DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜਿੱਤ ਦੇ ਨਿਸ਼ਾਨ...

ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ। ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ, ਪਿਆਰ ਨਾਲ, ਲਾਲਚ ਜਾਂ ਡੰਡੇ ਨਾਲ। (ਸਤਿੰਦਰ ਸਰਤਾਜ) ਜਿੱਤਣਾ ਸਭ ਨੂੰ ਚੰਗਾ ਲੱਗਦਾ ਹੈ।...

  • fb
  • twitter
  • whatsapp
  • whatsapp
Advertisement

ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ

ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ।

Advertisement

ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ

Advertisement

ਸ਼ੌਕ ਨਾਲ, ਪਿਆਰ ਨਾਲ, ਲਾਲਚ ਜਾਂ ਡੰਡੇ ਨਾਲ।

(ਸਤਿੰਦਰ ਸਰਤਾਜ)

ਜਿੱਤਣਾ ਸਭ ਨੂੰ ਚੰਗਾ ਲੱਗਦਾ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਨਾਂ ’ਤੇ ਤਾੜੀਆਂ ਵੱਜਣ। ਫੁੱਲਾਂ ਦੇ ਹਾਰ ਪੈਣ। ਮੈਡਲ, ਸਰਟੀਫਿਕੇਟ ਪ੍ਰਾਪਤ ਹੋਣ। ਹਰੇਕ ਦੀ ਇੱਛਾ ਇਹੋ ਹੁੰਦੀ ਹੈ ਕਿ ਜਿੱਤ ਉਸ ਦੇ ਕਦਮ ਚੁੰਮੇ। ਸਮਰਾਟ ਸਿਕੰਦਰ ਦੀ ਬਹਾਦਰੀ, ਨੈਪੋਲੀਅਨ ਦੀਆਂ ਉਦਾਹਰਨਾਂ, ਹਿਟਲਰ ਜਿੰਨੀ ਤਾਕਤ ਅਤੇ ਵੱਡੇ-ਵੱਡੇ ਜੇਤੂਆਂ ਦੀਆਂ ਜੀਵਨੀਆਂ ਦੇ ਅੰਸ਼ ਇਸੇ ਲਈ ਪ੍ਰਚਾਰਿਤ ਅਤੇ ਪ੍ਰਸਾਰਿਤ ਕੀਤੇ ਜਾਂਦੇ ਹਨ। ਅਬਰਾਹਿਮ ਲਿੰਕਨ ਦਾ ਪਾਠ ਇਸੇ ਲਈ ਪੜ੍ਹਾਇਆ ਜਾਂਦਾ ਹੈ। ਡਾ. ਬੀ.ਆਰ. ਅੰਬੇਡਕਰ ਦੀ ਜੀਵਨੀ ਦਾ ਸਾਰ ਅੰਸ਼ ਇਸੇ ਲਈ ਵਿਦਿਆਰਥੀਆਂ ਨੂੰ ਦੱਸਿਆ ਜਾਂਦਾ ਹੈ। ਜਿੱਤ ਜਾਂ ਹਾਰ ਦਾ ਸਿਲਸਿਲਾ ਬੰਦੇ ਦੇ ਬਚਪਨ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਨਿੱਕੀਆਂ-ਨਿੱਕੀਆਂ ਖੇਡਾਂ ਖੇਡਦਿਆਂ ਜੇਤੂ ਰਹਿਣ ਦਾ ਜਜ਼ਬਾ ਬੰਦੇ ਅੰਦਰ ਭਰਦਾ ਜਾਂਦਾ ਹੈ ਅਤੇ ਇੱਥੋਂ ਹੀ ਉਸ ਦੀ ਅਗਲੀ ਜ਼ਿੰਦਗੀ ਦੇ ਮੁਕਾਬਲਿਆਂ ਦਾ ਸਾਰ ਵੀ ਨਿਰਧਾਰਤ ਹੁੰਦਾ ਹੈ। ਇਸੇ ਲਈ ਰਾਬਿੰਦਰ ਨਾਥ ਟੈਗੋਰ ਸਾਨੂੰ ਹੌਸਲੇ ’ਚ ਕਰਨ ਲਈ ਇਸ਼ਾਰਾ ਕਰਦੇ ਹਨ; ਜ਼ਿੰਦਗੀ ਸੁਸਤ, ਮੱਠੀ ਅਤੇ ਬੇਰੰਗ ਹੋ ਜਾਂਦੀ ਹੈ ਜੇ ਉਹ ਮੁਸ਼ਕਿਲਾਂ ਨਾ ਹੁੰਦੀਆਂ, ਜਿਨ੍ਹਾਂ ’ਤੇ ਕਾਬੂ ਪਾਉਣਾ ਹੈ, ਜਿਨ੍ਹਾਂ ਨੂੰ ਜਿੱਤਣਾ ਹੈ।

ਜਿੱਤਣਾ ਕਿਉਂ ਹੈ ? ਇਸ ਸਵਾਲ ਦੇ ਵੀ ਕਈ ਜਵਾਬ ਹੋ ਸਕਦੇ ਹਨ। ਬੰਦਾ ਜਿੱਤਣਾ ਕਿਉਂ ਚਾਹੁੰਦਾ ਹੈ ? ਜਿੱਤ ਨਾਲ ਉਸ ਨੂੰ ਤਾਕਤ ਮਿਲਦੀ ਹੈ। ਜਿੱਤ ਨਾਲ ਉਸ ਨੂੰ ਸਫਲਤਾ ਮਿਲਦੀ ਹੈ। ਜਿੱਤ ਨਾਲ ਉਹ ਆਪਣੇ ਵੱਲ ਇੱਕ ਵੱਡੀ ਧਿਰ ਖੜ੍ਹੀ ਕਰ ਸਕਦਾ ਹੈ। ਜਿੱਤ ਨਾਲ ਉਸ ਨੁੂੰ ਸਕੂਨ ਮਿਲਦਾ ਹੈ। ਅਨੰਦ ਮਿਲਦਾ ਹੈ। ਜਿੱਤ ਨਾਲ ਜੇਤੂ ਦੀ ਹੈਸੀਅਤ ਵਿੱਚ ਉਹ ਆਪਣੇ ਵਿਚਾਰ ਦੂਜਿਆ ’ਤੇ ਥੋਪ ਸਕਦਾ ਹੈ ਜਾਂ ਬਾਕੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜਿੱਤ ਨਾਲ ਉਸ ਦਾ ਨਾਂ ਜੁੜ ਜਾਣ ਕਾਰਨ ਉਸ ਦੇ ਹਉਂ ਨੂੰ ਹੁਲਾਰਾ ਮਿਲਦਾ ਹੈ। ਜਿੱਤ ਨਾਲ ਉਸ ਦਾ ਪਰਿਵਾਰ, ਦੋਸਤ-ਮਿੱਤਰ ਅਤੇ ਸਮਾਜ ’ਚ ਵਧੀਆ ਸਥਿਤੀ ਦੇ ਪਾਤਰ ਬਣਦੇ ਹਨ। ਸਤਿਕਾਰ ਮਿਲਦਾ ਹੈ। ਇਸ ਬਾਰੇ ਹੋਰ ਵੀ ਕਾਫ਼ੀ ਕੁਝ ਕਿਹਾ ਜਾ ਸਕਦਾ ਹੈ। ਫਿਰ ਵੀ ਇਸ ਕਿਉਂ ਦਾ ਇੱਕ ਜਵਾਬ ਕ੍ਰਾਂਤੀਕਾਰੀ ਕਵੀ ਲਾਲ ਸਿੰਘ ਦਿਲ ਦਿੰਦਿਆਂ ਕਹਿੰਦਾ ਹੈ;

ਜੋ ਲੜਨਾ ਨਹੀਂ ਚਾਹੁੰਦੇ

ਜੋ ਲੜਨਾ ਨਹੀਂ ਜਾਣਦੇ

ਉਹ ਗ਼ੁਲਾਮ ਬਣਾ ਲਏ ਜਾਂਦੇ ਹਨ।

ਇਸ ਲਈ ਵੀ ਜਿੱਤਣਾ ਜ਼ਰੂਰੀ ਹੈ ਕਿਉਂਕਿ ਲੜਨਾ ਲਾਜ਼ਮੀ ਹੈ। ਅਗਲਾ ਮਸਲਾ ਇਹ ਵੀ ਹੈ ਕਿ ਉਹ ਲੜਾਈ ਕਿਹੋ ਜਿਹੀ ਹੋਵੇ ? ਜਿੱਤਣਾ ਕਿਵੇਂ ਹੈ? ਇਸ ਬਾਰੇ ਵੀ ਵੱਖ-ਵੱਖ ਰਾਵਾਂ ਹੋ ਸਕਦੀਆਂ ਹਨ। ਸਖ਼ਤ ਮਿਹਨਤ ਦੇ ਕਾਰਨ ਵੀ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਰਿਆਜ਼ ਜਾਂ ਅਭਿਆਸ ਕਰਨ ਨਾਲ ਵੀ ਜਿੱਤ ਦਾ ਮੁਕਾਮ ਮਿਲਦਾ ਹੈ। ਵਧੀਆ ਯੋਜਨਾਬੰਦੀ ਨਾਲ ਵੀ ਜਿੱਤ ਦਾ ਤਗ਼ਮਾ ਮਿਲਦਾ ਹੈ। ਸਮੇਂ ਦੀ ਸੁਯੋਗ ਵਰਤੋਂ ਕਰ ਕੇ ਵੀ ਇਹ ਮਾਣ ਪ੍ਰਾਪਤ ਹੋ ਜਾਂਦਾ ਹੈ। ਆਪਣੇ ਵਿਚਾਰਾਂ ਦੇ ਨਾਲ ਰਲਦੇ-ਮਿਲਦੇ ਬੰਦਿਆਂ ਨੂੰ ਇਕੱਠੇ ਕਰਨ ਵਾਲੇ ਵੀ ਇਹ ਨਤੀਜੇ ਪ੍ਰਾਪਤ ਕਰ ਸਕਦੇ ਹਨ। ਪੜ੍ਹ ਕੇ, ਲਿਖ ਕੇ, ਵਿਚਾਰ ਕੇ, ਅਧਿਐਨ ਕਰ ਕੇ ਵੀ ਜੇਤੂ ਦਾ ਰੁਤਬਾ ਪ੍ਰਾਪਤ ਹੋ ਜਾਂਦਾ ਹੈ। ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਵੱਖ-ਵੱਖ ਮੁੱਦੇ ਲਈ ਵੱਖ-ਵੱਖ ਢੰਗ ਤਰੀਕੇ ਅਪਣਾ ਕੇ ਆਪਾਂ ਮਨ ਇੱਛਤ ਫ਼ਲ ਪਾ ਸਕਦੇ ਹਾਂ। ਮਾਰਟਿਨ ਲੂਥਰ ਸਾਨੂੰ ਸੈਨਤ ਨਾਲ ਸਮਝਾਉਂਦਾ ਹੈ ਕਿ ਜਿੱਤਣਾ ਕਿੰਝ ਹੈ ? ਉਹ ਲਿਖਦਾ ਹੈ;

ਉੱਡ ਨਹੀਂ ਸਕਦੇ, ਤਾਂ ਭੱਜੋ।

ਭੱਜ ਨਹੀਂ ਸਕਦੇ, ਤਾਂ ਤੁਰੋ।

ਤੁਰ ਨਹੀਂ ਸਕਦੇ, ਤਾਂ ਰੀਂਗੋ।

ਪਰ ਚੱਲਦੇ ਰਹੋ।

ਇਹ ਵੀ ਜਿੱਤ ਦੇ ਨਿਸ਼ਾਨੇ ਵੱਲ ਵਧਣ ਦਾ ਤਰੀਕਾ ਹੈ ਕਿ ਚੱਲਦੇ ਰਹੋ। ਰੁਕਣ ਨਾਲ ਔਕੜਾਂ ਸਾਹਮਣੇ ਆਉਣਗੀਆਂ। ਇੱਕ ਹੋਰ ਸਥਿਤੀ ਵੀ ਆ ਸਕਦੀ ਹੈ ਕਿ ਜਿੱਤ ਦਾ ਸੁਆਦ ਚਖਦੇ-ਚਖਦੇ ਕਈ ਵਾਰ ਅਜਿੱਤ ਵੀ ਰਹਿਣਾ ਪੈ ਸਕਦਾ ਹੈ। ਇਸ ਲਈ ਪਹਿਲਾਂ ਤੋਂ ਹੀ ਸਦਾ ਜਿੱਤ ਦਾ ਐਲਾਨ ਨਹੀਂ ਕਰਨਾ ਚਾਹੀਦਾ। ਹਾਲਾਤ ਨੂੰ ਦੇਖਣਾ ਜ਼ਰੂਰੀ ਹੈ। ਨਹੀਂ ਤਾਂ ਸਥਿਤੀ ਅਜਿਹੀ ਵੀ ਹੋ ਸਕਦੀ ਹੈ;

ਮੰਗਾਏ ਸੀ ਜੋ ਜਿੱਤ ਦੇ ਜਸ਼ਨ ਖਾਤਰ,

ਹਰਨ ਤੋਂ ਬਾਅਦ

ਉਨ੍ਹਾਂ ਫੁੱਲਾਂ ਦਾ ਕੀ ਬਣਿਆ,

ਉਨ੍ਹਾਂ ਹਾਰਾਂ ਦਾ ਕੀ ਬਣਿਆ ? (ਤੇਜਿੰਦਰ ਮਾਰਕੰਡਾ)

ਭਾਵ ਪਹਿਲਾਂ ਹੀ ਅਜਿਹਾ ਮਾਹੌਲ ਨਾ ਬਣਾ ਲਿਆ ਜਾਵੇ ਕਿ ਬਾਅਦ ਵਿੱਚ ਸਥਿਤੀ ਹਾਸੋਹੀਣੀ ਹੋ ਜਾਵੇ। ਉਂਝ ਜਿੱਤਣ ਲਈ ਹੌਸਲਾ ਜ਼ਰੂਰੀ ਸ਼ਰਤ ਹੈ। ਇਸੇ ਸਥਿਤੀ ਨੂੰ ਹੋਰ ਸਪੱਸ਼ਟ ਕਰਦਿਆਂ ਨੀਤਸ਼ੇ ਆਖਦਾ ਹੈ; ਜਿਸ ਨੇ ਉੱਡਣਾ ਸਿੱਖਣਾ ਹੋਵੇ, ਉਸ ਨੂੰ ਪਹਿਲਾਂ ਖੜ੍ਹਾ ਹੋਣਾ, ਚੱਲਣਾ ਅਤੇ ਦੌੜਨਾ ਆਉਣਾ ਚਾਹੀਦਾ ਹੈ।

ਜਿੱਤ ਉਂਝ ਹੀ ਪ੍ਰਾਪਤ ਨਹੀਂ ਹੁੰਦੀ। ਉਸ ਲਈ ਘਾਲਣਾ ਘਾਲਣੀ ਪੈਂਦੀ ਹੈ। ਰਾਤਾਂ ਜਾਗਣੀਆਂ ਪੈਂਦੀਆਂ ਹਨ। ਸੁੱਖ ਆਰਾਮ ਦਾ ਮੋਹ ਤਿਆਗਣਾ ਪੈਂਦਾ ਹੈ। ਦਿਲੋ-ਦਿਮਾਗ਼ ਦੇ ਕਲ ਪੁਰਜੇ ਤੇਜ਼ ਤਰਾਰ ਕਰਨੇ ਪੈਂਦੇ ਹਨ। ਜਿੱਤਣਾ ਕਿਸ ਤੋਂ ਹੈ ? ਜਿੱਤ ਸ਼ਬਦ ਦੀ ਸਾਰਥਿਕਤਾ ਉਸ ਵੇਲੇ ਹੀ ਹੈ, ਜਦੋਂ ਤੁਹਾਡੇ ਸਾਹਵੇਂ ਕੋਈ ਹਾਰ ਰਿਹਾ ਹੋਵੇ। ਇਸ ਤੋਂ ਭਾਵ ਹੈ ਕਿ ਤੁਸੀਂ ਮੁਕਾਬਲੇ ’ਚ ਜਿੱਤਣਾ ਹੈ। ਇਹ ਮੁਕਾਬਲਾ ਤੁਹਾਡੇ ਦੋਸਤਾਂ ਨਾਲ ਵੀ ਹੋ ਸਕਦਾ ਹੈ। ਖੇਡ ਮੈਦਾਨ ਵਿੱਚ ਵਿਰੋਧੀ ਟੀਮ ਨਾਲ ਵੀ। ਇਹ ਮੁਕਾਬਲਾ ਕਿਸੇ ਦੁਕਾਨਦਾਰ, ਵਪਾਰੀ, ਬਿਜ਼ਨਸਮੈਨ ਨਾਲ ਵੀ ਹੋ ਸਕਦਾ ਹੈ। ਇਹ ਮੁਕਾਬਲਾ ਸਮੇਂ ਨਾਲ ਵੀ ਹੋ ਸਕਦਾ ਹੈ ਅਤੇ ਮਾੜੇ ਹਾਲਾਤ ਨਾਲ ਵੀ। ਇਹ ਮੁਕਾਬਲਾ ਸਮਾਜਿਕ ਕੁਰੀਤੀਆਂ ਨਾਲ ਵੀ ਹੋ ਸਕਦਾ ਹੈ ਅਤੇ ਮਾੜੇ ਸਮਾਜ ਨਾਲ ਵੀ। ਇਸ ਦੇ ਹੋਰ ਵੀ ਕਈ ਜਵਾਬ ਹੋਂਦ ’ਚ ਆਉਂਦੇ ਰਹਿੰਦੇ ਹਨ। ਕਈ ਵਾਰ ਆਪਣੇ ਆਪ ਨਾਲ ਲੜਨਾ ਪੈਂਦਾ ਹੈ। ਕਿਸੇ ਚੰਗੇ ਕਾਰਜ ਲਈ ਆਪਣੇ ਆਪ ਨਾਲ ਲੜ ਕੇ ਵੀ ਕੁਝ ਹਾਸਲ ਕੀਤਾ ਜਾ ਸਕਦਾ ਹੈ। ਏਜੀ ਗਾਰਡਨਰ ਇਸੇ ਲਈ ਕਹਿੰਦਾ ਹੈ; ਇੱਕ ਨਾਇਕ ਦੀ ਅਸਲੀ ਜਿੱਤ ਬਾਹਰੀ ਹਾਲਤਾਂ ਉੱਪਰ ਨਹੀਂ ਹੁੰਦੀ, ਸਗੋਂ ਆਪਣੇ ਆਪ ’ਤੇ ਹੁੰਦੀ ਹੈ।

ਜਿੱਤਣਾ ਕੀ ਹੈ ? ਸਵਾਲ ਇਹ ਵੀ ਸਾਡੇ ਸਾਹਵੇਂ ਆ ਖੜ੍ਹਦਾ ਹੈ ਕਿ ਸ਼ਬਦ ਜਿੱਤਣਾ ਹੈ ਕੀ ? ਜਿੱਤ ਹੁੰਦੀ ਕੀ ਹੈ ? ਇਹ ਯੁੱਗ ਮੁਕਾਬਲੇ ਦਾ ਯੁੱਗ ਹੈ। ਪੈਰ-ਪੈਰ ’ਤੇ ਮੁਕਾਬਲਾ ਹੈ। ਇਸ ਲਈ ਇਹ ਮੌਕੇ ਅਤੇ ਸਮੇਂ ’ਤੇ ਨਿਰਭਰ ਕਰਦਾ ਹੈ ਕਿ ਬੰਦਾ ਕੀ ਜਿੱਤ ਰਿਹਾ ਹੈ ? ਮੁਕਾਬਲਾ ਕਿਸ ਚੀਜ਼ ਲਈ ਹੈ। ਜ਼ਰੂਰੀ ਨਹੀਂ ਕਿ ਮੁਕਾਬਲਾ ਭੌਤਿਕ ਚੀਜ਼ਾਂ ਲਈ ਹੀ ਹੋਵੇ। ਜਿੱਤ ਕਿਸੇ ਵੀ ਰੂਪ ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ, ਪਰ ਇੱਥੇ ਸਾਨੂੰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਜੇਕਰ ਜਿੱਤ ਨਾਲ ਮਨ ’ਚ ਹੰਕਾਰ ਆਉਂਦਾ ਹੈ ਤਾਂ ਹਾਰਨ ਵੇਲੇ ਵੀ ਤੁਹਾਡੀ ਸਥਿਤੀ ਡਾਵਾਂਡੋਲ ਹੋਵੇਗੀ। ਓਸ਼ੋ ਕਹਿੰਦਾ ਹੈ; ਜਦੋਂ ਤੁਸੀਂ ਜਿੱਤੋ, ਤਾਂ ਇਹ ਨਾ ਸਮਝਣਾ ਕਿ ਮੈਂ ਜਿੱਤ ਰਿਹਾ ਹਾਂ ਅਤੇ ਜੇ ਜਿੱਤ ਵਿੱਚ ਵੀ ਨਹੀਂ ਸੋਚੋਗੇ ਕਿ ਮੈਂ ਜਿੱਤ ਰਿਹਾ ਹਾਂ, ਤਾਂ ਹਾਰਨ ਵੇਲੇ ਵੀ ਇਹ ਹੋਵੇਗਾ ਕਿ ਮੈਂ ਹਾਰਿਆ ਨਹੀਂ।

ਹੁਣ ਮਸਲਾ ਇਹ ਆ ਗਿਆ ਹੈ ਕਿ ਜੇਕਰ ਜਿੱਤ ਹੈ, ਜੇਤੂ ਹੈ, ਤਾਂ ਹਾਰ ਵੀ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਜਿੱਤ ਪ੍ਰਾਪਤ ਨਹੀਂ ਹੁੰਦੀ, ਪਰ ਹਾਰਨ ਵਾਲੇ ਦੀ ਸਥਿਤੀ ਜੇਤੂ ਨਾਲੋਂ ਵੀ ਬਿਹਤਰ ਹੋ ਜਾਂਦੀ ਹੈ। ਖ਼ਲੀਲ ਜਿਬਰਾਨ ਦੀ ਇਹ ਸਤਰ ਸਮਝੋ: ਜ਼ਿੰਦਗੀ ਦੀ ਰਣਭੂਮੀ ਵਿੱਚ ਸਿਰਫ਼ ਜਿੱਤਣ ਵਾਲੇ ਹੀ ਯੋਧੇ ਨਹੀਂ ਅਖਵਾਉਂਦੇ। ਕਈ ਵਾਰ ਹਾਰਨ ਵਾਲਿਆਂ ਦੀ ਪ੍ਰਾਪਤੀ ਜਿੱਤਣ ਵਾਲਿਆਂ ਤੋਂ ਵਧੇਰੇ ਹੁੰਦੀ ਹੈ। ਇਸ ਲਈ ਕਈ ਹਾਰ ਕੇ ਵੀ ਨਹੀਂ ਹਾਰਦੇ। ਉਨ੍ਹਾਂ ਨੇ ਆਪਣੇ ਆਪੇ ਨੂੰ ਤਿਆਰ ਰੱਖਿਆ ਹੁੰਦਾ ਹੈ;

ਐ ਤੂਫ਼ਾਨੋ ਨਾ ਮਨਾਓ, ਜਿੱਤ ਦੀ ਐਨੀ ਖ਼ੁਸ਼ੀ

ਹਾਰਿਆ ਆਂ ਫਿਰ ਲੜਾਂਗਾ, ਮੈਂ ਅਜੇ ਮਰਿਆ ਨਹੀਂ।

(ਰਾਮ ਲਾਲ ਪ੍ਰੇਮੀ)

ਉਂਝ ਹਾਰ ਤੋਂ ਵੀ ਘਬਰਾਉਣਾ ਨਹੀਂ ਹੈ। ਮੁਸ਼ਕਿਲ ਸਮਿਆਂ ’ਚ ਵੀ ਅਡਿੱਗ ਰਹਿਣਾ ਸੂਝ ਭਰਿਆ ਫ਼ੈਸਲਾ ਹੈ। ਉਸ ਸਮੇਂ ਵੀ ਸਾਬਤ ਕਦਮੀਂ ਰਹੋ।

ਉਂਝ ਜੇਕਰ ਦੇਖਿਆ ਜਾਵੇ ਤਾਂ ਭਾਰਤ ’ਚ ਜੰਗਾਂ, ਲੜਾਈਆਂ ਦਾ ਦੌਰ ਬੜਾ ਲੰਬਾ ਸਮਾਂ ਰਿਹਾ ਹੈ। ਮਹਾਭਾਰਤ ਦਾ ਯੁੱਧ ਬੜਾ ਭਿਆਨਕ ਯੁੱਧ ਮੰਨਿਆ ਗਿਆ ਹੈ। ਇਹ ਯੁੱਧ 800 ਈਸਾ ਪੂਰਬ ਕੱਤਕ ਮਹੀਨੇ ਦੀ ਮੱਸਿਆ ਨੁੂੰ ਸ਼ੁਰੁੂ ਹੋਇਆ ਅਤੇ 18 ਦਿਨ ਚੱਲਿਆ। ਇਹ ਹਰਿਆਣਾ ਦੇ ਮੈਦਾਨੀ ਇਲਾਕੇ ( ਕੁਰੂਕਸ਼ੇਤਰ) ’ਚ ਵਸੇ ਆਰੀਆਂ ਦਰਮਿਆਨ ਹੋਇਆ। ਰਾਜਾ ਸ਼ਾਂਤਨੂੰ ਦੀ ਮੌਤ ਬਾਅਦ ਧ੍ਰਿਤਰਾਸ਼ਟਰ ਦੇ ਸੌ ਪੁੱਤਰਾਂ ਅਤੇ ਉਸ ਦੇ ਛੋਟੇ ਭਰਾ ਪਾਂਡੂ ਦੇ 5 ਪੁੱਤਰਾਂ ਦਰਮਿਆਨ ਹਸਤਿਨਾਪੁਰ (ਮੇਰਠ ਕੋਲ) ਦੇ ਰਾਜ ਸਾਸ਼ਨ ਲਈ ਇਹ ਯੁੱਧ ਹੋਇਆ। ਉਂਝ ਭਾਰਤ ’ਚ ਹਮਲਾਵਰ ਮੈਸੀਡੋਨੀਆ (ਯੂਨਾਨ) ਤੋਂ ਸਿੰਕਦਰ ਆਇਆ। ਮੁਹੰਮਦ ਬਿਨ ਕਾਸਿਮ, ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ, ਗ਼ੁਲਾਮ ਵੰਸ਼, ਚੰਗੇਜ਼ ਖਾਨ (ਖਾਨ ਹੋਣ ਕਾਰਨ ਲੋਕ ਇਸ ਨੂੰ ਮੁਸਲਿਮ ਖਿਆਲਦੇ ਹਨ, ਪਰ ਇਹ ਮੰਗੋਲੀਆ ਦਾ ਰਾਜਾ ਸੀ। ਖਾਨ ਦਾ ਭਾਵ ਹੈ ਮੁਖੀ ਅਤੇ ਚੰਗੇਜ਼ ਦਾ ਭਾਵ ਹੈ ਚੱਕਰਵਰਤੀ। ਉਂਝ ਇਸ ਦਾ ਬਚਪਨ ਦਾ ਨਾਂ ਤੇਮੂਜੀ ਸੀ।), ਰਜ਼ੀਆ ਬੇਗਮ, ਬਲਬਨ, ਖਿਲਜੀ ਵੰਸ਼, ਤੁਗਲਕ ਵੰਸ਼, ਸਈਅਦ ਵੰਸ਼, ਲੋਧੀ ਵੰਸ਼ ਅਤੇ ਮੁਗ਼ਲ ਵੰਸ਼। ਇਹ ਦੌਰ ਜੰਗਾਂ, ਯੁੱਧਾਂ ਅਤੇ ਲੜਾਈਆਂ ਦਾ ਸੀ। ਜੇਤੂਆਂ ਦਾ ਸੀ। ਇਨ੍ਹਾਂ ਨੇ ਜੰਗਾਂ ਲੜੀਆਂ। ਯੁੱਧ ਕੀਤੇ ਅਤੇ ਇਤਿਹਾਸ ’ਚ ਆਪਣਾ ਨਾਂ ਬਣਾਇਆ, ਪਰ ਹੁਣ ਲੜਾਈ ਕਈ ਤਰੀਕਿਆਂ ਦੀ ਹੋ ਸਕਦੀ ਹੈ।

ਜੰਗਾਂ ਕਈ ਨਵੇਂ ਤਰੀਕਿਆਂ ਨਾਲ ਲੜੀਆਂ ਜਾ ਸਕਦੀਆਂ ਹਨ। ਜਿੱਤ ਅਤੇ ਜੇਤੂ ਕਿਸੇ ਵੀ ਤਰੀਕੇ ਨਾਲ ਸਾਡੇ ਸਾਹਵੇਂ ਆ ਸਕਦੇ ਹਨ ਕਿਉਂਕਿ ਕਈ ਵਾਰ ਵਿਦਵਾਨ ਲੋਕ ਹੋਰ ਤਰੀਕੇ ਨਾਲ ਲੜਦੇ ਹਨ। ਉਨ੍ਹਾਂ ਦਾ ਯੁੱਧ ਵਿਚਾਰਾਂ ਦਾ ਯੁੱਧ ਹੁੰਦਾ ਹੈ ਅਤੇ ਉਸ ਵਿੱਚ ਹਥਿਆਰ ਵੀ ਨਿਵੇਕਲੇ ਹੁੰਦੇ ਹਨ, ਤਾਂ ਹੀ ਬਰਨਾਰਡ ਸ਼ਾਅ ਲਿਖਦਾ ਹੈ; ਵਿਚਾਰਾਂ ਦੇ ਯੁੱਧ ਵਿੱਚ ਕਿਤਾਬਾਂ ਹਥਿਆਰ ਹੁੰਦੀਆਂ ਹਨ।

ਇਸੇ ਤਰ੍ਹਾਂ ਇੱਕ ਹੋਰ ਜੰਗ ਵੀ ਹੁੰਦੀ ਹੈ, ਲੋਭ, ਕਪਟ ਅਤੇ ਫਰੇਬ ਦੀ ਜੰਗ। ਇਵੇਂ ਆਪਾਂ ਦੇਖ ਸਕਦੇ ਹਾਂ ਕਿ ‘ਜੈਨ’ ਸ਼ਬਦ ਦੀ ਉਤਪਤੀ ‘ਜੀਨਾ’ ਸ਼ਬਦ ਤੋਂ ਹੋਈ। ਜਿਸ ਦਾ ਅਰਥ ਹੈ ਲਗਾਓ ਅਤੇ ਲਾਲਸਾਵਾਂ ਉੱਤੇ ‘ਜਿੱਤ’। ਇਸ ਲੜਾਈ ਦੇ ਜੇਤੂ ਹੀ ਆਪਣੀਆਂ ਕਾਮਨਾਵਾਂ ’ਤੇ ਫ਼ਤਹਿ ਪਾਉਂਦੇ ਹਨ।

ਖ਼ੈਰ! ਕੁੱਲ ਮਿਲਾ ਕੇ ਜਿੱਤ ਦਾ ਸੁਆਦ ਸਾਰੇ ਚੱਖਣਾ ਚਾਹੁੰਦੇ ਹਨ, ਪਰ ਸੁਆਦ ਦੇ ਰਸਤੇ ਦੀਆਂ ਦੁਸ਼ਵਾਰੀਆਂ, ਔਕੜਾਂ, ਝੱਖੜਾਂ, ਕੰਡਿਆਂ, ਪਥਰੀਲੇ ਰਾਹਾਂ ’ਤੇ ਤੁਰਨਾ ਨਹੀਂ ਚਾਹੁੰਦੇ। ਜਿੱਤ ਦਾ ਤਗ਼ਮਾ ਤੁਹਾਡੀ ਰਾਹ ਉਡੀਕ ਰਿਹਾ ਹੈ, ’ਕੇਰਾਂ ਤੁਸੀਂ ਰਸਤੇ ’ਤੇ ਪੈਰ ਤਾਂ ਟਿਕਾਓ।

ਸੰਪਰਕ: 89689-46129

Advertisement
×