ਪ੍ਰੋ. ਹਰਦੀਪ ਕੌਰ
ਕਰਨੈਲ ਸਿੰਘ ਪਾਰਸ ਦਾ ਜਨਮ 28 ਜੂਨ, 1916 ਨੂੰ ਪਿੰਡ ਮਹਿਰਾਜ (ਬਠਿੰਡਾ) ਵਿਖੇ ਹੋਇਆ। ਮਾਲਵੇ ਦੀ ਧਰਤੀ ਦੇ ਇਸ ਕਵੀਸ਼ਰ ਨੇ ਕਿੱਸਿਆਂ, ਕਵੀਸ਼ਰੀਆਂ, ਸ਼ਹੀਦੀ ਸਾਕਿਆਂ, ਪ੍ਰਸੰਗਾਂ ਆਦਿ ਰਾਹੀਂ ਜਿੱਥੇ ਸਿੱਖ ਇਤਿਹਾਸ ਦੀਆਂ ਕੁਰਬਾਨੀਆਂ ਨੂੰ ਉਭਾਰਿਆ, ਉੱਥੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਵੀ ਵਿਸ਼ੇਸ਼ ਯੋਗਦਾਨ ਪਾਇਆ। ਇਸ ਲਈ ਭਾਸ਼ਾ ਵਿਭਾਗ ਪੰਜਾਬ ਵੱਲੋਂ ਪਾਰਸ ਨੂੰ 1984 ਦੌਰਾਨ ਸ਼੍ਰੋਮਣੀ ਕਵੀਸ਼ਰ ਦੀ ਉਪਾਧੀ ਨਾਲ ਸਨਮਾਨਤ ਕੀਤਾ ਗਿਆ।
ਸਿੱਖ ਪਰਿਵਾਰ ਵਿਚ ਜਨਮ ਹੋਣ ਕਾਰਨ ਉਹ ਸਿੱਖੀ ਦੇ ਮੂਲ ਸਿਧਾਂਤਾਂ ਨਾਲ ਜੁੜੇ ਹੋਏ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਅਰੰਭੀ ਕਵੀਸ਼ਰੀ ਪਰੰਪਰਾ ਪਾਰਸ ਦੀ ਮੌਲਿਕ ਪ੍ਰਤਿਭਾ ਨਾਲ ਮੇਲ ਖਾਂਦੀ ਸੀ। ਇਸ ਲਈ ਪਾਰਸ ਨੇ ਸਿੱਖ ਇਤਿਹਾਸ ਦੇ ਜਜ਼ਬਿਆਂ ਅਤੇ ਕੁਰਬਾਨੀਆਂ ਨੂੰ ਲੋਕਾਈ ਅੱਗੇ ਕਵੀਸ਼ਰੀ ਰਾਹੀਂ ਪੇਸ਼ ਕੀਤਾ। ਉਸਨੇ ਸਿੱਖ ਇਤਿਹਾਸ ਦੇ ਮਹਾਨ ਯੋਧਿਆਂ ਦੀਆਂ ਸਿਫ਼ਤਾਂ ਰਾਹੀਂ ਜਨ-ਸਾਧਾਰਨ ਨੂੰ ਅਡੋਲ ਬਣਾਉਣ ਲਈ ਕਵੀਸ਼ਰੀ ਨੂੰ ਸਟੇਜਾਂ ’ਤੇ ਬਹੁਤ ਸ਼ਿੱਦਤ ਨਾਲ ਨਿਭਾਇਆ। ਸਿੱਖ ਗੁਰੂਆਂ ਅਤੇ ਕੌਮ ਦੇ
ਵਾਰਿਸਾਂ ਦੇ ਜੀਵਨ ਨੂੰ ਦ੍ਰਿਸ਼ਟਮਾਨ ਕਰਨ ਲਈ ਉਸਨੇ ਮੌਲਿਕ ਕਾਵਿ-ਬਿਰਤਾਂਤਕਾਰੀ ਜੁਗਤਾਂ ਸਿਰਜੀਆਂ। ਉਹ ਕਵੀਸ਼ਰੀ ਨਾਲ ਜਿੱਥੇ ਲੋਕਾਂ ਦਾ ਮਨੋਰੰਜਨ
ਕਰਦਾ ਸੀ, ਉੱਥੇ ਉਨ੍ਹਾਂ ਅੰਦਰ ਪਈ ਸੰਘਰਸ਼ਮਈ ਚੇਤਨਾ ਨੂੰ ਵੀ ਜਗਾਉਂਦਾ ਸੀ। ਉਸਨੇ ਕਵੀਸ਼ਰੀ
ਰਾਹੀਂ ਪੰਜਾਬੀ ਲੋਕ-ਸਮੂਹ ਅੰਦਰ ਸਿੱਖ-ਨੈਤਿਕਤਾ ਅਤੇ ਸਿੱਖ-ਸੁਰਤ ਨੂੰ ਪੇਸ਼ ਕੀਤਾ।
ਕਰਨੈਲ ਸਿੰਘ ਪਾਰਸ ਨੇ ਗੁਰੂਆਂ ਦੇ ਜੀਵਨ ਨੂੰ ਧਾਰਮਿਕ ਪ੍ਰਸੰਗਾਂ ਰਾਹੀਂ ਨਿਭਾਇਆ। ਊਸਨੇ ਗੁਰੂ ਨਾਨਕ ਦੇਵ, ਗੁਰੂ ਅਮਰ ਦਾਸ, ਗੁਰੂ ਰਾਮ ਦਾਸ, ਗੁਰੂ ਅਰਜਨ ਦੇਵ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਬਾਰੇ ਪ੍ਰਸੰਗ ਲਿਖੇ। ਇਨ੍ਹਾਂ ਪ੍ਰਸੰਗਾਂ ਅਧੀਨ ਉਸਨੇ ਜਿੱਥੇ ਗੁਰੂਆਂ ਦੇ ਜੀਵਨ ਨੂੰ ਪੇਸ਼ ਕੀਤਾ, ਉੱਥੇ ਉਨ੍ਹਾਂ ਵੱਲੋਂ ਦਿੱਤੇ ਗਏ ਸਿੱਖੀ ਫ਼ਲਸਫੇ ਨੂੰ ਵੀ ਪ੍ਰਤੀਬੱਧਤਾ ਨਾਲ ਉਭਾਰਿਆ। ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਦੇ ਸਿਧਾਂਤ ਨੂੰ ਪਾਰਸ ਨੇ ਸਿੱਖ ਪ੍ਰਸੰਗਾਂ ਵਿਚ ਪੇਸ਼ ਕਰਦੇ ਹੋਏ ਮਨੁੱਖਤਾ ਨੂੰ ਲੁੱਟ ਰਹਿਤ ਸਮਾਜ ਦੀ ਸਿਰਜਣਾ ਦਾ ਸੰਦੇਸ਼ ਦਿੱਤਾ। ਲੋਕਾਈ ਵਿਚ ਬਰਾਬਰੀ, ਹੰਕਾਰ ਦਾ ਤਿਆਗ, ਭਾਈਚਾਰਕ ਸਾਂਝ, ਈਰਖਾ ਤੋਂ ਮੁਕਤੀ, ਜਾਤ-ਪਾਤ ਰਹਿਤ ਸਮਾਜ ਦੇ ਉਸਾਰ ਲਈ ਗੁਰੂ ਸਿੱਖਿਆ ਨੂੰ ਆਧਾਰ ਬਣਾ ਕੇ ਪਾਰਸ ਨੇ ਪ੍ਰਸੰਗਾਂ ਨੂੰ ਰਚਿਆ ਅਤੇ ਸਟੇਜਾਂ ’ਤੇ ਵੀ ਪੇਸ਼ ਕੀਤਾ। ਪ੍ਰਸੰਗ ‘ਗੁਰੂ ਅਰਜਨ ਦੇਵ ਜੀ’ ਤਹਿਤ ਸਿੱਖ ਕੌਮ ਦੀ ਵੱਡਮੁੱਲੀ ਦੇਣ ਅਤੇ ਗੁਰੂ ਜੀ ਦੀ ਲਾਸਾਨੀ ਸ਼ਹਾਦਤ ਨੂੰ ਪਾਰਸ ਨੇ ਪੂਰੇ ਜਜ਼ਬੇ ਨਾਲ ਪ੍ਰਗਟਾਇਆ।
ਉਸਨੇ ਗੁਰੂ ਹਰਗੋਬਿੰਦ ਜੀ ਨੂੰ ਧਰਮ ਪ੍ਰਚਾਰਕ, ਸੈਨਿਕ, ਨੇਤਾ ਅਤੇ ਰਾਜਨੀਤੀਵਾਨ ਦੇ ਰੂਪ ਵੱਜੋਂ ਉਭਾਰਿਆ। ਪਾਰਸ ਦੇ ਰਚੇ ਪ੍ਰਸੰਗ ਸਿੱਖਾਂ ਵਿਚ ਦਲੇਰੀ ਅਤੇ ਇਨਕਲਾਬੀ ਚੇਤਨਾ ਪੈਦਾ ਕਰਨ ਦੇ ਸਮਰੱਥ ਬਣਦੇ ਹਨ। ਪ੍ਰਸੰਗ ‘ਗੁਰੂ ਤੇਗ ਬਹਾਦਰ ਜੀ’ ਅਧੀਨ ਪਾਰਸ ਨੇ ਧਰਮ ਦੀ ਸੁਤੰਤਰਤਾ ਲਈ ਦਿੱਤੀ ਬੇਮਿਸਾਲ ਸ਼ਹੀਦੀ ਨੂੰ ਬਲਵਾਨ ਰੂਪ ਵਿਚ ਪੇਸ਼ ਕੀਤਾ। ਪੁਰਾਣੇ ਸਰੋਤੇ ਦੱਸਦੇ ਹਨ ਕਿ ਪਾਰਸ ਦੇ ਇਸ ਪ੍ਰਸੰਗ ਨੂੰ ਸਟੇਜਾਂ ’ਤੇ ਸੁਣਦੇ ਹੋਏ ਪੰਜਾਬੀ ਬਹੁਤ ਭਾਵਨਾਤਮਕ ਹੋ ਜਾਂਦੇ ਸਨ। ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਸੰਗ ਵਿਚ ਗੁਰੂ ਜੀ ਨੂੰ ਸੰਤ-ਸਿਪਾਹੀ ਅਤੇ ਸਰਬੰਸਦਾਨੀ ਦੇ ਰੂਪ ਵੱਜੋਂ ਪੇਸ਼ ਕੀਤਾ। ਗੁਰੂ ਜੀ ਵੱਲੋਂ ਅਨੰਦਪੁਰ ਸਾਹਿਬ ਵਿਖੇ ਕੀਤੀ ਗਈ ਖ਼ਾਲਸਾ ਪੰਥ ਦੀ ਸਿਰਜਣਾ ਨੂੰ ਬਹੁਤ ਸੂਖਮਤਾ ਨਾਲ ਪੇਸ਼ ਕੀਤਾ। ਗੁਰੂ ਜੀ ਵੱਲੋਂ ‘ਚੜ੍ਹਦੀ ਕਲਾ’ ਵਾਲੇ ਗੁਰਸਿੱਖ ਤਿਆਰ ਕਰਨ ਦੇ ਸੰਦਰਭ ਵਿਚ ਪਾਰਸ ਕਹਿੰਦਾ ਹੈ:
ਸਰਭ ਲੋਹੇ ਦੇ ਬਾਟੇ ਅੰਦਰ ਅੰਮ੍ਰਿਤ ਪੈਦਾ ਕੀਤਾ
ਬਾਜ਼ ਚਿੜੇ ਤੋਂ ਸ਼ੇਰ ਗਿੱਦੜੋਂ ਬਣ ਗਿਆ ਜਿਸ ਨੇ ਪੀਤਾ।
ਪਾਰਸ ਨੇ ਪ੍ਰਸੰਗ ‘ਛੋਟੇ ਸਾਹਿਬਜ਼ਾਦੇ’ ਵਿਚ ਸਿੱਖੀ ਦੇ ਸਿਧਾਂਤਾਂ ਦੀ ਸੱਚ ਲਈ ਅਡੋਲਤਾ ਨੂੰ ਜਜ਼ਬੇ ਨਾਲ ਉਭਾਰਿਆ ਹੈ। ਉਨ੍ਹਾਂ ਨੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਦੇ ਜੀਵਨ ਨਾਲ ਜੁੜੀਆਂ ਘਟਨਾਵਾਂ ਦਾ ਅਜਿਹਾ ਕਾਵਿ-ਪ੍ਰਸੰਗ ਤਿਆਰ ਕੀਤਾ ਜਿਹੜਾ ਸਿੱਖੀ ਨਾਲ ਜੁੜਨ ਦਾ ਮੁੱਲਵਾਨ ਸਾਧਨ ਬਣਿਆ। ਇਹ ਕਾਵਿ-ਪ੍ਰਸੰਗ ਲੋਕ ਸਮੂਹ ਦੀਆਂ ਭਾਵਨਾਵਾਂ ਨੂੰ ਟੁੰਬਦਾ ਹੋਇਆ ਵਿਅਕਤੀ ਨੂੰ ਸੰਵੇਦਨਸ਼ੀਲ ਬਣਾਉਂਦਾ ਹੈ। ਸਾਹਿਬਜ਼ਾਦਿਆਂ ਨੂੰ ‘ਹੰਸਾਂ ਦੀ ਜੋੜੀ’ ਦੇ ਚਿਹਨ ਵੱਜੋਂ ਪੇਸ਼ ਕਰਦਾ ਹੋਇਆ ਕਰਨੈਲ ਸਿੰਘ ਪਾਰਸ ਕਹਿੰਦਾ ਹੈ:
ਕਿਉਂ ਪਕੜ ਮਾਸੂਮਾਂ ਨੂੰ, ਨੀਂ ਇਹ ਲਈ ਪੁਲਸੀਏ ਜਾਂਦੇ
ਤੱਕ ਨੂਰ ਇਲਾਹੀ ਨੂੰ, ਨਿਉਂ ਨਿਉਂ ਪਰਬਤ ਸੀਸ ਨਿਵਾਂਦੇ
ਹੈ ਨਾਲ ਹਕੂਮਤ ਦੇ, ਇਨ੍ਹਾਂ ਦੀ ਕੀ ਪਈ ਮਰੋੜੀ
ਕਿਉਂ ਫੜੀ ਸਿਪਾਹੀਆਂ ਨੇ, ਭੈਣੋਂ ਇਹ ਹੰਸਾਂ ਦੀ ਜੋੜੀ।
ਕਰਨੈਲ ਸਿੰਘ ਪਾਰਸ ਨੇ ਬਚਪਨ ਵਿਚ ਹੀ ਸਿੱਖ ਕੌਮ ਦੇ ਯੋਧਿਆਂ ਦਾ ਪ੍ਰਭਾਵ ਕਬੂਲ ਲਿਆ ਸੀ। ਉਸਨੇ ਪ੍ਰਸੰਗ ‘ਬੰਦਾ ਸਿੰਘ ਬਹਾਦਰ’ ਅਧੀਨ ਜੀਵਨ ਦੇ ਪਹਿਲੂਆਂ ਨੂੰ ਅਜਿਹੀਆਂ ਜੁਗਤਾਂ ਨਾਲ ਪੇਸ਼ ਕੀਤਾ ਜਿਹੜੀਆਂ ਸਰੋਤਿਆਂ/ਪਾਠਕਾਂ ਸਾਹਮਣੇ ਘਟਨਾਵਾਂ ਦੇ ਜਿਊਂਦੇ-ਜਾਗਦੇ ਦ੍ਰਿਸ਼ ਰੱਖ ਦਿੰਦੀਆਂ ਹਨ। ਬੰਦਾ ਸਿੰਘ ਬਹਾਦਰ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ ਇਤਿਹਾਸਕ ਮੋੜ ਸੀ। ਮੁਗ਼ਲ ਹਕੂਮਤ ਵੱਲੋਂ ਨਿਰਦੋਸ਼ ਲੋਕਾਂ ਨੂੰ ਜਬਰ ਦਾ ਸ਼ਿਕਾਰ ਬਣਾਇਆ ਜਾ ਰਿਹਾ ਸੀ। ਬੰਦਾ ਬਹਾਦਰ ਦੇ ਜ਼ੁਲਮਾਂ ਨਾਲ ਟੱਕਰ ਲੈਣ ਦੀ ਦਾਸਤਾਨ ਨੂੰ ਪਾਰਸ ਨੇ ਬਾਖ਼ੂਬੀ ਨਿਭਾਇਆ। ਖੰਡੇ ਬਾਟੇ ਦਾ ਅੰਮ੍ਰਿਤ ਛਕਣ ਉਪਰੰਤ ਬੰਦਾ ਸਿੰਘ ਬਹਾਦਰ ਵਿਚ ਜਿਹੜੀ ਅਦੁੱਤੀ ਸ਼ਕਤੀ ਆਈ ਉਸਦੇ ਹਰ ਰੰਗ ਨੂੰ ਪ੍ਰਸੰਗ ਵਿਚੋਂ ਪਛਾਣਿਆ ਜਾ ਸਕਦਾ ਹੈ। ਪਾਰਸ ਵੱਲੋਂ ਰਚਿਤ ਪ੍ਰਸੰਗ ‘ਬਾਬਾ ਦੀਪ ਸਿੰਘ ਜੀ’ ਅਧੀਨ ਸਿੱਖ ਕੌਮ ਦੀ ਸੇਵਾ ਅਤੇ ਨਿਵੇਕਲੀ ਸ਼ਹਾਦਤ ਨਾਲ ਜੁੜੇ ਬਿਰਤਾਂਤ ਦਾ ਮੁੱਲਵਾਨ ਇਤਿਹਾਸ ਰੂਪਮਾਨ ਹੋਇਆ ਹੈ। ਪ੍ਰਸੰਗ ‘ਭਾਈ ਮਨੀ ਸਿੰਘ ਜੀ’ ਅਧੀਨ ਅਠਾਰਵ੍ਹੀਂ ਸਦੀ ਦੌਰਾਨ ਸਿੱਖਾਂ ਉੱਪਰ ਹੁੰਦੇ ਤਸ਼ੱਦਦਾਂ ਦਾ ਵਰਣਨ ਮੌਜੂਦ ਹੈ। ਪ੍ਰਸੰਗ ‘ਭਾਈ ਘਨੱਈਆ ਜੀ’ ਵਿਚ ਊਸਨੇ ਭਾਈ ਜੀ ਨੂੰ ਇਕ ਸੱਚੇ-ਸੁੱਚੇ ਆਦਰਸ਼ ਸਿੱਖ ਵੱਜੋਂ ਉਭਾਰਿਆ ਹੈ। ਸਿੱਖੀ ਸਿਧਾਂਤ ‘ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ’ ਦੇ ਅਸਲ ਮਨੋਰਥ ਦੀ ਲੋਅ ਹੇਠ ਭਾਈ ਜੀ ਨੇ ਆਨੰਦਪੁਰ ਸਾਹਿਬ ਵਿਖੇ ਜੰਗ ਦੌਰਾਨ ਪਾਣੀ ਪਿਲਾਉਣ ਦੀ ਸੇਵਾ ਨਿਭਾਈ। ਪਾਰਸ ਨੇ ਸਿੱਖੀ ਦੇ ਇਸ ਲਕਸ਼ ਅਧੀਨ ਸਿੱਖ ਦੇ ਨਿਰਵੈਰ, ਨਿਰਕਪਟ ਅਤੇ ਨਿਰਛਲ ਵਿਹਾਰ/ਰੂਪ ਨੂੰ ਪੇਸ਼ ਕੀਤਾ। ਪ੍ਰਸੰਗ ‘ਮਹਾਰਾਜਾ ਰਣਜੀਤ ਸਿੰਘ’ ਰਾਹੀਂ ਸਿੱਖ ਰਾਜ ਦੇ ਚਲੇ ਜਾਣ ਪਿੱਛੇ ਕਾਰਜਸ਼ੀਲ ਕਾਰਨਾਂ ਦਾ ਕਾਵਿ-ਬਿਰਤਾਂਤ ਪੇਸ਼ ਕੀਤਾ ਹੈ। ਇਸ ਅਧੀਨ ਰਾਣੀ ਜਿੰਦਾ ਦਾ ਦੁਖਾਂਤ ਬਹੁਤ ਹੀ ਭਾਵਪੂਰਤ ਰੂਪ ਵਿਚ ਪ੍ਰਗਟ ਹੋਇਆ ਹੈ। ਪਾਰਸ ਨੇ ਪ੍ਰਸੰਗ ‘ਹਰੀ ਸਿੰਘ ਨਲੂਆ’ ਵਿਚ ਉਨ੍ਹਾਂ ਨੂੰ ਸੂਝਵਾਨ ਪ੍ਰਬੰਧਕ, ਉੱਚੀ ਸ਼ਖ਼ਸੀਅਤ ਅਤੇ ਬਹਾਦਰ ਜਰਨੈਲ ਵੱਜੋਂ ਉਭਾਰਿਆ ਹੈ। ਸਰੋਤੇ ਦੱਸਦੇ ਹਨ ਕਿ ਪਾਰਸ ਦੀ ਸਟੇਜ ’ਤੇ ਹਰੀ ਸਿੰਘ ਨਲੂਆ ਦੀ ਬਹਾਦਰੀ ਨੂੰ ਸੁਣਦੇ ਹੋਏ ਜਨ-ਸਾਧਾਰਨ ਵਿਚ ਬੀਰ-ਰਸ ਜਾਗਦਾ ਸੀ।
ਕਰਨੈਲ ਸਿੰਘ ਪਾਰਸ ਨੇ ਸਿੱਖੀ ਆਦਰਸ਼ਾਂ ਅਧੀਨ ਕੀਤੇ ਯੁੱਧਾਂ ਅਤੇ ਸੰਘਰਸ਼ਾਂ ਨੂੰ ਵੀ ਆਪਣੀ ਰਚਨਾ ਦਾ ਹਿੱਸਾ ਬਣਾਇਆ। ਪ੍ਰਸੰਗ ‘ਜੰਗ ਚਮਕੌਰ’ ਅਧੀਨ ਸਿੱਖਾਂ ਵੱਲੋਂ ਸੂਰਮਤਾਈ ਨਾਲ ਲੜਨ ਅਤੇ ਸ਼ਹੀਦ ਹੋਣ ਦੀਆਂ ਘਟਨਾਵਾਂ ਨੂੰ ਬਾਖ਼ੂਬੀ ਪੇਸ਼ ਕੀਤਾ ਗਿਆ ਹੈ। ਪ੍ਰਸੰਗ ‘ਜੈਤੋ ਦਾ ਮੋਰਚਾ’ ਵਿਚ ਅਕਾਲੀ ਲਹਿਰ ਸਮੇਂ ਲੱਗੇ ਮੋਰਚੇ ਦੌਰਾਨ ਤਸੀਹਿਆਂ ਅਤੇ ਸ਼ਹੀਦੀਆਂ ਦਾ ਘਟਨਾਕ੍ਰਮ ਇਤਿਹਾਸਕ ਮਹੱਤਵ ਦਾ ਲਖਾਇਕ ਹੈ। ਇਸ ਅਧੀਨ ਗੁਰਦੁਆਰਿਆਂ ਦੀ ਪਵਿੱਤਰਤਾ ਅਤੇ ਮਰਿਆਦਾ ਨੂੰ ਬਚਾਉਣ ਲਈ ਕੀਤੇ ਉਚੇਚੇ ਯਤਨਾਂ ਨੂੰ ਪ੍ਰਗਟਾਇਆ ਗਿਆ ਹੈ। ਪ੍ਰਸੰਗ ‘ਸਾਕਾ ਨਨਕਾਣਾ ਸਾਹਿਬ’ ਅਧੀਨ ਗੁਰਦੁਆਰਾ ਸੁਧਾਰ ਲਹਿਰ ਦੇ ਸੰਗਰਾਮ ਨਾਲ ਸਬੰਧਤ ਘਟਨਾਵਾਂ ਦਾ ਕਾਵਿ-ਬਿਰਤਾਂਤ ਮੌਜੂਦ ਹੈ। ਅੰਗਰੇਜ਼ਾਂ ਅਤੇ ਮਹੰਤਾਂ ਦੇ ਗੱਠਜੋੜ ਵੱਲੋਂ ਸਿੱਖੀ ’ਤੇ ਹੁੰਦੇ ਹਮਲਿਆਂ ਦਾ ਅਸਲ ਸੱਚ ਲੋਕਮਨ ਦੀਆਂ ਅੱਖਾਂ ਖੋਲ੍ਹਦਾ ਹੈ। ਪ੍ਰਸੰਗ ‘ਗੱਡੀ ਪੰਜਾ ਸਾਹਿਬ’ ਅਧੀਨ ਪਾਰਸ ਗੁਰੂ ਦੇ ਸਿੱਖਾਂ ਦੀ ਸੱਚੀ ਸ਼ਰਧਾ ਅਤੇ ਕੁਰਬਾਨੀਆਂ ਨੂੰ ਪ੍ਰਤੀਬਿੰਬਤ ਕੀਤਾ ਹੈ।
ਪਾਰਸ ਨੇ ‘ਮੱਸਾ ਰੰਘੜ’, ‘ਬੇਦਾਵਾ ਚਾਲੀ ਸਿੰਘਾਂ ਦਾ’, ‘ਭਗਤ ਰਵੀਦਾਸ ਜੀ’, ‘ਬਾਬਾ ਵਿਸ਼ਵਕਰਮਾ’, ‘ਬੀਬੀ ਰਜਨੀ’, ‘ਭਾਈ ਡੱਲਾ’, ‘ਪੰਜ ਪਿਆਰੇ’, ‘ਬੀਬੀ ਸਰੁਸਤੀ’ ਅਤੇ ਫੁਟਕਲ ਪ੍ਰਸੰਗ ਵੀ ਰਚੇ। ਉਨ੍ਹਾਂ ਦੀਆਂ ਰਚਨਾਵਾਂ ਵਿਚ ਮਲਵਈ ਉਪਭਾਸ਼ਾ ਦੀ ਵਰਤੋਂ ਵਧੇਰੇ ਹੋਈ ਹੈ, ਪਰ ਇੱਥੇ ਇਹ ਤੱਥ ਵੀ ਮਹੱਤਵਪੂਰਨ ਹੈ ਕਿ ਪਾਰਸ ਨੂੰ ਪੰਜਾਬ ਦੇ ਹਰ ਖੇਤਰ ਵਿਚ ਸਮਾਨ ਮਕਬੂਲੀਅਤ ਪ੍ਰਾਪਤ ਹੋਈ। ਉਸ ਦੀ ਕਾਵਿ-ਸ਼ੈਲੀ ਵਿਚ ਲੋੜ ਅਨੁਸਾਰ ਪੰਜਾਬੀ ਮੁਹਾਵਰੇ ਅਤੇ ਅਖਾਣਾਂ ਮੌਜੂਦ ਹਨ। ਇਸ ਕਾਰਨ ਪਾਰਸ ਲੋਕਾਂ ਵਿਚ ਬਹੁਤ ਹਰਮਨਪਿਆਰਾ ਕਵੀਸ਼ਰ ਬਣਿਆ। ਸਿੱਖ ਇਤਿਹਾਸ ਨੂੰ ਕਵੀਸ਼ਰੀ ਵੱਜੋਂ ਗਾਉਣ ਸਦਕਾ ਪੰਜਾਬੀ ਸਾਹਿਤ ਜਗਤ ਵਿਚ ਪਾਰਸ ਵਿਸ਼ੇਸ਼ ਸਥਾਨ ਦਾ ਧਾਰਨੀ ਸਿੱਧ ਹੁੰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸ਼ੁਰੂ ਕਰਵਾਈ ਪਰੰਪਰਾ ਨੂੰ ਪਾਰਸ ਨੇ ਜਾਰੀ ਰੱਖਣ ਵਿਚ ਅਹਿਮ ਭੂਮਿਕਾ ਅਦਾ ਕੀਤੀ। ਪ੍ਰਸਿੱਧ ਗਾਇਕ, ਕਵੀ, ਲੇਖਕ, ਉੱਘੇ ਸਿਆਸਤਦਾਨ ਪੈਦਾ ਕਰਨ ਵਾਲਾ ਸ਼੍ਰੋਮਣੀ ਕਵੀਸ਼ਰ ਅਤੇ ਕਿੱਸਾਕਾਰ ਕਰਨੈਲ ਸਿੰਘ ਪਾਰਸ 28 ਫਰਵਰੀ, 2009 ਨੂੰ ਆਪਣੇ ਚਹੇਤਿਆਂ ਨੂੰ ਸਦੀਵੀਂ ਵਿਛੋੜਾ ਦੇ ਗਏ। ਪੰਜਾਬੀ ਸਾਹਿਤ ਜਗਤ ਦੇ ਖੇਤਰ ਵਿਚ ਪਾਏ ਮੁੱਲਵਾਨ ਯੋਗਦਾਨ ਸਦਕਾ ਪਾਰਸ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।
ਈਮੇਲ : hardeepsemar@gmail.com