DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉਨੀਂਦਰੀ ਪਿੰਕੀ

ਬਾਲ ਕਹਾਣੀ “ਮੰਮੀ ਮੈਨੂੰ ਨੀਂਦ ਨਹੀਂ ਆ ਰਹੀ!” ਆਪਣੀਆਂ ਅੱਖਾਂ ਮਲਦਿਆਂ ਪਿੰਕੀ ਆਪਣੇ ਮੰਮੀ-ਡੈਡੀ ਦੇ ਕਮਰੇ ਵਿੱਚ ਆਈ। ਉਸ ਦੇ ਹੱਥ ਵਿੱਚ ਉਸ ਦਾ ਪਿਆਰਾ ਟੈਡੀ ਸੀ। ਕੋਮਲ ਹੜਬੜਾ ਕੇ ਉੱਠੀ। ਘੜੀ ਵੱਲ ਦੇਖਿਆ, ਰਾਤ ਦੇ ਦੋ ਵੱਜ ਚੁੱਕੇ ਸਨ।...

  • fb
  • twitter
  • whatsapp
  • whatsapp
Advertisement

ਬਾਲ ਕਹਾਣੀ

“ਮੰਮੀ ਮੈਨੂੰ ਨੀਂਦ ਨਹੀਂ ਆ ਰਹੀ!” ਆਪਣੀਆਂ ਅੱਖਾਂ ਮਲਦਿਆਂ ਪਿੰਕੀ ਆਪਣੇ ਮੰਮੀ-ਡੈਡੀ ਦੇ ਕਮਰੇ ਵਿੱਚ ਆਈ। ਉਸ ਦੇ ਹੱਥ ਵਿੱਚ ਉਸ ਦਾ ਪਿਆਰਾ ਟੈਡੀ ਸੀ।

Advertisement

ਕੋਮਲ ਹੜਬੜਾ ਕੇ ਉੱਠੀ। ਘੜੀ ਵੱਲ ਦੇਖਿਆ, ਰਾਤ ਦੇ ਦੋ ਵੱਜ ਚੁੱਕੇ ਸਨ।

Advertisement

“ਓ ਮੇਰੇ ਬੱਚੇ। ਕੀ ਗੱਲ ਹੋਈ। ਤੂੰ ਠੀਕ ਤਾਂ ਹੈਂ।“ ਉਸ ਨੇ ਪਿੰਕੀ ਨੂੰ ਕਲਾਵੇ ਵਿੱਚ ਲੈਂਦਿਆਂ ਪੁੱਛਿਆ, ਨਾਲ ਹੀ ਆਪਣੇ ਹੱਥ ਨਾਲ ਉਸ ਦਾ ਮੱਥਾ ਚੈੱਕ ਕੀਤਾ ਕਿ ਕਿਤੇ ਬੁਖਾਰ ਤਾਂ ਨਹੀਂ, ਪਰ ਪਿੰਕੀ ਦਾ ਮੱਥਾ ਠੰਢਾ ਸੀ।

“ਮੰਮੀ, ਕੀ ਮੈਂ ਇੱਥੇ ਤੁਹਾਡੇ ਕੋਲ ਪੈ ਜਾਂ।”

“ਹਾਂ! ਹਾਂ ਬੇਟੇ, ਜ਼ਰੂਰ”

ਪਿੰਕੀ ਬਿਸਤਰੇ ’ਤੇ ਪੈ ਗਈ। ਰਾਜੇਸ਼, ਉਸ ਦਾ ਡੈਡੀ ਘੂਕ ਨੀਂਦ ਸੁੱਤਾ ਪਿਆ ਸੀ। ਉਹ ਪੂਰਾ ਦਿਨ ਕੰਮ ਕਰ ਕੇ ਥੱਕਿਆ ਹੋਇਆ ਸੀ।

“ਮੰਮੀ, ਮੈਨੂੰ ਉਹੀ ਲੋਰੀ ਸੁਣਾਓ ਜੋ ਛੋਟੇ ਹੁੰਦਿਆਂ ਸੁਣਾਉਂਦੇ ਸੀ।”

ਕੋਮਲ ਨੇ ਸੋਚਿਆ ਕਿੰਨਾ ਚਿਰ ਹੋ ਗਿਆ ਪਿੰਕੀ ਨੂੰ ਲੋਰੀ ਸੁਣਾਇਆਂ। ਉਸ ਨੇ ਹੌਲੀ-ਹੌਲੀ ਗੁਣਗੁਣਾਉਣ ਸ਼ੁਰੂ ਕੀਤਾ;

‘ਸੌਂ ਜਾ ਮੇਰੇ ਪਿਆਰੇ, ਸੌਂ ਜਾ ਤੂੰ ਸੌਂ ਜਾ।

ਮੇਰੀ ਅੱਖ ਦੇ ਤਾਰੇ, ਮੇਰੇ ਰਾਜਦੁਲਾਰੇ

ਸਾਰੇ ਜੱਗ ਤੋਂ ਨਿਆਰੇ, ਸੌਂ ਜਾ ਤੂੰ ਸੌਂ ਜਾ।

ਕੋਮਲ ਨੇ ਪਿੰਕੀ ਵੱਲ ਦੇਖਿਆ ਤਾਂ ਆਖਰ ਉਸ ਨੂੰ ਨੀਂਦ ਆ ਗਈ ਸੀ। ਕੋਮਲ ਨੇ ਉਸ ਦਾ ਚੰਨ ਵਰਗਾ ਮੁੱਖੜਾ ਚੁੰਮਿਆ, ਪਰ ਹੁਣ ਉਸ ਨੂੰ ਨੀਂਦ ਨਹੀਂ ਸੀ ਆ ਰਹੀ। ਉਹ ਸੋਚਣ ਲੱਗ ਪਈ ਕਿ ਪਿੰਕੀ ਨੂੰ ਨੀਂਦ ਨਾ ਆਉਣ ਦਾ ਕੀ ਕਾਰਨ ਹੋ ਸਕਦਾ ਹੈ। ਸ਼ਾਇਦ ਹੋਮਵਰਕ, ਸਕੂਲ ਵਿੱਚ ਕੁਝ ਜਾਂ ਕੋਈ ਹੋਰ ਪਰੇਸ਼ਾਨੀ। ਆਖਰ ਉਸ ਨੂੰ ਨੀਂਦ ਆਈ ਤਾਂ ਭੈੜਾ ਜਿਹਾ ਸੁਫ਼ਨਾ ਆਇਆ, ਜਿਸ ਵਿੱਚ ਪਿੰਕੀ ਬਹੁਤ ਸਾਰੀਆਂ ਕਿਤਾਬਾਂ-ਕਾਪੀਆਂ ਤੇ ਸਕਰੀਨਾਂ ਦੀ ਨੀਲੀ ਰੌਸ਼ਨੀ ਵਿੱਚ ਘਿਰੀ ਹੋਈ ਹੈ ਤੇ ਉਸ ਵਿੱਚੋਂ ਨਿਕਲਣ ਲਈ ਛਟਪਟਾ ਰਹੀ ਹੈ। ਉਹ ਤ੍ਰਭਕ ਕੇ ਉੱਭੜਵਾਹੇ ਉੱਠ ਖੜ੍ਹਦੀ ਹੈ। ਦਿਨ ਚੜ੍ਹ ਆਇਆ ਸੀ। ਪਿੰਕੀ ਤੇ ਰਾਜੇਸ਼ ਗਹਿਰੀ ਨੀਂਦ ਵਿੱਚ ਸੁੱਤੇ ਪਏ ਸਨ। ਉਸ ਨੇ ਖਾਣਾ ਬਣਾਇਆ ਤੇ ਸਭ ਦਾ ਲੰਚ ਪੈਕ ਕੀਤਾ। ਇੰਨੇ ਨੂੰ ਰਾਜੇਸ਼ ਵੀ ਉੱਠ ਗਿਆ।

“ਰਾਤੀਂ ਪਿੰਕੀ ਨੂੰ ਕੀ ਹੋਇਆ ਸੀ। ਨੀਂਦ ਵਿੱਚ ਮੈਨੂੰ ਪਤਾ ਹੀ ਨਹੀਂ ਚੱਲਿਆ।”

“ਉਸ ਨੂੰ ਨੀਂਦ ਨਹੀਂ ਸੀ ਆ ਰਹੀ। ਮੈਨੂੰ ਲੋਰੀ ਸੁਣਾਉਣ ਨੂੰ ਕਿਹਾ ਤਾਂ ਸੌਂ ਗਈ। ਵੈਸੇ ਸਿਹਤ ਠੀਕ ਲੱਗ ਰਹੀ ਸੀ। ਅੱਜ ਦੇਖਦੇ ਹਾਂ।”

ਉਸ ਰਾਤ ਵੀ ਪਿੰਕੀ ਨੂੰ ਨੀਂਦ ਆਉਣ ਵਿੱਚ ਬੜੀ ਮੁਸ਼ਕਿਲ ਆਈ ਤੇ ਇੰਝ ਕਈ ਰਾਤਾਂ ਲੰਘ ਗਈਆਂ। ਕੋਮਲ ਤੇ ਰਾਜੇਸ਼ ਨੇ ਸੋਚਿਆ ਕਿ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ।

ਡਾਕਟਰ ਸੀਮਾ ਬਹੁਤ ਕਾਬਲ ਬੱਚਿਆਂ ਦੀ ਮਾਹਰ ਡਾਕਟਰ ਸੀ। ਉਸ ਨੇ ਪਿੰਕੀ ਦਾ ਪੂਰਾ ਚੈੱਕਅਪ ਕੀਤਾ। ਖ਼ੂਨ ਚੈੱਕ ਕਰਨ ਲਈ ਟੈਸਟ ਵੀ ਆਰਡਰ ਕੀਤੇ। ਸਭ ਤੋਂ ਮਹੱਤਵਪੂਰਨ ਗੱਲ ਉਸ ਨੇ ਪਿੰਕੀ ਨਾਲ ਇਕੱਲੇ ਗੱਲਬਾਤ ਕੀਤੀ।

“ਬੱਚੇ ਮਾਪਿਆਂ ਤੋਂ ਬਿਨਾਂ ਡਾਕਟਰ ਦੇ ਨਾਲ ਵਧੀਆ ਗੱਲਬਾਤ ਕਰ ਸਕਦੇ ਹਨ।”

ਡਾ. ਸੀਮਾ ਨੇ ਪਿੰਕੀ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨਾਲ ਗੱਲਬਾਤ ਕੀਤੀ।

“ਮੈਨੂੰ ਲੱਗ ਰਿਹਾ ਹੈ ਕਿ ਸੌਣ ਤੋਂ ਪਹਿਲਾਂ ਫੋਨ ਤੇ ਹੋਰ ਇਲੈੱਕਟ੍ਰੌਨਿਕ ਉਪਕਰਨਾਂ ਦੀ ਜ਼ਿਆਦਾ ਵਰਤੋਂ ਤੇ ਉਸ ਦੇ ਨਾਲ-ਨਾਲ ਬੱਚਿਆਂ ਤੇ ਹੋਮਵਰਕ ਦਾ ਬੋਝ, ਨੀਂਦ ਨਾ ਆਉਣ ਦਾ ਕਾਰਨ ਹੋ ਸਕਦਾ ਹੈ। ਅੱਜਕੱਲ੍ਹ ਬੱਚੇ ਪੜ੍ਹਾਈ ਤੇ ਹੋਮਵਰਕ ਵੀ ਕੰਪਿਊਟਰ ’ਤੇ ਹੀ ਕਰਦੇ ਹਨ। ਇਲੈੱਕਟ੍ਰੌਨਿਕ ਉਪਕਰਨ ਨੀਲੀ ਰੌਸ਼ਨੀ ਛੱਡਦੇ ਹਨ ਤੇ ਜੇ ਉਨ੍ਹਾਂ ਨੂੰ ਸੌਣ ਤੋਂ ਪਹਿਲਾਂ ਵਰਤੀਏ ਤਾਂ ਉਹ ਸਾਡੀ ਚੰਗੀ ਨੀਂਦ ਲੈਣ ਦੀ ਸਮਰੱਥਾ ਵਿੱਚ ਵਿਘਨ ਪਾਉਂਦੇ ਹਨ। ਸਾਡੇ ਫੋਨ ਦੀ ਰੌਸ਼ਨੀ ਸਾਡੇ ਸਰੀਰ ਨੂੰ ਸੰਕੇਤ ਦਿੰਦੀ ਹੈ ਕਿ ਜਾਗਣ ਦਾ ਸਮਾਂ ਆ ਗਿਆ ਹੈ, ਇਸ ਲਈ ਅਸੀਂ ਜਾਗਦੇ ਰਹਿੰਦੇ ਹਾਂ। ਭਲਾ ਇਸ ਕੋਲ ਕਿੰਨੇ ਕੁ ਇਲੈੱਕਟ੍ਰੌਨਿਕ ਉਪਕਰਨ ਹਨ?”

“ਓਹ, ਅਸੀਂ ਇਸ ਬਾਰੇ ਕਦੇ ਸੋਚਿਆ ਹੀ ਨਹੀਂ।” ਕੋਮਲ ਨੇ ਸੋਚਦਿਆਂ ਕਿਹਾ, ‘‘ਆਈਫੋਨ, ਆਈਪੈਡ, ਲੈਪਟਾਪ, ਡੈਸਕਟਾਪ ਕੰਪਿਊਟਰ।”

“ਮੇਰੇ ਮੁਤਾਬਿਕ, ਉਹ ਦਿਨ ਵਿੱਚ 6-7 ਘੰਟੇ ਇਨ੍ਹਾਂ ਉਪਕਰਨਾਂ ’ਤੇ ਹੀ ਬਿਤਾਉਂਦੀ ਹੈ। ਕੀ ਉਹ ਕੋਈ ਖੇਡ ਵੀ ਖੇਡਦੀ ਹੈ?”

“ਨਹੀਂ, ਉਹ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਰੁੱਝੀ ਰਹੀ ਹੈ। ਪੜ੍ਹਾਈ ਦਾ ਬੋਝ ਇੰਨਾ ਹੈ ਕਿ ਖੇਡਣ ਦਾ ਸਮਾਂ ਹੀ ਨਹੀਂ ਮਿਲਦਾ। ਅਸੀਂ ਆਪਣੇ ਬੱਚੇ ਨੂੰ ਪੜ੍ਹਾਈ ਵਿੱਚ ਅੱਵਲ ਦੇਖਣਾ ਚਾਹੁੰਦੇ ਹਾਂ।”

“ਹਾਂ।” ਰਾਜੇਸ਼ ਨੇ ਵੀ ਸਿਰ ਹਿਲਾਉਂਦਿਆਂ ਕਿਹਾ।

“ਉਹ ਤਾਂ ਠੀਕ ਹੈ, ਪਰ ਬੱਚਿਆਂ ਲਈ ਕਸਰਤ ਵੀ ਜ਼ਰੂਰੀ ਹੈ। ਤੁਸੀਂ ਵੀ ਇਸ ਨਾਲ ਸਮਾਂ ਬਿਤਾਇਆ ਕਰੋ। ਬਾਹਰ ਪਾਰਕ ਵਿੱਚ ਘੁੰਮਣ ਜਾਓ, ਜਿੱਥੇ ਉਹ ਹੋਰ ਬੱਚਿਆਂ ਨਾਲ ਖੇਡ ਸਕਦੀ ਹੈ। ਛੁੱਟੀ ਵਾਲੇ ਦਿਨ ਸੈਰ ਕਰਨ ਚਲੇ ਜਾਓ, ਪਹਾੜਾਂ ਦੀ ਸੈਰ ਕਰੋ, ਹਾਈਕਿੰਗ (Hiking) ਆਦਿ ’ਤੇ ਜਾਓ। ਜ਼ਿਆਦਾ ਤੋਂ ਜ਼ਿਆਦਾ ਸਮਾਂ ਕੁਦਰਤ ਦੀ ਗੋਦ ਵਿੱਚ ਬਿਤਾਉਣ ਦੀ ਕੋਸ਼ਿਸ਼ ਕਰੋ।”

ਉਨ੍ਹਾਂ ਨੂੰ ਯਾਦ ਨਹੀਂ ਸੀ ਆ ਰਿਹਾ ਕਿ ਉਹ ਕਦੋਂ ਇਕੱਠੇ ਸੈਰ ਕਰਨ ਗਏ ਸਨ।

“ਹਾਂ, ਸਭ ਤੋਂ ਮਹੱਤਵਪੂਰਨ ਗੱਲ ਬੱਚੇ ਦਾ ਖਾਣ-ਪੀਣ ਦਾ ਖ਼ਿਆਲ ਰੱਖੋ, ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਪੀਓ, ਜਿਸ ਵਿੱਚ ਟ੍ਰਿਪਟੋਫੈਨ (Tryptophan) ਹੁੰਦਾ ਹੈ ਜੋ ਕਿ ਨੀਂਦ ਨੂੰ ਨਿਯੰਤ੍ਰਿਤ ਕਰਨ ਲਈ ਇੱਕ ਜ਼ਰੂਰੀ ਅਮੀਨੋ ਐਸਿਡ ਹੈ।”

ਜਾਣ ਲੱਗਿਆਂ ਡਾਕਟਰ ਨੇ ਪਿੰਕੀ ਨੂੰ ਪਿਆਰ ਨਾਲ ਕਿਹਾ, ‘‘ਬੇਟਾ ਠੀਕ ਹੈ ਨਾ ਉਵੇਂ ਕਰੋਗੇ ਜਿਵੇਂ ਮੈਂ ਕਿਹਾ ਹੈ। ਰਾਤ ਨੂੰ ਸੌਣ ਤੋਂ 2-3 ਘੰਟੇ ਪਹਿਲਾਂ ਫੋਨ ਤੇ ਹੋਰ ਇਲੈੱਕਟ੍ਰੌਨਿਕ ਉਪਕਰਨ ਨਹੀਂ ਵਰਤਣੇ। ਸੌਣ ਤੋਂ ਪਹਿਲਾਂ ਦੁੱਧ ਪਿਓ ਕਿਉਂਕਿ ਉਸ ਵਿੱਚ ਨੀਂਦ ਆਉਣ ਦਾ ਗੁਪਤ ਰਾਜ਼ ਹੁੰਦਾ ਹੈ। ਤੁਸੀਂ ਕੋਈ ਕਿਤਾਬ ਪੜ੍ਹ ਸਕਦੇ ਹੋ ਜਾਂ ਸੰਗੀਤ ਸੁਣ ਸਕਦੇ ਹੋ। ਅਤੇ ਇਹ ਵੀ ਯਾਦ ਰੱਖੋ ਕਿ ਸੌਣ ਲਈ ਤੁਸੀਂ ਸੌਣ ਦਾ ਦਿਖਾਵਾ ਕਰੋ। ਸ਼ਾਇਦ ਸਭ ਕੁਝ ਇਸ ਤਰ੍ਹਾਂ ਹੀ ਕੰਮ ਕਰਦਾ ਹੈ। ਜਦੋਂ ਤੱਕ ਤੁਸੀਂ ਸੌਂ ਨਹੀਂ ਜਾਂਦੇ, ਆਪਣੇ ਮਨ ਵਿੱਚ ਇਹ ਝੁਠਮੂਠ ਦੀ ਖੇਡ ਖੇਡੋ। ਗੁੱਡ ਲੱਕ।”

ਇਸ ਤਰ੍ਹਾਂ ਪਿੰਕੀ ਨੇ ਉਵੇਂ ਹੀ ਕੀਤਾ ਜਿਵੇਂ ਡਾਕਟਰ ਸੀਮਾ ਨੇ ਕਿਹਾ। ਕੋਮਲ ਤੇ ਰਾਜੇਸ਼ ਨੇ ਆਪਣਾ ਫ਼ਰਜ਼ ਨਿਭਾਉਂਦਿਆਂ ਇਹ ਯਕੀਨੀ ਕਰਿਆ ਕਿ ਉਹ ਸੌਣ ਤੋਂ ਪਹਿਲਾਂ ਫੋਨ ਨਾ ਵਰਤੇ ਤੇ ਉਨ੍ਹਾਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਏ। ਉਹ ਇਕੱਠੇ ਸੈਰ ਕਰਨ ਵੀ ਜਾਣ ਲੱਗੇ ਤੇ ਪਿੰਕੀ ਪਾਰਕ ਵਿੱਚ ਵੀ ਹੋਰ ਬੱਚਿਆਂ ਨਾਲ ਖੇਡਣ ਲੱਗੀ। ਕੋਮਲ ਤੇ ਰਾਜੇਸ਼ ਨੇ ਉਸ ’ਤੇ ਪੜ੍ਹਾਈ ਵਿੱਚ ਅੱਵਲ ਆਉਣ ਦਾ ਦਬਾਅ ਵੀ ਘੱਟ ਕਰ ਦਿੱਤਾ। ਉਹ ਖ਼ੁਸ਼ ਨਜ਼ਰ ਆਉਣ ਲੱਗੀ।

...ਤੇ ਇਸ ਤਰ੍ਹਾਂ ਪਿੰਕੀ ਨੂੰ ਮੁੜ ਤੋਂ ਬੱਚਿਆਂ ਵਾਂਗ ਨੀਂਦ ਆਉਣ ਲੱਗੀ।

Advertisement
×