ ਜ਼ਰੀਵਾਲਾ ਦੀ ਮੌਤ (27 ਜੂਨ 2025) ਅਜਿਹੇ ਟੀਕੇ ਕਾਰਨ ਹੋਣ ਵਾਲੀ ਐਲਰਜੀ ਨਾਲ ਹੋਈ ਸੀ। ਵਿਸ਼ਵ ਵਿੱਚ ਅਜਿਹੇ ਕਈ ਹੋਰ ਵੀ ਵਾਕਿਆ ਹੋ ਚੁੱਕੇ ਹਨ, ਪਰ ਫਿਲਮ ਇੰਡਸਟਰੀ ਅਤੇ ਹਾਈ ਸੁਸਾਇਟੀ ਦੀ ਚਮਕ ਦਮਕ, ਪੈਸਾ, ਸਟੇਟਸ ਅਤੇ ਪ੍ਰਸਿੱਧੀ ਕਾਰਨ ਵੱਧ ਤੋਂ ਵੱਧ ਲੋਕ ਪਲਾਸਟਿਕ ਸਰਜਰੀ ਵੱਲ ਖਿੱਚੇ ਚਲੇ ਆ ਰਹੇ ਹਨ।
ਸੰਪਰਕ: 95011-00062

