ਵਿਦੇਸ਼ਾਂ ਵਿੱਚ ਵੱਜੇਗੀ Sidhu Moosewala ਦੀ ਥਾਪੀ
ਹੋਲੋਗ੍ਰਾਮ ਰਾਹੀਂ ਤਿਆਰ ਲਾਈਵ ਪ੍ਰੋਗਰਾਮ 8 ਅਕਤੂਬਰ ਤੋਂ ਹੋਣਗੇ ਸ਼ੁਰੂ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਭਾਵੇਂ ਇਸ ਦੁਨੀਆ ਤੋਂ ਰੁਖ਼ਸਤ ਹੋਇਆਂ ਕਰੀਬ 4 ਸਾਲ ਬੀਤ ਚੁੱਕੇ ਹਨ, ਪਰ ਹੁਣ ਉਸ ਦੇ ਗੀਤਾਂ ਦੀ ਥਾਪੀ ਵਿਦੇਸ਼ਾਂ ਵਿੱਚ ਵੱਜੇਗੀ। ਹੋਲੋਗ੍ਰਾਮ ਰਾਹੀਂ ਟੋਰਾਟੋਂ ਤੋਂ 8 ਅਕਤੂਬਰ ਤੋਂ ਸਿੱਧੂ ਮੂਸੇਵਾਲਾ ਦੇ ਵਿਸ਼ੇਸ ਤਕਨੀਕ ਨਾਲ ਤਿਆਰ ਕੀਤੇ ਹੋਏ ਲਾਈਵ ਪ੍ਰੋਗਰਾਮ ਸ਼ੁਰੂ ਹੋ ਰਹੇ ਹਨ। ਇਸ ਤੋਂ ਬਾਅਦ ਕੈਲਗਰੀ ਅਤੇ ਦਰਜਨਾਂ ਹੋਰ ਦੇਸ਼ਾਂ ਵਿੱਚ ਉਸ ਦੇ ਪ੍ਰੋਗਰਾਮ ਦਰਸ਼ਕਾਂ ਨੂੰ ਵਿਖਾਏ ਜਾਣਗੇ।
ਉਸ ਦੇ ਮਸ਼ਹੂਰ ਗੀਤ 295 ਦੀ ਵਿਸ਼ੇਸ ਵੀਡੀਓ ਤਿਆਰ ਕੀਤੀ ਗਈ ਹੈ, ਜਿਸ ਨੂੰ 8 ਅਕਤੂਰ ਨੂੰ ਟੋਰਾਟੋਂ ਵਿੱਚ ਰਿਲੀਜ਼ ਕੀਤਾ ਜਾਵੇਗਾ। ਹੁਣ ਤੱਕ ਇਸ ਗੀਤ ਨੂੰ 868 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਲਈ ਵਿਸ਼ੇਸ਼ ਤਕਨੀਕ ਨਾਲ ਸਟੇਜ ਤਿਆਰ ਕੀਤੀ ਗਈ ਹੈ, ਜਿਸ ’ਤੇ ਅਸਮਾਨ ਤੋਂ ਕਿਰਨਾਂ ਪੈਣਗੀਆਂ ਅਤੇ ਮੰਚ ’ਤੇ ਸਿੱਧੂ ਮੂਸੇਵਾਲਾ ਤੁਰਦਾ-ਫਿਰਦਾ ਗੀਤ ਗਾਉਂਦਾ ਨਜ਼ਰ ਆਵੇਗਾ, ਇੰਜ ਜਾਪੇਗਾ ਕਿ ਸਿੱਧੂ ਮੁੜ ਆਇਆ ਹੈ।
ਉਨ੍ਹਾਂ ਕਿਹਾ ਕਿ ਇਸ ਤਕਨੀਕ ਨਾਲ ਵਿਦੇਸ਼ਾਂ ’ਚ ਸ਼ੋਅ ਕਰਨ ਵਾਲਾ ਸਿੱਧੂ ਮੂਸੇਵਾਲਾ ਦੁਨੀਆ ਦਾ ਪਹਿਲਾ ਗਾਇਕ ਹੋਵੇਗਾ, ਜਿਸ ਦੌਰਾਨ ਉਸ ਦੇ ਗੀਤਾਂ ਦੀ ਥਾਪੀ ਵੱਜੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਵਿੱਚ ਗਾਇਕ ਗੁਲਾਬ ਸਿੱਧੂ ਤੇ ਰਜ਼ਾ ਕੁਮਾਰੀ ਸਣੇ ਹੋਰ ਗਾਇਕ ਵੀ ਸ਼ਾਮਲ ਹੋਣਗੇ।

