DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਸੀ ਨਜ਼ਰ ਕੋ ਤੇਰਾ ਇੰਤਜ਼ਾਰ ਆਜ ਭੀ ਹੈ...

ਭਾਰਤੀ ਸੰਗੀਤ ਜਗਤ ਦਾ ਸਿਰਨਾਵਾਂ ਬਣ ਚੁੱਕੀਆਂ ਭੈਣਾਂ ਲਤਾ ਮੰਗੇਸ਼ਕਰ ਤੇ ਆਸ਼ਾ ਭੋਸਲੇ ਦਾ ਸਾਂਝਾ ਸ਼ੌਕ ਭਾਵੇਂ ਸੰਗੀਤ ਸੀ, ਪਰ ਉਨ੍ਹਾਂ ਦੇ ਦੁਨੀਆ ’ਚ ਵਿਚਰਨ ਦੇ ਰਾਹ ਵੱਖ-ਵੱਖ ਸਨ। ਜਿੱਥੇ ਲਤਾ ਮੰਗੇਸ਼ਕਰ ਆਪਣੀ ਗਾਇਕੀ ਦੇ ਨਾਲ-ਨਾਲ ਸ਼ਾਨਦਾਰ ਤੇ ਸਹਿਜ ਨਿੱਜੀ...

  • fb
  • twitter
  • whatsapp
  • whatsapp
Advertisement

ਭਾਰਤੀ ਸੰਗੀਤ ਜਗਤ ਦਾ ਸਿਰਨਾਵਾਂ ਬਣ ਚੁੱਕੀਆਂ ਭੈਣਾਂ ਲਤਾ ਮੰਗੇਸ਼ਕਰ ਤੇ ਆਸ਼ਾ ਭੋਸਲੇ ਦਾ ਸਾਂਝਾ ਸ਼ੌਕ ਭਾਵੇਂ ਸੰਗੀਤ ਸੀ, ਪਰ ਉਨ੍ਹਾਂ ਦੇ ਦੁਨੀਆ ’ਚ ਵਿਚਰਨ ਦੇ ਰਾਹ ਵੱਖ-ਵੱਖ ਸਨ। ਜਿੱਥੇ ਲਤਾ ਮੰਗੇਸ਼ਕਰ ਆਪਣੀ ਗਾਇਕੀ ਦੇ ਨਾਲ-ਨਾਲ ਸ਼ਾਨਦਾਰ ਤੇ ਸਹਿਜ ਨਿੱਜੀ ਜੀਵਨ ਵਾਲੀ ਔਰਤ ਵਜੋਂ ਜਾਣੀ ਜਾਂਦੀ ਹੈ, ਉੱਥੇ ਆਸ਼ਾ ਆਪਣੀ ਗਾਇਕੀ ਦੇ ਨਾਲ-ਨਾਲ ਨਿੱਜੀ ਜੀਵਨ ’ਚ ਆਉਣ ਵਾਲੇ ਉਤਰਾ-ਚੜ੍ਹਾਅ ਕਾਰਨ ਵੀ ਵਾਰ-ਵਾਰ ਚਰਚਾ ’ਚ ਰਹੀ। ਆਸ਼ਾ ਦੇ ਕਲਾਤਮਕ ਸਫ਼ਰ ਦੇ ਸਮਾਂਤਰ ਹੀ ਉਸ ਦੀ ਜ਼ਿੰਦਗੀ ’ਚ ਉੱਥਲ ਪੁੱਥਲ ਚੱਲਦੀ ਰਹੀ।

ਉਸ ਨੇ ਸਿਰਫ਼ 16 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਦੀ ਮਰਜ਼ੀ ਦੇ ਖਿਲਾਫ਼ 31 ਸਾਲਾ ਗਣਪਤ ਰਾਓ ਭੋਸਲੇ ਨਾਲ ਵਿਆਹ ਕਰਵਾਇਆ। ਗਣਪਤ, ਲਤਾ ਮੰਗੇਸ਼ਕਰ ਦਾ ਸੈਕਟਰੀ ਸੀ। ਇਸ ਤੋਂ ਨਾਰਾਜ਼ ਹੋ ਕੇ ਆਸ਼ਾ ਦੇ ਪਰਿਵਾਰ ਨੇ ਉਸ ਨਾਲ ਸਬੰਧ ਖ਼ਤਮ ਕਰ ਦਿੱਤੇ। ਇਸ ਘਟਨਾ ਨੇ ਲਤਾ ਤੇ ਆਸ਼ਾ ਦਰਮਿਆਨ ਇੱਕ ਦਰਾਰ ਪੈਦਾ ਕਰ ਦਿੱਤੀ। ਉਨ੍ਹਾਂ ਦੇ ਰਿਸ਼ਤੇ ਵਿੱਚ ਇੰਨੀ ਕੁੜੱਤਣ ਪੈਦਾ ਹੋ ਗਈ ਸੀ ਕਿ ਉਨ੍ਹਾਂ ਦੀ ਕਈ ਸਾਲ ਬੋਲਚਾਲ ਬੰਦ ਰਹੀ। ਕਦੇ ਦੋਵੇਂ ਭੈਣਾਂ, ਜੋ ਪਰਛਾਵੇਂ ਵਾਂਗ ਇੱਕ ਦੂਜੇ ਨਾਲ ਰਹਿੰਦੀਆਂ ਸਨ, ’ਚ ਪੈਦਾ ਹੋਈ ਦਰਾਰ ਭਰਨ ਨੂੰ ਕਈ ਸਾਲ ਲੱਗ ਗਏ। ਇਸ ਦੀ ਵਜ੍ਹਾ ਲਤਾ ਮੰਨਦੀ ਸੀ ਕਿ ਗਣਪਤ ਆਸ਼ਾ ਲਈ ਸਹੀ ਸਾਥੀ ਨਹੀਂ ਹੈ।

Advertisement

ਆਖ਼ਿਰਕਾਰ ਲਤਾ ਦੀ ਸੋਚ ਸਹੀ ਸਾਬਤ ਹੋਈ। ਆਸ਼ਾ ਦੀ ਪਰਿਵਾਰਕ ਜ਼ਿੰਦਗੀ ’ਚ ਮੁਸ਼ਕਿਲਾਂ ਆਉਣੀਆਂ ਸ਼ੁਰੂ ਹੋ ਗਈਆਂ। ਗਣਪਤ ਰਾਓ ਨਾਲ ਆਸ਼ਾ ਦਾ ਵਿਆਹ ਇੱਕ ਬੁਰਾ ਸੁਪਨਾ ਸਾਬਤ ਹੋਇਆ। ਉਸ ਦੇ ਸਹੁਰੇ ਬਹੁਤ ਰੂੜੀਵਾਦੀ ਸਨ ਅਤੇ ਉਸ ਨੂੰ ਇੱਕ ਗਾਇਕਾਂ ਵਜੋਂ ਪ੍ਰਵਾਨ ਨਹੀਂ ਕਰਦੇ ਸਨ। ਆਸ਼ਾ ਦਾ ਪਤੀ ਸ਼ੱਕੀ ਕਿਸਮ ਦਾ ਵਿਅਕਤੀ ਸੀ ਅਤੇ ਅਕਸਰ ਉਸ ਨੂੰ ਕੁੱਟਦਾ-ਮਾਰਦਾ ਰਹਿੰਦਾ। ਆਸ਼ਾ ਇਸ ਮਾਹੌਲ ਤੋਂ ਤੰਗ ਆ ਗਈ ਅਤੇ ਪਰਿਵਾਰਕ ਮੁਸ਼ਕਿਲਾਂ ਉਸ ਦੀ ਪੇਸ਼ੇਵਰ ਗਾਇਕੀ ’ਚ ਵੀ ਅੜਿੱਕਾ ਬਣਨ ਲੱਗੀਆਂ। ਅੰਤ 1960 ਵਿੱਚ ਆਸ਼ਾ ਨੇ ਗਣਪਤ ਰਾਓ ਨੂੰ ਤਲਾਕ ਦੇ ਦਿੱਤਾ ਅਤੇ ਆਪਣੇ ਬੱਚਿਆਂ ਨੂੰ ਆਪਣੇ ਨਾਲ ਲੈ ਗਈ। ਭਾਵੇਂ ਉਸ ਨੇ ਗਣਪਤ ਤੋਂ ਤਲਾਕ ਲੈ ਲਿਆ, ਪਰ ਉਸ ਨੇ ਆਪਣੇ ਪਰਿਵਾਰ ਨਾਲ ਭੋਸਲੇ ਉਪਨਾਮ ਸਦਾ ਲਈ ਜੋੜ ਲਿਆ। ਇਸੇ ਨਾਮ ਨਾਲ ਹੀ ਉਸ ਨੇ ਦੁਨੀਆ ਭਰ ’ਚ ਆਪਣੀ ਪਛਾਣ ਬਣਾਈ। ਆਸ਼ਾ ਭੋਸਲੇ ਨੇ ਆਪਣੇ ਪਤੀ ਤੋਂ ਵੱਖ ਹੋ ਕੇ ਆਪਣੇ ਬੱਚਿਆਂ ਨੂੰ ਇਕੱਲਿਆਂ ਹੀ ਪਾਲਿਆ।

Advertisement

ਆਸ਼ਾ ਭੋਸਲੇ ਦੇ ਪਹਿਲੇ ਵਿਆਹ ਦੇ ਬੱਚੇ ਹੇਮੰਤ, ਵਰਸ਼ਾ ਅਤੇ ਆਨੰਦ ਭੋਸਲੇ ਸਨ। ਆਸ਼ਾ ਦੇ ਸਭ ਤੋਂ ਵੱਡੇ ਪੁੱਤਰ ਅਤੇ ਸੰਗੀਤਕਾਰ ਹੇਮੰਤ ਦੀ 2015 ਵਿੱਚ ਕੈਂਸਰ ਨਾਲ ਮੌਤ ਹੋ ਗਈ। ਉਸ ਸਮੇਂ ਉਹ 66 ਸਾਲ ਦਾ ਸੀ। ਹੇਮੰਤ ਦਾ ਪੁੱਤਰ ਚੈਤੰਨਿਆ (ਆਸ਼ਾ ਦਾ ਪੋਤਾ) ਵੀ ਗਾਇਕ ਹੈ। ਉਸ ਦੀ ਧੀ, ਵਰਸ਼ਾ ਭੋਸਲੇ ਪੱਤਰਕਾਰ ਸੀ ਜਿਸ ਨੇ 2012 ਵਿੱਚ ਖੁਦਕੁਸ਼ੀ ਕਰ ਲਈ। ਵਰਸ਼ਾ ਦਾ ਵਿਆਹ ਖੇਡ ਲੇਖਕ ਹੇਮੰਤ ਕੇਂਕਰੇ ਨਾਲ ਹੋਇਆ ਸੀ, ਪਰ ਕੁਝ ਸਾਲਾਂ ਬਾਅਦ ਉਨ੍ਹਾਂ ਦਾ ਤਲਾਕ ਹੋ ਗਿਆ। ਇਸ ਤੋਂ ਬਾਅਦ ਵਰਸ਼ਾ ਆਪਣੀ ਮਾਂ ਆਸ਼ਾ ਭੋਸਲੇ ਨਾਲ ਰਹਿੰਦੀ ਰਹੀ। ਫਿਰ ਉਹ ਡਿਪਰੈਸ਼ਨ ਵਿੱਚ ਚਲੀ ਗਈ ਅਤੇ ਇੱਕ ਦਿਨ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਉਸ ਸਮੇਂ ਉਹ 56 ਸਾਲ ਦੀ ਸੀ। ਆਸ਼ਾ ਦਾ ਛੋਟਾ ਪੁੱਤਰ ਆਨੰਦ ਭੋਸਲੇ ਨਾ ਸਿਰਫ਼ ਆਪਣੀ ਮਾਂ ਦੇ ਕਰੀਅਰ ਨੂੰ ਸੰਭਾਲਦਾ ਸੀ, ਬਲਕਿ ਉਸ ਦੇ ਰੈਸਟੋਰੈਂਟ ਕਾਰੋਬਾਰ ਨੂੰ ਵੀ ਸੰਭਾਲਦਾ ਹੈ।

ਆਪਣੇ ਪਹਿਲੇ ਵਿਆਹ ਦੇ ਟੁੱਟਣ ਤੋਂ ਬਾਅਦ ਆਸ਼ਾ ਭੋਸਲੇ ਲਗਭਗ 20 ਸਾਲ ਤੱਕ ਇਕੱਲੀ ਰਹੀ ਅਤੇ ਫਿਰ 47 ਸਾਲ ਦੀ ਉਮਰ ਵਿੱਚ ਉਸ ਦਾ ਦੂਜਾ ਵਿਆਹ ਪ੍ਰਸਿੱਧ ਸੰਗੀਤਕਾਰ ਆਰ.ਡੀ. ਬਰਮਨ ਨਾਲ ਹੋਇਆ, ਜਿਸ ਨੂੰ ਪੰਚਮ ਦਾ ਵਜੋਂ ਜਾਣਿਆ ਜਾਂਦਾ ਹੈ। ਉਹ ਆਸ਼ਾ ਤੋਂ ਛੇ ਸਾਲ ਛੋਟਾ ਸੀ। ਇਹ ਨਾ ਸਿਰਫ਼ ਆਸ਼ਾ ਦਾ ਦੂਜਾ ਵਿਆਹ ਸੀ, ਸਗੋਂ ਆਰ.ਡੀ. ਬਰਮਨ ਦਾ ਵੀ। ਆਰ.ਡੀ. ਬਰਮਨ ਨਾਲ ਵਿਆਹ ਕਰਨ ਤੋਂ ਬਾਅਦ ਆਸ਼ਾ ਭੌਸਲੇ ਬਹੁਤ ਖੁਸ਼ ਸੀ। ਉਨ੍ਹਾਂ ਨੇ ਫਿਲਮਾਂ ਵਿੱਚ ਇਕੱਠੇ ਕਈ ਗੀਤ ਗਾਏ, ਪਰ ਉਨ੍ਹਾਂ ਦਾ ਸਾਥ ਸਿਰਫ਼ 14 ਸਾਲ ਹੀ ਨਿਭਿਆ ਕਿਉਂਕਿ ਆਰ.ਡੀ. ਬਰਮਨ ਦਾ ਵੀ ਵਕਤ ਤੋਂ ਪਹਿਲਾ ਹੀ ਦੇਹਾਂਤ ਹੋ ਗਿਆ।

ਪਰਿਵਾਰਕ ਝੰਜਟਾਂ ਤੋਂ ਇਲਾਵਾ ਆਸ਼ਾ ਲਈ ਉਸ ਦੀ ਭੈਣ ਲਤਾ ਮੰਗੇਸ਼ਕਰ ਹਮੇਸ਼ਾਂ ਲਈ ਚੁਣੌਤੀ ਬਣੀ ਰਹੀ। ਲਤਾ ਨੂੰ ਅਜਿਹੇ ਗੀਤਾਂ ਦੀ ਪੇਸ਼ਕਸ਼ ਹੁੰਦੀ ਜੋ ਪਰਿਵਾਰਕ, ਰੁਮਾਂਟਿਕ ਅਤੇ ਚੰਗੀਆਂ ਭਾਰਤੀ ਔਰਤਾਂ ਦੀਆਂ ਭੂਮਿਕਾਵਾਂ ਵਾਲੇ ਕਿਰਦਾਰਾਂ ’ਤੇ ਫਿਲਮਾਏ ਜਾਂਦੇ ਸਨ। ਜਦੋਂਕਿ ਆਸ਼ਾ ਨੂੰ ਸਿਰਫ਼ ਬਚੇ ਹੋਏ, ਵੈਂਪ (ਮਹਿਲਾ ਖ਼ਲਨਾਇਕ) ਅਤੇ ਕੈਬਰੇ ਗਾਇਕਾਵਾਂ ਦੀਆਂ ਭੂਮਿਕਾਵਾਂ ਵਾਲੇ ਗੀਤ ਜੋ ਚੰਚਲ ਕਿਸਮ ਦੇ ਅਤੇ ਭਾਵੁਕ ਸਨ, ਦੀ ਪੇਸ਼ਕਸ਼ ਕੀਤੀ ਜਾਂਦੀ ਸੀ। ਇੱਕ ਸਮਾਂ ਅਜਿਹਾ ਸੀ ਜਦੋਂ ਲਤਾ ਨੂੰ ਇੱਕ ਗੀਤ ਗਾਉਣ ਲਈ ਲਗਭਗ 500 ਰੁਪਏ ਮਿਲਦੇ ਸਨ ਅਤੇ ਜਦੋਂ ਕਿ ਆਸ਼ਾ ਨੂੰ 100 ਰੁਪਏ। ਲਤਾ ਕੋਲ ਇੰਨਾ ਕੰਮ ਸੀ ਕਿ ਉਹ ਚੋਣਵੇਂ ਕੰਮ ਕਰਦੀ ਸੀ ਜਦੋਂਕਿ ਆਸ਼ਾ ਨੂੰ ਜੋ ਵੀ ਮਿਲਦਾ ਸੀ, ਉਹ ਗਾ ਲੈਂਦੀ ਸੀ। ਇਸ ਕਰਕੇ ਆਸ਼ਾ ਨੂੰ ਲਤਾ ਨਾਲ ਖੁੰਦਕ ਹੋ ਗਈ ਸੀ। ਫਿਰ ਵੀ ਆਸ਼ਾ ਆਪਣੇ-ਆਪ ਨੂੰ ਬਿਹਤਰ ਸਾਬਤ ਕਰਨ ਲਈ ਦ੍ਰਿੜ ਸੀ ਅਤੇ ਅੱਗੇ ਵਧਣ ਲਈ ਬੇਤਾਬ ਰਹਿੰਦੀ ਸੀ।

ਉਸ ਦੀ ਪੇਸ਼ੇਵਰ ਜ਼ਿੰਦਗੀ ’ਚ ਉਸ ਵੇਲੇ ਮੋੜ ਆਇਆ ਜਦੋਂ ਉਹ ਓ.ਪੀ. ਨਈਅਰ ਨੂੰ ਮਿਲੀ। ਓ.ਪੀ. ਨਈਅਰ ਨੇ ਉਸ ਦੇ ਗਾਇਕੀ ਦੇ ਸਫ਼ਰ ਨੂੰ ਇੱਕ ਨਵਾਂ ਮੋੜ ਦਿੱਤਾ। ਆਸ਼ਾ ਨੇ 1953 ਵਿੱਚ ਬਿਮਲ ਰਾਏ ਦੀ ਫਿਲਮ ‘ਪਰਿਣੀਤਾ’, ਰਾਜ ਕਪੂਰ ਦੀ ‘ਬੂਟ ਪਾਲਿਸ਼’ ਅਤੇ ਐੱਸ.ਡੀ. ਬਰਮਨ ਦੀ ‘ਪੇਇੰਗ ਗੈਸਟ’ ਦੇ ਗੀਤਾਂ ਨਾਲ ਚੰਗੀ ਪ੍ਰਸਿੱਧੀ ਪ੍ਰਾਪਤ ਕੀਤੀ। ਫਿਰ 1957 ਵਿੱਚ ਬੀ.ਆਰ. ਚੋਪੜਾ ਦੀ ਫਿਲਮ ‘ਨਯਾ ਦੌਰ’ ਨੇ ਉਸ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ। ਇਸ ਫਿਲਮ ’ਚ ਓ.ਪੀ. ਨਈਅਰ ਨੇ ਆਸ਼ਾ ਨੂੰ ‘ਉਡੇ ਜਬ ਜਬ ਜ਼ੁਲਫੇਂ ਤੇਰੀ’ ਅਤੇ ‘ਮਾਂਗ ਕੇ ਸਾਥ ਤੁਮਹਾਰਾ’ ਵਰਗੇ ਗੀਤ ਦਿੱਤੇ। ਇਸ ਤੋਂ ਬਾਅਦ 1958 ਵਿੱਚ ਫਿਲਮ ‘ਹਾਵੜਾ ਬ੍ਰਿਜ’ ਦੇ ਗੀਤ ‘ਆਏ ਮੇਹਰਬਾਨ’ ਦੀ ਸਫਲਤਾ ਨੇ ਆਸ਼ਾ ਨੂੰ ਨਵੀਆਂ ਬੁਲੰਦੀਆਂ ’ਤੇ ਪਹੁੰਚਾਇਆ, ਜਿੱਥੋਂ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਸਫਲਤਾ ਸਦਕਾ ਹੀ ਉਹ ਇੱਕ ਵੈਂਪ ਤੋਂ ਚਰਚਿਤ ਹੀਰੋਇਨਾਂ ਦੀ ਆਵਾਜ਼ ਵਿੱਚ ਬਦਲ ਗਈ। ਇੱਕ ਪਾਸੇ ਓ.ਪੀ. ਨਈਅਰ ਇਹ ਮੰਨਣ ਲੱਗ ਪਏ ਕਿ ਉਹ ਲਤਾ ਤੋਂ ਬਿਨਾਂ ਵੀ ਸੁਪਰਹਿੱਟ ਗੀਤ ਸਿਰਜ ਸਕਦੇ ਹਨ, ਜਦੋਂਕਿ ਦੂਜੇ ਪਾਸੇ ਐੱਸ. ਡੀ. ਬਰਮਨ ਦੀ ਲਤਾ ਨਾਲ ਨਾਰਾਜ਼ਗੀ ਸੀ।

ਇਸ ਦੌਰ ਦਾ ਆਸ਼ਾ ਨੂੰ ਖ਼ੂਬ ਫਾਇਦਾ ਮਿਲਿਆ ਅਤੇ ਉਸ ਨੇ ਦੋਵਾਂ ਲਈ ਗਾਇਆ, ਸਫਲਤਾ ਦੇ ਨਵੇਂ ਅਯਾਮ ਛੂਹੇ। ਇਸ ਦੌਰ ਤੋਂ ਬਾਅਦ ਸੰਗੀਤ ਮਾਹਿਰਾਂ ਨੇ ਮੰਨਣਾ ਸ਼ੁਰੂ ਕੀਤਾ ਕਿ ਭਾਰਤੀ ਸੰਗੀਤ ਵਿੱਚ ਇੱਕ ਆਵਾਜ਼ ਹੈ ਜੋ ਹਰ ਯੁੱਗ, ਹਰ ਸ਼ੈਲੀ ਅਤੇ ਹਰ ਭਾਵਨਾ ਨੂੰ ਮੂਰਤੀਮਾਨ ਕਰਦੀ ਹੈ, ਤਾਂ ਉਹ ਹੈ ਆਸ਼ਾ ਭੋਸਲੇ ਦੀ ਆਵਾਜ਼। ਉਸ ਨੇ ਸੰਗੀਤ ਉਦਯੋਗ ’ਤੇ ਆਪਣੀ ਛਾਪ ਛੱਡੀ ਹੈ। ਕੈਬਰੇ ਤੋਂ ਲੈ ਕੇ ਗ਼ਜ਼ਲ ਤੱਕ, ਡਿਸਕੋ ਤੋਂ ਲੈ ਕੇ ਕਲਾਸੀਕਲ ਤੱਕ, ਕੁਝ ਵੀ ਉਸ ਤੋਂ ਅਛੂਤਾ ਨਹੀਂ ਰਿਹਾ।

ਫਿਰ ਆਰ.ਡੀ. ਬਰਮਨ 1966 ਵਿੱਚ ਫਿਲਮ ‘ਤੀਸਰੀ ਮੰਜ਼ਿਲ’ ਦੌਰਾਨ ਆਸ਼ਾ ਨੂੰ ਮਿਲੇ ਸਨ। ਇਕੱਠੇ ਕੰਮ ਕਰਦੇ ਸਮੇਂ, ਉਨ੍ਹਾਂ ਵਿੱਚ ਇੱਕ ਡੂੰਘੀ ਦੋਸਤੀ ਵਿਕਸਤ ਹੋਈ ਜੋ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ। ਆਰ.ਡੀ. ਬਰਮਨ ਨੇ ਸਹੀ ਮੌਕਾ ਦੇਖ ਕੇ ਆਸ਼ਾ ਨੂੰ ਵਿਆਹ ਦਾ ਪ੍ਰਸਤਾਵ ਰੱਖਿਆ। ਆਸ਼ਾ ਤੁਰੰਤ ਸਹਿਮਤ ਹੋ ਗਈ, ਪਰ ਬਰਮਨ ਦੀ ਮਾਂ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ ਕਿਉਂਕਿ ਆਸ਼ਾ ਉਸ ਤੋਂ ਵੱਡੀ ਸੀ ਅਤੇ ਤਿੰਨ ਬੱਚਿਆਂ ਦੀ ਮਾਂ ਸੀ। ਉਸ ਦੀ ਮਾਂ ਦੇ ਵਿਰੋਧ ਕਾਰਨ ਦੋਵਾਂ ਨੇ ਉਸ ਸਮੇਂ ਵਿਆਹ ਨਹੀਂ ਕੀਤਾ। ਹਾਲਾਂਕਿ, ਮਾਂ ਦੀ ਮੌਤ ਤੋਂ ਬਾਅਦ ਆਸ਼ਾ ਅਤੇ ਬਰਮਨ ਨੇ 1980 ਵਿੱਚ ਵਿਆਹ ਕੀਤਾ।

ਫਿਰ ਆਸ਼ਾ ਦੀ ਜ਼ਿੰਦਗੀ ਨੇ ਇੱਕ ਹੋਰ ਮੋੜ ਲਿਆ। ਉਹੀ ਮੋੜ ਜਿਸ ਨੇ ਉਸ ਨੂੰ ਸਿਰਫ਼ ਇੱਕ ਗਾਇਕਾ ਤੋਂ ਇੱਕ ਦੰਤਕਥਾ ਵਿੱਚ ਬਦਲ ਦਿੱਤਾ। ਉਸ ਸਮੇਂ ਲਤਾ ਮੰਗੇਸ਼ਕਰ ਦਾ ਗ਼ਜ਼ਲਾਂ ’ਤੇ ਏਕਾਧਿਕਾਰ ਸੀ, ਪਰ ਨਿਰਮਾਤਾ ਇੱਕ ਵੱਖਰੀ ਨਵੀਂ ਗ਼ਜ਼ਲ ਆਵਾਜ਼ ਚਾਹੁੰਦੇ ਸਨ ਜੋ ‘ਪਾਕੀਜ਼ਾ’ ਦੀ ਵਿਰਾਸਤ ਤੋਂ ਵੱਖਰਾ ਹੋ ਸਕੇ। ਸੰਗੀਤਕਾਰ ਖ਼ਯਾਮ ਨੇ ਫਿਲਮ ‘ਉਮਰਾਓ ਜਾਨ’ ਲਈ ਆਸ਼ਾ ਨੂੰ ਚੁਣਿਆ, ਇਸ ਸ਼ਰਤ ਨਾਲ ਕਿ ਉਹ ਆਪਣੀ ਚੁਲਬੁਲੀ ਸ਼ੈਲੀ ਨੂੰ ਛੱਡ ਦੇਵੇ ਅਤੇ ਇੱਕ ਵਧੇਰੇ ਗਹਿਰੀ ਗਾਇਕੀ ਦੀ ਸ਼ੈਲੀ ਨੂੰ ਅਪਣਾਵੇ। ਘੱਟ ਸੁਰ ਵਿੱਚ ਗਾਉਣਾ ਉਸ ਲਈ ਨਵਾਂ ਸੀ, ਪਰ ਸਖ਼ਤ ਅਭਿਆਸ ਤੋਂ ਬਾਅਦ ‘ਦਿਲ ਚੀਜ਼ ਕਿਆ ਹੈ’ ਅਤੇ ‘ਇਨ ਆਂਖੋਂ ਕੀ ਮਸਤੀ’ ਵਰਗੀਆਂ ਗ਼ਜ਼ਲਾਂ ਨੇ ਉਸ ਦੇ ਅੰਦਰ ਦੀ ਗੰਭੀਰ ਗਾਇਕੀ ਨੂੰ ਬਾਹਰ ਲਿਆਂਦਾ। ਆਸ਼ਾ ਅਤੇ ਖ਼ਯਾਮ ਨੂੰ ਇਸ ਫਿਲਮ ਲਈ ਰਾਸ਼ਟਰੀ ਪੁਰਸਕਾਰ ਵੀ ਮਿਲਿਆ।

ਆਸ਼ਾ ਭੋਸਲੇ ਨੂੰ ਖਾਣਾ ਪਕਾਉਣ ਦਾ ਬਹੁਤ ਜਨੂੰਨ ਸੀ। ਇਸ ਕਾਰਨ ਉਸ ਨੇ 2002 ਵਿੱਚ ਦੁਬਈ ਦੇ ਵਾਫੀ ਸਿਟੀ ਮਾਲ ਵਿੱਚ ਰੈਸਟੋਰੈਂਟ ਖੋਲ੍ਹਿਆ। ਉਸ ਨੇ ਇਹ ਰੈਸਟੋਰੈਂਟ ਆਪਣੇ ਪੁੱਤਰ ਆਨੰਦ ਭੋਸਲੇ ਲਈ ਖੋਲ੍ਹਿਆ ਜੋ ਦੁਬਈ ਵਿੱਚ ਰਹਿੰਦਾ ਸੀ। ਉਹ ਅਕਸਰ ਉੱਥੇ ਖਾਣਾ ਪਕਾਉਣ ਜਾਂਦੀ ਸੀ। ਉਸ ਨੂੰ ਸ਼ੈੱਫ ਦਾ ਕੋਟ ਪਹਿਨ ਕੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਸੀ। ਦੁਬਈ ਤੋਂ ਇਲਾਵਾ, ਉਸ ਦੇ ਇਸ ਸਮੇਂ ਲੰਡਨ, ਕੁਵੈਤ, ਬਰਮਿੰਘਮ, ਬਹਿਰੀਨ ਅਤੇ ਕਤਰ ਵਿੱਚ ਰੈਸਟੋਰੈਂਟ ਹਨ। ਉਹ ਖਾਣਾ ਪਕਾਉਣ ਪ੍ਰਤੀ ਇੰਨੀ ਜਨੂੰਨੀ ਸੀ ਕਿ ਉਸ ਨੇ ਮਜਰੂਹ ਸੁਲਤਾਨਪੁਰੀ ਦੀ ਪਤਨੀ ਤੋਂ ਲਖਨਵੀ ਪਕਵਾਨ ਸਿੱਖੇ ਅਤੇ ਅਦਾਕਾਰਾ ਮਾਲਾ ਸਿਨਹਾ ਤੋਂ ਮੋਮੋ ਬਣਾਉਣਾ ਸਿੱਖਿਆ। ਉਹ ਜਿੱਥੇ ਵੀ ਜਾਂਦੀ ਸੀ, ਉਹ ਇੱਕ ਵਿਅੰਜਨ ਸਿੱਖਦੀ ਸੀ। ਉਸ ਨੂੰ ਖਾਣ ਨਾਲੋਂ ਲੋਕਾਂ ਨੂੰ ਖੁਆਉਣਾ ਜ਼ਿਆਦਾ ਪਸੰਦ ਸੀ। ਉਹ ਹਰ ਪਾਰਟੀ ਵਿੱਚ ਖਾਣਾ ਬਣਾਉਂਦੀ ਅਤੇ ਸਾਰਿਆਂ ਦੀ ਸੇਵਾ ਕਰਦੀ ਸੀ। ਖਾਣਾ ਪਕਾਉਂਦੇ ਸਮੇਂ ਉਹ ਹੇਮੰਤ ਕੁਮਾਰ ਦੇ ਗੀਤ ਅਤੇ ਗ਼ੁਲਾਮ ਅਲੀ ਦੀਆਂ ਗ਼ਜ਼ਲਾਂ ਗਾਉਂਦੀ ਸੀ।

ਇਹ 1947 ਦੀ ਗੱਲ ਹੈ ਜਦੋਂ ਕਿਸ਼ੋਰ ਕੁਮਾਰ ਅਤੇ ਆਸ਼ਾ ਆਪਣੇ ਪਹਿਲੇ ਪਲੇਬੈਕ ਸਿੰਗਿੰਗ ਆਡੀਸ਼ਨ ਲਈ ਇਕੱਠੇ ਗਏ ਸਨ। ਉਹ ਰਾਜ ਕਪੂਰ ਅਤੇ ਨਰਗਿਸ ਸਟਾਰਰ ਫਿਲਮ ‘ਜਾਣ ਪਹਿਚਾਣ’ ਲਈ ਇੱਕ ਗੀਤ ਦੇ ਆਡੀਸ਼ਨ ਲਈ ਫੇਮਸ ਸਟੂਡੀਓ ਗਏ ਸਨ। ਉਨ੍ਹਾਂ ਦੀਆਂ ਆਵਾਜ਼ਾਂ ਨੂੰ ਅਢੁੱਕਵਾਂ ਕਹਿ ਕੇ ਖਾਰਜ ਕਰ ਦਿੱਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਉਹ ਪਲੇਬੈਕ ਗਾਇਕ ਨਹੀਂ ਬਣ ਸਕਦੇ। ਇਸ ਘਟਨਾ ਨੇ ਕਿਸ਼ੋਰ ਕੁਮਾਰ ਨੂੰ ਡਰਾ ਦਿੱਤਾ ਅਤੇ ਉਸ ਨੇ ਆਸ਼ਾ ਨੂੰ ਪੁੱਛਿਆ, ‘ਹੁਣ ਅਸੀਂ ਕੀ ਕਰਾਂਗੇ?’ ਆਸ਼ਾ ਨੇ ਸਾਫ਼-ਸਾਫ਼ ਜਵਾਬ ਦਿੱਤਾ, ‘ਤੁਹਾਡੀ ਆਵਾਜ਼ ਚੰਗੀ ਹੈ, ਤੁਹਾਨੂੰ ਕੋਈ ਨਹੀਂ ਰੋਕ ਸਕਦਾ।‘ ਆਸ਼ਾ ਨੇ ਕਦੇ ਵੀ ਆਪਣੀ ਕਾਬਲੀਅਤ ’ਤੇ ਸ਼ੱਕ ਨਹੀਂ ਕੀਤਾ। ਉਹ ਹਮੇਸ਼ਾਂ ਆਪਣੇ ਆਪ ਵਿੱਚ ਭਰੋਸਾ ਰੱਖਦੀ ਸੀ ਅਤੇ ਵਿਸ਼ਵਾਸ ਕਰਦੀ ਸੀ ਕਿ ਉਹ ਕੁਝ ਨਾ ਕੁਝ ਜ਼ਰੂਰ ਪ੍ਰਾਪਤ ਕਰੇਗੀ।

ਆਸ਼ਾ ਭੋਸਲੇ ਨੇ ਆਪਣੇ ਕਰੀਅਰ ਦੌਰਾਨ 12000 ਗੀਤ ਗਾਏ ਹਨ। ਜਿਨ੍ਹਾਂ ਵਿੱਚ ਹਿੰਦੀ ਤੋਂ ਇਲਾਵਾ 20 ਤੋਂ ਵੱਧ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਗਾਏ ਗੀਤ ਸ਼ਾਮਲ ਹਨ। ਗਾਉਣ ਤੋਂ ਇਲਾਵਾ ਉਸ ਨੇ ਅਦਾਕਾਰੀ ਵਿੱਚ ਵੀ ਆਪਣਾ ਹੱਥ ਅਜ਼ਮਾਇਆ ਹੈ। 2013 ਵਿੱਚ ਉਸ ਨੇ ਮਰਾਠੀ ਫਿਲਮ ‘ਮਾਈ’ ਵਿੱਚ ਅਭਿਨੈ ਕੀਤਾ ਅਤੇ ਉਸ ਨੂੰ ਕਾਫ਼ੀ ਪ੍ਰਸ਼ੰਸਾ ਮਿਲੀ। ਹੁਣ ਆਸ਼ਾ ਭੋਸਲੇ ਕਈ ਸਾਲਾਂ ਤੋਂ ਬੌਲੀਵੁੱਡ ਤੋਂ ਦੂਰ ਸੀ ਅਤੇ ਉਸ ਤੋਂ ਗਾਇਆ ਵੀ ਨਹੀਂ ਜਾਂਦਾ ਸੀ। ਉਸ ਦਾ ਮੰਨਣਾ ਸੀ ਕਿ ਅੱਜਕੱਲ੍ਹ ਜੋ ਗੀਤ ਗਾਏ ਜਾ ਰਹੇ ਹਨ, ਉਸ ਨੂੰ ਉਹ ਮੁਆਫ਼ਕ ਨਹੀਂ ਹਨ। ਇਨ੍ਹਾਂ ਗੀਤਾਂ ਵਿੱਚ ਔਰਤਾਂ ਲਈ ਬਹੁਤ ਘੱਟ ਸਤਰਾਂ ਹੁੰਦੀਆਂ ਹਨ। ਆਸ਼ਾ ਦਾ ਮੰਨਣਾ ਸੀ ਉਸ ਨੂੰ ਨਾ ਤਾਂ ਪ੍ਰਸਿੱਧੀ ਦੀ ਲੋੜ ਸੀ ਅਤੇ ਨਾ ਹੀ ਪੈਸੇ ਦੀ, ਉਹ ਸਿਰਫ਼ ਚੰਗਾ ਤੇ ਸਕੂਨ ਵਾਲਾ ਗਾਇਨ ਪਸੰਦ ਕਰਦੀ ਸੀ।

ਸੰਪਰਕ: 97795-90575

Advertisement
×