ਕਾਤਲ ਡੋਰਾਂ ਤੇ ਬਸੰਤ ਰੁੱਤ
ਮਨੁੱਖੀ ਮਨ ਦੀ ਮੁੱਢ ਤੋਂ ਹੀ ਫਿਤਰਤ ਰਹੀ ਹੈ ਕਿ ਉਹ ਆਪਣੇ ਮਨ ਦੀ ਹਰ ਖ਼ੁਸ਼ੀ ਲਈ ਦੂਸਰਿਆਂ ਦੇ ਮੌਲਿਕ ਅਧਿਕਾਰਾਂ ਨੂੰ ਦਾਅ ’ਤੇ ਲਾਉਣ ਤੋਂ ਗੁਰੇਜ਼ ਨਹੀਂ ਕਰਦਾ। ਨੀਲੇ ਆਕਾਸ਼ ਵਿੱਚ ਅਣਭੋਲ ਪੰਛੀਆਂ ਦੀ ਤਰ੍ਹਾਂ ਉੱਡਣਾ ਤੇ ਉੱਡਦਿਆਂ ਕਲਾਬਾਜ਼ੀਆਂ...
ਮਨੁੱਖੀ ਮਨ ਦੀ ਮੁੱਢ ਤੋਂ ਹੀ ਫਿਤਰਤ ਰਹੀ ਹੈ ਕਿ ਉਹ ਆਪਣੇ ਮਨ ਦੀ ਹਰ ਖ਼ੁਸ਼ੀ ਲਈ ਦੂਸਰਿਆਂ ਦੇ ਮੌਲਿਕ ਅਧਿਕਾਰਾਂ ਨੂੰ ਦਾਅ ’ਤੇ ਲਾਉਣ ਤੋਂ ਗੁਰੇਜ਼ ਨਹੀਂ ਕਰਦਾ। ਨੀਲੇ ਆਕਾਸ਼ ਵਿੱਚ ਅਣਭੋਲ ਪੰਛੀਆਂ ਦੀ ਤਰ੍ਹਾਂ ਉੱਡਣਾ ਤੇ ਉੱਡਦਿਆਂ ਕਲਾਬਾਜ਼ੀਆਂ ਲਾਉਣੀਆਂ ਮਨੁੱਖੀ ਤਨ ਦੀ, ਮਨ ਦੀ ਅਧੂਰੀ ਖਾਹਿਸ਼ ਕਦੇ ਪੂਰੀ ਨਹੀਂ ਹੋਈ ਅਤੇ ਨਾ ਹੀ ਕਦੇ ਹੋਣੀ ਹੈ। ਕੁਦਰਤ ਦੇ ਅਣਗਣਿਤ ਰੰਗ ਅਤੇ ਅਣਗਣਿਤ ਸਰੂਪ ਆਪਣੇ-ਆਪਣੇ ਰੂਪਾਂ ਵਿੱਚ ਬਿਰਾਜਮਾਨ ਹੋ ਕੇ ਵਿਚਰ ਰਹੇ ਹਨ। ਪੰਜ ਤੱਤਾਂ ਦੇ ਨਾਲ ਕੁਦਰਤ ਨੂੰ ਸ਼ਿੰਗਾਰਨ ਵਾਲਾ ਆਪ ਅਦਿੱਖ ਹੋ ਕੇ ਸਭਨਾਂ ’ਚ ਵਿਚਰ ਰਿਹਾ ਹੈ। ਅਫ਼ਸੋਸ ਹੈ ਮਨੁੱਖ ਗਿਆਨਵਾਨ ਹੋਣ ਦੇ ਬਾਵਜੂਦ ਇਸ ਨੂੰ ਅੱਖੋਂ ਪਰੋਖੇ ਕਰਦਾ ਆਪਣੇ ਮਨ ਦੇ ਬੇਬਾਕ ਤੇ ਦਿਸ਼ਾਹੀਣ ਘੋੜੇ ਦਾ ਸ਼ਾਹ-ਅਸਵਾਰ ਰਿਹਾ ਹੈ। ਆਪਣੇ ਮਨ ਦੀ ਪਲਾਂ ਦੀ ਖ਼ੁਸ਼ੀ ਲਈ, ਪਲਾਂ ਦੇ ਸੁਆਦ ਲਈ ਦੂਸਰਿਆਂ ਜੀਵਾਂ ਲਈ ਮੌਤ ਬਣ ਕੇ ਤਾਂਡਵ ਕਰ ਰਿਹਾ ਹੈ।
ਬਸੰਤ ਦੀ ਰੁੱਤ ਕੁਦਰਤ ਦੇ ਮੁੜ ਵੰਨ-ਸੁਵੰਨੇ ਨਵੇਂ ਰੰਗਾਂ ’ਚ ਮਹਿਕਣ-ਟਹਿਕਣ ਦੀ ਪਿਆਰੀ ਰੁੱਤ ਹੈ। ਇਸ ਦੌਰਾਨ ਕੁਦਰਤ ਆਪਣੇ ਜੋਬਨ ਨੂੰ ਮੁੜ ਤੋਂ ਸਜ-ਸੰਵਰ ਕੇ ਸ਼ਿੰਗਾਰਦੀ ਹੈ। ਮਨੁੱਖ ਨੇ ਇਸ ਰੁੱਤ ਨੂੰ ਰੰਗ-ਬਿਰੰਗੇ ਪਤੰਗਾਂ ਦੀਆਂ ਡੋਰਾਂ ਆਪਣੇ ਹੱਥ ਵਿੱਚ ਫੜ ਕੇ ਹਵਾਵਾਂ ਦੇ ਨਾਲ ਨੀਲੇ ਗਗਨ ਨੂੰ ਛੂਹਣਾ ਚਾਹਿਆ ਹੈ। ਹੈਲੀਕਾਪਟਰ ਤੋਂ ਹਵਾਈ ਜਹਾਜ਼, ਮਿਜ਼ਾਈਲਾਂ ਰਾਹੀਂ ਉਪ-ਗ੍ਰਹਿ ਉੱਚੇ ਆਕਾਸ਼ ਵਿੱਚ ਪਹੁੰਚਾ ਕੇ ਇਸ ਦੇ ਆਲੇ-ਦੁਆਲੇ ਹੋ ਰਹੀਆਂ ਕੁਦਰਤੀ ਅਤੇ ਗੈਰ ਕੁਦਰਤੀ ਗਤੀਵਿਧੀਆਂ ’ਤੇ ਵੀ ਨਜ਼ਰ ਰੱਖਣੀ ਸ਼ੁਰੂ ਕਰ ਲਈ। ਬ੍ਰਹਿਮੰਡ ਦੇ ਵਿਸ਼ਾਲ ਆਕਾਰ ਨੂੰ ਆਪਣੀਆਂ ਨਜ਼ਰਾਂ ਸਾਹਮਣੇ ਕਰਕੇ ਵਰਤਣ ਦੀ ਲਾਲਸਾ ਕਾਇਮ ਰੱਖੀ।
ਪਿਛਲੇ ਦਹਾਕਿਆਂ ਵਿੱਚ ਬਸੰਤ ਰੁੱਤੇ ਪਿੰਡਾਂ ਵਿੱਚ ਪਤੰਗਾਂ ਦੀਆਂ ਡੋਰਾਂ ਆਮ ਸਿਲਾਈ ਵਾਲੀਆਂ ਸੂਤੀ ਡੋਰਾਂ ਜਾਂ ਅੱਧੀ ਦੇ ਧਾਗੇ ਦੀਆਂ ਹੁੰਦੀਆਂ ਸਨ। ਬੱਚੇ ਅਤੇ ਨੌਜਵਾਨ ਰੱਦੀ ਅਖ਼ਬਾਰਾਂ ਦੇ ਵੱਡੇ ਪਤੰਗ, ਰੜਕੇ ਦੀਆਂ ਸੀਖਾਂ ਦੀਆਂ ਤੀਲ੍ਹਾਂ ਨਾਲ ਪਤੰਗ ਬਣਾ ਕੇ ਲੰਮੀਆਂ ਪੂਛਾਂ ਲਾ ਕੇ ਉਡਾਉਂਦੇ ਹੁੰਦੇ ਸਨ। ਇਸ ਨਾਲ ਵਾਤਾਵਰਣ ਤੇ ਪੰਛੀਆਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਸੀ। ਦੂਜਾ ਬਹੁਤ ਘੱਟ ਬੱਚੇ ਇਸ ਸ਼ੌਕ ਨੂੰ ਅਪਣਾਉਂਦੇ ਸਨ। ਕੱਚੀਆਂ ਡੋਰਾਂ ਧੁੱਪ ਤੇ ਪਾਣੀ ਦੀ ਸਿੱਲ ਨਾਲ ਗਲ਼-ਟੁੱਟ ਜਾਂਦੀਆਂ ਸਨ। ਸ਼ਹਿਰਾਂ ਵਾਲੇ ਰੰਗ-ਬਿਰੰਗੇ ਪਤੰਗ ਤੇ ਬਣੀਆਂ ਬਣਾਈਆਂ ਡੋਰਾਂ ਜਾਂ ਆਪ ਕੱਚ ਤੇ ਸੁਰੇਸ ਨਾਲ ਸੂਤ ਕੇ ਤਿਆਰ ਕਰ ਲੈਂਦੇ ਸਨ। ਸੂਤੀਆਂ ਡੋਰਾਂ ਨਾਲ ਦੂਸਰੇ ਉੱਡਦੇ ਪਤੰਗਾਂ ਨਾਲ ਮੁਕਾਬਲੇਬਾਜ਼ੀ ਕਰਦਿਆਂ ਉਨ੍ਹਾਂ ਡੋਰਾਂ ਨੂੰ ਕੱਟਣ ਦਾ ਜਜ਼ਬਾ ਕਾਇਮ ਰਹਿੰਦਾ ਸੀ। ਇਹ ਡੋਰਾਂ ਵੀ ਪੰਛੀਆਂ ਤੇ ਵਾਹਨਾਂ ’ਤੇ ਜਾਂਦੇ ਰਾਹੀਆਂ ਲਈ ਤਕਲੀਫ਼ਦੇਹ ਸਾਬਤ ਹੁੰਦੀਆਂ ਸਨ।
ਅੱਜ ਦੇ ਦੌਰ ਵਿੱਚ ਚੀਨ ਤੋਂ ਆ ਰਹੀਆਂ ਜਾਂ ਚਾਇਨਾ ਡੋਰਾਂ ਜਿਹੀਆਂ ਤਿਆਰ ਹੁੰਦੀਆਂ ਦੇਸੀ ਡੋਰਾਂ ਨੇ ਪੰਛੀਆਂ ਦੇ ਨਾਲ ਨਾਲ ਸੜਕਾਂ ’ਤੇ ਵਿਚਰਦੇ ਸਾਈਕਲ ਤੇ ਸਕੂਟਰ ਜਿਹੇ ਬਿਨਾਂ ਛੱਤ ਤੋਂ ਤੇਜ਼ ਰਫ਼ਤਾਰ ਵਾਹਨਾਂ ਦੇ ਚਾਲਕਾਂ ਨੂੰ ਮੌਤ ਦੇ ਘਾਟ ਉਤਾਰਨਾ ਸ਼ੁਰੂ ਕਰ ਦਿੱਤਾ ਹੈ। ਇਹ ਡੋਰਾਂ ਜਿੱਥੇ ਪਤੰਗ ਉਡਾਉਣ ਵਾਲੇ ਹੱਥਾਂ ਨੂੰ ਜ਼ਖ਼ਮ ਦਿੰਦੀਆਂ ਹਨ, ਨਾਲ ਹੀ ਉੱਡਦੇ ਮਾਸੂਮ ਪੰਛੀਆਂ ਦੇ ਪੰਜਿਆਂ ’ਚ ਫਸ ਜਾਂਦੀਆਂ ਹਨ। ਰੁੱਖਾਂ-ਝਾੜਾਂ ਨਾਲ ਫਸੀਆਂ ਡੋਰਾਂ ਦਾ ਸ਼ਿਕਾਰ ਪੰਛੀ ਆਮ ਹੋ ਜਾਂਦੇ ਹਨ। ਪੰਛੀਆਂ ਦੀਆਂ ਗਰਦਨਾਂ, ਖੰਭ ਤੇ ਲੱਤਾਂ-ਪੰਜੇ ਨੁਕਸਾਨੇ ਜਾਂਦੇ ਹਨ। ਵਿਚਾਰੇ ਇਹ ਅਣਭੋਲ ਪੰਛੀ ਕਿਸ ਅੱਗੇ ਫਰਿਆਦ ਕਰਨ, ਕਿੱਥੇ ਜਾ ਕੇ ਰਿਪੋਰਟ ਲਿਖਵਾਉਣ। ਇਹ ਅਸਮਾਨ, ਇਹ ਧਰਤੀ ਜਿਸ ’ਤੇ ਮਨੁੱਖ ਜਿੰਨਾ ਹੀ ਇਨ੍ਹਾਂ ਦਾ ਵੀ ਅਧਿਕਾਰ ਹੈ, ਉਹ ਇਸ ਨੂੰ ਛੱਡ ਕੇ ਕਿੱਥੇ ਤੁਰ ਜਾਣ।
ਇਹ ਪਤੰਗੀ ਡੋਰਾਂ ਕਾਤਲ ਡੋਰਾਂ ਬਣ ਗਈਆਂ ਹਨ। ਕਿਸੇ ਬੇ-ਗੁਨਾਹ ਨੂੰ ਬਿਨਾਂ ਕਿਸੇ ਕਾਰਨ ਮੌਤ ਜਿਹੀ ਸਜ਼ਾ ਦੇਣਾ, ਕਿਸੇ ਨੂੰ ਬਿਨਾਂ ਜੁਰਮ ਕੀਤੇ ਅਪੰਗ ਕਰ ਦੇਣਾ ਇਹ ਕਿੱਥੋਂ ਤੱਕ ਜਾਇਜ਼ ਹੈ। ਕਿਸੇ ਇੱਕ ਸ਼ਰਾਰਤੀ ਦੀ ਖ਼ੁਸ਼ੀ ਹਜ਼ਾਰਾਂ ਲਈ ਜਾਨ-ਲੇਵਾ ਸਾਬਤ ਹੋ ਜਾਂਦੀ ਹੈ। ਸਾਡੇ ਸਮਾਜ ਦੇ ਸੂਝਵਾਨਾਂ, ਵਿਦਵਾਨਾਂ, ਸੰਸਥਾਵਾਂ ਤੇ ਵਿਦਿਅਕ ਅਦਾਰਿਆਂ ਨੂੰ ਇਹੋ ਜਿਹੀਆਂ ਖ਼ਤਰਨਾਕ ਕਾਤਲ ਡੋਰਾਂ ਨੂੰ ਰੋਕਣ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ ਜੋ ਅੱਜ ਦੇ ਸਮੇਂ ਦੀ ਵੱਡੀ ਮੰਗ ਹੈ।
ਅਧਿਆਪਕਾਂ ਵੱਲੋਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਵਿਸ਼ੇਸ਼ ਤੌਰ ’ਤੇ ਪ੍ਰੋਗਰਾਮ ਉਲੀਕ ਕੇ ਇਹੋ ਜਿਹੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਬੱਚਿਆਂ ਤੇ ਨੌਜਵਾਨਾ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਮਾਪਿਆਂ ਨੂੰ ਵਿਸ਼ੇਸ਼ ਮੀਟਿੰਗਾਂ ਕਰਕੇ ਸੁਚੇਤ ਕਰਨਾ ਅਤਿ ਜ਼ਰੂਰੀ ਹੈ। ਅਖ਼ਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ ਇਸ ਨੂੰ ਰੋਕਣ ਲਈ ਉਪਰਾਲੇ ਕਰਨੇ ਬਹੁਤ ਜ਼ਰੂਰੀ ਹਨ।
ਇਹੋ ਜਿਹੀਆਂ ਡੋਰਾਂ ਵੇਚਣ ਵਾਲੇ ਵੀ ਸਮਾਜ ਤੇ ਕੁਦਰਤ ਦੇ ਅਪਰਾਧੀ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹੋ ਜਿਹੇ ਦੁਕਾਨਦਾਰਾਂ ’ਤੇ ਕਾਨੂੰਨੀ ਕਾਰਵਾਈ ਕਰਨੀ ਬਹੁਤ ਜ਼ਰੂਰੀ ਹੈ। ਉਨ੍ਹਾਂ ਦੇ ਭਾਰੀ ਚਲਾਨ ਕੱਟੇ ਜਾਣ ਤਾਂ ਕਿ ਹੋਰ ਵੇਚਣ ਵਾਲੇ ਵੀ ਇਸ ਸਜ਼ਾ ਤੋਂ ਡਰਨ ਤੇ ਵੇਚਣ ਤੋਂ ਤੌਬਾ ਕਰਨ। ਸਾਡਾ ਸਭ ਦਾ ਇਹ ਇਖ਼ਲਾਕੀ ਫ਼ਰਜ਼ ਬਣਦਾ ਹੈ ਕਿ ਇਕਜੁਟ ਹੋ ਕੇ ਚਾਇਨਾ ਡੋਰ ਤੇ ਕੈਮੀਕਲ ਨਾਲ, ਲੋਹ ਚੂਰਨ ਤੇ ਕੱਚ ਚੂਰਨ ਨਾਲ ਤਿਆਰ ਕੀਤੀਆਂ ਡੋਰਾਂ ਦਾ ਅੰਤ ਕਰੀਏ।
ਆਪਣੇ ਚੌਗਿਰਦੇ ਵਿੱਚ ਉੱਡਦੇ ਤੇ ਚਹਿਕਦੇ ਪੰਛੀਆਂ ਦੀ ਜਾਨ ਤੇ ਸਿਹਤ ਦਾ ਧਿਆਨ ਰੱਖਦਿਆਂ ਬਸੰਤ ਰੁੱਤ ਦੇ ਰੰਗਾਂ ਨੂੰ ਮਾਣਦੇ ਕੁਦਰਤ ਦਾ ਸ਼ੁਕਰਾਨਾ ਕਰੀਏ। ਜੀਵ-ਜੰਤੂਆਂ, ਪਸ਼ੂੂ-ਪੰਛੀਆਂ ਦੀ ਹਿਫ਼ਾਜ਼ਤ ਕਰੀਏ। ਮਾਪਿਆਂ ਦੀ ਇਹ ਵਿਸ਼ੇਸ਼ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਖ਼ਤੀ ਨਾਲ ਪਤੰਗਬਾਜ਼ੀ ਤੋਂ ਰੋਕਣ। ਜੇਕਰ ਹਰ ਮਾਂ-ਬਾਪ ਇਹ ਇਨਸਾਨੀਅਤ ਦਾ ਫਰਜ਼ ਨਿਭਾਵੇ ਤਾਂ ਉਨ੍ਹਾਂ ਦੇ ਬੱਚੇ ਵੀ ਆਉਣ ਵਾਲੇ ਸਮੇਂ ਵਿੱਚ ਚੰਗੇ ਸ਼ਹਿਰੀ ਬਣ ਕੇ ਦੂਸਰਿਆਂ ਦਾ ਦਰਦ ਮਹਿਸੂਸ ਕਰ ਸਕਦੇ ਹਨ।
ਭਾਵੇਂ ਸਰਕਾਰੀ ਪੱਧਰ ’ਤੇ ਇਸ ਡੋਰ ’ਤੇ ਪਾਬੰਦੀ ਲਾਈ ਹੋਈ ਹੈ, ਪਰ ਚਾਹਵਾਨਾਂ ਨੇ ਇਸ ਦੇ ਬਦਲ ਲੱਭ ਲਏ ਹਨ, ਜਿਸ ਨੇ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਪਤੰਗ ਉਡਾਉਣ ਦਾ ਕੁਝ ਪਲਾਂ ਦਾ ਚਾਅ ਕਈਆਂ ਦੇ ਜੀਵਨ ਨੂੰ ਬਰਬਾਦ ਕਰ ਚੁੱਕਾ ਹੈ। ਕਈ ਘਰਾਂ ਦੇ ਜੀਆਂ ਦਾ ਜੀਵਨ ਇਸ ਦੀ ਭੇਟ ਚੜ੍ਹ ਗਿਆ ਹੈ। ਇਸ ਸਭ ਦੇ ਮੱਦੇਨਜ਼ਰ ਆਓ ਸਾਰੇ ਪ੍ਰਣ ਕਰੀਏ ਕਿ ਇਸ ਦੀ ਵਰਤੋਂ ਰੋਕਣ ਲਈ ਜਿੱਥੋਂ ਤੱਕ ਹੋ ਸਕੇ ਆਪਣੇ ਆਸ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਜਾਗਰੂਕ ਤਾਂ ਕਰੀਏ ਹੀ, ਨਾਲ ਹੀ ਇਹ ਸਾਨੂੰ ਰਾਹ ਰਸਤਿਆਂ ਵਿੱਚ ਜਿੱਥੇ ਵੀ ਫਸੀ ਮਿਲੇ, ਉਸ ਨੂੰ ਉੱਥੋਂ ਚੁੱਕ ਕੇ ਇਸ ਦਾ ਸੁਰੱਖਿਅਤ ਨਿਪਟਾਰਾ ਕਰੀਏ। ਜੇਕਰ ਅਸੀਂ ਇਸ ਦਾ ਸੁਰੱਖਿਅਤ ਨਿਪਟਾਰਾ ਨਾ ਕੀਤਾ ਤਾਂ ਇਹ ਪੰਛੀਆਂ ਦੇ ਨਾਲ ਨਾਲ ਕਿਸੇ ਵੀ ਬੇਕਸੂਰ ਇਨਸਾਨ ਨੂੰ ਆਪਣਾ ਸ਼ਿਕਾਰ ਬਣਾ ਲਵੇਗੀ।
ਸੰਪਰਕ: 94651-29168

