DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

‘ਸ਼ਿੰਗਾਰ ਰਸ’ ਤੇ ਪੰਜਾਬੀ ਸੱਭਿਆਚਾਰ

ਰਸ ਦਾ ਸਿੱਧਾ ਜਿਹਾ ਅਰਥ ਰਸ ਹੀ ਹੈ, ਜਿਵੇਂ ਅੰਬ ਜਾਂ ਸੰਤਰੇ ਦਾ ਰਸ। ਕੋਈ ਵਸਤੂ ਜਿਵੇਂ ਵਸਤਰ, ਗਹਿਣੇ, ਕੁਦਰਤ ਦਾ ਦ੍ਰਿਸ਼, ਚਿੱਤਰਕਲਾ, ਗੀਤ, ਕਵਿਤਾ ਜਾਂ ਸਾਹਿਤ ਦੀ ਕੋਈ ਹੋਰ ਵਿਧਾ ਜੋ ਮਨ ਜਾਂ ਰੂਹ ਦੀ ਤ੍ਰਿਪਤੀ ਕਰਦੀ ਹੈ, ਉਹ...

  • fb
  • twitter
  • whatsapp
  • whatsapp
Advertisement

ਰਸ ਦਾ ਸਿੱਧਾ ਜਿਹਾ ਅਰਥ ਰਸ ਹੀ ਹੈ, ਜਿਵੇਂ ਅੰਬ ਜਾਂ ਸੰਤਰੇ ਦਾ ਰਸ। ਕੋਈ ਵਸਤੂ ਜਿਵੇਂ ਵਸਤਰ, ਗਹਿਣੇ, ਕੁਦਰਤ ਦਾ ਦ੍ਰਿਸ਼, ਚਿੱਤਰਕਲਾ, ਗੀਤ, ਕਵਿਤਾ ਜਾਂ ਸਾਹਿਤ ਦੀ ਕੋਈ ਹੋਰ ਵਿਧਾ ਜੋ ਮਨ ਜਾਂ ਰੂਹ ਦੀ ਤ੍ਰਿਪਤੀ ਕਰਦੀ ਹੈ, ਉਹ ਵੀ ਰਸ ਦੀ ਸ਼੍ਰੇਣੀ ਵਿੱਚ ਆਉਂਦੀ ਹੈ। ਜੇ ਕਵਿਤਾ ਰੂਹ ਦੀ ਬੋਲੀ ਵਿੱਚ ਲਿਖੀ ਜਾਵੇ ਤਾਂ ਰਸ ਦੀ ਉਤਪਤੀ ਵੀ ਸਹਿਜ ਸੁਭਾਅ ਹੋ ਜਾਂਦੀ ਹੈ। ਲੋਕ ਗੀਤ ਅਤੇ ਬੋਲੀਆਂ ਰੂਹ ਦੇ ਇਸੇ ਵਰਤਾਰੇ ਵਿੱਚੋਂ ਨਿਕਲਦੀਆਂ ਹਨ।

ਰਸ ਦੇ ਸਿਧਾਂਤ ਦਾ ਵਰਣਨ ਭਰਤ ਮੁਨੀ ਨੇ ਆਪਣੇ ‘ਨਾਟਯ ਸ਼ਾਸਤ੍ਰ’ ਵਿੱਚ ਕੀਤਾ ਹੈ ਅਤੇ ਇਸ ਨੂੰ ‘ਨਾਟ ਰਸ’ ਦਾ ਨਾਂ ਦਿੱਤਾ ਜਾਂਦਾ ਹੈ। ਰਸ, ਸਾਹਿਤ ਦਾ ਇੱਕ ਅਨਿੱਖੜਵਾਂ ਅੰਗ ਹੈ ਅਤੇ ਇਸ ਰਸ ਦੇ ਆਨੰਦ ਦਾ ਸੰਚਾਰ ਸਾਹਿਤਕ ਕ੍ਰਿਤਾਂ ਦੁਆਰਾ ਲੋਕ ਸਮੂਹਾਂ ਵਿੱਚ ਹੁੰਦਾ ਹੈ। ਇਸ ਅਨੰਦ ਦੇ ਕਈ ਰੂਪ ਹੋ ਸਕਦੇ ਹਨ ਜਿਵੇਂ ਪ੍ਰੇਮ ਮਈ, ਹਾਸੇ ਭਰਿਆ, ਕਰੁਣਾ-ਮਈ, ਬੀਰ ਰਸਿ ਆਦਿ।

Advertisement

ਪੰਜਾਬੀ ਸੱਭਿਆਚਾਰ ਦੀ ਬੁਨਿਆਦ, ਪਦਾਰਥ ਦੀ ਸੁਚੱਜੀ ਪ੍ਰੀਤ ਭਰੀ ਵਰਤੋਂ ਵਿੱਚੋਂ ਉਪਜਿਆ ਮਾਨਸਿਕ ਜਾਂ ਰੂਹ ਦਾ ਆਨੰਦ ਹੀ ਤਾਂ ਹੈ। ਜਦੋਂ ਮਨੁੱਖੀ ਜੀਵਨ ਕੁਦਰਤ ਦੇ ਨਜ਼ਾਰਿਆਂ, ਮਨੁੱਖੀ ਰਿਸ਼ਤਿਆਂ, ਪਦਾਰਥਕ ਲੋੜਾਂ ਦੀ ਪੂਰਤੀ ਲਈ ਸਿਰਜਣਾ ਅਤੇ ਇਤਿਹਾਸਕ ਘਟਨਾਵਾਂ ਨਾਲ ਓਤਪ੍ਰੋਤ ਹੁੰਦਾ ਹੈ ਤਾਂ ਮਾਨਸਿਕ ਵਲਵਲੇ ਉੱਠਦੇ ਹਨ, ਇਹ ਵਲਵਲੇ ਹੀ ਰਸ ਦੇ ਸਰੋਤ ਹਨ। ਫਿਰ ਇਹ ਰਸ ਸਾਹਿਤ ਰਚਨਾ ਰਾਹੀਂ ਪ੍ਰਗਟ ਹੁੰਦਾ ਹੈ ਅਤੇ ਸੰਚਾਰ ਕਰਦਾ ਹੈ।

Advertisement

ਭਾਰਤ ਦੇ ਪ੍ਰਾਚੀਨ ਸਾਹਿਤ ਵਿੱਚ ਮੁੱਖ ਰੂਪ ਵਿੱਚ ਨੌਂ ਰਸ ਮੰਨੇ ਜਾਂਦੇ ਹਨ;

‘ਸ਼ਿੰਗਾਰ ਰਸ’ : ਇਸਦਾ ਸਥਾਈ ਭਾਵ ਪ੍ਰੇਮ ਹੈ।

ਬੀਰ ਰਸ : ਇਸਦਾ ਸਥਾਈ ਭਾਵ ਉਤਸ਼ਾਹ ਹੈ।

ਰੌਦਰ ਰਸ : ਇਸਦਾ ਸਥਾਈ ਭਾਵ ਕ੍ਰੋਧ ਹੈ।

ਕਰੁਣ ਰਸ : ਇਸਦਾ ਸਥਾਈ ਭਾਵ ਸ਼ੋਕ ਅਥਵਾ ਗ਼ਮੀ ਹੈ।

ਅਦਭੁੱਤ ਰਸ : ਇਸਦਾ ਸਥਾਈ ਭਾਵ ਵਿਸਮਾਦ (ਹੈਰਾਨੀ) ਹੈ।

ਵੀਭਤਸ ਰਸ : ਇਸਦਾ ਸਥਾਈ ਭਾਵ ਘ੍ਰਿਣਾ ਹੈ।

ਭਿਆਨਕ ਰਸ : ਇਸਦਾ ਸਥਾਈ ਭਾਵ ਭੈਅ (ਡਰ) ਹੈ।

ਹਾਸ ਰਸ : ਇਸਦਾ ਸਥਾਈ ਭਾਵ ਹਾਸ ਹੈ।

ਸ਼ਾਂਤ ਰਸ : ਇਸਦਾ ਸਥਾਈ ਭਾਵ ਵੈਰਾਗ ਹੈ।

‘ਸ਼ਿੰਗਾਰ ਰਸ’ ਮੀਰੀ ਰਸ ਹੈ। ਰਸਾਂ ਵਿੱਚੋਂ ਇਹ ਰਸ ਰਾਜ ਹੈ। ਭਰਤ ਮੁਨੀ ਅਨੁਸਾਰ ਸੰਸਾਰ ਵਿੱਚ ਜੋ ਕੁਝ ਵੀ ਉੱਜਵਲ ਤੇ ਪਵਿੱਤਰ ਹੈ, ਉਹ ‘ਸ਼ਿੰਗਾਰ ਰਸ’ ਵਿੱਚ ਸ਼ਾਮਿਲ ਹੈ। ਕਰੁਣ ਰਸ, ਬੀਰ ਰਸ, ਅਦਭੁੱਤ ਰਸ ਤੇ ਸ਼ਾਂਤ ਰਸ ਇਸਦੇ ਅਧੀਨ ਹੋ ਕੇ ਚੱਲਦੇ ਹਨ। ਪ੍ਰੇਮ-ਮਿਲਾਪ ਦੀ ਖੁਸ਼ੀ, ਵਿਜੋਗੀ ਦੀ ਮਿੱਠੀ ਤੇ ਚੁੱਭਵੀਂ ਯਾਦ, ਸੁੰਦਰਤਾ ਦਾ ਚਿੱਤਰਣ, ਇਨ੍ਹਾਂ ਸਭ ਨੂੰ ‘ਸ਼ਿੰਗਾਰ ਰਸ’ ਅਧੀਨ ਲਿਆ ਸਕਦੇ ਹਾਂ।

ਪੰਜਾਬੀ ਸੱਭਿਆਚਾਰ ਵਿੱਚ ਕੁਦਰਤ ਦੀ ਸੁੰਦਰਤਾ ਦਾ ਵਿਖਿਆਨ ਲੋਕ ਬੋਲੀਆਂ ਵਿੱਚ ਅਤੇ ਕਵੀਆਂ ਦੁਆਰਾ ਰਚਿਤ ਸਾਹਿਤ ਵਿੱਚ ਆਪ ਮੁਹਾਰੇ ਉੱਮੜ ਆਉਂਦਾ ਹੈ। ਪੰਜਾਬੀ ਦੇ ਲੋਕ ਕਵੀ ਧਨੀ ਰਾਮ ਚਾਤ੍ਰਿਕ ਨੇ ਕੁਦਰਤ ਦੇ ਸ਼ਿੰਗਾਰ ਨੂੰ ਇੰਝ ਚਿੱਤਰਿਆ ਹੈ;

ਪੱਕ ਗਈਆਂ ਕਣਕਾਂ ਲੁਕਾਠ ਰੱਸਿਆ।

ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ।

ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ।

ਬੇਰੀਆਂ ਲ਼ਿਫਾਈਆਂ ਟਾਹਣੀਆਂ ਦੇ ਭਾਰ ਨੇ।

ਪੁੰਗਰੀਆਂ ਵੱਲਾਂ, ਵੇਲਾਂ ਰੁੱਖੀ ਚੜੀਆਂ।

ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ।

ਲੋਕ ਬੋਲੀਆਂ ਵਿੱਚ ਮਨੁੱਖੀ ਰਿਸ਼ਤਿਆਂ ਅਤੇ ਕੁਦਰਤ ਨਾਲ ਪ੍ਰੇਮ ਦਾ ਅਨੋਖਾ ਬਿਰਤਾਂਤ ਮਿਲਦਾ ਹੈ।

ਬਾਬਲ ਸਾਡੇ ਬਾਗ ਲੁਆਇਆ

ਵਿੱਚ ਚੰਬਾ ਤੇ ਮਰੂਆ।

ਮਾਂ ਮੇਰੀ ਮਾਲਣ ਫੁੱਲ ਪਈ ਚੁਗਦੀ

ਵੀਰ ਤਾਂ ਬੂਟਾ ਹਰਿਆ।

ਵੀਰ ਮੇਰੇ ਨੇ ਬਾਗ ਲੁਆਇਆ

ਵਿੱਚ ਚੰਬਾ ਤੇ ਮਰੂਆ।

ਭਾਬੋ ਮਾਲਣ ਫੁੱਲ ਪਈ ਚੁਗਦੀ

ਗੀਗਾ ਤਾਂ ਬੂਟਾ ਹਰਿਆ।

ਮਨੁੱਖੀ ਸ਼ਿੰਗਾਰ ਨੂੰ ਦਰਸਾਉਂਦੀ ਇੱਕ ਖ਼ੂਬਸੂਰਤ ਲੋਕ ਬੋਲੀ ਇੰਝ ਹੈ;

ਨੱਚਣ ਦੀਆਂ ਤੂੰ ਕਰੇਂ ਦਲੀਲਾਂ, ਲਹਿੰਗਾ ਜਾਮਣੀ ਪਾਇਆ

ਨੀਂ ਅੱਖ ਚੁਫੇਰੇ ਘੁੰਮਦੀ ਤੇਰੀ, ਮੱਥੇ ਚੌਂਕ ਸਜਾਇਆ

ਨੱਚ ਮਲਕੀਤ ਕੁਰੇ, ਪਿੰਡ ਦੇਖਣ ਨੂੰ ਆਇਆ।

ਪੰਜਾਬੀ ਲੋਕ ਨਾਚ ਗਿੱਧੇ ਦੀਆਂ ਅਜਿਹੀਆਂ ਹਜ਼ਾਰਾਂ ਬੋਲੀਆਂ ਹਨ, ਜਿਨ੍ਹਾਂ ਵਿੱਚ ‘ਸ਼ਿੰਗਾਰ ਰਸ’ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਇਹ ਬੋਲੀਆਂ ਦਾ ਰਚਨਹਾਰਾ ਕੋਈ ਇੱਕ ਕਵੀ ਨਹੀਂ ਹੈ, ਸਗੋਂ ਇਹ ਤਾਂ ਲੋਕ ਮਨਾਂ ਦੇ ਵਲਵਲਿਆਂ ’ਚੋਂ ਆਪ ਮੁਹਾਰੇ ਉੱਮੜੀਆਂ ਹਨ ਅਤੇ ਹੈਰਾਨੀ ਦੀ ਗੱਲ ਹੈ ਕਿ ਹਰ ਇੱਕ ਬੋਲੀ ਸੁਰ-ਤਾਲ ’ਤੇ ਖਰੀ ਉਤਰਦੀ ਹੈ। ਗਿੱਧੇ ਦੀਆਂ ਕੁਝ ਲੋਕ ਬੋਲੀਆਂ ਦਾ ਨਜ਼ਾਰਾ ਦੇਖਣ ਵਾਲਾ ਹੈ;

ਸਾਂਵੀ ਚੁੰਨੀ ਵਾਲੀਏ ਕੁੜੀਏ

ਆਈ ਐਂ ਗਿੱਧੇ ਵਿੱਚ ਬਣਕੇ

ਨੀਂ ਕੰਨੀ ਤੇਰੇ ਝੁਮਕੇ ਸੋਂਹਦੇ

ਗਲ ਕੈਂਠੀ ਦੇ ਮਣਕੇ

ਨੀਂ ਤੀਲ੍ਹੀ ਤੇਰੀ ਨੇ ਮੁਲਕ ਮੋਹ ਲਿਆ

ਬਾਹੀਂ ਚੂੜਾ ਛਣਕੇ।

ਫੇਰ ਕਦ ਨੱਚੇਗੀਂ, ਨੱਚ ਲੈ ਪਟੋਲਾ ਬਣ ਕੇ।

ਇਸੇ ਤਰ੍ਹਾਂ ਦੀ ਇੱਕ ਹੋਰ ਖ਼ੂਬਸੂਰਤ ਬੋਲੀ ਹੈ;

ਸੁੱਥਣ ਸੂਫ ਦੀ ਸ਼ੀਸ਼ਿਆਂ ਵਾਲੀ

ਨਾਲ ਹਵਾ ਦੇ ਖਹਿੰਦੀ

ਬਈ ਜਦ ਧਰਤੀ ’ਤੇ ਅੱਡੀ ਮਾਰਾਂ

ਧਮਕ ਜਲੰਧਰ ਪੈਂਦੀ

ਨੀਂ ਗੁੱਤ ਨਾਗਣੀ ਸਭ ਨੂੰ ਡੰਗੇ

ਆਪ ਡੰਗੀ ਨਾ ਜਾਵੇ

ਨੱਚਦੀ ਮੇਲਣ ਦਾ ਲੌਂਗ ਬੋਲੀਆਂ ਪਾਵੇ।

ਗਿੱਧੇ ਦੀ ਹੀ ਇੱਕ ਹੋਰ ਖ਼ੂਬਸੂਰਤ ਬੋਲੀ ਹੈ, ਜਿਸ ਵਿੱਚ ਮੁਟਿਆਰ ਦਾ ਹੁਸਨ ਡੁੱਲ੍ਹ-ਡੁੱਲ੍ਹ ਪੈਂਦਾ ਹੈ;

ਜੇ ਨਖਰੋ ਤੂੰ ਨੱਚਣਾ ਜਾਣਦੀ

ਦੇ ਦੇ ਸ਼ੌਕ ਦਾ ਗੇੜਾ

ਰੂਪ ਤੇਰੇ ਦੀ ਗਿੱਠ-ਗਿੱਠ ਲਾਲੀ

ਤੈਥੋਂ ਸੋਹਣਾ ਕਿਹੜਾ

ਨੀਂ ਦੀਵਾ ਕੀ ਕਰਨਾ

ਚਾਨਣ ਹੋਜੂ ਤੇਰਾ।

ਪੰਜਾਬੀ ਮੁਟਿਆਰ ਆਪਣੀ ਕਲਾ ਅਤੇ ਹੁਸਨ ਦਾ ਪ੍ਰਗਟਾਵਾ ਇੰਝ ਕਰਦੀ ਹੈ;

ਗਿੱਧਿਆਂ ਦੇ ਵਿੱਚ ਆਵਾਂ ਨੀਂ ਮੈਂ

ਪਾਵਾਂ ਨੱਚ ਧਮਾਲਾਂ

ਪਾਉਣ ਨੀਵੀਆਂ ਮੋਰ ਸ਼ਰਮ ਨਾਲ

ਦੇਖ ਮੇਰੀਆਂ ਚਾਲਾਂ

***

ਇੱਕ ਜੀ ਕਰਦਾ ਵਿੱਚ ਅੰਬਰਾਂ ਦੇ

ਉੱਡ ਜਾਂ ਕਬੂਤਰ ਬਣ ਕੇ

ਛਣਕਾਟਾ ਪੈਂਦਾ ਗਲੀ-ਗਲੀ

ਨੀਂ ਮੇਰੀ ਐਸੀ ਝਾਂਜਰ ਛਣ ਕੇ।

ਜੇਕਰ ‘ਸ਼ਿੰਗਾਰ ਰਸ’ ਰਸ-ਰਾਜ ਹੈ ਤਾਂ ਸਾਉਣ ਦਾ ਮਹੀਨਾ ਵੀ ਤਾਂ ਰਿਤੂ-ਰਾਜ ਹੈ, ਹੋਵੇ ਵੀ ਕਿਉਂ ਨਾ, ਸਾਉਣ ਦੇ ਮਹੀਨੇ ਵਿੱਚ ‘ਸ਼ਿੰਗਾਰ ਰਸ’ ਦਾ ਹੜ੍ਹ ਜੋ ਆਇਆ ਹੁੰਦਾ ਹੈ। ਕੋਇਲਾਂ ਦੇ ਮਿੱਠੇ ਸੁਰ, ਮੋਰ ਦੀ ਪੈਲ, ਦਰੱਖਤਾਂ ਦੀ ਹਰਿਆਵਲ ਅਤੇ ਸੰਪੂਰਨ ਪ੍ਰਾਕ੍ਰਿਤੀ ਦੇ ‘ਸ਼ਿੰਗਾਰ ਰਸ’ ਦਾ ਆਨੰਦ ਮਾਣਣ ਲਈ ਸਮੁੱਚੇ ਪੰਜਾਬ ਵਿੱਚ ਮੁਟਿਆਰਾਂ ਵੱਲੋਂ ਪੰਦਰਾਂ ਦਿਨ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਪੰਜਾਬ ਦੀਆਂ ਔਰਤਾਂ ਤੀਆਂ ਦੇ ਮੇਲੇ ਵਿੱਚ ਦਰਖੱਤਾਂ ’ਤੇ ਪੀਘਾਂ ਪਾਉਂਦੀਆਂ ਹਨ ਅਤੇ ਉੱਚੀਆਂ-ਲੰਮੀਆਂ ਹੀਗਾਂ ਚੜ੍ਹਾਉਂਦੀਆਂ ਹਨ। ਗੋਲ ਧਾਰੇ ਵਿੱਚ ਖੜ੍ਹ ਕੇ ਲੋਕ ਬੋਲੀਆਂ ਉੱਪਰ ਨੱਚ-ਨੱਚ ਕੇ ਧਰਤੀ ਹਿਲਾ ਦਿੰਦੀਆਂ ਹਨ, ਸਾਉਣ ਅਤੇ ਤੀਆਂ ਦੇ ਮੇਲ ਦੀ ਇੱਕ ਲੋਕ ਬੋਲੀ ਦੇਖੋ;

ਆਇਆ ਸਾਵਣ ਮਨ ਪਰਚਾਵਣ

ਰੱਜੀਆਂ ਮੱਝੀਂ ਗਾਈਂ

ਗਿੱਧਿਆ ਪਿੰਡ ਵੜ ਵੇ

ਲਾਮ੍ਹ-ਲਾਮ੍ਹ ਨਾ ਜਾਈਂ।

ਮੁਟਿਆਰਾਂ ਜਦੋਂ ਤੀਆਂ ਦੇ ਗਿੱਧੇ ਵਿੱਚ ਇਕੱਠੀਆਂ ਹੋ ਕੇ ਜਾਂਦੀਆਂ ਹਨ। ਉਸ ਦ੍ਰਿਸ਼ ਨੂੰ ਦਰਸਾਉਂਦੀ ਇੱਕ ਬੋਲੀ ਹੈ;

ਬਣ ਠਣ ਕੇ ਮੁਟਿਆਰਾਂ ਆਈਆਂ

ਆਈਆਂ ਪਟੋਲਾ ਬਣ ਕੇ

ਕੰਨਾਂ ਦੇ ਵਿੱਚ ਪਿੱਪਲ ਪੱਤੀਆਂ

ਬਾਹੀਂ ਚੂੜਾ ਛਣਕੇ

ਗਿੱਧਾ ਜੱਟੀਆਂ ਦਾ, ਦੇਖ ਸ਼ੌਕੀਨਾ ਖੜ੍ਹ ਕੇ।

ਪੰਜਾਬੀ ਸੱਭਿਆਚਾਰ ਦੇ ਜਨ ਮਾਨਸ ਦੇ ਮਨਾਂ ਵਿੱਚ ‘ਸ਼ਿੰਗਾਰ ਰਸ’ ਇਸ ਕਦਰ ਭਾਰੂ ਹੈ ਕਿ ਪੰਜਾਬੀ ਔਰਤ ਨੇ ਆਪਣੇ ਜੀਵਨ ਵਿੱਚ ਰੋਜ਼ ਵਰਤੋਂ ਦੀਆਂ ਵਸਤੂਆਂ ਦੇ ਨਿਰਮਾਣ ਵਿੱਚ ਆਪਣੀ ਸੁਚੱਜੀ ਕਿਰਤ ਨਾਲ ‘ਸ਼ਿੰਗਾਰ ਰਸ’ ਕੁੱਟ-ਕੁੱਟ ਕੇ ਭਰ ਦਿੱਤਾ ਹੈ। ਫੁਲਕਾਰੀ ਕੱਢਣ ਦੀ ਪ੍ਰਥਾ ਨੂੰ ਹੀ ਦੇਖ ਲਵੋ, ਪਦਾਰਥ ਆਧਾਰਿਤ ਦੁਪੱਟੇ ਉੱਪਰ ਕਿਰਤ ਦੇ ਮੇਲ ਨਾਲ ‘ਸ਼ਿੰਗਾਰ ਰਸ’ ਤਰੇਲ ਵਾਂਗ ਖਿਲਾਰ ਦਿੱਤਾ ਜਾਂਦਾ ਹੈ। ਮੁਟਿਆਰ ਆਪਣੇ ਮਨ ਦੇ ਵਲਵਲਿਆਂ ਨੂੰ ਸੂਤ ਦੇ ਬਣੇ ਦੁਪੱਟੇ ਉੱਪਰ ਇੰਝ ਖਿਲਾਰ ਦਿੰਦੀ ਹੈ ਕਿ ਉਹ ਇੱਕ ਪਵਿੱਤਰ, ਸਮੁੱਚੇ ਪੰਜਾਬੀ ਸੱਭਿਆਚਾਰ ਨੂੰ ਰੂਪਮਾਨ ਕਰਦੀ ਸ਼ੈਅ ਫੁਲਕਾਰੀ ਬਣ ਜਾਂਦੀ ਹੈ। ਕੁਲਦੀਪ ਮਾਣਕ ਦੇ ਗੀਤ ਦੀਆਂ ਖ਼ੂਬਸੂਰਤ ਸਤਰਾਂ ਹਨ;

ਮੈਂ ਚਾਦਰ ਕੱਢਦੀ ਨੀਂ ਗਿਣ ਤੋਪੇ ਪਾਵਾਂ

ਜਾਮਣ ਦੀ ਛਾਂ ਹੇਠਾਂ ਨੀਂ ਮੈਂ ਪੀੜ੍ਹਾ ਡਾਹਵਾਂ

ਚਿੜੀਆਂ ਦੀ ਚੀਂ-ਚੀਂ ਨੀਂ ਤੋਤਿਆਂ ਦੀ ਟੁਕੜੀ

ਸਿਰ ਫੜ ਕੇ ਸੋਚਾਂ ਨੀਂ ਨਾਲੇ ਸ਼ਰਮਾਵਾਂ।

ਪੰਜਾਬੀ ਸੱਭਿਆਚਾਰ ਵਿੱਚ ਚਰਖਾ ਵੀ ‘ਸ਼ਿੰਗਾਰ ਰਸ’ ਨੂੰ ਰੂਪਮਾਨ ਕਰਦਾ ਇੱਕ ਚਿੰਨ੍ਹ ਬਣ ਕੇ ਉੱਭਰਿਆ ਹੈ। ਚਰਖਾ ਨਿਰਾਪੁਰਾ ਸੂਤ ਕੱਤਣ ਦੀ ਇੱਕ ਮਸ਼ੀਨ ਹੀ ਨਹੀਂ ਹੈ, ਪੰਜਾਬੀ ਔਰਤ ਨੇ ਆਪਣੀ ਸੁਚੱਜੀ ਕਿਰਤ ਨਾਲ ਇਸ ਦੀ ਵਰਤੋਂ ਦੀ ਕਿਰਿਆ ਵਿੱਚ ‘ਸ਼ਿੰਗਾਰ ਰਸ’ ਘੋਲ ਦਿੱਤਾ ਹੈ। ਚਰਖੇ ਦੀ ਕਿਰਤ ਕਲਾ ਵਿੱਚੋਂ ਹਜ਼ਾਰਾਂ ਲੋਕ ਬੋਲੀਆਂ ਪੈਦਾ ਹੋਈਆਂ ਹਨ। ਦੇਖੋ ਇੱਕ ਖ਼ੂਬਸੂਰਤ ਲੋਕ ਬੋਲੀ;

ਬੱਲੇ-ਬੱਲੇ ਬਈ ਲੋਕਾਂ ਭਾਵੇਂ ਮੋਰ ਬੋਲਦੇ

ਚੀਕੇ ਚਰਖਾ ਬਿਸ਼ਨੀਏ ਤੇਰਾ

ਚਰਖੇ ਨੂੰ ਅਦਭੁੱਤ ਰੂਪ ਦਿੰਦੀ ਹੋਈ ਪੰਜਾਬੀ ਔਰਤ ਕਹਿੰਦੀ ਹੈ;

ਚਰਖਾ ਮੇਰਾ ਰੰਗ ਰੰਗੀਲਾ, ਵਿੱਚ ਸੋਨੇ ਦੀਆਂ ਮੇਖਾਂ

ਮਾਂ ਮੇਰੀ ਦੀਆਂ ਯਾਦਾਂ ਆਵਣ, ਜਦ ਚਰਖੇ ਵੱਲ ਦੇਖਾਂ

***

ਮਾਂ ਮੇਰੀ ਨੇ ਚਰਖਾ ਦਿੱਤਾ, ਪੀੜ੍ਹੀ ਲਿਆਦੇ ਤੂੰ

ਵੇ ਸਾਰੀ ਰਾਤ ਕੱਤਿਆ ਕਰੂੰ, ਕੱਤਿਆ ਕਰੂੰ ਤੇਰੀ ਰੂੰ।

ਚਰਖੇ ਦੀ ਸਮੁੱਚੀ ਵਿਧਾ ਵਿੱਚ ਤ੍ਰਿਝੰਣ ਇਸ ਦਾ ਅਜਿਹਾ ਮਹੱਤਵਪੂਰਨ ਅੰਗ ਹੈ, ਜਿਸਨੇ ਚਰਖੇ ਦੀ ਸੰਪੂਰਨ ਵਿਧਾ ਨੂੰ ਰਸਮਈ ਬਣਾ ਦਿੱਤਾ ਹੈ। ਖੁੱਲ੍ਹੇ ਵਿਹੜੇ ਵਿੱਚ ਜਾਂ ਗਲੀ ਵਿੱਚ ਔਰਤਾਂ ਇਕੱਠੀਆਂ ਹੋ ਕੇ ਚਰਖਾ ਕੱਤਦੀਆਂ ਹਨ, ਨਾਲੇ ਲੋਕ ਬੋਲੀਆਂ ਰਾਹੀਂ ਲੋਕ ਸਾਹਿਤ ਦੀ ਸਿਰਜਣਾ ਕਰਦੀਆਂ ਹਨ। ਤ੍ਰਿੰਝਣ ਦੇ ਝਲਕਾਰੇ ਦੀ ਇੱਕ ਬੋਲੀ ਦੇਖੋ;

ਬੱਲੇ-ਬੱਲੇ ਬਈ ਚਾਅ ਨੀਂ ਤ੍ਰਿੰਝਣਾਂ ਦਾ

ਹੱਥੀਂ ਪੂਣੀਆਂ ਢਾਕ ’ਤੇ ਚਰਖਾ

ਚਾਅ ਨੀਂ ਤ੍ਰਿੰਝਣਾਂ ਦਾ...

‘ਸ਼ਿੰਗਾਰ ਰਸ’ ਭਰੀ ਤ੍ਰਿੰਝਣ ਨੂੰ ਪ੍ਰਗਟਾਉਂਦੀ ਇੱਕ ਹੋਰ ਲੋਕ ਬੋਲੀ ਇੰਝ ਹੈ;

ਵਿੱਚ ਤ੍ਰਿੰਝਣ ਹੋਈਆਂ ’ਕੱਠੀਆਂ

ਨੰਦ ਕੁਰ ਤੇ ਹਰਨਾਮੀ।

ਬਈ ਬਿਸ਼ਨੀ ਨਾਰ ਦਾ ਚਰਖਾ ਸੋਹਣਾ

ਕਰਦੇ ਭੌਰ ਗੁਲਾਮੀ।

ਬਈ ਬੰਤੋ ਕੁੜੀ ਨੇ ਗੁੰਦੀਆਂ ਮੀਢੀਆਂ

ਬਹਿ ਗਈ ਪੀੜ੍ਹਾਂ ਡਾਹ ਕੇ

ਨੱਚ ਸੁਰਜੀਤ ਕੁਰੇ, ਝਾਂਜਰ ਨੂੰ ਛਣਕਾ ਕੇ।

ਇੱਕ ਹਜ਼ਾਰ ਸਾਲ ਤੱਕ ਹਮਲਾਵਰਾਂ ਵੱਲੋਂ ਲਿਤਾੜੇ ਪੰਜਾਬ ਵਿੱਚ ਔਰਤਾਂ ਨੇ ਆਪਣੀ ਹਿੰਮਤ ਨਹੀਂ ਹਾਰੀ। ਉਹ ਲੁੱਟੇ ਗਏ ਅਤੇ ਉੱਜੜੇ ਘਰਾਂ ਨੂੰ ਕੱਚੀ ਮਿੱਟੀ ਨਾਲ ਲਿੱਪ ਕੇ ਫਿਰ ਨਿਖਾਰ ਲੈਂਦੀਆਂ ਸਨ। ਚੁੱਲ੍ਹੇ-ਚੌਂਕਿਆਂ, ਦਰਵਾਜ਼ਿਆਂ ਉੱਪਰ ਕੁਦਰਤ ਦੇ ਚਿੰਨ੍ਹਾਂ ਨੂੰ ਦਰਸਾਉਂਦੀ ਚਿੱਤਰਕਾਰੀ ਕਰਕੇ ਕੱਚੇ ਘਰਾਂ ਵਿੱਚ ‘ਸ਼ਿੰਗਾਰ ਰਸ’ ਭਰ ਦਿੰਦੀ ਸੀ।

ਸਮੁੱਚਾ ਪੰਜਾਬੀ ਸੱਭਿਆਚਾਰ ‘ਸ਼ਿੰਗਾਰ ਰਸ’ ਦੀ ਚਾਸ਼ਨੀ ਵਿੱਚ ਘੁਲਿਆ ਹੈ। ਪੰਜਾਬੀ ਜਨ ਮਾਨਸ ਦੇ ਮਨਾਂ ਦੇ ਵਲਵਲਿਆਂ ਨੂੰ ਜਦੋਂ ਲੋਕ ਬੋਲੀਆਂ ਰਾਹੀਂ, ਗਾਇਕੀ ਰਾਹੀਂ, ਚਿੱਤਰਕਲਾ ਰਾਹੀਂ ਜਾਂ ਕਿਰਤ ਰਾਹੀਂ ਪ੍ਰਗਟ ਕੀਤਾ ਜਾਂਦਾ ਹੈ ਤਾਂ ‘ਸ਼ਿੰਗਾਰ ਰਸ’ ਉਮੜ-ਉਮੜ ਪੈਂਦਾ ਹੈ। ‘ਸ਼ਿੰਗਾਰ ਰਸ’ ਮਨੁੱਖੀ ਆਨੰਦ ਅਤੇ ਮਨ ਦੀ ਤ੍ਰਿਪਤੀ ਦਾ ਅਦਭੁੱਤ ਸਰੋਤ ਹੈ।

ਸੰਪਰਕ: 98143-41746

Advertisement
×