ਸ਼ੁੱਕਰ ਗ੍ਰਹਿ ’ਤੇ ਜੀਵਨ ਦੀਆਂ ਕਿਆਸ-ਅਰਾਈਆਂ

ਸ਼ੁੱਕਰ ਗ੍ਰਹਿ ’ਤੇ ਜੀਵਨ ਦੀਆਂ ਕਿਆਸ-ਅਰਾਈਆਂ

ਹਰਜੀਤ ਸਿੰਘ*

‘ਸਵੇਰ ਦਾ ਤਾਰਾ’ ਸ਼ੁੱਕਰ, ਸੂਰਜ ਦਾ ਦੂਜਾ ਗ੍ਰਹਿ ਹੈ ਅਤੇ ਸਵੇਰ ਅਤੇ ਸ਼ਾਮ ਨੂੰ ਚਮਕਦਾਰ ਤਾਰੇ ਵਾਂਗ ਦਿਖਦਾ ਹੈ| ਦੂਰਬੀਨ ਲੈ ਕੇ ਦੇਖਿਆ ਜਾਵੇ ਤਾਂ ਚੰਦਰਮਾ ਵਾਂਗ ਇਸ ਦੀਆਂ ਵੀ ਕਲਾਵਾਂ ਦੇਖੀਆਂ ਜਾ ਸਕਦੀਆਂ ਹਨ|

ਕੁਝ ਸਮਾਨਤਾਵਾਂ ਕਰਕੇ ਸ਼ੁੱਕਰ ਨੂੰ ਧਰਤੀ ਦਾ ਜੌੜਾ ਗ੍ਰਹਿ ਵੀ ਕਿਹਾ ਜਾਂਦਾ ਹੈ| ਇਸਦਾ ਆਕਾਰ ਧਰਤੀ ਦੇ ਲਗਪਗ ਬਰਾਬਰ ਹੈ ਤੇ ਇਹ ਵੀ ਪਥਰੀਲਾ ਹੈ| ਇਹ ਧਰਤੀ ਦੇ ਸਭ ਤੋਂ ਨੇੜਲਾ ਗ੍ਰਹਿ ਹੈ| ਹਾਲਾਂਕਿ ਇਸਦਾ ਵਾਤਾਵਰਣ ਇੰਨਾ ਸੰਘਣਾ ਹੈ ਕਿ ਇਸ ਵਿਚੋਂ ਲੰਘਣਾ, ਪਾਣੀ ਵਿਚੋਂ ਲੰਘਣ ਵਰਗਾ ਹੈ|

14 ਸਤੰਬਰ 2020 ਨੂੰ ਰਾਇਲ ਐਸਟ੍ਰੋਨਾਮੀਕਲ ਸੁਸਾਇਟੀ ਨੇ ਸ਼ੁੱਕਰ ਗ੍ਰਹਿ ’ਤੇ ਫਾਸਫੀਨ ਮਿਲਣ ਦਾ ਐਲਾਨ ਕੀਤਾ| ਇਹ ਐਲਾਨ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸਦਾ ਸਿੱਧਾ ਮਤਲਬ ਸ਼ੁੱਕਰ ’ਤੇ ਜੀਵਨ ਦੀ ਮੌਜੂਦਗੀ ਹੋ ਸਕਦਾ ਹੈ| ਕਾਰਡਿਫ ਅਤੇ ਕੈਂਬਰਿਜ ਯੂਨੀਵਰਸਿਟੀਆਂ ਦੀ ਪ੍ਰੋਫੈਸਰ ਜੇਨ ਐੱਸ ਗ੍ਰੀਵਸ ਦੀ ਅਗਵਾਈ ਵਾਲੀ ਟੀਮ ਨੇ ਸ਼ੁੱਕਰ ’ਤੇ ਇਸ ਅਣੂ ਫਾਸਫੀਨ ਦੇ ਮਿਲਣ ਦੀ ਪੁਸ਼ਟੀ ਕੀਤੀ| ਆਪਣੇ ਖੋਜ ਪੱਤਰ ਵਿਚ ਉਨ੍ਹਾਂ ਕਿਹਾ ‘ਫਾਸਫੀਨ ਕਿਸੇ ਅਣਜਾਣ ਫੋਟੋ-ਰਸਾਇਣਿਕ ਕਿਰਿਆ ਜਾਂ ਭੂ-ਰਸਾਇਣ ਕਿਰਿਆ ਤੋਂ ਪੈਦਾ ਹੋਈ ਹੋ ਸਕਦੀ ਹੈ, ਜਾਂ ਧਰਤੀ ’ਤੇ ‘ਫਾਸਫੀਨ’ ਦੇ ਜੈਵਿਕ ਉਤਪਾਦਨ ਵਾਂਗ ਜੀਵਨ ਦੀ ਮੌਜੂਦਗੀ ਹੋਣ ਕਰਕੇ ਹੋਈ ਹੋ ਸਕਦੀ ਹੈ।” ਪ੍ਰੋਫੈਸਰ ਗ੍ਰੀਵਸ ਨੇ ਇਸਦੀ ਖੋਜ 2017 ਵਿਚ ਕਰਕੇ ਇਸਦਾ ਪਤਾ ਲਗਾਇਆ ਸੀ| ਉਨ੍ਹਾਂ ਦੀ ਖੋਜ ਨੂੰ ਅੱਗੇ ਵਧਾਉਂਦਿਆਂ ਚਿੱਲੀ ਦੀ ਇਕ ਟੀਮ ਨੇ ਵੀ 2019 ਵਿਚ ਬਹੁਤ ਸੰਵੇਦਨਸ਼ੀਲ ਦੂਰਬੀਨ ਨਾਲ ਸ਼ੁੱਕਰ ਦਾ ਨਿਰੀਖਣ ਕਰਕੇ ਇਸ ਖੋਜ ਦੀ ਪੁਸ਼ਟੀ ਕੀਤੀ ਸੀ|

ਫਾਸਫੀਨ ਗੈਸ ਦੇ ਅਣੂ ਵਿਚ ਇਕ ਫਾਸਫੋਰਸ ਪਰਮਾਣੂ ਹੁੰਦਾ ਹੈ ਜਿਸ ਦੇ ਦੁਆਲੇ ਤਿੰਨ ਹਾਈਡਰੋਜਨ ਪਰਮਾਣੂ ਹੁੰਦੇ ਹਨ| ਧਰਤੀ ਉੱਤੇ ਇਹ ਅਣੂ ਉਦਯੋਗਿਕ ਪ੍ਰਕਿਰਿਆਵਾਂ ਰਾਹੀਂ ਪੈਦਾ ਹੁੰਦਾ ਹੈ| ਇਹ ਕੁਝ ਆਕਸੀਜਨ ਨਿਰਪੱਖ (anaerobic) ਬੈਕਟੀਰੀਆ ਰਾਹੀਂ ਵੀ ਪੈਦਾ ਕੀਤਾ ਜਾਂਦਾ ਹੈ, ਜੋ ਸੀਵਰੇਜ, ਕੂੜੇ ਦੇ ਢੇਰ ਜਾਂ ਜਾਨਵਰਾਂ ਦੀਆਂ ਅੰਤੜੀਆਂ ਵਰਗੇ ਆਕਸੀਜਨਹੀਣ ਵਾਤਾਵਰਣ ਵਿਚ ਰਹਿੰਦੇ ਹਨ|

ਫਾਸਫੀਨ ਦੀ ਸ਼ੁੱਕਰ ਦੇ ਵਾਤਾਵਰਨ ਵਿਚ ਮਾਤਰਾ ਲਗਪਗ 20 ਪੀਪੀਐੱਮ ਹੈ| ਚਾਹੇ ਫਾਸਫੀਨ ਕੁਝ ਕੁਦਰਤੀ ਕਿਰਿਆਵਾਂ ਜਿਵੇਂ ਸੂਰਜ ਦੀ ਰੌਸ਼ਨੀ, ਜਵਾਲਾਮੁਖੀ ਫਟਣ ਅਤੇ ਬਿਜਲੀ ਕੜਕਣ ਨਾਲ ਪੈਦਾ ਹੋ ਸਕਦੀ ਹੈ, ਪਰ ਖੋਜਕਰਤਾਵਾਂ ਦੇ ਹਿਸਾਬ ਅਨੁਸਾਰ ਇਨ੍ਹਾਂ ਤਰੀਕਿਆਂ ਨਾਲ ਸ਼ੁੱਕਰ ’ਤੇ ਮਿਲੀ ਫਾਸਫੀਨ ਦਾ ਸਿਰਫ਼ ਦਸ ਹਜ਼ਾਰਵਾਂ ਹਿੱਸਾ ਹੀ ਬਣ ਸਕਦਾ ਹੈ| ਹਾਲਾਂਕਿ, ਇਸ ਸੰਭਾਵਨਾ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ ਕਿ ਕੋਈ ਅਣਜਾਣ ਕੁਦਰਤੀ ਪ੍ਰਕਿਰਿਆ (ਫੋਟੋ-ਰਸਾਇਣ ਜਾਂ ਭੂ-ਰਸਾਇਣ) ਇਸ ਮਾਤਰਾ ਨੂੰ ਪੈਦਾ ਕਰ ਰਹੀ ਹੈ|

ਫਾਸਫੀਨ ਨੂੰ ਇਸਤੋਂ ਪਹਿਲਾਂ ਬ੍ਰਹਿਸਪਤੀ ਅਤੇ ਸ਼ਨੀ ਗ੍ਰਹਿ ’ਤੇ ਵੇਖਿਆ ਗਿਆ ਹੈ| ਬ੍ਰਹਿਸਪਤੀ ਉੱਤੇ ਇਸਨੂੰ 1970 ਦੇ ਦਹਾਕੇ ਦੇ ਸ਼ੁਰੂ ਵਿਚ ਲੱਭਿਆ ਗਿਆ ਸੀ, ਪਰ ਇਸਦੀ ਉਤਪਤੀ ਇਸ ਦਿਓ ਕੱਦ ਗੈਸੀ ਗ੍ਰਹਿ ਦੇ ਅੰਦਰੂਨੀ ਹਿੱਸੇ ਵਿਚ ਹੁੰਦੀਆਂ ਰਸਾਇਣਿਕ ਪ੍ਰਕਿਰਿਆਵਾਂ ਵਿਚੋਂ ਹੋਈ| ਇਸ ਤਰ੍ਹਾਂ ਦਾ ਕੁਝ ਸ਼ੁੱਕਰ ਵਰਗੇ ਪਥਰੀਲੇ ਗ੍ਰਹਿ ’ਤੇ ਹੋਣਾ ਮੁਸ਼ਕਿਲ ਹੈ| ਅੱਜ ਤਕ ਫਾਸਫੀਨ ਨੂੰ ਚੱਟਾਨੀ ਗ੍ਰਹਿਆਂ ’ਤੇ ਕੁਦਰਤੀ ਤੌਰ ’ਤੇ ਬਣਾ ਸਕਣ ਵਾਲਾ ਕੋਈ ਵੀ ਤਰੀਕਾ ਗਿਆਤ ਨਹੀਂ ਹੈ ਸਿਵਾਏ ਜੈਵਿਕ ਕਿਰਿਆਵਾਂ ਦੇ। ਧਰਤੀ ’ਤੇ ਵੀ ਫਾਸਫੀਨ ਸੂਖਮਜੀਵਾਂ ਵੱਲੋਂ ਕੀਤੀਆਂ ਜਾਂਦੀਆਂ ਜੈਵਿਕ ਕਿਰਿਆਵਾਂ ਨਾਲ ਬਣਦੀ ਹੈ ਤੇ ਜਾਂ ਫਿਰ ਉਦਯੋਗਿਕ ਪੱਧਰ ’ਤੇ ਬਣਾਉਟੀ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ।

ਦੇਖਿਆ ਜਾਵੇ ਤਾਂ ਸ਼ੁੱਕਰ ’ਤੇ ਜੀਵਨ ਹੋਣ ਦੀ ਗੱਲ ’ਤੇ ਯਕੀਨ ਕਰਨਾ ਬਹੁਤ ਔਖਾ ਹੈ| ਇਸਦੀ ਸਤ੍ਵਾ ਦਾ ਤਾਪਮਾਨ ਲਗਭਗ 470 ਡਿਗਰੀ ਸੈਲਸੀਅਸ ਹੈ| ਇਹ ਬੁੱਧ ਗ੍ਰਹਿ ਨਾਲੋਂ ਵਧੇਰੇ ਗਰਮ ਹੈ ਜੋ ਸੂਰਜ ਦੇ ਜ਼ਿਆਦਾ ਨੇੜੇ ਹੈ| ਇਸਦਾ ਕਾਰਨ ਗ੍ਰੀਨ ਹਾਊਸ ਪ੍ਰਭਾਵ ਹੈ| ਬੁੱਧ ਵਾਤਾਵਰਣ ਰਹਿਤ ਗ੍ਰਹਿ ਹੈ ਜਿਸ ਕਰਕੇ ਇਹ ਸੂਰਜ ਦੀ ਸਾਰੀ ਗਰਮੀ ਨੂੰ ਪਰਾਵਰਤਿਤ ਕਰ ਦਿੰਦਾ ਹੈ| ਪਰ ਸ਼ੁੱਕਰ ਗ੍ਰਹਿ ਕੋਲ ਬਹੁਤ ਸੰਘਣਾ ਕਾਰਬਨ ਡਾਈਆਕਸਾਈਡ ਨਾਲ ਭਰਿਆ ਹੋਇਆ ਵਾਤਾਵਰਣ ਹੈ ਜੋ ਸੂਰਜ ਤੋਂ ਆਈ ਸਾਰੀ ਗਰਮੀ ਨੂੰ ਸੋਖ ਲੈਂਦਾ ਹੈ| ਨਾਲ ਹੀ ਇਹ ਸ਼ੁੱਕਰ ਵਿਚੋਂ ਨਿਕਲਣ ਵਾਲੀਆਂ ਇੰਫ੍ਰਾਰੈੱਡ ਕਿਰਨਾਂ ਨੂੰ ਵੀ ਸੋਖ ਲੈਂਦਾ ਹੈ| ਇਸ ਕਰਕੇ ਸ਼ੁੱਕਰ ਸਭ ਤੋਂ ਗਰਮ ਗ੍ਰਹਿ ਹੈ| ਇਸ ਕਰਕੇ ਇਸਦੀ ਸਤ੍ਵਾ ’ਤੇ ਜੀਵਨ ਹੋਣਾ ਅਸੰਭਵ ਹੈ, ਪਰ 70 ਕੁ ਕਿਲੋਮੀਟਰ ਦੀ ਉਚਾਈ ’ਤੇ ਬੱਦਲਾਂ ਵਿਚ ਤਾਪਮਾਨ ਘੱਟ ਹੈ ਜੋ ਸੂਖਮ ਜੀਵਨ ਨੂੰ ਪਨਪਣ ਲਈ ਸਹੀ ਮਾਹੌਲ ਦੇ ਸਕਦਾ ਹੈ| ਪਰ ਉੱਥੇ ਗੰਧਕ ਦੇ ਤੇਜ਼ਾਬ ਦੀ ਭਰਮਾਰ ਹੋਣ ਕਰਕੇ ਜੀਵਨ ਹੋਣ ਦੀ ਸੰਭਾਵਨਾ ਫੇਰ ਘਟ ਜਾਂਦੀ ਹੈ| ਮਾਹਿਰਾਂ ਅਨੁਸਾਰ ਫਾਸਫੀਨ ਦਾ ਮਿਲਣਾ ਕਿਸੇ ਅਣਜਾਣ ਅਤੇ ਅਸਾਧਾਰਨ ਰਸਾਇਣਿਕ ਕਿਰਿਆ ਦੀ ਨਿਸ਼ਾਨੀ ਵੀ ਹੋ ਸਕਦਾ ਹੈ ਅਤੇ ਸੂਖਮ ਜੀਵਨ ਦੇ ਹੋਣ ਦੀ ਨਿਸ਼ਾਨੀ ਵੀ ਹੋ ਸਕਦਾ ਹੈ| ਇਸਦਾ ਨਿਤਾਰਾ ਕਰਨ ਲਈ ਅਗਲਾ ਤਰਕਪੂਰਨ ਕਦਮ ਅਸਲ ਵਿਚ ਉੱਥੇ ਉਪਗ੍ਰਹਿ ਭੇਜ ਕੇ ਬਾਰੀਕੀ ਨਾਲ ਇਸ ਬਾਰੇ ਪੜਤਾਲ ਕਰਨਾ ਹੋਏਗਾ|

ਸ਼ੁੱਕਰ ਦਾ ਅਧਿਐਨ ਕਰਨ ਲਈ ਬਹੁਤ ਸਾਰੇ ਪੁਲਾੜ ਮਿਸ਼ਨ ਭੇਜੇ ਜਾ ਚੁੱਕੇ ਹਨ| ਕੁਝ ਹਾਲੀਆ ਸਮਰਪਿਤ ਮਿਸ਼ਨਾਂ ਜਿਵੇਂ ਯੂਰੋਪੀਅਨ ਪੁਲਾੜ ਏਜੰਸੀ ਈਸਾ ਦਾ ਵੀਨਸ ਐਕਸਪ੍ਰੈੱਸ ਅਤੇ ਜਪਾਨੀ ਪੁਲਾੜ ਏਜੰਸੀ ਜਾਕਸਾ ਦੇ ਅਕਟਸੂਕੀ ਨੇ ਸ਼ੁੱਕਰ ਵੱਲ ਉਡਾਣ ਭਰੀ ਹੈ| ਨਾਸਾ ਵੀ ਅਗਲੇ ਸਾਲ ਸ਼ੁੱਕਰ ’ਤੇ ਉਪਗ੍ਰਹਿ ਭੇਜਣ ਦੀ ਤਿਆਰੀ ਕਰ ਰਿਹਾ ਹੈ| ਭਾਰਤ ਦਾ ਬੇਨਾਮ ਮਿਸ਼ਨ (ਅਣਅਧਿਕਾਰਤ ਤੌਰ ’ਤੇ ਸ਼ੁੱਕਰਯਾਨ-1) ਵੀ ਸ਼ੁੱਕਰ ’ਤੇ ਜਾਣ ਦੀ ਤਿਆਰੀ ਵਿਚ ਹੈ|

ਇਹ ਸਾਰੇ ਮਿਸ਼ਨ ਭੇਜ ਕੇ ਵੀ ਹੋ ਸਕਦਾ ਹੈ ਕਿ ਸਾਡੇ ਹੱਥ ਫਾਸਫੀਨ ਬਣਨ ਦਾ ਕੁਦਰਤੀ ਤਰੀਕਾ ਹੀ ਹੱਥ ਲੱਗੇ, ਪਰ ਇਸਦਾ ਜਵਾਬ ਲੈਣ ਲਈ ਉੱਥੇ ਤਕ ਜਾਣ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ|
*ਵਿਗਿਆਨੀ -ਇਸਰੋ, ਤ੍ਰਿਵੇਂਦਰਮ
ਸੰਪਰਕ : 99957-65095

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All