DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਇਆ ਬਸੰਤ ਪਾਲ਼ਾ ਉਡੰਤ...

ਬਸੰਤ ਰੁੱਤ ਨੂੰ ਕੁਦਰਤ ਦੀ ਮਿੱਠੀ ਅਤੇ ਖ਼ੂਬਸੂਰਤ ਨਿਆਮਤ ਕਿਹਾ ਜਾਂਦਾ ਹੈ। ਇਸ ਰੁੱਤ ਵਿੱਚ ਠੰਢ ਦਾ ਪ੍ਰਭਾਵ ਸਹਿਜੇ- ਸਹਿਜੇ ਘਟਣ ਲੱਗਦਾ ਹੈ ਅਤੇ ਦਰੱਖਤਾਂ ’ਤੇ ਹਰੇ ਪੱਤੇ ਆਉਣ ਲੱਗਦੇ ਹਨ। ਰੁੱਖਾਂ ਦੀਆਂ ਟਾਹਣੀਆਂ ਹਰੀਆਂ- ਭਰੀਆਂ ਹੋ ਜਾਂਦੀਆਂ ਹਨ। ਬੂਟਿਆਂ...

  • fb
  • twitter
  • whatsapp
  • whatsapp
Advertisement

ਬਸੰਤ ਰੁੱਤ ਨੂੰ ਕੁਦਰਤ ਦੀ ਮਿੱਠੀ ਅਤੇ ਖ਼ੂਬਸੂਰਤ ਨਿਆਮਤ ਕਿਹਾ ਜਾਂਦਾ ਹੈ। ਇਸ ਰੁੱਤ ਵਿੱਚ ਠੰਢ ਦਾ ਪ੍ਰਭਾਵ ਸਹਿਜੇ- ਸਹਿਜੇ ਘਟਣ ਲੱਗਦਾ ਹੈ ਅਤੇ ਦਰੱਖਤਾਂ ’ਤੇ ਹਰੇ ਪੱਤੇ ਆਉਣ ਲੱਗਦੇ ਹਨ। ਰੁੱਖਾਂ ਦੀਆਂ ਟਾਹਣੀਆਂ ਹਰੀਆਂ- ਭਰੀਆਂ ਹੋ ਜਾਂਦੀਆਂ ਹਨ। ਬੂਟਿਆਂ ’ਤੇ ਫੁੱਲ ਖਿੜਨ ਲੱਗਦੇ ਹਨ। ਇਸ ਰੁੱਤ ਦਾ ਸਮਾਂ ਫਰਵਰੀ ਦੇ ਅੱਧ ਤੋਂ ਲੇ ਕੇ ਅਪਰੈਲ ਦੇ ਆਖ਼ਰ ਤੱਕ ਮੰਨਿਆ ਜਾਂਦਾ ਹੈ। ਇਸ ਰੁੱਤ ਵਿੱਚ ਵਾਤਾਵਰਣ ਵਿੱਚ ਠੰਢੀ ਮਿੱਠੀ ਪੌਣ ਦੇ ਝੋਕੇ ਕੁਦਰਤ ਦੇ ਸੁਹੱਪਣ ਨੂੰ ਚਾਰ ਚੰਨ ਲਾ ਦਿੰਦੇ ਹਨ ਅਤੇ ਧਰਤੀ ਨਵੀਨ ਰੰਗਤ ਨਾਲ ਰੰਗੀਨ ਅਤੇ ਖ਼ੂਬਸੂਰਤ ਦਿੱਸਣ ਲੱਗਦੀ ਹੈ। ‘ਆਇਆ ਬਸੰਤ ਪਾਲ਼ਾ ਉਡੰਤ’ ਵਾਲੀ ਪੰਗਤੀ ਇਸੇ ਖੁਸ਼ਗਵਾਰ ਮੌਸਮ ਨੂੰ ਦਰਸਾਉਂਦੀ ਹੈ। ਇਸ ਰੁੱਤ ਨੂੰ ਆਮ ਬੋਲਚਾਲ ਦੀ ਭਾਸ਼ਾ ਵਿੱਚ ‘ਮੌਸਮਾਂ ਦੀ ਰਾਣੀ’ ਵੀ ਕਿਹਾ ਜਾਂਦਾ ਹੈ।

ਖ਼ੈਰ, ਖਾਸ ਗੱਲ ਇਹ ਹੈ ਕਿ ਇਸ ਥਾਂ ’ਤੇ ਕੇਵਲ ਮੌਸਮ (ਰੁੱਤ) ਦੀ ਤਬਦੀਲੀ ਦੀ ਹੀ ਗੱਲ ਨਹੀਂ ਕੀਤੀ ਜਾਂਦੀ ਬਲਕਿ ਮਨੁੱਖੀ ਜੀਵਨ ਵਿੱਚ ਨਵੀਨ ਤਾਜ਼ਗੀ, ਉਮੀਦ ਅਤੇ ਉਤਸ਼ਾਹ ਦਾ ਸੰਕੇਤ ਦਿੱਤਾ ਹੁੰਦਾ ਹੈ। ਬਸੰਤ ਰੁੱਤ ਦੇ ਆਗਮਨ ਮੌਕੇ ਚਾਰੇ ਪਾਸੇ ਹਰਿਆਲੀ ਛਾ ਜਾਂਦੀ ਹੈ। ਰੁੱਖਾਂ, ਬੂਟਿਆਂ ’ਤੇ ਬੈਠ ਕੇ ਪੰਛੀ ਚਹਿਕਦੇ ਹਨ। ਸਰ੍ਹੋਂ ਦੇ ਪੀਲੇ ਫੁੱਲ ਖੇਤਾਂ ਨੂੰ ਸੋਨੇ ਰੰਗਾ ਕਰਕੇ ਚਮਕਾ ਦਿੰਦੇ ਹਨ। ਹਵਾ ਵਿੱਚ ਮਿੱਠੀ- ਮਿੱਠੀ ਸੁਗੰਧੀ ਫੈਲ ਜਾਂਦੀ ਹੈ। ਕਹਿਰ ਦੀ ਠੰਢ ਦੀ ਥਾਂ ’ਤੇ ਕੋਸੀ-ਕੋਸੀ ਧੁੱਪ ਪਿੰਡੇ ਨੂੰ ਨਿੱਘ ਦੇਣ ਲੱਗਦੀ ਹੈ। ਲੋਕ ਧੁੱਪ ਵਿੱਚ ਬੈਠ ਕੇ ਕੁਦਰਤ ਦੇ ਸੁਹੱਪਣ ਦਾ ਆਨੰਦ ਲੈਣ ਲੱਗਦੇ ਹਨ। ਭਾਰੀ ਤੇ ਮੋਟੇ ਕੱਪੜੇ ਸੁਆਣੀਆਂ ਪੇਟੀਆਂ- ਟਰੰਕਾਂ ਵਿੱਚ ਸੰਭਾਲਣ ਲੱਗਦੀਆਂ ਹਨ ਅਤੇ ਹਲਕੇ ਕੱਪੜੇ ਤੇ ਚਾਦਰਾਂ- ਖੇਸ ਕੱਢਣ ਲੱਗਦੀਆਂ ਹਨ। ਕੋਟੀਆਂ- ਸਵੈਟਰ ਤਹਿ ਕਰਕੇ ਸਾਂਭੇ ਜਾਣ ਲੱਗਦੇ ਹਨ ਅਤੇ ਅੱਧੀਆਂ ਬਾਹਵਾਂ ਵਾਲੇ ਕੁੜਤੇ- ਪਜਾਮੇ ਧੁੱਪ ਵਿੱਚ ਰੱਖੇ ਜਾਣ ਲੱਗਦੇ ਹਨ।

Advertisement

ਬਸੰਤ ਰੁੱਤ ਕੇਵਲ ਮੌਸਮ ਦੀ ਤਬਦੀਲੀ ਦੀ ਰੁੱਤ ਨਹੀਂ ਕਹੀ ਜਾ ਸਕਦੀ ਬਲਕਿ ਇਸ ਨੂੰ ਲੋਕ ਜੀਵਨ ਵਿੱਚ ਨਵ- ਊਰਜਾ ਦੇ ਸੰਚਾਰ ਦੀ ਰੁੱਤ ਵੀ ਕਿਹਾ ਜਾ ਸਕਦਾ ਹੈ। ਇਸ ਰੁੱਤ ਵਿੱਚ ਲੋਕ ਵਿਆਹ- ਸ਼ਾਦੀਆਂ ਕਰਨ ਲੱਗਦੇ ਹਨ, ਭਾਵ (ਉੱਤਰ ਭਾਰਤ ਵਿੱਚ) ਖਾਸ ਕਰਕੇ ਪੰਜਾਬ- ਹਰਿਆਣੇ ਵਿੱਚ ਇਹ ਵਿਆਹਾਂ ਦਾ ਸੀਜਨ ਹੁੰਦਾ ਹੈ। ਲੋਕ ਰੰਗ-ਬਿਰੰਗੇ ਕੱਪੜੇ ਪਾਉਣ ਲੱਗਦੇ ਹਨ ਅਤੇ ਲੋਕ-ਗੀਤਾਂ ਦੇ ਗਾਇਨ ਨਾਲ ਮਾਹੌਲ ਖੁਸ਼ਗਵਾਰ ਹੋ ਜਾਂਦਾ ਹੈ। ਮਨੁੱਖ ਆਪਣੇ ਨਿੱਤ ਦੇ ਅਕੇਵੇਂ ਤੋਂ ਛੁਟਕਾਰਾ ਪਾ ਲੈਂਦਾ ਹੈ। ਆਪਸ ਵਿੱਚ ਮੋਹ- ਮੁਹੱਬਤ ਦਾ ਸੰਚਾਰ ਹੋਣ ਲੱਗਦਾ ਹੈ। ਨਾਰਾਜ਼ਗੀਆਂ ਦੂਰ ਹੋਣ ਲੱਗਦੀਆਂ ਹਨ। ਲੋਕ ਇੱਕ- ਦੂਜੇ ਦੀ ਫਿਕਰ ਕਰਨ ਲੱਗਦੇ ਹਨ ਕਿਉਂਕਿ ਖੁਸ਼ੀਆਂ ਦੇ ਮੌਕੇ ਆਪਣੇ- ਪਿਆਰਿਆਂ ਨਾਲ ਹੀ ਸੋਭਦੇ ਹਨ। ਇਸ ਲਈ ਲੋਕ ਇੱਕ- ਦੂਜੇ ਦੀ ਨਾਰਾਜ਼ਗੀ ਦੂਰ ਕਰਕੇ ਪ੍ਰੇਮ ਦਾ ਸਬੂਤ ਦਿੰਦੇ ਹਨ ਅਤੇ ਖੁਸ਼ੀਆਂ ਮਾਣਦੇ ਹਨ।

Advertisement

ਬਸੰਤ ਰੁੱਤ ਪੰਜਾਬੀ ਸੱਭਿਆਚਾਰ, ਮਨੁੱਖ ਦੇ ਮਨੋਵਿਗਿਆਨ ਅਤੇ ਕੁਦਰਤ (ਤਿੰਨਾਂ) ਨੂੰ ਇੱਕੋ ਥਾਵੇਂ ਜੋੜ ਕੇ ਰੱਖਣ ਵਾਲੀ ਰੁੱਤ ਹੁੰਦੀ ਹੈ। ਕੁਦਰਤ (ਮੌਸਮ) ਪੱਖੋਂ ਵਿਚਾਰ ਕਰਨ ਨਾਲ ਇਹ ਰੁੱਤ ਨਵ- ਊਰਜਾ ਦੇ ਸੰਚਾਰ ਅਤੇ ਬਦਲਾਅ ਦੀ ਰੁੱਤ ਕਹੀ ਜਾਂਦੀ ਹੈ। ਹਿੰਦੀ ਸਾਹਿਤ ਦੇ ਸ਼ਬਦਕੋਸ਼ ਅਨੁਸਾਰ ਭਾਰਤ ਛੇ ਰੁੱਤਾਂ ਦੀ ਭੂਮੀ ਹੈ: ਹੇਮੰਤ, ਸਿਸ਼ਿਰ, ਬਸੰਤ, ਗ੍ਰੀਸ਼ਮ (ਗਰਮੀ), ਵਰਖਾ ਅਤੇ ਸ਼ਰਦ (ਠੰਢ)। ਇਸ ਦੇ ਮੁਤਾਬਿਕ ਬਸੰਤ ਰੁੱਤ ਸਰਦੀ ਅਤੇ ਗਰਮੀ ਦੇ ਵਿਚਾਲੇ ਇੱਕ ਕੜੀ ਵੱਜੋਂ ਕੰਮ ਕਰਦੀ ਹੈ (ਭਾਵ) ਸਰਦੀ ਪੂਰੀ ਤਰ੍ਹਾਂ ਗਈ ਨਹੀਂ ਹੁੰਦੀ ਅਤੇ ਗਰਮੀ ਪੂਰੀ ਤਰ੍ਹਾਂ ਆਈ ਨਹੀਂ ਹੁੰਦੀ। ਇਸ ਰੁੱਤ ਦੇ ਆਗਮਨ ਨਾਲ ਕੁਦਰਤ ਆਪਣੇ ਨਵੇਂ ਪਹਿਰਾਵੇ ਵਿੱਚ ਆਉਣ ਲੱਗਦੀ ਹੈ। ਭਾਵ ਰੁੱਖਾਂ- ਬੂਟਿਆਂ ’ਤੇ ਨਵੇਂ ਪੱਤੇ ਆਉਣ ਲੱਗਦੇ ਹਨ। ਖੇਤਾਂ ਵਿੱਚ ਹਰਿਆਲੀ ਛਾ ਜਾਂਦੀ ਹੈ। ਕੁਲ ਮਿਲਾ ਕੇ ਕੁਦਰਤ ਆਪਣੇ ਰੂਪ ਨੂੰ ਸ਼ਿੰਗਾਰ ਲੈਂਦੀ ਹੈ।

ਪੰਜਾਬੀ ਸਾਹਿਤ ਵਿੱਚ ਬਸੰਤ ਦੀ ਰੁੱਤ ਨੂੰ ‘ਮਿਲਾਪ ਦੀ ਰੁੱਤ’ ਵੱਜੋਂ ਸਿਰਜਿਆ ਜਾਂਦਾ ਹੈ। ਇਹ ਰੁੱਤ ਹੈ ਜਦੋਂ ਪ੍ਰੇਮੀ- ਪ੍ਰਮਿਕਾ (ਪਤੀ- ਪਤਨੀ) ਇੱਕ-ਦੂਜੇ ਨਾਲ ਮਿਲਾਪ ਦੀ ਅਵਸਥਾ ਵਿੱਚ ਹੁੰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬਸੰਤ ਵਿੱਚ ਮਿਲਾਪ ਦੀ ਅਵਸਥਾ ਨੂੰ ਸਿਰਜਿਆ ਗਿਆ ਹੈ। ਇੱਥੇ ਗੁਰੂ ਸਾਹਿਬ ਜੀਵ ਰੂਪੀ ਇਸਤਰੀ ਅਤੇ ਪ੍ਰਭੂ- ਪਿਤਾ ਪ੍ਰਮਾਤਮਾ ਦੇ ਮਿਲਾਪ ਦੀ ਅਵਸਥਾ ਨੂੰ ਬਿਆਨ ਕਰਦੇ ਹਨ।

ਨਾਨਕ ਤਿਨਾ ਬਸੰਤੁ ਹੈ ਜਿਨ੍ ਘਰਿ ਵਸਿਆ ਕੰਤੁ।।

ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸ ਫਿਰਹਿ ਜਲੰਤ।।

ਗੁਰੂ ਅੰਗਦ ਦੇਵ ਜੀ ਆਖਦੇ ਹਨ ਜਿਨ੍ਹਾਂ ਜੀਵ ਰੂਪੀ ਇਸਤਰੀਆਂ ਦੇ ਕੰਤ (ਮਾਲਕ) ਭਾਵ ਪਰਮਾਤਮਾ ਉਨ੍ਹਾਂ ਦੇ ਘਰ ਹਨ, ਉਨ੍ਹਾਂ ਦੀ ਬਸੰਤ ਰੁੱਤ ਚੱਲ ਰਹੀ ਹੈ ਭਾਵ ਇਹ ਮਿਲਾਪ ਦੀ ਰੁੱਤ ਹੈ/ ਮਿਲਾਪ ਦੀ ਅਵਸਥਾ ਹੈ। ਇਸ ਰੁੱਤ ਵਿੱਚ ਪ੍ਰਭੂ- ਪਿਤਾ ਪਰਮਾਤਮਾ ਨਾਲ ਮਿਲਾਪ ਸਹਿਜਤਾ ਨਾਲ ਸੰਭਵ ਹੁੰਦਾ ਹੈ। ਕੁਦਰਤ ਖੇੜੇ ਦੀ ਅਵਸਥਾ ਵਿੱਚ ਹੁੰਦੀ ਹੈ;

ਮਉਲੀ ਧਰਤੀ ਮਉਲਿਆ ਅਕਾਸੁ।।

ਘਟਿ ਘਟਿ ਮਉਲਿਆ ਆਤਮ ਪ੍ਰਗਾਸੁ।।

ਭਾਵ ਬਸੰਤ ਦੀ ਰੁੱਤ ਆਉਣ ਨਾਲ ਹਰ ਇੱਕ ਪਾਸਾ ਖਿੜ ਪੈਂਦਾ ਹੈ। ਚਾਰੇ ਪਾਸੇ ਰੱਬ ਦੀ ਦ੍ਰਿਸ਼ਟੀ ਨਾਲ ਖਿੜਿਆ ਵਾਤਾਵਰਣ ਮਨਮੋਹਕ ਦ੍ਰਿਸ਼ ਨੂੰ ਪੈਦਾ ਕਰਦਾ ਹੈ।

ਸੂਫ਼ੀ ਸਾਹਿਤ ਵਿੱਚ ਪੀਲੇ ਰੰਗ ਨੂੰ ਪ੍ਰੇਮ ਦੇ ਚਾਨਣ ਅਤੇ ਰੱਬੀ ਨੂਰ ਵੱਜੋਂ ਜਾਣਿਆ ਜਾਂਦਾ ਹੈ ਅਤੇ ਹਰੇ ਰੰਗ (ਭਾਵ ਹਰਿਆਲੀ) ਨੂੰ ਜੀਵਨ ਦੀ ਆਸ, ਲੋਕਾਂ ਦੀ ਗਿਣਤੀ ਅਤੇ ਉਮੀਦ ਦੀ ਕਿਰਨ ਵੱਜੋਂ ਚਿੱਤਰਿਆ ਜਾਂਦਾ ਰਿਹਾ ਹੈ।

ਸਕਲ ਬਣ ਫੂਲੇ ਅੰਬਰ ਭਏ, ਬਸੰਤ ਆਯੋ ਰੇ। (ਅਮੀਰ ਖੁਸਰੋ)

ਅਤੇ

ਇਸ਼ਕ ਦੀ ਹਵਾ ਵੱਗੇ ਤਾਂ ਦਿਲ ਦਾ ਬਾਗ ਖਿੜ ਪੈਂਦਾ ਹੈ। (ਸ਼ਾਹ ਨਿਆਜ਼ੀ)

ਇਸ ਤਰ੍ਹਾਂ ਪੰਜਾਬੀ ਸਾਹਿਤ ਵਿੱਚ ਬਸੰਤ ਰੁੱਤ ਨੂੰ ਵਿਸ਼ੇਸ਼ ਤੌਰ ’ਤੇ ਚਰਚਾ ਦਾ ਵਿਸ਼ਾ ਬਣਾਇਆ ਜਾਂਦਾ ਰਿਹਾ ਹੈ ਤੇ ਇਸ ਨਾਲ ਖੇੜੇ ਅਤੇ ਮਿਲਾਪ ਦੀ ਅਵਸਥਾ ਨੂੰ ਚਿੱਤਰਿਆ ਜਾਂਦਾ ਰਿਹਾ ਹੈ।

ਮਨੁੱਖ ਦਾ ਜੀਵਨ ਭੱਜਦੌੜ ਭਰਿਆ ਜੀਵਨ ਹੈ। ਅੱਜ ਮਨੁੱਖ ਕੋਲ ਸਹੂਲਤਾਂ ਭਾਵੇਂ ਵਧ ਗਈਆਂ ਹਨ, ਪਰ ਮਾਨਸਿਕ ਸਕੂਨ ਕਿਧਰੇ ਗੁਆਚ ਗਿਆ ਜਾਪਦਾ ਹੈ। ਰੁੱਤਾਂ ਦੀ ਤਬਦੀਲੀ ਮਨੁੱਖ ਦੇ ਮਨ ਅੰਦਰ ਪੈਦਾ ਹੁੰਦੇ ਅਕੇਵੇਂ ਨੂੰ ਦੂਰ ਕਰਦੀ ਹੈ ਅਤੇ ਸੰਕੇਤਕ ਰੂਪ ਵਿੱਚ ਸਿੱਖਿਆ ਵੀ ਦਿੰਦੀ ਹੈ ਕਿ ਕੋਈ ਵੀ ਚੀਜ਼ (ਦੁੱਖ- ਸੁੱਖ) ਸਦੀਵੀਂ ਨਹੀਂ ਹਨ। ਜਿਸ ਪ੍ਰਕਾਰ ਗਰਮੀ ਤੋਂ ਬਾਅਦ ਸਰਦੀ ਆਉਂਦੀ ਹੈ, ਉਵੇਂ ਹੀ ਸਰਦੀ ਤੋਂ ਬਾਅਦ ਗਰਮੀ ਵੀ ਆਉਣਾ ਕੁਦਰਤ ਦਾ ਨਿਯਮ ਹੈ। ਕਿਸੇ ਮਨੁੱਖ ਦੇ ਜੀਵਨ ਵਿੱਚ ਜੇਕਰ ਦੁੱਖਾਂ ਦੇ ਪਹਾੜ ਹਨ ਤਾਂ ਉਹ ਛੇਤੀ ਹੀ ਸਮਾਪਤ ਵੀ ਹੋ ਜਾਣੇ ਹੁੰਦੇ ਹਨ। ਕੁਦਰਤ ਜਿਸ ਤਰ੍ਹਾਂ ਰੁੱਤਾਂ ਨੂੰ ਇੱਕੋ ਵਰਗਾ ਨਹੀਂ ਰੱਖਦੀ, ਇਸੇ ਤਰ੍ਹਾਂ ਮਨੁੱਖੀ ਜੀਵਨ ਵਿੱਚ ਸਥਿਤੀਆਂ/ ਅਵਸਥਾਵਾਂ ਵੀ ਹਮੇਸ਼ਾਂ ਇੱਕੋ ਵਰਗੀਆਂ ਨਹੀਂ ਰਹਿੰਦੀਆਂ। ਬਸੰਤ ਰੁੱਤ ਦੀ ਰੰਗੀਨਤਾ ਮਨੁੱਖ ਦੇ ਜੀਵਨ ਅੰਦਰ ਚਮਕ ਅਤੇ ਊਰਜਾ ਦਾ ਸੰਚਾਰ ਕਰਦੀ ਹੈ।

ਉੱਪਰ ਕੀਤੀ ਗਈ ਵਿਚਾਰ- ਚਰਚਾ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਬਸੰਤ ਰੁੱਤ ਮਨੁੱਖ ਦੇ ਜੀਵਨ ਵਿੱਚ ਜਿੱਥੇ ਕੁਦਰਤੀ ਬਦਲਾਓ ਨੂੰ ਰੂਪਮਾਨ ਕਰਦੀ ਹੈ, ਉੱਥੇ ਹੀ ਸੱਭਿਆਚਾਰਕ ਪਰਿਪੇਖ, ਸਮਾਜਿਕ ਸੰਦਰਭ, ਮਨੋਵਿਗਿਆਨਕ ਦ੍ਰਿਸ਼ਟੀ ਅਤੇ ਸਾਹਿਤਕ ਪ੍ਰਸੰਗ ਨੂੰ ਵੀ ਬਿਆਨਦੀ ਹੈ। ਇਹ ਰੁੱਤ ਮਨੁੱਖ ਦੇ ਜੀਵਨ ਵਿੱਚ ਨਵ- ਚੇਤਨਾ ਦਾ ਸੰਚਾਰ ਕਰਦੀ ਹੈ। ਮਨੁੱਖ ਆਪਣੇ ਨਿੱਤ ਦੇ ਕਾਰ- ਵਿਹਾਰ ਤੋਂ ਰਾਹਤ ਮਹਿਸੂਸ ਕਰਦਾ ਹੈ ਅਤੇ ਉਸ ਨੂੰ ਰੱਬ ਦੀ ਨਿਆਮਤ (ਕੁਦਰਤ) ਨਾਲ ਇੱਕ- ਮਿੱਕ ਹੋਣ ਦਾ ਅਵਸਰ ਪ੍ਰਾਪਤ ਹੁੰਦਾ ਹੈ। ਮਨੁੱਖ ਦਾ ਜੀਵਨ ਸੁਖਾਲਾ ਅਤੇ ਆਰਾਮਦਾਇਕ ਬਣਦਾ ਹੈ। ਜੀਵਨ ਵਿੱਚ ਖੁਸ਼ੀ ਅਤੇ ਖੇੜੇ ਦਾ ਅਹਿਸਾਸ ਹੁੰਦਾ ਹੈ।

ਸੰਪਰਕ: 90414-98009

Advertisement
×