ਦੇਹਰਾਦੂਨ ਕਾਲਜ 'ਚ ਆਪਣੀ ਅਪਮਾਨਜਨਕ ਸ਼ਬਦਾਵਲੀ ਲਈ ਗਾਇਕ Masoom Sharma ਨੇ ਮੰਗੀ ਮੁਆਫ਼ੀ
ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਮਾਨਸਿਕ ਤਣਾਅ 'ਚ ਹੋਣ ਦਾ ਕੀਤਾ ਦਾਅਵਾ
ਹਰਿਆਣਵੀ ਗਾਇਕ ਮਾਸੂਮ ਸ਼ਰਮਾ (Masoom Sharma) ਨੇ ਡੀਏਵੀ ਕਾਲਜ, ਦੇਹਰਾਦੂਨ ਵਿੱਚ ਆਪਣੇ ਪ੍ਰੋਗਰਾਮ ਦੌਰਾਨ ਕਥਿਤ ਤੌਰ ’ਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਦੇ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਮੁਆਫ਼ੀ ਮੰਗ ਲਈ ਹੈ। ਹਰਿਆਣਾ ਰਾਜ ਮਹਿਲਾ ਕਮਿਸ਼ਨ ਵੱਲੋਂ ਉਸ ਨੂੰ 18 ਅਪਰੈਲ ਨੂੰ ਤਲਬ ਕੀਤਾ ਗਿਆ ਹੈ। ਮਾਸੂਮ ਸ਼ਰਮਾ ਆਪਣੀ ਫ਼ਿਲਮ ‘ਲਾਇਸੈਂਸ’ ਦੇ ਪ੍ਰਚਾਰ ਲਈ ਚੰਡੀਗੜ੍ਹ ਪਹੁੰਚਿਆ ਸੀ, ਉਸ ਦੌਰਾਨ ਉਸ ਨੇ ਕਿਹਾ “ਮੈਂ ਇਸ ਘਟਨਾ ਲਈ ਖੇਦ ਪ੍ਰਗਟ ਕਰਦਾ ਹਾਂ। ਜਿਨ੍ਹਾਂ ਨੂੰ ਮੇਰੇ ਬੋਲਾਂ ਨਾਲ ਠੇਸ ਪਹੁੰਚੀ ਹੈ, ਮੈਂ ਉਨ੍ਹਾਂ ਕੋਲੋਂ ਮੁਆਫ਼ੀ ਮੰਗਦਾ ਹਾਂ।”
ਮਾਸੂਮ ਸ਼ਰਮਾ ਨੇ ਸਫ਼ਾਈ ਦਿੰਦੇ ਹੋਏ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ, ਅਤੇ ਉਦੋਂ ਤੋਂ ਹੀ ਉਹ ਮਾਨਸਿਕ ਤਣਾਅ ਵਿੱਚ ਹੈ। ਸ਼ਰਮਾ ਨੇ ਦੱਸਿਆ ਕਿ ਮਹਿਲਾ ਕਮਿਸ਼ਨ ਨੂੰ ਉਸ ਵੱਲੋਂ ਜਵਾਬ ਭੇਜਿਆ ਜਾ ਚੁੱਕਾ ਹੈ ਅਤੇ ਉਹ 18 ਅਪਰੈਲ ਨੂੰ ਹਾਜ਼ਰ ਹੋਣ ਬਾਰੇ ਅਗਲੇ ਨਿਰਦੇਸ਼ਾਂ ਦੀ ਉਡੀਕ ਕਰ ਰਿਹਾ ਹੈ। ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਸਬੰਧੀ ਉੱਤਰਾਖੰਡ ਪੁਲਿਸ ਨੂੰ ਈਮੇਲ ਰਾਹੀਂ ਸ਼ਿਕਾਇਤ ਭੇਜੀ ਗਈ ਹੈ, ਹਾਲਾਂਕਿ ਉਸ ਨੇ ਧਮਕੀ ਦੇਣ ਵਾਲੇ ਵਿਅਕਤੀ ਦਾ ਨਾਮ ਜ਼ਾਹਿਰ ਕਰਨ ਤੋਂ ਇਨਕਾਰ ਕੀਤਾ।
ਗਾਇਕ ਮਾਸੂਮ ਸ਼ਰਮਾ ਨੇ ਕਿਹਾ ਕਿ ਧਮਕੀਆਂ ਦੇਣ ਵਾਲਾ ਵਿਅਕਤੀ ਮੇਰਾ ਜਾਣਕਾਰ ਹੈ, ਪਰ ਮੈਂ ਉਸ ਦਾ ਨਾਮ ਲੈ ਕੇ ਉਸ ਨੂੰ ਸਟਾਰ ਨਹੀਂ ਬਣਾਉਣਾ ਚਾਹੁੰਦਾ। ਉਹ ਅਕਸਰ ਭਾਜਪਾ ਦੇ ਸਰਕਾਰੀ ਮੰਚਾਂ 'ਤੇ ਆਉਂਦਾ ਰਿਹਾ ਹੈ। ਮੌਜੂਦਾ ਸਮੇਂ ਵਿੱਚ ਸ਼ਰਮਾ ਨੂੰ ਹਰਿਆਣਾ ਪੁਲਿਸ ਵੱਲੋਂ ਸੁਰੱਖਿਆ ਦਿੱਤੀ ਜਾ ਰਹੀ ਹੈ। ਗ਼ਲਤ ਕਾਰਨਾਂ ਕਰਕੇ ਖ਼ਬਰਾਂ ਵਿੱਚ ਰਹਿਣ ਦੇ ਸਵਾਲ ’ਤੇ ਮਾਸੂਮ ਸ਼ਰਮਾ ਨੇ ਕਿਹਾ ਕਿ “ਮੈਂ ਪਹਿਲਾਂ ਕਦੇ ਮੁਆਫ਼ੀ ਨਹੀਂ ਮੰਗੀ। ਇਹ ਸਿਰਫ਼ ਦੇਹਰਾਦੂਨ ਕਾਲਜ ਘਟਨਾ ਲਈ ਹੈ। ਮੈਂ ਆਪਣੇ ਗੀਤਾਂ ਕਰਕੇ ਇੱਥੇ ਤੱਕ ਪਹੁੰਚਿਆ ਹਾਂ, ਨਾ ਕਿ ਕਿਸੇ ਵਿਵਾਦ ਕਰਕੇ।”
ਜ਼ਿਕਰਯੋਗ ਹੈ ਕਿ 11 ਅਪਰੈਲ ਨੂੰ ਡੀਏਵੀ ਕਾਲਜ, ਦੇਹਰਾਦੂਨ ਵਿੱਚ ਹੋਏ ਇੱਕ ਲਾਈਵ ਪ੍ਰੋਗਰਾਮ ਦੌਰਾਨ, ਜਿਸ ਵਿੱਚ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਮੌਜੂਦ ਸਨ, ਮੁੱਖ ਮੰਤਰੀ ਦੇ ਜਾਣ ਮਰਗੋਂ ਸ਼ਰਮਾ ਨੇ ਸਟੇਜ ’ਤੇ ਅਪਮਾਨਜਨਕ ਭਾਸ਼ਾ ਵਰਤੀ ਸੀ। ਇਸ ਤੋਂ ਬਾਅਦ ਹਰਿਆਣਵੀ ਗਾਇਕ ਮਾਸੂਮ ਸ਼ਰਮਾ ਨੂੰ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀ।

